ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਅਮਰੀਕਾ ਦੇ ਗੁਰੂ ਘਰ ਵਿਚ ਪ੍ਰਧਾਨਗੀ ਤੋਂ ਲੜਾਈ
ਅਮਰੀਕਾ ਦੇ ਗੁਰੂ ਘਰ ਵਿਚ ਪ੍ਰਧਾਨਗੀ ਤੋਂ ਲੜਾਈ
Page Visitors: 2514

ਅਮਰੀਕਾ ਦੇ ਗੁਰੂ ਘਰ ਵਿਚ ਪ੍ਰਧਾਨਗੀ ਤੋਂ ਲੜਾਈਅਮਰੀਕਾ ਦੇ ਗੁਰੂ ਘਰ ਵਿਚ ਪ੍ਰਧਾਨਗੀ ਤੋਂ ਲੜਾਈ

April 18
10:30 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ‘ਚ ਇੰਡੀਆਨਾ ਪੋਲਿਸ ਦੇ ਇਕ ਗੁਰਦੁਆਰੇ ਵਿਚ ਪ੍ਰਧਾਨਗੀ ਨੂੰ ਲੈ ਕੇ ਦੋ ਧੜਿਆਂ ਵਿਚ ਲੜਾਈ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਦੋ ਸਾਲਾਂ ਬਾਅਦ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੀ ਚੋਣ ਦੌਰਾਨ ਇਹ ਘਟਨਾ ਵਾਪਰੀ ਹੈ। ਇਸ ਘਟਨਾ ਵਿਚ ਪ੍ਰਧਾਨਗੀ ਲਈ ਲੜ ਰਹੇ ਦੋ ਗਰੁੱਪਾਂ ਵਿਚਕਾਰ ਆਪਸੀ ਝੜਪਾਂ ਹੋਈਆਂ ਅਤੇ ਝਗੜਾ ਇੰਨਾ ਵਧ ਗਿਆ ਕਿ ਪੁਲਿਸ ਨੂੰ ਦਖਲ ਦੇਣਾ ਪਿਆ ਅਤੇ ਪ੍ਰਸ਼ਾਸਨ ਨੂੰ ਮੈਡੀਕਲ ਸਹਾਇਤਾ ਲਈ ਟੀਮਾਂ ਸੱਦਣੀਆਂ ਪਈਆਂ। ਪੁਲਿਸ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਇਕੱਤਰ 150 ਦੇ ਕਰੀਬ ਸਿੱਖ ਚੋਣਾਂ ਦੇ ਮਾਮਲੇ ਨੂੰ ਲੈ ਕੇ ਇਕ ਦੂਜੇ ਨਾਲ ਉਲਝ ਪਏ ਅਤੇ ਹੱਥੋਪਾਈ ਹੋਣ ਲੱਗੇ। ਆਪਸੀ ਝੜਪਾਂ ਵਿਚ 4 ਸਿੱਖਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਇਹ ਵੀ ਖ਼ਬਰਾਂ ਹਨ ਕਿ ਦੋਵਾਂ ਧੜਿਆਂ ਦਰਮਿਆਨ ਟਕਰਾਅ ਅਤੇ ਝੜਪ ਗੁਰਦੁਆਰਾ ਸਾਹਿਬ ਦੇ ਅੰਦਰ ਜਿਸ ਸਮੇਂ ਹੋਈ, ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਚੱਲ ਰਿਹਾ ਸੀ। ਇਸ ਝੜਪ ਦਰਮਿਆਨ ਦਰਬਾਰ ਸਾਹਿਬ ਹਾਲ ਅੰਦਰ ਹੀ 4 ਸਿੱਖ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ।
ਗੁਰਦੁਆਰਾ ਸਾਹਿਬ ਵਿਚ ਹੋਈ ਲੜਾਈ ਸਪੱਸ਼ਟ ਤੌਰ ‘ਤੇ ਗੁਰਦੁਆਰੇ ਉਪਰ ਕਬਜ਼ੇ ਨੂੰ ਲੈ ਕੇ ਹੋਈ ਹੈ।
ਇਸ ਦਾ ਅਰਥ ਹੈ ਕਿ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਸਿੱਖੀ, ਸਿੱਖੀ ਪ੍ਰੰਪਰਾਵਾਂ, ਸਿੱਖ ਇਤਿਹਾਸ ਅਤੇ ਸਿੱਖੀ ਦੇ ਉਪਦੇਸ਼ ਨਾਲ ਕੋਈ ਲਾਗਾ-ਦੇਗਾ ਨਹੀਂ। ਉਨ੍ਹਾਂ ਦਾ ਇਕੋ-ਇਕ ਮਕਸਦ ਜਿਵੇਂ-ਤਿਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਬਜ਼ੇ ਅਤੇ ਗੁਰੂ ਦੀ ਗੋਲਕ ਨੂੰ ਆਪਣੇ ਹੱਥ ਲੈਣ ਦਾ ਸੀ। ਗੁਰੂ ਘਰ ਸਮੁੱਚੀ ਮਾਨਵਤਾ ਨੂੰ ਇਕ ਭਾਈਚਾਰੇ ਵਿਚ ਸੰਮਲਿਤ ਕਰਨ ਦਾ ਉਪਦੇਸ਼ ਦਿੰਦੇ ਹਨ। ਗੁਰੂ ਘਰਾਂ ਵਿਚੋਂ ਹਮੇਸ਼ਾ ਦੀਨ-ਦੁਖੀ ਦੇ ਹੱਕ ਵਿਚ ਹਾਅ ਦਾ ਨਾਅਰਾ ਵੱਜਦਾ ਹੈ। ਇਥੇ ਧਰਮੀ ਲੋਕ ਬੈਠ ਕੇ ਸਮਾਜ ਵਿਚ ਸੁੱਖ-ਸ਼ਾਂਤੀ ਲਈ ਅਰਦਾਸ ਕਰਦੇ ਹਨ। ਗੁਰੂ ਘਰਾਂ ਵਿਚ ਅਸੀਂ ਹਰ ਰੋਜ਼ ਸਿੱਖਾਂ ਦੀ ਚੜ੍ਹਦੀ ਕਲਾ ਅਤੇ ਨਿਆਰੇਪਣ ਲਈ ਅਰਦਾਸਾਂ ਕਰਦੇ ਹਾਂ। ਪਰ ਜਦ ਸਾਡੇ ਸਮਾਜ ਵਿਚੋਂ ਹੀ ਕੁੱਝ ਲੋਕ ਆਪਣੇ ਨਿੱਜੀ ਲਾਭ ਅਤੇ ਹਉਮੈ ਨੂੰ ਪੂਰੀ ਕਰਨ ਲਈ ਪ੍ਰਧਾਨਗੀਆਂ ਲਈ ਲੜਦੇ ਹਨ, ਤਾਂ ਸਾਡੇ ਸਮਾਜ ਦੇ ਅਜਿਹੇ ਹਿੱਸੇ ਵਿਚ ਆਏ ਨਿਘਾਰ ਦਾ ਪਤਾ ਚੱਲਦਾ ਹੈ।
     ਅਜਿਹੇ ਲੋਕਾਂ ਨੂੰ ਸਿੱਖੀ ਅਤੇ ਸਿੱਖੀ ਸ਼ਾਨ ਨਾਲ ਕੋਈ ਲਾਗਾ-ਦੇਗਾ ਨਹੀਂ। ਉਨ੍ਹਾਂ ਦਾ ਮੰਤਵ ਸਿਰਫ ਆਪਣੀ ਫੌਕੀ ਟੌਹਰ ਜਮਾਉਣ ਲਈ ਪ੍ਰਧਾਨਗੀਆਂ ਉਪਰ ਕਬਜ਼ੇ ਕਰਨਾ ਅਤੇ ਗੁਰੂ ਦੀ ਗੋਲਕ ਨੂੰ ਆਪਣੇ ਹਿਤਾਂ ਲਈ ਵਰਤਣ ਵਾਸਤੇ ਇਸ ਨੂੰ ਆਪਣੇ ਹੱਥ ਹੇਠ ਕਰਨਾ ਹੀ ਹੁੰਦਾ ਹੈ। ਜੇਕਰ ਅਸੀਂ ਗੁਰੂ ਘਰਾਂ ਨੂੰ ਧਰਮ, ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲੇ ਸਥਾਨ ਮੰਨਦੇ ਹਾਂ, ਤਾਂ ਇਨ੍ਹਾਂ ਗੁਰੂ ਘਰਾਂ ਦੇ ਪ੍ਰਬੰਧ ਲਈ ਲੜਾਈਆਂ ਦਾ ਸਵਾਲ ਹੀ ਪੈਦਾ ਨਹੀਂ ਹੋਣਾ ਚਾਹੀਦਾ। ਮਨੁੱਖਤਾ ਦੀ ਸੇਵਾ ਜ਼ਰੂਰੀ ਨਹੀਂ ਕਿ ਪ੍ਰਧਾਨ ਬਣ ਕੇ ਹੀ ਕੀਤੀ ਜਾਵੇ। ਇਸ ਕਾਰਜ ਲਈ ਬਿਨਾਂ ਅਹੁਦੇ ਲਿਆਂ ਵੀ ਅਨੇਕ ਤਰ੍ਹਾਂ ਦੇ ਵੱਡੇ-ਵੱਡੇ ਕੰਮ ਕੀਤੇ ਜਾ ਸਕਦੇ ਹਨ। ਭਗਤ ਪੂਰਨ ਸਿੰਘ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿੰਗਲਾਘਰ ਖੋਲ੍ਹ ਕੇ ਸਮਾਜ ਦੀ ਵੱਡੀ ਸੇਵਾ ਕੀਤੀ। ਉਹ ਸਾਰੀ ਉਮਰ ਆਪਣੇ ਪਿੰਗਲੇ ਸਾਥੀ ਨੂੰ ਟੋਕਰੀ ਵਿਚ ਉਠਾ ਕੇ ਸੇਵਾ ਅਤੇ ਸਿਮਰਨ ਦਾ ਸੰਦੇਸ਼ ਦਿੰਦੇ ਰਹੇ। ਅਜਿਹੇ ਬੇਗਰਜ਼, ਬੇਲਾਗ ਅਤੇ ਸੇਵਾ ਦੇ ਪੁੰਜ ਸਿੱਖ ਇਤਿਹਾਸ ਵਿਚ ਇਕ ਨਹੀਂ, ਹਜ਼ਾਰਾਂ ਲੋਕ ਮਿਲਦੇ ਹਨ।
ਪਰ ਕੁੱਝ ਕੁ ਲੋਕਾਂ ਦੀ ਫੌਕੀ ਟੌਹਰ ਕਾਰਨ ਅਤੇ ਆਪਣੀ ਹਉਮੈ ਨੂੰ ਪੱਠੇ ਪਾਉਣ ਦੀ ਸੋਚ ਸਮੁੱਚੇ ਸਿੱਖ ਪੰਥ ਨੂੰ ਕਲੰਕਿਤ ਕਰ ਦਿੰਦੀ ਹੈ।
ਅਮਰੀਕਾ ਵਿਚ ਇਕ ਪਾਸੇ ਅਸੀਂ ਸਿੱਖੀ ਦੇ ਨਿਆਰੇਪਣ ਅਤੇ ਇਸ ਦੀ ਪਛਾਣ ਨੂੰ ਲੋਕਾਂ ਤੱਕ ਲਿਜਾਣ ਲਈ ਪਿਛਲੇ ਕਰੀਬ ਡੇਢ ਦਹਾਕੇ ਤੋਂ ਸਰਗਰਮੀ ਨਾਲ ਯਤਨ ਕਰ ਰਹੇ ਹਾਂ। ਸਿੱਖ ਥਾਂ-ਥਾਂ ਨਗਰ ਕੀਰਤਨ ਕੱਢਦੇ ਹਨ। ਲੋਕ ਸੇਵਾ ਦੇ ਅਨੇਕ ਕਾਰਜਾਂ ਵਿਚ ਸ਼ਾਮਲ ਹੁੰਦੇ ਹਨ। ਲੋੜਵੰਦਾਂ ਦੀ ਸੇਵਾ ਲਈ ਸਿੱਖ ਹਰ ਥਾਂ ਪੁੱਜਦੇ ਹਨ। ਇਸੇ ਤਰ੍ਹਾਂ ਹੋਰ ਹਰ ਪਲੇਟਫਾਰਮ ਵਰਤ ਕੇ ਸਿੱਖ ਆਪਣੀ ਪਛਾਣ ਬਾਰੇ ਪਏ ਭੁਲੇਖੇ ਦੂਰ ਕਰਨ ਦਾ ਯਤਨ ਕਰਦੇ ਹਨ। ਅਜਿਹੇ ਯਤਨਾਂ ਨੂੰ ਫਲ ਵੀ ਲੱਗ ਰਿਹਾ ਹੈ। ਅੱਜ ਅਮਰੀਕਾ ਦੇ ਕਈ ਸੂਬਿਆਂ ਵਿਚ ਸਿੱਖ ਪ੍ਰਸ਼ੰਸਾ ਅਤੇ ਜਾਗ੍ਰਿਤੀ ਦੇ ਮਹੀਨੇ ਮਨਾਏ ਜਾਣ ਲੱਗੇ ਹਨ। ਅਨੇਕਾਂ ਥਾਂਵਾਂ ‘ਤੇ ਸਿੱਖ ਉੱਚੇ ਅਹੁਦਿਆਂ ਲਈ ਚੁਣੇ ਜਾਣ ਲੱਗੇ ਹਨ, ਪਰ ਜਦ ਸਾਡੇ ਕੁੱਝ ਵੀਰ ਗੁਰਦੁਆਰਿਆਂ ਦੀ ਗੋਲਕ ਲਈ ਇਕ ਦੂਜੇ ਵਿਰੁੱਧ ਤਲਵਾਰਾਂ ਸੂਤ ਲੈਂਦੇ ਹਨ ਅਤੇ ਗੁਰਦੁਆਰਿਆਂ ਵਿਚ ਪੱਗਾਂ ਲਹਾ ਕੇ ਲਹੂ-ਲੁਹਾਨ ਹੁੰਦੇ ਹਨ, ਤਾਂ ਮੀਡੀਏ ਰਾਹੀਂ ਵਾਇਰਲ ਹੋਈਆਂ ਅਜਿਹੀਆਂ ਤਸਵੀਰਾਂ ਦੇਖ ਕੇ ਅਮਰੀਕੀ ਸਮਾਜ ਵਿਚ ਸਾਡੇ ਬਾਰੇ ਕਿਹੋ ਜਿਹਾ ਪ੍ਰਭਾਵ ਪੈਂਦਾ ਹੋਵੇਗਾ, ਇਸ ਬਾਰੇ ਕਿਆਸ ਲਾਉਣਾ ਕਿਸੇ ਨੂੰ ਵੀ ਕੋਈ ਬਹੁਤਾ ਔਖਾ ਨਹੀਂ। ਜਦੋਂ ਅਸੀਂ ਆਪਣੇ ਧਾਰਮਿਕ ਅਸਥਾਨਾਂ ਵਿਚ ਬੈਠ ਕੇ ਲੜਾਈਆਂ-ਝਗੜੇ ਕਰਦੇ ਹਾਂ, ਤਾਂ ਬਾਹਰਲੇ ਸਮਾਜਾਂ ਵਿਚ ਸਾਡਾ ਅਪਰਾਧੀਆਂ ਜਾਂ ਮੁਜ਼ਰਮਾਂ ਵਾਲਾ ਅਕਸ ਉਭਰੇਗਾ ਹੀ, ਸਗੋਂ ਸਾਡੀ ਆਪਣੀ ਨਵੀਂ ਪੀੜ੍ਹੀ ਅੰਦਰ ਵੀ ਗੁਰੂ ਘਰਾਂ ਅਤੇ ਗੁਰੂ ਘਰਾਂ ਦੇ ਪ੍ਰਬੰਧਕਾਂ ਪ੍ਰਤੀ ਗਲਤ ਪ੍ਰਭਾਵ ਪੈਦਾ ਹੁੰਦੇ ਹਨ ਅਤੇ ਸਾਡੀ ਨਵੀਂ ਪੀੜ੍ਹੀ ਗੁਰੂ ਘਰਾਂ ਵਿਚ ਜਾਣ ਤੋਂ ਪਾਸਾ ਵੱਟਣ ਲੱਗਦੀ ਹੈ।
ਕੈਲੀਫੋਰਨੀਆ ਦੇ ਬਹੁਤ ਸਾਰੇ ਗੁਰੂ ਘਰਾਂ ਵਿਚ ਵੀ ਅਨੇਕਾਂ ਵਾਰ ਪ੍ਰਧਾਨਗੀਆਂ ਨੂੰ ਲੈ ਕੇ ਅਜਿਹੇ ਜੂਤ-ਪਤਾਂਗ ਹੁੰਦੇ ਰਹੇ ਹਨ। ਪੱਗਾਂ ਲੱਥਣ ਤੋਂ ਲੈ ਕੇ ਇਕ ਦੂਜੇ ਨੂੰ ਲਹੂ-ਲੁਹਾਨ ਕਰਨ ਦੇ ਨਾਲ ਕਈ ਵਾਰੀ ਮੁਕੱਦਮੇਬਾਜ਼ੀਆਂ ਵਿਚ ਵੀ ਪੈਂਦੇ ਰਹੇ ਹਨ। ਕਈ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਸਾਲਾਂਬੱਧੀ ਮੁਕੱਦਮੇਬਾਜ਼ੀ ਚੱਲਦੀ ਰਹੀ ਹੈ। ਅਜਿਹੀ ਮੁਕੱਦਮੇਬਾਜ਼ੀ ਕਾਰਨ ਕੁੱਝ ਗੁਰੂ ਘਰਾਂ ਨੂੰ ਅਦਾਲਤਾਂ ਵੱਲੋਂ ਤਾਲੇ ਵੀ ਲਾਏ ਜਾਂਦੇ ਰਹੇ ਹਨ। ਪ੍ਰਬੰਧਕਾਂ ਦੇ ਆਪਸੀ ਝਗੜਿਆਂ ਵਿਚ ਆਮ ਸੰਗਤ ਵੱਲੋਂ ਦਿੱਤੀ ਗਈ ਭੇਂਟਾਂ ਦੇ ਲੱਖਾਂ ਡਾਲਰ ਵਕੀਲਾਂ ਅਤੇ ਅਦਾਲਤਾਂ ‘ਚ ਹੀ ਖਰਚ ਹੁੰਦੇ ਰਹੇ ਹਨ। ਲੋਕਾਂ ਦੀ ਹੱਕ-ਸੱਚ ਦੀ ਕਮਾਈ ਕਿਸੇ ਚੰਗੇ ਕੰਮ ਲਈ ਲੱਗੇ, ਤਾਂ ਇਹ ਸਫਲ ਸਮਝੀ ਜਾਂਦੀ ਹੈ।
ਪਰ ਜੇਕਰ ਗੁਰੂ ਘਰ ਦਾ ਪੈਸਾ ਮੁਕੱਦਮੇਬਾਜ਼ੀ ਵਿਚ ਰੋਹੜਿਆ ਜਾਂਦਾ ਹੈ, ਤਾਂ ਇਹ ਗੁਰੂ ਘਰ ਪ੍ਰਤੀ ਸ਼ਰਧਾ ਰੱਖਣ ਵਾਲੀ ਸੰਗਤ ਨਾਲ ਵੀ ਧੋਖਾ ਬਣ ਜਾਂਦਾ ਹੈ। ਆਮ ਸਿੱਖ ਸੰਗਤ ਅਜਿਹੀਆਂ ਘਟਨਾਵਾਂ ਨੂੰ ਸੁਣ-ਦੇਖ ਕੇ ਬੇਹੱਦ ਪ੍ਰੇਸ਼ਾਨ ਹੁੰਦੀ ਹੈ। ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਸੰਗਤ ਦੇ ਬਹੁਤ ਸਾਰੇ ਲੋਕ ਗੁਰੂ ਘਰਾਂ ਵਿਚ ਜਾਣ ਤੋਂ ਹੀ ਮੂੰਹ ਮੋੜ ਲੈਂਦੇ ਹਨ। ਸੋ ਅਜੇ ਵੀ ਸੋਚਣ ਦਾ ਵੇਲਾ ਹੈ ਕਿ ਧਰਮ, ਸਿਮਰਨ ਦੇ ਕੇਂਦਰ ਗੁਰੂ ਘਰਾਂ ਨੂੰ ਲੜਾਈਆਂ ਦਾ ਅਖਾੜਾ ਨਾ ਬਣਨ ਦਿੱਤਾ ਜਾਵੇ। ਸਾਡੇ ਸਮਾਜ ਦੇ ਸੂਝਵਾਨ ਲੋਕਾਂ ਨੂੰ ਅੱਗੇ ਆ ਕੇ ਅਜਿਹੀਆਂ ਲੜਾਈਆਂ-ਝਗੜਿਆਂ ਨੂੰ ਰੋਕਣ ਲਈ ਯਤਨ ਕਰਨੇ ਚਾਹੀਦੇ ਹਨ। ਗੁਰੂ ਘਰਾਂ ਦੀਆਂ ਕਮੇਟੀਆਂ ਸੇਵਾ ਲਈ ਬਣਨੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਦੇ ਅਹੁਦੇਦਾਰ ਬਣਨ ਵਾਲੇ ਲੋਕਾਂ ਵਿਚ ਵੀ ਸੇਵਾਦਾਰਾਂ ਵਾਲੀ ਭਾਵਨਾ ਹੋਣੀ ਚਾਹੀਦੀ ਹੈ। ਅਜਿਹੀ ਭਾਵਨਾ ਦੀ ਘਾਟ ਹੋਣ ਕਾਰਨ ਹੀ ਅੱਜ ਅਸੀਂ ਖੁਆਰ ਹੋ ਰਹੇ ਹਾਂ।
ਸਾਨੂੰ ਚਾਹੀਦਾ ਹੈ ਕਿ ਅਸੀਂ ਆਪਸੀ ਲੜਾਈਆਂ, ਹਉਮੈ ਅਤੇ ਫੌਕੀ ਚੌਧਰ ਗੁਰੂ ਘਰਾਂ ਤੋਂ ਬਾਹਰ ਰੱਖੀਏ। ਗੁਰੂ ਘਰਾਂ ਦਾ ਪ੍ਰਬੰਧ ਸਿਰਫ ਉਨ੍ਹਾਂ ਲੋਕਾਂ ਦੇ ਹੱਥ ਹੋਵੇ, ਜਿਹੜੇ ਨਿਸ਼ਕਾਮ ਸੇਵਕ ਬਣ ਕੇ ਇਥੇ ਲੋਕਾਂ ਦੀ ਸੇਵਾ ਅਤੇ ਧਰਮ ਦੇ ਪ੍ਰਚਾਰ ਅਤੇ ਗੁਰੂ ਘਰਾਂ ਦੇ ਸੁਚੱਜੇ ਪ੍ਰਬੰਧ ਲਈ ਸਰਗਰਮ ਰਹਿ ਸਕਣ। ਗੁਰੂ ਘਰਾਂ ਦੇ ਪ੍ਰਬੰਧ ਲਈ ਲੜਾਈਆਂ ਦਾ ਮੁੱਢ ਫੌਕੀ ਸ਼ੋਹਰਤ ਬਣਾਉਣ ਲਈ ਪ੍ਰਧਾਨਗੀਆਂ ਉਪਰ ਕਬਜ਼ੇ ਦੀ ਦੌੜ ਤੋਂ ਸ਼ੁਰੂ ਹੁੰਦਾ ਹੈ। ਸੰਗਤ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਤੋਂ ਸੁਚੇਤ ਹੋਵੇ, ਜਿਹੜੇ ਲੋਕਾਂ ਦਾ ਸੇਵਾ, ਸਿਮਰਨ ਅਤੇ ਭਾਈਚਾਰੇ ਪ੍ਰਤੀ ਸੇਵਾਵਾਂ ਦਾ ਕੋਈ ਚੰਗਾ ਰਿਕਾਰਡ ਨਾ ਹੋਵੇ। ਅਜਿਹੇ ਲੋਕਾਂ ਨੂੰ ਗੁਰੂ ਘਰਾਂ ਦੇ ਪ੍ਰਬੰਧ ਵਿਚ ਆਉਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਜੇਕਰ ਸੰਗਤ ਖੁਦ ਅਜਿਹੀ ਜ਼ਿੰਮੇਵਾਰੀ ਆਪਣੇ ਹੱਥ ਲੈ ਲਵੇ, ਤਾਂ ਫੌਕੀ ਸ਼ੋਹਰਤ ਹਾਸਲ ਕਰਨ ਦੇ ਸ਼ੌਕੀਨ ਲੋਕਾਂ ਨੂੰ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਉਪਰ ਕਬਜ਼ੇ ਦੀ ਲਾਲਸਾ ਤੋਂ ਦੂਰ ਕੀਤਾ ਜਾ ਸਕਦਾ ਹੈ।
ਸਿੱਖ ਸੰਗਤ ਨੂੰ ਇਹ ਗੱਲ ਗੰਭੀਰਤਾ ਨਾਲ ਸਮਝਣੀ ਪਵੇਗੀ ਕਿ ਗੁਰੂ ਘਰਾਂ ਵਿਚ ਜੇ ਝਗੜੇ ਹੁੰਦੇ ਹਨ ਅਤੇ ਉਥੇ ਖੂਨ ਡੁੱਲਦਾ ਹੈ, ਤਾਂ ਲੋਕਾਂ ਦਾ ਵਿਸ਼ਵਾਸ ਹਾਸਲ ਨਹੀਂ ਕੀਤਾ ਜਾ ਸਕਦਾ। ਲੋਕਾਂ ਦਾ ਵਿਸ਼ਵਾਸ ਤਾਂ ਹੀ ਹਾਸਲ ਹੋਵੇਗਾ, ਜੇਕਰ ਗੁਰੂ ਘਰਾਂ ਦੇ ਪ੍ਰਬੰਧਕ ਨਿਮਰਤਾ ਅਤੇ ਸੇਵਾ ਦੇ ਪੁੰਜ ਬਣਨਗੇ। ਦੂਜਿਆਂ ਪ੍ਰਤੀ ਸਹਾਇਕ ਬਣਨ ਦਾ ਰੋਲ ਅਦਾ ਕਰਨਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.