ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਹੈਰਾਨੀਜਨਕ ਰਹੇ ਪੰਜਾਬ ਚੋਣਾਂ ਦੇ ਨਤੀਜੇ
ਹੈਰਾਨੀਜਨਕ ਰਹੇ ਪੰਜਾਬ ਚੋਣਾਂ ਦੇ ਨਤੀਜੇ
Page Visitors: 2529

ਹੈਰਾਨੀਜਨਕ ਰਹੇ ਪੰਜਾਬ ਚੋਣਾਂ ਦੇ ਨਤੀਜੇ

Posted On 15 Mar 2017

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
Punjab-Electionਪੰਜਾਬ ਵਿਧਾਨ ਸਭਾ ਚੋਣਾਂ ਲਈ ਪਹਿਲੀ ਵਾਰ ਤਿਕੋਣੀ ਟੱਕਰ ਹੋਣ ਕਾਰਨ ਨਤੀਜਿਆਂ ਬਾਰੇ ਲਗਾਤਾਰ ਭੰਬਲਭੂਸਾ ਬਣਿਆ ਰਿਹਾ ਹੈ। ਸਿਆਸੀ ਦ੍ਰਿਸ਼ ਉੱਤੇ ਨਵੀਂ ਉਭਰੀ ਆਮ ਆਦਮੀ ਪਾਰਟੀ ਬਾਰੇ ਕਿਆਸਅਰਾਈਆਂ ਕਾਰਨ ਇਹ ਭੰਬਲਭੂਸਾ ਹੋਰ ਵੀ ਜ਼ਿਆਦਾ ਬਣਿਆ। ਪਹਿਲਾਂ ਪਹਿਲ ਲੋਕਾਂ ਅੰਦਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਤਬਦੀਲੀ ਦਾ ਰੌਂਅ ਵਧੇਰੇ ਭਾਰੂ ਦਿਖਾਈ ਦਿੰਦਾ ਸੀ। ਪ੍ਰਵਾਸੀ ਪੰਜਾਬੀ ਵੀ ਵੱਡੇ ਪੱਧਰ ‘ਤੇ ਤਬਦੀਲੀ ਦੇ ਹੱਕ ਵਿਚ ਨਜ਼ਰ ਆ ਰਹੇ ਸਨ। ਵਿਦੇਸ਼ਾਂ ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਬੜਾ ਰੌਲਾ-ਰੱਪਾ ਵੀ ਰਿਹਾ ਅਤੇ ਇੱਥੋਂ ਤੱਕ ਕਿਹਾ ਜਾਂਦਾ ਰਿਹਾ ਕਿ ਪ੍ਰਵਾਸੀ ਭਾਰਤੀ ਜਹਾਜ਼ ਭਰ ਕੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਪ੍ਰਚਾਰ ਲਈ ਪੰਜਾਬ ਜਾ ਰਹੇ ਹਨ। ਪਰ ਇਸ ਸਭ ਕੁਝ ਦੇ ਬਾਵਜੂਦ ਪੰਜਾਬ ਚੋਣਾਂ ਦੇ ਆਏ ਨਤੀਜੇ ਬੇਹੱਦ ਹੈਰਾਨੀਜਨਕ ਰਹੇ ਹਨ। ਕਾਂਗਰਸ ਪਾਰਟੀ ਪਹਿਲੀ ਵਾਰ 77 ਵਿਧਾਇਕ ਜਿੱਤ ਕੇ ਇਤਿਹਾਸ ਰੱਚ ਗਈ ਹੈ, ਜਦਕਿ 100 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ‘ਆਪ’ ਦੀ ਲੀਡਰਸ਼ਿਪ ਨੂੰ ਸਿਰਫ 20 ਸੀਟਾਂ ਹੀ ਮਿਲੀਆਂ ਹਨ। ਪੰਜਾਬ ਅੰਦਰ ਸੱਤਾ ਵਿਰੋਧੀ ਹਵਾ ਦੀ ਮਾਰ ਝੱਲ ਰਹੀ ਅਕਾਲੀ-ਭਾਜਪਾ ਨੂੰ ਸਿਰਫ਼ 18 ਸੀਟਾਂ ਹੀ ਮਿਲੀਆਂ ਹਨ। ਤਿੰਨਾਂ ਹੀ ਪਾਰਟੀਆਂ ਦੇ ਆਏ ਨਤੀਜੇ ਕਾਫੀ ਹੈਰਾਨੀਜਨਕ ਹਨ। ਅਕਾਲੀ-ਭਾਜਪਾ ਗਠਜੋੜ ਦੀ ਮੰਦੀ ਹਾਲਤ ਨੂੰ ਦੇਖਦਿਆਂ ਇਹ ਕਿਆਸ ਲੱਗ ਰਹੇ ਸਨ ਕਿ ਇਨ੍ਹਾਂ ਦੇ ਵਿਧਾਇਕਾਂ ਦੀ ਗਿਣਤੀ 10 ਤੋਂ ਘੱਟ ਰਹੇਗੀ। ਪਰ ਫਿਰ ਵੀ ਅਕਾਲੀ-ਭਾਜਪਾ ਗਠਜੋੜ 18 ਸੀਟਾਂ ‘ਤੇ ਜਿੱਤ ਹਾਸਲ ਕਰ ਗਿਆ। ਅਕਾਲੀ ਦਲ ਦੀ ਸਭ ਤੋਂ ਹੈਰਾਨਕੁੰਨ ਜਿੱਤ ਦੁਆਬੇ ਦੇ ਜਲੰਧਰ ਜ਼ਿਲ੍ਹੇ ਵਿਚ ਹੋਈ ਹੈ, ਜਿੱਥੇ ਉਸ ਦਾ ਸਫਾਇਆ ਹੋਇਆ ਸਮਝਦੇ ਸਨ, ਉਥੇ ਜਲੰਧਰ ਜ਼ਿਲ੍ਹੇ ਦੀਆਂ 9 ਸੀਟਾਂ ਵਿਚੋਂ ਅਕਾਲੀ ਦਲ 4 ਸੀਟਾਂ ਜਿੱਤ ਗਿਆ ਹੈ। ਉਂਝ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਇਕ ਹੋਰ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਭਾਰੀ ਵੋਟਾਂ ਨਾਲ ਜਿੱਤ ਵੀ ਕਾਫੀ ਹੈਰਾਨਕੁੰਨ ਹੈ।
ਆਮ ਆਦਮੀ ਪਾਰਟੀ ਲਈ ਚੋਣ ਨਤੀਜੇ ਬੇਹੱਦ ਨਿਰਾਸ਼ਾਜਨਕ ਰਹੇ ਹਨ। ਕਿਉਂਕਿ ‘ਆਪ’ ਸੂਬੇ ਅੰਦਰ ਸਰਕਾਰ ਬਣਾਉਣ ਲਈ ਲੋੜ ਤੋਂ ਵੱਧ ਉਤਸ਼ਾਹਿਤ ਸਨ। ਇਸੇ ਤਰ੍ਹਾਂ ਕਾਂਗਰਸ ਨੂੰ ਵੀ ਉਮੀਦ ਤੋਂ ਵਧੇਰੇ ਜਿੱਤ ਪ੍ਰਾਪਤ ਹੋਈ ਹੈ। ਕਾਂਗਰਸੀ ਹਲਕੇ ਇਹ ਉਮੀਦ ਲਗਾਈਂ ਬੈਠੇ ਸਨ ਕਿ ਉਨ੍ਹਾਂ ਨੂੰ 55 ਤੋਂ 60 ਦੇ ਦਰਮਿਆਨ ਸੀਟਾਂ ਮਿਲ ਸਕਦੀਆਂ ਹਨ। ਸਰਕਾਰ ਬਣਾਉਣ ਲਈ ਇਕ-ਦੋ ਸੀਟਾਂ ਦੀ ਘਾਟ ਰਹਿ ਜਾਣ ਦੀ ਸੂਰਤ ਵਿਚ ਉਹ ਇਧਰ-ਉਧਰ ਹੱਥ-ਪੈਰ ਮਾਰ ਕੇ ਇਹ ਘਾਟ ਪੂਰੀ ਕਰਨ ਲਈ ਵੀ ਸੋਚ ਰਹੇ ਸਨ। ਪਰ 77 ਹਲਕਿਆਂ ‘ਚ ਜਿੱਤ ਉਨ੍ਹਾਂ ਲਈ ਬੇਹੱਦ ਇਤਿਹਾਸਕ ਹੈ।
ਚੋਣ ਨਤੀਜਿਆਂ ‘ਤੇ ਗੌਰ ਨਾਲ ਨਜ਼ਰ ਮਾਰੀ ਜਾਵੇ, ਤਾਂ ਇਕ ਗੱਲ ਸਭ ਤੋਂ ਵਧੇਰੇ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਪਿਛਲੇ ਮਹੀਨਿਆਂ ਵਿਚ ਪੰਜਾਬੀਆਂ ‘ਚੋਂ ਭਰੋਸਾ ਖਤਮ ਕਰ ਚੁੱਕੀ ਸੀ। ਇਸ ਕਰਕੇ ਇਸ ਦੀ ਸਾਖ ਲਗਾਤਾਰ ਖੁਰਦੀ ਰਹੀ ਹੈ। ਖਾਸਕਰ ਪੰਜਾਬ ਦੇ 28-29 ਹਲਕੇ ਅਜਿਹੇ ਹਨ, ਜਿਨ੍ਹਾਂ ਦੀ ਜਿੱਤ-ਹਾਰ ਨੂੰ ਹਿੰਦੂ ਵੋਟਰ ਵਧੇਰੇ ਪ੍ਰਭਾਵਿਤ ਕਰਦੇ ਹਨ। ‘ਆਪ’ ਆਗੂਆਂ ਦੇ ਅਰਾਜਕਤਾਵਾਦੀ ਵਿਵਹਾਰ ਅਤੇ ਸਿੱਖ ਗਰਮ ਖਿਆਲੀਆਂ ਨਾਲ ਮਿਲੇ ਹੋਣ ਦੇ ਚਰਚੇ ਕਾਰਨ ਸ਼ਹਿਰੀ ਖੇਤਰ ਦੀ ਹਿੰਦੂ ਵਸੋਂ ਵਿਚ ਪੰਜਾਬ ਮੁੜ ਕਿਸੇ ਮਾੜੇ ਦਿਨਾਂ ਦੇ ਦੌਰ ਵਿਚ ਚਲੇ ਜਾਣ ਦਾ ਡਰ ਵੀ ਖੜ੍ਹਾ ਹੋ ਗਿਆ। ਇਥੋਂ ਤੱਕ ਕਿ ਆਰ.ਐੱਸ.ਐੱਸ. ਅਤੇ ਭਾਜਪਾ ਹਮਾਇਤੀ ਕੱਟੜ ਹਿੰਦੂ ਵੋਟ ਇਹ ਦੇਖਣ ਲੱਗ ਪਈ ਕਿ ‘ਆਪ’ ਨੂੰ ਹਰਾਉਣ ਲਈ ਭਾਜਪਾ ਦੀ ਬਜਾਏ ਕਾਂਗਰਸ ਨੂੰ ਵੋਟ ਦਿੱਤੀ ਜਾਵੇ। ਇਸੇ ਦਾ ਨਤੀਜਾ ਹੈ ਕਿ ਸਾਰੇ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਿੱਤ ਹਾਸਲ ਹੋਈ ਹੈ। ਅੰਕੜਿਆਂ ਉਪਰ ਨਜ਼ਰ ਮਾਰੀਏ, ਤਾਂ ਜਲੰਧਰ ਸ਼ਹਿਰ ਦੇ ਤਿੰਨ ਹਲਕੇ; ਅੰਮ੍ਰਿਤਸਰ, ਲੁਧਿਆਣਾ ਦੇ ਤਿੰਨ ਹਲਕੇ; ਬਠਿੰਡਾ, ਫਰੀਦਕੋਟ, ਸੰਗਰੂਰ, ਪਟਿਆਲਾ, ਖੰਨਾ ਆਦਿ ਖੇਤਰਾਂ ਵਿਚ ਤਿਕੋਣੀ ਟੱਕਰ ਹੋਣ ਦੇ ਬਾਵਜੂਦ ਕਾਂਗਰਸ ਉਮੀਦਵਾਰ 20 ਹਜ਼ਾਰ ਤੋਂ ਵਧੇਰੇ ਵੋਟਾਂ ਨਾਲ ਜਿੱਤੇ ਹਨ। ‘ਆਪ’ ਦੇ ਕਮਜ਼ੋਰ ਅਤੇ ਖੁਰਨ ਦਾ ਇਕ ਵੱਡਾ ਕਾਰਨ ਇਹ ਹੈ ਕਿ ਪਾਰਟੀ ਦੀ ਦਿੱਲੀ ਟੀਮ ਬਾਰੇ ਕਿਸੇ ਨੇ ਬਾਹਰੋਂ ਨਹੀਂ, ਸਗੋਂ ਪਾਰਟੀ ਦੇ ਅੰਦਰੋਂ ਹੀ ਇਹ ਰੌਲਾ ਖੜ੍ਹਾ ਹੋ ਗਿਆ ਕਿ ਇਹ ਪੰਜਾਬੀਆਂ ਉਪਰ ਕਬਜ਼ਾ ਕਰਨ ਦੇ ਮਨਸ਼ੇ ਨਾਲ ਕੰਮ ਕਰ ਰਹੀ ਹੈ। ਸ. ਸੁੱਚਾ ਸਿੰਘ ਛੋਟੇਪੁਰ ਨੂੰ ਬੇਤੁਕੇ ਢੰਗ ਨਾਲ ਪਾਰਟੀ ‘ਚੋਂ ਬਾਹਰ ਕਰਨ ਨਾਲ ਬਾਹਰਲਿਆਂ ਦੇ ਦਖਲ ਦਾ ਰੌਲਾ ਹੋਰ ਵੀ ਵਧੇਰੇ ਹੋ ਗਿਆ। ਉਸ ਤੋਂ ਬਾਅਦ ਪਾਰਟੀ ਟਿਕਟਾਂ ਦੀ ਵੰਡ ਨੂੰ ਲੈ ਕੇ ਤਾਂ ਇੰਨਾ ਖਿਲਾਰਾ ਪੈ ਗਿਆ ਕਿ ਬਹੁਤ ਸਾਰੇ ਖੇਤਰਾਂ ਵਿਚ ਸੈਂਕੜੇ ਵਰਕਰ ਇਕੱਠੇ ਹੋ ਕੇ ਪਾਰਟੀ ਉਮੀਦਵਾਰਾਂ ਨੂੰ ਬਦਲਣ ਲਈ ਪਾਰਟੀ ਦਫਤਰਾਂ ਅੱਗੇ ਧਰਨੇ ਮਾਰਨ ਲੱਗ ਪਏ। ‘ਆਪ’ ਦੀ ਲੀਡਰਸ਼ਿਪ ਬਾਹਰਲਿਆਂ ਅਤੇ ਅੰਦਰਲਿਆਂ ਦੇ ਇਸ ਪੈਦਾ ਹੋਏ ਘਚੋਲੇ ਨੂੰ ਹੱਲ ਕਰਨ ਦੀ ਨਾ ਤਾਂ ਕਿਸੇ ਵੇਲੇ ਗੰਭੀਰ ਹੀ ਹੋਈ ਅਤੇ ਨਾ ਹੀ ਇਸ ਨੂੰ ਹੱਲ ਕਰਨ ਦਾ ਕੋਈ ਯਤਨ ਹੀ ਕੀਤਾ ਗਿਆ। ਇਸੇ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬੀਆਂ ਦੇ ਵੱਡੇ ਹਿੱਸੇ ਦਾ ਯਕੀਨ ‘ਆਪ’ ਤੋਂ ਭੰਗ ਹੋਣ ਲੱਗ ਪਿਆ।
ਦਿੱਲੀ ਟੀਮ ਵੱਲੋਂ ਹਰ ਵਿਧਾਨ ਸਭਾ ਅਤੇ ਲੋਕ ਸਭਾ ਹਲਕੇ ਵਿਚ ਆਪਣੇ ਬਾਹਰਲੇ ਆਬਜ਼ਰਵਰ ਲਗਾ ਰੱਖੇ ਸਨ। ਉਹ ਪੰਜਾਬ ਦੀ ਲੀਡਰਸ਼ਿਪ ਨਾਲ ਤਾਲਮੇਲ ਬਣਾ ਕੇ ਚੱਲਣ ਦੀ ਬਜਾਏ, ਉਸ ਉਪਰ ਫੈਸਲੇ ਠੋਸਣ ਵਾਲੇ ਬਣ ਕੇ ਬੈਠੇ ਸਨ। ਇਸੇ ਕਰਕੇ ਪੰਜਾਬ ਵਿਚ ਹਜ਼ਾਰਾਂ ਪੁਰਾਣੇ ਵਾਲੰਟੀਅਰਾਂ ਨੇ ਪਾਰਟੀ ਲੀਡਰਸ਼ਿਪ ਦੇ ਅਜਿਹੇ ਵਤੀਰੇ ਕਾਰਨ ਰੋਸ ਵੀ ਜ਼ਾਹਿਰ ਕੀਤੇ। ਪਰ ਲੀਡਰਸ਼ਿਪ ਨੇ ਰੁੱਸਿਆਂ ਨੂੰ ਮਨਾਉਣ ਜਾਂ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦਾ ਕਦੇ ਵੀ ਰਸਤਾ ਅਖਤਿਆਰ ਨਹੀਂ ਕੀਤਾ। ਇੱਥੋਂ ਤੱਕ ਕਿ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਵਰਗੇ ਮੈਂਬਰ ਪਾਰਲੀਮੈਂਟ ਵੀ ਲੀਡਰਸ਼ਿਪ ਦਾ ਨਿਸ਼ਾਨਾ ਬਣਦੇ ਰਹੇ। ‘ਆਪ’ ਨੂੰ ਨਮੋਸ਼ੀ ਭਰੀ ਹਾਰ ਦਾ ਵੱਡਾ ਕਾਰਨ ਇਹੀ ਹੈ ਕਿ ਉਹ ਪੰਜਾਬੀਆਂ ਦਾ ਭਰੋਸਾ ਜਿੱਤਣ ਵਿਚ ਨਕਾਮ ਰਹੀ ਹੈ।
ਕਾਂਗਰਸ ਦੀ ਇੰਨੀ ਵੱਡੀ ਜਿੱਤ ਦਾ ਕਾਰਨ ਵੀ ਇਹ ਹੈ ਕਿ ਬਹੁਤੇ ਹਲਕਿਆਂ ਵਿਚ ਅਕਾਲੀ ਦਲ ਤੋਂ ਟੁੱਟੀ ਵੋਟ ‘ਆਪ’ ਦੀ ਬਜਾਏ ਕਾਂਗਰਸ ਵੱਲ ਖਿਸਕ ਗਈ। ‘ਆਪ’ ਪੰਜਾਬ ਅੰਦਰ ਮੁੱਖ ਮੰਤਰੀ ਅਹੁਦੇ ਲਈ ਦਾਅਵੇਦਾਰ ਕੋਈ ਦਮਦਾਰ ਆਗੂ ਪੇਸ਼ ਨਹੀਂ ਕਰ ਸਕੀ, ਜਦਕਿ ਕੈਪਟਨ ਅਮਰਿੰਦਰ ਸਿੰਘ ਇਕ ਵੱਡੇ ਕੱਦ ਵਾਲੇ ਆਗੂ ਵਜੋਂ ਕਾਂਗਰਸ ਦੇ ਮੁੱਖ ਪ੍ਰਚਾਰਕ ਬਣੇ। ਚੋਣ ਨਤੀਜਿਆਂ ਨੇ ਇਹ ਗੱਲ ਵੀ ਸਾਬਿਤ ਕਰ ਦਿੱਤੀ ਹੈ ਕਿ ਭਾਰਤ ‘ਚ ਵੱਖ-ਵੱਖ ਸੱਭਿਆਚਾਰਕ, ਭਾਸ਼ਾਈ ਅਤੇ ਖੇਤਰੀ ਭਾਵਨਾਵਾਂ ਹੋਣ ਕਾਰਨ ਇਥੇ ਹਰ ਕੋਈ ਪਾਰਟੀ ਨੂੰ ਖੇਤਰੀ ਲੀਡਰਸ਼ਿਪ ਉਭਾਰਨ ਬਿਨਾਂ ਜਿੱਤ ਹਾਸਲ ਕਰਨਾ ਮੁਸ਼ਕਿਲ ਹੈ। ਚੋਣ ਨਤੀਜਿਆਂ ਦਾ ਇਹ ਵੀ ਇਕ ਸਬਕ ਹੈ ਕਿ ਕਾਂਗਰਸ ਕੋਲ ਕੈਪਟਨ ਅਮਰਿੰਦਰ ਸਿੰਘ ਵਰਗਾ ਮਜ਼ਬੂਤ ਖੇਤਰੀ ਆਗੂ ਮੌਜੂਦ ਸੀ। ਲੋਕ ਉਸ ਦੀ ਅਗਵਾਈ ਵਿਚ ਪੰਜਾਬ ਦੇ ਅੱਗੇ ਵਧਣ ਦੀ ਆਸ ਲਗਾਉਣ ਲੱਗ ਪਏ ਸਨ। ਪੰਜਾਬ ਦਾ ਸਨੱਅਤਕਾਰ, ਵਪਾਰੀ ਅਤੇ ਜ਼ਮੀਨ-ਕਾਰੋਬਾਰ (ਰੀਅਲ ਅਸਟੇਟ) ਵਾਲੇ ਲੋਕ ਤਾਂ ਪਹਿਲਾਂ ਹੀ ਕੈਪਟਨ ਦੇ ਮੁਰੀਦ ਬਣੇ ਹੋਏ ਸਨ। ਪਰ ਬਾਅਦ ਵਿਚ ਕਿਸਾਨਾਂ ਅਤੇ ਹੋਰ ਤਬਕਿਆਂ ਨੂੰ ਵੀ ਇਹ ਲੱਗਣ ਲੱਗ ਪਿਆ ਕਿ ਕੈਪਟਨ ਹੀ ਇਕ ਮਜ਼ਬੂਤ ਆਗੂ ਹਨ, ਜਿਹੜੇ ਸਖ਼ਤ ਫੈਸਲੇ ਲੈ ਕੇ ਪੰਜਾਬ ਨੂੰ ਮੌਜੂਦਾ ਸੰਕਟ ਵਿਚੋਂ ਕੱਢ ਸਕਦੇ ਹਨ। ਇਹੀ ਕਾਰਨ ਹੈ ਕਿ ਕੈਪਟਨ ਪੂਰੇ ਪੰਜਾਬ ਵਿਚ ਕਾਂਗਰਸ ਦੇ ਪ੍ਰਮੁੱਖ ਆਗੂ ਵਜੋਂ ਵਿਚਰੇ ਅਤੇ ਲੋਕਾਂ ਨੇ ਹਰ ਥਾਂ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਦੇ ਉਲਟ ਅਕਾਲੀ ਦਲ ਨੇ ਲਗਾਤਾਰ ਗਲਤੀਆਂ ਦਾ ਹੀ ਪੱਲਾ ਫੜੀਂ ਰੱਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਹੋਰ ਬਹੁਤ ਸਾਰੇ ਮਾਮਲਿਆਂ ਉਪਰ ਲੋਕਾਂ ਵਿਚੋਂ ਬੁਰੀ ਤਰ੍ਹਾਂ ਨਿਖੜ ਗਏ ਅਕਾਲੀ ਦਲ ਨੇ ਚੋਣਾਂ ਦੌਰਾਨ ਵੀ ਆਪਣਾ ਅਕਸ ਸੁਧਾਰਨ ਲਈ ਕੋਈ ਨਵਾਂ ਪੈਂਤੜਾ ਅਖਤਿਆਰ ਨਹੀਂ ਕੀਤਾ, ਸਗੋਂ ਉਲਟਾ ਸਿਕੰਦਰ ਸਿੰਘ ਮਲੂਕੇ ਵਰਗਿਆਂ ਵੱਲੋਂ ਚੋਣਾਂ ਵਿਚ ਅਰਦਾਸ ਦੀ ਤਰਜ ‘ਤੇ ਹਿੰਦੂ ਅਰਦਾਸ ਕਰਾਉਣ ਦਾ ਬਖੇੜਾ ਖੜ੍ਹਾ ਕੀਤਾ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਪਾਰਟੀ ਆਗੂ ਹਮਾਇਤ ਹਾਸਲ ਕਰਨ ਲਈ ਡੇਰਾ ਸਿਰਸਾ ਦੇ ਮੁਖੀ ਅੱਗੇ ਡੰਡੋਤ ਕਰਨ ਲੱਗੇ। ਕਈ ਆਗੂਆਂ ਨੇ ਡੇਰਾ ਸਿਰਸੇ ਵਾਲਿਆਂ ਦੀ ਨਾਮ ਚਰਚਾ ਕਰਵਾਉਣ ਲਈ ਵੀ ਭਰੋਸੇ ਦਿੱਤੇ। ਇਹ ਸਾਰੇ ਕੁੱਝ ਕਾਰਨ ਅਕਾਲੀ ਲੀਡਰਸ਼ਿਪ ਬਾਰੇ ਇਹ ਪ੍ਰਭਾਵ ਗਿਆ ਕਿ ਪਾਰਟੀ ਲੀਡਰਸ਼ਿਪ ਆਪਣੇ ਰਾਜਨੀਤੀ ਮੁਫਾਦਾਂ ਲਈ ਧਰਮ ਨੂੰ ਧਿਰਕਾਰਨ ਲਈ ਕੋਈ ਕਸਰ ਨਹੀਂ ਛੱਡ ਰਹੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹੈਂਕੜ ਭਰੀ ਕਾਰਜਸ਼ੈਲੀ ਅਤੇ ਆਪਣੇ ਵਪਾਰਕ ਲਾਭ ਲਈ ਸਰਕਾਰੀ ਅਦਾਰਿਆਂ ਦੀ ਖੁੱਲ੍ਹੇਆਮ ਵਰਤੋਂ ਵੀ ਉਨ੍ਹਾਂ ਦੇ ਲੋਕਾਂ ਤੋਂ ਦੂਰ ਹੋਣ ਦਾ ਕਾਰਨ ਬਣੀ।
ਇਸੇ ਤਰ੍ਹਾਂ ਅਕਾਲੀ ਦਲ, ਖਾਸ ਕਰ ਬਾਦਲ ਪਰਿਵਾਰ ਵੱਲੋਂ ਲਗਾਏ ਹਲਕਾ ਇੰਚਾਰਜਾਂ ਅਤੇ ਹੋਰ ਇੰਚਾਰਜਾਂ ਦੀ ਧੱਕੇਸ਼ਾਹੀ ਦਾ ਵੀ ਲੋਕ ਸ਼ਿਕਾਰ ਹੋਏ। ਇਨ੍ਹਾਂ ਸਾਰੇ ਕਾਰਨਾਂ ਕਰਕੇ ਅਕਾਲੀ ਦਲ ਦੀ ਸਰਕਾਰ ਪ੍ਰਤੀ ਲੋਕਾਂ ਅੰਦਰ ਬੇਹੱਦ ਗੁੱਸਾ ਅਤੇ ਨਫਰਤ ਪਾਈ ਜਾ ਰਹੀ ਸੀ, ਜੋ ਕਿ ਚੋਣ ਨਤੀਜਿਆਂ ਦੌਰਾਨ ਸਾਹਮਣੇ ਵੀ ਆਈ ਹੈ।
ਕਾਂਗਰਸ ਨੂੰ ਪੰਜਾਬ ਦੇ ਲੋਕਾਂ ਨੇ ਨਾ ਸਿਰਫ ਸੀਟਾਂ ਹੀ ਵਧ ਜਿਤਾਈਆਂ ਹਨ, ਸਗੋਂ ਵੋਟ ਵੀ ਵਧੇਰੇ ਪਾਏ ਹਨ। ਇਸ ਕਰਕੇ ਕਾਂਗਰਸ, ਖਾਸ ਕਰਕੇ ਨਵੇਂ ਬਣ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਇਹ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਵੱਲੋਂ ਪ੍ਰਗਟਾਏ ਵਿਸ਼ਵਾਸ ਉਪਰ ਪੂਰਾ ਉਤਰਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.