ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਕਾਨੂੰਨੀ ਤਰੀਕੇ ਅਪਣਾ ਕੇ ਹੀ ਵਿਦੇਸ਼ਾਂ ‘ਚ ਆਉਣ ਪੰਜਾਬੀ
ਕਾਨੂੰਨੀ ਤਰੀਕੇ ਅਪਣਾ ਕੇ ਹੀ ਵਿਦੇਸ਼ਾਂ ‘ਚ ਆਉਣ ਪੰਜਾਬੀ
Page Visitors: 2542

ਕਾਨੂੰਨੀ ਤਰੀਕੇ ਅਪਣਾ ਕੇ ਹੀ ਵਿਦੇਸ਼ਾਂ ‘ਚ ਆਉਣ ਪੰਜਾਬੀਕਾਨੂੰਨੀ ਤਰੀਕੇ ਅਪਣਾ ਕੇ ਹੀ ਵਿਦੇਸ਼ਾਂ ‘ਚ ਆਉਣ ਪੰਜਾਬੀ

August 18
13:46 2017

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਬਾਹਰਲੇ ਮੁਲਕਾਂ ਨੂੰ ਆਉਣ ਦਾ ਝੱਸ ਪੰਜਾਬੀ ਨੌਜਵਾਨਾਂ ਦੇ ਸਿਰ ਉਪਰ ਅਜੇ ਵੀ ਪੂਰੇ ਜ਼ੋਰ ਨਾਲ ਚੜ੍ਹਿਆ ਹੋਇਆ ਹੈ। ਪੰਜਾਬ ਸੂਬੇ ਵਿਚ ਇਸ ਵੇਲੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਵੱਲੋਂ ਦਾਖਲੇ ਲੈਣੇਂ ਘੱਟ ਰਹੇ ਹਨ। ਇਸ ਦੀ ਬਜਾਏ ਵਿਦਿਆ ਹਾਸਲ ਕਰਨ ਦੇ ਨਾਂ ਉਪਰ ਵਿਦੇਸ਼ਾਂ ਵਿਚ ਆਉਣ ਲਈ ਹੋੜ ਜ਼ਿਆਦਾ ਲੱਗੀ ਹੋਈ ਹੈ। ਹਰ ਸਾਲ ਕਰੀਬ 25 ਹਜ਼ਾਰ ਵਿਦਿਆਰਥੀ ਪੰਜਾਬ ਤੋਂ ਵਿਦੇਸ਼ਾਂ ਨੂੰ ਪੜ੍ਹਨ ਦੇ ਨਾਂ ਉਪਰ ਆਉਣ ਲੱਗੇ ਹਨ। ਇਸੇ ਤਰ੍ਹਾਂ ਏਜੰਟਾਂ ਦੇ ਢਹੇ ਚੜ੍ਹ ਕੇ ਬਾਹਰਲੇ ਮੁਲਕਾਂ ਵਿਚ ਆਉਣ ਲਈ ਪੰਜਾਬੀ ਵੱਡੀਆਂ ਰਕਮਾਂ ਖਰਚਣ ਲਈ ਤਿਆਰ ਰਹਿੰਦੇ ਰਹੇ ਹਨ। ਬਾਹਰਲੇ ਮੁਲਕਾਂ ਵਿਚ ਆ ਵਸੇ ਬਹੁਤ ਸਾਰੇ ਪੰਜਾਬੀ ਵੀ ਇਸੇ ਹੋੜ ਵਿਚ ਸ਼ਾਮਲ ਹੋਏ ਨਜ਼ਰ ਆਉਂਦੇ ਹਨ। ਉਨ੍ਹਾਂ ਦਾ ਵੀ ਲਗਾਤਾਰ ਇਹ ਯਤਨ ਰਹਿੰਦਾ ਹੈ ਕਿ ਉਹ ਆਪਣੇ ਭੈਣ-ਭਰਾਵਾਂ ਜਾਂ ਹੋਰ ਸਕੇ-ਸੰਬੰਧੀਆਂ ਨੂੰ ਕਿਸੇ ਤਰੀਕੇ ਇਨ੍ਹਾਂ ਮੁਲਕਾਂ ਵਿਚ ਲੈ ਆਉਣ। ਪਿਛਲੇ ਸਮੇਂ ਦੌਰਾਨ ਅਨੇਕਾਂ ਅਜਿਹੇ ਢੰਗ ਤਰੀਕੇ ਵੀ ਅਪਣਾਏ ਜਾਂਦੇ ਰਹੇ ਹਨ, ਜਿਸ ਨਾਲ ਨਾ ਸਿਰਫ ਸਾਡੇ ਪੰਜਾਬੀ ਭਾਈਚਾਰੇ ਦਾ ਮਜ਼ਾਕ ਹੀ ਉਡਿਆ ਹੋਇਆ ਹੈ, ਸਗੋਂ ਸਾਡੇ ਆਚਰਣ ਬਾਰੇ ਵੀ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਹਨ।
ਖਾਸ ਕਰਕੇ ਪਿਛਲੇ ਦਹਾਕੇ ਦੌਰਾਨ ਕੈਨੇਡਾ ਆਉਣ ਵਾਲੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਹੀ ਨਜ਼ਦੀਕੀਆਂ ਨਾਲ ਵਿਆਹ ਕਰਵਾ ਕੇ ਇੱਧਰ ਪਹੁੰਚਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਪੰਜਾਬ ਅੰਦਰ ਪਿਛਲੇ 3 ਦਹਾਕੇ ਦੌਰਾਨ ਇੱਕਾ-ਦੁੱਕਾ ਹੀ ਨਹੀਂ, ਸਗੋਂ ਵੱਡੀ ਪੱਧਰ ‘ਤੇ ਏਜੰਟਾਂ ਵੱਲੋਂ ਵੱਡੀਆਂ ਠੱਗੀਆਂ ਮਾਰੇ ਜਾਣ ਅਤੇ ਬਹੁਤ ਸਾਰੇ ਨੌਜਵਾਨਾਂ ਦੇ ਗਲਤ ਤਰੀਕੇ ਨਾਲ ਸਰਹੱਦਾਂ ਲੰਘ ਕੇ ਆਉਣ ਸਮੇਂ ਮੌਤਾਂ ਹੋ ਜਾਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ।
ਦਸੰਬਰ 1996 ਨੂੰ ਹੋਏ ਮਾਲਟਾ ਕਾਂਡ ਵਿਚ ਵੱਡੀ ਗਿਣਤੀ ਵਿਚ ਵਿਦੇਸ਼ਾਂ ਨੂੰ ਜਾਣ ਦੇ ਚਾਹਵਾਨ ਨੌਜਵਾਨਾਂ ਦੇ ਕਿਸ਼ਤੀ ਸਮੁੰਦਰ ਵਿਚ ਡੁੱਬ ਜਾਣ ਕਾਰਨ ਵਾਪਰੇ ਦੁਖਾਂਤ ਨੇ ਪੂਰੇ ਪੰਜਾਬੀ ਸਮਾਜ ਨੂੰ ਹੀ ਹਲੂੰਣ ਕੇ ਰੱਖ ਦਿੱਤਾ ਸੀ। ਇਹ ਘਿਨਾਉਣਾ ਕਾਂਡ ਕੁੱਝ ਅਜਿਹੇ ਏਜੰਟਾਂ ਦੇ ਧੜੇ ਚੜ੍ਹੇ ਨੌਜਵਾਨਾਂ ਨਾਲ ਵਾਪਰਿਆ ਸੀ, ਜਿਨ੍ਹਾਂ ਦੇ ਮਾਪਿਆਂ ਨੇ ਲੱਖਾਂ ਰੁਪਏ ਏਜੰਟਾਂ ਨੂੰ ਦਿੱਤੇ ਸਨ। ਏਜੰਟਾਂ ਦਾ ਇਹ ਜਾਲ ਪਿੰਡਾਂ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਵਿਛਿਆ ਹੋਇਆ ਹੈ। ਇਸ ਕਾਂਡ ਨੇ ਏਜੰਟਾਂ ਦੇ ਜਾਲ ਦਾ ਵੀ ਪਰਦਾਫਾਸ਼ ਕੀਤਾ। ਉਸ ਤੋਂ ਬਾਅਦ ਵੀ ਕਈ ਵਾਰ ਰੂਸੀ ਖੇਤਰ ਦੇ ਮੁਲਕਾਂ ਰਾਹੀਂ ਯੂਰਪ ਵਿਚ ਜਾਣ ਵਾਲੇ ਪੰਜਾਬੀ ਨੌਜਵਾਨਾਂ ਨਾਲ ਵੀ ਅਜਿਹੇ ਦੁਖਾਂਤ ਵਾਪਰਦੇ ਰਹੇ ਹਨ। ਦਰਅਸਲ ਕੁੱਝ ਸਮਾਂ ਮਨੁੱਖੀ ਤਸਕਰੀ ਕਰਨ ਵਾਲੇ ਏਜੰਟਾਂ ਨੇ ਯੂਰਪ ਅੰਦਰ ਦਾਖਲੇ ਲਈ ਰੂਸੀ ਮੁਲਕਾਂ ਨੂੰ ਇਕ ਲਾਂਘੇ ਵਜੋਂ ਵਰਤਣਾ ਸ਼ੁਰੂ ਕੀਤਾ ਸੀ। ਇਸੇ ਤਰ੍ਹਾਂ ਅਮਰੀਕਾ ਵਿਚ ਦਾਖਲੇ ਲਈ ਮੈਕਸੀਕੋ ਦੇ ਬਾਰਡਰ ਨੂੰ ਚੁਣਿਆ ਜਾਂਦਾ ਹੈ।
ਪਰ ਪਿਛਲੇ ਕੁਝ ਸਾਲਾਂ ਤੋਂ ਸਾਰੀ ਹੀ ਦੁਨੀਆਂ ਵਿਚ ਮਨੁੱਖੀ ਤਸਕਰੀ ਵਿਰੁੱਧ ਸਖ਼ਤੀ ਹੋਣੀਂ ਸ਼ੁਰੂ ਹੋ ਗਈ ਹੈ। ਹੁਣ ਕਿਸੇ ਵੀ ਦੇਸ਼ ਵਿਚ ਕਿਸੇ ਪਾਸਿਓਂ ਦਾਖਲ ਹੋਣਾਂ ਵੀ ਜ਼ੋਖਿਮ ਭਰਿਆ ਕੰਮ ਬਣ ਗਿਆ ਹੈ। ਮੈਕਸੀਕੋ ਦੇ ਬਾਰਡਰ ਤੋਂ ਭਾਵੇਂ ਅਜੇ ਵੀ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦਾ ਸਿਲਸਿਲਾ ਅਜੇ ਜਾਰੀ ਹੈ। ਪਰ ਇਸ ਬਾਰਡਰ ਉਪਰ ਜਿੰਨੇ ਸਖ਼ਤ ਪ੍ਰਬੰਧ ਕਰ ਦਿੱਤੇ ਗਏ ਹਨ, ਉਸ ਨਾਲ ਹੁਣ ਬਾਰਡਰ ਉਤੋਂ ਅਮਰੀਕਾ ਵਿਚ ਦਾਖਲ ਹੋਣਾਂ ਸੌਖਾ ਕੰਮ ਨਹੀਂ ਰਹਿ ਗਿਆ। ਮੈਕਸੀਕੋ ਸਰਹੱਦ ਦੀ ਕੰਧ ਤੋਂ ਛਾਲਾਂ ਮਾਰਕੇ ਟੱਪਣ ਸਮੇਂ ਕਈ ਲੋਕ ਮੌਤ ਦੇ ਮੂੰਹ ਵੀ ਜਾ ਪੈਂਦੇ ਹਨ ਅਤੇ ਕਈਆਂ ਦੀਆਂ ਲੱਤਾਂ-ਬਾਹਾਂ ਵੀ ਟੁੱਟ ਜਾਂਦੀਆਂ ਹਨ। ਫੜੇ ਗਏ ਵਿਅਕਤੀਆਂ ਨੂੰ ਜੇਲ੍ਹਾਂ ਵਿਚ ਸੜਨਾ ਪੈਂਦਾ ਹੈ। ਇਸ ਦੇ ਨਾਲ ਹੀ ਹੁਣ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਵਿਅਕਤੀਆਂ ਨੂੰ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਸਮੇਤ ਯੂਰਪੀਅਨ ਮੁਲਕਾਂ ਵਿਚ ਪਹਿਲਾਂ ਵਾਂਗ ਕੰਮ ਵੀ ਨਹੀਂ ਮਿਲਦਾ। ਪਹਿਲੇ ਸਮਿਆਂ ਦੌਰਾਨ ਪੰਜਾਬ ਅੰਦਰ ਅਸ਼ਾਂਤੀ ਸੀ। ਅਜਿਹੇ ਮਾਹੌਲ ਦੇ ਬਹਾਨੇ ਬਾਹਰਲੇ ਮੁਲਕਾਂ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਪੁੱਜੇ ਲੋਕਾਂ ਨੂੰ ਸੌਖਿਆਂ ਹੀ ਸਿਆਸੀ ਸ਼ਰਨ ਮਿਲ ਜਾਂਦੀ ਸੀ। ਪਰ ਹੁਣ ਜਦ ਤੋਂ ਪੰਜਾਬ ਅੰਦਰ ਅਮਨ-ਸ਼ਾਂਤੀ ਹੈ ਅਤੇ ਹੁਣ ਉਥੇ ਚੁਣੀ ਹੋਈ ਸਰਕਾਰ ਜਮਹੂਰੀ ਤਰੀਕੇ ਨਾਲ ਕੰਮ ਕਰ ਰਹੀ ਹੈ, ਤਾਂ ਇਸ ਹਾਲਤ ਵਿਚ ਕਿਸੇ ਵੀ ਦੇਸ਼ ਅੰਦਰ ਹੁਣ ਕਿਸੇ ਨੂੰ ਸਿਆਸੀ ਸ਼ਰਨ ਮਿਲਣ ਦੀ ਗੂੰਜਾਇਸ਼ ਬਹੁਤ ਹੀ ਘੱਟ ਗਈ ਹੈ। ਇਸ ਦੇ ਨਾਲ ਹੀ ਜਦ ਤੋਂ ਕੌਮਾਂਤਰੀ ਪੱਧਰ ਉੱਤੇ ਆਰਥਿਕ ਮੰਦਹਾਲੀ ਦਾ ਦੌਰ ਸ਼ੁਰੂ ਹੋਇਆ ਹੈ, ਤਾਂ ਇਨ੍ਹਾਂ ਮੁਲਕਾਂ ਵਿਚ ਵੀ ਬੇਰੁਜ਼ਗਾਰੀ ਨੇ ਆ ਡੇਰੇ ਲਾਏ ਹਨ। ਜਿਸ ਕਰਕੇ ਹੁਣ ਇਥੇ ਸੌਖਿਆਂ ਕਿਸੇ ਨੂੰ ਕੰਮ ਵੀ ਨਹੀਂ ਮਿਲਦਾ। ਅਜਿਹੀ ਹਾਲਤ ਵਿਚ ਨਵੇਂ ਆਏ ਗੈਰ ਕਾਨੂੰਨੀ ਲੋਕਾਂ ਲਈ ਹੁਣ ਇਨ੍ਹਾਂ ਮੁਲਕਾਂ ਵਿਚ ਪੱਕੇ ਤੌਰ ‘ਤੇ ਵਸਣ ਅਤੇ ਕੰਮ ਕਰਨ ਦੇ ਮੌਕੇ ਬੇਹੱਦ ਸੀਮਤ ਹੋ ਗਏ ਹਨ।
ਅਮਰੀਕਾ ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਬਾਅਦ ਉਂਝ ਹੀ ਪ੍ਰਵਾਸੀਆਂ ਉਪਰ ਸ਼ਿਕੰਜਾ ਕੱਸਿਆ ਜਾਣ ਲੱਗਿਆ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਨੂੰ ਪਿਛਲੇ ਸ਼ਾਸਨ ਸਮੇਂ ਦਿੱਤੀਆਂ ਗਈਆਂ ਬਹੁਤ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾ ਰਹੀਆਂ ਹਨ। ਖਾਸ ਤੌਰ ‘ਤੇ ਓਬਾਮਾਕੇਅਰ ਸਹੂਲਤਾਂ ਵਾਪਸ ਲਏ ਜਾਣ ਕਾਰਨ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਪ੍ਰਵਾਸੀਆਂ ਲਈ ਹੋਰ ਵੀ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ। ਟਰੰਪ ਪ੍ਰਸ਼ਾਸਨ ਲਗਾਤਾਰ ਅਜਿਹੇ ਫੈਸਲੇ ਲੈ ਰਿਹਾ ਹੈ, ਜਿਨ੍ਹਾਂ ਤਹਿਤ ਮਾਮੂਲੀ ਜਿਹੇ ਦੋਸ਼ਾਂ ਹੇਠ ਵੀ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਮੁਲਕਾਂ ਵੱਲ ਤੋਰਿਆ ਜਾ ਸਕਦਾ ਹੈ। ਇਹੀ ਹਾਲ ਇੰਗਲੈਂਡ ਅਤੇ ਹੋਰ ਯੂਰਪੀਅਨ ਮੁਲਕਾਂ ਦਾ ਹੈ। ਪਹਿਲਾਂ ਪਹਿਲ ਗੈਰ ਕਾਨੂੰਨੀ ਢੰਗ ਨਾਲ ਵੱਡੀਆਂ ਰਕਮਾਂ ਹੜਪ ਕੇ ਵਿਦੇਸ਼ਾਂ ਨੂੰ ਭੇਜਣ ਦਾ ਕਾਰੋਬਾਰ ਭਾਰਤ ਵਿਚਲੇ ਏਜੰਟ ਹੀ ਕਰਦੇ ਸਨ। ਅਜਿਹੇ ਏਜੰਟ ਲੋਕਾਂ ਤੋਂ ਵੱਡੀਆਂ ਰਕਮਾਂ ਲੈਂਦੇ ਸਨ ਅਤੇ ਫਿਰ ਸੱਚੇ-ਝੂਠੇ ਢੰਗ ਨਾਲ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਭੇਜਣ ਦਾ ਯਤਨ ਕਰਦੇ ਸਨ। ਪਰ ਹੁਣ ਵਿਦੇਸ਼ਾਂ ਵਿਚ ਆਏ ਬਹੁਤ ਸਾਰੇ ਸਾਡੇ ਲੋਕ ਵੀ ਉਥੋਂ ਬੰਦੇ ਲਿਆਉਣ ਦੇ ਧੰਦੇ ਵਿਚ ਪੈ ਗਏ ਹਨ। ਉਹ ਹਰ ਸਾਲ ਇਕ ਜਾਂ ਦੋ ਵਾਰ ਪੰਜਾਬ ਦੀ ਫੇਰੀ ਲਾਉਂਦੇ ਹਨ ਅਤੇ ਵਿਦੇਸ਼ ਵਿਚ ਲਿਆਉਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਮੋਟੀਆਂ ਰਕਮਾਂ ਬਟੋਰ ਲੈਂਦੇ ਹਨ। ਜੇਕਰ ਕਿਸੇ ਦਾ ਰੂਟੀਨ ਵਿਚ ਵੀਜ਼ਾ ਲੱਗ ਗਿਆ, ਤਾਂ ਇਹ ਰਕਮਾਂ ਹੜਪ ਕਰ ਲਈਆਂ ਜਾਂਦੀਆਂ ਹਨ। ਜੇ ਨਾ ਲੱਗਿਆ, ਤਾਂ ਅੱਧ-ਪਚੱਧ ਮੋੜ ਕੇ ਲੋਕਾਂ ਨੂੰ ਖੱਜਲ-ਖੁਆਰ ਕੀਤਾ ਜਾਂਦਾ ਹੈ।
ਬਾਹਰਲੇ ਮੁਲਕਾਂ ਵਿਚ ਆ ਵਸੇ ਪੰਜਾਬੀਆਂ ਅਤੇ ਪੰਜਾਬ ਵਿਚ ਰਹਿੰਦੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹੁਣ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਵਿਚ ਆ ਕੇ ਪੈਰ ਜਮਾਉਣ ਦੇ ਮੌਕੇ ਲੱਦ ਚੁੱਕੇ ਹਨ। ਹੁਣ ਸਿਰਫ ਉਹੀ ਲੋਕ ਕਾਮਯਾਬ ਹੋ ਸਕਦੇ ਹਨ, ਜਿਹੜੇ ਪੰਜਾਬ ਤੋਂ ਆਪਣੇ ਪੈਰਾਂ ਸਿਰ ਖੜ੍ਹੇ ਹੋ ਕੇ ਇੱਥੇ ਪੁੱਜਣਗੇ, ਭਾਵ ਕਾਨੂੰਨੀ ਤਰੀਕੇ ਨਾਲ ਵਿਕਸਿਤ ਮੁਲਕਾਂ ਵਿਚ ਆਉਣਗੇ ਅਤੇ ਫਿਰ ਉਨ੍ਹਾਂ ਕੋਲ ਇਥੇ ਆ ਕੇ ਕੰਮ ਕਰਨ ਲਈ ਢੁੱਕਵੀਂ ਵਿਦਿਆ ਅਤੇ ਕਾਬਲੀਅਤ ਹੋਵੇਗੀ। ਕਿਉਂਕਿ ਹੁਣ ਵਿਕਸਿਤ ਮੁਲਕਾਂ ਵਿਚ ਵੀ ਬੇਰੁਜ਼ਗਾਰੀ ਦਾ ਬੋਲਬਾਲਾ ਸ਼ੁਰੂ ਹੋ ਗਿਆ ਹੈ ਅਤੇ ਕੰਮਾਂ ਲਈ ਮੁਕਾਬਲੇਬਾਜ਼ੀ ਸ਼ੁਰੂ ਹੋ ਗਈ ਹੈ। ਅਜਿਹੀ ਹਾਲਤ ਵਿਚ ਘੱਟ ਪੜ੍ਹੇ-ਲਿਖੇ ਅਤੇ ਘੱਟ ਤਜ਼ਰਬੇਕਾਰ ਲੋਕਾਂ ਦਾ ਇਨ੍ਹਾਂ ਮੁਲਕਾਂ ਵਿਚ ਆਣ ਕੇ ਕਾਮਯਾਬ ਹੋਣਾਂ ਬੇਹੱਦ ਮੁਸ਼ਕਲ ਹੋ ਗਿਆ ਹੈ। ਇਕ ਜ਼ਮਾਨਾ ਸੀ, ਜਦ ਪੰਜ-ਪੰਜ ਜਾਂ ਦਸ-ਦਸ ਡਾਲਰ ਲੈ ਕੇ ਇਨ੍ਹਾਂ ਮੁਲਕਾਂ ਵਿਚ ਜਹਾਜ਼ਾਂ ਤੋਂ ਉਤਰੇ ਸਨ ਅਤੇ ਕੁੱਝ ਸਾਲਾਂ ਬਾਅਦ ਉਹ ਮਿਹਨਤ, ਮਜ਼ਦੂਰੀ ਅਤੇ ਹੱਡ-ਭੰਨਵੀਂ ਮਿਹਨਤ ਕਰਕੇ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਜੋਗਰੇ ਹੋ ਗਏ ਸਨ।
ਪਰ ਹੁਣ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਇਨ੍ਹਾਂ ਮੁਲਕਾਂ ਵਿਚ ਵੀ ਹੁਣ ਪਹਿਲਾਂ ਵਾਂਗ ਕੰਮ ਲਈ ਹਾਲਾਤ ਖੁੱਲ੍ਹੇ ਨਹੀਂ ਹਨ। ਹੁਣ ਕੰਮ ਦੇ ਹਾਲਾਤ ਵੀ ਬਦਲ ਗਏ ਹਨ। ਹੁਣ ਹੱਥੀ ਕੰਮ ਦੇ ਮੌਕੇ ਬੇਹੱਦ ਸੁੰਗੜ ਗਏ ਹਨ। ਸੂਚਨਾ ਟੈਕਨਾਲੋਜੀ ਦੇ ਯੁੱਗ ਨੇ ਲੋਕਾਂ ਨੂੰ ਹੁਨਰਮੰਦ ਬਣਨ ਲਈ ਅਨੇਕ ਰਸਤੇ ਖੋਲ੍ਹ ਦਿੱਤੇ ਹਨ। ਇਸ ਕਰਕੇ ਅੱਜ ਦਾ ਜ਼ਮਾਨਾ ਹੁਨਰਮੰਦੀ ਦਾ ਜ਼ਮਾਨਾ ਹੈ। ਸਿਰਫ ਹੱਡ-ਭੰਨਵੀਂ ਹੱਥੀਂ ਕਿਰਤ ਹੁਣ ਪਿਛਲੇ ਯੁੱਗ ਦੀ ਗੱਲ ਰਹਿ ਗਈ ਹੈ। ਇਸ ਕਰਕੇ ਅੱਜ ਜੋ ਵੀ ਨੌਜਵਾਨ ਪੰਜਾਬ ਤੋਂ ਇਧਰ ਆਉਣਾ ਚਾਹੁੰਦਾ ਹੈ, ਤਾਂ ਉਹ ਪਹਿਲਾਂ ਕਿਸੇ ਕਿੱਤੇ ਦੀ ਚੋਣ ਕਰੇ ਤੇ ਫਿਰ ਉਸ ਵਿਚ ਹੁਨਰ ਦੀ ਮੁਹਾਰਤ ਹਾਸਲ ਕਰੇ। ਅਜਿਹਾ ਕਰਕੇ ਕਾਨੂੰਨੀ ਤਰੀਕੇ ਨਾਲ ਬੜੀ ਆਸਾਨੀ ਨਾਲ, ਬਿਨਾਂ ਕਿਸੇ ਏਜੰਟ ਜਾਂ ਦਲਾਲ ਨੂੰ ਵਿਚ ਪਾਇਆਂ ਉਹ ਬਾਹਰਲੇ ਮੁਲਕਾਂ ਵਿਚ ਆ ਸਕਦੇ ਹਨ। ਹੁਣ ਹਰ ਕਾਨੂੰਨੀ ਪ੍ਰਕਿਰਿਆ ਆਨਲਾਈਨ ਹੋ ਗਈ ਹੈ। ਕੋਈ ਵੀ ਨੌਜਵਾਨ ਘਰ ਬੈਠਾ ਹਰ ਮੁਲਕ ਦੀ ਇਮੀਗ੍ਰੇਸ਼ਨ ਪਾਲਿਸੀ ਨੂੰ ਪੜ੍ਹ ਅਤੇ ਸਮਝ ਸਕਦਾ ਹੈ। ਵੱਖ-ਵੱਖ ਮੁਲਕਾਂ ਵਿਚ ਕੰਮ ਦੀਆਂ ਹਾਲਤਾਂ ਦੀ ਨਿਰਖ-ਪਰਖ ਕਰ ਸਕਦਾ ਹੈ। ਇਸ ਤਰ੍ਹਾਂ ਉਹ ਆਪਣੇ ਹੁਨਰ ਅਤੇ ਮੁਹਾਰਤ ਮੁਤਾਬਕ ਫਿਰ ਕਿਸੇ ਦੇਸ਼ ਵਿਚ ਕੰਮ ਦੀ ਚੋਣ ਵੀ ਕਰ ਸਕਦਾ ਹੈ ਜਾਂ ਇਸ ਕੰਮ ਲਈ ਸਲਾਹ-ਮਸ਼ਵਰਾ ਵੀ ਲੈ ਸਕਦਾ ਹੈ।
ਇਸ ਕਰਕੇ ਅੱਜ ਦੇ ਜ਼ਮਾਨੇ ਵਿਚ ਨੌਜਵਾਨਾਂ ਦੇ ਧੜੇ ਚੜ੍ਹਨ ਦੀ ਥਾਂ ਸਹੀ ਢੰਗ ਨਾਲ ਬਾਹਰਲੇ ਮੁਲਕਾਂ ਵਿਚ ਆਉਣ ਦਾ ਢੰਗ-ਤਰੀਕਾ ਅਪਣਾਉਣਾ ਚਾਹੀਦਾ ਹੈ। ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਨੂੰ ਵੀ ਸਾਡੀ ਇਹੀ ਸਲਾਹ ਹੈ ਕਿ ਉਹ ਵਿਦੇਸ਼ਾਂ ਵਿਚ ਵਸੇ ਆਪਣੇ ਸਕੇ-ਸੰਬੰਧੀਆਂ, ਜਾਣਕਾਰਾਂ ਅਤੇ ਹੋਰ ਲੋਕਾਂ ਨੂੰ ਇਹੀ ਕਹਿਣ ਕਿ ਗਲਤ ਤਰੀਕੇ ਇਧਰ ਆਉਣ ਦੀ ਥਾਂ, ਕਾਨੂੰਨੀ ਤਰੀਕੇ ਅਪਣਾ ਕੇ ਸਹੀ ਢੰਗ ਨਾਲ ਆ ਕੇ ਪੂਰੀ ਸ਼ਾਨ ਨਾਲ ਇਥੇ ਵਸਣ ਦਾ ਰਾਹ ਅਖਤਿਆਰ ਕੀਤਾ ਜਾਵੇ। ਇਸ ਨਾਲ ਇਥੇ ਆਉਣ ਵਾਲੇ ਵਿਅਕਤੀ ਦਾ ਮਾਣ ਵੀ ਹੋਵੇਗਾ ਅਤੇ ਸਾਡੇ ਭਾਈਚਾਰੇ ਦੇ ਸਤਿਕਾਰ ਵਿਚ ਵੀ ਵਾਧਾ ਹੋਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.