ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪ੍ਰਵਾਸੀ ਪੰਜਾਬੀ ਹੁਣ ਪੰਜਾਬ ‘ਚ ਨਿਵੇਸ਼ ਕਰਨ ਤੋਂ ਕਿਨਾਰਾ ਕਰਨ ਲੱਗੇ
ਪ੍ਰਵਾਸੀ ਪੰਜਾਬੀ ਹੁਣ ਪੰਜਾਬ ‘ਚ ਨਿਵੇਸ਼ ਕਰਨ ਤੋਂ ਕਿਨਾਰਾ ਕਰਨ ਲੱਗੇ
Page Visitors: 2504

ਪ੍ਰਵਾਸੀ ਪੰਜਾਬੀ ਹੁਣ ਪੰਜਾਬ ‘ਚ ਨਿਵੇਸ਼ ਕਰਨ ਤੋਂ ਕਿਨਾਰਾ ਕਰਨ ਲੱਗੇਪ੍ਰਵਾਸੀ ਪੰਜਾਬੀ ਹੁਣ ਪੰਜਾਬ ‘ਚ ਨਿਵੇਸ਼ ਕਰਨ ਤੋਂ ਕਿਨਾਰਾ ਕਰਨ ਲੱਗੇ

March 14
10:30 2018
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਲਈ ਇਕ ਇਹ ਬੜੀ ਦੁਖਦਾਈ ਖ਼ਬਰ ਹੈ, ਉਸ ਦੇ ਜੰਮੇ-ਜਾਏ ਪ੍ਰਵਾਸੀ ਪੰਜਾਬੀ ਪੰਜਾਬ ਤੋਂ ਮੂੰਹ ਮੋੜਨ ਲਈ ਮਜਬੂਰ ਹੋ ਰਹੇ ਹਨ। ਦੁਨੀਆਂ ਭਰ ਵਿਚ ਜਾ ਵਸੇ ਪੰਜਾਬੀਆਂ ਨੇ ਭਾਵੇਂ ਇਨ੍ਹਾਂ ਮੁਲਕਾਂ ਵਿਚ ਆ ਕੇ ਆਪਣੀਆਂ ਜ਼ਮੀਨ-ਜਾਇਦਾਦਾਂ ਬਣਾ ਲਈਆਂ ਹਨ, ਵੱਡੇ ਘਰ ਬਣਾ ਲਏ ਹਨ, ਕਾਰੋਬਾਰ ਵਿਕਸਿਤ ਕਰ ਲਏ ਹਨ ਅਤੇ ਕਈ ਦੇਸ਼ਾਂ ਵਿਚ ਤਾਂ ਇਨ੍ਹਾਂ ਮੁਲਕਾਂ ਦੇ ਤਾਣੇ-ਬਾਣੇ ਵਿਚ ਆਪਣੀ ਚੰਗੀ ਜਗ੍ਹਾ ਵੀ ਬਣਾ ਲਈ ਹੈ। ਕਈ ਮੁਲਕਾਂ ਵਿਚ ਰਾਜਸੀ ਖੇਤਰ ਵਿਚ ਵੀ ਚੰਗੀ ਧਾਂਕ ਜਮ੍ਹਾ ਲਈ ਹੈ।
   ਪਰ ਇਸ ਸਭ ਕੁੱਝ ਦੇ ਬਾਵਜੂਦ ਪੰਜਾਬੀਆਂ ਦਾ ਦਿਲ ਹਮੇਸ਼ਾ ਆਪਣੀ ਧਰਤੀ ਦੇ ਮੋਹ ਲਈ ਤਾਂਘਦਾ ਰਹਿੰਦਾ ਹੈ। ਬਾਹਰ ਬੈਠੇ ਪ੍ਰਵਾਸੀ ਪੰਜਾਬੀ ਹਮੇਸ਼ਾ ਆਪਣੀ ਜੰਮਣ ਭੋਇੰ ਪੰਜਾਬ ਦਾ ਭਲਾ ਲੋਚਦੇ ਹਨ। ਉਹ ਸਿਰਫ ਦੁਆਵਾਂ ਕਰਨ ਤੱਕ ਹੀ ਸੀਮਤ ਨਹੀਂ, ਸਗੋਂ ਪੰਜਾਬ ਦੀ ਹਾਲਤ ਸੁਧਾਰਨ ਲਈ ਬਣਦਾ ਯੋਗਦਾਨ ਪਾਉਣ ਲਈ ਵੀ ਉਤਾਵਲੇ ਰਹਿੰਦੇ ਹਨ। ਪਿਛਲੇ ਕਰੀਬ ਦੋ ਦਹਾਕਿਆਂ ਵਿਚ ਪ੍ਰਵਾਸੀ ਪੰਜਾਬੀਆਂ ਵੱਲੋਂ ਆਪੋ-ਆਪਣੇ ਪਿੰਡਾਂ-ਕਸਬਿਆਂ ਵਿਚ ਵਿਕਾਸ ਕਾਰਜਾਂ ਅੰਦਰ ਕਰੋੜਾਂ ਰੁਪਏ ਲਗਾਏ ਗਏ ਹਨ। ਵੱਡੇ-ਵੱਡੇ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਸਿਹਤ ਸੁਧਾਰਨ ਦਾ ਯਤਨ ਕੀਤਾ ਗਿਆ ਹੈ। ਖੇਡ ਮੇਲੇ ਕਰਵਾਏ ਜਾਂਦੇ ਰਹੇ ਹਨ। ਧਾਰਮਿਕ ਸਮਾਗਮਾਂ ਲਈ ਦਿਲ ਖੋਲ੍ਹ ਕੇ ਮਦਦ ਭੇਜੀ ਜਾਂਦੀ ਰਹੀ ਹੈ। ਇਸ ਤੋਂ ਇਲਾਵਾ ਪ੍ਰਵਾਸੀ ਪੰਜਾਬੀਆਂ ਨੇ ਪੰਜਾਬ ਦੀਆਂ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਵਿਚ ਅਰਬਾਂ ਰੁਪਏ ਦੀਆਂ ਰਕਮਾਂ ਵੀ ਜਮ੍ਹਾਂ ਕਰਵਾਈਆਂ ਹੋਈਆਂ ਸਨ। ਬਹੁਤ ਸਾਰੇ ਪ੍ਰਵਾਸੀ ਪੰਜਾਬੀ ਅਜਿਹੇ ਵੀ ਹਨ, ਜਿਨ੍ਹਾਂ ਨੇ ਵੱਖ-ਵੱਖ ਸਨਅੱਤ ਅਤੇ ਵਪਾਰਕ ਅਦਾਰਿਆਂ ਵਿਚ ਵੀ ਪੂੰਜੀ ਨਿਵੇਸ਼ ਕੀਤਾ ਹੈ।
   ਇਸ ਸਭ ਕੁੱਝ ਤੋਂ ਪਤਾ ਚੱਲਦਾ ਹੈ ਕਿ ਪ੍ਰਵਾਸੀ ਪੰਜਾਬੀ ਆਪਣੇ ਸੂਬੇ ਦੀ ਬਿਹਤਰੀ ਅਤੇ ਵਿਕਾਸ ਲਈ ਪੂਰੇ ਜੀਅ-ਜਾਨ ਨਾਲ ਕੰਮ ਕਰਨਾ ਚਾਹੁੰਦੇ ਹਨ। ਪਰ ਪਿਛਲੇ ਕੁੱਝ ਸਮੇਂ ਤੋਂ ਹਾਲਾਤ ਬਦਲਣ ਲੱਗੇ ਹਨ। ਇਕ ਤਾਂ ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਪੰਜਾਬ ਵਿਚ ਆਪਣੀਆਂ ਜਾਇਦਾਦਾਂ ਰੱਖਣ, ਬਣਾਉਣ ਜਾਂ ਉਥੇ ਪੂੰਜੀ ਨਿਵੇਸ਼ ਕਰਨ ‘ਚ ਕੋਈ ਬਹੁਤਾ ਧਿਆਨ ਨਹੀਂ ਦੇਣਾ। ਇਸ ਕਰਕੇ ਹੁਣ ਪੰਜਾਬ ਵਿਚ ਪੈਸੇ ਲਗਾਉਣ ਜਾਂ ਜ਼ਮੀਨ-ਜਾਇਦਾਦਾਂ ਖਰੀਦਣ ਦੇ ਰੁਝਾਨ ਵਿਚ ਕਮੀ ਆਉਣਾ ਤਾਂ ਸੁਭਾਵਿਕ ਗੱਲ ਹੈ। ਪਰ ਭਾਰਤ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਵੀ ਪ੍ਰਵਾਸੀ ਪੰਜਾਬੀਆਂ ਦਾ ਪੰਜਾਬ ਨਾਲੋਂ ਮੋਹ ਭੰਗ ਕਰਨ ਵਿਚ ਵੱਡਾ ਰੋਲ ਅਦਾ ਕੀਤਾ ਹੈ। ਇਸ ਵੇਲੇ ਸਭ ਤੋਂ ਵੱਡਾ ਰੌਲਾ ਇਹ ਹੈ ਕਿ ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ 31 ਮਾਰਚ ਤੱਕ ਬੈਂਕਾਂ ਅਤੇ ਫਾਇਨਾਂਸ ਕੰਪਨੀਆਂ ਦੇ ਸਾਰੇ ਖਾਤੇ ਆਧਾਰ ਕਾਰਡ ਨਾਲ ਜੋੜਨੇ ਜ਼ਰੂਰੀ ਹਨ। ਨਾਲ ਹੀ ਭਾਰਤ ਸਰਕਾਰ ਇਕ ਅਜਿਹਾ ਕਾਨੂੰਨ ਵੀ ਬਣਾਉਣ ਜਾ ਰਹੀ ਹੈ, ਜਿਸ ਤਹਿਤ ਜੇਕਰ ਕੋਈ ਬੈਂਕ ਜਾਂ ਵਿੱਤੀ ਅਦਾਰਾ ਦਿਵਾਲੀਆ ਹੋ ਜਾਂਦਾ ਹੈ, ਤਾਂ ਉਸ ਕੋਲ ਜਮ੍ਹਾਂ ਪੂੰਜੀ ਵਾਪਸ ਲੈਣ ਦਾ ਅਸਲ ਮਾਲਕਾਂ ਨੂੰ ਕੋਈ ਹੱਕ ਨਹੀਂ ਹੋਵੇਗਾ, ਸਗੋਂ ਸੰਬੰਧਤ ਬੈਂਕ ਆਪਣੀ ਮਰਜ਼ੀ ਮੁਤਾਬਕ ਹੀ ਪੈਸਾ ਮੋੜੇਗੀ। ਉਕਤ ਦੋਹਾਂ ਗੱਲਾਂ ਕਾਰਨ ਇਸ ਵੇਲੇ ਪੂਰੀ ਦੁਨੀਆਂ ਵਿਚ ਵਸੇ ਐੱਨ.ਆਰ.ਆਈਜ਼ ਵਿਚ ਵੱਡੀ ਘਬਰਾਹਟ ਪੈਦਾ ਹੋਈ ਹੈ ਤੇ ਇਸ ਦਾ ਨਤੀਜਾ ਇਹ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਪ੍ਰਵਾਸੀ ਪੰਜਾਬੀ ਜਹਾਜ਼ ਭਰ ਕੇ ਬੈਂਕਾਂ ਵਿਚੋਂ ਆਪਣਾ ਪੈਸਾ ਕਢਵਾਉਣ ਲਈ ਆ ਰਹੇ ਹਨ। ਹੁਣ ਜਦ 31 ਮਾਰਚ ਹੋਣ ਨੂੰ ਥੋੜ੍ਹੇ ਦਿਨ ਰਹਿ ਗਏ ਹਨ, ਤਾਂ ਲਗਭਗ ਸਾਰੀਆਂ ਬੈਂਕਾਂ ਵਿਚ ਪ੍ਰਵਾਸੀ ਪੰਜਾਬੀ ਆਪਣੀਆਂ ਐੱਫ.ਡੀਜ਼ ਤੁੜਵਾਉਣ ਅਤੇ ਜਮ੍ਹਾਂ ਪੂੰਜੀ ਕਢਵਾਉਣ ਵਿਚ ਲੱਗੇ ਹੋਏ ਹਨ। ਬੈਂਕਾਂ ਦੇ ਮੈਨੇਜਰ ਉਨ੍ਹਾਂ ਨੂੰ 31 ਮਾਰਚ ਤੱਕ ਪੈਸੇ ਨਾ ਕਢਵਾਉਣ ਲਈ ਭਾਵੇਂ ਤਰਲੇ ਮਾਰਦੇ ਹਨ, ਕਿਉਂਕਿ ਬੈਂਕ ਅਧਿਕਾਰੀਆਂ ਨੂੰ ਪੂੰਜੀ ਨਿਵੇਸ਼ ਲਈ 31 ਮਾਰਚ ਤੱਕ ਦੇ ਟੀਚੇ ਮਿਲੇ ਹੁੰਦੇ ਹਨ। ਪਿਛਲੇ ਸਾਲਾਂ ਵਿਚ ਪੂੰਜੀ ਨਿਵੇਸ਼ ਦੇ ਇਹ ਟੀਚੇ ਪ੍ਰਵਾਸੀ ਪੰਜਾਬੀਆਂ ਵੱਲੋਂ ਪੈਸੇ ਜਮ੍ਹਾਂ ਕਰਵਾਉਣ ਨਾਲ ਜਨਵਰੀ ਵਿਚ ਹੀ ਪੂਰੇ ਹੋ ਜਾਂਦੇ ਸਨ। ਪਰ ਬੈਂਕਾਂ ਵੱਲੋਂ ਪੁੱਜ ਰਹੀਆਂ ਰਿਪੋਰਟਾਂ ਮੁਤਾਬਕ ਇਸ ਵੇਲੇ ਪੰਜਾਬ ਦੀਆਂ ਬੈਂਕਾਂ ਵਿਚ ਪਿਛਲੇ 4-5 ਮਹੀਨੇ ਤੋਂ ਕੋਈ ਵੀ ਪ੍ਰਵਾਸੀ ਪੰਜਾਬੀ ਪੂੰਜੀ ਜਮ੍ਹਾਂ ਕਰਵਾਉਣ ਵਾਲਾ ਨਹੀਂ ਗਿਆ। ਉਲਟਾ ਸਗੋਂ ਬੈਂਕਾਂ ਕੋਲ ਜਮ੍ਹਾਂ ਪੂੰਜੀ ਦਾ ਵੱਡਾ ਹਿੱਸਾ ਪ੍ਰਵਾਸੀ ਪੰਜਾਬੀ ਕਢਵਾ ਕੇ ਲਿਜਾ ਰਹੇ ਹਨ। ਇਕ ਗੈਰ ਸਰਕਾਰੀ ਅੰਕੜੇ ਮੁਤਾਬਕ ਇਕੱਲਾ ਦੁਆਬੇ ਖੇਤਰ ਵਿਚ 50 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਬੈਂਕਾਂ ਅਤੇ ਫਾਇਨਾਂਸ ਕੰਪਨੀਆਂ ਵਿਚ ਪ੍ਰਵਾਸੀ ਪੰਜਾਬੀਆਂ ਦਾ ਪੈਸਾ ਲੱਗਿਆ ਹੋਇਆ ਸੀ ਅਤੇ ਹੁਣ ਤੱਕ ਇਸ ਵਿਚੋਂ ਅੱਧ ਦੇ ਕਰੀਬ ਪ੍ਰਵਾਸੀ ਪੰਜਾਬੀਆਂ ਨੇ ਕਢਵਾ ਲਿਆ ਹੈ। ਜਿਵੇਂ ਅਧਿਕਾਰੀ ਕਹਿ ਰਹੇ ਹਨ ਕਿ ਪੰਜਾਬ ਦੀਆਂ ਬੈਂਕਾਂ ਤਾਂ ਪੈਸੇ ਖੁਣੋਂ ਖਾਲੀ ਹੋਣ ਜਾ ਰਹੀਆਂ ਹਨ।
ਪ੍ਰਵਾਸੀ ਪੰਜਾਬੀ ਜਿੱਥੇ ਬੈਂਕਾਂ ਅਤੇ ਵਿੱਤੀ ਕੰਪਨੀਆਂ ਵਿਚ ਪਈ ਜਮ੍ਹਾਂ ਪੂੰਜੀ ਕਢਵਾ ਰਹੇ ਹਨ, ਉਥੇ ਜ਼ਮੀਨ-ਜਾਇਦਾਦਾਂ ਵੀ ਵੱਡੇ ਪੱਧਰ ‘ਤੇ ਵੇਚਣ ਲਈ ਲਗਾਈਆਂ ਹੋਈਆਂ ਹਨ। ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰਨ ‘ਤੇ ਪਤਾ ਲੱਗਦਾ ਹੈ ਕਿ ਇਸ ਵੇਲੇ ਪ੍ਰਵਾਸੀ ਪੰਜਾਬੀ ਪੰਜਾਬ ਵਿਚ ਘਰ ਬਣਾਉਣ, ਪੂੰਜੀ ਨਿਵੇਸ਼ ਦੇ ਮਨਸ਼ੇ ਨਾਲ ਫਲੈਟ ਜਾਂ ਪਲਾਟ ਖਰੀਦਣ ਜਾਂ ਜ਼ਮੀਨਾਂ ਖਰੀਦਣ ਦਾ ਰੁਝਾਨ ਤਾਂ ਇਸ ਵੇਲੇ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਉਲਟਾ ਸਗੋਂ ਪ੍ਰਵਾਸੀ ਪੰਜਾਬੀ ਜ਼ਮੀਨਾਂ, ਫਲੈਟ ਅਤੇ ਹੋਰ ਘਰ-ਬਾਰ ਸਮੇਟਣ ਦੇ ਕੰਮ ਵਿਚ ਲੱਗੇ ਹੋਏ ਹਨ।
    21ਵੀਂ ਸਦੀ ਦੇ ਸ਼ੁਰੂ ਹੋਣ ਵੇਲੇ ਪੰਜਾਬ ਵਿਚ ਜ਼ਮੀਨਾਂ ਦੇ ਭਾਅ ਇਕਦਮ ਤੇਜ਼ ਹੋਏ ਸਨ। ਪੰਜਾਬ ਦੇ ਕਈ ਖੇਤਰਾਂ ਵਿਚ ਖੇਤੀ ਵਾਲੀਆਂ ਜ਼ਮੀਨਾਂ ਪ੍ਰਤੀ ਏਕੜ 50-60 ਲੱਖ ਤੱਕ ਪੁੱਜ ਗਈਆਂ ਸਨ। ਸ਼ਹਿਰਾਂ ਨੇੜਲੀਆਂ ਜ਼ਮੀਨਾਂ ਦੇ ਭਾਅ ਤਾਂ ਅਸਮਾਨੀ ਹੀ ਚੜ੍ਹ ਗਏ ਸਨ। ਉਸ ਸਮੇਂ ਪ੍ਰਵਾਸੀ ਪੰਜਾਬੀਆਂ ਨੇ ਵੀ ਬਹੁਤ ਸਾਰੀਆਂ ਥਾਵਾਂ ਉਪਰ ਜ਼ਮੀਨਾਂ ਖਰੀਦਣ ਲਈ ਪੈਸੇ ਖਰਚੇ ਸਨ। ਪਰ ਹੁਣ ਪੰਜਾਬ ਅੰਦਰ ਜਾਇਦਾਦ ਕਾਰੋਬਾਰ ਬੇਹੱਦ ਮੰਦੀ ਵਿਚ ਚਲਾ ਗਿਆ ਹੈ।
    ਪਿੰਡਾਂ ਵਿਚਲੀਆਂ ਖੇਤੀ ਵਾਲੀਆਂ ਚੰਗੀਆਂ ਜ਼ਮੀਨਾਂ ਦੇ ਭਾਅ 15 ਤੋਂ 20 ਲੱਖ ਦੇ ਵਿਚਕਾਰ ਹੀ ਰਹਿ ਗਏ ਹਨ। ਪਰ ਖਰੀਦਣ ਵਾਲੇ ਕੋਈ ਵੀ ਨਹੀਂ ਲੱਭ ਰਹੇ। ਜਿਸ ਕਾਰਨ ਕਈ ਵਾਰ ਲੋੜਵੰਦ ਵਿਅਕਤੀਆਂ ਨੂੰ ਇਹ ਜ਼ਮੀਨਾਂ ਹੋਰ ਵੀ ਘੱਟ ਰੇਟਾਂ ਉਪਰ ਵੇਚਣੀਆਂ ਪੈ ਰਹੀਆਂ ਹਨ। ਪੰਜਾਬ ਵਿਚ ਜ਼ਮੀਨਾਂ ਦੇ ਮਾਲਕ ਪ੍ਰਵਾਸੀ ਪੰਜਾਬੀਆਂ ਦਾ ਕਹਿਣਾ ਹੈ ਕਿ ਕਿਸੇ ਸਮੇਂ ਉਹ ਜ਼ਮੀਨਾਂ ਖਰੀਦਣ ਜਾਂਦੇ ਸਨ। ਪਰ ਹੁਣ ਤਾਂ ਪੰਜਾਬ ਅੰਦਰ ਜ਼ਮੀਨਾਂ ਸੁੱਟਣ ਜਾ ਰਹੇ ਹਨ। 2006-07 ਵਿਚਕਾਰ ਕਈ ਲੋਕਾਂ ਨੇ 35-40 ਲੱਖ ਰੁਪਏ ਪ੍ਰਤੀ ਏਕੜ ਜ਼ਮੀਨ ਖਰੀਦੀ ਸੀ। ਉਸ ਸਮੇਂ ਅਮਰੀਕੀ ਡਾਲਰ ਦਾ ਭਾਅ 44-45 ਰੁਪਏ ਦੇ ਨੇੜੇ ਸੀ। ਹੁਣ ਜ਼ਮੀਨਾਂ ਦੇ ਭਾਅ 20 ਲੱਖ ਤੋਂ ਵੀ ਹੇਠਾਂ ਚਲੇ ਗਏ ਹਨ ਅਤੇ ਡਾਲਰ ਦਾ ਭਾਅ 65 ਦੇ ਕਰੀਬ ਚੱਲ ਰਿਹਾ ਹੈ। ਜੇ ਜ਼ਮੀਨ ਦੇ ਭਾਅ ਅਤੇ ਡਾਲਰ ਦੇ ਭਾਅ ਦੇ ਫਰਕ ਨੂੰ ਗਿਣ ਲਿਆ ਜਾਵੇ, ਤਾਂ ਅੱਜ ਦੇ ਜ਼ਮਾਨੇ ਵਿਚ ਐੱਨ.ਆਰ.ਆਈ. ਨੂੰ ਇਕ ਏਕੜ ਦੇ 10 ਕੁ ਲੱਖ ਹੀ ਪੱਲੇ ਪੈਂਦੇ ਹਨ।
   ਪੰਜਾਬ ‘ਚ ਇਸ ਵੇਲੇ ਹਾਲਤ ਇਹ ਹੈ ਕਿ ਜ਼ਮੀਨਾਂ ਖਰੀਦਣ ਲਈ ਕੋਈ ਤਿਆਰ ਨਹੀਂ ਹੈ। ਲੋੜਵੰਦ ਵਿਅਕਤੀ ਹੋਰ ਵੀ ਸਸਤੇ ਭਾਅ ਉਪਰ ਜ਼ਮੀਨਾਂ ਵੇਚਣ ਲਈ ਮਜਬੂਰ ਹੋ ਰਹੇ ਹਨ। ਪੰਜਾਬ ਅੰਦਰ ਵਿਗੜੀ ਅਮਨ-ਕਾਨੂੰਨ ਦੀ ਸਥਿਤੀ ਅਤੇ ਕਾਰੋਬਾਰੀ ਅਨੁਕੂਲ ਮਾਹੌਲ ਨਾ ਹੋਣ ਕਾਰਨ ਪੰਜਾਬ ਵਿਚ ਕੋਈ ਵੀ ਪ੍ਰਵਾਸੀ ਪੰਜਾਬੀ ਪੈਸਾ ਲਾਉਣ ਲਈ ਉਤਸ਼ਾਹ ਦਿਖਾਉਣ ਤਾਂ ਦੂਰ, ਗੱਲ ਕਰਨ ਲਈ ਵੀ ਤਿਆਰ ਨਹੀਂ। ਹੋਰ ਤਾਂ ਹੋਰ ਪਿਛਲੇ ਸਾਲਾਂ ਦੌਰਾਨ ਵਿਆਹ ਸ਼ਾਦੀਆਂ ਅਤੇ ਹੋਰ ਸਮਾਜਿਕ ਸਮਾਗਮਾਂ ਜਾਂ ਆਪਣੇ ਰਿਸ਼ਤੇਦਾਰਾਂ ਆਦਿ ਨੂੰ ਮਿਲਣ ਲਈ ਪ੍ਰਵਾਸੀ ਪੰਜਾਬੀ ਵੱਡੀ ਗਿਣਤੀ ਵਿਚ ਪੰਜਾਬ ਜਾਂਦੇ ਸਨ। ਆਪਣੀ ਫੇਰੀ ਦੌਰਾਨ ਉਹ ਉਥੇ ਲੱਖਾਂ ਰੁਪਏ ਖਰਚ ਕਰਕੇ ਆਉਂਦੇ ਸਨ। ਇਸ ਨਾਲ ਜਿੱਥੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਵੱਡੀ ਗਿਣਤੀ ਵਿਚ ਟੈਕਸ ਮਿਲਦਾ ਸੀ, ਉਥੇ ਨਾਲ ਦੀ ਨਾਲ ਵਪਾਰਕ ਅਦਾਰਿਆਂ ਨੂੰ ਵੀ ਵੱਡਾ ਲਾਭ ਪੁੱਜਦਾ ਸੀ। ਪਰ ਵੱਖ-ਵੱਖ ਲੋਕਾਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਹੁਣ ਪਹਿਲਾਂ ਦੇ ਮੁਕਾਬਲੇ ਪ੍ਰਵਾਸੀ ਪੰਜਾਬੀਆਂ ਦੀ ਨਵੰਬਰ ਤੋਂ ਜਨਵਰੀ ਤੱਕ ਪੰਜਾਬ ਜਾਣ ਵਾਲਿਆਂ ਦੀ ਗਿਣਤੀ ਅੱਧ ਦੇ ਕਰੀਬ ਵੀ ਨਹੀਂ ਰਹਿ ਗਈ।
   ਪ੍ਰਵਾਸੀ ਪੰਜਾਬੀਆਂ ਦੀ ਪੰਜਾਬ ਨੂੰ ਜਾਣ ਦੀ ਗਿਣਤੀ ਘਟਣਾ ਇਕ ਤਾਂ ਆਰਥਿਕ ਪੱਖੋਂ ਬੇਹੱਦ ਘਾਟੇਵੰਦਾ ਰਹੇਗਾ, ਕਿਉਂਕਿ ਪ੍ਰਵਾਸੀ ਪੰਜਾਬੀਆਂ ਦੇ ਨਾ ਜਾਣ ਕਾਰਨ ਹੋਟਲ, ਟੈਕਸੀ, ਕੱਪੜੇ ਅਤੇ ਹੋਰ ਵਪਾਰਕ ਕਾਰੋਬਾਰੀਆਂ ਦਾ ਵੱਡਾ ਨੁਕਸਾਨ ਹੋਵੇਗਾ। ਉਥੇ ਨਾਲ ਹੀ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੇ ਪੰਜਾਬ ਵਿਚ ਵਸਦੇ ਲੋਕਾਂ ਨਾਲ ਮੋਹ ਦੀਆਂ ਤੰਦਾਂ ਵੀ ਢਿੱਲੀਆਂ ਪੈਣ ਲੱਗਣਗੀਆਂ। ਇਹ ਸਮਾਜਿਕ ਅਤੇ ਮਾਨਸਿਕ ਪਾੜਾ ਪੰਜਾਬੀਆਂ ਅਤੇ ਪ੍ਰਵਾਸੀ ਪੰਜਾਬੀਆਂ ਵਿਚਕਾਰ ਇਕ ਨਵੀਂ ਲਕੀਰ ਖਿੱਚਦਾ ਨਜ਼ਰ ਆ ਰਿਹਾ ਹੈ। ਸਾਨੂੰ ਲੱਗਦਾ ਹੈ ਕਿ ਪੰਜਾਬੀਆਂ ਅਤੇ ਪ੍ਰਵਾਸੀ ਪੰਜਾਬੀਆਂ ਦੋਹਾਂ ਲਈ ਹੀ ਇਹ ਮੰਦਭਾਗੀ ਗੱਲ ਹੈ।
   ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਰਕਾਰਾਂ ਦੇ ਪੱਧਰ ‘ਤੇ ਯਤਨ ਹੋਣੇ ਚਾਹੀਦੇ ਹਨ ਅਤੇ ਨਾਲ ਦੀ ਨਾਲ ਸਾਡੇ ਲੋਕਾਂ ਨੂੰ ਖੁਦ ਵੀ ਸੁਚੇਤ ਹੋ ਕੇ ਅਜਿਹੇ ਯਤਨ ਕਰਨੇ ਚਾਹੀਦੇ ਹਨ, ਜਿਸ ਨਾਲ ਪੰਜਾਬੀਆਂ ਅਤੇ ਪ੍ਰਵਾਸੀ ਪੰਜਾਬੀਆਂ ਵਿਚਕਾਰ ਆਪਸੀ ਨੇੜਤਾ ਅਤੇ ਮੋਹ ਤੰਦਾਂ ਨੂੰ ਮਜ਼ਬੂਤ ਬਣਾਈ ਰੱਖਿਆ ਜਾ ਸਕੇ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.