ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਆਪਣੇ ਹੀ ਘਰ ‘ਚ ਨਹੀਂ ਮਿਲ ਰਿਹਾ ਪੰਜਾਬੀ ਨੂੰ ਬਣਦਾ ਸਨਮਾਨ
ਆਪਣੇ ਹੀ ਘਰ ‘ਚ ਨਹੀਂ ਮਿਲ ਰਿਹਾ ਪੰਜਾਬੀ ਨੂੰ ਬਣਦਾ ਸਨਮਾਨ
Page Visitors: 2576

ਆਪਣੇ ਹੀ ਘਰ ‘ਚ ਨਹੀਂ ਮਿਲ ਰਿਹਾ ਪੰਜਾਬੀ ਨੂੰ ਬਣਦਾ ਸਨਮਾਨਆਪਣੇ ਹੀ ਘਰ ‘ਚ ਨਹੀਂ ਮਿਲ ਰਿਹਾ ਪੰਜਾਬੀ ਨੂੰ ਬਣਦਾ ਸਨਮਾਨ

October 25
10:32 2017

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਇਹ ਗੱਲ ਹੈ ਬੜੀ ਅਜੀਬ ਪਰ ਹੈ ਸੱਚ ਕਿ ਪੰਜਾਬੀ ਦੀ ਜਨਮ ਭੂਮੀ ਪੰਜਾਬ ਅੰਦਰ ਹੀ ਮਾਂ-ਬੋਲੀ ਪੰਜਾਬੀ ਨੂੰ ਬਣਦਾ ਸਨਮਾਨ ਨਹੀਂ ਮਿਲ ਰਿਹਾ। ਪੰਜਾਬ ਅੰਦਰ ਪਿਛਲੇ ਕੁਝ ਦਿਨਾਂ ਤੋਂ ਮੁੱਖ ਸੜਕਾਂ ਅਤੇ ਮਾਰਗਾਂ ਉਪਰ ਲਿਖੇ ਜਾ ਰਹੇ ਸਾਈਨ ਬੋਰਡਾਂ ਉਪਰ ਪੰਜਾਬੀ ਨੂੰ ਤੀਜੇ ਸਥਾਨ ਉੱਤੇ ਲਿਖਿਆ ਗਿਆ ਹੈ। ਸਰਕਾਰੀ ਵਿਭਾਗਾਂ ਵੱਲੋਂ ਲਗਾਏ ਗਏ ਸਾਈਨ ਬੋਰਡਾਂ ਉੱਤੇ ਸਭ ਤੋਂ ਪਹਿਲਾਂ ਅੰਗਰੇਜ਼ੀ, ਫਿਰ ਹਿੰਦੀ ਅਤੇ ਤੀਜੇ ਨੰਬਰ ਉਪਰ ਪੰਜਾਬੀ ਵਿਚ ਨਾਮ ਆਦਿ ਲਿਖੇ ਗਏ ਹਨ। ਪੰਜਾਬ ਅੰਦਰ ਹੀ ਪੰਜਾਬੀ ਬੋਲੀ ਨੂੰ ਤੀਜੇ ਸਥਾਨ ਉਪਰ ਧੱਕਣ ਵਿਰੁੱਧ ਪੰਜਾਬੀ ਪਿਆਰਿਆਂ ਅੰਦਰ ਬੇਹੱਦ ਰੋਸ ਜਾਗਿਆ। ਅਤੇ ਕਈ ਥਾਵਾਂ ਉਪਰ ਗੁੱਸਾ ਵੀ ਪੈਦਾ ਹੋਇਆ। ਮਾਲਵੇ ਦੇ ਬਹੁਤ ਸਾਰੇ ਖੇਤਰਾਂ ਵਿਚ ਸੜਕਾਂ ਉਪਰ ਲੱਗੇ ਸਾਈਨ ਬੋਰਡਾਂ ਉਪਰ ਪੰਜਾਬੀ ਪਿਆਰਿਆਂ ਨੇ ਕਾਲਖ ਹੀ ਪੋਚ ਦਿੱਤੀ ਅਤੇ ਬਹੁਤ ਸਾਰੇ ਥਾਈਂ ਅੰਗਰੇਜ਼ੀ, ਹਿੰਦੀ ਦੀ ਥਾਂ ਸਾਈਨ ਬੋਰਡਾਂ ਉਪਰ ਪੰਜਾਬੀ ਵਿਚ ਲਿਖਣਾ ਸ਼ੁਰੂ ਕੀਤਾ ਹੈ। ਸਰਕਾਰ ਵੱਲੋਂ ਪੰਜਾਬ ਅੰਦਰ ਪੰਜਾਬੀ ਦੀ ਕੀਤੀ ਜਾ ਰਹੀ ਬੇਕਦਰੀ ਅਤੇ ਅਣਦੇਖੀ ਉਂਝ ਤਾਂ ਪਹਿਲੀ ਵਾਰ ਨਹੀਂ ਹੋ ਰਹੀ। ਪੰਜਾਬ ਅੰਦਰ ਕਿਧਰੇ ਵੀ ਜਾਓ, ਹਰ ਸਰਕਾਰੀ ਦਫਤਰ, ਬੈਂਕ, ਸਕੂਲ, ਕਾਲਜ ਅਤੇ ਹੋਰ ਜਨਤਕ ਅਦਾਰਿਆਂ ਦੇ ਦਫਤਰਾਂ ਦੇ ਮੁੱਖ ਗੇਟਾਂ ਉਪਰ ਜਾਣਕਾਰੀ ਤੁਹਾਨੂੰ ਅੰਗਰੇਜ਼ੀ ਵਿਚ ਹੀ ਮਿਲੀ ਦਿਖਾਈ ਦਿੰਦੀ ਹੈ। ਬਹੁਤ ਘੱਟ ਥਾਵਾਂ ਹੋਣਗੀਆਂ, ਜਿੱਥੇ ਕਿਤੇ ਪੰਜਾਬੀ ਵਿਚ ਲਿਖਿਆ ਹੋਇਆ ਨਜ਼ਰ ਆਉਂਦਾ ਹੋਵੇ। ਇਥੋਂ ਤੱਕ ਕਿ ਵਿਦਿਆ ਦੇਣ ਵਾਲੇ ਸਕੂਲਾਂ, ਕਾਲਜਾਂ ਵਿਚ ਵੀ ਵਧੇਰੇ ਕਰਕੇ ਅੰਗਰੇਜ਼ੀ ਅਤੇ ਹਿੰਦੀ ਲਿਖੇ ਜਾਣ ਦਾ ਹੀ ਰਿਵਾਜ਼ ਪੈ ਗਿਆ ਹੈ। ਜਦੋਂ ਅਸੀਂ ਪੰਜਾਬ ਜਾ ਕੇ ਆਮ ਬਾਜ਼ਾਰਾਂ ਅਤੇ ਸ਼ਹਿਰਾਂ ਵਿਚ ਜਾਂਦੇ ਹਾਂ, ਤਾਂ ਥਾਂ-ਥਾਂ ਉਪਰ ਸਾਨੂੰ ਸ਼ਾਪਿੰਗ ਮਾਲ ਦੁਕਾਨਾਂ, ਰੈਸਟੋਰੈਂਟ ਅਤੇ ਇਥੋਂ ਤੱਕ ਕਿ ਕਰਿਆਨੇ ਦੀਆਂ ਦੁਕਾਨਾਂ ਉਪਰ ਵੀ ਜਾਣਕਾਰੀ ਵਧੇਰੇ ਕਰਕੇ ਅੰਗਰੇਜ਼ੀ ਵਿਚ ਹੀ ਲਿਖੀ ਨਜ਼ਰ ਆਉਂਦੀ ਹੈ। ਸ਼ਹਿਰਾਂ ਵਿਚੋਂ ਲੰਘਦਿਆਂ ਸਾਈਨ ਬੋਰਡਾਂ ਅਤੇ ਹੋਰ ਮਾਟੋ ਆਦਿ ਅੰਗਰੇਜ਼ੀ ਵਿਚ ਲਿਖੇ ਦੇਖ ਕੇ ਹਰ ਕਿਸੇ ਨੂੰ ਇਹ ਭੁਲੇਖਾ ਪੈ ਸਕਦਾ ਹੈ ਕਿ ਉਹ ਕਿਸੇ ਅੰਗਰੇਜ਼ੀ ਭਾਸ਼ਾ ਵਾਲੇ ਦੇਸ਼ ਵਿਚੋਂ ਲੰਘ ਰਹੇ ਹੋਣ। ਅਸਲ ਵਿਚ ਪੰਜਾਬ ਦੇ ਪ੍ਰਬੰਧਕਾਂ ਅਤੇ ਹੋਰ ਲੋਕਾਂ ਦੇ ਦਿਮਾਗ ਉਪਰ ਅੰਗਰੇਜ਼ੀ ਦੀ ਗੁਲਾਮੀ ਦਾ ਭੂਤ ਇੰਨਾ ਸਵਾਰ ਹੋ ਗਿਆ ਹੈ ਕਿ ਉਨ੍ਹਾਂ ਨੂੰ ਅੰਗਰੇਜ਼ੀ ਵਿਚ ਲਿਖ ਕੇ ਹੀ ਬੇਹੱਦ ਮਾਣ ਮਹਿਸੂਸ ਹੁੰਦਾ ਹੈ। ਜੇ ਕਿਸੇ ਥਾਂ ਉਪਰ ਸਾਈਨ ਬੋਰਡ ਜਾਂ ਮਾਟੋ ਆਦਿ ਪੰਜਾਬੀ ਵਿਚ ਲਿਖਿਆ ਹੋਵੇ, ਤਾਂ ਉਸ ਬਾਰੇ ਮਹਿਸੂਸ ਕੀਤਾ ਜਾਂਦਾ ਹੈ ਕਿ ਜਿਵੇਂ ਉਹ ਕਿਸੇ ਵਿਦੇਸ਼ੀ ਭਾਸ਼ਾ ਵਿਚ ਲਿਖਿਆ ਹੋਵੇ। ਪੰਜਾਬ ਅੰਦਰ ਸਾਡੇ ਲੋਕਾਂ ਦੀ ਆਪਣੀ ਮਾਤ ਭਾਸ਼ਾ ਅਤੇ ਬੋਲੀ ਬਾਰੇ ਬਣਿਆ ਇਹ ਵਤੀਰਾ ਹੁਣ ਬੇਹੱਦ ਘਾਤਕ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਇਸ ਵੇਲੇ ਜਿੰਨੇ ਵੀ ਨਿੱਜੀ ਅਤੇ ਪਬਲਿਕ ਸਕੂਲ ਖੁੱਲ੍ਹ ਰਹੇ ਹਨ ਅਤੇ ਚੱਲ ਰਹੇ ਹਨ, ਉਨ੍ਹਾਂ ਦੀ ਪੜ੍ਹਾਈ ਦਾ ਮਾਧਿਅਮ ਅੰਗਰੇਜ਼ੀ ਅਤੇ ਹਿੰਦੀ ਹੈ। ਇੱਥੋਂ ਤੱਕ ਕਿ ਬਹੁਤ ਸਾਰੇ ਸਕੂਲਾਂ, ਕਾਲਜਾਂ ਵਿਚ ਪੰਜਾਬੀ ਬੋਲਣ ਵਾਲਿਆਂ ਨੂੰ ਜੁਰਮਾਨੇ ਤੱਕ ਲਗਾਏ ਜਾਂਦੇ ਹਨ ਜਾਂ ਫਿਰ ਪੰਜਾਬੀ ਬੋਲਣ ਵਾਲਿਆਂ ਨੂੰ ਹੀਣ ਭਾਵਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਥੋਂ ਤੱਕ ਕਿ ਪੰਜਾਬੀ ਭਾਸ਼ਾ ਨੂੰ ਗੁਰਮੁਖੀ ਲਿਪੀ ਦੇ ਕੇ ਅਮੀਰ ਭਾਸ਼ਾ ਦਾ ਦਰਜਾ ਦਿਵਾਉਣ ਵਾਲੇ ਸਿੱਖ ਗੁਰੂਆਂ ਦੇ ਨਾਮ ਉਪਰ ਚੱਲਦੇ ਸਕੂਲਾਂ ਵਿਚ ਵੀ ਇਸ ਵੇਲੇ ਪੰਜਾਬੀ ਨੂੰ ਦੁਰਕਾਰਿਆ ਜਾਣ ਲੱਗਿਆ ਹੈ। ਗੁਰੂਆਂ ਦੇ ਨਾਮ ਉਪਰ ਚੱਲ ਰਹੇ ਸਕੂਲਾਂ, ਕਾਲਜਾਂ ਵਿਚ ਵੀ ਅੰਗਰੇਜ਼ੀ ਅਤੇ ਹਿੰਦੀ ਹੀ ਪੜ੍ਹਾਈ ਅਤੇ ਬੋਲੀ ਜਾਂਦੀ ਹੈ। ਇਹ ਬੜਾ ਖਤਰਨਾਕ ਰੁਝਾਨ ਹੈ। ਕਿਉਂਕਿ ਜੇਕਰ ਪੰਜਾਬੀ ਨੂੰ ਪੜ੍ਹਾਈ ਦੇ ਮਾਧਿਅਮ ਵਿਚੋਂ ਹੀ ਬਾਹਰ ਕੱਢ ਦਿੱਤਾ ਗਿਆ, ਤਾਂ ਫਿਰ ਇਸ ਨੂੰ ਹੋਰ ਕਿਧਰੇ ਵੀ ਢੋਈ ਨਹੀਂ ਮਿਲਣੀ।
ਦੁਨੀਆਂ ਭਰ ਵਿਚ ਇਹ ਗੱਲ ਸਥਾਪਿਤ ਹੈ ਕਿ ਹਰ ਖਿੱਤੇ ਦੇ ਲੋਕਾਂ ਨੂੰ ਵਿਦਿਆ, ਪ੍ਰਸ਼ਾਸਨ ਅਤੇ ਨਿਆਂ ਉਨ੍ਹਾਂ ਦੀ ਮਾਤ ਬੋਲੀ ਵਿਚ ਹੀ ਮਿਲਣਾ ਚਾਹੀਦਾ ਹੈ। ਅਗਰ ਕਿਸੇ ਖਿੱਤੇ ਦੇ ਲੋਕਾਂ ਨੂੰ ਵਿਦਿਆ, ਨਿਆਂ ਅਤੇ ਚੰਗੇ ਪ੍ਰਸ਼ਾਸਨ ਤੋਂ ਵਾਂਝਾ ਕਰਨਾ ਹੋਵੇ, ਤਾਂ ਉਥੇ ਕਿਸੇ ਹੋਰ ਭਾਸ਼ਾ ਨੂੰ ਥੋਪ ਦਿੱਤਾ ਜਾਂਦਾ ਹੈ। ਪੰਜਾਬ ਅੰਦਰ ਵੀ ਅਜਿਹਾ ਹੀ ਵਾਪਰ ਰਿਹਾ ਹੈ। ਅੰਗਰੇਜ਼ੀ ਰਾਜ ਸਮੇਂ ਬਰਤਾਨੀਆ ਨੇ ਆਪਣਾ ਸਿੱਕਾ ਚਲਾਉਣ ਲਈ ਪੰਜਾਬੀ ਨੂੰ ਦੁਰਕਾਰ ਕੇ ਅੰਗਰੇਜ਼ੀ ਨੂੰ ਪਟਰਾਣੀ ਵਾਲਾ ਦਰਜਾ ਦੇਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਭਾਵੇਂ ਕਿਹਾ ਤਾਂ ਇਹ ਜਾਂਦਾ ਹੈ ਕਿ ਦੇਸ਼ ਬਰਤਾਨਵੀਂ ਹਕੂਮਤ ਕੋਲੋਂ ਆਜ਼ਾਦ ਹੋ ਗਿਆ ਹੈ। ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੀ ਮਾਤ ਭਾਸ਼ਾ ਬਾਰੇ ਹੁਣ ਵੀ ਉਹੀ ਵਤੀਰਾ ਹੈ, ਤਾਂ ਲੱਗਦਾ ਹੈ ਕਿ ਜਿਸਮਾਨੀ ਤੌਰ ‘ਤੇ ਭਾਵੇਂ ਅਜੇ ਅੰਗਰੇਜ਼ ਹਕੂਮਤ ਸਾਡੇ ਤੋਂ ਲੱਥ ਗਈ ਹੈ, ਪਰ ਮਾਨਸਿਕ ਤੌਰ ‘ਤੇ ਅਸੀਂ ਅਜੇ ਵੀ ਉਸ ਦੇ ਗੁਲਾਮ ਹੀ ਹਾਂ।
ਅੱਜ ਅਸੀਂ ਦੇਖਦੇ ਹਾਂ ਕਿ ਪੰਜਾਬ ਅੰਦਰ ਸਿੱਖਿਆ ਦਾ ਮਾਧਿਅਮ ਮੁੱਖ ਤੌਰ ‘ਤੇ ਅੰਗਰੇਜ਼ੀ ਬਣਾ ਦਿੱਤਾ ਗਿਆ ਹੈ। ਅਦਾਲਤਾਂ, ਕਚਹਿਰੀਆਂ ਵਿਚ ਸਾਰਾ ਕੰਮਕਾਜ ਅੰਗਰੇਜ਼ੀ ਵਿਚ ਹੁੰਦਾ ਹੈ। ਪੰਜਾਬ ਦੀ ਅਫਸਰਸ਼ਾਹੀ ਦਾ ਬਹੁਤਾ ਦਾਰੋਮਦਾਰ ਬਹੁਤਾ ਕਰਕੇ ਅੰਗਰੇਜ਼ੀ ਉਪਰ ਹੀ ਨਿਰਭਰ ਕਰਦਾ ਹੈ। ਸਾਰੀ ਚਿੱਠੀ ਪੱਤਰ ਅਤੇ ਹੁਕਮ ਬਹੁਤਾ ਕਰਕੇ ਅੰਗਰੇਜ਼ੀ ਵਿਚ ਹੀ ਹੁੰਦੇ ਹਨ। ਜਦਕਿ ਪੰਜਾਬ ਦੇ 95 ਫੀਸਦੀ ਲੋਕ ਪੰਜਾਬੀ ਪੜ੍ਹਣ ਵਾਲੇ ਅਤੇ ਬੋਲਣ ਵਾਲੇ ਹਨ। ਪਰ ਉਨ੍ਹਾਂ ਨੂੰ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਅੰਗਰੇਜ਼ੀ ਵਿਚ ਦੇਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਇਹੀ ਕਾਰਣ ਹੈ ਕਿ ਪੰਜਾਬ ਦੇ ਲੋਕ ਜਦ ਕਿਸੇ ਮੁਕੱਦਮੇਬਾਜ਼ੀ ਵਿਚ ਪੈ ਕੇ ਅਦਾਲਤਾਂ ਵਿਚ ਜਾਂਦੇ ਹਨ, ਤਾਂ ਉਥੇ ਅੰਗਰੇਜ਼ੀ ਬੋਲਦੇ ਜੱਜਾਂ ਅਤੇ ਵਕੀਲਾਂ ਦੇ ਮੂੰਹ ਵੱਲ ਗੂੰਗਿਆਂ ਵਾਂਗੂੰ ਝਾਕਦੇ ਹਨ। ਉਨ੍ਹਾਂ ਨੂੰ ਜੱਜ ਅਤੇ ਵਕੀਲਾਂ ਵਿਚਕਾਰ ਚੱਲਦੇ ਵਾਰਤਾਲਾਪ ਦੀ ਕੁਝ ਵੀ ਸਮਝ ਨਹੀਂ ਪੈਂਦੀ। ਇਸ ਦਾ ਸਪੱਸ਼ਟ ਮਤਲਬ ਹੈ ਕਿ ਨਿਆਂ ਲੈਣ ਦੀ ਪ੍ਰਕਿਰਿਆ ਵਿਚ ਪੰਜਾਬੀ ਬੋਲਦੇ ਬੰਦੇ ਦੀ ਕੋਈ ਸ਼ਮੂਲੀਅਤ ਨਹੀਂ ਹੈ। ਉਹ ਅਣਜਾਣਾਂ ਵਾਂਗ ਜਾਂਦਾ ਹੈ ਅਤੇ ਉਸੇ ਤਰ੍ਹਾਂ ਅਦਾਲਤ ‘ਚੋਂ ਬਾਹਰ ਆ ਜਾਂਦਾ ਹੈ। ਇਹ ਸਾਡੇ ਲੋਕਾਂ ਲਈ ਬੜੀ ਵੱਡੀ ਤ੍ਰਾਸਦੀ ਹੈ।
    ਇਹ ਗੱਲ ਤਾਂ ਬੜੀ ਅਚੰਭੇ ਵਾਲੀ ਹੋ ਗਈ ਕਿ ਪੰਜਾਬੀ ਪੜ੍ਹਣ ਅਤੇ ਬੋਲਣ ਵਾਲੇ ਲੋਕਾਂ ਨੂੰ ਸਾਈਨ ਬੋਰਡ ਅੰਗਰੇਜ਼ੀ ਵਿਚ ਲਿਖ ਕੇ ਸੜਕਾਂ ਦੇ ਨਾਂ ਅਤੇ ਦਿਸ਼ਾ ਦੱਸੀ ਜਾ ਰਹੀ ਹੈ। ਜਦਕਿ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਪੰਜਾਬੀ ਦੁਨੀਆਂ ਭਰ ਵਿਚ ਜਾ ਵਸੇ ਹਨ। ਬਾਹਰਲੇ ਮੁਲਕਾਂ ਵਿਚ ਵਸੇ ਪੰਜਾਬੀਆਂ ਅੰਦਰ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਮੋਹ ਅਤੇ ਇਸ ਨੂੰ ਬਚਾਈਂ ਰੱਖਣ ਅਤੇ ਕਾਇਮ ਰੱਖਣ ਲਈ ਪ੍ਰਤੀਬੱਧਤਾ ਲਗਾਤਾਰ ਵੱਧ ਰਹੀ ਹੈ। ਕਈ ਮੁਲਕਾਂ ਵਿਚ ਪੰਜਾਬੀਆਂ ਦੇ ਯਤਨ ਕਰਨ ਨਾਲ ਸੜਕਾਂ, ਏਅਰਪੋਰਟ ਅਤੇ ਹੋਰ ਅਹਿਮ ਅਦਾਰਿਆਂ ਉਪਰ ਅੰਗਰੇਜ਼ੀ ਦੇ ਨਾਲ ਪੰਜਾਬੀ ਵਿਚ ਵੀ ਸਾਈਨ ਬੋਰਡ ਲੱਗਣੇ ਸ਼ੁਰੂ ਹੋ ਗਏ ਹਨ। ਵੈਨਕੂਵਰ ਦੇ ਹਵਾਈ ਅੱਡੇ ਉਪਰ ਉਤਰਦਿਆਂ ਹੀ ਜਦ ਕੋਈ ਪੰਜਾਬੀ ‘ਵੈਨਕੂਵਰ ਆਉਣ ‘ਤੇ ਤੁਹਾਡਾ ਸਵਾਗਤ ਹੈ’ ਪੜ੍ਹਦਾ ਹੈ, ਤਾਂ ਉਸ ਦਾ ਮਨ ਗਦਗਦ ਹੋ Àੁੱਠਦਾ ਹੈ। ਕੈਨੇਡਾ ਤੋਂ ਇਲਾਵਾ ਅਮਰੀਕਾ ਅਤੇ ਇੰਗਲੈਂਡ ਦੇ ਕੁੱਝ ਥਾਵਾਂ ਉੱਤੇ ਵੀ ਪੰਜਾਬੀ ਭਾਸ਼ਾ ਪ੍ਰਤੀ ਸੁਚੇਤ ਯਤਨ ਸ਼ੁਰੂ ਹੋ ਗਏ ਹਨ।
ਗੁਰੂ ਘਰਾਂ ਵਿਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਲਈ ਵਿਸ਼ੇਸ਼ ਸਕੂਲ ਖੋਲ੍ਹੇ ਜਾਂਦੇ ਹਨ। ਕਈ ਥਾਈਂ ਪੰਜਾਬੀ ਲੇਖਕ ਸਭਾਵਾਂ ਨੇ ਵੀ ਅਜਿਹੇ ਸਕੂਲ ਖੋਲ੍ਹੇ ਹੋਏ ਹਨ। ਬਾਹਰਲੇ ਮੁਲਕਾਂ ਵਿਚ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਅਤੇ ਪੰਜਾਬੀ ਪੜ੍ਹਨ ਅਤੇ ਬੋਲਣ ਸਿਖਾਉਣ ਲਈ ਵਿਸ਼ੇਸ਼ ਉਦਮ ਕਰਨ ਦੀ ਜ਼ਰੂਰਤ ਹੈ। ਕਿਉਂਕਿ ਇਨ੍ਹਾਂ ਮੁਲਕਾਂ ਵਿਚ ਵੱਡੀ ਗਿਣਤੀ ਵਸੋਂ ਉਨ੍ਹਾਂ ਦੀ ਆਪਣੀ ਜ਼ੁਬਾਨ ਬੋਲਣ ਅਤੇ ਪੜ੍ਹਨ ਵਾਲਿਆਂ ਦੀ ਹੈ।
ਪਰ ਪੰਜਾਬ ਅੰਦਰ ਹਾਲਾਤ ਇਸ ਤੋਂ ਬਿਲਕੁਲ ਵੱਖਰੇ ਹਨ। ਉਥੇ ਮਾਤ ਭਾਸ਼ਾ ਪ੍ਰਤੀ ਹੁਕਮਰਾਨਾਂ ਵੱਲੋਂ ਬੜਾ ਅਜੀਬ ਜਿਹਾ ਰਵੱਈਆ ਅਖਤਿਆਰ ਕੀਤਾ ਜਾਂਦਾ ਹੈ। ਗੱਲ ਬੜੀ ਸਾਧਾਰਨ ਹੈ ਕਿ ਸੜਕਾਂ ਉਪਰ ਸਾਈਨ ਬੋਰਡ ਲਗਾ ਕੇ ਆਮ ਲੋਕਾਂ ਨੂੰ ਇਹ ਜਾਣਕਾਰੀ ਦੇਣਾ ਹੈ ਕਿ ਉਹ ਹੁਣ ਕਿੱਥੇ ਪਹੁੰਚ ਚੁੱਕੇ ਹਨ, ਅੱਗੇ ਆਉਣ ਵਾਲਾ ਸ਼ਹਿਰ ਕਿੰਨੀ ਦੂਰੀ ‘ਤੇ ਹੈ ਜਾਂ ਫਿਰ ਆਸ-ਪਾਸ ਨਿਕਲਣ ਵਾਲੀਆਂ ਸੜਕਾਂ ਕਿਹੜੇ ਪਾਸੇ ਨੂੰ ਜਾਂਦੀਆਂ ਹਨ। ਇਸ ਗੱਲ ਵਿਚ ਰੱਤੀ ਭਰ ਵੀ ਕੋਈ ਗੁੰਜਾਇਸ਼ ਨਹੀਂ ਕਿ ਪੰਜਾਬ ਦੇ 95 ਫੀਸਦੀ ਤੋਂ ਵਧੇਰੇ ਲੋਕ ਪੰਜਾਬੀ ਪੜ੍ਹਨ ਜਾਣਦੇ ਹਨ। ਫਿਰ ਭਲਾ ਉਨ੍ਹਾਂ ਨੂੰ ਅੰਗਰੇਜ਼ੀ ਅਤੇ ਹਿੰਦੀ ਵਿਚ ਸਾਈਨ ਬੋਰਡ ਲਿਖ ਕੇ ਇਹ ਜਾਣਕਾਰੀ ਕਿਉਂ ਦਿੱਤੀ ਜਾਂਦੀ ਹੈ? ਪੰਜਾਬੀ ਪੰਜਾਬ ਦੀ ਮਾਂ ਬੋਲੀ ਹੈ।
ਪਹਿਲੇ ਨੰਬਰ ‘ਤੇ ਸਿੱਖਿਆ ਦਾ ਮਾਧਿਅਮ ਵੀ ਪੰਜਾਬੀ ਹੋਣਾ ਚਾਹੀਦਾ ਹੈ। ਵੱਖ-ਵੱਖ ਥਾਵਾਂ ‘ਤੇ ਉਪਰ ਜਾਣਕਾਰੀ ਦੇ ਸਾਈਨ ਬੋਰਡ ਤੇ ਹੋਰ ਸਮੱਗਰੀ ਵੀ ਮੁੱਖ ਤੌਰ ‘ਤੇ ਪੰਜਾਬੀ ਵਿਚ ਹੋਣੀ ਚਾਹੀਦੀ ਹੈ। ਭਾਵੇਂ ਕਿ ਹੋਰਨਾਂ ਰਾਜਾਂ ਤੋਂ ਆਉਣ ਵਾਲੇ ਲੋਕਾਂ ਨੂੰ ਵੀ ਜਾਣਕਾਰੀ ਦੇਣ ਲਈ ਅੰਗਰੇਜ਼ੀ ਅਤੇ ਹਿੰਦੀ ਵਿਚ ਵੀ ਲਿਖਿਆ ਜਾ ਸਕਦਾ ਹੈ। ਪਰ ਪ੍ਰਮੁੱਖਤਾ ਹਮੇਸ਼ਾ ਪੰਜਾਬੀ ਨੂੰ ਹੀ ਮਿਲਣੀ ਚਾਹੀਦੀ ਹੈ।
ਅੱਜ ਦੁਨੀਆਂ ਵਿਕਸਿਤ ਹੋ ਕੇ ਇਕ ਪਿੰਡ ਦਾ ਰੂਪ ਅਖਤਿਆਰ ਕਰ ਗਈ ਹੈ। ਸੂਚਨਾ ਟੈਕਨਾਲੋਜੀ ਨੇ ਬੇਤਹਾਸ਼ਾ ਤਰੱਕੀ ਕੀਤੀ ਹੈ। ਹੁਣ ਮਿੰਟਾਂ-ਸਕਿੰਟਾਂ ਵਿਚ ਪੂਰੀ ਦੁਨੀਆਂ ਅੰਦਰ ਖ਼ਬਰਾਂ ਅਤੇ ਸੂਚਨਾਵਾਂ ਦਾ ਆਦਾਨ-ਪ੍ਰਦਾਨ ਹੋ ਜਾਂਦਾ ਹੈ। ਇਸ ਕਰਕੇ ਆਪਣੀ ਮਾਤ-ਭਾਸ਼ਾ ਦੇ ਨਾਲ-ਨਾਲ ਦੂਜੀਆਂ ਅਹਿਮ ਭਾਸ਼ਾਵਾਂ ਸਿੱਖਣੀਆਂ ਵੀ ਜ਼ਰੂਰੀ ਹਨ। ਪੰਜਾਬ ਦੇ ਸੰਦਰਭ ਵਿਚ ਕਿਹਾ ਜਾ ਸਕਦਾ ਹੈ ਕਿ ਅੰਗਰੇਜ਼ੀ ਅਤੇ ਹਿੰਦੀ ਦੀ ਪੜ੍ਹਾਈ ਨੂੰ ਵੀ ਬਹੁਤਾ ਅਣਗੌਲਿਆਂ ਨਹੀਂ ਕੀਤਾ ਜਾਣਾ ਚਾਹੀਦਾ। ਪਰ ਦੁਨੀਆਂ ਭਰ ਦੇ ਸਿੱਖਿਆ ਮਾਹਿਰ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਬੱਚੇ ਦਾ ਮਾਨਸਿਕ ਵਿਕਾਸ ਆਪਣੀ ਮਾਤ-ਭਾਸ਼ਾ ਵਿਚ ਹੀ ਵਧੇਰੇ ਵਿਕਸਿਤ ਹੁੰਦਾ ਹੈ। ਮਾਤ-ਭਾਸ਼ਾ ਬੱਚਾ ਆਪਣੀ ਮਾਂ, ਪਰਿਵਾਰ ਅਤੇ ਆਲੇ-ਦੁਆਲੇ ਖੁਦ ਰੌਂਅ ਹੀ ਸਿੱਖਦਾ ਹੈ। ਇਹ ਕਿਸੇ ਵੱਲੋਂ ਸਿਖਾਈ ਨਹੀਂ ਜਾਂਦੀ।
      ਇਸ ਕਰਕੇ ਮਨੋ ਪੈਦਾ ਹੋਈ ਸਿੱਖਿਆ ਵਿਚ ਛੋਟਾ ਬੱਚਾ ਜਿਸ ਸ਼ਿੱਦਤ ਨਾਲ ਕਿਸੇ ਗੱਲ ਨੂੰ ਗ੍ਰਹਿਣ ਕਰ ਸਕਦਾ ਹੈ, ਉਹ ਦੂਜੀ ਭਾਸ਼ਾ ਵਿਚ ਉਸੇ ਪੱਧਰ ‘ਤੇ ਗ੍ਰਹਿਣ ਨਹੀਂ ਕਰ ਸਕਦਾ। ਇਸ ਕਰਕੇ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਮੁੱਢਲੀ ਪੜ੍ਹਾਈ ਕਰਨ ਲਈ ਮਾਤ ਭਾਸ਼ਾ ਹੀ ਸਭ ਤੋਂ ਜ਼ਰੂਰੀ ਹੁੰਦੀ ਹੈ। ਮਾਤ ਭਾਸ਼ਾ ਤੋਂ ਵਾਂਝਾ ਕਰਨਾ ਲੋਕਾਂ ਨਾਲ ਬੇਇਨਸਾਫੀ ਅਤੇ ਅਨਿਆਂ ਹੈ। ਪੰਜਾਬ ਦੇ ਲੋਕਾਂ ਵੱਲੋਂ ਪੰਜਾਬੀ ਨੂੰ ਤੀਜੇ ਸਥਾਨ ਉਪਰ ਧੱਕਣ ਵਿਰੁੱਧ ਰੋਸ ਅਤੇ ਗਿਲ਼ਾ ਬਿਲਕੁਲ ਜਾਇਜ਼ ਹੈ ਅਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਨੂੰ ਦੂਰ ਕਰਨਾ ਚਾਹੀਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.