ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਗੁਰਾਯਾ (ਜਰਮਨੀ )
ਪੰਥ ਵਸੇ ਮੈਂ ਉਜੜਾਂ ਦੀ ਭਾਵਨਾ
ਪੰਥ ਵਸੇ ਮੈਂ ਉਜੜਾਂ ਦੀ ਭਾਵਨਾ
Page Visitors: 2843

ਪੰਥ ਵਸੇ ਮੈਂ ਉਜੜਾਂ ਦੀ ਭਾਵਨਾ
ਪੰਥ ਵਸੇ ਮੈਂ ਉਜੜਾਂ ਦੀ ਭਾਵਨਾ ਵਾਲੇ ਆਗੂਆਂ ਦੀ ਅਣਹੋਂਦ ਕਾਰਨ , ਕੌਮ ਮੰਜ਼ਿਲ ਦੀ ਪ੍ਰਾਪਤੀ ਵਲ ਵਧਣ ਦੀ ਥਾਂ , ਰਾਹ ਵਿਚਕਾਰ ਭਟਕ ਰਹੀ ਹੈ
ਗੁਰਚਰਨ ਸਿੰਘ ਗੁਰਾਇਆ
ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਤੇ ਚੱਲਣ ਵਾਲੇ ਖਾਲਸਾ ਪੰਥ ਤੇ ਪੰਥ ਦੇ ਆਗੂਆਂ ਅੰਦਰ ਇਹੋ ਜਿਹੀ ਸਪਰਿਟ ਹੁੰਦੀ ਸੀ ਕਿ ਉਹ ਹਰ ਮੁਸ਼ਕਲ ਤੇ ਔਖੀ ਤੋਂ ਔਖੀ ਘੜੀ ਵਿੱਚ ਵੀ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਹੀ ਵਿਚਰਦੇ ਰਹੇ। ਉਹਨਾਂ ਦੇ ਮਨ ਵਿੱਚ ਮਨੁੱਖਤਾ ਲਈ ਪਰਉਪਕਾਰ ਕਰਨ, ਗੁਰੂ ਤੇ ਖਾਲਸਾ ਪੰਥ ਤੋਂ ਆਪਣਾ ਆਪ ਕੁਰਬਾਨ ਕਰਨ ਦਾ ਮਨ ਵਿੱਚ ਚਾਉ ਸੀ। ਇਸੇ ਕਰਕੇ ਉਹ ਹਮੇਸ਼ਾਂ ਇਹੀ ਅਰਦਾਸ ਕਰਦੇ ਸਨ ਕਿ ਪੰਥ ਵਸੇ ਮੈਂ ਉੱਜੜਾਂ ਤੇ ਇਹਨਾਂ ਕਾਰਨਾਂ ਕਰਕੇ ਹੀ ਕੌਮ ਦੀ ਹਮੇਸ਼ਾਂ ਚੜ੍ਹਦੀ ਕਲ੍ਹਾ ਰਹੀ। ਪਰ ਅੱਜ ਵਿਰਲੇ ਗੁਰਸਿੱਖਾਂ ਨੂੰ ਛੱਡ ਕੇ ਬਹੁ ਗਿਣਤੀ ਕੌਮ ਤੇ ਇਸ ਦੇ ਆਗੂਆਂ ਦਾ ਨਾਹਰਾ ਹੈ, ਮੈਂ ਵਸਾਂ ਮੇਰਾ ਪਰਿਵਾਰ ਵਸੇ, ਮੇਰੀ ਚੌਧਰ, ਜਥੇਦਾਰੀ, ਪ੍ਰਧਾਨਗੀ, ਚੈਅਰਮੇਨੀ ਕਾਇਮ ਰਹਿਣੀ ਚਾਹੀਦੀ ਤੇ ਪੰਥ ਉੱਜੜਦਾ ਬੇਸ਼ੱਕ ਉੱਜੜ ਜਾਵੇ।
ਇਸ ਕਰਕੇ ਸਿੱਖ ਕੌਮ ਦੇ ਹਰ ਖੇਤਰ ਵਿੱਚ ਸਿੱਖੀ ਦੇ ਸੇਵਾ ਤੇ ਕੁਰਬਾਨੀ ਦੀ ਭਾਵਨਾ ਵਾਲੇ ਸੁਨਿਹਰੀ ਅਸੂਲਾਂ, ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਆਪਣੇ ਆਪ ਨੂੰ ਸਥਾਪਤ ਕਰਨ ਦੀ ਲੱਗੀ ਦੌੜ ਕਰਕੇ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਜਾਣ ਦੀ ਬਜਾਏ ਨਿਘਾਰ ਵੱਲ ਹੀ ਜਾ ਰਹੀ ਹੈ। ਛੋਟੀਆਂ ਤੋਂ ਲੈਕੇ ਵੱਡੀਆਂ ਸੰਸਥਾਵਾਂ ਦੀਆਂ ਪ੍ਰਧਾਨਗੀਆਂ, ਜਥੇਦਾਰੀਆਂ ਦੀ ਪ੍ਰਾਪਤੀ ਲਈ ਘਟੀਆ ਤੋਂ ਘਟੀਆ ਹੱਥ ਕੰਡੇ ਅਪਨਾਉਣ ਤੇ ਜ਼ਮੀਰ ਮਾਰਨ ਤੱਕ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਇਹ ਗੱਲ ਪ੍ਰਤੱਖ ਹੈ ਕਿ ਜਦ ਸਵਾਰਥੀ ਮੌਕਾ ਪ੍ਰਸਤ, ਧਾਰਮਿਕ ਤੇ ਰਾਜਨੀਤੀ ਪੱਖ ਤੋਂ ਗਿਆਨ ਵਿਹੂਣੇ ਵਿਅਕਤੀ ਇੱਕ ਵਾਰ ਧਰਮ ਸਮਾਜ ਤੇ ਰਾਜਨੀਤੀ ਦੇ ਖੇਤਰ ਵਿੱਚ ਸਥਾਪਤ ਹੋ ਜਾਦੇ ਨੇ ਤਾਂ ਫਿਰ ਉਹਨਾਂ ਨੂੰ ਬਾਅਦ ਵਿੱਚ ਉਸ ਔਹੁਦੇ ਤੋਂ ਲਾਉਣਾ ਬਹੁਤ ਮੁਸ਼ਕਲ ਹੋ ਜਾਦਾ ਹੈ। ਸਗੋਂ ਕਈ ਵਾਰ ਤਾਂ ਅਸੰਭਵ ਹੋ ਜਾਦਾ ਹੈ। ਕਿਉਂਕਿ ਉਹ ਉਸ ਔਹੁਦੇ ਤੇ ਆਪਣੀ ਤਾਕਤ ਨੂੰ ਬਣਾਈ ਰੱਖਣ ਲਈ ਆਪਣੇ ਵਿਸ਼ਵਾਸ਼ ਪਾਤਰ ਲੱਠਮਾਰਾਂ ਤੇ ਸਮਾਜ ਦੁਸ਼ਮਣ ਵਿਅਕਤੀਆਂ ਅਤੇ ਬੇਅਸੂਲੇ ਤੇ ਸਵਾਰਥੀ ਕਿਸਮ ਦੇ ਕੁਝ ਇੱਕ ਬੁਧੀਜੀਵੀਆਂ, ਇਤਿਹਾਸਕਾਰਾਂ ਨੂੰ ਆਪਣੇ ਸਲਾਹਕਾਰ ਅਤੇ ਬੁਲਾਰਿਆਂ ਵਜੋਂ ਲੋਕਾਂ ਤੇ ਪ੍ਰਭਾਵ ਬਣਾਈ ਰੱਖਣ ਲਈ ਵਰਤਦੇ ਰਹਿੰਦੇ ਹਨ।
ਐਸੀ ਹਾਲਤ ਵਿੱਚ ਫਿਰ ਉਹ ਆਪਣੇ ਹੱਥ ਲੱਗੇ ਹੋਏ ਤਾਕਤ ਤੇ ਦੌਲਤ ਦੇ ਵਸੀਲਿਆਂ ਦੇ ਜ਼ੋਰ ਨਾਲ ਲੋਕ ਹਿਤੂ ਤੇ ਕੌਮ ਪ੍ਰਤੀ ਸੰਜੀਦਾ ਤੇ ਈਮਾਨਦਾਰ ਵਿਅਕਤੀਆਂ ਨੂੰ ਕਦੇ ਵੀ ਅੱਗੇ ਨਹੀਂ ਆਉਣ ਦਿੰਦੇ। ਸਗੋਂ ਉਹਨਾਂ ਲਈ ਅਤੇ ਕੌਮ ਪ੍ਰਤੀ ਦਰਦ ਰੱਖਣ ਵਾਲੇ ਹੋਰ ਲੋਕਾਂ ਲਈ ਭਾਰੀ ਸਿਰਦਰਦੀ ਤੇ ਮੁਸੀਬਤ ਬਣੇ ਰਹਿੰਦੇ ਨੇ ਇਹੋ ਜਿਹੇ ਲੋਕ ਫਿਰ ਇੱਕ ਅੱਧ ਪੇਸ਼ਾਵਰ ਜਿਹੇ ਜਾਂ ਲੋੜਾਂ ਥੋੜਾਂ ਦੇ ਮਾਰੇ ਹੋਏ ਕਿਸੇ ਅਖਬਾਰ ਦੇ ਪੱਤਰਕਾਰ ਨੂੰ ਲਾਲਚ ਦੇ ਕੇ ਉਸਦੀ ਕਲਮ ਤੇ ਬਿਜਲਈ ਮੀਡੀਏ ਦੀ ਦੁਰਵਰਤੋਂ ਸਦਕਾ ਅਵਾਮ ਵਿੱਚ ਆਪਣੇ ਆਪ ਨੂੰ ਸਿਆਣੇ ਲੋਕ ਹਿੱਤੂ ਤੇ ਕੌਮ ਪ੍ਰਸਤ ਹੋਣ ਅਤੇ ਨੀਤੀ ਨਿਪੁੰਨ ਸਿਆਸਤਦਾਨ ਹੋਣ ਦਾ ਭਰਮ ਪਾਲਦੇ ਰਹਿੰਦੇ ਨੇ। ਇਹੋ ਜਿਹੇ ਅਖੌਤੀ ਆਗੂ ਕੌਮੀ ਹਿੱਤਾਂ ਨੂੰ ਆਪਣੇ ਜਾਤੀ ਲਾਭਾਂ ਦੀ ਖਾਤਰ ਸਮੇਂ ਸਮੇਂ ਉੱਪਰ ਆਪਣੀ ਜ਼ਮੀਰ ਨੂੰ ਦੁਸ਼ਮਣ ਧਿਰਾਂ ਅੱਗੇ ਵੀ ਵੇਚ ਦਿੰਦੇ ਹਨ ਤੇ ਕਈ ਵਾਰੀ ਲੋਕਾਂ ਦੀਆਂ ਨਜ਼ਰਾਂ ਤੋਂ ਡਿੱਗ ਜਾਣ ਦੇ ਬਾਵਜੂਦ ਵੀ ਸਮਾਜ ਸਾਹਮਣੇ ਹਿੱਕਾਂ ਕੱਢ ਕੇ ਘੁੰਮਦੇ ਫਿਰਦੇ ਰਹਿੰਦੇ ਹਨ। ਪਰ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੁੰਦਾ। ਕਿਉਕਿ ਉਹਨਾਂ ਪਾਸ ਕੁਰਸੀ, ਪੈਸਾ ਤੇ ਆਪਣੀ ਮਰਜ਼ੀ ਦੇ ਹੱਥਠੋਕਿਆਂ ਦੀ ਸ਼ਕਤੀ ਮੌਜੂਦ ਹੁੰਦੀ ਹੈ। ਜਿਸ ਕਰਕੇ ਉਹ ਕੌਮ ਨੂੰ ਕਿਸੇ ਵੀ ਗੱਲ ਦਾ ਜਵਾਬ ਦੇਣਾ ਕੋਈ ਜ਼ਰੂਰੀ ਨਹੀਂ ਸਮਝ ਰਹੇ ਹੁੰਦੇ।
ਜਿੱਥੇ ਇਹੋ ਜਿਹੇ ਆਗੂ ਰਾਜਨੀਤੀ ਦੇ ਪਿੜ ਵਿੱਚ ਹੋਣ ਤਾਂ ਆਮ ਜਿਹੀ ਗੱਲ ਸੀ ਪਰ ਅੱਜ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਵਿੱਚ ਵੀ ਇਹੋ ਜਿਹੇ ਆਗੂਆਂ ਦੀ ਭਰਮਾਰ ਹੈ ਕੋਈ ਵਿਰਲੀ ਹੀ ਸੰਸਥਾ ਹੋਵੇਗੀ ਜੋ ਇਸ ਦੀਰਘ ਰੋਗ ਤੋਂ ਬਚੀ ਹੋਵੇਗੀ। ਕਈ ਵਾਰੀ ਇਹਨਾਂ ਅਖੌਤੀ ਜ਼ਮੀਰ ਵੇਚੂ ਆਗੂਆਂ ਕਰਕੇ ਕੌਮ ਆਪਣੇ ਸੁਨਿਹਰੀ ਇਤਿਹਾਸ ਦੇ ਅਸੂਲਾਂ ਸਿਧਾਂਤਾਂ ਨੂੰ ਤਿਲਾਂਜ਼ਲੀ ਦੇ ਕੇ ਆਪਣੇ ਲਹੂ ਨਾਲ ਲਿਖੇ, ਕੁਰਬਾਨੀਆਂ ਭਰੇ ਇਤਿਹਾਸ ਨੂੰ ਰਸਮੀ ਤੌਰ ਤੇ ਲੈਣ ਲੱਗ ਜਾਣ ਉਹ ਆਉਣ ਵਾਲੇ ਸਮੇਂ ਵਿੱਚ ਅਮੀਰ ਵਿਰਸੇ ਦੀ ਮਾਲਕ ਮਾਰਸ਼ਲ ਕੌਮ ਦੀ ਥਾਂ ਰਸਮੀ ਜਿਹੀ ਕੌਮ ਬਣਕੇ ਰਹਿ ਜਾਦੀ ਹੈ। ਅੱਜ ਸਿੱਖ ਕੌਮ ਦੇ ਰਾਜਨੀਤਿਕ ਤੇ ਧਾਰਮਿਕ ਆਗੂਆਂ ਨੇ ਹਰ ਉਸ ਪਵਿੱਤਰ ਦਿਹਾੜੇ ਨੂੰ ਰਸਮੀ ਬਣਾ ਕੇ ਰੱਖ ਦਿੱਤਾ ਜਿਸ ਤੋਂ ਸੇਧ ਲੈ ਕੇ ਕੌਮ ਨੇ ਆਪਣਾ ਭਵਿੱਖ ਸਿਰਜਣਾ ਸੀ।
ਸੋ ਅੱਜ ਲੋੜ ਹੈ ਸਾਨੂੰ ਇਹੋ ਜਿਹੇ ਜ਼ਮੀਰ ਵੇਚੂ ਰਾਜਨੀਤਿਕ ਤੇ ਧਾਰਮਿਕ ਆਗੂਆਂ ਤੋਂ ਕਿਨਾਰਾ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਤੋਂ ਅਗਵਾਈ ਤੇ ਸੁਨਿਹਰੀ ਸਿੱਖ ਇਤਿਹਾਸ ਨੂੰ ਸਨਮੁੱਖ ਰੱਖ ਕੇ ਕੌਮ ਨੂੰ ਸਮਰਪਿਤ ਆਗੂਆਂ ਦੀ ਚੋਣ ਕੀਤੀ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਤੇ ਕੌਮ ਨੂੰ ਸਮਰਪਿਤ ਆਗੂਆਂ ਦੀ ਅਗਵਾਈ ਹੀ ਅਜੋਕੇ ਸਮੇਂ ਸਿੱਖ ਕੌਮ ਦੀ ਮੰਝਧਾਰ ਵਿੱਚ ਫਸੀ ਬੇੜੀ ਨੂੰ ਬਾਹਰ ਕੱਢ ਸਕਦੇ ਹਨ।

 

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.