ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ‘ਚ ਕਿਸਾਨ ਖੁਦਕੁਸ਼ੀਆਂ – ਵੱਡੀ ਸਮੱਸਿਆ
ਪੰਜਾਬ ‘ਚ ਕਿਸਾਨ ਖੁਦਕੁਸ਼ੀਆਂ – ਵੱਡੀ ਸਮੱਸਿਆ
Page Visitors: 2490

ਪੰਜਾਬ ‘ਚ ਕਿਸਾਨ ਖੁਦਕੁਸ਼ੀਆਂ – ਵੱਡੀ ਸਮੱਸਿਆਪੰਜਾਬ ‘ਚ ਕਿਸਾਨ ਖੁਦਕੁਸ਼ੀਆਂ – ਵੱਡੀ ਸਮੱਸਿਆ

May 30
10:30 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪਿਛਲੇ ਦੋ ਦਹਾਕੇ ਤੋਂ ਪੰਜਾਬ ਅੰਦਰ ਕਰਜ਼ੇ ਦੇ ਸਤਾਏ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਆਰੰਭ ਹੋਇਆ ਸਿਲਸਿਲਾ ਅਜੇ ਵੀ ਜਾਰੀ ਹੈ। 2001 ਤੋਂ ਲੈ ਕੇ ਹੁਣ ਤੱਕ 16 ਹਜ਼ਾਰ ਤੋਂ ਵਧੇਰੇ ਕਿਸਾਨ ਮੌਤ ਦੇ ਮੂੰਹ ਜਾ ਪਏ ਹਨ। ਉਂਝ ਤਾਂ ਦੇਸ਼ ਭਰ ਵਿਚ ਹੀ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਰਾਸ਼ਟਰ, ਕਰਨਾਟਕ, ਆਂਧਰ ਪ੍ਰਦੇਸ਼, ਮੱਧ ਪ੍ਰਦੇਸ਼ ਵਰਗੇ ਸੂਬਿਆਂ ਵਿਚ ਵੀ ਕਿਸਾਨ ਖੁਦਕੁਸ਼ੀਆਂ ਹੋ ਰਹੀਆਂ ਹਨ। ਪੂਰੇ ਦੇਸ਼ ਵਿਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਗਿਣਤੀ 1 ਲੱਖ ਤੱਕ ਜਾ ਪੁੱਜੀ ਹੈ। ਅਸਲ ਵਿਚ ਵਧੇਰੇ ਅਨਾਜ ਪੈਦਾ ਕਰਨ ਲਈ ਨਵੀਆਂ ਤਕਨੀਕਾਂ ਵਰਤਣ ਵਾਲੇ ਸਾਰੇ ਹੀ ਸੂਬਿਆਂ ਦੇ ਕਿਸਾਨ ਇਸ ਸਮੇਂ ਸੰਕਟ ਵਿਚ ਹਨ। ਹੋਰਨਾਂ ਕਾਰਨਾਂ ਦੇ ਨਾਲ-ਨਾਲ ਇਸ ਗੱਲ ਦਾ ਵੱਡਾ ਕਾਰਨ ਪਿਛਲੇ ਸਾਲਾਂ ਦੌਰਾਨ ਖੇਤੀ ਦੀਆਂ ਲਾਗਤ ਕੀਮਤਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਪਰ ਖੇਤੀ ਵਸਤਾਂ ਦੀਆਂ ਕੀਮਤਾਂ ਵਿਚ ਉਸ ਹਿਸਾਬ ਵਾਧਾ ਨਹੀਂ ਹੋਇਆ। ਇਸ ਕਰਕੇ ਖਰਚੇ ਵੱਧ ਅਤੇ ਆਮਦਨ ਘੱਟ ਹੋਣ ਕਾਰਨ ਪਿਛਲੇ ਸਾਲਾਂ ਤੋਂ ਖੇਤੀ ਧੰਦਾ ਇਕ ਗੈਰ ਲਾਹੇਵੰਦ ਧੰਦਾ ਬਣ ਕੇ ਰਹਿ ਗਿਆ ਹੈ। ਇਸ ਵੇਲੇ ਸਿਰਫ ਉਹੀ ਕਿਸਾਨ ਰੋਟੀ ਖਾਣ ਜੋਗੇ ਰਹਿ ਗਏ ਹਨ, ਜਿਨ੍ਹਾਂ ਦੇ ਪਰਿਵਾਰ ਦਾ ਕੋਈ ਨਾ ਕੋਈ ਜੀਅ ਕਿਧਰੇ ਬਾਹਰ ਨੌਕਰੀ ਕਰਦਾ ਹੈ, ਜਾਂ ਕਿਸਾਨ ਪਰਿਵਾਰਾਂ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਸਹਾਇਕ ਧੰਦਾ ਕੀਤਾ ਜਾ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਵੱਧ ਤੋਂ ਵੱਧ ਅਨਾਜ ਪੈਦਾ ਕਰਨ ਦੀ ਹੋੜ ਕਾਰਨ ਪੰਜਾਬ ਦੇ ਕਿਸਾਨਾਂ ਨੇ ਜ਼ਮੀਨਾਂ ਵਿਚੋਂ ਦਰੱਖਤ ਵੱਡੀ ਪੱਧਰ ‘ਤੇ ਕੱਟ ਸੁੱਟੇ। ਕਦੇ ਹਰਿਆ-ਭਰਿਆ ਦਿਖਣ ਵਾਲਾ ਪੰਜਾਬ ਇਸ ਵੇਲੇ ਰੁੱਖਾਂ ਦੀ ਅਣਹੋਂਦ ਕਾਰਨ ਰੋਡਾ-ਪੋਡਾ ਬਣਿਆ ਨਜ਼ਰ ਆਉਂਦਾ ਹੈ। ਵਧੇਰੇ ਫਸਲਾਂ ਦੇ ਉਤਪਾਦਨ ਦੀ ਹੋੜ ਵਿਚ ਧਰਤੀ ਅੰਦਰਲਾ ਪਾਣੀ ਇੰਨੀ ਜ਼ਿਆਦਾ ਮਿਕਦਾਰ ਵਿਚ ਕੱਢ ਲਿਆ ਗਿਆ ਹੈ ਕਿ ਪੰਜਾਬ ਵਿਚ ਕਿਧਰੇ ਵੀ 300 ਫੁੱਟ ਤੋਂ ਘੱਟ ਪਾਣੀ ਵਾਲੀ ਮੋਟਰ ਨਹੀਂ ਲੱਗ ਰਹੀ। ਪਾਣੀ ਖਤਰਨਾਕ ਹੱਦ ਤੱਕ ਹੇਠਾਂ ਜਾ ਚੁੱਕਾ ਹੈ। ਕਿਸਾਨਾਂ ਦੀਆਂ ਫਸਲਾਂ ਦੀ ਆਮਦਨ ਘੱਟ ਅਤੇ ਖਰਚਾ ਵੱਧ ਹੋਣ ਕਾਰਨ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਵੀ ਵਾਪਸ ਨਹੀਂ ਹੋ ਰਿਹਾ। ਇਸ ਵੇਲੇ ਪੰਜਾਬ ਦੇ ਕਿਸਾਨਾਂ ਸਿਰ 1 ਲੱਖ ਕਰੋੜ ਰੁਪਏ ਦੇ ਕਰੀਬ ਕਰਜ਼ਾ ਹੈ। ਪੰਜਾਬ ਦੇ ਕਿਸਾਨਾਂ ਸਿਰ ਕਰਜ਼ੇ ਚੜ੍ਹਨ ਦਾ ਵੱਡਾ ਕਾਰਨ ਤਾਂ ਭਾਵੇਂ ਜਿਣਸਾਂ ਦੇ ਘੱਟ ਭਾਅ ਮਿਲਣਾ ਹੈ। ਇਸ ਤੋਂ ਬਿਨਾਂ ਵੀ ਕਈ ਹੋਰ ਕਾਰਨ ਹਨ। ਪਹਿਲਾ ਕਾਰਨ ਇਹ ਹੈ ਕਿ ਪੰਜਾਬ ਅੰਦਰ ਅਜੇ ਤੱਕ ਵੀ ਕੋਈ ਫਸਲ ਬੀਮਾ ਯੋਜਨਾ ਨਹੀਂ। ਅਨੇਕਾਂ ਕੁਦਰਤੀ ਆਫਤਾਂ, ਬੇਮੌਸਮੀ ਬਰਸਾਤ, ਗੜ੍ਹੇਮਾਰੀ, ਤੂਫਾਨ ਆਦਿ ਕਾਰਨ ਵੀ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਹੋ ਜਾਂਦਾ ਹੈ। ਸਰਕਾਰਾਂ ਅਜਿਹੇ ਨੁਕਸਾਨ ਦਾ ਬਹੁਤ ਹੀ ਘੱਟ ਹਰਜਾਨਾ ਭਰਦੀਆਂ ਹਨ। ਬਹੁਤਾ ਹਿੱਸਾ ਖੁਦ ਕਿਸਾਨਾਂ ਨੂੰ ਹੀ ਆਪਣੇ ਸਿਰ ਝੱਲਣਾ ਪੈਂਦਾ ਹੈ। ਤਿੰਨ ਸਾਲ ਪਹਿਲਾਂ ਬਠਿੰਡਾ ਦੀ ਨਰਮਾ ਪੱਟੀ ਨੁਕਸਦਾਰ ਦਵਾਈ ਛਿੜਕਣ ਕਾਰਨ ਤਬਾਹ ਹੋ ਗਈ ਸੀ। ਪਰ ਇਸ ਦਾ ਨੁਕਸਾਨ ਬਹੁਤਾ ਕਰਕੇ ਕਿਸਾਨਾਂ ਨੂੰ ਖੁਦ ਹੀ ਝੱਲਣਾ ਪਿਆ। ਉਸ ਵੇਲੇ ਦੇ ਮਾਰੇ ਕਿਸਾਨ ਅੱਜ ਤੱਕ ਵੀ ਨਹੀਂ ਉੱਠੇ।
ਜਿਵੇਂ ਬਾਹਰਲੇ ਮੁਲਕਾਂ ਵਿਚ ਹਰ ਜਿਣਸ ਅਤੇ ਫਸਲ ਦਾ ਬੀਮਾ ਜ਼ਰੂਰੀ ਹੈ, ਜੇਕਰ ਇਥੇ ਕਿਸੇ ਫਸਲ ਨੂੰ ਕਿਸੇ ਵੀ ਕਾਰਨ ਕਰਕੇ ਨੁਕਸਾਨ ਹੋ ਜਾਵੇ, ਤਾਂ ਉਸ ਦਾ ਬੋਝ ਕਿਸਾਨ ਉਪਰ ਨਹੀਂ ਪੈਂਦਾ, ਸਗੋਂ ਇਹ ਸਾਰਾ ਬੋਝ ਬੀਮਾ ਕਰਨ ਵਾਲੀਆਂ ਕੰਪਨੀਆਂ ਵੱਲੋਂ ਉਠਾਇਆ ਜਾਂਦਾ ਹੈ। ਪਰ ਭਾਰਤ ਸਮੇਤ ਪੰਜਾਬ ਵਿਚ ਅਜੇ ਤੱਕ ਫਸਲੀ ਬੀਮਾ ਯੋਜਨਾ ਨਹੀਂ ਅਪਣਾਈ ਗਈ। ਪੰਜਾਬ ਵਿਚ ਸਰਕਾਰ ਨੇ ਆਪਣੀ ਫਸਲੀ ਬੀਮਾ ਕਾਰਪੋਰੇਸ਼ਨ ਬਣਾਉਣ ਦਾ ਫੈਸਲਾ ਤਾਂ ਕੀਤਾ ਸੀ, ਪਰ ਤਿੰਨ ਸਾਲ ਹੋ ਗਏ, ਦੱਸਿਆ ਜਾਂਦਾ ਹੈ ਕਿ ਇਹ ਯੋਜਨਾ ਅਜੇ ਵਿਚਾਰ-ਵਟਾਂਦਰੇ ਵਿਚ ਹੀ ਰੁਲੀ ਹੋਈ ਹੈ। ਦੂਜਾ ਪੰਜਾਬ ਦੇ ਕਿਸਾਨਾਂ ਵਿਚ ਫੌਕੀ ਸ਼ੌਹਰਤ ਹਾਸਲ ਕਰਨ ਜਾਂ ਆਪਣਾ ਨੱਕ ਰੱਖਣ ਲਈ ਵਿਆਹ-ਸ਼ਾਦੀਆਂ ਅਤੇ ਹੋਰ ਸਮਾਜਿਕ ਸਮਾਗਮਾਂ ਉਪਰ ਵਿੱਤੋਂ ਵੱਧ ਖਰਚਾ ਕਰ ਦਿੱਤਾ ਜਾਂਦਾ ਹੈ। ਇਹ ਖਰਚੇ ਪੂਰੇ ਕਰਨ ਲਈ ਕਿਸਾਨ ਜ਼ਮੀਨਾਂ ਗਹਿਣੇ ਰੱਖ ਕੇ ਕਰਜ਼ੇ ਲੈਂਦੇ ਹਨ। ਤੀਸਰਾ ਕਾਰਨ ਇਹ ਹੈ ਕਿ ਖੇਤੀ ਦੇ ਸੰਦ/ਔਜਾਰ ਅਤੇ ਟਰੈਕਟਰ ਆਦਿ ਲੋੜ ਤੋਂ ਕਿਤੇ ਵੱਧ ਖਰੀਦੇ ਹੋਏ ਹਨ। ਘੱਟੋ-ਘੱਟ 8-10 ਏਕੜ ਦੀ ਮਾਲਕੀ ਵਾਲੇ ਕਿਸਾਨ ਨੂੰ ਹੀ ਟਰੈਕਟਰ ਵਾਰਾ ਖਾ ਸਕਦਾ ਹੈ।
ਪਰ ਪੰਜਾਬ ਅੰਦਰ 2-2, 3-3 ਏਕੜ ਵਾਲੇ ਕਿਸਾਨ ਵੀ ਸਿਰਫ ਆਪਣੀ ਸ਼ਾਨ ਦਿਖਾਉਣ ਲਈ ਟਰੈਕਟਰ ਖਰੀਦੀ ਫਿਰਦੇ ਹਨ। ਹੋਰ ਤਾਂ ਹੋਰ ਪੰਜਾਬ ਅੰਦਰ ਇਸ ਵੇਲੇ 14 ਲੱਖ ਟਿਊਬਵੈੱਲ ਲੱਗੇ ਹੋਏ ਹਨ। ਜ਼ਰੂਰਤ ਤੋਂ ਵੱਧ ਮਸ਼ੀਨਰੀ ਕਿਸਾਨਾਂ ਸਿਰ ਕਰਜ਼ੇ ਦਾ ਬੋਝ ਵਧਾਉਣ ਦਾ ਹੀ ਕਾਰਨ ਬਣਦੀ ਹੈ। ਪਿੰਡਾਂ ਵਿਚ ਅਕਸਰ ਦੇਖਿਆ ਗਿਆ ਹੈ ਕਿ ਕਿਸਾਨ ਸ਼ਹਿਰ ਜਾਣ ਜਾਂ ਕਿਧਰੇ ਹੋਰ ਰਿਸ਼ਤੇਦਾਰੀ ਵਿਚ ਜਾਣ ਲਈ ਟਰੈਕਟਰਾਂ ਦੀ ਵਰਤੋਂ ਕਰਦੇ ਹਨ, ਜੋ ਕਿ ਕਾਰ ਦੀ ਸਵਾਰੀ ਤੋਂ ਵੀ ਕਿਧਰੇ ਮਹਿੰਗਾ ਪੈਂਦਾ ਹੈ।
ਪਿਛਲੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਹਰ ਰੋਜ਼ ਅਖ਼ਬਾਰਾਂ ਵਿਚ ਕਿਸਾਨ ਖੁਦਕੁਸ਼ੀ ਦੀ ਖ਼ਬਰ ਛੱਪਦੀ ਹੈ। ਹਰ ਹਫਤੇ ਔਸਤਨ 7 ਤੋਂ 10 ਕਿਸਾਨ ਕੋਈ ਜ਼ਹਿਰੀਲੀ ਚੀਜ਼ ਖਾ ਕੇ ਜਾਂ ਫਾਹਾ ਲਗਾ ਕੇ ਮੌਤ ਨੂੰ ਗਲੇ ਲਗਾਉਂਦੇ ਆ ਰਹੇ ਹਨ। ਇਸ ਵੇਲੇ ਹਾਲਾਤ ਇਹ ਬਣ ਗਏ ਹਨ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਕਿਸਾਨਾਂ ਦਾ ਕੁੱਝ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀ ਅਤੇ 1 ਹਜ਼ਾਰ ਕੁ ਕਰੋੜ ਮੁਆਫ ਵੀ ਕਰ ਦਿੱਤਾ ਗਿਆ। ਪਰ ਇਹ ਗਿਣਤੀ ਮਹਿਜ਼ ਊਠ ਤੋਂ ਛਾਨਣੀ ਲਾਉਣ ਦੇ ਬਰਾਬਰ ਹੀ ਹੈ। ਕਿਸਾਨਾਂ ਨੂੰ ਦਿੱਤੀ ਇਸ ਰਾਹਤ ਦਾ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਉਪਰ ਕੋਈ ਅਸਰ ਪਿਆ ਨਜ਼ਰ ਨਹੀਂ ਆ ਰਿਹਾ। ਹਾਲੇ ਵੀ ਹਰ ਰੋਜ਼ ਕੋਈ ਨਾ ਕੋਈ ਕਿਸਾਨ ਮੌਤ ਦੇ ਮੂੰਹ ਪੈ ਰਿਹਾ ਹੈ। ਇਹ ਗੱਲ ਦੱਸਦੀ ਹੈ ਕਿ ਖੁਦਕੁਸ਼ੀਆਂ ਦਾ ਕਾਰਨ ਮਹਿਜ਼ ਸਿਰਫ ਕਰਜ਼ਾ ਨਹੀਂ, ਸਗੋਂ ਪਿਛਲੇ ਸਾਲਾਂ ਦੀ ਪਈ ਮਾਰ ਕਾਰਨ ਕਿਸਾਨਾਂ ਦੀ ਮਾਨਸਿਕਤਾ ਹੀ ਵਿਗੜ ਜਾਣਾ ਹੈ। ਪੰਜਾਬ ਦੇ ਕਿਸਾਨ ਬਹਾਦਰੀ ਅਤੇ ਸੰਕਟ ਦਾ ਖਿੜੇ ਮੱਥੇ ਸਾਹਮਣਾ ਕਰਨ ਲਈ ਮਸ਼ਹੂਰ ਹਨ। ਪਿਛਲੀ ਸਦੀਆਂ ਦਾ ਇਤਿਹਾਸ ਦੇਖੀਏ, ਤਾਂ ਪੰਜਾਬ ਦੇ ਲੋਕ ਵੱਡੇ ਤੋਂ ਵੱਡੇ ਸੰਕਟ ਦਾ ਮੂੰਹ ਤੋੜਨ ਲਈ ਜੰਗ ਦੇ ਮੈਦਾਨ ਵਿਚ ਕੁਰਬਾਨੀਆਂ ਤਾਂ ਦਿੰਦੇ ਰਹੇ ਹਨ, ਪਰ ਚੁਣੌਤੀਆਂ ਜਾਂ ਸਮੱਸਿਆਵਾਂ ਤੋਂ ਮੂੰਹ ਮੋੜ ਕੇ ਖੁਦਕੁਸ਼ੀ ਕਰ ਲੈਣ ਵਰਗੀ ਮਾਨਸਿਕਤਾ ਪਹਿਲਾਂ ਕਦੇ ਸਾਹਮਣੇ ਨਹੀਂ ਸੀ ਆਈ। ਪੰਜਾਬ ਅੰਦਰ ਭਾਈਚਾਰਕ ਸਾਂਝ ਹੀ ਐਨੀ ਮਜ਼ਬੂਤ ਹੁੰਦੀ ਸੀ ਕਿ ਕਿਸੇ ਵੀ ਔਕੜ ਸਮੇਂ ਲੋਕ ਖੁਦ ਇਕੱਠੇ ਹੋ ਕੇ ਇਸ ਦਾ ਹੱਲ ਕਰ ਲੈਂਦੇ ਸਨ। ਗਰੀਬ ‘ਤੇ ਆਈ ਹਰ ਸਮੱਸਿਆ ਲੋਕ ਆਪਸ ਵਿਚ ਵੰਡ ਲੈਂਦੇ ਸਨ। ਪਰ ਹੁਣ ਇਹ ਜ਼ਮਾਨਾ ਬਦਲ ਗਿਆ ਹੈ। ਪੰਜਾਬੀ ਸਮਾਜਿਕ ਜੀਵਨ ਇੰਨੀ ਬੁਰੀ ਤਰ੍ਹਾਂ ਬਦਲ ਗਿਆ ਹੈ ਕਿ ਹੁਣ ਪੇਂਡੂ ਸਮਾਜ ਵਿਚ ਵੀ ਇਕ ਦੂਜੇ ਦੀ ਕੋਈ ਸਾਰ ਨਹੀਂ ਲੈਂਦਾ। ਸਮਾਜਿਕ ਭਾਈਚਾਰਾ ਬੁਰੀ ਤਰ੍ਹਾਂ ਬਿਖਰਿਆ ਪਿਆ ਨਜ਼ਰ ਆਉਂਦਾ ਹੈ। ਖੇਤੀ ਸੰਕਟ ਦਾ ਮੁਕਾਬਲਾ ਕਰਨ ਲਈ ਸਭ ਤੋਂ ਪਹਿਲਾ ਜ਼ਰੂਰੀ ਕੰਮ ਤਾਂ ਸਹਿਕਾਰੀ ਖੇਤੀ ਨੂੰ ਵਿਕਸਿਤ ਕਰਨਾ ਹੈ। ਸਹਿਕਾਰੀ ਖੇਤੀ ਤਹਿਤ ਆਪੋ-ਆਪਣੇ ਸੰਦ/ਔਜਾਰ ਲੈਣ ਦੀ ਬਜਾਏ ਲੋਕ ਸਾਂਝੇ ਤੌਰ ‘ਤੇ ਰੱਖੇ ਸੰਦਾਂ ਅਤੇ ਔਜਾਰਾਂ ਦੀ ਵਰਤੋਂ ਕਰਨ। ਇਸ ਨਾਲ ਇਕੱਲੇ-ਇਕੱਲੇ ਕਿਸਾਨ ਉਪਰ ਪੈਣ ਵਾਲਾ ਬੋਝ ਹੋਰ ਘੱਟ ਸਕਦਾ ਹੈ। ਇਸੇ ਤਰ੍ਹਾਂ ਫਸਲੀ ਬੀਮਾ ਯੋਜਨਾ ਲਾਜ਼ਮੀ ਕਰਾਰ ਦਿੱਤੀ ਜਾਵੇ।
   ਇਹ ਬੀਮਾ ਯੋਜਨਾ ਬੀਮਾ ਕੰਪਨੀਆਂ ਦੇ ਢਿੱਡ ਭਰਨ ਲਈ ਨਹੀਂ, ਸਗੋਂ ਕਿਸਾਨੀ ਹਿੱਤਾਂ ਦੀ ਰਾਖੀ ਕਰਨ ਲਈ ਵੀ ਯਕੀਨੀ ਬਣਾਈ ਜਾਵੇ। ਇਸੇ ਤਰ੍ਹਾਂ ਕਿਸਾਨ ਖੁਦ ਆਪਣੇ ਜੀਵਨ ਪੱਧਰ ਨੂੰ ਵੀ ਸੁਧਾਰਨ। ਸਮਾਜਿਕ ਸਮਾਗਮਾਂ ਉਪਰ ਖਰਚਾ ਆਪਣੇ ਪਹੁੰਚ ਮੁਤਾਬਕ ਹੀ ਕੀਤਾ ਜਾਵੇ। ਫਜ਼ੂਲ ਖਰਚੀ ਰੋਕਣ ਲਈ ਪਿੰਡਾਂ ਅੰਦਰ ਰਲ਼ ਕੇ ਭਾਈਚਾਰਕ ਫੈਸਲੇ ਕੀਤੇ ਜਾਣ।
   ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਅੰਨਦਾਤਾ ਕਿਸਾਨ ਨੂੰ ਉਸ ਦੀ ਜਿਣਸ ਦਾ ਬਣਦਾ ਮੁੱਲ ਦੇਣਾ ਯਕੀਨੀ ਬਣਾਇਆ ਜਾਵੇ। ਘੱਟੋ-ਘੱਟ ਹਰ ਖੇਤੀ ਵਸਤ ਉਪਰ ਆਈ ਲਾਗਤ ਕੀਮਤ ਤੋਂ ਇਲਾਵਾ ਕਿਸਾਨ ਲਈ ਮੁਨਾਫਾ ਮਿੱਥ ਕੇ ਫੇਰ ਘੱਟੋ-ਘੱਟ ਭਾਅ ਨਿਰਧਾਰਿਤ ਕੀਤਾ ਜਾਵੇ।
   ਇਸ ਵੇਲੇ ਕਰਜ਼ੇ ਹੇਠ ਆਏ ਕਿਸਾਨਾਂ ਦੇ ਫੌਰੀ ਹੱਲ ਲਈ ਇਨ੍ਹਾਂ ਕਰਜ਼ਿਆਂ ਨੂੰ ਮੁਆਫ ਕੀਤਾ ਜਾਵੇ, ਜਾਂ ਵਿਆਜ਼ ਮੁਕਤ ਕਰਕੇ ਲੰਬੇ ਸਮੇਂ ਦੇ ਕਰਜ਼ੇ ਵਿਚ ਤਬਦੀਲ ਕੀਤਾ ਜਾਵੇ। ਇਸ ਦੇ ਨਾਲ ਹੀ ਪੰਜਾਬ ਵਿਚ ਵੱਡੀ ਸਮੱਸਿਆ ਇਹ ਹੈ ਕਿ ਇਸ ਵੇਲੇ ਝੋਨੇ ਤੇ ਕਣਕ ਦਾ ਫਸਲੀ ਚੱਕਰ ਚੱਲ ਰਿਹਾ ਹੈ। ਝੋਨੇ ਕਾਰਨ ਪੰਜਾਬ ਮਾਰੂਥਲ ਬਣਦਾ ਜਾ ਰਿਹਾ ਹੈ। ਪੰਜਾਬ ਦਾ ਪਾਣੀ ਬਚਾਉਣ ਅਤੇ ਇਥੋਂ ਦੀ ਜ਼ਮੀਨ ਨੂੰ ਮੁੜ ਜਰਖ਼ੇਜ਼ ਬਣਾਉਣ ਲਈ ਬਦਲਵੀਆਂ ਫਸਲਾਂ ਜ਼ਰੂਰੀ ਹਨ। ਪਰ ਇਹ ਸੰਭਵ ਤਾਂ ਹੀ ਹੋਣਗੀਆਂ, ਜੇਕਰ ਭਾਰਤ ਸਰਕਾਰ ਦੇਸ਼ ਭਰ ਵਿਚ ਇਸ ਦੇ ਮੰਡੀਕਰਨ ਲਈ ਢੁੱਕਵਾਂ ਪ੍ਰਬੰਧ ਕਰੇਗੀ। ਸੋ ਇਸ ਤਰ੍ਹਾਂ ਪੰਜਾਬ ਦੀ ਕਿਸਾਨੀ ਦੇ ਸੰਕਟ ਨੂੰ ਹੱਲ ਕਰਨ ਲਈ ਬਹੁਪਰਤੀ ਕਾਰਜ ਕਰਨ ਦੀ ਲੋੜ ਹੈ।

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.