ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਕਰਤਾਰਪੁਰ ਲਾਂਘਾ: ਸਿੱਧੂ ਦਾ ਸਿਆਸੀ ਕੱਦ ਹੋਇਆ ਉੱਚਾ
ਕਰਤਾਰਪੁਰ ਲਾਂਘਾ: ਸਿੱਧੂ ਦਾ ਸਿਆਸੀ ਕੱਦ ਹੋਇਆ ਉੱਚਾ
Page Visitors: 2488

ਕਰਤਾਰਪੁਰ ਲਾਂਘਾ: ਸਿੱਧੂ ਦਾ ਸਿਆਸੀ ਕੱਦ ਹੋਇਆ ਉੱਚਾਕਰਤਾਰਪੁਰ ਲਾਂਘਾ: ਸਿੱਧੂ ਦਾ ਸਿਆਸੀ ਕੱਦ ਹੋਇਆ ਉੱਚਾ

December 05
11:30 2018

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444
ਪਾਕਿਸਤਾਨ ਵਿਚਲੇ ਪਵਿੱਤਰ ਅਸਥਾਨ ਅਤੇ ਭਾਰਤ ਵਿਚਲੇ ਡੇਰਾ ਬਾਬਾ ਨਾਨਕ ਵਿਚਕਾਰ ਲਾਂਘਾ ਖੋਲ੍ਹਣ ਦੇ ਭਾਰਤ ਅਤੇ ਪਾਕਿਸਤਾਨ ਸਰਕਾਰ ਵੱਲੋਂ ਕੀਤੇ ਇਤਿਹਾਸਕ ਫੈਸਲੇ ਦਾ ਭਾਰਤ-ਪਾਕਿ ਸੰਬੰਧਾਂ ਉਪਰ ਤਾਂ ਡੂੰਘਾ ਅਸਰ ਪੈਣਾ ਹੀ ਹੈ। ਪਰ ਇਸ ਨੇ ਪੰਜਾਬ ਦੇ ਵੱਖ-ਵੱਖ ਨੇਤਾਵਾਂ ਦੇ ਸਿਆਸੀ ਰੂਪ ਨੂੰ ਵੀ ਗਹਿਰੇ ਰੂਪ ਵਿਚ ਪ੍ਰਭਾਵਿਤ ਕੀਤਾ ਹੈ।
ਪਾਕਿਸਤਾਨ ਵਿਚ 3 ਕੁ ਮਹੀਨੇ ਪਹਿਲਾਂ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਦੇ ਸਹੁੰ ਚੁੱਕ ਸਮਾਗਮ ਵਿਚ ਸ. ਨਵਜੋਤ ਸਿੰਘ ਸਿੱਧੂ ਦੇ ਸ਼ਾਮਲ ਹੋਣ ਨਾਲ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਮੌਜੂਦਾ ਮੁਹਿੰਮ ਨੂੰ ਬਲ ਮਿਲਿਆ ਸੀ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਪਾਕਿਸਤਾਨ ਦੇ ਇਮਰਾਨ ਖਾਨ ਅਤੇ ਪੰਜਾਬ ਦੇ ਵਜ਼ੀਰ ਨਵਜੋਤ ਸਿੰਘ ਸਿੱਧੂ ਦਰਮਿਆਨ ਗੂੜ੍ਹੀ ਦੋਸਤੀ ਨੇ ਕਰਤਾਰਪੁਰ ਲਾਂਘੇ ਲਈ ਇਕ ਨਵਾਂ ਮੌਕਾ-ਮੇਲ ਪੈਦਾ ਕਰ ਦਿੱਤਾ ਹੈ। ਦੋਵਾਂ ਆਗੂਆਂ ਵਿਚਕਾਰ ਕਾਫੀ ਲੰਬੇ ਸਮੇਂ ਤੋਂ ਦੋਸਤੀ ਚਲੀ ਆ ਰਹੀ ਸੀ ਅਤੇ ਜਦ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਮਗ ਵਿਚ ਸ. ਸਿੱਧੂ ਸ਼ਾਮਲ ਹੋਣ ਗਏ, ਤਾਂ ਉਥੇ ਸਿੱਧੂ ਵੱਲੋਂ ਰੱਖੇ ਗਏ ਪ੍ਰਸਤਾਵ ਉਪਰ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਲਾਂਘਾ ਖੋਲਣ ਦਾ ਭਰੋਸਾ ਦਿੱਤਾ। ਆਖਰ ਨਵੇਂ ਬਣੇ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿਚ ਦਿੱਤਾ ਗਿਆ ਇਹ ਭਰੋਸਾ ਪਿਛਲੇ ਹਫਤੇ ਦੋਵਾਂ ਮੁਲਕਾਂ ਵੱਲੋਂ ਕਾਰੀਡੋਰ ਖੋਲ੍ਹੇ ਜਾਣ ਦੇ ਉਦਘਾਟਨ ਕਰਨ ਵਿਚ ਨਿਕਲਿਆ। ਸਿੱਧੂ ਦੀ ਪਹਿਲਕਦਮੀ ਉਪਰ ਪਾਕਿਸਤਾਨੀ ਫੌਜ ਮੁਖੀ ਵੱਲੋਂ ਦਿੱਤੇ ਭਰੋਸੇ ਉਪਰ ਭਾਰਤ ਵਿਚ ਬਹੁਤ ਸਾਰੇ ਲੋਕਾਂ ਨੇ ਸਿਆਸਤ ਵੀ ਖੇਡੀ ਅਤੇ ਉਨ੍ਹਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਵੀ ਕੀਤੀ। ਪਰ ਉਕਤ ਭਰੋਸੇ ਦੇ ਹਕੀਕਤ ਵਿਚ ਬਦਲ ਜਾਣ ਬਾਅਦ ਵਿਰੋਧ ਕਰਨ ਵਾਲੇ ਜਾਂ ਮਖੌਲ ਉਡਾਉਣ ਵਾਲੇ ਲੋਕਾਂ ਨੂੰ ਉਦਘਾਟਨੀ ਸਮਾਗਮ ਦੀਆਂ ਸਟੇਜਾਂ ਤੋਂ ਇਸ ਫੈਸਲੇ ਦੀ ਪ੍ਰਸ਼ੰਸਾ ਕਰਦਿਆਂ ਵੀ ਵੇਖਿਆ ਗਿਆ। ਸ਼ੁਰੂ ਵਿਚ ਪੰਜਾਬ ਦੀ ਅਕਾਲੀ ਲੀਡਰਸ਼ਿਪ ਨੂੰ ਇਸ ਫੈਸਲੇ ਤੋਂ ਸਭ ਤੋਂ ਵਧੇਰੇ ਔਖ ਹੋਈ ਸੀ। ਦਰਅਸਲ ਅਕਾਲੀ ਲੀਡਰਸ਼ਿਪ ਹੁਣ ਤੱਕ ਪੰਥਕ ਮੁੱਦਿਆਂ ਅਤੇ ਮਸਲਿਆਂ ਬਾਰੇ ਆਪਣੀ ਸਫਾਈ ਰੱਖਦੀ ਆਈ ਹੈ। ਉਹ ਕਿਸੇ ਹੋਰ ਵੱਲੋਂ ਇਨ੍ਹਾਂ ਮੁੱਦਿਆਂ ਉਪਰ ਦਖਲ ਨੂੰ ਸਿੱਖ ਪੰਥ ਵਿਚ ਦਖਲ ਸਮਝਦੇ ਹਨ। ਇਸ ਵੇਲੇ ਜਦ ਅਕਾਲੀ ਲੀਡਰਸ਼ਿਪ ਡੂੰਘੇ ਧਾਰਮਿਕ ਸਿਆਸੀ ਸੰਕਟ ਵਿਚੋਂ ਗੁਜ਼ਰ ਰਹੀ ਹੈ, ਤਾਂ ਇਸ ਸਮੇਂ ਕਰਤਾਰਪੁਰ ਲਾਂਘੇ ਵਰਗੇ ਨਿਰੋਲ ਧਾਰਮਿਕ ਮੁੱਦੇ ਉਪਰ ਸਿੱਧੂ ਵਰਗੇ ਆਗੂ ਨੂੰ ਕ੍ਰੈਡਿਟ ਚਲੇ ਜਾਣਾ, ਉਨ੍ਹਾਂ ਲਈ ਨਾ ਸਹਿਣਯੋਗ ਮਾਮਲਾ ਹੈ। ਇਹੀ ਕਾਰਨ ਹੈ ਕਿ ਕਈ ਆਗੂ ਤਾਂ ਸਿੱਧੂ ਦਾ ਵਿਰੋਧ ਕਰਦੇ ਇਥੋਂ ਤੱਕ ਚਲੇ ਗਏ ਕਿ ਉਹ ਪਾਕਿਸਤਾਨੀ ਫੌਜ ਮੁਖੀ ਨਾਲ ਜੱਫੀ ਪਾਉਣ ਦੇ ਮਾਮਲੇ ਵਿਚ ਸਿੱਧੂ ਖਿਲਾਫ ਕੇਸ ਦਰਜ ਕਰਨ ਅਤੇ ਉਸ ਨੂੰ ਪਾਕਿਸਤਾਨ ਹਮਾਇਤੀ ਗਰਦਾਨ ਦਿੱਤਾ। ਪਰ ਕਰਤਾਰਪੁਰ ਲਾਂਘੇ ਉਪਰ ਖੇਡੀ ਜਾ ਰਹੀ ਸਿਆਸਤ ਨੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਅਸਲੀ ਚਿਹਰੇ ਨੂੰ ਸਾਹਮਣੇ ਲਿਆ ਦਿੱਤਾ ਹੈ। ਪਰ ਦੁਨੀਆਂ ਭਰ ਵਿਚ ਵਸੀ ਸਿੱਖ ਸੰਗਤ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੀਤੇ ਇਸ ਫੈਸਲੇ ਨਾਲ ਬਾਗੋ-ਬਾਗ ਹੈ। ਖਾਸ ਤੌਰ ‘ਤੇ ਵਿਦੇਸ਼ਾਂ ਵਿਚਲੇ ਪ੍ਰਵਾਸੀ ਪੰਜਾਬੀਆਂ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਫੈਸਲੇ ਨਾਲ ਬੇਹੱਦ ਤਸੱਲੀ ਅਤੇ ਖੁਸ਼ੀ ਹੋਈ ਹੈ। ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀਆਂ ਨਜ਼ਰਾਂ ਵਿਚ ਸ. ਸਿੱਧੂ ਇਕ ਇਮਾਨਦਾਰ ਅਤੇ ਬੇਬਾਕ ਆਗੂ ਵਜੋਂ ਸਾਹਮਣੇ ਆਏ ਹਨ। ਪਾਕਿਸਤਾਨੀ ਪ੍ਰਧਾਨ ਮੰਤਰੀ ਵੱਲੋਂ ਲਾਂਘੇ ਦੀ ਉਸਾਰੀ ਦੇ ਉਦਘਾਟਨ ਸਮਾਗਮ ‘ਚ ਭਾਰਤ ਦੇ ਦੋ ਕੇਂਦਰੀ ਮੰਤਰੀ ਸ. ਹਰਦੀਪ ਸਿੰਘ ਪੁਰੀ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਸ. ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਸੱਦੇ ਉਪਰ ਇਸ ਵਿਚ ਸ਼ਾਮਲ ਹੋਏ ਸਨ। ਇਸ ਸਮਾਗਮ ਵਿਚ ਵੀ ਸ. ਸਿੱਧੂ ਹੀਰੋ ਬਣ ਕੇ ਛਾਏ ਰਹੇ। ਉਨ੍ਹਾਂ ਦੇ ਦੋਸਤ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਨਾਲ ਸੰਬੰਧ ਸੁਧਾਰਨ ਲਈ ਨੇਕ ਨੀਤੀ ਨਾਲ ਦਾਅਵਾ ਕਰਦਿਆਂ ਇਥੋਂ ਤੱਕ ਆਖ ਦਿੱਤਾ ਕਿ ਉਹ ਅਜਿਹੇ ਯਤਨਾਂ ਦੇ ਸਿੱਧੂ ਦੇ ਪ੍ਰਧਾਨ ਮੰਤਰੀ ਬਣਨ ਤੱਕ ਦੀ ਉਡੀਕ ਨਹੀਂ ਕਰ ਸਕਦੇ। ਇਮਰਾਨ ਖਾਨ ਨੇ ਸ. ਸਿੱਧੂ ਦੀ ਹਰਮਨਪਿਆਰਤਾ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਸ. ਸਿੱਧੂ ਜੇਕਰ ਪਾਕਿਸਤਾਨ ਅੰਦਰ ਵੀ ਆ ਕੇ ਚੋਣ ਲੜੇ, ਤਾਂ ਉਹ ਆਸਾਨੀ ਨਾਲ ਜਿੱਤ ਜਾਵੇਗਾ।
ਕਰਤਾਰਪੁਰ ਲਾਂਘੇ ਨੂੰ ਲੈ ਕੇ ਦੇਸ਼ ਦੁਨੀਆਂ ਵਿਚ ਸ. ਸਿੱਧੂ ਦੀ ਬੱਲੇ-ਬੱਲੇ ਹੋ ਰਹੀ ਹੈ ਅਤੇ ਉਨ੍ਹਾਂ ਦਾ ਸਿਆਸੀ ਕੱਦ ਪਹਿਲਾਂ ਤੋਂ ਕਿਤੇ ਵੱਧ ਉੱਚਾ ਹੋਇਆ ਹੈ। ਇਸ ਸਮੇਂ ਭਾਰਤ ਦੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਸੂਬਿਆਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਸ. ਸਿੱਧੂ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਚੋਣ ਮੁਹਿੰਮ ਵਿਚ ਪੁੱਜੇ ਹੋਏ ਹਨ। ਕਰਤਾਰਪੁਰ ਲਾਂਘਾ ਖੋਲ੍ਹਣ ਦੇ ਫੈਸਲੇ ਨਾਲ ਸ. ਸਿੱਧੂ ਦੀ ਹਰਮਨਪਿਆਰਤਾ ਵਿਚ ਕਾਫੀ ਵੱਡਾ ਵਾਧਾ ਹੋਇਆ ਹੈ। ਪਰ ਕਾਂਗਰਸ ਵਿਚ ਉਨ੍ਹਾਂ ਦੀ ਵਿਰੋਧਤਾ ਵੀ ਉੱਠਣੀ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨੀ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਕੇ ਇਕ ਤਰ੍ਹਾਂ ਨਾਲ ਸ. ਸਿੱਧੂ ਨੂੰ ਉਥੇ ਜਾਣ ਤੋਂ ਰੋਕਣ ਦਾ ਯਤਨ ਕੀਤਾ ਸੀ। ਇਥੋਂ ਤੱਕ ਕਿ ਜਦ ਸਿੱਧੂ ਨੇ ਉਨ੍ਹਾਂ ਦੇ ਫੈਸਲੇ ਦੀ ਕੋਈ ਪ੍ਰਵਾਹ ਨਹੀਂ ਕੀਤੀ, ਤਾਂ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਪਾਕਿਸਤਾਨ ਨਾ ਜਾਣ ਦੀ ਸਲਾਹ ਵੀ ਦਿੱਤੀ ਗਈ। ਮੁੱਖ ਮੰਤਰੀ ਦਾ ਕਹਿਣਾ ਸੀ ਕਿ ਜਦ ਪਾਕਿਸਤਾਨ ਅੰਦਰ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਭਾਰਤ ਅੰਦਰ ਗੜਬੜ ਫੈਲਾਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਤਾਂ ਅਜਿਹੇ ਸਮੇਂ ਵਿਚ ਪਾਕਿਸਤਾਨ ਵੱਲੋਂ ਦਿੱਤੇ ਸੱਦੇ ਨੂੰ ਕਬੂਲ ਕਰਨਾ ਭਾਰਤ ਅੰਦਰ ਪੀੜਤ ਹੋਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਉਪਰ ਲੂਣ ਛਿੜਕਣ ਵਾਲੀ ਗੱਲ ਹੈ। ਪਰ ਸ. ਸਿੱਧੂ ਨੇ ਮੁੱਖ ਮੰਤਰੀ ਦੀਆਂ ਅਜਿਹੀਆਂ ਦਲੀਲਾਂ ਦੀ ਕੋਈ ਪ੍ਰਵਾਹ ਨਾ ਕਰਦਿਆਂ ਕਿਹਾ ਕਿ ਆਖਰ ਡੈਡਲਾਕ ਤੋੜਨ ਲਈ ਕੋਈ ਨਾ ਕੋਈ ਕਦਮ ਅੱਗੇ ਵਧਾਉਣਾ ਹੀ ਪੈਂਦਾ ਹੈ। ਉਨ੍ਹਾਂ ਦਾ ਮਤ ਸੀ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫੈਸਲਾ ਦੋਵਾਂ ਦੇਸ਼ਾਂ ਵੱਲੋਂ ਡੈਡਲਾਕ ਤੋੜਨ ਦਾ ਇਤਿਹਾਸਕ ਫੈਸਲਾ ਹੈ। ਇਸ ਫੈਸਲੇ ਨਾਲ ਦੋਵਾਂ ਦੇਸ਼ਾਂ ਦਰਮਿਆਨ ਹੋਰ ਖੇਤਰਾਂ ਵਿਚ ਵੀ ਆਪਸੀ ਰਿਸ਼ਤੇ ਸੁਧਾਰਨ ਲਈ ਰਸਤਾ ਖੁੱਲ੍ਹ ਸਕਦਾ ਹੈ। ਆਮ ਲੋਕਾਂ ਵੱਲੋਂ ਵੀ ਸ. ਸਿੱਧੂ ਦੀ ਇਸ ਭਾਵਨਾ ਦਾ ਵੱਡੇ ਪੱਧਰ ਉੱਤੇ ਸਵਾਗਤ ਕੀਤਾ ਗਿਆ ਹੈ। ਖਾਸ ਤੌਰ ‘ਤੇ ਅਸੀਂ ਦੇਖਦੇ ਹਾਂ ਕਿ ਵਿਦੇਸ਼ਾਂ ਵਿਚ ਵਸੇ ਸਿੱਖ ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤੀ ਜ਼ਾਹਿਰ ਕਰ ਰਹੇ ਹਨ।
     ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਸਰਕਾਰ ਪ੍ਰਤੀ ਅਪਣਾਏ ਰੁਖ਼ ਤੋਂ ਇਹ ਪ੍ਰਭਾਵ ਲਿਆ ਜਾ ਰਿਹਾ ਹੈ ਕਿ ਉਹ ਮੋਦੀ ਸਰਕਾਰ ਤੋਂ ਵਧੇਰੇ ਪ੍ਰਭਾਵਿਤ ਹਨ। ਜਦਕਿ ਸ. ਸਿੱਧੂ ਵੱਲੋਂ ਲਿਆ ਗਿਆ ਪੈਂਤੜਾ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸੰਬੰਧਾਂ ਨੂੰ ਸੁਖਾਵੇਂ ਬਣਾਉਣ ਵੱਲ ਤੁਰਨ ਦਾ ਰਾਹ ਦਿਖਾਉਂਦਾ ਹੈ। ਸ. ਸਿੱਧੂ ਵੱਲੋਂ ਪਿਛਲੇ ਦਿਨਾਂ ਵਿਚ ਕੀਤੀਆਂ ਟਿੱਪਣੀਆਂ, ਖਾਸ ਤੌਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਕੀਤੀ ਇਹ ਟਿੱਪਣੀ ਕਿ ‘ਅਮਰਿੰਦਰ ਸਿੰਘ ਫੌਜ ਦੇ ਕੈਪਟਨ ਹਨ, ਜਦਕਿ ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ’, ਨੇ ਕਾਂਗਰਸੀ ਹਲਕਿਆਂ ਅੰਦਰ ਨਵੀਂ ਬਹਿਸ ਛੇੜ ਦਿੱਤੀ।
   ਹਾਲਾਂਕਿ ਸ. ਸਿੱਧੂ ਨੇ ਮੁੜ ਆਖ ਦਿੱਤਾ ਹੈ ਕਿ ਕੈਪਟਨ ਉਨ੍ਹਾਂ ਦੇ ਪਿਤਾ ਸਮਾਨ ਹਨ, ਪਰ ਪੰਜਾਬ ਕਾਂਗਰਸ ਦੇ ਬਹੁਤ ਸਾਰੇ ਆਗੂਆਂ, ਖਾਸ ਕਰ ਵਜ਼ੀਰਾਂ ਵੱਲੋਂ ਸ. ਸਿੱਧੂ ਉਪਰ ਹਮਲੇ ਕਰਦਿਆਂ ਕਿਹਾ ਗਿਆ ਹੈ ਕਿ ਜੇਕਰ ਉਹ ਮੁੱਖ ਮੰਤਰੀ ਨੂੰ ਆਪਣਾ ਕੈਪਟਨ ਨਹੀਂ ਮੰਨਦੇ, ਤਾਂ ਫਿਰ ਟੀਮ ਵਿਚੋਂ ਬਾਹਰ ਹੋ ਜਾਣਾ ਚਾਹੀਦਾ ਹੈ। ਤਿੰਨ-ਚਾਰ ਵਜ਼ੀਰਾਂ ਨੇ ਤਾਂ ਸ. ਸਿੱਧੂ ਨੂੰ ਅਸਤੀਫਾ ਦੇਣ ਲਈ ਵੀ ਆਖ ਦਿੱਤਾ ਹੈ। ਕਈ ਵਿਧਾਇਕਾਂ ਨੇ ਕੈਪਟਨ ਪ੍ਰਤੀ ਭਰੋਸਗੀ ਦਿਖਾਉਣ ਲਈ ਆਪੋ-ਆਪਣੇ ਹਲਕਿਆਂ ਵਿਚ ‘ਪੰਜਾਬ ਦਾ ਕੈਪਟਨ-ਸਾਡਾ ਕੈਪਟਨ’ ਦੇ ਪੋਸਟਰ ਤੇ ਹੋਰਡਿੰਗਜ਼ ਵੀ ਲਗਾਏ ਹਨ।
ਇਕ ਪਾਸੇ ਸ. ਸਿੱਧੂ ਦੀ ਹਰਮਨਪਿਆਰਤਾ ਵਿਚ ਵਾਧਾ ਹੋ ਰਿਹਾ ਹੈ ਅਤੇ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਹਰ ਮਾਮਲੇ ਉਪਰ ਆਢਾ ਵੀ ਲਾਉਂਦੇ ਆ ਰਹੇ ਹਨ ਅਤੇ ਦੂਜੇ ਪਾਸੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਵਿਚ ਉਨ੍ਹਾਂ ਦਾ ਵਕਾਰ ਵਧ ਰਿਹਾ ਹੈ ਪਰ ਪੰਜਾਬ ਕਾਂਗਰਸ ਵਿਚ ਉਹ ਲਗਾਤਾਰ ਸਮੱਸਿਆਵਾਂ ਵਿਚ ਘਿਰਦੇ ਜਾ ਰਹੇ ਹਨ। ਹਾਲ ਦੀ ਘੜੀ ਕਾਂਗਰਸ ਹਾਈਕਮਾਨ ਨੇ ਸ. ਸਿੱਧੂ ਦੇ ਵਿਧਾਨ ਸਭਾ ਚੋਣਾਂ ਵਿਚ ਰੁੱਝੇ ਹੋਣ ਕਾਰਨ ਉਨ੍ਹਾਂ ਖਿਲਾਫ ਬਿਆਨਬਾਜ਼ੀ ਨੂੰ ਰੋਕ ਦਿੱਤਾ ਹੈ। ਪਰ ਆਉਣ ਵਾਲੇ ਸਮੇਂ ਵਿਚ ਆਪਸੀ ਸ਼ਰੀਕਾ ਅਤੇ ਕਸ਼ਮਕਸ਼ ਮੁੜ ਫਿਰ ਵੱਧ ਸਕਦੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.