ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪਾਖੰਡ ਫੈਲਾਉਣ ਵਾਲਿਆਂ ਖਿਲਾਫ ਜਾਗਣ ਗੁਰੂ ਘਰਾਂ ਦੇ ਪ੍ਰਬੰਧਕ
ਪਾਖੰਡ ਫੈਲਾਉਣ ਵਾਲਿਆਂ ਖਿਲਾਫ ਜਾਗਣ ਗੁਰੂ ਘਰਾਂ ਦੇ ਪ੍ਰਬੰਧਕ
Page Visitors: 2701

ਪਾਖੰਡ ਫੈਲਾਉਣ ਵਾਲਿਆਂ ਖਿਲਾਫ ਜਾਗਣ ਗੁਰੂ ਘਰਾਂ ਦੇ ਪ੍ਰਬੰਧਕ

Posted On 12 Apr 2017
Baba

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਉਂਜ ਉੱਤਰੀ ਅਮਰੀਕਾ ਵਿਚ ਪੰਜਾਬੀ ਮੀਡੀਆ ਪਸਾਰ ਕਰ ਰਿਹਾ ਹੈ। ਪਰ ਇਸ ਦੇ ਨਾਲ-ਨਾਲ ਇਥੋਂ ਛਪਦੀਆਂ ਕੁਝ ਅਖ਼ਬਾਰਾਂ ਅਤੇ ਰਸਾਲਿਆਂ ਨੇ ਇਸ ਵਿਚ ਪਾਖੰਡੀ ਬਾਬਿਆਂ ਦੇ ਇਸ਼ਤਿਹਾਰ ਲਗਾ ਕੇ ਜਿੱਥੇ ਖੁਦ ਬਹੁਤ ਸਾਰੇ ਡਾਲਰ ਬਟੋਰੇ ਹਨ, ਉੱਥੇ ਇਥੇ ਰਹਿੰਦੇ ਪੰਜਾਬੀਆਂ ਨੂੰ ਵਹਿਮਾਂ-ਭਰਮਾਂ ਦੇ ਜਾਲ ਵਿਚ ਫਸਾ ਕੇ ਰੱਖ ਦਿੱਤਾ ਹੈ।
ਉਂਝ ਤਾਂ ਸਾਰੇ ਹੀ ਵਿਕਸਿਤ ਮੁਲਕਾਂ ਵਿਚ ਪਰ ਖਾਸਕਰ ਉੱਤਰੀ ਅਮਰੀਕਾ ਵਿਚ ਛਪਦੇ ਬਹੁਤ ਸਾਰੇ ਪੰਜਾਬੀ ਅਖ਼ਬਾਰ ਅਤੇ ਰਸਾਲੇ ਪਿਛਲੇ ਲੰਬੇ ਸਮੇਂ ਤੋਂ ਅਖੌਤੀ ਤਾਂਤਰਿਕਾਂ, ਸਾਧੂ-ਸੰਤਾਂ ਅਤੇ ਭਰਮ ਫੈਲਾਉਣ ਵਾਲਿਆਂ ਦਾ ਪ੍ਰਚਾਰ ਕਰਨ ਵਿਚ ਲੱਗੇ ਹਨ। ਅਜਿਹੇ ਅਖ਼ਬਾਰ ਰਸਾਲੇ ਸਿਰਫ ਦੰਭੀ ਅਤੇ ਪਾਖੰਡੀ ਲੋਕਾਂ ਦਾ ਪੈਸੇ ਦੇ ਲਾਲਚ ਵਿਚ ਆ ਕੇ ਪ੍ਰਚਾਰ ਹੀ ਨਹੀਂ ਕਰਦੇ, ਸਗੋਂ ਕਈ ਅਖ਼ਬਾਰਾਂ ਵਾਲੇ ਤਾਂ ਖੁਦ ਹੀ ਇਸ ਧੰਦੇ ਵਿਚ ਸ਼ਾਮਲ ਹੋ ਗਏ ਹਨ। ਕੁੱਝ ਅਖ਼ਬਾਰਾਂ ਵਾਲੇ ਟੈਲੀ ਕਾਨਫਰੰਸਾਂ ਵਿਚ ਫਰਜ਼ੀ ਪੰਡਿਤ ਅਤੇ ਤਾਂਤਰਿਕ ਬਣ ਕੇ ਖੁਦ ਹੀ ਲੋਕਾਂ ਨੂੰ ਲੁੱਟਦੇ ਹਨ। ਅਜਿਹੇ ਪੰਡਿਤ ਅਤੇ ਤਾਂਤਰਿਕ ਲੋਕਾਂ ਦੀਆਂ ਮਾਨਸਿਕ ਅਤੇ ਸਮਾਜਿਕ ਸਮੱਸਿਆਵਾਂ ਦਾ ਹੱਲ ਕਰਨ ਲਈ ਉਨ੍ਹਾਂ ਕੋਲੋਂ ਭਾਰੀ ਰਕਮਾਂ ਵਸੂਲ ਕਰਦੇ ਹਨ। ਜਦ ਸਾਡੇ ਅਜਿਹੇ ਅਖ਼ਬਾਰਾਂ ਵਾਲੇ ਵੱਡੇ-ਵੱਡੇ ਛਾਪੇ ਇਸ਼ਤਿਹਾਰਾਂ ਵਿਚ ਇਹ ਦਾਅਵੇ ਕਰਦੇ ਹਨ ਕਿ ਉਹ ਹਰ ਕਿਸੇ ਦੀ ਸਮੱਸਿਆ ਚੁਟਕੀ ਨਾਲ ਹੱਲ ਕਰ ਦੇਣਗੇ, ਤਾਂ ਇਸ ਵੇਲੇ ਬਾਹਰਲੇ ਮੁਲਕਾਂ ਵਿਚ ਆਰਥਿਕ ਤੰਗੀ, ਘਰੇਲੂ ਕਲੇਸ਼ਾਂ ਅਤੇ ਨੌਕਰੀ ਆਦਿ ਦੇ ਝਮੇਲਿਆਂ ਵਿਚ ਉਲਝੇ ਲੋਕ ਉਨ੍ਹਾਂ ਵੱਲ ਹੋ ਤੁਰਦੇ ਹਨ। ਅਜਿਹੇ ਪਾਖੰਡੀ ਲੋਕ ਪਹਿਲੇ ਦਿਨ ਹੀ ਸਿਰਫ ਗੱਲ ਕਰਨ ਦੇ ਸੈਂਕੜੇ ਡਾਲਰ ਆਮ ਲੋਕਾਂ ਤੋਂ ਬਟੋਰ ਲੈਂਦੇ ਹਨ ਅਤੇ ਫਿਰ ਸਮੱਸਿਆਵਾਂ ਵਿਚ ਉਲਝੇ ਲੋਕਾਂ ਨੂੰ ਇਹ ਪਾਖੰਡੀ ਮਾਨਸਿਕ ਤੌਰ ‘ਤੇ ਇੰਨਾ ਕਾਇਲ ਕਰ ਲੈਂਦੇ ਹਨ ਕਿ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਪਣਾ ਸਾਰਾ ਕੁੱਝ ਨਿਛਾਵਰ ਕਰ ਦਿੰਦੇ ਹਨ।
ਕਈ ਅਜਿਹੇ ਪੀੜਤ ਪੰਜਾਬੀ ਪਰਿਵਾਰ ਦੇਖੇ ਗਏ ਹਨ, ਜਿਹੜੇ ਅਜਿਹੇ ਪਾਖੰਡੀਆਂ ਨੂੰ 50 ਹਜ਼ਾਰ ਤੋਂ ਲੱਖ ਡਾਲਰ ਤੱਕ ਲੁਟਾ ਬੈਠੇ ਹਨ। ਹੁਣ ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਕਿ ਲੋਕਾਂ ਨੂੰ ਇਨ੍ਹਾਂ ਅਖੌਤੀ ਤਾਂਤਰਿਕ, ਪੰਡਿਤ ਅਤੇ ਫਰੇਬੀ ਲੋਕਾਂ ਦੇ ਜਾਲ ਵਿਚ ਆਮ ਲੋਕਾਂ ਨੂੰ ਫਸਾਉਣ ਲਈ ਅਖਬਾਰਾਂ ਅਤੇ ਰਸਾਲਿਆਂ ਵਾਲੇ ਲੋਕ ਹੀ ਵੱਡਾ ਰੋਲ ਨਿਭਾਉਂਦੇ ਹਨ। ਅਮਰੀਕਾ ਵਿਚ ਸਾਰੇ ਪੰਜਾਬੀ ਅਖ਼ਬਾਰ, ਰਸਾਲੇ ਆਮ ਤੌਰ ‘ਤੇ ਮੁਫਤ ਵੰਡੇ ਜਾਂਦੇ ਹਨ ਅਤੇ ਇਹ ਅਖ਼ਬਾਰ, ਰਸਾਲੇ ਆਮ ਕਰਕੇ ਗੁਰਦੁਆਰਿਆਂ ਅਤੇ ਪੰਜਾਬੀ ਸਟੋਰਾਂ ਉਪਰ ਰੱਖੇ ਜਾਂਦੇ ਹਨ। ਗੁਰੂ ਘਰਾਂ ਵਿਚ ਆਉਣ ਵਾਲੇ ਸ਼ਰਧਾਲੂ ਅਤੇ ਖਰੀਦੋ-ਫਰੋਖਤ ਕਰਨ ਵਾਲੇ ਲੋਕ ਸਟੋਰਾਂ ਤੋਂ ਇਹ ਅਖ਼ਬਾਰ ਚੁੱਕ ਕੇ ਲਿਜਾਂਦੇ ਹਨ। ਇਸ ਤਰ੍ਹਾਂ ਅਜਿਹੇ ਅਖ਼ਬਾਰਾਂ, ਰਸਾਲਿਆਂ ਰਾਹੀਂ ਸਾਡੇ ਲੋਕ ਮਾਨਸਿਕ ਅਤੇ ਆਰਥਿਕ ਤੌਰ ‘ਤੇ ਲੁੱਟੇ-ਪੁੱਟੇ ਜਾ ਰਹੇ ਹਨ। ਸਿੱਖ ਧਰਮ ਦਾ ਉਪਦੇਸ਼ ਅਤੇ ਫਲਸਫਾ ਹੀ ਅਜਿਹੇ ਅੰਧ-ਵਿਸ਼ਵਾਸਾਂ ਤੋਂ ਲੋਕਾਂ ਨੂੰ ਸੁਚੇਤ ਕਰਨ ਦਾ ਹੈ, ਤਾਂ ਫਿਰ ਸੁਆਲ ਇਹ ਉੱਠਦਾ ਹੈ ਕਿ ਸਾਡੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਜਿਹੇ ਪਾਖੰਡ ਅਤੇ ਅੰਧ ਵਿਸ਼ਵਾਸ ਫੈਲਾਉਣ ਵਾਲੇ ਅਖ਼ਬਾਰਾਂ ਨੂੰ ਗੁਰੂ ਘਰਾਂ ਵਿਚ ਰੱਖਣ ਦੀ ਇਜਾਜ਼ਤ ਕਿਉਂ ਦਿੰਦੀਆਂ ਹਨ ?
ਅਸੀਂ ਪਿਛਲੇ ਕਾਫੀ ਸਮੇਂ ਤੋਂ ਗੁਰੂ ਘਰਾਂ ਅਤੇ ਪੰਜਾਬੀ ਸਟੋਰਾਂ ਰਾਹੀਂ ਇਨ੍ਹਾਂ ਅਖ਼ਬਾਰਾਂ ਵੱਲੋਂ ਫੈਲਾਏ ਜਾ ਰਹੇ ਅੰਧ-ਵਿਸ਼ਵਾਸ ਅਤੇ ਪਾਖੰਡ ਵਿਰੁੱਧ ਆਵਾਜ਼ ਉਠਾਉਂਦੇ ਆ ਰਹੇ ਹਾਂ। ਪਰ ਹਾਲੇ ਤੱਕ ਵੀ ਸਾਡੇ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਅਜਿਹਾ ਅੰਧ-ਵਿਸ਼ਵਾਸ ਫੈਲਾਉਣ ਵਾਲਿਆਂ ਅਤੇ ਲੋਕਾਂ ਨੂੰ ਠੱਗਣ ਵਾਲਿਆਂ ਖਿਲਾਫ ਕੋਈ ਅਸਰਦਾਰ ਕਦਮ ਨਹੀਂ ਚੁੱਕਿਆ। ਹੁਣ ਵੀ ਸਾਡੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਜਾਗਣ ਦੀ ਲੋੜ ਹੈ। ਅਖ਼ਬਾਰਾਂ ਰਾਹੀਂ ਅਜਿਹਾ ਅੰਧ-ਵਿਸ਼ਵਾਸ ਫੈਲਾ ਕੇ ਸਾਡੇ ਭਾਈਚਾਰੇ ਨੂੰ ਗੁੰਮਰਾਹ ਕੀਤਾ ਅਤੇ ਲੁੱਟਿਆ ਜਾਂਦਾ ਹੈ। ਕੀ ਸਾਡੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਜਿਹਾ ਅੰਧ-ਵਿਸ਼ਵਾਸ ਫੈਲਾਉਣ ਵਾਲਿਆਂ ਖਿਲਾਫ ਮੂਕ-ਦਰਸ਼ਕ ਬਣ ਕੇ ਬੈਠੇ ਰਹਿਣਗੇ।
ਸਾਡਾ ਮੰਨਣਾ ਹੈ ਕਿ ਗੁਰੂ ਘਰ ਕਿਸੇ ਵੀ ਰੂਪ ਵਿਚ ਅੰਧ-ਵਿਸ਼ਵਾਸ ਅਤੇ ਪਾਖੰਡ ਫੈਲਾਉਣ ਦਾ ਸਾਧਨ ਨਹੀਂ ਬਣਨੇ ਚਾਹੀਦੇ। ਗੁਰੂ ਘਰਾਂ ਵਿਚ ਅਜਿਹਾ ਕੋਈ ਵੀ ਅਖ਼ਬਾਰ, ਰਸਾਲਾ ਜਾਂ ਸਾਹਿਤ ਰੱਖਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ, ਜੋ ਲੋਕਾਂ ਅੰਦਰ ਅੰਧ-ਵਿਸ਼ਵਾਸ ਫੈਲਾਵੇ ਅਤੇ ਪੀੜਤ ਲੋਕਾਂ ਨੂੰ ਅਜਿਹੇ ਤਾਂਤਰਿਕ ਅਤੇ ਪੰਡਿਤਾਂ ਦੇ ਚੁੰਗਲ ਵਿਚ ਫਸਣ ਦਾ ਕਾਰਨ ਬਣੇ। ਇਸੇ ਤਰ੍ਹਾਂ ਪੰਜਾਬੀ ਸਟੋਰਾਂ ਵਾਲਿਆਂ ਨੂੰ ਵੀ ਆਪਣੀ ਜ਼ਮੀਰ ਦੀ ਆਵਾਜ਼ ਨੂੰ ਪਛਾਣਨਾ ਚਾਹੀਦਾ ਹੈ ਅਤੇ ਅੰਧ-ਵਿਸ਼ਵਾਸ ਫੈਲਾਉਣ ਵਾਲੇ ਅਜਿਹੇ ਅਖ਼ਬਾਰ ਅਤੇ ਰਸਾਲਿਆਂ ਨੂੰ ਆਪਣੇ ਸਟੋਰਾਂ ਉਪਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।
ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸਮਾਜਿਕ ਸੰਗਠਨਾਂ ਦੇ ਆਗੂਆਂ ਨੂੰ ਸਾਡੀ ਇਹ ਪੁਰਜ਼ੋਰ ਅਪੀਲ ਹੈ ਕਿ ਆਰਥਿਕ ਪ੍ਰੇਸ਼ਾਨੀਆਂ, ਘਰੇਲੂ ਝਗੜਿਆਂ ਅਤੇ ਹੋਰ ਮਾਨਸਿਕ ਰੋਗਾਂ ‘ਚ ਫਸੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਲੁੱਟਣ ਲਈ ਕਿਸੇ ਵੀ ਤਰ੍ਹਾਂ ਦੇ ਪਾਖੰਡੀਆਂ ਦਾ ਪ੍ਰਚਾਰ ਕਰਨ ਲਈ ਆਪਣੇ ਧਾਰਮਿਕ ਅਸਥਾਨਾਂ ਦੀ ਦੁਰਵਰਤੋਂ ਨਾ ਹੋਣ ਦੇਣ। ਹਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਗੁਰਦੁਆਰੇ ਵਿਚ ਰੱਖੇ ਜਾਣ ਵਾਲੇ ਹਰ ਅਖਬਾਰ ਅਤੇ ਰਸਾਲੇ ਦੀ ਪਹਿਲਾਂ ਪੜਤਾਲ ਕਰਨ ਅਤੇ ਅਜਿਹੇ ਦੰਭੀ ਲੋਕਾਂ ਦੇ ਪ੍ਰਚਾਰ ਕਰਨ ਵਾਲੇ ਇਸ਼ਤਿਹਾਰ ਛਾਪਣ ਵਾਲੇ ਅਖ਼ਬਾਰ, ਰਸਾਲਿਆਂ ਨੂੰ ਗੁਰੂ ਘਰਾਂ ਵਿਚ ਰੱਖਣ ‘ਤੇ ਮੁਕੰਮਲ ਪਾਬੰਦੀ ਲਾਈ ਜਾਵੇ। ਸਟੋਰ ਮਾਲਕ ਪੰਜਾਬੀਆਂ ਦਾ ਵੀ ਇਹ ਅਹਿਮ ਫਰਜ਼ ਬਣਦਾ ਹੈ ਕਿ ਉਹ ਆਪਣੇ ਭਾਈਚਾਰੇ ਪ੍ਰਤੀ ਫਰਜ਼ਾਂ ਨੂੰ ਪਹਿਚਾਨਣ ਅਤੇ ਕਿਸੇ ਵੀ ਤਰ੍ਹਾਂ ਦਾ ਅੰਧਕਾਰ ਫੈਲਾਉਣ ਵਾਲਿਆਂ ਨੂੰ ਰੋਕਣ ਵਿਚ ਸਹਾਈ ਨਾ ਹੋਣ।
ਹਰੇਕ ਗੁਰਦੁਆਰਾ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਜਿਸ ਵਿਚ ਸਾਨੂੰ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਬਾਣੀ ਵਿਚ ਦਰਜ ਸਮੂਹ ਗੁਰੂ ਸਾਹਿਬਾਨਾਂ, ਸੰਤਾਂ, ਭਗਤਾਂ, ਭੱਟਾਂ ਆਦਿ ਨੇ ਸਾਨੂੰ ਵਹਿਮਾਂ-ਭਰਮਾਂ ਤੋਂ ਦੂਰ ਰਹਿ ਕੇ ਗੁਰੂ ਲੜ ਲੱਗਣ ਲਈ ਕਿਹਾ ਹੈ।
ਪਰ ਬੜੇ ਸ਼ਰਮ ਦੀ ਗੱਲ ਹੈ ਕਿ ਜਿਸ ਗੁਰੂ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਸੇ ਗੁਰੂ ਘਰ ਵਿਚ ਵਹਿਮਾਂ-ਭਰਮਾਂ ਨਾਲ ਭਰਪੂਰ ਇਸ਼ਤਿਹਾਰਾਂ ਵਾਲੀਆਂ ਅਖਬਾਰਾਂ ਅਤੇ ਰਸਾਲੇ ਰੱਖੇ ਜਾਂਦੇ ਹਨ। ਕੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਇਸ ਗੱਲ ਤੋਂ ਵਾਕਿਫ ਹਨ ਅਤੇ ਕੀ ਉਹ ਖੁਦ ਅਜਿਹੀਆਂ ਅਖ਼ਬਾਰਾਂ ਅਤੇ ਰਸਾਲੇ ਨਹੀਂ ਪੜ੍ਹਦੇ? ਜਿਸ ਵਿਚ ਅਜਿਹੇ ਵਹਿਮਾਂ-ਭਰਮਾਂ ਵਾਲੇ ਇਸ਼ਤਿਹਾਰ ਲੱਗੇ ਹੁੰਦੇ ਹਨ? ਸਿੱਖ ਧਰਮ ਨੇ ਸਮਾਜ ਅੰਦਰ ਫੈਲੇ ਪਾਖੰਡ, ਦੰਭ ਅਤੇ ਅਡੰਬਰਾਂ ਦਾ ਪਰਦਾਫਾਸ਼ ਕੀਤਾ ਅਤੇ ਲੋਕਾਂ ਨੂੰ ਅਜਿਹੇ ਲੋਕਾਂ ਦੇ ਭਰਮ-ਜਾਲ ਵਿਚੋਂ ਕੱਢਣ ਲਈ ਵਿਆਪਕ ਪ੍ਰਚਾਰ ਪ੍ਰਸਾਰ ਕੀਤਾ।
ਸਿੱਖ ਧਰਮ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਬਾਰੇ ਜਾਗ੍ਰਿਤ ਕਰਨ ਲਈ ਹਮੇਸ਼ਾ ਅੱਗੇ ਆਇਆ ਹੈ। ਸਿੱਖ ਧਰਮ ਦਾ ਬੁਨਿਆਦੀ ਪੈਂਤੜਾ ਹੀ ਇਹ ਹੈ ਕਿ ਸਮੁੱਚੀ ਦੁਨੀਆਂ ਇਕ ਪ੍ਰਮਾਤਮਾ ਦੀ ਦੇਣ ਹਨ ਅਤੇ ਮਨੁੱਖ ਜਾਤੀ ਨੂੰ ਬਰਾਬਰ ਸਮਝਿਆ ਜਾਣਾ ਚਾਹੀਦਾ ਹੈ। ਸਿੱਖ ਧਰਮ ਨੇ ਹਰ ਤਰ੍ਹਾਂ ਦੇ ਊਚ-ਨੀਚ ਦਾ ਵੀ ਵਿਰੋਧ ਕੀਤਾ ਅਤੇ ਨਾਹਰਾ ਦਿੱਤਾ ਕਿ ‘ਮਾਨਸ ਕੀ ਜਾਤਿ ਸਭੈ ਏਕੇ ਹੀ ਪਹਿਚਾਨਬੋ£” ਸਿੱਖ ਗੁਰੂਆਂ ਨੇ ਮਾਨਵਤਾ ਨੂੰ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਉਪਦੇਸ਼ ਦਿੱਤਾ। ਸਿੱਖ ਗੁਰੂ ਸਾਹਿਬਾਨ ਦੀ ਇਹ ਧਾਰਨਾ ਹੈ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਅਡੰਬਰ, ਪਾਖੰਡ ਅਤੇ ਭੇਖ ਵਿਚ ਨਹੀਂ ਪੈਣਾ ਚਾਹੀਦਾ, ਸਗੋਂ ਨੇਕ-ਨੀਤ ਅਤੇ ਮਿਹਨਤ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ। ਉਨ੍ਹਾਂ ਸਮਾਜ ਨੂੰ ਰਸਤਾ ਵਿਖਾਇਆ ਕਿ ਸਬਰ ਅਤੇ ਸੰਜਮ ਹੀ ਸੰਤੁਸ਼ਟੀ ਦਾ ਮੂਲ ਮੰਤਰ ਹੈ। ਮਨੁੱਖ ਦੇ ਮਨਾਂ ਵਿਚ ਪੈਦਾ ਹੋਈ ਹਾਬੜ ਕਿਸੇ ਵੀ ਤਰ੍ਹਾਂ ਮਨੁੱਖੀ ਮਨ ਨੂੰ ਸੰਤੁਸ਼ਟ ਕਰਨ ਦਾ ਸਾਧਨ ਨਹੀਂ ਬਣਦੀ। ਇਸ ਤੋਂ ਉਲਟ ਬੇਲੋੜ ਧੰਨ ਇਕੱਠਾ ਕਰਨ, ਅਥਾਹ ਜਾਇਦਾਦਾਂ ਬਣਾਉਣ ਅਤੇ ਹਰੇਕ ਚੀਜ਼ ਨੂੰ ਜੱਫਾ ਮਾਰਨ ਦੀ ਬਿਰਤੀ ਨੇ ਸਾਡੇ ਸਮਾਜ ਨੂੰ ਕੁਰੀਤੀਆਂ ਵੱਲ ਧੱਕ ਦਿੱਤਾ ਹੈ। ਅਸੀਂ ਪੰਜਾਬ ਤੋਂ ਉੱਠ ਕੇ ਵਿਕਸਿਤ ਮੁਲਕਾਂ ਵਿਚ ਆ ਗਏ ਹਾਂ। ਪਰ ਅਜੇ ਵੀ ਵਹਿਮਾਂ-ਭਰਮਾਂ ਅਤੇ ਪਾਖੰਡ ਤੋਂ ਅਸੀਂ ਪਿੱਛਾ ਨਹੀਂ ਛੁਡਾਇਆ।
ਸਾਨੂੰ ਪੂਰਨ ਉਮੀਦ ਹੈ ਕਿ ਗੁਰੂ ਘਰਾਂ ਦੇ ਪ੍ਰਬੰਧਕ ਅਤੇ ਪੰਜਾਬੀ ਸਟੋਰ ਮਾਲਕ ਸਾਡੀ ਇਸ ਬੇਨਤੀ ਨੂੰ ਕਬੂਲ ਕਰਨਗੇ ਅਤੇ ਸਾਰੇ ਗੁਰੂ ਘਰਾਂ ਨੂੰ ਪਾਖੰਡੀਆਂ ਦੇ ਅਜਿਹੇ ਇਸ਼ਤਿਹਾਰ ਛਾਪਣ ਵਾਲੇ ਅਖ਼ਬਾਰਾਂ, ਰਸਾਲਿਆਂ ਨੂੰ ਗੁਰੂ ਘਰਾਂ ਵਿਚ ਰੱਖਣ ਦੀ ਇਜਾਜ਼ਤ ਨਹੀਂ ਦੇਣਗੇ। ਅਸੀਂ ਅਜਿਹਾ ਕਰਕੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਅਦਾਰੇ ਖਿਲਾਫ ਨਹੀਂ ਹਾਂ, ਸਗੋਂ ਸਾਡਾ ਮਿਸ਼ਨ ਸਾਡੇ ਧਾਰਮਿਕ ਵਿਸ਼ਵਾਸਾਂ ਅਤੇ ਫਲਸਫੇ ਅਨੁਸਾਰ ਸਾਡੇ ਲੋਕਾਂ ਦੀ ਸੇਵਾ ਕਰਨਾ ਹੈ। ਇਸੇ ਮਨਸ਼ੇ ਨਾਲ ਹੀ ਅਸੀਂ ਹਰ ਤਰ੍ਹਾਂ ਦੇ ਅੰਧ-ਵਿਸ਼ਵਾਸ, ਪਾਖੰਡ ਅਤੇ ਲੁੱਟ ਦਾ ਵਿਰੋਧ ਕਰਦੇ ਹਾਂ। ਸਮੁੱਚੇ ਭਾਈਚਾਰੇ ਤੋਂ ਸਾਨੂੰ ਇਹ ਉਮੀਦ ਵੀ ਹੈ ਕਿ ਉਹ ਸਾਡੇ ਇਸ ਯਤਨ ਵਿਚ ਪੂਰਾ ਸਹਿਯੋਗ ਦੇਣਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.