ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਕੈਲੀਫੋਰਨੀਆ ਵਿਚ ਪੰਜਾਬੀ ਭਾਸ਼ਾ ਨੂੰ ਕਦਮ-ਬ-ਕਦਮ ਲੱਗ ਰਹੇ ਨੇ ਚਾਰ ਚੰਨ੍ਹ
ਕੈਲੀਫੋਰਨੀਆ ਵਿਚ ਪੰਜਾਬੀ ਭਾਸ਼ਾ ਨੂੰ ਕਦਮ-ਬ-ਕਦਮ ਲੱਗ ਰਹੇ ਨੇ ਚਾਰ ਚੰਨ੍ਹ
Page Visitors: 2515

ਕੈਲੀਫੋਰਨੀਆ ਵਿਚ ਪੰਜਾਬੀ ਭਾਸ਼ਾ ਨੂੰ ਕਦਮ-ਬ-ਕਦਮ ਲੱਗ ਰਹੇ ਨੇ ਚਾਰ ਚੰਨ੍ਹਕੈਲੀਫੋਰਨੀਆ ਵਿਚ ਪੰਜਾਬੀ ਭਾਸ਼ਾ ਨੂੰ ਕਦਮ-ਬ-ਕਦਮ ਲੱਗ ਰਹੇ ਨੇ ਚਾਰ ਚੰਨ੍ਹ

January 10
10:30 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪ੍ਰਵਾਸੀ ਪੰਜਾਬੀਆਂ ਦੀ ਵਧੇਰੇ ਵਸੋਂ ਵਾਲੇ ਸੂਬੇ ਕੈਲੀਫੋਰਨੀਆ ਵਿਚ ਸਾਡੀ ਪੰਜਾਬੀ ਜ਼ੁਬਾਨ ਨੂੰ ਵੀ ਕਦਮ-ਬ-ਕਦਮ ਚਾਰ ਚੰਨ੍ਹ ਲੱਗ ਰਹੇ ਹਨ। ਸਾਡੇ ਲੋਕਾਂ ਵੱਲੋਂ ਕੀਤੇ ਜਾ ਰਹੇ ਸੁਹਿਰਦ ਯਤਨਾਂ ਅਤੇ ਕੈਲੀਫੋਰਨੀਆ ਦੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਿੱਖ ਭਾਈਚਾਰੇ ਦੀਆਂ ਆਸ਼ਾਵਾਂ ਅਤੇ ਕੈਲੀਫੋਰਨੀਆ ਸੂਬੇ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਧਿਆਨ ਵਿਚ ਰੱਖਦਿਆਂ ਲਗਾਤਾਰ ਪੰਜਾਬੀ ਜ਼ੁਬਾਨ ਨੂੰ ਹਰ ਪੱਧਰ ‘ਤੇ ਮਾਨਤਾ ਦਿੱਤੇ ਜਾਣ ਦਾ ਸਿਲਸਿਲਾ ਚੱਲ ਰਿਹਾ ਹੈ। ਪਿਛਲੇ ਹਫਤੇ ਕੈਲੀਫੋਰਨੀਆ ਸਰਕਾਰ ਨੇ ਚੋਣਾਂ ਮੌਕੇ ਬੈਲਟ ਪੇਪਰ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਦਾ ਐਲਾਨ ਕੀਤਾ ਹੈ। ਸੈਕਟਰੀ ਆਫ ਸਟੇਟ ਐਲਕਸ ਪਡੀਲਾ ਨੇ ਐਲਾਨ ਕੀਤਾ ਹੈ ਕਿ 2018 ‘ਚ ਹੋਣ ਵਾਲੀਆਂ ਚੋਣਾਂ ਦੌਰਾਨ ਵੋਟ ਪ੍ਰਕਿਰਿਆ ਵਿਚ ਪੰਜਾਬੀ ਭਾਸ਼ਾ ਵੀ ਅੰਗਰੇਜ਼ੀ ਭਾਸ਼ਾ ਵਾਂਗ ਵਰਤੀ ਜਾਵੇਗੀ। ਭਾਵ ਕੈਲੀਫੋਰਨੀਆ ਸਟੇਟ ਵਿਚ ਹੋਣ ਵਾਲੀਆਂ ਚੋਣਾਂ ਦੌਰਾਨ ਵੋਟਰ ਸੂਚੀਆਂ, ਬੈਲਟ ਪੇਪਰ ਅਤੇ ਹੋਰ ਸਮੱਗਰੀ ਉਪਰ ਪੰਜਾਬੀ ਭਾਸ਼ਾ ਵਿਚ ਵੀ ਜਾਣਕਾਰੀ ਮਿਲੇਗੀ। ਉਂਝ ਕੈਲੀਫੋਰਨੀਆ ਸਟੇਟ ਨੇ ਪੰਜਾਬੀ ਦੇ ਨਾਲ-ਨਾਲ, ਮੋਂਗ (Hmong),, ਸੀਰੀਅਨ, ਆਰਮੇਨੀਅਨ, ਪਰਸ਼ੀਅਨ ਅਤੇ ਅਰਬੀ ਸਮੇਤ ਕੁੱਲ 6 ਹੋਰ ਭਾਸ਼ਾਵਾਂ ਨੂੰ ਚੋਣਾਂ ਵਿਚ ਮਾਨਤਾ ਪ੍ਰਾਪਤ ਭਾਸ਼ਾਵਾਂ ਵਜੋਂ ਦਰਜ ਕੀਤਾ ਹੈ। ਅਹਿਮ ਗੱਲ ਇਹ ਹੈ ਕਿ ਕੈਲੀਫੋਰਨੀਆ ਦੇ ਪ੍ਰਸ਼ਾਸਨ ਨੇ ਇਹ ਗੱਲ ਯਕੀਨੀ ਬਣਾਈ ਹੈ ਕਿ ਵੋਟ ਦੇ ਅਧਿਕਾਰ ਦਾ ਹਕੀਕੀ ਰੂਪ ਵਿਚ ਲੋਕਾਂ ਨੂੰ ਲਾਭ ਤਾਂ ਹੀ ਮਿਲਦਾ ਹੈ, ਜੇਕਰ ਇਹ ਹੱਕ ਇਸਤੇਮਾਲ ਕਰਨ ਲਈ ਉਨ੍ਹਾਂ ਦੀ ਆਪਣੀ ਭਾਸ਼ਾ ਵਿਚ ਚੋਣ ਸਮੱਗਰੀ ਉਪਲੱਬਧ ਕਰਵਾਈ ਜਾਵੇ। ਸੈਕਟਰੀ ਆਫ ਸਟੇਟ ਐਲਕਸ ਪਡੀਲਾ ਨੇ ਵੀ ਜ਼ੋਰ ਦੇ ਕੇ ਕਿਹਾ ਹੈ ਕਿ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਫੇਰ ਯਕੀਨੀ ਬਣਾਈ ਜਾ ਸਕਦੀ ਹੈ, ਜੇਕਰ ਸਾਰੀ ਚੋਣ ਸਮੱਗਰੀ ਉਨ੍ਹਾਂ ਦੀ ਆਪਣੀ ਭਾਸ਼ਾ ਵਿਚ ਜਾਰੀ ਕੀਤੀ ਜਾਵੇ। 2018 ਤੋਂ ਕੈਲੀਫੋਰਨੀਆ ‘ਚ ਹੋਣ ਵਾਲੀਆਂ ਸਭਨਾਂ ਚੋਣਾਂ ਵਿਚ ਪੰਜਾਬੀਆਂ ਨੂੰ ਚੋਣ ਸਮੱਗਰੀ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿਚ ਵੀ ਹਾਸਲ ਹੋ ਸਕੇਗੀ। ਇਹ ਗੱਲ ਆਪਣੇ ਆਪ ਵਿਚ ਬੜੀ ਵੱਡੀ ਪ੍ਰਾਪਤੀ ਹੈ। ਅਮਰੀਕਾ ਵਿਚ ਪੰਜਾਬੀਆਂ ਨੂੰ ਆਇਆਂ ਲਗਭਗ ਸਵਾ ਕੁ 100 ਸਾਲ ਬੀਤ ਗਏ ਹਨ। ਪੰਜਾਬੀਆਂ ਨੇ ਇਥੋਂ ਦੇ ਸਮਾਜ ਵਿਚ ਪੂਰੀ ਤਰ੍ਹਾਂ ਪੈਰ ਜਮ੍ਹਾ ਲਏ ਹਨ। ਸਾਡੇ ਲੋਕਾਂ ਨੂੰ ਹੁਣ ਇਥੇ ਜਲਵਾਯੂ, ਬਿਗਾਨੇ ਸੱਭਿਆਚਾਰ ਜਾਂ ਨਸਲੀ ਵਿਤਕਰੇ ਵਰਗੀਆਂ ਸਮੱਸਿਆਵਾਂ ਦਾ ਘੱਟ ਹੀ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਵਧੇਰੇ ਹੁਣ ਇਨ੍ਹਾਂ ਥਾਵਾਂ ਉਪਰ ਆਪਣੀ ਵਿਰਾਸਤ, ਇਤਿਹਾਸ, ਸੱਭਿਆਚਾਰ ਅਤੇ ਜ਼ੁਬਾਨ (ਬੋਲੀ) ਦਾ ਪ੍ਰਭਾਵ ਛੱਡਣਾ ਵਧੇਰੇ ਮਹੱਤਵ ਅਖਤਿਆਰ ਕਰਨ ਲੱਗ ਪਿਆ ਹੈ। ਦੁਨੀਆਂ ਭਰ ਵਿਚ ਸਾਰੇ ਹੀ ਛੋਟੇ-ਵੱਡੇ ਸਮਾਜਾਂ ਦੇ ਲੋਕ ਆਪਣੀ ਕੌਮੀ ਸ਼ਨਾਖਤ ਸਥਾਪਿਤ ਕਰਨ ਲਈ ਯਤਨਸ਼ੀਲ ਹਨ। ਦੁਨੀਆਂ ਭਰ ਵਿਚ ਇਹ ਦੌਰ ਹੀ ਅਜਿਹਾ ਹੈ, ਜਦ ਕੌਮੀ ਸ਼ਨਾਖਤ ਪੈਦਾ ਕਰਨ ਲਈ ਖੁੱਲ੍ਹਾ ਮਾਹੌਲ ਵੀ ਮਿਲ ਰਿਹਾ ਹੈ। ਕੈਲੀਫੋਰਨੀਆ ਵਿਚ ਅਸੀਂ ਦੇਖਦੇ ਹਾਂ ਕਿ ਸਿੱਖਾਂ ਨੇ ਸਮਾਜਿਕ ਭਾਈਚਾਰੇ ਵਜੋਂ ਆਪਣੇ ਪੈਰ ਪਸਾਰਨ ਵਿਚ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ, ਅਤੇ ਹੁਣ ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵੀ ਆਪਣੀ ਹੋਂਦ ਅਤੇ ਹਸਤੀ ਨੂੰ ਸਥਾਪਿਤ ਕਰਨ ਵਿਚ ਅੱਗੇ ਵਧ ਰਹੇ ਹਾਂ।
ਪਿਛਲੇ ਦਿਨੀਂ ‘ਯੂਨੀਵਰਸਿਟੀ ਆਫ ਕੈਲੀਫੋਰਨੀਆ, ਡੇਵਿਸ’ (University of California, DAVIS) ਦੇ ਦੱਖਣੀ ਏਸ਼ੀਆਈ ਭਾਸ਼ਾਈ ਵਿਭਾਗ ਵੱਲੋਂ ਯੂਨੀਵਰਸਿਟੀ ਵਿਚ ਪੰਜਾਬੀ ਦੀ ਚੇਅਰ ਸਥਾਪਿਤ ਕਰਨ ਦਾ ਹੰਭਲਾ ਆਰੰਭ ਕੀਤਾ ਗਿਆ ਹੈ। ਯੂਨੀਵਰਸਿਟੀ ਵਿਚ ਚੇਅਰ ਸਥਾਪਿਤ ਕਰਨ ਲਈ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰ ਲਈਆਂ ਗਈਆਂ ਹਨ। ਚੇਅਰ ਸਥਾਪਿਤ ਹੋਣ ਤੋਂ ਬਾਅਦ ਅਗਲੇ ਪੜਾਅ ਵਜੋਂ ਯੂਨੀਵਰਸਿਟੀ ਦੀਆਂ ਸਮੁੱਚੀਆਂ ਕਲਾਸਾਂ ਦੇ ਸਿਲੇਬਸ ਵਿਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਵੀ ਵਿਸ਼ੇ ਦੇ ਤੌਰ ‘ਤੇ ਸ਼ਾਮਲ ਕੀਤਾ ਜਾਵੇਗਾ। ਇਸ ਤਰ੍ਹਾਂ ‘ਯੂਨੀਵਰਸਿਟੀ ਆਫ ਕੈਲੀਫੋਰਨੀਆ, ਡੇਵਿਸ’ ਵਿਚ ਪੜ੍ਹਨ ਵਾਲੇ ਸਮੁੱਚੇ ਵਿਦਿਆਰਥੀਆਂ ਲਈ ਪੰਜਾਬੀ ਜ਼ੁਬਾਨ ਸਿੱਖਣ ਅਤੇ ਪੰਜਾਬੀ ਸੱਭਿਆਚਾਰ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੜ੍ਹਾਈ ਦਾ ਦਰਵਾਜ਼ਾ ਖੁੱਲ੍ਹ ਜਾਵੇਗਾ।
ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਡੇਵਿਸ ਯੂਨੀਵਰਸਿਟੀ ਵਿਚ ਪੰਜਾਬੀ ਚੇਅਰ ਸਥਾਪਿਤ ਕਰਨ ਲਈ ਘੱਟੋ-ਘੱਟ ਚਾਰ ਮਿਲੀਅਨ ਡਾਲਰ ਦਾ ਖਰਚਾ ਦੱਸਿਆ ਗਿਆ ਸੀ ਅਤੇ ਪੰਜਾਬੀ ਭਾਈਚਾਰੇ ਨੇ ਇਕੋ ਸਮਾਗਮ ਕਰਵਾ ਕੇ 2 ਲੱਖ, 20 ਹਜ਼ਾਰ ਡਾਲਰ ਇਕੱਠੇ ਕਰਕੇ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਸੌਂਪ ਦਿੱਤੇ ਹਨ। ਕੈਲੀਫੋਰਨੀਆ ਵਸਦੇ ਪੰਜਾਬੀ ਪਿਆਰਿਆਂ ਵਿਚ ਇੰਨਾ ਉਤਸ਼ਾਹ ਹੈ ਕਿ ਉਹ ਜਲਦੀ ਹੀ ਸਾਰਾ ਫੰਡ ਇਕੱਤਰ ਕਰਨ ਦੇ ਯਤਨਾਂ ਵਿਚ ਲੱਗੇ ਹੋਏ ਹਨ।
ਪੂਰੇ ਕੈਲੀਫੋਰਨੀਆ ਵਿਚ ਵਸਦੇ ਸਿੱਖਾਂ ਅੰਦਰ ਆਪਣੀ ਜ਼ੁਬਾਨ ਅਤੇ ਸੱਭਿਆਚਾਰ ਬਾਰੇ ਜਾਗ੍ਰਿਤੀ ਵੀ ਦਿਨੋਂ-ਦਿਨ ਵਧ ਰਹੀ ਹੈ। ਸਾਡੇ ਲੋਕਾਂ ਵਿਚ ਆਪਣੇ ਸੱਭਿਆਚਾਰ ਨਾਲ ਜੁੜਨ ਦਾ ਇਕ ਵੱਖਰਾ ਅੰਦਾਜ਼ ਹੈ। ਕੈਲੀਫੋਰਨੀਆ ਦੀ ਧਰਤੀ ਉਪਰ ਪੰਜਾਬੀ ਗਾਇਕਾਂ ਦੇ ਲੱਗਦੇ ਅਖਾੜੇ, ਕਬੱਡੀ ਦੇ ਮੇਲੇ ਅਤੇ ਸਾਉਣ ਦੀਆਂ ਤੀਆਂ ਦੇ ਮੇਲੇ ਸਾਡੇ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਗੁਰੂ ਘਰਾਂ ਵਿਚ ਹੁੰਦੇ ਕੀਰਤਨ ਅਤੇ ਫਿਰ ਬੜੀ ਸ਼ਾਨੋ-ਸ਼ੌਕਤ ਨਾਲ ਵਿਲੱਖਣ ਢੰਗ ਨਾਲ ਕੱਢੇ ਜਾਂਦੇ ਨਗਰ ਕੀਰਤਨ ਸਾਡੇ ਸੱਭਿਆਚਾਰ ਦਾ ਬਹੁਤ ਹੀ ਵੱਡਾ ਸੰਜੀਵ ਅੰਗ ਹਨ। ਇਹ ਸਾਡੇ ਸੱਭਿਆਚਾਰ ਦੀ ਬੋਲਦੀ ਤਸਵੀਰ ਹੈ। ਇਨ੍ਹਾਂ ਮੁਲਕਾਂ ਵਿਚ ਅਸੀਂ ਸੱਭਿਆਚਾਰ ਦੇ ਇਨ੍ਹਾਂ ਝਲਕਾਰਿਆਂ ਰਾਹੀਂ ਜਿੱਥੇ ਆਪਣੀ ਮਾਨਸਿਕ ਤ੍ਰਿਪਤੀ ਤਾਂ ਪੂਰੀ ਕਰਦੇ ਹੀ ਹਾਂ, ਉਥੇ ਹੋਰਨਾਂ ਸਮਾਜਾਂ ਦੇ ਲੋਕਾਂ ਨੂੰ ਵੀ ਜਾਗ੍ਰਿਤ ਕਰਨ ਵਿਚ ਸਹਾਈ ਹੁੰਦੇ ਹਾਂ।
ਕੈਲੀਫੋਰਨੀਆ ਸਰਕਾਰ ਨੇ ਸਕੂਲੀ ਸਿਲੇਬਸ ਵਿਚ ਵੀ ਪੰਜਾਬੀ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਬੈਂਕਾਂ, ਵਿੱਤੀ ਸੰਸਥਾਵਾਂ ਅਤੇ ਬਹੁਤ ਸਾਰੇ ਸਰਕਾਰੀ ਅਦਾਰਿਆਂ ਵਿਚ ਵੀ ਪੰਜਾਬੀ ‘ਚ ਜਾਣਕਾਰੀ ਦਿੱਤੇ ਜਾਣ ਦੇ ਸਿਲਸਿਲੇ ਆਰੰਭ ਹੋਏ ਹਨ। ਸਾਡੇ ਨਾਲ ਦੇ ਮੁਲਕ ਕੈਨੇਡਾ ਵਿਚ ਪੰਜਾਬੀ ਨੂੰ ਤੀਜੀ ਭਾਸ਼ਾ ਵਜੋਂ ਮਾਨਤਾ ਮਿਲ ਚੁੱਕੀ ਹੈ। ਉਥੇ ਹਵਾਈ ਅੱਡਿਆਂ ਤੋਂ ਲੈ ਕੇ ਆਮ ਚੁਰਸਤਿਆਂ ਤੱਕ ਵੀ ਸਾਈਨ ਬੋਰਡ ਪੰਜਾਬੀ ਵਿਚ ਲਿਖੇ ਮਿਲਦੇ ਹਨ। ਕੈਨੇਡਾ ਦੀ ਪਾਰਲੀਮੈਂਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਕਰਵਾਏ ਜਾਂਦੇ ਹਨ ਅਤੇ ਕੀਰਤਨ ਦਰਬਾਰ ਹੁੰਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪੰਜਾਬੀਆਂ ਤੋਂ ਇੰਨੇ ਪ੍ਰਭਾਵਿਤ ਹਨ ਕਿ ਉਹ ਸਿੱਖਾਂ ਦੇ ਕਿਸੇ ਵੀ ਧਾਰਮਿਕ ਸਮਾਗਮ ਵਿਚ ਜਾਣ ਤੋਂ ਖੂੰਝਦੇ ਨਹੀਂ। ਵਿਸਾਖੀ ਮੌਕੇ ਉਹ ਸਿੱਖਾਂ ਅਤੇ ਦੇਸ਼ਵਾਸੀਆਂ ਲਈ ਵਿਸ਼ੇਸ਼ ਸੰਦੇਸ਼ ਦਿੰਦੇ ਹਨ। ਟਰੂਡੋ ਦੀ ਕੈਬਨਿਟ ਵਿਚ 6 ਪੰਜਾਬੀ ਇਸ ਵੇਲੇ ਮੰਤਰੀ ਵਜੋਂ ਕੰਮ ਕਰ ਰਹੇ ਹਨ। ਇਨ੍ਹਾਂ ਵਿਚੋਂ ਕੈਨੇਡਾ ਦੇ ਰੱਖਿਆ ਮੰਤਰੀ ਵਰਗਾ ਬਹੁਤ ਹੀ ਅਹਿਮ ਵਿਭਾਗ ਸਾਬਤ ਸੂਰਤ ਸਿੱਖ ਸ. ਹਰਜੀਤ ਸਿੰਘ ਸੱਜਣ ਦੇ ਹੱਥ ਹੈ। ਵਪਾਰਕ ਕਾਰੋਬਾਰਾਂ ਵਿਚ ਕੈਨੇਡਾ ‘ਚ ਪੰਜਾਬੀ ਨੂੰ ਬੜੀ ਅਹਿਮੀਅਤ ਦਿੱਤੀ ਜਾ ਰਹੀ ਹੈ। ਇੱਥੋਂ ਤੱਕ ਕਿ ਕੈਨੇਡਾ ਦੀਆਂ ਬੈਂਕਾਂ, ਟੈਲੀਫੋਨ ਅਤੇ ਹੋਰ ਵਿਭਾਗਾਂ ਵਿਚ ਮੁਲਾਜ਼ਮ ਭਰਤੀ ਕਰਨ ਸਮੇਂ ਪੰਜਾਬੀ ਜ਼ੁਬਾਨ ਜਾਨਣ ਵਾਲਿਆਂ ਨੂੰ ਵਿਸ਼ੇਸ਼ ਤਰਜੀਹ ਮਿਲਦੀ ਹੈ। ਇਸ ਤਰ੍ਹਾਂ ਦਾ ਮਾਣ ਵਿਦੇਸ਼ਾਂ ਵਿਚ ਸ਼ਾਇਦ ਕਿਸੇ ਹੋਰ ਭਾਸ਼ਾ ਦੇ ਹੱਥ ਨਾ ਆਇਆ ਹੋਵੇ। ਇਸ ਦਾ ਵੱਡਾ ਕਾਰਨ ਤਾਂ ਇਹੀ ਹੈ ਕਿ ਸਾਡੇ ਲੋਕਾਂ ਨੇ ਵਿਦੇਸ਼ਾਂ ਵਿਚ ਆ ਕੇ ਵੀ ਜਿੱਥੇ ਰੋਟੀ-ਰੋਜ਼ੀ ਲਈ ਹੋਰ ਅਨੇਕਾਂ ਜ਼ੁਬਾਨਾਂ ਸਿੱਖੀਆਂ ਅਤੇ ਅਨੇਕ ਤਰ੍ਹਾਂ ਦੀਆਂ ਮੁਸ਼ਕਲਾਂ ਵਿਚ ਵੀ ਕੰਮ ਕੀਤਾ, ਪਰ ਆਪਣੀ ਜ਼ੁਬਾਨ ਅਤੇ ਸੱਭਿਆਚਾਰ ਨੂੰ ਭੁਲਾਇਆ ਨਹੀਂ, ਸਗੋਂ ਜਦ ਉਨ੍ਹਾਂ ਦਾ ਹੱਥ ਸੌਖਾਲਾ ਹੋਇਆ, ਤਾਂ ਉਹ ਝੱਟ ਆਪਣੀ ਜ਼ੁਬਾਨ ਅਤੇ ਸੱਭਿਆਚਾਰ ਦੀ ਰਾਖੀ ਲਈ ਆ ਖੜ੍ਹੇ ਹੋਏ ਅਤੇ ਇਸ ਸਮੇਂ ਅਸੀਂ ਆਪਣੀ ਜ਼ੁਬਾਨ ਅਤੇ ਸੱਭਿਆਚਾਰ ਦੀ ਸਥਾਪਤੀ ਲਈ ਹੰਭਲੇ ਮਾਰਨ ਦੇ ਦੌਰ ਵਿਚੋਂ ਲੰਘ ਰਹੇ ਹਾਂ।
ਕੈਲੀਫੋਰਨੀਆ ਪ੍ਰਸ਼ਾਸਨ ਨੇ ਪੰਜਾਬੀ ਭਾਸ਼ਾ ਪ੍ਰਤੀ ਫੈਸਲੇ ਲੈ ਕੇ ਬੜਾ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਹਰ ਖੇਤਰ ਵਿਚ ਪੰਜਾਬੀ ਜ਼ੁਬਾਨ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਪੱਖੋਂ ਅਸੀਂ ਕੈਲੀਫੋਰਨੀਆ ਸਰਕਾਰ ਅਤੇ ਪ੍ਰਸ਼ਾਸਨ ਦੇ ਬੇਹੱਦ ਧੰਨਵਾਦੀ ਹਾਂ। ਪਰ ਹੁਣ ਸਰਕਾਰ ਅਤੇ ਪ੍ਰਸ਼ਾਸਨ ਦੇ ਅਜਿਹੇ ਕਦਮਾਂ ਨਾਲ ਸਾਡੇ ਆਪਣੇ ਲੋਕਾਂ ਉਪਰ ਜ਼ਿੰਮੇਵਾਰੀ ਦਾ ਭਾਰ ਹੋਰ ਵਧ ਗਿਆ ਹੈ। ਸਾਨੂੰ ਆਪਣੀ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਨਾਲ ਜੋੜੀਂ ਰੱਖਣ ਲਈ ਹੋਰ ਵਧੇਰੇ ਯਤਨ ਕਰਨੇ ਪੈਣਗੇ। ਸਾਨੂੰ ਇਸ ਪੱਖੋਂ ਚੌਕਸ ਰਹਿਣਾ ਚਾਹੀਦਾ ਹੈ ਕਿ ਕਿਤੇ ਇਹ ਨਾ ਹੋ ਜਾਵੇ ਕਿ ਕਾਲਜਾਂ, ਯੂਨੀਵਰਸਿਟੀਆਂ ਜਾਂ ਹੋਰ ਥਾਵਾਂ ਉਪਰ ਪੰਜਾਬੀ ਸਿਲੇਬਸ ਵਿਚ ਸ਼ਾਮਲ ਤਾਂ ਕਰ ਲਈ ਜਾਵੇ, ਪਰ ਉਥੇ ਪੰਜਾਬੀ ਪੜ੍ਹਨ ਵਾਲਾ ਕੋਈ ਵੀ ਨਾ ਜਾਵੇ। ਸਾਨੂੰ ਆਪਣੇ ਬੱਚਿਆਂ ਨੂੰ ਇਸ ਪੱਖੋਂ ਸੁਚੇਤ ਵੀ ਕਰਨਾ ਹੋਵੇਗਾ ਅਤੇ ਪ੍ਰੇਰਨਾ ਵੀ ਦੇਣੀ ਪਵੇਗੀ ਕਿ ਜੇਕਰ ਅਸੀਂ ਕੈਲੀਫੋਰਨੀਆ ਦੇ ਸੂਬੇ ਵਿਚ ਆਪਣੀ ਜ਼ੁਬਾਨ ਨੂੰ ਹੋਰ ਪ੍ਰਫੁਲਿਤ ਕਰਨਾ ਹੈ, ਤਾਂ ਸਾਨੂੰ ਸਾਰਿਆਂ ਨੂੰ ਆਪਣੀ ਜ਼ੁਬਾਨ ਨਾਲ ਜੁੜਨ ਨਾਲ ਹੋਰ ਵਧੇਰੇ ਯਤਨ ਕਰਨੇ ਪੈਣਗੇ। ਖਾਸ ਤੌਰ ‘ਤੇ ਆਪਣੇ ਘਰਾਂ ਵਿਚ ਪੰਜਾਬੀ ਬੋਲਣ ਨੂੰ ਤਰਜੀਹ ਦੇਣੀ ਪਵੇਗੀ। ਜੇਕਰ ਅਸੀਂ ਆਪਣੀ ਇਸ ਜ਼ਿੰਮੇਵਾਰੀ ਨੂੰ ਸੰਭਾਲਾਂਗੇ, ਤਾਂ ਹੀ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਨੂੰ ਸਾਰਥਿਕ ਹੁੰਗਾਰਾ ਮਿਲ ਸਕੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.