ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਖੱਟੀਆਂ-ਮਿੱਠੀਆਂ ਯਾਦਾਂ ਛੱਡ ਗਿਆ ਬੀਤਿਆ ਵਰ੍ਹਾ 2017
ਖੱਟੀਆਂ-ਮਿੱਠੀਆਂ ਯਾਦਾਂ ਛੱਡ ਗਿਆ ਬੀਤਿਆ ਵਰ੍ਹਾ 2017
Page Visitors: 2427

ਖੱਟੀਆਂ-ਮਿੱਠੀਆਂ ਯਾਦਾਂ ਛੱਡ ਗਿਆ ਬੀਤਿਆ ਵਰ੍ਹਾ 2017ਖੱਟੀਆਂ-ਮਿੱਠੀਆਂ ਯਾਦਾਂ ਛੱਡ ਗਿਆ ਬੀਤਿਆ ਵਰ੍ਹਾ 2017

December 27
11:15 2017
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਸੰਨ 2017 ਬਹੁਤ ਸਾਰੀਆਂ ਖੱਟੀਆਂ-ਮਿੱਠੀਆਂ ਯਾਦਾਂ ਛੱਡ ਕੇ ਬੀਤ ਗਿਆ ਹੈ। ਨਵੇਂ ਉਤਸ਼ਾਹ, ਨਵੀਆਂ ਉਮੀਦਾਂ ਨਾਲ ਅਸੀਂ ਸਾਲ 2018 ਨੂੰ ਖੁਸ਼ਆਮਦੀਦ ਕਹਿ ਰਹੇ ਹਾਂ। ਉੱਤਰੀ ਅਮਰੀਕਾ ਵਿਚ ਪੰਜਾਬੀ ਭਾਈਚਾਰੇ ਦਾ ਵਜੂਦ ਇਸ ਸਮੇਂ ਕਾਫੀ ਮਜ਼ਬੂਤ ਹੋ ਗਿਆ ਹੈ। ਅਮਰੀਕਾ ਅਤੇ ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਪੰਜਾਬੀਆਂ ਨੇ ਆਪਣੀ ਛਾਪ ਛੱਡਣੀ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਵਿਚ ਤਾਂ ਟੋਰਾਂਟੋ, ਵੈਨਕੂਵਰ ਤੇ ਕੈਲਗਰੀ ਵਿਚ ਵਸੋਂ ਘੱਟ ਹੁੰਦਿਆਂ ਵੀ ਪੰਜਾਬੀਆਂ ਨੇ ਸਿਆਸੀ ਅਤੇ ਵਪਾਰਕ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰਨੀਆਂ ਸ਼ੁਰੂ ਕੀਤੀਆਂ ਹਨ। ਇਸ ਦੇ ਨਾਲ-ਨਾਲ ਅਮਰੀਕਾ ਵਿਚ ਵੀ ਪੰਜਾਬੀਆਂ ਦਾ ਦਬਦਬਾ ਅਤੇ ਪ੍ਰਭਾਵ ਲਗਾਤਾਰ ਵਧ ਰਿਹਾ ਹੈ। ਨਵੰਬਰ ਮਹੀਨਾ ਸਿੱਖ ਜਾਗਰੂਕਤਾ ਮਹੀਨਾ ਵਜੋਂ ਮਨਾਏ ਜਾਣ ਦੇ ਜਸ਼ਨ ਵੀ ਇਸ ਗੱਲ ਦਾ ਪ੍ਰਤੱਖ ਸਬੂਤ ਹਨ ਕਿ ਕੈਲੀਫੋਰਨੀਆ ਦੀ ਧਰਤੀ ਉਪਰ ਸਾਡੇ ਲੋਕਾਂ ਨੇ ਇਥੋਂ ਦੇ ਸਰਬਪੱਖੀ ਵਿਕਾਸ ਵਿਚ ਬਹੁਤ ਹੀ ਅਹਿਮ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਹੈ। ਖੇਤੀ, ਟਰੱਕਿੰਗ, ਗੈਸ ਸਟੇਸ਼ਨ, ਹੋਟਲਿੰਗ, ਰੀਅਲ ਅਸਟੇਟ ਅਤੇ ਸੂਚਨਾ ਟੈਕਨਾਲੋਜੀ ਦੇ ਖੇਤਰ ਵਿਚ ਸਾਡੇ ਲੋਕਾਂ ਨੇ ਬੜਾ ਅਹਿਮ ਯੋਗਦਾਨ ਦਿਖਾਇਆ ਹੈ। ਬ੍ਰਿਟਿਸ਼ ਕੋਲੰਬੀਆ ਇਕ ਅਜਿਹਾ ਸੂਬਾ ਬਣ ਗਿਆ ਹੈ ਕਿ ਜਿਸ ਦੇ ਕੰਸਟਰਕਸ਼ਨ ਵਰਕ ਵਿਚ ਕਾਰਪੋਰੇਟ ਕੰਪਨੀਆਂ ਤੋਂ ਲੈ ਕੇ ਛੋਟੀਆਂ ਕੰਪਨੀਆਂ ਵਿਚ 90 ਫੀਸਦੀ ਤੋਂ ਵਧੇਰੇ ਕਾਰੋਬਾਰ ਪੰਜਾਬੀਆਂ ਦੇ ਹੱਥ ਹੈ। ਅਮਰੀਕਾ ਵਿਚ ਇਸ ਵਰ੍ਹੇ ਨਿਊਜਰਸੀ ਸੂਬੇ ਦੇ ਅਟਾਰਨੀ ਜਨਰਲ ਦਾ ਅਹੁਦਾ ਇਕ ਸਾਬਤ ਸੂਰਤ ਸਿੱਖ ਵੱਲੋਂ ਹਾਸਲ ਕੀਤਾ ਗਿਆ ਹੈ ਅਤੇ ਨਿਊਜਰਸੀ ਅਤੇ ਕੈਲੀਫੋਰਨੀਆ ਦੇ ਦੋ ਹੋਰ ਸ਼ਹਿਰਾਂ ਵਿਚ ਸਿੱਖ ਪ੍ਰਤੀਨਿਧਾਂ ਨੂੰ ਮੇਅਰ ਬਣਨ ਦਾ ਮਾਣ ਹਾਸਲ ਹੋਇਆ ਹੈ। ਅਮਰੀਕਾ ਦੀਆਂ ਸਿਆਸੀ ਸਰਗਰਮੀਆਂ ਵਿਚ ਵੀ ਸਾਡੇ ਲੋਕਾਂ ਦੀਆਂ ਸਰਗਰਮੀਆਂ ਪਹਿਲਾਂ ਨਾਲੋਂ ਵਧੇਰੇ ਦਿਖਣ ਲੱਗੀਆਂ ਹਨ। ਬਹੁਤ ਸਾਰੇ ਸਿੱਖਾਂ ਨੂੰ ਵੈਟਰਨਸ ਡੇਅ, ਮੈਮੋਰੀਅਲ ਡੇਅ ਵਰਗੇ ਸਮਾਗਮਾਂ ਵਿਚ ਸ਼ਾਮਲ ਹੁੰਦਿਆਂ ਵੀ ਵੇਖਿਆ ਜਾਣ ਲੱਗਾ ਹੈ। ਅਜਿਹੀਆਂ ਸਰਗਰਮੀਆਂ ਨਾਲ ਦੇਖਣ ਨੂੰ ਤਾਂ ਭਾਵੇਂ ਬਹੁਤ ਵੱਡੀ ਗੱਲ ਨਹੀਂ ਲੱਗਦੀ, ਪਰ ਇਸ ਨਾਲ ਸਿੱਖਾਂ ਦੀ ਪਛਾਣ ਬਾਰੇ ਭੁਲੇਖੇ ਦੂਰ ਹੋਣ ‘ਚ ਮਦਦ ਮਿਲਦੀ ਹੈ। ਦੂਸਰੇ ਭਾਈਚਾਰਿਆਂ ਦੇ ਲੋਕਾਂ ਨਾਲ ਸਾਡੇ ਸਮਾਜ ਦੀ ਨੇੜਤਾ ਅਤੇ ਸਹਿਚਾਰ ਵਧਦਾ ਹੈ। ਸਮੁੱਚੇ ਤੌਰ ‘ਤੇ ਸਿੱਖ ਪਛਾਣ ਨੂੰ ਸਥਾਪਿਤ ਕਰਨ ਬਾਰੇ ਕੀਤੀਆਂ ਸਰਗਰਮੀਆਂ ਦਾ ਆਮ ਗੋਰੀ ਵਸੋਂ ਉਪਰ ਪ੍ਰਭਾਵ ਵੀ ਪਿਆ ਨਜ਼ਰ ਆਉਂਦਾ ਹੈ। ਹਾਲਾਂਕਿ ਇਸ ਖੇਤਰ ਵਿਚ ਅਜੇ ਹੋਰ ਵੀ ਬਹੁਤ ਕੁੱਝ ਕਰਨ ਵਾਲਾ ਹੈ।
ਲੰਘੇ ਵਰ੍ਹੇ ਵਿਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਅਤੇ ਮਾਮਲੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੇ ਸਾਡੇ ਸਮਾਜ ਦੇ ਅਕਸ ਨੂੰ ਧੁੰਦਲਾ ਹੀ ਨਹੀਂ ਕੀਤਾ, ਸਗੋਂ ਸਾਡੇ ਮੱਥੇ ਉਪਰ ਕਲੰਕ ਲੱਗਣ ਵਾਲੀ ਗੱਲ ਹੈ। ਉੱਤਰੀ ਅਮਰੀਕਾ ਵਿਚ ਆਮ ਕਰਕੇ ਸਿੱਖਾਂ ਨੂੰ ਸ਼ਾਂਤ ਸੁਭਾਅ ਦੇ ਅਮਨ ਪਸੰਦ ਲੋਕਾਂ ਵਿਚ ਗਿਣਿਆ ਜਾਂਦਾ ਹੈ ਅਤੇ ਇਹ ਗੱਲ ਵੀ ਆਮ ਪ੍ਰਚਲਿਤ ਹੈ ਕਿ ਸਿੱਖਾਂ ਦੀ ਗਿਣਤੀ ਸਿਰੜੀ ਅਤੇ ਮਿਹਨਤੀ ਕਾਮਿਆਂ ਵਿਚ ਦਰਜ ਹੁੰਦੀ ਹੈ। ਪਰ ਇਸ ਵਰ੍ਹੇ ਅਮਰੀਕਾ ਤੋਂ ਕੈਨੇਡਾ ਨੂੰ ਡਰੱਗਜ਼ ਸਮਗਲ ਕਰਨ ਦੇ ਆਏ ਮਾਮਲਿਆਂ ਨੇ ਸਾਡੀ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੇ ਕਈ ਤਰ੍ਹਾਂ ਦੇ ਭੁਲੇਖੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ 1 ਮਹੀਨੇ ਵਿਚ ਹੀ ਪਹਿਲਾਂ ਇਕ ਸਿੱਖ ਨੌਜਵਾਨ ਪਤੀ-ਪਤਨੀ ਨੂੰ 1 ਕੁਇੰਟਲ ਕੋਕੀਨ ਟਰੱਕ ਵਿਚ ਲੁਕੋ ਕੇ ਲਿਜਾਂਦਿਆਂ ਅਲਬਰਟਾ ਸੂਬੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਕੁੱਝ ਦਿਨ ਬਾਅਦ ਟਰੱਕ ਵਿਚ ਲੱਦ ਕੇ 21 ਕਿੱਲੋ ਕੋਕੀਨ ਦੀਆਂ ਇੱਟਾਂ ਲਿਜਾ ਰਹੇ ਇਕ ਹੋਰ ਨੌਜਵਾਨ ਨੂੰ ਅਲਬਰਟਾ ਵਿਚ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਨੀ ਵੱਡੀ ਮਾਤਰਾ ਵਿਚ ਡਰੱਗ ਦੀ ਢੋਅ-ਢੁਆਈ ਵਿਚ ਪੰਜਾਬੀ ਨੌਜਵਾਨਾਂ ਦੀ ਸ਼ਮੂਲੀਅਤ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਸ਼ਰਮੋਸਾਰ ਵੀ ਕੀਤਾ ਹੈ ਅਤੇ ਚਿੰਤਾ ਵੀ ਵਧਾਈ ਹੈ। ਡਰੱਗ ਸਮਗਲਿੰਗ ਦੀਆਂ ਇਹ ਵੱਡੀਆਂ ਘਟਨਾਵਾਂ ਕੋਈ ਇੱਕਾ-ਦੁੱਕਾ ਨਹੀਂ ਹਨ, ਇਸ ਤੋਂ ਪਹਿਲਾਂ ਵੀ ਡਰੱਗ ਸਮਗਲਿੰਗ ਦੇ ਮਾਮਲੇ ਵਿਚ ਪੰਜਾਬੀ ਨੌਜਵਾਨ ਪਕੜੇ ਜਾਂਦੇ ਰਹੇ ਹਨ। ਆਮ ਕਿਹਾ ਜਾਂਦਾ ਹੈ ਕਿ ਪਕੜੀ ਗਈ ਡਰੱਗ ਅਤੇ ਦੋਸ਼ੀ ਤਾਂ ਬਹੁਤ ਹੀ ਮਾਮੂਲੀ ਗਿਣਤੀ ਹੈ। ਜੋ ਲੋਕ ਚੁਤਰਾਈ ਨਾਲ ਇਹ ਧੰਦਾ ਜਾਰੀ ਰੱਖ ਰਹੇ ਹਨ, ਉਨ੍ਹਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ। ਡਰੱਗ ਸਮਗਲਿੰਗ ਕਾਰਨ ਪੰਜਾਬੀ ਨੌਜਵਾਨਾਂ ਨੇ ਵੀ ਗੈਂਗਸਟਰ ਬਣਾ ਰੱਖੇ ਹਨ। ਅਜਿਹੇ ਗੈਂਗਸਟਰ ਗਰੁੱਪਾਂ ਦੀ ਆਪਸੀ ਲੜਾਈ ਵਿਚ ਇਕੱਲੇ ਵੈਨਕੂਵਰ ਵਿਚ ਹੀ ਬਹੁਤ ਸਾਰੇ ਪੰਜਾਬੀ ਨੌਜਵਾਨ ਮੁੰਡੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਅਮਨ ਅਤੇ ਮਿਹਨਤੀ ਸੁਭਾਅ ਨਾਲ ਜਾਣੇ-ਜਾਂਦੇ ਸਾਡੇ ਭਾਈਚਾਰੇ ਬਾਰੇ ਉੱਭਰ ਰਿਹਾ ਇਹ ਨਵਾਂ ਅਕਸ ਬੇਹੱਦ ਖਤਰਨਾਕ ਰੁਝਾਨ ਹੈ ਅਤੇ ਸਾਡੇ ਸਮਾਜ ਦੇ ਮੱਥੇ ਉਪਰ ਵੱਡਾ ਕਲੰਕ ਹੈ। ਸਾਡੇ ਸਮਾਜ ਨੂੰ ਇਸ ਲਾਹਨਤ ਤੋਂ ਬਚਣ ਲਈ ਚੌਕਸ ਹੋਣਾ ਪਵੇਗਾ ਅਤੇ ਆਪਣੀ ਨਵੀਂ ਪੀੜ੍ਹੀ ਨੂੰ ਅਜਿਹੇ ਰੁਝਾਨਾਂ ਦੇ ਖਤਰਨਾਕ ਨਤੀਜਿਆਂ ਬਾਰੇ ਜਾਣੂ ਕਰਵਾਉਣਾ ਪਵੇਗਾ।
ਦੂਜਾ ਅਹਿਮ ਮਸਲਾ ਸਾਡੇ ਗੁਰਦੁਆਰਿਆਂ ਵਿਚ ਪ੍ਰਬੰਧਕਾਂ ਦੀਆਂ ਲੜਾਈਆਂ ਇਸ ਵਰ੍ਹੇ ਵੀ ਜਾਰੀ ਰਹੀਆਂ ਹਨ। ਮਨੁੱਖੀ ਭਲੇ, ਆਪਸੀ ਭਾਈਚਾਰੇ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਵਾਲੇ ਗੁਰੂਘਰਾਂ ਵਿਚ ਆਪਣੀ ਚੌਧਰ ਕਾਇਮ ਰੱਖਣ ਲਈ ਲੜਾਈ-ਝਗੜਿਆਂ ਦੀ ਲੜੀ ਗੁਰੂਆਂ ਦੇ ਉਪਦੇਸ਼ ਦੇ ਉਲਟ ਹੈ। ਉੱਤਰੀ ਅਮਰੀਕਾ ਵਿਚ ਬਣੇ ਗੁਰੂ ਘਰ ਸਮੁੱਚੇ ਪ੍ਰਵਾਸੀ ਪੰਜਾਬੀਆਂ ਦੀਆਂ ਸਰਗਰਮੀਆਂ ਦਾ ਅਹਿਮ ਕੇਂਦਰ ਹਨ। ਇਨ੍ਹਾਂ ਕੇਂਦਰਾਂ ਵਿਚ ਜੋ ਵੀ ਸਰਗਰਮੀ ਹੁੰਦੀ ਹੈ, ਉਸ ਦਾ ਸਾਡੇ ਸਮਾਜ ਉਪਰ ਹੀ ਨਹੀਂ, ਸਗੋਂ ਉਸ ਖੇਤਰ ਵਿਚ ਵਸਦੇ ਹੋਰ ਲੋਕਾਂ ਉਪਰ ਵੀ ਡੂੰਘਾ ਪ੍ਰਭਾਵ ਪੈਂਦਾ ਹੈ। ਲੰਘੇ ਵਰ੍ਹੇ ਇਕ-ਦੋ ਗੁਰੂ ਘਰਾਂ ਵਿਚ ਤਾਂ ਪ੍ਰਬੰਧਾਂ ਨੂੰ ਲੈ ਕੇ ਹੋਏ ਝਗੜੇ ਵਿਚ ਨਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗਾਲੀ-ਗਲੋਚ ਅਤੇ ਕੁੱਟਮਾਰ ਹੀ ਹੋਈ, ਸਗੋਂ ਦਰਜ ਪੁਲਿਸ ਕੇਸਾਂ ‘ਚ ਜੇਲ੍ਹਾਂ ਵਿਚ ਵੀ ਜਾਣਾ ਪਿਆ। ਅਜਿਹਾ ਹੋਣਾ ਸਾਡੇ ਲਈ ਨਮੋਸ਼ੀ ਵਾਲੀ ਗੱਲ ਹੈ। ਗੁਰੂ ਘਰਾਂ ਦੇ ਪ੍ਰਬੰਧ ਲਈ ਸਭਨਾਂ ਨੂੰ ਸੂਝ-ਬੂਝ ਅਤੇ ਇਕਮਤ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਪਿਛਲਾ ਵਰ੍ਹੇ ‘ਚ ਸੋਸ਼ਲ ਮੀਡੀਏ ਕਾਰਨ ਆਪਸੀ ਭਾਈਚਾਰੇ ਵਿਚ ਦੂਰੀਆਂ ਵਧੀਆਂ ਹਨ। ਸੋਸ਼ਲ ਮੀਡੀਆ ਇਸ ਵੇਲੇ ਨਿਰਪੱਖਤਾ ਅਤੇ ਆਜ਼ਾਦੀ ਨਾਲ ਗੱਲ ਕਰਨ ਦਾ ਇਕ ਤਕੜਾ ਹਥਿਆਰ ਬਣ ਕੇ ਉਭਰਿਆ ਹੈ। ਜਿੱਥੇ ਇਸ ਮੀਡੀਏ ਦੇ ਚੰਗੇ ਪੱਖ ਸਾਹਮਣੇ ਆ ਰਹੇ ਹਨ, ਉਥੇ ਕੁੱਝ ਲੋਕ ਇਸ ਮੀਡੀਏ ਨੂੰ ਆਪਣੀ ਨਿੱਜੀ ਲੋੜਾਂ ਪੂਰੀਆਂ ਕਰਨ ਦਾ ਹਥਿਆਰ ਬਣਾ ਰਹੇ ਹਨ। ਅਸੀਂ ਦੇਖਿਆ ਹੈ ਕਿ ਸੋਸ਼ਲ ਮੀਡੀਆ ਵਿਚ ਧਰਮ ਦੇ ਪ੍ਰਚਾਰ ਜਾਂ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਦੇ ਪ੍ਰਸਾਰ ਜਾਂ ਫਿਰ ਵਿਰਾਸਤ ਦੇ ਲੋਕਾਂ ਵਿਚ ਪ੍ਰਚਾਰ ਦੀ ਥਾਂ ਇਸ ਮੀਡੀਏ ਰਾਹੀਂ ਆਪਣੀ ਹਊਮੈ ਪੂਰੀ ਕਰਨ ਦਾ ਯਤਨ ਕੀਤਾ ਜਾਂਦਾ ਹੈ। ਇਥੋਂ ਤੱਕ ਸੋਸ਼ਲ ਮੀਡੀਏ ਰਾਹੀਂ ਗਾਲੀ-ਗਲੋਚ ਅਤੇ ਬੇਹਦ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਾਂ ਫਿਰ ਕਈ ਵਾਰ ਤਾਂ ਕੁੱਝ ਲੋਕਾਂ ਵੱਲੋਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ, ਇਕ-ਦੂਜੇ ਦੇ ਪਰਿਵਾਰਾਂ ਤੱਕ ਨੂੰ ਇਸ ਮਾਮਲੇ ਵਿਚ ਘੜੀਸ ਲਿਆ ਜਾਂਦਾ ਹੈ। ਸੋਸ਼ਲ ਮੀਡੀਆ ਇਕ ਅਜਿਹਾ ਆਧਾਰ ਹੈ, ਜਿੱਥੇ ਹਰ ਕੋਈ ਆਪਣੀ ਗੱਲ ਨਿਰਪੱਖਤਾ ਅਤੇ ਆਜ਼ਾਦੀ ਨਾਲ ਖੁੱਲ੍ਹ ਕੇ ਕਰ ਸਕਦਾ ਹੈ। ਕਿਸੇ ਉਪਰ ਵੀ ਕਿਸੇ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ। ਇਸ ਮੀਡੀਏ ਉਪਰ ਕੋਈ ਸਰਕਾਰੀ ਪਾਬੰਦੀ ਨਹੀਂ। ਫੇਸਬੁੱਕ, ਟਵਿਟਰ ਅਤੇ ਹੋਰਨਾਂ ਐਪਸ ਰਾਹੀਂ ਪੂਰੀ ਦੁਨੀਆਂ ਵਿਚ ਕਿਤੇ ਵੀ ਬੈਠਾ ਬੰਦਾ ਇਕ-ਦੂਜੇ ਤੱਕ ਆਪਦੀ ਗੱਲ ਪਹੁੰਚਾ ਸਕਦਾ ਹੈ। ਅਜਿਹੇ ਮੀਡੀਏ ਦੀ ਆਪ-ਹੁਦਰੇ ਢੰਗ ਨਾਲ ਨਿੱਜੀ ਖਹਾਇਸ਼ਾਂ ਲਈ ਵਰਤੋਂ ਬੇਹੱਦ ਮੰਦਭਾਗੀ ਹੈ। ਲੋੜ ਇਹ ਹੈ ਕਿ ਅਜਿਹੇ ਮੀਡੀਏ ਰਾਹੀਂ ਅਸੀਂ ਅਜਿਹਾ ਕੁੱਝ ਸਾਹਮਣੇ ਲਿਆ ਸਕੀਏ, ਜੋ ਸਮੁੱਚੇ ਸਮਾਜ ਲਈ ਲਾਹੇਵੰਦ ਹੋਵੇ ਅਤੇ ਹਰ ਮਨੁੱਖ ਦੀ ਜ਼ਰੂਰਤ ਪੂਰੀ ਕਰਨ ਵਾਲਾ ਹੋਵੇ।
ਲੰਘੇ ਵਰ੍ਹੇ ‘ਚ ਅਮਰੀਕਾ ਵਿਚ ਰੁਜ਼ਗਾਰ ਦੀ ਭਾਲ ਵਿਚ ਆਏ ਅੱਧੀ ਦਰਜਨ ਦੇ ਕਰੀਬ ਪੰਜਾਬੀ ਨੌਜਵਾਨ ਦੁਕਾਨਾਂ ਉਪਰ ਕੰਮ ਕਰਦੇ ਸਮੇਂ ਗੋਲੀਆਂ ਦਾ ਸ਼ਿਕਾਰ ਹੋ ਗਏ। ਇਹ ਪੰਜਾਬੀ ਨੌਜਵਾਨ ਸਾਰੇ ਹੀ ਚੜ੍ਹਦੀ ਉਮਰ ਵਾਲੇ ਸਨ। ਪਿਛਲੇ ਸਾਲ ਹੋਈਆਂ ਇਹ ਘਟਨਾਵਾਂ ਬੇਹੱਦ ਮੰਦਭਾਗੀਆਂ ਸਨ।
ਲੰਘੇ ਵਰ੍ਹੇ ਵਿਚ ਸਿੱਖਾਂ ਵੱਲੋਂ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਉਭਾਰ ਆਇਆ ਹੈ। ਕੈਲੀਫੋਰਨੀਆ ਤੇ ਇਸ ਦੇ ਆਸ-ਪਾਸ ਦੇ ਰਾਜਾਂ ਵਿਚ ‘ਹਾਰਵੇ’ ਤੂਫਾਨ ਅਤੇ ਵੱਡੀ ਪੱਧਰ ‘ਤੇ ਅੱਗਾਂ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਅੱਗਾਂ ਲੱਗਣ ਦੀਆਂ ਘਟਨਾਵਾਂ ਕਾਰਨ ਬਹੁਤ ਸਾਰੇ ਲੋਕ ਘਰੋਂ-ਬੇਘਰ ਹੋ ਗਏ ਸਨ। ਸਿੱਖਾਂ ਵੱਲੋਂ ਬੇਘਰੇ ਲੋਕਾਂ ਨੂੰ ਲੰਗਰ ਅਤੇ ਆਰਜ਼ੀ ਘਰਾਂ ਦੀ ਸਹੂਲਤ ਦੀ ਵੱਡੀ ਪੱਧਰ ਉੱਤੇ ਉਪਰਾਲੇ ਕੀਤੇ ਗਏ। ਅਜਿਹੇ ਉਪਰਾਲਿਆਂ ਦੀ ਪੂਰੇ ਸਮਾਜ ਵੱਲੋਂ ਸਰਾਹਣਾ ਕੀਤੀ ਗਈ। ਇਹ ਬੜਾ ਚੰਗਾ ਪੱਖ ਹੈ। ਸਾਡੇ ਸਮਾਜ ਨੂੰ ਗੁਰੂਆਂ ਵੱਲੋਂ ਦਿੱਤੀ ਇਸ ਦਾਤ ਨੂੰ ਲਗਾਤਾਰ ਅੱਗੇ ਵਧਾਉਣਾ ਚਾਹੀਦਾ ਹੈ। ਸਾਡੇ ਸਮਾਜ ਦੇ ਅਜਿਹੇ ਸਾਂਝੇ ਯਤਨ ਸਾਡੇ ਭਾਈਚਾਰੇ ਦਾ ਅਕਸ ਨਿਖਾਰਨ ਵਿਚ ਅਤੇ ਸਿੱਖ ਪਛਾਣ ਨੂੰ ਸਥਾਪਤ ਕਰਨ ਵਿਚ ਵੱਡਾ ਰੋਲ ਅਦਾ ਕਰ ਸਕਦੇ ਹਨ। ਨਵਾਂ ਵਰ੍ਹਾ ਸਾਡੇ ਅਜਿਹੇ ਯਤਨਾਂ ਨੂੰ ਹੋਰ ਪ੍ਰਫੁਲਿਤ ਕਰੇ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਆਉਣ ਵਾਲਾ ਵਰ੍ਹਾ ਸਮੁੱਚੇ ਭਾਈਚਾਰੇ ਲਈ ਖੁਸ਼ੀਆਂ-ਖੇੜੇ ਲੈ ਕੇ ਆਵੇ ਅਤੇ ਆਪਸੀ ਸਾਂਝ ਮਜ਼ਬੂਤ ਹੋਵੇ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.