ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ
9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ
Page Visitors: 2492

9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

September 12
10:30 2018

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
11 ਸਤੰਬਰ 2001 ਨੂੰ ਅਮਰੀਕਾ ਦੀ ਵਪਾਰਕ ਰਾਜਧਾਨੀ ਕਹੇ ਜਾਂਦੇ ਨਿਊਯਾਰਕ ਦੇ ਸਭ ਤੋਂ ਉੱਚੇ ਵਰਲਡ ਟਰੇਡ ਸੈਂਟਰ ਉਪਰ ਇਸਲਾਮਿਕ ਅੱਤਵਾਦੀਆਂ ਵੱਲੋਂ ਇਕ ਵੱਡਾ ਹਵਾਈ ਹਮਲਾ ਕੀਤਾ ਗਿਆ ਸੀ।
  ਦੁਨੀਆਂ ਦੇ ਇਤਿਹਾਸ ਵਿਚ ਇਹ ਸ਼ਾਇਦ ਅਜਿਹਾ ਪਹਿਲਾ ਅੱਤਵਾਦੀ ਹਵਾਈ ਹਮਲਾ ਸੀ। ਇਹ ਹਮਲਾ ਇੰਨਾ ਭਿਆਨਕ ਸੀ ਕਿ ਦੁਨੀਆਂ ਭਰ ਵਿਚ ਮਸ਼ਹੂਰ ਵਰਲਡ ਟਰੇਡ ਸੈਂਟਰ ਦੀ ਵਿਸ਼ਾਲ ਉੱਚੀ-ਲੰਮੀ ਇਮਾਰਤ ਕੁੱਝ ਹੀ ਸਮੇਂ ਵਿਚ ਢਹਿ-ਢੇਰੀ ਹੋ ਕੇ ਰਹਿ ਗਈ ਅਤੇ ਹਜ਼ਾਰਾਂ ਲੋਕ ਮਾਰੇ ਗਏ। ਇਸ ਹਮਲੇ ਨੂੰ ਅੱਜ ਵੀ ਦੁਨੀਆਂ ਭਰ ਵਿਚ ਲੋਕ 9/11 ਦੇ ਅੱਤਵਾਦੀ ਹਮਲੇ ਵਜੋਂ ਜਾਣਦੇ ਹਨ। ਇਸ ਹਮਲੇ ਦੀ ਭਿਆਨਕਤਾ ਦੇ ਅਨੇਕ ਰੂਪ ਹਨ। ਇਸ ਹਮਲੇ ਨੇ ਇਸਲਾਮਿਕ ਅੱਤਵਾਦ ਦੇ ਘਿਨਾਉਣੇ ਰੂਪ ਦਾ ਮੁਜ਼ਾਹਰਾ ਵੀ ਕੀਤਾ ਅਤੇ ਦੁਨੀਆਂ ਦੀ ਸਭ ਤੋਂ ਵੱਡੀ ਸ਼ਕਤੀਸ਼ਾਲੀ ਤਾਕਤ ਅਮਰੀਕਾ ਨੂੰ ਹਰ ਪੱਖੋਂ ਹਿਲਾ ਕੇ ਰੱਖ ਦਿੱਤਾ। ਇਸ ਤਰਥੱਲੀ ਭਰੇ ਹਮਲੇ ਨਾਲ ਅਮਰੀਕਨ ਜਨਜੀਵਨ ਵਿਚ ਵੱਡੀ ਹਲਚਲ ਮਚੀ ਅਤੇ ਹੋਰ ਤਬਦੀਲੀਆਂ ਵਾਪਰੀਆਂ। ਇਥੇ ਅਸੀਂ ਅਮਰੀਕਨ ਸਿੱਖਾਂ ਦੇ ਜੀਵਨ ਵਿਚ ਆਏ ਉਖੇੜੇ ਅਤੇ ਇਸ ਹਮਲੇ ਕਾਰਨ ਪੈਦਾ ਹੋਈਆਂ ਅਨੇਕ ਮੁਸੀਬਤਾਂ ਦੀ ਗੱਲ ਉਪਰ ਹੀ ਧਿਆਨ ਕੇਂਦਰਿਤ ਕਰਾਂਗੇ।
   ਇਸ ਹਮਲੇ ਤੋਂ ਪਹਿਲਾਂ ਅਮਰੀਕਾ ਵਿਚ ਨਸਲੀ ਵਿਤਕਰੇ ਦੇ ਹੋਰ ਅਨੇਕ ਤਰ੍ਹਾਂ ਦੇ ਹਮਲਿਆਂ ਦਾ ਸ਼ਿਕਾਰ ਤਾਂ ਅਮਰੀਕਨ ਸਿੱਖ ਪਹਿਲਾਂ ਵੀ ਹੁੰਦੇ ਆ ਰਹੇ ਸਨ। ਪਰ ਇਸ ਹਮਲੇ ਤੋਂ ਬਾਅਦ ਅਮਰੀਕਨ ਸਿੱਖਾਂ ਨੂੰ ਹਿੰਸਕ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ।
ਅਜਿਹੇ ਹਮਲਿਆਂ ਦਾ ਵੱਡਾ ਕਾਰਨ ਸਿੱਖਾਂ ਦੀ ਪਛਾਣ ਬਾਰੇ ਪੈਦਾ ਹੋਈ ਗਲਤਫਹਿਮੀ ਸੀ।
  ਇਸਲਾਮਿਕ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕੀ ਰਸਾਲਿਆਂ, ਅਖ਼ਬਾਰਾਂ ਅਤੇ ਹੋਰ ਪ੍ਰਚਾਰ ਮੀਡੀਏ ਵਿਚ ਇਸਲਾਮਿਕ ਅੱਤਵਾਦ ਦੇ ਮੁਖੀ ਓਸਾਮਾ ਬਿਨ ਲਾਦੇਨ ਅਤੇ ਉਸ ਦੇ ਸਾਥੀਆਂ ਦੀਆਂ ਵੱਡੇ ਪੱਧਰ ਉੱਤੇ ਛਪੀਆਂ ਤਸਵੀਰਾਂ ਦਾ ਮੁਹਾਂਦਰਾ ਕਾਫੀ ਹੱਦ ਤੱਕ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਵੀ ਮਿਲਦਾ-ਜੁਲਦਾ ਸੀ। ਬਹੁਤ ਨੇੜੇ ਤੋਂ ਜਾਨਣ ਵਾਲੇ ਲੋਕ ਤਾਂ ਲੰਬੀ ਦਾੜ੍ਹੀ ਅਤੇ ਸਿਰ ਉਪਰ ਪੱਗੜੀ ਬੰਨ੍ਹਣ ਵਾਲੇ ਇਸਲਾਮੀ ਵਿਅਕਤੀ ਅਤੇ ਸਿੱਖ ਭਾਈਚਾਰੇ ਦੇ ਦਾੜ੍ਹੀ ਅਤੇ ਪੱਗੜੀ ਵਾਲੇ ਵਿਅਕਤੀ ਵਿਚ ਫਰਕ ਨੂੰ ਪਛਾਣ ਸਕਦੇ ਹਨ।
    ਪਰ ਬਹੁਤ ਵੱਡੀ ਗਿਣਤੀ ਅਮਰੀਕੀ ਲੋਕ ਜਿਨ੍ਹਾਂ ਨੂੰ ਸਿੱਖ ਧਰਮ ਬਾਰੇ ਕੋਈ ਖਾਸ ਇਲਮ ਹੀ ਨਹੀਂ ਹੈ, ਉਨ੍ਹਾਂ ਲਈ ਇਸਲਾਮੀ ਅੱਤਵਾਦੀ ਸੰਗਠਨਾਂ ਦੇ ਆਗੂਆਂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਵਿਚਕਾਰ ਫਰਕ ਸਮਝ ਸਕਣਾ ਸੰਭਵ ਹੀ ਨਹੀਂ ਸੀ। ਸਿੱਖਾਂ ਦੀ ਪਛਾਣ ਬਾਰੇ ਪੈਦਾ ਹੋਏ ਇਸ ਭੰਬਲਭੂਸੇ ਅਤੇ ਗਲਤਫਹਿਮੀ ਨੇ ਪਿਛਲੇ 17 ਸਾਲ ਸਿੱਖ ਭਾਈਚਾਰੇ ਨੂੰ ਪਛਾਣ ਦੇ ਸੰਕਟ ਮੂੰਹ ਪਾਈ ਰੱਖਿਆ ਹੈ। ਸਿੱਖਾਂ ਦੀ ਪਛਾਣ ਬਾਰੇ ਪੈਦਾ ਹੋਈ ਗਲਤਫਹਿਮੀ ਦਾ ਸਭ ਤੋਂ ਪਹਿਲਾ ਸ਼ਿਕਾਰ ਬਲਬੀਰ ਸਿੰਘ ਸੋਢੀ ਹੋਏ, ਜਿਨ੍ਹਾਂ ਨੂੰ ਕੁਝ ਸਿਰਫਿਰੇ ਲੋਕਾਂ ਨੇ ਨਫਰਤੀ ਹਮਲੇ ਵਿਚ ਗੋਲੀ ਮਾਰ ਕੇ ਮਾਰ ਦਿੱਤਾ ਸੀ।
   ਉਸ ਤੋਂ ਬਾਅਦ 5 ਅਗਸਤ 2012 ਨੂੰ ਓਕ ਕਰੀਕ, ਵਿਸਕਾਨਸਨ ਦੇ ਗੁਰਦੁਆਰੇ ਵਿਚ ਇਕ ਨਫਰਤੀ ਗੋਰੇ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਸੰਗਤੀ ਰੂਪ ਵਿਚ ਸੇਵਾ ਵਿਚ ਲੱਗੇ ਪੰਜ ਸਿੰਘਾਂ-ਸਿੰਘਣੀਆਂ ਨੂੰ ਮੌਤ ਦੇ ਘਾਟ ਉਤਾਰਨ ਦੀ ਹਿਰਦੇਵੇਦਕ ਘਟਨਾ ਵਾਪਰੀ ਸੀ। ਇਨ੍ਹਾਂ ਤੋਂ ਇਲਾਵਾ ਦਰਜਨ ਦੇ ਕਰੀਬ ਹੋਰ ਅਮਰੀਕਨ ਸਿੱਖ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਨਫਰਤੀ ਹਮਲਿਆਂ ਦਾ ਸ਼ਿਕਾਰ ਹੋਏ। ਪਿਛਲੇ ਦਿਨਾਂ ਦੌਰਾਨ ਐਲਕ ਗਰੋਵ, ਸੈਕਰਾਮੈਂਟੋ, ਮਨਟੀਕਾ, ਮੁਡੈਸਟੋ, ਫਰਿਜ਼ਨੋ, ਸਿਆਟਲ, ਨਿਊਯਾਰਕ, ਨਿਊਜਰਸੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਥਾਨਾਂ ‘ਤੇ ਸਿੱਖਾਂ ਉੱਤੇ ਨਸਲੀ ਹਮਲੇ ਹੋਏ ਹਨ। ਪਿਛਲੇ 17 ਸਾਲਾਂ ਦੌਰਾਨ ਸਿੱਖ ਪਛਾਣ ਦਾ ਮਸਲਾ ਕਿਸੇ ਨਾ ਕਿਸੇ ਰੂਪ ਵਿਚ ਹਮੇਸ਼ਾ ਉਭਰਦਾ ਆਇਆ ਹੈ।
    ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਅਮਰੀਕੀ ਸੰਵਿਧਾਨ ਨਸਲੀ ਅਤੇ ਲਿੰਗ ਬਰਾਬਰਤਾ ਧਾਰਮਿਕ, ਸਹਿਣਸ਼ੀਲਤਾ, ਨਿਆਸਰਿਆਂ ਅਤੇ ਪੀੜਤਾਂ ਦੀ ਮਦਦ ਅਤੇ ਸੇਵਾ ਦੀਆਂ ਧਾਰਨਾਵਾਂ ਨਾਲ ਓਤ-ਪੋਤ ਹੈ। ਐਨ ਇਸੇ ਤਰ੍ਹਾਂ ਸਿੱਖ ਬੁਨਿਆਦੀ ਫਲਸਫਾ ਵੀ ਅਜਿਹੀਆਂ ਮਨੁੱਖੀ ਧਾਰਨਾਵਾਂ ਦੀ ਬੁਨਿਆਦ ਉਪਰ ਉਸਰਿਆ ਹੈ। ਇਸ ਕਰਕੇ ਸਿੱਖ ਧਰਮ ਅਤੇ ਅਮਰੀਕੀ ਸੰਵਿਧਾਨ ਅਤੇ ਮਾਨਤਾਵਾਂ ਵਿਚਕਾਰ ਬੇਹੱਦ ਸੁਮੇਲ ਹੈ। ਜੇ ਅਸੀਂ ਇਸ ਸਮਾਨਤਾ ਨੂੰ ਅਮਰੀਕੀ ਲੋਕਾਂ ਸਾਹਮਣੇ ਰੱਖੀਏ ਅਤੇ ਉਨ੍ਹਾਂ ਨੂੰ ਜਾਣਕਾਰੀ ਦੇਈਏ ਕਿ ਸਿੱਖ ਧਰਮ ਨੇ ਅੱਜ ਤੋਂ 500 ਸਾਲ ਪਹਿਲਾਂ ਮਨੁੱਖੀ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਲਿੰਗ ਬਰਾਬਰਤਾ ਦੇ ਨਾਲ-ਨਾਲ ਆਰਥਿਕ ਅਤੇ ਸਮਾਜਿਕ ਬਰਾਬਰੀ ਦਾ ਝੰਡਾ ਬੁਲੰਦ ਕੀਤਾ ਸੀ, ਤਾਂ ਉਨ੍ਹਾਂ ਲੋਕਾਂ ਨੂੰ ਸਾਡੀ ਗੱਲ ਸਮਝਣ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਵੇਗੀ।
   ਪਿਛਲੇ ਸਾਲਾਂ ਦੌਰਾਨ ਸਾਡੇ ਭਾਈਚਾਰੇ ਨੇ ਬਹੁਤ ਸਾਰੇ ਯਤਨ ਕਰਕੇ ਸਿੱਖ ਪਛਾਣ ਬਾਰੇ ਪੈਦਾ ਹੋਏ ਭੰਬਲਭੂਸੇ ਅਤੇ ਗਲਤਫਹਿਮੀ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ ਅਤੇ ਇਸ ਵਿਚ ਕਾਫੀ ਹੱਦ ਤੱਕ ਸਫਲਤਾ ਵੀ ਹਾਸਲ ਕੀਤੀ ਹੈ। ਪਰ ਅਮਰੀਕਾ ਵਰਗੇ ਵੱਡੇ ਮੁਲਕ ਵਿਚ ਸਿੱਖ ਭਾਈਚਾਰੇ ਦੀ ਵਸੋਂ ਬਹੁਤ ਨਿਗੁਣੀ ਹੋਣ ਕਰਕੇ ਸਾਡੇ ਇਹ ਯਤਨ ਅਜੇ ਵੀ ਅਧੂਰੇ ਹਨ।
  ਅਮਰੀਕਨ ਸਿੱਖਾਂ ਨੇ ਹਰ ਮੋੜ ਉਪਰ ਅਮਰੀਕਾ ਨਾਲ ਵਫਾਦਾਰੀ ਅਤੇ ਦੇਸ਼ ਪ੍ਰੇਮ ਦਾ ਸਬੂਤ ਦਿੱਤਾ ਹੈ। ਅੱਜ ਅਮਰੀਕੀ ਫੌਜ ਤੋਂ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਦੀ ਸੁਰੱਖਿਆ ਅਮਲੇ ਦੀ ਫੋਰਸ ਵਿਚ ਵੀ ਸਿੱਖ ਸ਼ਾਮਲ ਹੋ ਚੁੱਕੇ ਹਨ। ਅਮਰੀਕਾ ਦੇ ਆਰਥਿਕ, ਵਿਦਿਅਕ, ਸਮਾਜਿਕ ਅਤੇ ਵਿਗਿਆਨਕ ਖੇਤਰ ਵਿਚ ਹੋਈਆਂ ਅਤੇ ਹੋ ਰਹੀਆਂ ਤਰੱਕੀਆਂ ਵਿਚ ਅਮਰੀਕਨ ਸਿੱਖ ਭਾਈਚਾਰੇ ਦਾ ਬੜਾ ਹੀ ਅਹਿਮ ਰੋਲ ਰਿਹਾ ਹੈ। ਪਿਛਲੇ ਸਮੇਂ ਵਿਚ ਕਈ ਥਾਵਾਂ ‘ਤੇ ਆਈਆਂ ਕੁਦਰਤੀ ਆਫਤਾਂ ਸਮੇਂ ਸਿੱਖ ਭਾਈਚਾਰੇ ਦੇ ਲੋਕ ਪੀੜਤ ਦੀ ਮਦਦ ਲਈ ਸਭ ਤੋਂ ਪਹਿਲਾਂ ਪ੍ਰਭਾਵਿਤ ਖੇਤਰਾਂ ਵਿਚ ਗਏ। ਸਾਡੇ ਭਾਈਚਾਰੇ ਦੀਆਂ ਅਜਿਹੀਆਂ ਕਾਰਵਾਈਆਂ ਅਤੇ ਮਿਸਾਲਾਂ ਸਾਡੀ ਪਛਾਣ ਨੂੰ ਨਿਖਾਰਨ ਵਿਚ ਬੜਾ ਅਹਿਮ ਯੋਗਦਾਨ ਪਾ ਰਹੀਆਂ ਹਨ।
    ਇਸੇ ਤਰ੍ਹਾਂ ਸਾਡੀਆਂ ਧਾਰਮਿਕ ਅਦਾਰਿਆਂ ਵੱਲੋਂ ਕੱਢੇ ਜਾਂਦੇ ਨਗਰ ਕੀਰਤਨ ਅਤੇ ਹੋਰ ਸਰਗਰਮੀਆਂ ਵੀ ਸਿੱਖਾਂ ਦੀ ਵਿਲੱਖਣ ਪਛਾਣ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਅਸੀਂ ਦੇਖਿਆ ਹੈ ਕਿ ਇਸ ਤੋਂ ਵੀ ਅੱਗੇ ਆਮ ਲੋਕਾਂ ਤੱਕ ਸਾਨੂੰ ਆਪਣੀ ਪਹਿਚਾਣ ਦਾ ਅਹਿਸਾਸ ਵਧਾਉਣ ਦੇ ਯਤਨ ਕਰਨੇ ਚਾਹੀਦੇ ਹਨ। ਹਰ ਸਿੱਖ ਪਰਿਵਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਜਿਸ ਵੀ ਕਾਊਂਟੀ ਜਾਂ ਕਸਬੇ ਵਿਚ ਰਹਿੰਦਾ ਹੈ, ਉਥੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਆਪਣੇ ਧਰਮ, ਪਹਿਰਾਵੇ, ਖਾਣ-ਪੀਣ ਅਤੇ ਫਲਸਫੇ ਬਾਰੇ ਮੋਟੇ ਰੂਪ ਵਿਚ ਜਾਣੂੰ ਕਰਵਾਉਣ ਲਈ ਹਮੇਸ਼ਾ ਯਤਨ ਕਰਦਾ ਰਹੇ।
    ਇਸੇ ਤਰ੍ਹਾਂ ਸਮਾਜਿਕ, ਰਾਜਸੀ ਅਤੇ ਸਰਕਾਰੀ ਸਮਾਗਮਾਂ ਵਿਚ ਸਾਡੇ ਲੋਕਾਂ ਨੂੰ ਗਰੁੱਪ ਬਣਾ ਕੇ ਸ਼ਾਮਲ ਹੋਣ ਦੀ ਆਦਤ ਬਣਾ ਲੈਣੀ ਚਾਹੀਦੀ ਹੈ। ਜਦ ਸਾਡੇ ਲੋਕ ਕਿਸੇ ਵੀ ਸਮਾਗਮ ਵਿਚ ਗਰੁੱਪ ਬਣਾ ਕੇ ਸ਼ਾਮਲ ਹੋਣਗੇ, ਤਾਂ ਉਨ੍ਹਾਂ ਦੀ ਇਹ ਵਿਲੱਖਣ ਕਾਰਵਾਈ ਹਰ ਇਕ ਦਾ ਧਿਆਨ ਖਿੱਚੇਗੀ ਅਤੇ ਨਾਲ ਹੀ ਸਾਡੇ ਗੁਰੂ ਵੱਲੋਂ ਦਿੱਤੇ ਨਿਵੇਕਲੇ ਸਰੂਪ ਕੇਸ, ਦਾੜ੍ਹੀ ਅਤੇ ਪੱਗੜੀ ਸਿੱਖ ਦੀ ਵੱਖਰੀ ਪਛਾਣ ਦਾ ਅਹਿਸਾਸ ਖੁਦ ਹੀ ਜਗਾਏਗੀ। ਹਰ ਸਿੱਖ ਇਸ ਗੱਲ ਉਪਰ ਇਸੇ ਕਰਕੇ ਮਾਣ ਕਰਦਾ ਹੈ ਕਿ ਕੋਈ ਵੀ ਸਿੱਖ ਜਦ ਭੀੜ ਵਿਚ ਚਲਦਾ ਹੈ, ਤਾਂ ਆਪਣੇ ਇਸ ਸਰੂਪ ਕਾਰਨ ਲੱਖਾਂ ਵਿਚ ਵਿਲੱਖਣ ਦਿਖਾਈ ਦਿੰਦਾ ਹੈ।
   ਇਸੇ ਤਰ੍ਹਾਂ ਸਥਾਨਕ ਅਦਾਰਿਆਂ ਤੋਂ ਲੈ ਕੇ ਉਪਰਲੇ ਸਦਨ ਤੱਕ ਦੀਆਂ ਚੋਣਾਂ ਵਿਚ ਵੀ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਸਰਗਰਮੀ ਨਾਲ ਹਿੱਸਾ ਲੈਂਦਿਆਂ ਸਿੱਖ ਪਛਾਣ ਬਾਰੇ ਹੋਰਨਾਂ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਦਾ ਯਤਨ ਆਪਣੇ ਮਨ ਵਿਚ ਵਸਾ ਕੇ ਰੱਖਣਾ ਚਾਹੀਦਾ ਹੈ। ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿਚ ਪੜ੍ਹਦੇ ਸਾਡੇ ਸਮਾਜ ਦੇ ਬੱਚੇ ਵੀ ਸਿੱਖ ਭਾਈਚਾਰੇ ਦੀ ਵੱਖਰੀ ਪਛਾਣ ਦਾ ਅਹਿਮ ਸਾਧਨ ਬਣਦੇ ਹਨ। ਆਪਣੇ ਬੱਚਿਆਂ ਨੂੰ ਵੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਉਹ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿਚ ਆਪਣੇ ਸਾਥੀਆਂ ਨਾਲ ਘੁਲਣ-ਮਿਲਣ ਸਮੇਂ ਸਿੱਖੀ ਦੀ ਪਛਾਣ ਬਾਰੇ ਉਨ੍ਹਾਂ ਨੂੰ ਜ਼ਰੂਰ ਜਾਣਕਾਰੀ ਦੇਣ। ਜੇਕਰ ਅਸੀਂ ਅਜਿਹੇ ਸਾਰੇ ਯਤਨਾਂ ਨੂੰ ਸੰਗਠਿਤ ਰੂਪ ਵਿਚ ਲੈ ਕੇ ਅੱਗੇ ਚੱਲਾਂਗੇ, ਤਾਂ ਆਉਣ ਵਾਲੇ ਸਾਲਾਂ ਵਿਚ ਅਮਰੀਕਨ ਸਿੱਖ ਭਾਈਚਾਰੇ ਦਾ ਨਫਰਤੀ ਹਮਲਿਆਂ ਤੋਂ ਬਚਾਅ ਹੋ ਸਕਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.