ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ਨੂੰ ਤਰਜੀਹ ਤੋਂ ਸੱਖਣਾ ਹੈ ਜਸਟਿਨ ਟਰੂਡੋ ਦਾ ਭਾਰਤ ਦੌਰਾ
ਪੰਜਾਬ ਨੂੰ ਤਰਜੀਹ ਤੋਂ ਸੱਖਣਾ ਹੈ ਜਸਟਿਨ ਟਰੂਡੋ ਦਾ ਭਾਰਤ ਦੌਰਾ
Page Visitors: 2546

ਪੰਜਾਬ ਨੂੰ ਤਰਜੀਹ ਤੋਂ ਸੱਖਣਾ ਹੈ ਜਸਟਿਨ ਟਰੂਡੋ ਦਾ ਭਾਰਤ ਦੌਰਾਪੰਜਾਬ ਨੂੰ ਤਰਜੀਹ ਤੋਂ ਸੱਖਣਾ ਹੈ ਜਸਟਿਨ ਟਰੂਡੋ ਦਾ ਭਾਰਤ ਦੌਰਾ

February 14
10:25 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫੈਡਰਲ ਸਰਕਾਰ ਦੇ ਕਈ ਮੰਤਰੀਆਂ ਅਤੇ ਵਪਾਰਕ ਅਤੇ ਸਨਅਤ ਖੇਤਰ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਨਾਲ 1 ਹਫਤੇ ਲਈ ਭਾਰਤ ਦੌਰੇ ਉਪਰ ਜਾ ਰਹੇ ਹਨ। ਜਸਟਿਨ ਟਰੂਡੋ ਆਪਣੇ ਵਫਦ ਨਾਲ 17 ਫਰਵਰੀ ਨੂੰ ਭਾਰਤ ਪੁੱਜ ਜਾਣਗੇ ਅਤੇ 25 ਫਰਵਰੀ ਨੂੰ ਵਾਪਸ ਕੈਨੇਡਾ ਦੀ ਰਾਜਧਾਨੀ ਓਟਵਾ ਪਹੁੰਚਣਗੇ।
  ਹਫਤੇ ਭਰ ਦੀ ਫੇਰੀ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਭਾਰਤ ਦੇ ਤੇਜ਼ੀ ਨਾਲ ਉੱਭਰ ਰਹੇ ਵੱਡੇ ਸ਼ਹਿਰ ਅਹਿਮਦਾਬਾਦ ਜਾਣਗੇ। ਅਹਿਮਦਾਬਾਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਬੇ ਗੁਜਰਾਤ ਦਾ ਸਭ ਤੋਂ ਵੱਡਾ ਸਨਅਤੀ ਸ਼ਹਿਰ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਉਪਰ ਹੀ ਭਾਰਤ ਦੌਰੇ ‘ਤੇ ਜਾ ਰਹੇ ਹਨ। ਅਹਿਮਦਾਬਾਦ ਤੋਂ ਇਲਾਵਾ ਜਸਟਿਨ ਟਰੂਡੋ ਤੇ ਕੈਨੇਡੀਅਨ ਵਫਦ ਭਾਰਤ ਦੇ ਸੰਸਾਰ ਪ੍ਰਸਿੱਧ ਸੈਲਾਨੀ ਕੇਂਦਰ ਆਗਰਾ ਵਿਖੇ ਤਾਜ ਮਹਲ ਦੇਖਣ ਜਾਣਗੇ। ਇਸ ਤੋਂ ਇਲਾਵਾ ਉਹ ਭਾਰਤ ਦੀ ਵਪਾਰਕ ਰਾਜਧਾਨੀ ਮੁੰਬਈ ਅਤੇ ਦਿੱਲੀ ਵਿਖੇ ਭਾਰਤ ਸਰਕਾਰ ਦੇ ਵਫਦ ਨਾਲ ਵਿਸ਼ੇਸ਼ ਮੁਲਾਕਾਤਾਂ ਕਰਨਗੇ।
   ਦੁਨੀਆਂ ਭਰ ਵਿਚ ਸਿੱਖਾਂ ਦੇ ਧਾਰਮਿਕ ਕੇਂਦਰ ਵਜੋਂ ਜਾਣੇ ਜਾਂਦੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਜਸਟਿਨ ਟਰੂਡੋ ਅਤੇ ਉਨ੍ਹਾਂ ਦਾ ਵਫਦ ਵਿਸ਼ੇਸ਼ ਤੌਰ ‘ਤੇ ਪੁੱਜ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਜਸਟਿਨ ਟਰੂਡੋ ਤੇ ਹੋਰ ਮੰਤਰੀਆਂ ਅਤੇ ਵਫਦ ਦੇ ਮੈਂਬਰਾਂ ਦੇ ਜ਼ੋਰਦਾਰ ਸਵਾਗਤ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕੈਨੇਡਾ ਦੀ ਸਮਾਜਿਕ ਅਤੇ ਰਾਜਨੀਤਿਕ ਸਰਗਰਮੀ ਵਿਚ ਸਿੱਖਾਂ ਦੀ ਵੱਡੀ ਅਹਿਮੀਅਤ ਬਣ ਗਈਹੈ।   ਸ਼ਾਇਦ ਇਸੇ ਕਰਕੇ ਜਸਟਿਨ ਟਰੂਡੋ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਜਾਣ ਦਾ ਵਿਸ਼ੇਸ਼ ਪ੍ਰੋਗਰਾਮ ਬਣਾਇਆ ਹੈ।
  ਜਸਟਿਨ ਟਰੂਡੋ ਦੀ ਪੰਜਾਬ ਫੇਰੀ ਸਮੇਂ ਪੰਜਾਬ ਸਰਕਾਰ ਦਾ ਵਤੀਰਾ ਇਸ ਸਮੇਂ ਬੇਹੱਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਕ ਪਾਸੇ ਜਿੱਥੇ ਕੈਨੇਡਾ ਪੰਜਾਬੀ ਖਾਸਕਰਕੇ ਸਿੱਖ ਵਸੋਂ ਲਈ ਬੇਹੱਦ ਸੁਹਾਵਣੇ ਦੇਸ਼ ਵਜੋਂ ਉਭਰ ਰਿਹਾ ਹੈ ਅਤੇ ਉਥੋਂ ਦੀ ਰਾਜਸੀ ਸ਼ਕਤੀ ਵਿਚ ਸਿੱਖਾਂ ਦਾ ਬੜਾ ਅਹਿਮ ਸਥਾਨ ਹੈ। ਇਸ ਸਮੇਂ ਕੈਨੇਡਾ ਦੀ ਪਾਰਲੀਮੈਂਟ ਵਿਚ 18 ਮੈਂਬਰ ਪਾਰਲੀਮੈਂਟ ਪੰਜਾਬੀ ਮੂਲ ਦੇ ਹਨ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਫੈਡਰਲ ਮੰਤਰੀਆਂ ਵਿਚ 6 ਸਿੱਖ ਭਾਈਚਾਰੇ ਨਾਲ ਸੰਬੰਧਤ ਹਨ।
   ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਿੱਖਾਂ ਦੇ ਕੈਨੇਡਾ ਦੇ ਵਿਕਾਸ ਵਿਚ ਪਾਏ ਯੋਗਦਾਨ ਤੋਂ ਬੇਹੱਦ ਪ੍ਰਭਾਵਿਤ ਹਨ। ਇਸੇ ਲਈ ਉਹ ਵਿਸਾਖੀ, ਦੀਵਾਲੀ ਅਤੇ ਹੋਰ ਨਗਰ ਕੀਰਤਨਾਂ ਅਤੇ ਤਿਉਹਾਰਾਂ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੁੰਦੇ ਹਨ। ਕੈਨੇਡਾ ਦੀ ਪਾਰਲੀਮੈਂਟ ਵਿਚ ਵੀ ਪਿਛਲੇ ਵਰ੍ਹੇ ਵਿਸਾਖੀ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਦੁਨੀਆਂ ਭਰ ਵਿਚ ਹੀ ਇਸ ਸਮੇਂ ਪੰਜਾਬੀਆਂ ਅਤੇ ਸਿੱਖਾਂ ਦੇ ਮਨਾਂ ਵਿਚ ਇਹ ਪ੍ਰਭਾਵ ਹੈ ਕਿ ਕੈਨੇਡਾ ਉਨ੍ਹਾਂ ਲਈ ਸਭ ਤੋਂ ਬਿਹਤਰ ਦੇਸ਼ ਹੈ।
   ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖਾਂ ਦੀ ਭਰਮਾਰ ਵਾਲੀ ਕੈਨੇਡਾ ਸਰਕਾਰ ਦੇ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਜਦ ਪਹਿਲੀ ਵਾਰ ਵਫਦ ਭਾਰਤ ਆ ਰਿਹਾ ਹੈ, ਤਾਂ ਪੰਜਾਬ ਲਈ ਇਸ ਵਫਦ ਦੇ ਪ੍ਰੋਗਰਾਮ ਵਿਚ ਕੋਈ ਤਰਜੀਹੀ ਪ੍ਰੋਗਰਾਮ ਨਹੀਂ ਹੈ। ਕੈਨੇਡੀਅਨ ਪ੍ਰਧਾਨ ਮੰਤਰੀ, ਮੰਤਰੀ ਅਤੇ ਵਫਦ ਦੇ ਹੋਰ ਮੈਂਬਰ ਸਿਰਫ ਧਾਰਮਿਕ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹੀ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਜਾਣਗੇ। ਕੈਨੇਡੀਅਨ ਸਰਕਾਰ ਨੇ ਪੰਜਾਬ ਸਰਕਾਰ ਨੂੰ ਪ੍ਰਧਾਨ ਮੰਤਰੀ ਤੇ ਵਫਦ ਦੇ ਦੌਰੇ ਦੀ ਸੂਚਨਾ ਦੇਣੀ ਵੀ ਯੋਗ ਨਹੀਂ ਸਮਝੀ। ਉਂਝ ਭਾਰਤ ਸਰਕਾਰ ਕੈਨੇਡੀਅਨ ਵਫਦ ਦਾ ਬੜੀ ਗਰਮਜ਼ੋਸ਼ੀ ਨਾਲ ਸਵਾਗਤ ਕਰ ਰਹੀ ਹੈ।   ਇਸ ਦੌਰੇ ਦੌਰਾਨ ਕੈਨੇਡਾ ਅਤੇ ਭਾਰਤ ਵਿਚਕਾਰ ਵਪਾਰਕ, ਸੱਭਿਆਚਾਰਕ, ਜੰਗਲਾਤ ਅਤੇ ਵਾਤਾਵਰਣ ਬਾਰੇ ਅਨੇਕ ਤਰ੍ਹਾਂ ਦੇ ਸਮਝੌਤੇ ਹੋਣ ਦੀ ਵੀ ਆਸ ਹੈ। ਪਰ ਸਿੱਖ ਭਾਈਚਾਰੇ ਪ੍ਰਤੀ ਬੇਹੱਦ ਹਮਦਰਦ ਅਤੇ ਪ੍ਰਤੀਬੱਧ ਟਰੂਡੋ ਸਰਕਾਰ ਦੇ ਪ੍ਰਧਾਨ ਮੰਤਰੀ ਦੀ ਇਸ ਦੌਰੇ ਦੌਰਾਨ ਪੰਜਾਬ ਨੂੰ ਅਣਗੌਲਿਆਂ ਕਰਨ ਦੀ ਗੱਲ ਹਰੇਕ ਨੂੰ ਹੈਰਾਨੀ ਵਿਚ ਪਾਉਂਦੀ ਹੈ।
     ਪਰ ਜਦ ਅਸੀਂ ਪਿਛਲੇ ਸਮੇਂ ਵਿਚ ਵਾਪਰੀਆਂ ਘਟਨਾਵਾਂ ਉਪਰ ਨਜ਼ਰ ਮਾਰਦੇ ਹਾਂ, ਤਾਂ ਗੱਲ ਸਮਝਣੀ ਕੋਈ ਔਖੀ ਵੀ ਨਹੀਂ। ਪਿਛਲੇ ਵਰ੍ਹੇ ਪੰਜਾਬ ਦੇ ਜੰਮਪਲ ਅਤੇ ਇਸ ਸਮੇਂ ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਜਦ ਭਾਰਤ ਦੌਰੇ ‘ਤੇ ਆਏ, ਤਾਂ ਦਿੱਲੀ ਵਿਖੇ ਉਨ੍ਹਾਂ ਨੂੰ ਭਾਰਤ ਦੀਆਂ ਤਿੰਨਾਂ ਫੌਜਾਂ ਦੇ ਮੁਖੀਆਂ ਵੱਲੋਂ ਰੈੱਡ ਕਾਰਪੇਟ ਸਵਾਗਤ ਦਿੱਤਾ ਗਿਆ। ਪਰ ਜਦ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਅਤੇ ਉਥੋਂ ਹੁਸ਼ਿਆਰਪੁਰ ਜ਼ਿਲ੍ਹੇ ਵਿਚਲੇ ਆਪਣੇ ਜੱਦੀ ਪਿੰਡ ਗਏ, ਤਾਂ ਇਸ ਸਾਰੇ ਸਮੇਂ ਦੌਰਾਨ ਪੰਜਾਬ ਸਰਕਾਰ ਦਾ ਵਤੀਰਾ ਬੇਹੱਦ ਰੁੱਖਾ ਸੀ। ਇਥੋਂ ਤੱਕ ਕਿ ਸ. ਸੱਜਣ ਦੇ ਆਪਣੇ ਪਿੰਡ ਪਹੁੰਚਣ ਸਮੇਂ ਸੁਰੱਖਿਆ ਪ੍ਰਬੰਧ ਇੰਨੇ ਮਾੜੇ ਸਨ ਕਿ ਉਹ ਉਥੇ ਲੋਕਾਂ ਨੂੰ ਮਿਲ ਵੀ ਨਹੀਂ ਸਕੇ। ਪੰਜਾਬ ਸਰਕਾਰ ਦੇ ਇਸ ਵਤੀਰੇ ਦਾ ਕੈਨੇਡਾ ਦੀ ਸਰਕਾਰ ਨੇ ਬੜਾ ਸਖ਼ਤ ਨੋਟਿਸ ਲਿਆ ਸੀ।
ਅਸਲ ਵਿਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਜਦ 2016 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਬਾਰੇ ਪ੍ਰਵਾਸੀ ਪੰਜਾਬੀਆਂ ਨੂੰ ਮਿਲਣ ਅਤੇ ਉਨ੍ਹਾਂ ਨੂੰ ਆਪਣੇ ਪੱਖ ਵਿਚ ਭੁਗਤਣ ਲਈ ਪ੍ਰੇਰਿਤ ਕਰਨ ਵਾਸਤੇ ਅਮਰੀਕਾ, ਕੈਨੇਡਾ ਦੇ ਦੌਰੇ ਉਪਰ ਗਏ ਸਨ, ਤਾਂ ਉਸ ਸਮੇਂ ਕੈਨੇਡਾ ਸਰਕਾਰ ਨੇ ਆਪਣੇ ਦੇਸ਼ ਵਿਚ ਰਾਜਸੀ ਸਰਗਰਮੀਆਂ ਨਾ ਕਰਨ ਦੀ ਨੀਤੀ ਤਹਿਤ ਕੈਪਟਨ ਅਮਰਿੰਦਰ ਸਿੰਘ ਨੂੰ ਕੈਨੇਡਾ ਵਿਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਮਰੀਕਾ ਵਿਚ ਵੀ ਕਈ ਥਾਵਾਂ ‘ਤੇ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ।
  ਉਸੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਅਜਿਹੇ ਬਿਆਨ ਦਿੰਦੇ ਆ ਰਹੇ ਸਨ ਕਿ ਅਮਰੀਕਾ ਅਤੇ ਕੈਨੇਡਾ ਵਿਚ ਖਾਲਿਸਤਾਨੀ ਲਾਬੀ ਵੱਲੋਂ ਵਿਰੋਧ ਕੀਤੇ ਜਾਣ ਸਦਕਾ ਹੀ ਉਨ੍ਹਾਂ ਨੂੰ ਕੈਨੇਡਾ ਵਿਚ ਜਾਣ ਤੋਂ ਰੋਕਿਆ ਗਿਆ ਸੀ ਅਤੇ ਅਮਰੀਕਾ ਦੇ ਕਈ ਥਾਵਾਂ ‘ਤੇ ਵਿਰੋਧ ਕੀਤਾ ਗਿਆ ਹੈ। ਫਿਰ ਜਦ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੀ ਅਤੇ ਕੈਪਟਨ ਖੁਦ ਮੁੱਖ ਮੰਤਰੀ ਦੇ ਅਹੁਦੇ ਉਪਰ ਵਿਰਾਜਮਾਨ ਹੋਏ, ਤਾਂ ਉਨ੍ਹਾਂ ਨੇ ਅਨੇਕ ਵਾਰ ਅਜਿਹੇ ਬਿਆਨ ਦਿੱਤੇ ਕਿ ਕੈਨੇਡਾ ਦੀ ਫੈਡਰਲ ਸਰਕਾਰ ਵਿਚਲੇ ਸਿੱਖ ਮੰਤਰੀਆਂ ਦਾ ਖਾਲਿਸਤਾਨੀ ਲਾਬੀ ਨਾਲ ਸੰਬੰਧ ਹੈ। ਇਸ ਕਰਕੇ ਉਹ ਪੰਜਾਬ ਦਾ ਮਾਹੌਲ ਵਿਗਾੜਨ ਵਿਚ ਦਿਲਚਸਪੀ ਰੱਖਦੇ ਹਨ।   
     ਕੈਨੇਡਾ ਦੇ ਸਾਇੰਸ, ਟੈਕਨਾਲੌਜੀ ਤੇ ਕਾਮਰਸ ਦੇ ਮੰਤਰੀ ਸ. ਨਵਜੋਤ ਸਿੰਘ ਬੈਂਸ ਵੀ ਵਪਾਰਕ ਅਤੇ ਸਨਅਤ ਖੇਤਰ ਦੇ ਇਕ ਵੱਡੇ ਵਫਦ ਨਾਲ ਭਾਰਤ ਦੌਰੇ ‘ਤੇ ਆਏ ਸਨ। ਪਰ ਪੰਜਾਬ ਦੇ ਮੁੱਖ ਮੰਤਰੀ ਦੇ ਵਤੀਰੇ ਕਾਰਨ ਇਹ ਵਫਦ ਵੀ ਆਂਧਰਾ ਅਤੇ ਹੋਰ ਦੱਖਣੀ ਰਾਜਾਂ ਦੇ ਦੌਰੇ ‘ਤੇ ਬਾਅਦ ਵਾਪਸ ਚਲਾ ਗਿਆ ਸੀ। ਇਹ ਵਫਦ ਪੰਜਾਬ ਨਹੀਂ ਗਿਆ। ਆਮ ਪ੍ਰਭਾਵ ਹੈ ਕਿ ਜੇਕਰ ਪੰਜਾਬ ਸਰਕਾਰ ਕੈਨੇਡਾ ਸਰਕਾਰ ਨਾਲ ਚੰਗੇ ਸੰਬੰਧ ਬਣਾ ਕੇ ਰੱਖਦੀ, ਤਾਂ ਸ. ਬੈਂਸ ਦੀ ਅਗਵਾਈ ਵਿਚ ਗਏ ਵਫਦ ਨੇ ਵੀ ਪੰਜਾਬ ਦੌਰੇ ‘ਤੇ ਜਾਣਾ ਸੀ ਅਤੇ ਕੈਨੇਡਾ ਦੇ ਪੰਜਾਬੀ ਮੂਲ ਦੇ ਪੰਜਾਬੀ ਮੂਲ ਦੇ ਮੰਤਰੀਆਂ ਅਤੇ ਮੈਂਬਰ ਪਾਰਲੀਮੈਂਟਾਂ ਦੇ ਪ੍ਰਭਾਵ ਨਾਲ ਪੰਜਾਬ ਨੂੰ ਕਈ ਸਹੂਲਤਾਂ ਮਿਲ ਸਕਦੀਆਂ ਸਨ। ਪੰਜਾਬ ਦੇ ਮੁੱਖ ਮੰਤਰੀ ਨੇ ਪਿਛਲੇ ਦਿਨੀਂ ਫੇਰ ਕੈਨੇਡਾ ਸਰਕਾਰ, ਖਾਸਕਰ ਇਸ ਵਿਚਲੇ ਸਿੱਖ ਮੰਤਰੀਆਂ ਖਿਲਾਫ ਬਿਆਨਬਾਜ਼ੀ ਕੀਤੀ ਕਿ ਉਹ ਖਾਲਿਸਤਾਨੀ ਪੱਖੀਆਂ ਦੀਆਂ ਪੰਜਾਬ ਵਿਰੋਧੀ ਗੱਲਾਂ ਅੱਗੇ ਝੁਕਣਗੇ ਨਹੀਂ। ਪਰ ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਛਪਿਆ ਹੈ ਕਿ ਕੈਨੇਡਾ ਸਰਕਾਰ ਦੇ ਫੈਡਰਲ ਸਰਕਾਰ ਦੇ ਮੰਤਰੀਆਂ ਹਰਜੀਤ ਸਿੰਘ ਸੱਜਣ ਅਤੇ ਨਵਜੀਤ ਸਿੰਘ ਬੈਂਸ ਨੇ ਕੈਨੇਡੀਅਨ ਪ੍ਰੈੱਸ ਵਿਚ ਬਿਆਨ ਦਿੱਤਾ ਹੈ ਕਿ ਖਾਲਿਸਤਾਨੀ ਲਾਬੀ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਅਤੇ ਉਹ ਭਾਰਤ ਦੀ ਅਖੰਡਤਾ ਦੇ ਹਾਮੀ ਹਨ।
   ਇਸ ਬਿਆਨ ‘ਤੇ ਪ੍ਰਤੀਕਰਮ ਜਾਰੀ ਕਰਦਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਕੈਨੇਡਾ ਸਰਕਾਰ ਨੇ ਆਪਣਾ ਰੁੱਖ ਸਪੱਸ਼ਟ ਕੀਤਾ ਹੈ ਕਿ ਉਹ ਹੁਣ ਖੁੱਲ੍ਹ ਕੇ ਪ੍ਰਧਾਨ ਮੰਤਰੀ ਟਰੂਡੋ ਦਾ ਅੰਮ੍ਰਿਤਸਰ ਆਉਣ ‘ਤੇ ਸਵਾਗਤ ਕਰਨਗੇ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ 2 ਘੰਟੇ ਲੰਬੀ ਮੁਲਾਕਾਤ ਕੀਤੀ। ਦੱਸਿਆ ਜਾਂਦਾ ਹੈ ਕਿ ਇਸ ਮੁਲਾਕਾਤ ਵਿਚ ਵੀ ਟਰੂਡੋ ਪ੍ਰਤੀ ਵਤੀਰੇ ਬਾਰੇ ਗੱਲਬਾਤ ਹੋਈ ਹੈ। ਜਸਟਿਨ ਟਰੂਡੋ ਦੇ ਅੰਮ੍ਰਿਤਸਰ ਦੀ ਫੇਰੀ ਮੌਕੇ ਮੁੱਖ ਮੰਤਰੀ ਹਾਜ਼ਰ ਹੁੰਦੇ ਹਨ ਜਾਂ ਨਹੀਂ, ਇਸ ਬਾਰੇ ਅਜੇ ਤੱਕ ਵੀ ਪੱਕ ਨਾਲ ਕਿਸੇ ਨੂੰ ਕੁੱਝ ਪਤਾ ਨਹੀਂ। ਜਸਟਿਨ ਟਰੂਡੋ ਦੀ ਅਗਵਾਈ ਵਿਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਦੇ ਪ੍ਰੋਗਰਾਮ ਵਿਚ ਵੀ ਹਾਲੇ ਤੱਕ ਪੰਜਾਬ ਦੇ ਮੁੱਖ ਮੰਤਰੀ ਜਾਂ ਕਿਸੇ ਅਹੁਦੇਦਾਰ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਸ਼ਾਮਲ ਨਹੀਂ ਹੈ। ਅਗਲੇ ਕੁੱਝ ਦਿਨਾਂ ਵਿਚ ਕੀ ਘਟਨਾਕ੍ਰਮ ਵਾਪਰਦਾ ਹੈ, ਇਸ ਬਾਰੇ ਕੁੱਝ ਕਹਿਣਾ ਮੁਸ਼ਕਲ ਹੈ।
ਪਰ ਇਕ ਗੱਲ ਹੋ ਗਈ ਹੈ ਕਿ ਪੰਜਾਬ ਸਰਕਾਰ, ਖਾਸਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਸਰਕਾਰ ਪ੍ਰਤੀ ਅਪਣਾਏ ਰੁੱਖੇ ਵਤੀਰੇ ਨੇ ਪੰਜਾਬ ਦਾ ਵੱਡਾ ਨੁਕਸਾਨ ਜ਼ਰੂਰ ਕਰ ਦਿੱਤਾ ਹੈ। ਜੇਕਰ ਕੈਨੇਡਾ ਦੇ ਵਫਦ ਪ੍ਰਤੀ ਨਿੱਘਾ ਵਤੀਰਾ ਹੁੰਦਾ, ਤਾਂ ਲਾਜ਼ਮੀ ਹੀ ਕੈਨੇਡਾ ਦੀ ਸਰਕਾਰ ਜਿਵੇਂ ਉਥੇ ਪੰਜਾਬੀਆਂ ਤੇ ਸਿੱਖਾਂ ਪ੍ਰਤੀ ਬੇਹੱਦ ਲਿਹਾਜ਼ਦਾਰ ਅਤੇ ਹਮਦਰਦ ਵਤੀਰਾ ਅਪਣਾ ਰਹੀ ਹੈ, ਉਹੀ ਵਤੀਰਾ ਉਸ ਨੇ ਪੰਜਾਬ ਆ ਕੇ ਵੀ ਅਪਣਾਉਣਾ ਸੀ। ਪਰ ਲੱਗਦਾ ਹੈ ਕਿ ਹੁਣ ਪਾਣੀ ਸਿਰਾਂ ਤੋਂ ਲੰਘ ਚੁੱਕਿਆ ਹੈ ਅਤੇ ਪੰਜਾਬ ਨੂੰ ਵੱਡੀਆਂ ਸੰਭਾਵਨਾਵਾਂ ਦੇ ਬਾਵਜੂਦ ਕੁੱਝ ਵੀ ਮਿਲਣਾ ਮੁਸ਼ਕਲ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.