ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਦਸਤਾਰਧਾਰੀ ਸਿੱਖ ਅਮਰੀਕਾ ਦੀ ਸਿਆਸਤ ਵਿਚ ਅੱਗੇ ਆਉਣ
ਦਸਤਾਰਧਾਰੀ ਸਿੱਖ ਅਮਰੀਕਾ ਦੀ ਸਿਆਸਤ ਵਿਚ ਅੱਗੇ ਆਉਣ
Page Visitors: 2434

ਦਸਤਾਰਧਾਰੀ ਸਿੱਖ ਅਮਰੀਕਾ ਦੀ ਸਿਆਸਤ ਵਿਚ ਅੱਗੇ ਆਉਣਦਸਤਾਰਧਾਰੀ ਸਿੱਖ ਅਮਰੀਕਾ ਦੀ ਸਿਆਸਤ ਵਿਚ ਅੱਗੇ ਆਉਣ

November 22
10:30 2017
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ਤੇ ਕੈਨੇਡਾ ਵਿਚ ਪੰਜਾਬੀਆਂ ਦਾ ਆਵਾਸ ਲਗਭਗ ਇਕੋ ਸਮੇਂ ਹੋਇਆ। ਤਕਰੀਬਨ 125 ਸਾਲ ਪਹਿਲਾਂ ਪੰਜਾਬੀ ਇਸ ਧਰਤੀ ‘ਤੇ ਆਉਣਾ ਸ਼ੁਰੂ ਹੋਏ। ਕਈ ਸਾਲ ਇਨ੍ਹਾਂ ਨੂੰ ਇਥੇ ਆਪਣੇ ਆਪ ਨੂੰ ਸਥਾਪਿਤ ਕਰਨ ਵਿਚ ਲੱਗ ਗਏ। ਉਪਰੰਤ ਇਮੀਗ੍ਰੇਸ਼ਨ ਤਹਿਤ ਇਥੋਂ ਦੀ ਨਾਗਰਿਕਤਾ ਹਾਸਲ ਕਰਨ ਲਈ ਜੱਦੋ-ਜਹਿਦ ਸ਼ੁਰੂ ਹੋਈ। ਅਮਰੀਕਾ ਦੇ ਦਲੀਪ ਸਿੰਘ ਸੌਂਦ ਨੇ ਰਾਜਨੀਤੀ ਵਿਚ ਕਦਮ ਰੱਖਿਆ ਅਤੇ ਬਹੁਤ ਸਾਰੀਆਂ ਅਹਿਮ ਪਦਵੀਆਂ ਦੇ ਰਹਿਣ ਤੋਂ ਬਾਅਦ ਉਹ ਇਥੋਂ ਕਾਂਗਰਸਮੈਨ ਦੀ ਚੋਣ ਜਿੱਤੇ। ਇਸ ਤਰ੍ਹਾਂ ਉਨ੍ਹਾਂ ਨੂੰ ਅਮਰੀਕਾ ਦੇ ਪਹਿਲੇ ਸਿੱਖ ਕਾਂਗਰਸਮੈਨ ਹੋਣ ਦਾ ਮਾਣ ਪ੍ਰਾਪਤ ਹੋਇਆ।
ਉਸ ਵਕਤ ਹਾਲੇ ਕੈਨੇਡਾ ਵਿਚ ਸਿੱਖਾਂ ਨੇ ਸਥਾਨਕ ਸਿਆਸਤ ਵਿਚ ‘ਚ ਆਪਣਾ ਪ੍ਰਵੇਸ਼ ਨਹੀਂ ਕੀਤਾ ਸੀ। ਪਰ ਸਮੇਂ ਦੇ ਨਾਲ-ਨਾਲ ਅਮਰੀਕਾ ਵਿਚ ਤਾਂ ਭਾਵੇਂ ਹੋਰ ਕੋਈ ਸਿਆਸੀ ਸਿੱਖ ਆਗੂ ਕੋਈ ਵੱਡੀ ਪ੍ਰਾਪਤੀ ਨਹੀਂ ਕਰ ਸਕਿਆ। ਪਰ ਕੈਨੇਡਾ ‘ਚ ਰਹਿੰਦੇ ਸਿੱਖਾਂ ਨੇ ਸਿਆਸਤ ‘ਚ ਅਜਿਹੀ ਸਰਗਰਮੀ ਦਿਖਾਈ ਕਿ ਅੱਜ ਉਥੋਂ ਦੀ ਸਿਆਸਤ ਵਿਚ ਜਿੱਥੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ, ਅਸੈਂਬਲੀ ਮੈਂਬਰ, ਮੇਅਰ ਅਤੇ ਕੌਂਸਲ ਮੈਂਬਰ ਹਨ, ਉਥੇ ਹੁਣ ਕਈਆਂ ਨੂੰ ਕੈਨੇਡਾ ਦੇ ਮੰਤਰੀ ਅਹੁਦੇ ਲਈ ਵੀ ਚੁਣਿਆ ਗਿਆ ਹੈ। ਇਸ ਦੇ ਨਾਲ-ਨਾਲ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਵੀ ਇਕ ਪੰਜਾਬੀ ਰਹਿ ਚੁੱਕੇ ਹਨ। ਹੁਣ ਐੱਨ.ਡੀ.ਪੀ. ਪਾਰਟੀ ‘ਚ ਇਕ ਅੰਮ੍ਰਿਤਧਾਰੀ ਸਿੱਖ ਚੋਣ ਜਿੱਤ ਕੇ ਇਸ ਦੇ ਮੁਖੀ ਬਣੇ ਹਨ। ਅਮਰੀਕਾ ਵਿਚ ਕੁੱਝ ਆਗੂ ਵੀ ਸਿਆਸਤ ‘ਚ ਕੁੱਦੇ ਹਨ, ਜਿਨ੍ਹਾਂ ਵਿਚੋਂ ਨਾਰਥ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਹੁਣ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਵੱਲੋਂ ਅੰਬੈਸਡਰ ਦੀ ਭੂਮਿਕਾ ਨਿਭਾਅ ਰਹੀ ਹੈ।
ਇਸ ਤੋਂ ਇਲਾਵਾ ਅਜੋਕੇ ਸਮੇਂ ਵਿਚ ਕੁੱਝ ਇਕ ਸਿੱਖ ਸ਼ਹਿਰਾਂ ਦੇ ਮੇਅਰ ਵੀ ਚੁਣੇ ਗਏ ਹਨ। ਸਿਆਟਲ ਵਿਚ ਇਕ ਪੰਜਾਬੀ ਔਰਤ ਸਟੇਟ ਸੈਨੇਟਰ ਚੁਣੀ ਗਈ ਹੈ ਅਤੇ ਇਕ ਹੋਰ ਔਰਤ ਸਿਟੀ ਕੌਂਸਲ ਮੈਂਬਰ ਚੁਣੀ ਗਈ ਹੈ। ਯੂਬਾ ਸਿਟੀ ਦੀ ਇਕ ਪੰਜਾਬੀ ਕੌਂਸਲ ਮੈਂਬਰ ਦਸੰਬਰ ਵਿਚ ਇਸੇ ਸ਼ਹਿਰ ਦੀ ਮੇਅਰ ਬਣਨ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਇਥੇ ਪੰਜਾਬੀ ਮੇਅਰ ਰਹਿ ਚੁੱਕਿਆ ਹੈ। ਭਾਵੇਂ ਕਿ ਅਮਰੀਕਾ ਵਿਚ ਹੁਣ ਤੱਕ ਇਕ ਕਾਂਗਰਸਮੈਨ ਤੋਂ ਇਲਾਵਾ ਕੁੱਝ ਸ਼ਹਿਰਾਂ ਦੇ ਮੇਅਰ ਸਿੱਖ ਚੁਣੇ ਗਏ ਹਨ। ਇਹ ਸਾਰੇ ਦੇ ਸਾਰੇ ਜਾਂ ਤਾਂ ਕਲੀਨਸ਼ੇਵ ਅਤੇ ਵਾਲ ਕੱਟੇ ਹੋਏ ਸਨ ਅਤੇ ਜਾਂ ਫਿਰ ਔਰਤਾਂ ਹਨ। ਸਿਰਫ ਇਕ ਮੇਅਰ ਹੀ ਹੁਣ ਤੱਕ ਪੱਗੜੀਧਾਰੀ ਹੋਇਆ ਹੈ, ਜਿਸ ਨੇ ਕਿ ਹੁਣੇ-ਹੁਣੇ ਨਿਊਜਰਸੀ ਸੂਬੇ ਵਿਚ ਸਿਟੀ ਮੇਅਰ ਦੀ ਚੋਣ ਜਿੱਤੀ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਸਾਨੂੰ ਸਵਾ ਸੌ ਸਾਲ ਅਮਰੀਕਾ ਵਿਚ ਰਹਿੰਦਿਆਂ ਨੂੰ ਹੋ ਗਏ ਹਨ। ਪਰ ਸਾਡਾ ਧਿਆਨ ਹਾਲੇ ਵੀ ਪੰਜਾਬ ਅਤੇ ਹਿੰਦੁਸਤਾਨ ਦੇ ਹੋਰ ਸ਼ਹਿਰਾਂ ਦੀ ਰਾਜਨੀਤੀ ਨਾਲ ਜੁੜਿਆ ਹੋਇਆ ਹੈ।
ਬਜ਼ੁਰਗ ਸੱਥਾਂ ਵਿਚ ਬੈਠ ਕੇ ਉਥੋਂ ਦੀ ਰਾਜਨੀਤੀ ਬਾਰੇ ਗੱਲਾਂ ਕਰਦੇ ਹੀ ਸੁਣੇ ਜਾਂਦੇ ਹਨ। ਜਿਸ ਥਾਂ ‘ਤੇ ਰਹਿੰਦੇ ਹਾਂ, ਉਥੋਂ ਬਾਰੇ ਉਨ੍ਹਾਂ ਦੇ ਮੂੰਹੋਂ ਕਦੇ ਵੀ ਕੋਈ ਗੱਲ ਨਹੀਂ ਸੁਣੀ। ਜੇ ਇਨ੍ਹਾਂ ਨੂੰ ਪੁੱਛਿਆ ਜਾਵੇ ਕਿ ਜਿਸ ਜਗ੍ਹਾ ‘ਤੇ ਤੁਸੀਂ ਹੁਣ ਰਹਿ ਰਹੇ ਹੋ, ਉਸ ਜਗ੍ਹਾ ਦਾ ਕੌਂਸਲ ਮੈਂਬਰ, ਮੇਅਰ, ਅਸੈਂਬਲੀ ਮੈਂਬਰ, ਕਾਂਗਰਸਮੈਨ ਜਾਂ ਹੋਰ ਅਜਿਹੇ ਲੀਡਰਾਂ ਬਾਰੇ ਪੁੱਛਿਆ ਜਾਵੇ, ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰਥ ਹੋਣਗੇ। ਇਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਅਮਰੀਕਾ ਨਿਵਾਸੀ ਅਪਣਾ ਨਹੀਂ ਰਹੇ। ਦੂਜੇ ਪਾਸੇ ਹਾਲੇ ਵੀ ਅਸੀਂ ਆਪਣੇ ਪਿਛੋਕੜ ਨੂੰ ਹੀ ਚੇਤੇ ਕਰਦੇ ਰਹਿੰਦੇ ਹਾਂ, ਉਸ ਦੇ ਹੀ ਗੁਣ ਗਾਉਂਦੇ ਹਾਂ, ਜਾਂ ਉਹਦੇ ਬਾਰੇ ਹੀ ਚਰਚਾ ਕਰਦੇ ਹਾਂ।
ਅਮਰੀਕੀ ਸਿੱਖਾਂ ਨੂੰ ਸਥਾਨਕ ਅਦਾਰਿਆਂ ਅਤੇ ਰਾਜਸੀ ਪਾਰਟੀਆਂ ਨਾਲ ਲਗਾਅ ਰੱਖਣਾ ਚਾਹੀਦਾ ਹੈ ਅਤੇ ਸਰਗਰਮ ਹੋਣਾ ਚਾਹੀਦਾ ਹੈ। ਕਿਉਂਕਿ ਜੇ ਅਸੀਂ ਅਮਰੀਕੀ ਲੋਕਾਂ ਦੇ ਅਜਿਹੇ ਪ੍ਰਬੰਧਕੀ ਅਤੇ ਰਾਜਸੀ ਅਦਾਰਿਆਂ ਵਿਚ ਸਰਗਰਮ ਹੋਵਾਂਗੇ, ਤਾਂ ਕੁਦਰਤੀ ਹੀ ਸਥਾਨਕ ਲੋਕਾਂ ਵਿਚ ਸਾਡੇ ਲੋਕਾਂ ਪ੍ਰਤੀ ਸਨੇਹ ਵਧੇਗਾ। ਇਸ ਨਾਲ ਅਮਰੀਕਾ ਵਿਚ ਰਹਿੰਦਿਆਂ ਸਾਡੇ ਭਾਈਚਾਰੇ ਦੀ ਪਛਾਣ ਵੀ ਬਣੇਗੀ। ਇੱਥੇ ਬਹੁਤ ਸਾਰੇ ਵੱਖ-ਵੱਖ ਸਮਾਗਮ ਹੁੰਦੇ ਹਨ, ਜਿਵੇਂ ਕਿ ਮਈ ਮਹੀਨੇ ਵਿਚ ਇਥੇ ਮੈਮੋਰੀਅਲ ਡੇਅ ਮਨਾਇਆ ਜਾਂਦਾ ਹੈ। 4 ਜੁਲਾਈ ਨੂੰ ਅਮਰੀਕਾ ਦਾ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ। ਨਵੰਬਰ ਮਹੀਨੇ ਵਿਚ ਵੈਟਰਨਸ ਡੇਅ ਮਨਾਇਆ ਜਾਂਦਾ ਹੈ। ਇਨ੍ਹਾਂ ਸਮਾਗਮਾਂ ਦੌਰਾਨ ਥਾਂ-ਥਾਂ ‘ਤੇ ਪਰੇਡਾਂ ਕੱਢੀਆਂ ਜਾਂਦੀਆਂ ਹਨ। ਪੰਜਾਬੀ ਭਾਈਚਾਰੇ ਦੀ ਸ਼ਮੂਲੀਅਤ ਇਸ ਵਿਚ ਨਾਂਹ ਦੇ ਬਰਾਬਰ ਹੁੰਦੀ ਹੈ। ਇਥੇ ਹੁੰਦੇ ਸਮਾਗਮਾਂ ਵਿਚ ਜੇ ਅਸੀਂ ਆਪਣੀ ਸ਼ਮੂਲੀਅਤ ਕਰਦੇ ਹਾਂ, ਤਾਂ ਸਥਾਨਕ ਲੋਕਾਂ ਵਿਚ ਸਾਡੇ ਪ੍ਰਤੀ ਜਾਗਰੂਕਤਾ ਵਧੇਗੀ।
ਪਿਛਲੇ 5 ਸਾਲਾਂ ਤੋਂ ਕੈਲੀਫੋਰਨੀਆ ਦੇ ਸੂਬੇ ‘ਚ ਅਸੈਂਬਲੀ ਵੱਲੋਂ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ ਜਾ ਰਿਹਾ ਹੈ। ਇਹ ਮਤਾ ਵੱਖ-ਵੱਖ ਅਸੈਂਬਲੀ ਮੈਂਬਰਾਂ ਵੱਲੋਂ ਪੇਸ਼ ਕੀਤਾ ਜਾਂਦਾ ਹੈ। ਕੈਲੀਫੋਰਨੀਆ ਦੇ ਵਿਕਾਸ ਵਿਚ ਇਕ ਸਦੀ ਤੋਂ ਸਿੱਖਾਂ ਵੱਲੋਂ ਪਾਏ ਯੋਗਦਾਨ ਦੀ ਸਰਾਹਣਾ ਕਰਨ ਅਤੇ ਸਿੱਖ ਪਹਿਚਾਣ ਬਾਰੇ ਸਥਾਨਕ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਕੈਲੀਫੋਰਨੀਆ ਸਰਕਾਰ ਨੇ ਨਵੰਬਰ ਮਹੀਨਾ ਸਿੱਖਾਂ ਨੂੰ ਸਮਰਪਿਤ ਕੀਤਾ ਹੈ। ਅਮਰੀਕਾ ਵਿਚ ਕੈਲੀਫੋਰਨੀਆ ਅਜਿਹਾ ਪਹਿਲ ਸੂਬਾ ਹੈ, ਜਿੱਥੇ ਸਿੱਖਾਂ ਦੇ ਗੌਰਵ ਵਿਚ ਵਾਧਾ ਕਰਨ ਲਈ ਪੂਰਾ ਮਹੀਨਾ ਉਨ੍ਹਾਂ ਨੂੰ ਸਮਰਪਿਤ ਕਰਨ ਦਾ ਸਾਨੂੰ ਮਾਣ ਬਖਸ਼ਿਆ ਗਿਆ ਹੈ। ਇਹ ਮਤਾ ਸਿੱਖਾਂ ਦੇ ਕੰਮਾਂ ਨੂੰ ਮੱਦੇਨਜ਼ਰ ਰੱਖਦਿਆਂ ਪਾਸ ਕੀਤਾ ਗਿਆ ਹੈ। 1899 ਵਿਚ ਸਿੱਖ ਕੈਲੀਫੋਰਨੀਆ ਵਿਚ ਆਏ ਸਨ। ਇਥੇ ਆਉਣ ਤੋਂ ਬਾਅਦ ਉਨ੍ਹਾਂ ਨੇ ਇਥੋਂ ਦੀਆਂ ਰੇਲਵੇ ਲਾਈਨਾਂ ਅਤੇ ਸੜਕਾਂ ਬਣਾਉਣ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਸੀ।
ਜੇ ਅਮਰੀਕੀ ਸਰਕਾਰ ਇੰਨਾ ਮਾਣ ਦੇ ਰਹੀ ਹੈ, ਤਾਂ ਸਾਡੀ ਕੌਮ ਨੂੰ ਵੀ ਚਾਹੀਦਾ ਹੈ ਕਿ ਸਥਾਨਕ ਗਤੀਵਿਧੀਆਂ ਵਿਚ ਸ਼ਾਮਲ ਹੋ ਕੇ ਹਿੱਸਾ ਲਈਏ, ਤਾਂ ਕਿ ਅਸੀਂ ਆਪਣੀ ਪਹਿਚਾਨ ਬਣਾ ਸਕੀਏ। 11 ਸਤੰਬਰ, 2001 ਦੇ ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਦੀ ਪਹਿਚਾਨ ਬਾਰੇ ਪੈਦਾ ਹੋਈ ਗਲਤਫਹਿਮੀ ਹਾਲੇ ਵੀ ਸਥਾਨਕ ਲੋਕਾਂ ਵਿਚੋਂ ਦੂਰ ਨਹੀਂ ਹੋਈ ਅਤੇ ਇਹ ਓਨਾ ਚਿਰ ਰਹੇਗੀ, ਜਿੰਨਾ ਚਿਰ ਅਸੀਂ ਅਮਰੀਕਾ ਨੂੰ ਆਪਣਾ ਘਰ ਨਹੀਂ ਸਮਝ ਲੈਂਦੇ। ਕੈਲੀਫੋਰਨੀਆ ਸਟੇਟ ਅਸੈਂਬਲੀ ਵੱਲੋਂ ਪਾਸ ਕੀਤੇ ਗਏ ਇਸ ਬਿੱਲ ਦੀ ਗੰਭੀਰਤਾ ਨੂੰ ਨਿਖਾਰਨ ਲਈ ਸਮੂਹ ਸਿੱਖਾਂ ਵੱਲੋਂ ਹੋਰ ਵਧੇਰੇ ਜ਼ਿੰਮੇਵਾਰੀ ਨਾਲ ਆਪਣੀ ਸਮਾਜਿਕ ਭੂਮਿਕਾ ਨਿਭਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਜਿੰਨਾ ਵਧੇਰੇ ਅਸੀਂ ਅਮਰੀਕੀ ਸਮਾਜ ਨਾਲ ਸਮਾਜਿਕ ਮੇਲਜੋਲ ਵਧਾਵਾਂਗੇ ਅਤੇ ਆਪਣੇ ਧਰਮ, ਵਿਰਸੇ ਅਤੇ ਸੱਭਿਆਚਾਰ ਬਾਰੇ ਉਨ੍ਹਾਂ ਨੂੰ ਜਾਣੂੰ ਕਰਵਾਵਾਂਗੇ, ਓਨਾ ਹੀ ਸਥਾਨਕ ਲੋਕ ਸਾਡੇ ਨਜ਼ਦੀਕ ਹੋਣਗੇ।
ਪਿਛਲੇ ਦਿਨਾਂ ਦੌਰਾਨ ਕੈਲੀਫੋਰਨੀਆ ਦੇ ਕੁੱਝ ਇਕ ਥਾਵਾਂ ‘ਤੇ ਤਾਂ ਨਵੰਬਰ ਮਹੀਨੇ ਨੂੰ ਆਪੋ-ਆਪਣੇ ਸ਼ਹਿਰ ਵਿਚ ਮਨਾਉਣ ਦੇ ਸਮਾਚਾਰ ਪ੍ਰਾਪਤ ਹੋਏ ਹਨ, ਪਰ ਇਹ ਨਾਕਾਫੀ ਹਨ। ਜੇ ਸਰਕਾਰ ਨੇ ਸਾਡੇ ਲਈ ਇੰਨਾ ਮਾਣ ਬਖਸ਼ਿਆ ਹੈ, ਤਾਂ ਅਸੀਂ ਫਾਡੀ ਕਿਉਂ ਹਾਂ। ਇਸ ਵਕਤ ਲੋੜ ਹੈ ਦਸਤਾਰਧਾਰੀ ਸਿੱਖਾਂ ਦੀ ਸਥਾਨਕ ਰਾਜਨੀਤੀ ਵਿਚ ਆਉਣ ਦੀ। ਇਹ ਤਾਂ ਹੀ ਹੋ ਸਕਦਾ ਹੈ, ਜੇ ਅਸੀਂ ਇਕ ਦੂਜੇ ਦੀਆਂ ਲੱਤਾਂ ਨਾ ਖਿੱਚ ਕੇ, ਹਊਮੈ ਦਾ ਤਿਆਗ ਕਰਕੇ ਅੱਗੇ ਆਈਏ। ਜੇ ਦਸਤਾਰਧਾਰੀ ਸਿੱਖ ਅਮਰੀਕੀ ਰਾਜਨੀਤੀ ਵਿਚ ਆਉਣਗੇ, ਤਾਂ ਉਹ ਦਿਨ ਦੂਰ ਨਹੀਂ, ਜਦੋਂ ਅਸੀਂ ਇਥੇ ਆਪਣੀ ਪਹਿਚਾਨ ਬਣਾਉਣ ਵਿਚ ਕਾਮਯਾਬ ਹੋਵਾਂਗੇ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.