ਕੈਟੇਗਰੀ

ਤੁਹਾਡੀ ਰਾਇ



ਰਾਜਿੰਦਰ ਸਿੰਘ , ਖਾਲਸਾ ਪੰਚਾਇਤ
ਦਰਸ਼ਨੀ ਮੀਡੀਏ ਦਾ ਸਮਾਜ ਤੇ ਪ੍ਰਭਾਵ (ਭਾਗ ਦੂਜਾ )
ਦਰਸ਼ਨੀ ਮੀਡੀਏ ਦਾ ਸਮਾਜ ਤੇ ਪ੍ਰਭਾਵ (ਭਾਗ ਦੂਜਾ )
Page Visitors: 2836

 

ੴਸਤਿਗੁਰਪ੍ਰਸਾਦਿ ॥
ਦਰਸ਼ਨੀ ਮੀਡੀਏ ਦਾ ਸਮਾਜ ਤੇ ਪ੍ਰਭਾਵ (ਭਾਗ ਦੂਜਾ ) 
ਗੱਲ ਬਿਲਕੁਲ ਠੀਕ ਹੈ ਕਿ ਇਹ ਸਾਡੇ ਸਮਾਜਿਕ ਜੀਵਨ ਦਾ ਨਿਘਾਰ ਹੈ ਪਰ ਇਹ ਨਿਘਾਰ ਆਪੇ ਨਹੀਂ ਆ ਗਿਆ, ਇਸ ਵਿੱਚ ਸਾਡੀਆਂ ਫਿਲਮਾਂ ਅਤੇ ਟੈਲੀਵਿਜ਼ਨ ਦੇ ਸੀਰੀਅਲਾਂ ਨੇ ਵੱਡਾ ਯੋਗਦਾਨ ਪਾਇਆ ਹੈ। ਜਿਵੇਂ ਇਨ੍ਹਾਂ ਵਿੱਚ ਸਮੱਗਲਰਾਂ ਅਤੇ ਕਾਲਾ ਬਜ਼ਾਰੀਆਂ ਨੂੰ ਆਲੀਸ਼ਾਨ ਮਹਿਲਾਂ ਵਿੱਚ ਰਹਿੰਦੇ, ਵੱਡੀਆਂ ਵੱਡੀਆਂ ਕਾਰਾਂ ਵਿੱਚ ਘੁੰਮਦੇ ਅਤੇ ਹੋਰ ਐਯਾਸ਼ੀਆਂ ਕਰਦੇ ਵਿਖਾਇਆ ਜਾਂਦਾ ਹੈ, ਉਹ ਭਲਾ ਕਿਸ ਦੇ ਮਨ ਨੂੰ ਨਹੀਂ ਲੁਭਾਵੇਗਾ? ਇਤਨਾ ਹੀ ਨਹੀਂ ਵੱਡੇ ਵੱਡੇ ਨੇਤਾ ਅਤੇ ਮੰਤਰੀ ਵੀ ਇਨ੍ਹਾਂ ਦੀ ਝੋਲੀ ਚੁੱਕੀ ਕਰਦੇ ਅਤੇ ਵੱਡੇ ਸਰਕਾਰੀ ਅਫਸਰ ਉਨ੍ਹਾਂ ਦੇ ਇਸ਼ਾਰਿਆ ਤੇ ਟੱਪਦੇ ਵਿਖਾਏ ਜਾਂਦੇ ਹਨ। ਸਮਾਜ ਵਿੱਚ ਉਨ੍ਹਾਂ ਦਾ ਵਿਸ਼ੇਸ਼ ਸਤਿਕਾਰ ਅਤੇ ਰੁਤਬਾ ਵਿਖਾਇਆ ਜਾਂਦਾ ਹੈ। ਬਲਕਿ ਬਹੁਤੇ ਤੌਰ ਤੇ ਤਾਂ ਇਹ ਵਿਖਾਇਆ ਜਾਂਦਾ ਹੈ ਜਿਵੇਂ ਬਹੁਤਾ ਸਮਾਜ ਹੀ ਭ੍ਰਸ਼ਟ ਹੋ ਗਿਆ ਹੈ, ਫੇਰ ਸਪੱਸ਼ਟ ਹੈ ਕਿ ਜੇ ਸਾਰੇ ਹੀ ਚੋਰ ਹਨ ਤਾਂ ਨਫਰਤ ਕਿਸ ਨੇ ਕਿਸ ਨਾਲ ਕਰਨੀ ਹੈ ?  ਇਨ੍ਹਾਂ ਦੀ ਇਸ ਪੇਸ਼ਕਾਰੀ ਨੇ ਅੱਜ ਸੱਚਮੁੱਚ ਹੀ ਬਹੁਤੇ ਭਾਰਤੀ ਸਮਾਜ ਨੂੰ ਭ੍ਰਿਸ਼ਟਾਚਾਰ ਵਿੱਚ ਗਰਕ ਕਰ ਦਿੱਤਾ ਹੈ।
ਪਿਛਲੇ ਕੁਝ ਦਹਾਕਿਆਂ ਵਿੱਚ ਸਾਡੇ ਸਮਾਜ ਦਾ ਜੋ ਨੈਤਿਕ ਪਤਨ ਹੋਇਆ ਹੈ, ਉਹ ਦਿਲ ਕੰਬਾ ਦੇਣ ਵਾਲਾ ਹੈ। ਇਹ ਆਪਣੇ ਆਪ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਰਹੇ ਸਾਡੇ ਸਮਾਜਕ ਢਾਂਚੇ ਬਾਰੇ ਇਕ ਵੱਡੇ ਖਤਰੇ ਦੀ ਘੰਟੀ ਹੈ। ਇਥੇ ਵੀ ਨਿਜੀ ਜੀਵਨ ਵਿੱਚੋਂ ਕੁਝ ਯਾਦਾਂ ਤਾਜ਼ੀਆਂ ਕਰਨੀਆਂ ਚਾਹਾਂਗਾ।
ਅੰਮ੍ਰਿਤਸਰ ਵਿੱਚ ਮੇਰੇ ਮਾਤਾ ਜੀ ਇਕ ਹਸਪਤਾਲ ਵਿੱਚ ਨੌਕਰੀ ਕਰਦੇ ਸਨ ਅਤੇ ਹਸਪਤਾਲ ਦੇ ਪਿੱਛੇ ਹੀ ਮੁਲਾਜ਼ਮਾਂ ਵਾਸਤੇ ਕੁਝ ਕੁਆਟਰ ਬਣਾਏ ਹੋਏ ਸਨ, ਜਿਨ੍ਹਾਂ ਵਿੱਚੋਂ ਇਕ ਵਿੱਚ ਸਾਡਾ ਪਰਿਵਾਰ ਰਹਿੰਦਾ ਸੀ। ਉਸ ਹਸਪਤਾਲ ਵਿੱਚ ਲੜਕੀਆਂ ਵਾਸਤੇ ਕੁਝ ਔਰਤਾਂ ਦੇ ਸਿਹਤ ਵਿਸ਼ੇ ਨਾਲ ਸਬੰਧਤ ਸਿਖਿਆ ਦਾ ਪ੍ਰਬੰਧ ਸੀ। ਸਾਡੇ ਘਰ ਦੇ ਸਾਮ੍ਹਣੇ ਹੀ ਲੜਕੀਆਂ ਦਾ ਹੋਸਟਲ ਸੀ। ਵਿਚਕਾਰ ਦੋਹਾਂ ਨੂੰ ਵੰਡਦੀ ਇਕ ਵੱਡੀ ਸੜਕ ਸੀ, ਜੋ ਬਾਹਰੋਂ ਵੱਡੀ ਸਰਕਾਰੀ ਸੜਕ ਨਾਲ ਜੁੜੀ ਹੋਈ ਸੀ। ਇਹ ਸੜਕ ਜਿਥੋਂ ਸਾਡਾ ਕੰਪਲੈਕਸ ਸ਼ੁਰੂ ਹੁੰਦਾ, ਉਥੋਂ ਹੀ ਸ਼ੁਰੂ ਹੁੰਦੀ ਸੀ ਅਤੇ ਉਥੇ ਇਕ ਲੋਹੇ ਦੇ ਸਰੀਆਂ ਦਾ ਬਣਿਆ ਹੋਇਆ ਇਕ ਵੱਡਾ ਗੇਟ ਲੱਗਾ ਹੋਇਆ ਸੀ। ਇਹ ਗੇਟ ਅਕਸਰ ਤਾਲਾ ਲਾਕੇ ਬੰਦ ਰਖਿਆ ਜਾਂਦਾ ਅਤੇ ਕਿਸੇ ਖਾਸ ਲੋੜ ਪੈਣ ਤੇ ਹੀ ਖੋਲਿਆ ਜਾਂਦਾ। ਬਾਹਰ ਆਉਣ ਜਾਣ ਲਈ ਅਸੀਂ ਹਸਪਤਾਲ ਵੱਲ ਬਣਿਆ ਇਕ ਛੋਟਾ ਰਸਤਾ ਹੀ ਵਰਤਦੇ। ਹਾਂ ਕਈ ਬਾਹਰ ਵਾਲੇ ਯਾਰ-ਦੋਸਤ ਆ ਜਾਣ ਤੇ ਅਸੀ ਆਪਸ ਵਿੱਚ ਆਰਪਾਰ ਖਲੋ ਕੇ ਗੱਪਾਂ ਮਾਰ ਲੈਂਦੇ। ਕਿਉਂਕਿ ਉਸ ਸੜਕ ਤੇ ਆਵਾਜਾਈ ਬਹੁਤ ਘੱਟ ਸੀ, ਇਸ ਲਈ ਉਹ ਸੜਕ ਅਕਸਰ ਸਾਡੇ ਘਰਾਂ ਸਾਮ੍ਹਣੇ ਬਣੇ ਵਿਹੜੇ ਵਾਂਗੂੰ ਹੀ ਵਰਤੀ ਜਾਂਦੀ, ਜਿਥੇ ਵਕਤ ਮਿਲਣ ਤੇ, ਸਰਦੀਆਂ ਵਿੱਚ ਅਸੀਂ ਦੁਪਹਿਰੇ ਬੈਠ ਕੇ ਧੁਪ ਸੇਕਦੇ ਅਤੇ ਗਰਮੀਆਂ ਵਿੱਚ ਸ਼ਾਮ ਨੂੰ ਉਸ ਤੇ ਪਾਣੀ ਛਿੜਕ ਕੇ ਠੰਡਾ ਕਰਕੇ, ਰਾਤ ਉਥੇ ਮੰਜੀਆਂ ਵਿੱਛਾ ਕੇ ਖੁਲ੍ਹੇ ਵਿੱਚ ਸੌਣ ਦਾ ਆਨੰਦ ਮਾਣਦੇ
ਮੈਂ ਨਿੱਕਾ ਜਿਹਾ ਸਾ 12-13 ਸਾਲ ਦੀ ਉਮਰ ਹੋਵੇਗੀ। ਹੋਸਟਲ ਵਿੱਚ ਰਹਿੰਦੀਆਂ ਲੜਕੀਆਂ ਨੂੰ ਮੈਂ ਭੈਣ ਜੀ ਕਹਿ ਕੇ ਬੁਲਾਉਂਦਾ ਅਤੇ ਉਹ ਵੀ ਮੈਨੂੰ ਉਹੋ ਜਿਹਾ ਹੀ ਪਿਆਰ ਕਰਦੀਆਂ। ਮੇਰੇ ਇਕ ਨਜ਼ਦੀਕੀ ਦੋਸਤ ਦਾ ਭਰਾ ਜੋ ਉਮਰ ਵਿੱਚ ਮੇਰੇ ਨਾਲੋਂ 6-7 ਸਾਲ ਵੱਡਾ ਹੋਵੇਗਾ, ਉਸ ਨੇ ਮੇਰੇ ਨਾਲ ਦੋਸਤੀ ਵਧਾਉਣੀ ਸ਼ੁਰੂ ਕਰ ਦਿੱਤੀ। ਮੇਰੇ ਦੋਸਤ ਵਾਂਗੂੰ ਮੈਂ ਵੀ ਉਸ ਨੂੰ ਭਾਪਾ ਕਹਿ ਕੇ ਬੁਲਾਉਂਦਾ ਸਾਂ ਤੇ ਉਮਰ ਵਿੱਚ ਵੱਡਾ ਹੋਣ ਕਰਕੇ ਭਰਾ ਵਾਂਗੂੰ ਹੀ ਉਸ ਦਾ ਸਤਿਕਾਰ ਕਰਦਾ ਸਾਂ। ਉਸ ਨੇ ਅਕਸਰ ਸ਼ਾਮ ਨੂੰ ਗੇਟ ਤੇ ਆ ਜਾਣਾ ਤੇ ਮੈਨੂੰ ਅਵਾਜ਼ ਮਾਰ ਕੇ ਬੁਲਾ ਲੈਣਾ ਤੇ ਕਾਫੀ ਦੇਰ ਗੱਪਾਂ ਚਲਣੀਆਂ। ਮੈਂ ਮਹਿਸੂਸ ਕੀਤਾ ਕਿ ਗੱਪਾਂ ਮਾਰਦਿਆਂ ਉਸ ਦੀਆਂ ਅੱਖਾਂ ਅਕਸਰ ਅੰਦਰ ਵੱਲ ਝਾਕ ਰਹੀਆਂ ਹੁੰਦੀਆਂ ਇਹ ਸਿਲਸਿਲਾ ਚਲਦਿਆਂ ਕੁਝ ਹੀ ਦਿਨ ਹੋਏ ਸਨ। ਇਕ ਦਿਨ ਅਸੀਂ ਉਥੇ ਖੜ੍ਹੇ ਗੱਪਾਂ ਮਾਰ ਰਹੇ ਸਾਂ ਕਿ ਉਹ ਆਪਣੇ ਆਪ ਵਿੱਚ ਬੁੜਬੁੜਾਇਆ, “ਹਾਏ ਥੋੜ੍ਹਾ ਹੋਰ, ..ਬਸ ਥੋੜ੍ਹਾ ਹੋਰ ਚੁੱਕ ਦੇ...ਜ਼ਰਾ ਪਿੰਨੀ ਦਿਖਾ ਦੇਮੈਂ ਇਕ ਦਮ ਘੁੰਮ ਕੇ ਪਿੱਛੇ ਵੇਖਿਆ, ਹੋਸਟਲ ਦੀ ਇਕ ਲੜਕੀ ਆਪਣੇ ਕਮਰੇ ਦੇ ਸਾਮ੍ਹਣੇ ਬਾਲਟੀ ਵਿੱਚ ਪਾਣੀ ਲੈਕੇ ਮੂੰਹ ਹੱਥ ਧੋ ਰਹੀ ਸੀ ਤੇ ਉਸ ਨੇ ਪੈਰ ਧੋਣ ਲਈ ਸਲਵਾਰ ਦਾ ਪਹੁੰਚਾ ਜ਼ਰਾ ਕੁ ਉੱਚਾ ਕੀਤਾ ਸੀ। ਮੈਨੂੰ ਬਹੁਤ ਗੁੱਸਾ ਲੱਗਾ ਅਤੇ ਮੈਂ ਉਸ ਨੂੰ ਕਿਹਾ, “ਭਾਪੇ, ਗੰਦੀਆਂ ਗੱਲਾਂ ਕਰ ਰਿਹੈਂ, ਤੁੰ ਇਥੋਂ ਜਾਹਤੇ ਆਪ ਵੀ ਮੈਂ ਗੁੱਸੇ ਨਾਲ ਵਾਪਸ ਘਰ ਮੁੜ ਆਇਆ। 12-13 ਸਾਲ ਦੀ ਉਮਰ ਤੱਕ ਸਿਰਫ ਇਤਨੀ ਸਮਝ ਸੀ ਕਿ ਉਸ ਨੇ ਜੋ ਗੱਲ ਕੀਤੀ ਹੈ, ਉਹ ਚੰਗੀ ਨਹੀਂ ਗੰਦੀ ਹੈ। ਮੈਂ ਅਨਭੋਲ ਹੀ ਇਹ ਗੱਲ ਆਪਣੇ ਮਾਤਾ ਜੀ ਨੂੰ ਦਸ ਦਿੱਤੀ। ਪਹਿਲਾਂ ਤਾਂ ਮੈਨੂੰ ਡਾਂਟ ਪਈ ਕਿ ਮੈਂ ਇਹੋ ਜਿਹੇ ਗੰਦੇ ਲੜਕਿਆਂ ਨਾਲ ਦੋਸਤੀ ਕਰਦਾ ਹਾਂ ਤੇ ਨਾਲ ਹੀ ਤਾੜਨਾ ਕੀਤੀ ਗਈ ਕਿ ਖ਼ਬਰਦਾਰ ਜੇ ਮੈਂ ਮੁੜ ਕੇ ਉਸ ਲੜਕੇ ਨੂੰ ਮਿਲਿਆ ਜਾਂ ਕਿਸੇ ਲੜਕੇ ਨਾਲ ਗੇਟ ਅੱਗੇ ਖਲੋਤਾ ਸ਼ਾਇਦ ਮਾਤਾ ਜੀ ਨੇ ਇਹ ਗੱਲ ਉਸ ਲੜਕੀ ਨੂੰ ਵੀ ਦਸ ਦਿੱਤੀ ਸੀ ਕਿਉਂਕਿ ਉਸ ਤੋਂ ਬਾਅਦ ਉਸ ਨੂੰ ਤਾਂ ਕੀ ਮੈਂ ਹੋਸਟਲ ਦੀ ਕਿਸੇ ਹੋਰ ਲੜਕੀ ਨੂੰ ਵੀ ਇੰਝ ਕਮਰੇ ਦੇ ਅੱਗੇ ਮੂੰਹ ਹੱਥ ਧੋਂਦੇ ਨਹੀਂ ਵੇਖਿਆ। ਪੁਰਾਣੀਆਂ ਯਾਦਾਂ ਚੋਂ ਇਕ ਗੱਲ ਹੋਰ ਸਾਂਝੀ ਕਰਕੇ ਫੇਰ ਅੱਜ ਦੇ ਯੁਗ ਦੀ ਗੱਲ ਕਰਾਂਗਾ। ਇਸ ਤੋਂ 5-6 ਸਾਲ ਬਾਅਦ ਦੀ ਗੱਲ ਹੈ, ਮੇਰੀ ਉਮਰ ਉਸ ਵੇਲੇ 17-18 ਸਾਲ ਦੀ ਹੋਵੇਗੀ ਅਤੇ ਮੈਂ ਕਾਲਜ ਵਿੱਚ ਪੜ੍ਹਦਾ ਸਾਂ। ਸਰਦੀਆਂ ਦਾ ਮੌਸਮ ਸੀ ਮੈਂ ਅਤੇ ਮੇਰਾ ਇਕ ਦੋਸਤ, ਇਕ ਦੁਕਾਨ ਤੇ ਸਵੈਟਰ ਖਰੀਦਣ ਲਈ ਗਏ। ਸਾਡੇ ਤੋਂ ਪਹਿਲਾਂ ਇਕ ਮਾਂ-ਧੀ ਪਹਿਲਾਂ ਉਥੇ ਸਵੈਟਰ ਵੇਖ ਰਹੀਆਂ ਸਨ। ਦੁਕਾਨ ਦੇ ਮੁਲਾਜ਼ਮ ਨੇ ਸਾਨੂੰ ਸਵੈਟਰ ਵਿਖਾਉਣੇ ਸ਼ੁਰੂ ਕਰ ਦਿੱਤੇ। ਸ਼ਾਇਦ ਉਹ ਲੜਕੀ ਵਾਸਤੇ ਸਵੈਟਰ ਖਰੀਦਣ ਲਈ ਆਈਆਂ ਸਨ ਅਤੇ ਉਨ੍ਹਾਂ ਸਵੈਟਰ ਪਸੰਦ ਕਰ ਲਿਆ ਸੀ। ਮਾਂ ਲੜਕੀ ਨੂੰ ਕਹਿਣ ਲੱਗੀ ਕਿ ਉਹ ਪਹਿਲਾ ਸਵੈਟਰ ਉਤਾਰ ਕੇ ਇਹ ਪਾ ਕੇ ਟਰਾਈ ਕਰ ਲਵੇ। ਦਰਮਿਆਨੇ ਪੱਧਰ ਦੀ ਦੁਕਾਨ ਸੀ ਅਤੇ ਉਥੇ ਟਰਾਈ ਕਰਨ ਵਾਸਤੇ ਕੋਈ ਅਲੱਗ ਇੰਤਜ਼ਾਮ ਨਹੀਂ ਸੀ। ਲੜਕੀ ਪਹਿਲਾ ਸਵੈਟਰ ਉਤਾਰਨ ਤੋਂ ਝੱਕ ਰਹੀ ਸੀ। ਜਦੋਂ ਮਾਂ ਨੇ ਉਸ ਨੂੰ ਦੋ ਤਿੰਨ ਵਾਰ ਜ਼ੋਰ ਪਾਕੇ ਕਿਹਾ ਤਾਂ ਸਾਡਾ ਧਿਆਨ ਵੀ ਕੁਝ ਉਧਰ ਖਿਚਿਆ ਗਿਆ। ਲੜਕੀ ਸਾਡੇ ਨਾਲੋਂ ਸਾਲ-ਦੋ ਸਾਲ ਛੋਟੀ ਹੋਵੇਗੀ। ਮਾਂ ਦੇ ਜ਼ੋਰ ਪਾਉਣ ਅਤੇ ਨਰਾਜ਼ ਹੋਣ ਤੇ ਉਹ ਸਵੈਟਰ ਉਤਾਰਨ ਲਈ ਤਿਆਰ ਹੋ ਗਈ ਪਰ ਇੰਝ ਕਰਦਿਆਂ ਉਹ ਸ਼ਰਮ ਨਾਲ ਪਾਣੀਪਾਣੀ ਹੋਈ ਜਾ ਰਹੀ ਸੀ, ਸ਼ਾਇਦ ਉਹ ਇਸ ਗੱਲੋਂ ਵੀ ਚੇਤੰਨ ਸੀ ਕਿ ਅਸੀਂ ਚੋਰ ਅੱਖ ਨਾਲ ਉਧਰ ਵੇਖ ਰਹੇ ਸਾਂ ਸਵੈਟਰ ਉਤਰਨ ਤੇ ਹੀ ਅਸਲੀ ਗੱਲ ਦੀ ਸਮਝ ਲੱਗੀ, ਕਿਉਂਕਿ ਉਸ ਲੜਕੀ ਨੇ ਹੇਠਾਂ ਬਗੈਰ ਬਾਜ਼ੂ ਦੇ (Sleave Less) ਕਮੀਜ਼ ਪਾਈ ਹੋਈ ਸੀ। ਉਸ ਵੇਲੇ ਫਿਲਮਾਂ ਦੀ ਕਿਰਪਾ ਨਾਲ ਹੀ ਇਹ ਨਵਾਂ ਨਵਾਂ ਫੈਸ਼ਨ ਚਲਿਆ ਸੀ ਪਰ ਸਮਾਜ ਵਿੱਚ ਬੇਸ਼ਰਮੀ ਸ਼ਾਇਦ ਅਜੇ ਉਸ ਪੱਧਰ ਤੇ ਨਹੀਂ ਸੀ ਪਹੁੰਚੀ।

 

ਹੁਣ ਦੋ ਹੀ ਯਾਦਾਂ ਮੌਜੂਦਾ ਸਮੇਂ ਦੀਆਂ ਸਾਂਝੀਆਂ ਕਰਾਂਗਾ। ਪੰਜ-ਛੇ ਸਾਲ ਪਹਿਲੇ ਦੀ ਗੱਲ ਹੈ ਰਾਤ ਦੀ ਰੋਟੀ ਖਾਣ ਤੋਂ ਬਾਅਦ ਘਰ ਅਗੇ ਟਹਿਲਣ ਲਈ ਪਤਨੀ ਨਾਲ ਬਾਹਰ ਆ ਗਿਆ। ਇਸ ਸਮੇਂ ਹੋਰ ਵੀ ਕਈ ਗੁਆਂਢੀ ਬਾਹਰ ਟਹਿਲ ਰਹੇ ਹੁੰਦੇ ਹਨ। ਥੋੜ੍ਹਾ ਜਿਹਾ ਅਗੇ ਗਏ ਸਾਂ ਕਿ ਤਿੰਨ ਨੌਜੁਆਨ ਬੱਚੀਆਂ ਸਾਡੇ ਤੋਂ ਅਗੇ ਟੱਪੀਆਂ। ਉਨ੍ਹਾਂ ਵਿੱਚੋਂ ਇਕ ਨੇ ਪਹਿਰਾਵਾ ਇਹੋ ਜਿਹਾ ਪਾਇਆ ਹੋਇਆ ਸੀ ਕਿ ਧਿਆਨ ਇਕ ਦਮ ਉਧਰ ਖਿਚਿਆ ਗਿਆ। ਉਸ ਨੇ ਅੱਜਕਲ ਦੀਆਂ ਕਹੀਆਂ ਜਾਣ ਵਾਲੀਆਂ ਹੌਟ ਪੈਂਟੀਜ਼ (Hot Penties) ਪਾਈਆਂ ਹੋਈਆਂ ਸਨ, ਜਿਸ ਨਾਲ ਕੇਵਲ ਲੱਕ ਤੋਂ ਥੱਲੇ ਦਾ ਕੁਝ ਹਿਸਾ ਹੀ ਕੱਜਿਆ ਹੁੰਦਾ ਹੈ ਅਤੇ ਬਾਕੀ ਸਾਰੀਆਂ ਲੱਤਾ ਨੰਗੀਆਂ ਹੁੰਦੀਆਂ ਹਨ। ਅੱਜ ਕਲ ਤਾਂ ਇਹ ਕਾਫੀ ਵੇਖਣ ਨੂੰ ਮਿਲ ਜਾਂਦੀਆਂ ਹਨ ਪਰ ਉਸ ਸਮੇਂ ਫਿਲਮਾਂ ਅਤੇ ਟੀ ਵੀ ਸੀਰੀਅਲਾਂ ਵਿੱਚ ਹੀ ਇਨ੍ਹਾਂ ਦਾ ਦੌਰ ਸ਼ੁਰੂ ਹੋਇਆ ਸੀ, ਅਤੇ ਆਪਣੇ ਆਪ ਨੁੰ ਬਹੁਤ ਮਾਡਰਨ ਸਮਝਣ ਵਾਲੇ ਕਿਸੇ ਵਿਰਲੇ ਪਰਿਵਾਰ ਦੀਆਂ ਲੜਕੀਆਂ ਹੀ ਇਹ ਪਹਿਨਦੀਆਂ ਸਨ। ਵੇਖ ਕੇ ਬਹੁਤ ਹੈਰਾਨਗੀ ਹੋਈ ਕਿਉਂਕਿ ਆਪਣੇ ਮੁਹੱਲੇ ਵਿੱਚ ਇਤਨਾ ਸ਼ਰੀਰਕ ਵਿਖਾਵੇ ਵਾਲਾ ਪਹਿਰਾਵਾ ਪਹਿਲਾਂ ਕਦੇ ਨਹੀਂ ਸੀ ਵੇਖਿਆ। ਮੇਰੀ ਪਤਨੀ ਨੇ ਫੌਰਨ ਹੀ ਪਹਿਚਾਨ ਲਿਆ ਕਿ ਦੋ ਲੜਕੀਆਂ ਤਾਂ ਸਾਡੇ ਮੁਹੱਲੇ ਦੀਆਂ ਸਨ, ਪਰ ਤੀਸਰੀ ਜਿਸ ਨੇ ਨੰਗੀਆਂ ਲੱਤਾ ਦਾ ਪ੍ਰਦਰਸ਼ਨ ਕੀਤਾ ਹੋਇਆ ਸੀ, ਉਹ ਪੂਰੀ ਤਰ੍ਹਾਂ ਪਹਿਚਾਣ ਵਿੱਚ ਨਾ ਆਈ। ਥੋੜ੍ਹਾ ਹੀ ਅਗੇ ਗਏ ਸਾਂ ਕਿ ਉਹ ਤਿੰਨੇ ਵਾਪਸ ਮੁੜੀਆਂ ਆਉਂਦੀਆਂ ਨਜ਼ਰ ਆਈਆਂ। ਮੇਰੀ ਪਤਨੀ ਨੇ ਝੱਟ ਹੀ ਤੀਸਰੀ ਲੜਕੀ ਨੂੰ ਵੀ ਪਹਿਚਾਣ ਲਿਆ, ਉਹ ਵੀ ਸਾਡੇ ਨੇੜੇ ਹੀ ਰਹਿੰਦੇ ਪਰਿਵਾਰ ਦੀ ਬੱਚੀ ਸੀ, ਬਸ ਉਸ ਦੇ ਪਹਿਰਾਵੇ ਕਾਰਨ ਮਨ ਦੁਬਿਧਾ ਵਿੱਚ ਪੈ ਗਿਆ ਸੀਉਸ ਨੂੰ ਵੇਖ ਕੇ ਅਸੀਂ ਦੋਵੇਂ ਹੈਰਾਨ ਰਹਿ ਗਏ, ਕਿਉਂਕਿ ਉਸ ਦਾ ਪਿਤਾ ਕੁਝ ਕਰੜੇ ਸੁਭਾਅ ਦਾ ਸਮਝਿਆ ਜਾਂਦਾ ਸੀ। ਵਧੇਰੇ ਹੈਰਾਨਗੀ ਇਸ ਗੱਲ ਦੀ ਹੋਈ ਕਿ ਇਹ ਪਹਿਰਾਵਾ ਉਹ ਘਰੋਂ ਹੀ ਪਾਕੇ ਆਈ ਹੋਵੇਗੀ, ਕੀ ਉਸ ਦੇ ਮਾਤਾ ਪਿਤਾ ਨੇ ਇਜਾਜ਼ਤ ਦੇ ਦਿੱਤੀ ?  ਉਨ੍ਹਾਂ ਨੂੰ ਕੁਝ ਗਲਤ ਨਹੀਂ ਲੱਗਾ ?  ਪਿਤਾ ਨੂੰ ਜਾਂ ਭਰਾ ਨੂੰ ਉਸ ਨੂੰ ਇਸ ਪਹਿਰਾਵੇ ਵਿੱਚ ਵੇਖ ਕੇ ਸ਼ਰਮ ਨਹੀਂ ਆਈ ?  ਲਗਦਾ ਹੈ ਕਿ ਸ਼ਾਇਦ ਉਹ ਉਸ ਵੇਲੇ ਆਪਸ ਵਿੱਚ ਵੀ ਇਸੇ ਬਾਰੇ ਗੱਲਾਂ ਕਰ ਰਹੀਆਂ ਸਨ ਕਿਉਂਕਿ ਜਿਸ ਵੇਲੇ ਉਹ ਸਾਡੇ ਕੋਲੋਂ ਲੰਘੀਆਂ, ਉਹ ਕਹਿ ਰਹੀ ਸੀ, “ਬਸ ਹਿੰਮਤ ਹੋਣੀ ਚਾਹੀਦੀ ਹੈਅਸੀਂ ਹੈਰਾਨ ਰਹਿ ਗਏ ਕਿ ਇਸ ਅਤਿ ਦੀ ਬੇਸ਼ਰਮੀਂ ਨੂੰ ਉਹ ਹਿੰਮਤ ਦਾ ਨਾਂਅ ਦੇ ਰਹੀ ਸੀ ਆਪਣੇ ਆਪ ਵਿੱਚ ਇਤਨੀ ਸ਼ਰਮ ਆਈ ਕਿ ਹੋਰ ਘੁੰਮਣ ਦੀ ਬਜਾਏ ਅਸੀਂ ਸਮਾਜ ਵਿੱਚ ਆ ਰਹੀ ਇਸ ਗਿਰਾਵਟ ਬਾਰੇ ਗੱਲਾਂ ਕਰਦੇ ਘਰ ਵਾਪਸ ਆ ਗਏ।
ਇਸੇ ਸਮਾਜਕ ਗਿਰਾਵਟ ਦੀ ਇਕ ਹੋਰ ਅਤਿ ਸ਼ਰਮਨਾਕ ਤਸਵੀਰ ਪੇਸ਼ ਕਰਨੀ ਚਾਹੁੰਦਾ ਹਾਂ। ਕੁਝ ਸਮਾਂ ਪਹਿਲੇ ਦੀ ਗੱਲ ਹੈ, ਮੈਂ ਆਪਣੀ ਪਤਨੀ ਨਾਲ ਗੋਆ ਘੁੰਮਣ ਗਿਆ ਹੋਇਆ ਸਾਂ ਇਕ ਦਿਨ ਸ਼ਾਮ ਵੇਲੇ ਅਸੀਂ ਇਕ ਇਕਾਂਤ ਜਿਹੇ ਸਮੁੰਦਰੀ ਕਿਨਾਰੇ ਬੈਠੇ ਕੁਦਰਤ ਦਾ ਨਜ਼ਾਰਾ ਵੇਖ ਰਹੇ ਸਾਂ ਆਪਣੇ ਪਹਿਰਾਵੇ ਤੋਂ ਕਾਫੀ ਅਮੀਰ ਜਾਪਣ ਵਾਲੇ ਇਕ ਸਜਣ ਦੋ ਸੁਣਖੀਆਂ ਜੁਆਨ ਬੱਚੀਆਂ ਨਾਲ ਉਥੇ ਆਏ ਨੇੜੇ ਹੀ ਬੈਠ ਕੇ ਉਹ ਆਪਸ ਵਿੱਚ ਗੱਲਾਂ ਵਿੱਚ ਲੱਗ ਗਏ। ਉਨ੍ਹਾਂ ਦੀਆਂ ਗੱਲਾਂ ਤੋਂ ਸਪੱਸ਼ਟ ਸੀ ਕਿ ਉਹ ਆਪਸੀ ਰਿਸ਼ਤੇ ਵਿੱਚ ਪਿਓ-ਧੀਆਂ ਹਨ ਕੁਝ ਦੇਰ ਉਹ ਉਥੇ ਬੈਠੇ ਗੱਲਾਂ ਕਰਦੇ ਰਹੇ ਤੇ ਫੇਰ ਉਠ ਕੇ ਉਨ੍ਹਾਂ ਕਪੜੇ ਉਤਾਰਨੇ ਸ਼ੁਰੂ ਕਰ ਦਿੱਤੇਆਦਮੀਂ ਨੇ ਤਾਂ ਥੱਲੇ ਛੋਟਾ ਜਾਂਘੀਆ ਪਾਇਆ ਹੋਇਆ ਸੀ ਜੋ ਮਰਦਾਂ ਦੇ ਨਹਾਉਣ ਵਾਸਤੇ ਆਮ ਪਹਿਰਾਵਾ ਕਿਹਾ ਜਾ ਸਕਦਾ ਹੈ, ਪਰ ਧੀਆਂ ਭੈਣਾ ਸਾਮ੍ਹਣੇ ਇਹ ਸੋਭਦਾ ਨਹੀਂ। ਲੜਕੀਆਂ ਨੇ ਤੈਰਨ ਵਾਲੀ ਪੋਸ਼ਾਕ(Swimming Suit) ਪਾਏ ਹੋਏ ਸਨ। ਇਹ ਸਵਿਮਿੰਗ ਪੂਲਾਂ ਅਤੇ ਸਮੁੰਦਰ ਕਿਨਾਰੇ ਵਿਦੇਸ਼ੀਆਂ ਵਾਸਤੇ ਤਾਂ ਇਕ ਆਮ ਗੱਲ ਹੋ ਸਕਦੀ ਹੈ, ਇਕਾਂਤ ਸਥਾਨ ਤੇ ਭਾਰਤੀ ਲੜਕੀਆਂ ਵੀ ਪਹਿਣਦੀਆਂ ਹੋਣਗੀਆਂ, ਇਸ ਵਿੱਚ ਕੋਈ ਗਲਤ ਗੱਲ ਵੀ ਨਹੀਂ ਪਰ ਇਹ ਕਦੇ ਨਹੀਂ ਸੀ ਸੋਚਿਆ ਕਿ ਭਾਰਤੀ ਸਮਾਜ ਦੀਆਂ ਲੜਕੀਆਂ ਆਪਣੇ ਪਿਤਾ ਸਾਮ੍ਹਣੇ ਐਸਾ ਪਹਿਰਾਵਾ ਪਹਿਨ ਸਕਦੀਆਂ ਹਨ ਜਾਂ ਕੋਈ ਭਾਰਤੀ ਪਿਤਾ ਆਪਣੀਆਂ ਧੀਆਂ ਨੂੰ ਇਸ ਰੂਪ ਵਿੱਚ ਵੇਖਣ ਦੀ ਬੇਹਿਯਾਈ ਕਰ ਸਕਦਾ ਹੈ ਉਹ ਤਾਂ ਸਾਰੇ ਨਹਾਉਣ ਲਈ ਸਮੁੰਦਰ ਵਿੱਚ ਵੜ ਗਏ ਤੇ ਅਸੀਂ ਇਸੇ ਬਾਰੇ ਸੋਚਦੇ ਸਿਰ ਨੀਵਾਂ ਪਾਈ, ਉਠ ਕੇ ਆਪਣੇ ਹੋਟਲ ਵੱਲ ਤੁਰ ਪਏ
ਹੁਣ ਪੁਰਾਣੀਆਂ ਦੋਵੇਂ ਘਟਨਾਵਾਂ ਦੀ ਨਵੀਆਂ ਦੋਵੇਂ ਘਟਨਾਵਾਂ ਨਾਲ ਤੁਲਨਾ ਕਰ ਕੇ ਆਪ ਹੀ ਵੇਖ ਲਈਏ ਕਿ ਪਿਛਲੇ ਪੰਜਾਹ-ਸੱਠ ਸਾਲਾਂ ਵਿੱਚ ਸਾਡਾ ਸਮਾਜ ਕਿਥੇ ਤੋਂ ਕਿਥੇ ਪਹੁੰਚ ਗਿਆ ਹੈ।। ਕਿਥੇ ਔਰਤ ਦੇ ਸ਼ਰੀਰ ਦਾ ਢੱਕਿਆ ਹੋਇਆ ਮਾੜਾ ਜਿਹਾ ਅੰਗ ਵੇਖਣ ਦਾ ਕੀ ਮਤਲਬ ਹੁੰਦਾ ਸੀ ਅਤੇ ਅੱਜ ਕੀ ਬਣ ਗਿਆ ਹੈ ?  ਕਿਥੇ ਇਕ ਨੌਜੁਆਨ ਬੱਚੀ ਪਰਾਏ ਮਰਦ ਦੇ ਸਾਮ੍ਹਣੇ ਸਿਰਫ ਕਪੜਿਆਂ ਦੇ ਉਪਰ ਪਾਏ ਸੁਵੈਟਰ ਨੂੰ ਉਤਾਰਨ ਵਿੱਚ ਸ਼ਰਮ ਮਹਿਸੂਸ ਕਰਦੀ ਸੀ ਕਿ ਉਸ ਦੀ ਜੁਆਨੀ ਦਾ ਉਭਾਰ ਪਰਗੱਟ ਨਾ ਹੋਵੇ ਜਾਂ ਉਸ ਦਾ ਕੋਈ ਸਰੀਰਕ ਅੰਗ ਪ੍ਰਦਰਸ਼ਤ ਨਾ ਹੋਵੇ ਤੇ ਕਿਥੇ ਅੱਜ ਪਿਓ ਧੀ ਦੀ ਸ਼ਰਮ ਹੀ ਮੁੱਕ ਗਈ ਹੈ।
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ

ਮੋਬਾਇਲ: 9876104726

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.