ਕੈਟੇਗਰੀ

ਤੁਹਾਡੀ ਰਾਇ



ਸੁਰਿੰਦਰ ਕੌਰ ਕੰਬੋਜ
ਗੁਰਬਾਣੀ ਸਮਝਣ ਲਈ ਹੈ , ਸਮਝਾਉਣ ਲਈ ਨਹੀਂ
ਗੁਰਬਾਣੀ ਸਮਝਣ ਲਈ ਹੈ , ਸਮਝਾਉਣ ਲਈ ਨਹੀਂ
Page Visitors: 2833

 

 

ਗੁਰਬਾਣੀ ਸਮਝਣ ਲਈ ਹੈ , ਸਮਝਾਉਣ ਲਈ ਨਹੀਂ
     ਗੁਰਬਾਣੀ ਸਮਝਣ ਲਈ ਹੈ , ਸਮਝਾਉਣ ਲਈ ਨਹੀਂ । ਕਈ ਵੀਰ ਭੈਣਾਂ , ਇਸ ਬਾਰੇ ਜ਼ਰੂਰ ਆਖਣਗੇ ਕਿ ਜੇ ਗੁਰਬਾਣੀ ਸਮਝਾਉਣ ਲਈ ਨਹੀਂ ਹੁੰਦੀ ਤਾਂ , ਸਮਝਣ ਵਾਲਿਆਂ ਨੂੰ ਕੌਣ ਸਮਝਾਵੇਗਾ ? ਉਨ੍ਹਾਂ ਦੀ ਗੱਲ ਵੀ ਕਿਸੇ ਹੱਦ ਤਕ ਠੀਕ ਹੈ , ਪਰ ਗੁਰੁ ਗ੍ਰੰਥ ਸਾਹਿਬ ਜੀ ਵਿਚ ਕਿਤੇ ਵੀ ਦੂਸਰੇ ਨੂੰ ਸਮਝਾਉਣ ਦੀ ਗੱਲ ਨਹੀਂ ਕਹੀ ਗਈ , ਜਿੱਥੇ ਵੀ ਗੱਲ ਕੀਤੀ ਗਈ ਹੈ ,  “ ਸ਼ਬਦ ਵਿਚਾਰ ਦੀ ਗੱਲ ਕੀਤੀ ਗਈ ਹੈ । ਗੁਰਬਾਣੀ ਬਹੁਤ ਡੂੰਘੀ ਚੀਜ਼ ਹੈ , ਜਿਸ ਨੂੰ ਸਮਝਣ ਲਈ ਗੁਰੂ ਸਾਹਿਬ ਨੇ ਸੰਗਤੀ ਵਿਚਾਰ ਦੀ ਗੱਲ ਕੀਤੀ ਹੈ ।
  ਪਰ ਅੱਜ ਸਿੱਖਾਂ ਦੇ ਪੱਲੇ ਸੰਗਤੀ ਸ਼ਬਦ ਵਿਚਾਰ ਦੀ ਗੱਲ ਤਾਂ ਬਿਲਕੁਲ ਹੈ ਹੀ ਨਹੀਂ , ਆਪ ਇਕੱਲੇ ਸਮਝਣ ਜੋਗਾ ਸਮਾ  ਨਹੀਂ ਹੈ । ਜੇ ਕੁਝ ਪੱਲੇ ਹੈ ਤਾਂ ਸਿਰਫ ਏਨਾ ਕਿ ਆਪਣੀ ਵਿਦਵਤਾ ਦਰਸਾਉਣ ਲਈ , ਆਮ ਲਫਜ਼ਾਂ ਵਿਚ ਦੂਸਰੇ ਨੂੰ ਨੀਵਾਂ ਵਿਖਾਉਣ ਲਈ , (ਤਾਂ ਜੋ ਉਨ੍ਹਾਂ ਦੀ ਵਿਦਵਤਾ ਦਾ ਡੰਕਾ ਵੱਜਦਾ ਰਹੇ) ਆਪਣੀ ਮਨ-ਮੱਤ ਅਨੁਸਾਰ ਗੁਰਬਾਣੀ ਨੂੰ ਢਾਲ ਕੇ , ਪਰਚਾਰਨਾ ਹੀ ਹੈ , ਉਹ ਭਾਵੇਂ ਲਿਖਣ ਵਿਚ ਹੋਵੇ ਜਾਂ ਸਟੇਜਾਂ ਤੇ ਪਰਚਾਰਨਾ ਹੋਵੇ ।
     ਲੋੜ ਤਾਂ ਇਹ ਸੀ ਕਿ ਅਸੀਂ ਮਿਲ-ਜੁੜ ਕੇ , ਵਿਚਾਰਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਵ-ਅਰਥ ਸਮਝਣ ਦਾ ਉਪਰਾਲਾ ਕਰਦੇ । (ਭਲਾ ਹੋਵੇ ਪ੍ਰੋ. ਸ਼ਾਹਿਬ ਸਿੰਘ ਜੀ ਦਾ ਜਿਨ੍ਹਾਂ ਨੇ ਸਾਰੀ ਉਮਰ ਲਗਾ ਕੇ , ਵਿਆਕਰਣ ਅਨੁਸਾਰ ਗੁਰਬਾਣੀ ਦੇ ਅਰਥ ਕੀਤੇ ਹਨ , ਪਰ ਗੁਰੁ ਗ੍ਰੰਥ ਸਾਹਿਬ ਜੀ ਦੇ ਕਥਨ ਅਨੁਸਾਰ ਕਿ ,

             ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥2॥   (332)
ਬਹੁਤ ਸਾਰੇ ਵਿਦਵਾਨ , ਜਿਨ੍ਹਾਂ ਦੀ ਗੁਰਬਾਣੀ ਦੇ ਮਾਮਲੇ ਵਿਚ ਪੰਥ ਨੂੰ ਕੋਈ ਦੇਣ ਨਹੀਂ ਹੈ , ਪ੍ਰੋ. ਸ਼ਾਹਿਬ ਸਿੰਘ ਜੀ ਦੀਆਂ ਲਿਖਤਾਂ ਨੂੰ ਬਿਨਾ ਕਿਸੇ ਦਲੀਲ ਦੇ , ਰੱਦ ਕਰਨ ਵਿਚ ਜ਼ਰਾ ਵੀ ਢਿੱਲ ਨਹੀਂ ਲਾਉਂਦੇ । ਇਹ ਤਾਂ ਮੰਨਣ ਦੀ ਗੱਲ ਹੈ ਕਿ , ਬੰਦਾ ਭੁੱਲਣ-ਹਾਰ ਹੁੰਦਾ ਹੈ , ਪ੍ਰੋ. ਸਾਹਿਬ ਸਿੰਘ ਜੀ ਨੇ ਵੀ ਕਿਤੇ ਉਕਾਈ ਖਾਧੀ ਹੋਵੇਗੀ , ਜਿਸ ਬਾਰੇ ਨਿਰਣਾ , ਸੰਗਤੀ ਰੂਪ ਵਿਚ ਕੀਤਾ ਜਾ ਸਕਦਾ ਹੈ ।      
   ਪ੍ਰੋ.ਸਾਹਿਬ ਸਿੰਘ ਜੀ ਦੇ   ਸ੍ਰੀ ਗੁਰੂ ਗ੍ਰੰਥ ਸਾਹਿ ਦਰਪਣ ”  ਨੂੰ ਅਧਾਰ ਮੰਨ ਕੇ , ਅਰਥਾਂ ਨੂੰ ਵਿਸਥਾਰ ਦੇ ਕੇ , ਅਜਿਹਾ ਭਾਵ-ਅਰਥ ਕਰਨਾ ਚਾਹੀਦਾ ਹੈ , ਜੋ ਗੁਰਮਤਿ ਸਿਧਾਂਤ ਅਨੁਸਾਰ ਹੋਵੇ ਅਤੇ ਇਕ ਸਧਾਰਨ ਸਿੱਖ ਦੀ ਸਮਝ ਵਿਚ ਵੀ ਸੌਖਿਆਂ ਹੀ ਆ ਜਾਵੇ । ਪਰ ਅੱਜ ਜਿਸ ਢੱਰੇ ਤੇ ਚਲ ਕੇ ਅਰਥ ਕੀਤੇ ਜਾਂਦੇ ਹਨ , ਉਹ ਕਿਸੇ ਦੀ ਸਮਝ ਵਿਚ ਤਾਂ ਕੀ ਆਉਣੇ ਹਨ ਅਰਥ ਕਰਨ ਵਾਲੇ ਆਪ ਵੀ ਉਨ੍ਹਾਂ ਅਰਥਾਂ ਤੋਂ ਸੰਤੁਸ਼ਟ ਨਹੀਂ ਹੁੰਦੇ , ਜੇ ਉਹ ਸੰਤੁਸ਼ਟ ਹੋਣ ਤਾਂ ਉਨ੍ਹਾਂ ਅਰਥਾਂ ਦੀ ਗਲ ਕਰਦਿਆਂ , ਉਨ੍ਹਾਂ ਨੂੰ ਆਪਣੀ ਚਤਰਾਈ ਦਾ ਆਸਰਾ ਲੈਣ ਦੀ ਲੋੜ ਨਾ ਪਵੇ । ਅਤੇ ਆਪਸੀ ਵਿਵਾਦ ਬਹੁਤ ਹੀ ਘਟ ਜਾਣ ।
     ਦੋ ਵੀਰ ਗੁਰਬਾਣੀ ਦੀ ਵਿਚਾਰ ਕਰ ਰਹੇ ਹਨ , ਵਿਸ਼ਾ ਹੈ , ਚੌਰਾਸੀ ਲੱਖ ਜੂਨਾਂ ਦਾ ।  ਇਕ ਵੀਰ ਨੇ ਲਿਖਿਆ ਹੈ ਕਿ , ਚੌਰਾਸੀ ਲੱਖ ਜੂਨਾਂ ਹੁੰਦੀਆਂ ਹੀ ਨਹੀਂ , ਇਹ ਤਾਂ ਇਕ ਕਹਾਵਤ ਮਾਤ੍ਰ ਹੈ । ਨਾ ਹੀ ਮਰਨ ਮਗਰੋਂ ਕੋਈ ਜ਼ਿੰਦਗੀ ਹੁੰਦੀ ਹੈ ਅਤੇ ਨਾ ਹੀ ਕੋਈ ਲੇਖਾ-ਜੋਖਾ ਹੁੰਦਾ ਹੈ , ਸਾਰਾ ਲੇਖਾ-ਜੋਖਾ ਇਸ ਜਨਮ ਵਿਚ ਨਾਲ ਦੀ ਨਾਲ ਹੀ ਨਿਬੜਦਾ ਰਹਿੰਦਾ ਹੈ ।
    ਦੂਸਰੇ ਵੀਰ ਨੇ ਲਿਖਿਆ ਕਿ , ਚੌਰਾਸੀ ਲੱਖ ਜੂਨਾਂ ਨੂੰ ਤਾਂ ਗੁਰਬਾਣੀ ਰੱਦ ਕਰਦੀ ਹੈ , ਜਿਵੇਂ ਪਰਮਾਤਮਾ ਦੀ ਕੁਦਰਤ ਵਿਚਲੀ ਕਿਸੇ ਚੀਜ਼ ਦਾ ਕੋਈ ਲੇਖਾ-ਜੋਖਾ , ਗਿਣਤੀ-ਮਿਣਤੀ ਨਹੀਂ ਹੋ ਸਕਦੀ , ਉਸ ਤਰ੍ਹਾਂ ਹੀ ਜੂਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ । ਪਰ ਗੁਰਮਤਿ ਅਨੁਸਾਰ ਜਨਮ-ਮਰਨ ਵੀ ਹੈ ਅਤੇ ਇੰਸਾਨ ਦੇ ਕਰਮਾਂ ਦਾ ਲੇਖਾ-ਜੋਖਾਂ ਵੀ ਹੈ । ਇਸ ਤੋਂ ਇਲਾਵਾ , ਕੁਝ ਹੋਰ ਤੱਥ ਵੀ ਵਿਚਾਰੇ ਹਨ ।
   ਪਹਿਲੇ ਵੀਰ ਨੇ ਏਨਾ ਲਿਖ ਕੇ ਹੀ ਸਾਰ ਲਿਆ ਕਿ , ਦੂਸਰੇ ਵੀਰ ਨੇ ਤਾਂ ਆਪ ਹੀ ਮੰਨ ਲਿਆ ਹੈ ਕਿ , ਗੁਰਮਤਿ ਚੌਰਾਸੀ ਲੱਖ ਜੂਨਾਂ ਨੂੰ ਰੱਦ ਕਰਦੀ ਹੈ । ਇਸ ਤੋਂ ਆਮ ਸੰਗਤ ਕੀ ਸਮਝੇ
   ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਪਹਿਲੇ ਵੀਰ ਜੀ , ਇਸ ਗੱਲ ਤੇ ਅੜੇ ਹੋਏ ਹਨ ਕਿ ਚੌਰਾਸੀ ਲੱਖ ਜੂਨਾਂ , ਖਾਲੀ ਮੁਹਾਵਰਾ ਹੈ , ਉਸ ਦੀ ਕੋਈ ਅਸਲੀਅਤ ਨਹੀਂ , ਜਦ ਜੂਨਾਂ ਨਹੀਂ ਤਾਂ ਜਨਮ-ਮਰਨ ਕਿਥੋਂ ? ਅਤ ਲੇਖਾ-ਜੋਖਾ ਵੀ ਕਾਹਦਾ ? ਜਦ ਕਿ ਦੂਸਰਾ ਵੀਰ ਕਹਿ ਰਿਹਾ ਹੈ ਕਿ , ਜੂਨਾਂ ਤਾਂ ਹਨ , ਪਰ ਉਨ੍ਹਾਂ ਦੀ ਗਿਣਤੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ । ਗੁਰੁ ਸਾਹਿਬ ਨੇ ਪ੍ਰਚਲਤ ਚੌਰਾਸੀ ਲੱਖ , ਨੂੰ ਅਣ-ਗਿਣਤ ਵਜੋਂ ਵਰਤਿਆ ਹੈ ।  ਜਨਮ-ਮਰਨ ਵੀ ਹੈ ਅਤੇ ਬੰਦੇ ਦੇ ਕੀਤੇ ਕਰਮਾਂ ਦਾ ਲੇਖਾ-ਜੋਖਾ ਵੀ ਹੈ ।
   ਪਹਿਲਾ ਵੀਰ ਚੌਰਾਸੀ ਲੱਖ ਦੀ ਗਿਣਤੀ ਦੇ ਚੱਕਰ ਵਿਚ , ਇਸ ਨਾਲ ਸਬੰਧਿਤ ਹੋਰ ਗੁਰਮਤਿ ਸਿਧਾਂਤ ਵੀ ਰੱਦ ਕਰ ਰਿਹਾ ਹੈ । ਜਦ ਕਿ ਦੂਸਰਾ ਵੀਰ ਚੌਰਾਸੀ ਲੱਖ ਦੀ ਗਿਣਤੀ ਨੂੰ ਤਾਂ ਰੱਦ ਕਰ ਰਿਹਾ ਹੈ , ਪਰ ਉਸ ਨਾਲ ਸਬੰਧਿਤ ਬਾਕੀ ਗੁਰਮਤਿ ਸਿਧਾਂਤਾਂ ਨੂੰ ਰੱਦ ਨਹੀਂ ਕਰਦਾ ,
ਬਲਕਿ ਗੁਰਮਤਿ ਅਨੁਸਾਰ ਉਨ੍ਹਾਂ ਨੂੰ ਮਾਨਤਾ ਦਿੰਦਾ ਹੈ ।
     ਅਜਿਹੀ ਹਾਲਤ ਵਿਚ ਕੀ ਹੋਵੇ ?
   ਸਿੱਖਾਂ ਨੂੰ ਭੰਬਲ-ਭੁਸੇ ਵਿਚੋਂ ਕੱਢਣ ਲਈ , ਲਮੇ ਸਮੇ ਤੋਂ ਚਲ ਰਹੇ ਇਸ ਵਿਸ਼ੇ ਦਾ ਨਿਸਤਾਰਾ ਹੋ ਹੀ ਜਾਣਾ ਚਾਹੀਦਾ ਹੈ । ਦੋਵਾਂ ਪੱਖਾਂ ਦੇ ਵੀਰ-ਭੈਣ ਆਪਣੀ-ਆਪਣੀ ਗੱਲ , ਸਿਰਫ ਗੁਰਮਤਿ ਅਨੁਸਾਰ (ਆਪਣੀ ਚਤ੍ਰਾਈ ਵਰਤੇ ਬਗੈਰ) ਰੱਖਣ । ਫੈਸਲਾ ਕਰਨ ਵਾਲੇ , ਗੁਰਮਤਿ ਨੂੰ ਸਮਝਣ ਦੇ ਚਾਹਵਾਨ , ਨਿਰਪੱਖ ਪਾਠਕ ਆਪੇ ਹੀ ਫੈਸਲਾ ਕਰ ਦੇਣਗੇ ਕਿ , ਗੁਰਮਤਿ ਅਨੁਸਾਰ ਠੀਕ ਕੀ ਹੈ ?
                                       ਸੁਰਿੰਦਰ ਕੌਰ ਕੰਬੋਜ      

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.