ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਡੋਨਾਲਡ ਟਰੰਪ ਦਾ ਵਿਵਾਦਾਂ ‘ਚ ਘਿਰਿਆ ਰਿਹਾ ਪਹਿਲਾ ਵਰ੍ਹਾ
ਡੋਨਾਲਡ ਟਰੰਪ ਦਾ ਵਿਵਾਦਾਂ ‘ਚ ਘਿਰਿਆ ਰਿਹਾ ਪਹਿਲਾ ਵਰ੍ਹਾ
Page Visitors: 2432

ਡੋਨਾਲਡ ਟਰੰਪ ਦਾ ਵਿਵਾਦਾਂ ‘ਚ ਘਿਰਿਆ ਰਿਹਾ ਪਹਿਲਾ ਵਰ੍ਹਾ
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉਂਝ ਤਾਂ ਰਾਸ਼ਟਰਪਤੀ ਚੋਣ ਦੌਰਾਨ ਹੀ ਬਹੁਤ ਸਾਰੇ ਵਿਵਾਦਾਂ ਵਿਚ ਘਿਰੇ ਰਹੇ ਹਨ, ਪਰ ਉਨ੍ਹਾਂ ਵੱਲੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਬਾਅਦ ਬੀਤਿਆ ਇਕ ਵਰ੍ਹਾ ਵਿਵਾਦਾਂ ਵਿਚ ਹੀ ਉਲਝਣ ਵਾਲਾ ਰਿਹਾ ਹੈ। ਟਰੰਪ ਨੇ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਅਮਰੀਕਾ ਦੀ ਪਹਿਲਾਂ ਤੋਂ ਚਲੀ ਆ ਰਹੀ ਉਦਾਰਵਾਦੀ ਪ੍ਰਵਾਸ ਨੀਤੀ ਉਪਰ ਵੱਡਾ ਹਮਲਾ ਬੋਲਿਆ। ਉਨ੍ਹਾਂ ਦਾ ਮੁੱਖ ਨਾਅਰਾ ਸੀ ‘ਅਮਰੀਕਾ ਅਮਰੀਕੀਆਂ ਲਈ’
ਇਸ ਵਾਸਤੇ ਉਹ ਕਹਿੰਦੇ ਰਹੇ ਹਨ ਕਿ ‘ਬਾਇ ਅਮਰੀਕਾ, ਹਾਇਰ ਅਮਰੀਕਾ’, ਭਾਵ ਅਮਰੀਕੀ ਲੋਕਾਂ ਨੂੰ ਹੀ ਰੁਜ਼ਗਾਰ ਵਿਚ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਆਪਣੀ ਇਸ ਨੀਤੀ ਨੂੰ ਜ਼ੋਰਦਾਰ ਢੰਗ ਨਾਲ ਉਭਾਰਨ ਲਈ ਉਨ੍ਹਾਂ ਨੇ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਉੱਚ ਤਕਨੀਕੀ ਕਾਮਿਆਂ ਲਈ ਜਾਰੀ ਕੀਤੇ ਜਾਂਦੇ ਐੱਚ-1ਬੀ ਵੀਜ਼ੇ ਦੀ ਸਹੂਲਤ ਨੂੰ ਕੱਟਣ ਲਈ ਬੜਾ ਜ਼ੋਰ ਲਾਇਆ। ਐੱਚ-1ਬੀ ਵੀਜ਼ਾ ਬਾਹਰਲੇ ਮੁਲਕਾਂ, ਖਾਸਕਰ ਭਾਰਤ ਵਿਚੋਂ ਆਉਣ ਵਾਲੇ ਉੱਚ ਤਕਨੀਕੀ ਕਾਮਿਆਂ ਨੂੰ ਅਮਰੀਕਾ ਵਿਚ ਕੰਮ ਕਰਨ ਦੀ ਸਹੂਲਤ ਦਿੰਦਾ ਹੈ। ਇਸ ਵੀਜ਼ੇ ਨੂੰ ਖਤਮ ਕਰਨ ਲਈ ਭਾਵੇਂ ਰਾਸ਼ਟਰਪਤੀ ਵੱਲੋਂ ਲਗਾਤਾਰ ਯਤਨ ਕੀਤੇ ਜਾਂਦੇ ਰਹੇ ਹਨ, ਪਰ ਅਮਰੀਕਾ ਭਰ ਵਿਚੋਂ ਇਸ ਗੱਲ ਦਾ ਸਖ਼ਤ ਵਿਰੋਧ ਹੋਣ ਕਾਰਨ ਇਸ ਫੈਸਲੇ ਨੂੰ ਅਜੇ ਵੀ ਲਾਗੂ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਮੈਕਸੀਕੋ ਦੀ ਸਰਹੱਦ ਉਪਰ ਉੱਚੀ ਕੰਧ ਉਸਾਰਨ ਦਾ ਵੀ ਐਲਾਨ ਕੀਤਾ, ਤਾਂਕਿ ਮੈਕਸੀਕੋ ਵੱਲੋਂ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਿਆ ਜਾ ਸਕੇ। ਪਰ ਅਜਿਹੀ ਕੰਧ ਉਸਾਰਨ ਵਿਚ ਵੀ ਟਰੰਪ ਕੋਈ ਸਫਲਤਾ ਹਾਸਲ ਨਹੀਂ ਕਰ ਸਕਿਆ।
   ਇੰਮੀਗ੍ਰੇਸ਼ਨ ਬਾਰੇ ਨੀਤੀ ਨੂੰ ਸਖ਼ਤ ਕਰਦਿਆਂ ਸ਼ੁਰੂ ਵਿਚ ਹੀ ਟਰੰਪ ਨੇ ਅੱਧੀ ਦਰਜਨ ਦੇ ਕਰੀਬ ਮੁਸਲਿਮ ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿਚ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ। ਇਸ ਫੈਸਲੇ ਉਪਰ ਅਮਰੀਕਾ ਦੀ ਉੱਚ ਅਦਾਲਤ ਵੱਲੋਂ ਇਕ ਵਾਰ ਤਾਂ ਰੋਕ ਹੀ ਲਗਾ ਦਿੱਤੀ ਗਈ ਸੀ। ਪਰ ਬਾਅਦ ਵਿਚ ਮੁੜ ਫਿਰ ਇਸ ਫੈਸਲੇ ਨੂੰ ਲਾਗੂ ਕਰ ਦਿੱਤਾ ਗਿਆ। ਇਸ ਫੈਸਲੇ ਦੀ ਅਮਰੀਕੀ ਲੋਕਾਂ ਵੱਲੋਂ ਆਮ ਤੌਰ ‘ਤੇ ਆਲੋਚਨਾ ਹੀ ਕੀਤੀ ਗਈ।
ਸਾਰਾ ਸਾਲ ਹੀ ਟਰੰਪ ਪ੍ਰਸ਼ਾਸਨ ਕਿਸੇ ਨਾ ਕਿਸੇ ਤਰੀਕੇ ਇੰਮੀਗ੍ਰਾਂਟਸ ਦੇ ਦੁਆਲੇ ਹੋਇਆ ਰਿਹਾ ਹੈ। ਹੁਣ ਕੁੱਝ ਸਮੇਂ ਤੋਂ ਟਰੰਪ ਪ੍ਰਸ਼ਾਸਨ ਨੇ ਗਲਤ ਜਾਣਕਾਰੀ ਦੇ ਕੇ ਜਾਂ ਗਲਤ ਬਿਆਨੀ ਕਰਕੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਹੋਇਆ ਹੈ। ਇਸ ਮਾਮਲੇ ਵਿਚ ਕਰੀਬ 3 ਲੱਖ ਤੋਂ ਉਪਰ ਲੋਕ ਘਿਰੇ ਦੱਸੇ ਜਾ ਰਹੇ ਹਨ। ਅਸਲ ਵਿਚ ਬਾਹਰਲੇ ਮੁਲਕਾਂ ਤੋਂ ਆਏ ਲੋਕ ਜਦ ਅਮਰੀਕਾ ਵਿਚ ਸੈਟਲ ਹੁੰਦੇ ਹਨ, ਤਾਂ ਅਮਰੀਕਾ ਵਿਚ ਆਉਣ ਸਮੇਂ ਉਨਾਂ ਵੱਲੋਂ ਕੋਈ ਨਾ ਕੋਈ ਜਾਣਕਾਰੀ ਗਲਤ ਦੇ ਦਿੱਤੀ ਜਾਂਦੀ ਹੈ। ਜਿਸ ਨੂੰ ਆਧਾਰ ਬਣਾ ਕੇ ਹੁਣ ਅਜਿਹੇ ਲੋਕਾਂ ਦੀ ਨਾਗਰਿਕਤਾ ਰੱਦ ਕਰਨ ਦਾ ਅਮਲ ਆਰੰਭ ਕੀਤਾ ਹੋਇਆ ਹੈ। ਹਾਲਾਂਕਿ ਪਿਛਲੇ 20-25 ਸਾਲਾਂ ਤੋਂ ਬਹੁਤ ਸਾਰੇ ਅਜਿਹੇ ਇੰਮੀਗ੍ਰਾਂਟਸ ਹਨ, ਜਿਨ੍ਹਾਂ ਨੇ ਇਥੇ ਰਹਿੰਦਿਆਂ ਵਿਆਹ ਕਰਵਾ ਲਏ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਹਨ। ਪਰ ਫਿਰ ਵੀ ਉਨ੍ਹਾਂ ਦੀ ਨਾਗਰਿਕਤਾ ਰੱਦ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨਾਲ ਲੋਕਾਂ ਵਿਚ ਪਰਿਵਾਰਕ ਉਲਝਣਾਂ ਵੱਧ ਰਹੀਆਂ ਹਨ।
ਟਰੰਪ ਨੇ ਇਹ ਵੀ ਵਾਰ-ਵਾਰ ਐਲਾਨ ਕੀਤਾ ਸੀ ਕਿ ਉਹ ਬਾਹਰਲੇ ਮੁਲਕਾਂ ਵਿਚ ਤਾਇਨਾਤ ਅਮਰੀਕੀ ਫੌਜਾਂ ਨੂੰ ਵਾਪਸ ਲਿਆਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹਾ ਕਰਕੇ ਉਹ ਜਿੱਥੇ ਅਮਰੀਕਾ ਉਪਰ ਪੈ ਰਹੇ ਵਾਧੂ ਆਰਥਿਕ ਬੋਝ ਤੋਂ ਦੇਸ਼ ਨੂੰ ਬਚਾਉਣਗੇ, ਉਥੇ ਹੋ ਰਹੇ ਜਾਨੀ ਨੁਕਸਾਨ ਨੂੰ ਵੀ ਖਤਮ ਕਰਨਗੇ ਅਤੇ ਸੁਰੱਖਿਆ ਫੋਰਸਾਂ ਦੇ ਪਰਿਵਾਰਾਂ ਨੂੰ ਸੁਰੱਖਿਅਤ ਕਰਨਗੇ। ਪਰ ਟਰੰਪ ਦਾ ਇਕ ਸਾਲ ਇਸ ਗੱਲ ਦਾ ਗਵਾਹ ਹੈ ਕਿ ਕਿਸੇ ਇਕ ਵੀ ਦੇਸ਼ ਵਿਚੋਂ ਅਮਰੀਕੀ ਫੌਜ ਵਾਪਸ ਨਹੀਂ ਆਈ ਅਤੇ ਨਾ ਹੀ ਜਿਨ੍ਹਾਂ ਮੁਲਕਾਂ ਵਿਚ ਅਮਰੀਕੀ ਫੌਜ ਭੇਜੀ ਗਈ ਸੀ, ਉਥੇ ਸ਼ਾਂਤੀ ਹੀ ਸਥਾਪਿਤ ਹੋ ਸਕੀ ਹੈ।
   ਟਰੰਪ ਵੱਲੋਂ ਮੌਰਟਗੇਜ਼ ਬਾਰੇ ਅਪਣਾਈ ਨੀਤੀ ਨਾਲ ਆਮ ਲੋਕਾਂ ਨੂੰ ਬੜਾ ਨੁਕਸਾਨ ਹੋ ਰਿਹਾ ਹੈ। ਓਬਾਮਾ ਪ੍ਰਸ਼ਾਸਨ ਵੇਲੇ ਲੋਕਾਂ ਨੂੰ ਘਰਾਂ ਲਈ ਮੌਰਟਗੇਜ਼ ਨੀਤੀ ਤਹਿਤ ਘੱਟ ਵਿਆਜ਼ ਉਪਰ ਹਾਊਸ ਲੋਨ ਲੈਣ ਦੀ ਵਿਵਸਥਾ ਸੀ। ਆਮ ਲੋਕ ਇਸ ਵਿਵਸਥਾ ਦਾ ਲਾਭ ਲੈ ਰਹੇ ਸਨ। ਪਰ ਟਰੰਪ ਨੇ ਆਉਣ ਸਾਰ ਮੌਰਟਗੇਜ਼ ਵਿਆਜ਼ ਦਰਾਂ ਵਿਚ ਵਾਧਾ ਕਰ ਦਿੱਤਾ ਹੈ ਅਤੇ ਪਿਛਲੇ 1 ਸਾਲ ਵਿਚ ਮੌਰਟਗੇਜ਼ ਵਿਆਜ਼ ਦਰਾਂ ਦੁੱਗਣੀਆਂ ਹੋ ਗਈਆਂ ਹਨ। ਇਸੇ ਤਰ੍ਹਾਂ ਓਬਾਮਾ ਹੈਲਥਕੇਅਰ ਅਧੀਨ ਅਮਰੀਕੀ ਲੋਕਾਂ ਨੂੰ ਦਵਾਈਆਂ ਸਸਤੀਆਂ ਅਤੇ ਘੱਟ ਰੇਟ ਉਪਰ ਦਿੱਤੇ ਜਾਣ ਦੀ ਵਿਵਸਥਾ ਚਲੀ ਆ ਰਹੀ ਸੀ। ਪਰ ਟਰੰਪ ਪ੍ਰਸ਼ਾਸਨ ਨੇ ਆਉਂਦਿਆਂ ਸਾਰ ਇਹ ਸਹੂਲਤ ਵੀ ਬੰਦ ਕਰ ਦਿੱਤੀ ਹੈ।
ਡੋਨਾਲਡ ਟਰੰਪ ਦੀਆਂ ਬੇਹੁਦਰੀਆਂ ਕਾਰਵਾਈਆਂ ਕਾਰਨ ਅਮਰੀਕੀ ਮੁੱਖ ਧਾਰਾ ਪ੍ਰੈੱਸ ਹਮੇਸ਼ਾ ਉਸ ਦੀ ਆਲੋਚਕ ਹੀ ਰਹੀ ਹੈ। ਟਰੰਪ ਨੇ ਵੀ ਆਪਣੇ ਵਤੀਰੇ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਲਿਆਉਣ ਲਈ ਕਦੇ ਯਤਨ ਨਹੀਂ ਕੀਤਾ। ਸਗੋਂ ਉਲਟਾ ਮੁੱਖ ਧਾਰਾ ਮੀਡੀਏ ਨੂੰ ਡਰਾਉਣ, ਧਮਕਾਉਣ ਅਤੇ ਹੇਠਾਂ ਲਗਾਉਣ ਦੇ ਯਤਨ ਕੀਤੇ ਜਾਂਦੇ ਰਹੇ ਹਨ। ਇਥੋਂ ਤੱਕ ਕਿ ਟਰੰਪ ਨੇ ਕਿਹਾ ਕਿ ਉਹ ਆਪਣਾ ਮੀਡੀਆ ਸ਼ੁਰੂ ਕਰ ਲੈਣਗੇ। ਉਨ੍ਹਾਂ ਟਰੰਪ ਟੀ.ਵੀ. ਚਲਾਉਣ ਦਾ ਵੀ ਐਲਾਨ ਕੀਤਾ। ਮੀਡੀਏ ਪ੍ਰਤੀ ਟਰੰਪ ਦੀ ਆਪਹੁਦਰੀ ਦਾ ਨਤੀਜਾ ਇਹ ਹੈ ਕਿ ਉਨ੍ਹਾਂ ਨੇ ਦੁਨੀਆਂ ਵਿਚ ਮੰਨੇ-ਪ੍ਰਮੰਨੇ ਅਮਰੀਕੀ ਅਖ਼ਬਾਰ ‘ਨਿਊਯਾਰਕ ਟਾਈਮਜ਼’ ਨੂੰ ਆਪ ਹੀ ਸਭ ਤੋਂ ਭ੍ਰਿਸ਼ਟ ਕਵਰੇਜ਼ ਲਈ ਜੇਤੂ ਐਲਾਨਿਆ ਅਤੇ ਕਿਹਾ ਕਿ ਨਿਊਯਾਰਕ ਟਾਈਮਜ਼ ਨੂੰ ‘ਫੇਕ ਨਿਊਜ਼’ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ‘ਏਬੀਸੀ ਨਿਊਜ਼’, ‘ਸੀਐੱਨਐੱਨ’, ‘ਟਾਈਮ’ ਅਤੇ ‘ਵਾਸ਼ਿੰਗਟਨ ਪੋਸਟ’ ਇਸ ਅਨੋਖੇ ਐਵਾਰਡ ‘ਚ ਥਾਂ ਦਿੱਤੀ ਗਈ ਹੈ।
ਚੋਣਾਂ ਦੌਰਾਨ ਵੀ ਟਰੰਪ ਅਮਰੀਕਾ ਦੇ ਮੁੱਖ ਧਾਰਾ ਮੀਡੀਏ ਉਪਰ ਪੱਖਪਾਤ ਕਰਨ ਦਾ ਦੋਸ਼ ਲਾ ਕੇ ਹਮਲਾ ਕਰਦੇ ਰਹੇ ਹਨ। ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੇ ਵਤੀਰੇ ਵਿਚ ਕੋਈ ਤਬਦੀਲੀ ਨਹੀਂ ਲਿਆਂਦੀ, ਸਗੋਂ ਮੁੱਖ ਧਾਰਾ ਅਮਰੀਕੀ ਮੀਡੀਏ ਨੂੰ ਟਰੰਪ ਪ੍ਰਸ਼ਾਸਨ ਦੀ ਬੇਹੁਰਮਤੀ ਅਤੇ ਵਿਤਕਰੇ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ।
ਡੋਨਾਲਡ ਟਰੰਪ ਦੇ ਇਤਿਹਾਸ ਵਿਚ ਇਹ ਗੱਲ ਵੀ ਦਰਜ ਹੋ ਗਈ ਹੈ ਕਿ ਉਨ੍ਹਾਂ ਨੇ 1 ਜੂਨ ਨੂੰ ਵਾਤਾਵਰਣ ਸੰਤੁਲਨ ਲਈ ਦੁਨੀਆਂ ਭਰ ਦੇ ਦੇਸ਼ਾਂ ਵੱਲੋਂ ਕਰਾਰ ਕੀਤੇ ਗਏ ਪੈਰਿਸ ਸਮਝੌਤੇ ਤੋਂ ਹਟਣ ਦਾ ਐਲਾਨ ਕੀਤਾ। ਭਾਰਤ ਸਮੇਤ ਹੋਰ ਬਹੁਤ ਸਾਰੇ ਦੇਸ਼ਾਂ ਨੇ ਅਮਰੀਕੀ ਰਾਸ਼ਟਰਪਤੀ ਦੇ ਇਸ ਯਤਨ ਦੀ ਆਲੋਚਨਾ ਕੀਤੀ ਸੀ। ਇਸ ਫੈਸਲੇ ‘ਤੇ ਕਿਸੇ ਵੀ ਅਹਿਮ ਧਿਰ ਵੱਲੋਂ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਗਿਆ ਅਤੇ ਇਸ ਤਰ੍ਹਾਂ ਅਮਰੀਕਾ ਸ਼ਾਇਦ ਪਹਿਲੀ ਵਾਰ ਹੈ ਕਿ ਇਕੱਲਾ ਪੈ ਗਿਆ ਨਜ਼ਰ ਆਇਆ। ਸੰਸਾਰ ਮੰਚ ਉਪਰ ਅਮਰੀਕਾ ਦੀ ਅਜਿਹੀ ਹਾਲਤ ਹੋਣ ਦਾ ਅਮਰੀਕਾ ਦੀਆਂ ਅਹਿਮ ਸ਼ਖਸੀਅਤਾਂ ਨੇ ਨੋਟਿਸ ਵੀ ਲਿਆ ਅਤੇ ਅਮਰੀਕੀ ਮੀਡੀਆ ਨੇ ਇਸ ਦੀ ਆਲੋਚਨਾ ਵੀ ਕੀਤੀ।
ਅਮਰੀਕੀ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਕਿ ਬਹੁਤ ਸਾਰੀਆਂ ਔਰਤਾਂ ਨੇ ਖੁੱਲ੍ਹੇਆਮ ਡੋਨਾਲਡ ਟਰੰਪ ਉਪਰ ਜਿਣਸੀ ਸ਼ੋਸ਼ਣ ਅਤੇ ਔਰਤਾਂ ਨਾਲ ਦੁਰਵਿਵਹਾਰ ਦੇ ਦੋਸ਼ ਲਗਾਏ। ਸਿਰਫ ਦੋਸ਼ ਹੀ ਨਹੀਂ ਲੱਗੇ, ਸਗੋਂ ਵੱਡੀ ਪੱਧਰ ‘ਤੇ ਲੋਕਾਂ ਨੇ ਇਨ੍ਹਾਂ ਦੋਸ਼ਾਂ ਨੂੰ ਸੱਚ ਵਜੋਂ ਪ੍ਰਵਾਨ ਵੀ ਕਰ ਲਿਆ। ਇਸ ਮਸਲੇ ਨੂੰ ਲੈ ਕੇ ਅਮਰੀਕਾ ਵਿਚ ਬਹੁਤ ਸਾਰੀਆਂ ਮਹਿਲਾ ਸੰਸਥਾਵਾਂ ਨੇ ਰੋਸ ਮਾਰਚ ਵੀ ਕੱਢੇ। ਇਹ ਘਟਨਾ ਵੀ ਅਮਰੀਕਾ ਦੇ ਬਹੁਤ ਹੀ ਉੱਚ ਅਹੁਦੇ ਦੇ ਸਤਿਕਾਰ ਨੂੰ ਘਟਾਉਣ ਦਾ ਹੀ ਸਬੱਬ ਬਣੀ ਹੈ।
ਡੋਨਾਲਡ ਟਰੰਪ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ ਖਿਲਾਫ ਸਾਰਾ ਵਰ੍ਹਾ ਇੰਪੀਚਮੈਂਟ ਦੇ ਬੱਦਲ ਮੰਡਰਾਉਂਦੇ ਰਹੇ। ਇਥੋਂ ਤੱਕ ਕਿ ਅਜਿਹੇ ਮਸਲੇ ਉੱਤੇ ਟਰੰਪ ਦੇ ਹਮਾਇਤੀ ਕਾਂਗਰਸਮੈਨ ਅਤੇ ਸੈਨੇਟਰ ਵੀ ਉਨ੍ਹਾਂ ਦਾ ਪੱਖ ਪੂਰਨ ਤੋਂ ਪਾਸਾ ਵੱਟਦੇ ਰਹੇ। ਬਹੁਤ ਸਾਰੇ ਮੌਕਿਆਂ ਉਪਰ ਅਮਰੀਕੀ ਸੈਨੇਟ ਟਰੰਪ ਦੇ ਫੈਸਲਿਆਂ ਦੇ ਖਿਲਾਫ ਭੁਗਤਦੀ ਰਹੀ।
ਕੁੱਝ ਦਿਨ ਪਹਿਲਾਂ ਟਰੰਪ ਦੇ ਰਾਸ਼ਟਰਪਤੀ ਬਣਨ ਦੀ ਵਰ੍ਹੇਗੰਢ ਮੌਕੇ ਅਮਰੀਕਾ ‘ਚ ਬਹੁਤ ਵੱਡਾ ਆਰਥਿਕ ਸੰਕਟ ਖੜ੍ਹਾ ਹੋ ਗਿਆ। ਦਰਅਸਲ ਸਰਕਾਰੀ ਖਰਚਿਆਂ ਨੂੰ ਲੈ ਕੇ ਇਕ ਅਹਿਮ ਆਰਥਿਕ ਬਿੱਲ ‘ਤੇ ਸੰਸਦ ਮੈਂਬਰਾਂ ਦੀ ਮਨਜ਼ੂਰੀ ਨਹੀਂ ਮਿਲ ਸਕੀ, ਜਿਸ ਕਾਰਨ ਉਥੇ ਸਰਕਾਰ ਨੂੰ ‘ਸ਼ਟਡਾਊਨ’ ਕਰਨਾ ਪਿਆ। ਇਕ ਰਿਪੋਰਟ ਮੁਤਾਬਕ ਇਸ ਆਰਥਿਕ ਬਿੱਲ ਨੂੰ ਪਾਸ ਕਰਨ ਲਈ 60 ਵੋਟਾਂ ਦੀ ਜ਼ਰੂਰਤ ਸੀ। ਇਸ ਬਿੱਲ ਦੇ ਵਿਰੁੱਧ 48 ਵੋਟਾਂ ਪਈਆਂ, ਜਦਕਿ ਸਿਰਫ 50 ਡੈਮੋਕ੍ਰੇਟਾਂ ਨੇ ਬਿੱਲ ਦੇ ਪੱਖ ਵਿਚ ਵੋਟ ਕੀਤੀ। ਇਸ ਦੀ ਵਜ੍ਹਾ ਇਹ ਸੀ ਕਿ ਰਿਪਬਲੀਕਨ ਅਤੇ ਡੈਮੋਕ੍ਰੇਟ ਵਿਚਕਾਰ ਇਸ ਬਿੱਲ ਦੇ ਮੁੱਦੇ ‘ਤੇ ਆਮ ਰਾਏ ਕਾਇਮ ਨਹੀਂ ਹੋ ਸਕੀ।
ਇਸ ਬਿੱਲ ਦੇ ਪਾਸ ਨਾ ਹੋਣ ਕਾਰਨ ਜਿੱਥੇ ਅਮਰੀਕੀ ਸਰਕਾਰੀ ਦਫਤਰ ਬੰਦ ਹੋਣ ਦਾ ਖਤਰਾ ਖੜ੍ਹਾ ਹੋ ਗਿਆ, ਉਥੇ ਲੱਖਾਂ ਲੋਕਾਂ ਨੂੰ ਤਨਖਾਹਾਂ ਨਾ ਮਿਲਣ ਦਾ ਵੀ ਮਸਲਾ ਬਣ ਗਿਆ। ਭਾਵੇਂ ਹੁਣ ਬਿੱਲ ਪਾਸ ਹੋਣ ਵਿਚ ਰੁਕਾਵਟ ਨੂੰ ਦੂਰ ਕਰ ਲਿਆ ਗਿਆ ਹੈ। ਪਰ ਇਸ ਘਟਨਾ ਨੇ ਦੱਸ ਦਿੱਤਾ ਹੈ ਕਿ ਟਰੰਪ ਪ੍ਰਸ਼ਾਸਨ ਦੇਸ਼ ਨੂੰ ਪੈਦਾ ਹੋਣ ਵਾਲੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਨੂੰ ਸਮਝਣ ਅਤੇ ਅਗਾਊਂ ਹੱਲ ਕਰਨ ਦੀ ਸਮਰੱਥਾ ਤੋਂ ਪੂਰੀ ਤਰ੍ਹਾਂ ਊਣਾਂ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਡੋਨਾਲਡ ਟਰੰਪ ਦਾ ਇਕ ਵਰ੍ਹਾ ਅਮਰੀਕਾ ਦੀ ਦੁਨੀਆਂ ਭਰ ਵਿਚ ਸਾਖ ਨੂੰ ਘਟਾਉਣ ਅਤੇ ਅੰਦਰੂਨੀ ਤੌਰ ‘ਤੇ ਉਂਲਝਣਾਂ ਨੂੰ ਵਧਾਉਣ ਦਾ ਵਰ੍ਹਾ ਰਿਹਾ ਹੈ।
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.