ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਅਮਰੀਕੀ ਪੰਜਾਬੀ ਵੀ ਨਸ਼ਾ ਤਸਕਰੀ ‘ਚ ਫਸਣ ਲੱਗੇ
ਅਮਰੀਕੀ ਪੰਜਾਬੀ ਵੀ ਨਸ਼ਾ ਤਸਕਰੀ ‘ਚ ਫਸਣ ਲੱਗੇ
Page Visitors: 2454

ਅਮਰੀਕੀ ਪੰਜਾਬੀ ਵੀ ਨਸ਼ਾ ਤਸਕਰੀ ‘ਚ ਫਸਣ ਲੱਗੇ

 

 

ਅਮਰੀਕੀ ਪੰਜਾਬੀ ਵੀ ਨਸ਼ਾ ਤਸਕਰੀ ‘ਚ ਫਸਣ ਲੱਗੇ
December 13
10:30 2017
ਗੁਰਜਤਿੰਦਰ ਸਿੰਘ ਰੰਧਾਵਾਸ਼ ਸੈਕਰਾਮੈਂਟੋ, ਕੈਲੀਫੋਰਨੀਆਸ਼ 916-320-9444
ਨਸ਼ੇ ਪੰਜਾਬੀ ਸਮਾਜ ਨੂੰ ਘੁੰਣ ਵਾਂਗ ਖਾਣ ਲੱਗੇ ਹਨ। ਪਹਿਲਾਂ ਨਸ਼ਿਆਂ ਦੇ ਵਹਿਣ ਅਤੇ ਤਸਕਰੀ ਨੇ ਪਿਛਲੇ ਕਰੀਬ 10 ਸਾਲ ਪੰਜਾਬ ਨੂੰ ਵੱਡੀ ਪੱਧਰ ਉੱਤੇ ਤਬਾਹ ਕੀਤਾ। ਫਿਰ ਇਹ ਕੋਹੜ ਕੈਨੇਡਾ ਦੇ ਵੈਨਕੂਵਰ ਅਤੇ ਟੋਰਾਂਟੋ ਖੇਤਰਾਂ ਵਿਚ ਵੀ ਸ਼ੁਰੂ ਹੋ ਗਿਆ। ਵਧਦੀ-ਵਧਦੀ ਇਹ ਬਿਮਾਰੀ ਹੁਣ ਅਮਰੀਕਾ ਵਿਚ ਵੀ ਫੈਲ ਗਈ ਹੈ।
ਬਿਨਾਂ ਮਿਹਨਤ ਕੀਤਿਆਂ ਛੇਤੀ ਪੈਸੇ ਕਮਾਉਣ ਦੀ ਝੱਸ ਨੇ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਦੀ ਤਸਕਰੀ ਵੱਲ ਧੱਕ ਦਿੱਤਾ ਹੈ। ਪਿਛਲੇ ਹਫਤੇ ਫਰਿਜ਼ਨੋ ਰਹਿੰਦੇ ਪਤੀ-ਪਤਨੀ ਨੂੰ ਕੈਨੇਡਾ ਦੀ ਪੁਲਿਸ ਨੇ 84 ਲੱਖ ਡਾਲਰ ਦੀ ਕੀਮਤ ਵਾਲੀ ਇਕ ਕੁਇੰਟਲ ਕੋਕੀਨ ਨਾਲ ਫੜਿਆ ਹੈ। ਅਮਰੀਕਾ ਤੋਂ ਕੈਨੇਡਾ ਵਿਚ ਟਰੱਕ ਰਾਹੀਂ ਲਿਜਾਈ ਗਈ ਨਸ਼ਿਆਂ ਦੀ ਇਹ ਸਭ ਤੋਂ ਵੱਡੀ ਖੇਪ ਦੱਸੀ ਜਾਂਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਟਰੱਕ ਵਿਚ ਕੋਕੀਨ ਦੀਆਂ ਇੱਟਾਂ ਬਣਾ ਕੇ ਲੁਕੋਈਆਂ ਹੋਈਆਂ ਸਨ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਅਤੇ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਨਸ਼ੀਲਾ ਪਦਾਰਥ ਲੈ ਕੇ ਜਾ ਰਹੇ ਇਸ ਟਰੱਕ ਨੂੰ ਕੈਨੇਡਾ ਦੇ ਕੈਲਗਰੀ ਖੇਤਰ ਵਿਚ ਕਾਬੂ ਕੀਤਾ।
ਕੋਕੀਨ ਸਮੇਤ ਫੜੇ ਗਏ ਪਤੀ-ਪਤਨੀ ਦੀ ਪਛਾਣ ਗੁਰਮਿੰਦਰ ਸਿੰਘ ਤੂਰ (31) ਅਤੇ ਕਿਰਨਦੀਪ ਕੌਰ ਤੂਰ (26) ਵਜੋਂ ਹੋਈ ਹੈ। ਪੰਜਾਬੀਆਂ ਲਈ ਚਿੰਤਾ ਅਤੇ ਸ਼ਰਮਨਾਕ ਗੱਲ ਇਹ ਹੈ ਕਿ ਪੈਸੇ ਦੀ ਅੰਨੀਂ ਹੋੜ ਵਿਚ ਸਾਡੇ ਲੋਕਾਂ ਨੇ ਔਰਤਾਂ ਨੂੰ ਵੀ ਆਪਣੇ ਨਾਲ ਇਸ ਗੰਦੇ ਧੰਦੇ ਵਿਚ ਸ਼ਾਮਲ ਕਰ ਲਿਆ ਹੈ। ਨਸ਼ੇ ਦੀ ਫੜੀ ਗਈ ਇਹ ਖੇਪ ਕੋਈ ਪਹਿਲੀ ਨਹੀਂ। ਇਸ ਤੋਂ ਪਹਿਲਾਂ ਵੀ ਬੇਕਰਸਫੀਲਡ ਅਤੇ ਕਈ ਹੋਰ ਥਾਵਾਂ ਤੋਂ ਪੰਜਾਬੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੇਠ ਫੜਿਆ ਗਿਆ ਹੈ ਅਤੇ ਸਜ਼ਾਵਾਂ ਵੀ ਹੋਈਆਂ ਹਨ। ਤੂਰ ਜੋੜੇ ਵੱਲੋਂ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਵੀ ਕੋਈ ਜ਼ਰੂਰੀ ਨਹੀਂ ਕਿ ਪਹਿਲੀ ਹੀ ਹੋਵੇ। ਹੋ ਸਕਦਾ ਹੈ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਈ ਗੇੜੇ ਲਾਏ ਹੋਣ।
  ਨਸ਼ਿਆਂ ਦਾ ਇਹ ਧੰਦਾ ਪਿਛਲੇ 10 ਸਾਲ ਦੇ ਕਰੀਬ ਪੰਜਾਬ ਅੰਦਰ ਵਿਕਰਾਲ ਰੂਪ ਧਾਰਦਾ ਰਿਹਾ ਹੈ। ਪੰਜਾਬ ਅੰਦਰ ਨਸ਼ਿਆਂ ਦੇ ਵਗੇ ਛੇਵੇਂ ਦਰਿਆ ਨੇ ਪੰਜਾਬ ਦੀ ਜਵਾਨੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਨਸ਼ਿਆਂ ਮਗਰ ਲੱਗੇ ਹਜ਼ਾਰਾਂ ਨੌਜਵਾਨ ਜ਼ਿੰਦਗੀ ਤੋਂ ਹੱਥ ਧੋ ਬੈਠੇ ਹਨ। ਹਜ਼ਾਰਾਂ ਹੋਰ ਅਜਿਹੇ ਲੋਕ ਹਨ, ਜੋ ਨਸ਼ਾ ਤਸਕਰੀ ਵਿਚ ਪੈ ਗਏ ਅਤੇ ਇਸ ਸਮੇਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਦਿਨ ਕਟੀ ਕਰ ਰਹੇ ਹਨ। ਹਜ਼ਾਰਾਂ ਨੌਜਵਾਨ ਅਜਿਹੇ ਹਨ, ਜੋ ਨਸ਼ਿਆਂ ਕਾਰਨ ਜਿਸਮਾਨੀ ਤੌਰ ‘ਤੇ ਨਪੀੜੇ ਗਏ ਹਨ। ਨਸ਼ਿਆਂ ਦੇ ਇਸ ਕਾਰੋਬਾਰ ਨੇ ਪੰਜਾਬ ਨੂੰ ਇੰਨੀ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ ਕਿ ਬਹੁਤ ਸਾਰੇ ਪਿੰਡਾਂ ਵਿਚ ਨੌਜਵਾਨ ਭਾਲਣੇ ਹੀ ਮੁਸ਼ਕਿਲ ਹੋ ਗਏ ਸਨ। ਇਸ ਤੋਂ ਬਾਅਦ ਕੈਨੇਡਾ ਅੰਦਰ ਵੈਨਕੂਵਰ ਤੇ ਟੋਰਾਂਟੋ ਖੇਤਰਾਂ ਵਿਚ ਨਸ਼ਿਆਂ ਦੀ ਤਸਕਰੀ ਅਤੇ ਸੇਵਨ ਦਾ ਧੰਦਾ ਆਰੰਭ ਹੋਇਆ। ਪਿਛਲੇ 7-8 ਸਾਲਾਂ ਵਿਚ ਨਸ਼ਿਆਂ ਦੇ ਸੇਵਨ ਤੇ ਤਸਕਰੀ ਵਿਚ ਪੰਜਾਬੀ ਵੀ ਲਗਾਤਾਰ ਡੂੰਘੇ ਧੱਸਦੇ ਗਏ ਹਨ।
   ਵੈਨਕੂਵਰ ਵਿਚ ਇਸ ਵਰ੍ਹੇ ਦੇ ਪਹਿਲੇ 10 ਮਹੀਨਿਆਂ ਵਿਚ ਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਦੀ ਗੈਂਗਵਾਰ ਵਿਚ 17 ਪੰਜਾਬੀ ਗੱਭਰੂ ਮੌਤ ਦੇ ਘਾਟ ਜਾ ਪਏ ਹਨ। ਦੱਸਿਆ ਜਾਂਦਾ ਹੈ ਕਿ ਪਿਛਲੇ 8 ਸਾਲਾਂ ਵਿਚ ਵੈਨਕੂਵਰ ਖੇਤਰ ਵਿਚ ਨਸ਼ਿਆਂ ਦੇ ਤਸਕਰਾਂ ਦੀ ਗੈਂਗਵਾਰ ਵਿਚ ਹੋਈਆਂ 427 ਮੌਤਾਂ ਵਿਚੋਂ 67 ਪੰਜਾਬੀ ਸਿੱਖ ਗੱਭਰੂ ਸਨ।
ਹੁਣ ਲੱਗਦਾ ਹੈ ਕਿ ਪੰਜਾਬ ਤੇ ਕੈਨੇਡਾ ਤੋਂ ਬਾਅਦ ਕੈਲੀਫੋਰਨੀਆ ‘ਚ ਵੀ ਨਸ਼ਿਆਂ ਦੀ ਤਸਕਰੀ ਦਾ ਸਵਾਦ ਪੰਜਾਬੀ ਮੁੰਡਿਆਂ ਨੂੰ ਵੀ ਲੱਗਣਾ ਸ਼ੁਰੂ ਹੋ ਗਿਆ ਹੈ। ਇਹ ਬੇਹੱਦ ਖਤਰਨਾਕ ਰੁਝਾਨ ਹੈ।
ਪੰਜਾਬੀ ਦੁਨੀਆਂ ਭਰ ਵਿਚ ਮਿਹਨਤ ਅਤੇ ਲਿਆਕਤ ਲਈ ਮੰਨੇ ਜਾਂਦੇ ਹਨ। ਕੈਨੇਡਾ ਅਤੇ ਅਮਰੀਕਾ ਦੀ ਧਰਤੀ ਨੇ ਵੀ ਪੰਜਾਬੀਆਂ ਦੀ ਮਿਹਨਤ ਨੂੰ ਸਲਾਮ ਕੀਤਾ ਹੈ। ਇਹੀ ਕਾਰਨ ਹੈ ਕਿ ਅੱਜ ਲੱਖਾਂ ਪੰਜਾਬੀ ਕੈਨੇਡਾ ਅਤੇ ਅਮਰੀਕਾ ਵਿਚ ਸ਼ਾਨ ਵਾਲੀ ਜ਼ਿੰਦਗੀ ਜਿਉ ਰਹੇ ਹਨ। ਕੈਨੇਡਾ ਵਿਚ ਇਸ ਵੇਲੇ 18 ਸਿੱਖ ਫੈਡਰਲ ਗੌਰਮਿੰਟ ‘ਚ ਪਾਰਲੀਮੈਂਟ ਮੈਂਬਰ ਹਨ, ਜਿਨ੍ਹਾਂ ‘ਚੋਂ 6 ਨੂੰ ਮੰਤਰੀ ਬਣਨ ਦਾ ਮਾਣ ਮਿਲਿਆ ਹੈ। ਕੈਨੇਡਾ ਦੇ ਸੂਬਿਆਂ ਵਿਚ ਵੀ ਬਹੁਤ ਸਾਰੇ ਵਿਧਾਇਕ ਅਤੇ ਮੰਤਰੀ ਪਦਾਂ ਉਪਰ ਸੁਸ਼ੋਭਿਤ ਹਨ।
  ਅਮਰੀਕਾ ਵਿਚ ਵੀ ਬਹੁਤ ਸਾਰੇ ਸ਼ਹਿਰਾਂ ਵਿਚ ਪੰਜਾਬੀ ਮੇਅਰ ਬਣੇ ਹਨ ਅਤੇ ਬਹੁਤ ਸਾਰੇ ਹੋਰ ਅਹਿਮ ਅਹੁਦਿਆਂ ‘ਤੇ ਕੰਮ ਕਰ ਰਹੇ ਹਨ। ਰੁਜ਼ਗਾਰ, ਸਿੱਖਿਆ, ਆਈ.ਟੀ., ਮੈਡੀਕਲ ਆਦਿ ਖੇਤਰਾਂ ਵਿਚ ਵੀ ਪੰਜਾਬੀਆਂ ਨੇ ਬੜਾ ਵੱਡਾ ਨਾਮ ਕਮਾਇਆ ਹੈ।
   ਪਰ ਹੁਣ ਸਾਡੀ ਨਵੀਂ ਪੀੜੀ ਦੇ ਕੁੱਝ ਹਿੱਸੇ ਦਾ ਪੈਸੇ ਦੀ ਦੌੜ ਲਈ ਨਸ਼ਾ ਤਸਕਰੀ ਵੱਲ ਜਾਣਾ ਬੇਹੱਦ ਮੰਦਭਾਗਾ ਤੇ ਖਤਰਨਾਕ ਰੁਝਾਨ ਹੈ। ਦਰਅਸਲ ਨਸ਼ੀਲੇ ਪਦਾਰਥਾਂ ਦੀ ਜਨਮ-ਭੋਇੰ ਅਫਗਾਨਿਸਤਾਨ ਹੈ, ਜਿੱਥੇ ਵੱਡੀ ਪੱਧਰ ‘ਤੇ ਅਫੀਮ ਦੀ ਖੇਤੀ ਹੁੰਦੀ ਹੈ। ਅਫੀਮ ਤੋਂ ਹੀ ਅੱਗੇ ਕੋਕੀਨ, ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਬਣਦੇ ਹਨ। ਅਫਗਾਨਿਸਤਾਨ ਤੋਂ ਇਹ ਨਸ਼ੀਲੇ ਪਦਾਰਥ ਪਾਕਿਸਤਾਨ ਤੇ ਫਿਰ ਸਰਹੱਦ ਰਾਹੀਂ ਪੰਜਾਬ ਜਾਂਦੇ ਹਨ। ਪੰਜਾਬ ਤੋਂ ਨਸ਼ੀਲੇ ਪਦਾਰਥਾਂ ਦਾ ਕੁੱਝ ਹਿੱਸਾ ਸਿੱਧਾ ਬਾਹਰਲੇ ਮੁਲਕਾਂ ਨੂੰ ਜਾਂਦਾ ਹੈ ਅਤੇ ਕੁੱਝ ਹਿੱਸਾ ਮੁੰਬਈ ਤੇ ਨੇਪਾਲ ਦੇ ਰਸਤਿਆਂ ਰਾਹੀਂ ਕੈਨੇਡਾ, ਅਮਰੀਕਾ ਤੇ ਹੋਰ ਮੁਲਕਾਂ ਨੂੰ ਭੇਜਿਆ ਜਾਂਦਾ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੌਮਾਂਤਰੀ ਪੱਧਰ ‘ਤੇ ਬੜਾ ਵੱਡਾ ਰੈਕੇਟ ਕੰਮ ਕਰਦਾ ਹੈ। ਤੇਜ਼ੀ ਨਾਲ ਪੈਸੇ ਕਮਾਉਣ ਦਾ ਝੱਸ ਅੱਜਕੱਲ੍ਹ ਦੀ ਸਾਡੀ ਨਵੀਂ ਪੀੜ੍ਹੀ ਨੂੰ ਵੀ ਪੈ ਰਿਹਾ ਹੈ। ਫੜੇ ਗਏ ਜੋੜੇ ਦੀ ਉਮਰ 32 ਅਤੇ 26 ਸਾਲ ਹੈ। ਚੜ੍ਹਦੀ ਉਮਰ ਵਿਚ ਹੀ ਉਨ੍ਹਾਂ ਦਾ ਅਜਿਹੇ ਕੰਮਾਂ ਵਿਚ ਪੈਣਾ ਦੱਸਦਾ ਹੈ ਕਿ ਨਸ਼ਾ ਤਸਕਰੀ ਦਾ ਝਾਸਾ ਬੇਹੱਦ ਮਾਰੂ ਹੈ ਅਤੇ ਸਾਡੇ ਸਮਾਜ ਨੂੰ ਇਸ ਮਾਰੂ ਰੁਝਾਨ ਖਿਲਾਫ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਵੱਡੀ ਪੱਧਰ ‘ਤੇ ਮੁਹਿੰਮ ਖੜ੍ਹੀ ਕਰਨ ਦੀ ਜ਼ਰੂਰਤ ਹੈ।
ਪਹਿਲਾਂ ਪਹਿਲ ਮੈਕਸੀਕੋ ਤੋਂ ਅਮਰੀਕਾ ਰਾਹੀਂ ਕੈਨੇਡਾ ਨੂੰ ਨਸ਼ਿਆਂ ਦੀ ਤਸਕਰੀ ਦਾ ਦੌਰ ਆਰੰਭ ਹੋਇਆ ਸੀ।
ਪਰ ਜਦ ਅਮਰੀਕਾ ਵੱਲੋਂ ਕੀਤੀ ਸਖਤ ਰੋਕਥਾਮ ਮਗਰੋਂ ਨਸ਼ੀਲੇ ਵਪਾਰ ‘ਚ ਕਮੀ ਆ ਗਈ, ਤਾਂ ਉਸ ਤੋਂ ਬਾਅਦ ਕੈਲੀਫੋਰਨੀਆ ਤੋਂ ਕੈਨੇਡਾ ਵੱਲ ਅਤੇ ਕੈਨੇਡਾ ਤੋਂ ਕੈਲੀਫੋਰਨੀਆ ਆਉਣ ਵਾਲੇ ਪੰਜਾਬੀ ਟਰੱਕਰ ਵੀ ਨਸ਼ਾ ਤਸਕਰੀ ਦੇ ਧੰਦੇ ਵਿਚ ਸ਼ਾਮਲ ਹੋਣ ਲੱਗੇ। ਕੈਲਗਰੀ ਵਿਖੇ ਫੜੇ ਗਏ ਨਸ਼ੀਲੇ ਪਦਾਰਥਾਂ ਦੇ ਟਰੱਕ ਤੋਂ ਵੀ ਇਹੀ ਸੰਕੇਤ ਮਿਲਦਾ ਹੈ ਕਿ ਟਰੱਕਾਂ ਦੇ ਕਾਰੋਬਾਰ ਵਿਚ ਲੱਗੇ ਪੰਜਾਬੀਆਂ ਦੇ ਇਕ ਹਿੱਸੇ ਨੇ ਨਸ਼ਾ ਤਸਕਰੀ ਵੱਲ ਮੂੰਹ ਮਾਰ ਲਿਆ ਹੈ।
ਕੈਨੇਡਾ-ਅਮਰੀਕਾ ਵਿਚ ਆ ਕੇ ਸਾਡੇ ਪਰਿਵਾਰਾਂ ਨੇ ਚੰਗੀ ਮਿਹਨਤ ਕੀਤੀ ਹੈ ਅਤੇ ਇਥੋਂ ਦੇ ਖੁੱਲ੍ਹੇ-ਡੁੱਲੇ ਮਾਹੌਲ ਵਿਚ ਕਮਾਈ ਕਰਕੇ ਚੰਗਾ ਜੀਵਨ ਵੀ ਬਸਰ ਕਰਨਾ ਸ਼ੁਰੂ ਕੀਤਾ ਹੈ। ਪੰਜਾਬ ਤੋਂ ਆਏ ਲੋਕਾਂ ਨੂੰ ਯਾਦ ਹੈ ਕਿ ਕਿਸ ਤਰ੍ਹਾਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਵੀ ਉਹ ਉਥੇ ਸਹੂਲਤਾਂ ਤੋਂ ਵਾਂਝੇ ਰਹਿ ਕੇ ਜੀਵਨ ਬਤੀਤ ਕਰਦੇ ਰਹੇ ਹਨ। ਹੁਣ ਵੀ ਜਦ ਅਸੀਂ ਪੰਜਾਬ ਜਾ ਕੇ ਆਪਣੇ ਹੋਰਨਾਂ ਰਿਸ਼ਤੇਦਾਰਾਂ ਅਤੇ ਸਕੇ-ਸੰਬੰਧੀਆਂ ਨੂੰ ਮਿਲਦੇ ਹਾਂ, ਤਾਂ ਦੇਖਦੇ ਹਾਂ ਕਿ ਉਨ੍ਹਾਂ ਦੀ ਜ਼ਿੰਦਗੀ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਬਹੁਤੀ ਸੁਧਰੀ ਨਹੀਂ ਹੈ, ਜਾਂ ਇੰਝ ਕਹਿ ਲਈਏ ਕਿ ਉਥੇ ਅਜੇ ਵੀ ਲੋਕਾਂ ਨੂੰ ਕੈਨੇਡਾ-ਅਮਰੀਕਾ ਵਰਗੀਆਂ ਸਹੂਲਤਾਂ ਹੋਣ ਦੀ ਗੱਲ ਸੁਪਨੇ ਵਰਗੀ ਲੱਗਦੀ ਹੈ।
   ਚੰਗੇ ਭਾਗੀਂ ਸਾਨੂੰ ਇਨ੍ਹਾਂ ਮੁਲਕਾਂ ਵਿਚ ਰਹਿਣ ਦਾ ਮੌਕਾ ਮਿਲਿਆ ਹੈ। ਅਸੀਂ ਆਪਣੀ ਮਿਹਨਤ ਅਤੇ ਲਿਆਕਤ ਨਾਲ ਜਿੱਥੇ ਆਪਣੇ ਰੁਜ਼ਗਾਰ ਦੇ ਸਾਧਨ ਪੱਕੇ ਕੀਤੇ ਹਨ। ਉਥੇ ਇਨ੍ਹਾਂ ਸਮਾਜਾਂ ਵਿਚ ਆਪਣਾ ਮਾਣ-ਸਤਿਕਾਰ ਵੀ ਬਣਾਇਆ ਹੈ। ਸਾਡੇ ਲੋਕਾਂ ਵੱਲੋਂ ਕਰੀਬ ਸੋ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਹੀ ਅਸੀਂ ਇਨ੍ਹਾਂ ਮੁਲਕਾਂ ਵਿਚ ਅੱਜ ਵਾਲਾ ਸਥਾਨ ਹਾਸਲ ਕਰ ਸਕੇ ਹਾਂ। ਨਾਮਣਾ ਖੱਟਣ ਅਤੇ ਚੰਗਾ ਸਥਾਨ ਬਣਾਉਣ ਲਈ ਬੜਾ ਲੰਮਾ ਸਮਾਂ ਕੰਮ ਕਰਨਾ ਪੈਂਦਾ ਹੈ। ਪਰ ਜੇਕਰ ਕਿਸੇ ਨੇ ਅਕਸ ਵਿਗਾੜਨਾ ਹੋਵੇ, ਤਾਂ ਮਿੰਟਾਂ ਦੀ ਖੇਡ ਹੁੰਦੀ ਹੈ। ਵਿਦੇਸ਼ਾਂ ਵਿਚ ਅੱਜ ਸਿੱਖਾਂ ਦੀ ਪਛਾਣ ਲਗਾਤਾਰ ਵਧ ਰਹੀ ਹੈ। ਲੋਕ ਸਿੱਖਾਂ ਨੂੰ ਮਾਣ ਅਤੇ ਸਤਿਕਾਰ ਨਾਲ ਦੇਖਦੇ ਹਨ। ਸਿੱਖਾਂ ਵੱਲੋਂ ਲਗਾਏ ਜਾਂਦੇ ਲੰਗਰ, ਆਫਤ ਪੀੜਤਾਂ ਦੀ ਕੀਤੀ ਜਾਂਦੀ ਸੇਵਾ ਅਤੇ ਹੋਰ ਸਮਾਜ ਭਲਾਈ ਦੇ ਕੰਮ ਸਾਡੇ ਸਮਾਜ ਬਾਰੇ ਸਮਾਜ ਸੇਵਕ ਅਤੇ ਨਿਮਰ ਸਮਾਜ ਵਾਲਾ ਅਕਸ ਉਭਾਰਦੇ ਹਨ।
     ਪਰ ਜੇਕਰ ਸਾਡੇ ਭਾਈਚਾਰੇ ਦੇ ਲੋਕਾਂ ਦਾ ਨਾਂ ਨਸ਼ਿਆਂ ਦੀ ਤਸਕਰੀ ਵਰਗੇ ਕੋਹੜ ਵਿਚ ਆਉਣਾ ਸ਼ੁਰੂ ਹੋਵੇਗਾ, ਤਾਂ ਇਹ ਸਾਡੇ ਸਮਾਜ ਦੇ ਮੱਥੇ ਉਪਰ ਕਲੰਕ ਲਗਾਉਣ ਦੇ ਸਮਾਨ ਗੱਲ ਹੈ।
ਸਾਡੇ ਗੁਰੂਆਂ ਦਾ ਉਪਦੇਸ਼ ਹੈ ਕਿ ਸੰਜਮ ਤੇ ਸਬਰ ਤੋਂ ਬਗੈਰ ਭੁੱਖ ਨਹੀਂ ਮਿਟਦੀ। ਪੈਸੇ, ਮੁਨਾਫੇ ਤੇ ਸ਼ੋਹਰਤ ਦੀ ਹੋੜ ਇਕ ਅਜਿਹਾ ਅੰਨ੍ਹਾ ਖੂਹ ਹੈ, ਜਿਸ ਨੂੰ ਕਦੇ ਵੀ ਭਰਿਆ ਨਹੀਂ ਜਾ ਸਕਦਾ। ਅਜਿਹੇ ਅੰਨ੍ਹੇ ਖੂਹ ਤੋਂ ਛੁਟਕਾਰਾ ਸਿਰਫ ਸਬਰ, ਸੰਤੋਖ ਹੀ ਦਿਵਾ ਸਕਦਾ ਹੈ। ਇਨ੍ਹਾਂ ਮੁਲਕਾਂ ਵਿਚ ਆ ਕੇ ਅਸੀਂ ਅਨੇਕ ਤਰ੍ਹਾਂ ਦੀਆਂ ਸੁੱਖ-ਸਹੂਲਤਾਂ ਮਾਣ ਰਹੇ ਹਾਂ। ਹਰ ਤਰ੍ਹਾਂ ਦੇ ਮਨੁੱਖੀ ਹੱਕ-ਹਕੂਕ ਤੇ ਕਾਨੂੰਨ ਸਾਨੂੰ ਸਮਾਜਿਕ ਸੁਰੱਖਿਆ ਦਿੰਦੇ ਹਨ। ਹਰ ਤਰ੍ਹਾਂ ਦੇ ਵਿਤਕਰੇ ਤੋਂ ਅਸੀਂ ਲਗਭਗ ਸੁਰਖਰੂ ਹਾਂ। ਇੰਨਾ ਕੁੱਝ ਹੋਣ ਦੇ ਬਾਵਜੂਦ ਵੀ ਜੇਕਰ ਅਸੀਂ ਗੈਰ-ਕਾਨੂੰਨੀ ਧੰਦਿਆਂ ਵਿਚ ਪੈ ਕੇ ਸਮਾਜਿਕ ਨਮੋਸ਼ੀ ਦੇ ਰਾਹ ਪਵਾਂਗੇ, ਤਾਂ ਇਸ ਨਾਲ ਨਾ ਸਿਰਫ ਵਿਅਕਤੀਗਤ ਤੌਰ ‘ਤੇ ਉਨ੍ਹਾਂ ਵਿਅਕਤੀਆਂ ਦੀ ਜ਼ਿੰਦਗੀ ਹੀ ਬਰਬਾਦ ਹੁੰਦੀ ਹੈ, ਸਗੋਂ ਇਹ ਸਮੁੱਚੇ ਸਿੱਖ ਸਮਾਜ ਲਈ ਵੀ ਨਮੋਸ਼ੀ ਦਾ ਕਾਰਨ ਬਣਦੀ ਹੈ। ਇਸ ਕਰਕੇ ਸਾਡੇ ਸਮੂਹ ਪਰਿਵਾਰਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਨੌਜਵਾਨਾਂ ਦੀ ਸੇਵਾ ਸੰਭਾਲ ਸਮੇਂ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਉਨ੍ਹਾਂ ਨੂੰ ਫਜ਼ੂਲਖਰਚੀ, ਸਸਤੀ ਸ਼ੋਹਰਤ ਅਤੇ ਬੇਵਜ੍ਹਾ ਦੀਆਂ ਭੜਕਾਊ ਗੱਲਾਂ ਵਿਚ ਨਾ ਪੈਣ ਦਿੱਤਾ ਜਾਵੇ। ਕਿਉਂਕਿ ਅਜਿਹੀਆਂ ਆਦਤਾਂ ਹੀ ਫੇਰ ਬੰਦੇ ਦੇ ਸਿਰ ਉਪਰ ਬਿਨਾਂ ਮਿਹਨਤ ਛੇਤੀ ਪੈਸੇ ਕਮਾਉਣ ਦਾ ਝੱਲ ਸਵਾਰ ਕਰਦੀਆਂ ਹਨ। ਤੇ ਅਜਿਹਾ ਸਵਾਰ ਹੋਇਆ ਝੱਲ ਫਿਰ ਬੰਦੇ ਨੂੰ ਕਿੱਥੇ ਲਿਜਾ ਸੁੱਟਦਾ ਹੈ, ਉਹ ਅਸੀਂ ਪਿਛਲੇ ਹਫਤੇ ਫੜੇ ਗਏ ਤੂਰ ਜੋੜੇ ਦੀ ਦਸ਼ਾ ਤੋਂ ਦੇਖ ਸਕਦੇ ਹਾਂ।
ਸੋਹਣੀ ਜ਼ਿੰਦਗੀ ਜਿਉ ਰਿਹਾ ਇਹ ਜੋੜਾ ਹੁਣ ਆਪਣੇ ਕੁਕਰਮ ਕਰਕੇ ਜੇਲ੍ਹ ਦੀਆਂ ਸੀਖਾਂ ਪਿੱਛੇ ਜਾ ਪੁੱਜਿਆ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.