ਕੈਟੇਗਰੀ

ਤੁਹਾਡੀ ਰਾਇ



Gurinderpal Singh Dhanoula
ਇਹ ਪਤਾ ਨਹੀਂ ਲੱਗ ਰਿਹਾ ਕਿ ਸਿੱਖ ਕੌਮੀ ਮੁੱਦੇ ਵਾਸਤੇ ਲੜਦੇ ਹਨ, ਜਾਂ ਆਪਣੀ ਜਥੇਬੰਦੀ ਦੇ ਮੁੱਦੇ ਵਾਸਤੇ…?
ਇਹ ਪਤਾ ਨਹੀਂ ਲੱਗ ਰਿਹਾ ਕਿ ਸਿੱਖ ਕੌਮੀ ਮੁੱਦੇ ਵਾਸਤੇ ਲੜਦੇ ਹਨ, ਜਾਂ ਆਪਣੀ ਜਥੇਬੰਦੀ ਦੇ ਮੁੱਦੇ ਵਾਸਤੇ…?
Page Visitors: 2653

ਇਹ ਪਤਾ ਨਹੀਂ ਲੱਗ ਰਿਹਾ ਕਿ ਸਿੱਖ ਕੌਮੀ ਮੁੱਦੇ ਵਾਸਤੇ ਲੜਦੇ ਹਨ, ਜਾਂ ਆਪਣੀ ਜਥੇਬੰਦੀ ਦੇ ਮੁੱਦੇ ਵਾਸਤੇ…?
ਗੁਰਿੰਦਰਪਾਲ ਸਿੰਘ ਧਨੌਲਾ 9316176519
ਪੰਥ ਨੂੰ ਦਰਪੇਸ਼ ਚੁਨੌਤੀਆਂ ਵਾਸਤੇ ਲਿਖਦਿਆਂ ਬਹੁਤ ਵਾਰੀ ਮਨ ਵਿੱਚ ਖਿਆਲ ਆਉਂਦਾ ਹੈ ਅਤੇ ਪਾਠਕ ਵੀ ਜਦੋਂ ਕੋਈ ਲਿਖਤ ਪੜ•ਕੇ ਫੋਨ ਕਰਦੇ ਹਨ ਤਾਂ ਇੱਕ ਹੀ ਸਵਾਲ ਸਭ ਦੀ ਜ਼ੁਬਾਨ ਤੇ ਹੁੰਦਾ ਹੈ ਕਿ ਤੁਸੀਂ ਲਿਖਿਆ ਤਾਂ ਬਹੁਤ ਸੋਹਣਾ ਹੈ, ਪਰ ਆਪਣੀਆਂ ਸਿੱਖ ਜਥੇਬੰਦੀਆਂ ਨੂੰ ਕੀਹ ਹੋ ਗਿਆ ਹੈ। ਇਹ ਕੌਮ ਦੀ ਏਨੀ ਬਰਬਾਦੀ ਹੋਣ ਤੋਂ ਬਾਅਦ ਵੀ ਏਕਤਾ ਨਹੀਂ ਕਰਦੀਆਂ ਅਤੇ ਇੱਕ ਦੂਜੇ ਦੀ ਬਦਨਾਮੀ ਤੇ ਜੋਰ ਲੱਗਿਆ ਹੋਇਆ ਹੈ।
ਮੈਨੂੰ ਪਾਠਕਾਂ ਤੋਂ ਮਿਲਦੇ ਅਜਿਹੇ ਵਿਚਾਰਾਂ ਨੇ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਕਿ ਮੈਂ ਆਪਣੀਆਂ ਲਿਖਤਾਂ ਵਿਚ ਹੋਰਨਾਂ ਬਾਹਰਲੇ ਦੁਸ਼ਮਨਾਂ ਦੀ ਗੱਲ ਤਾਂ ਰੋਜ਼ ਕਰਦਾ ਹਾਂ, ਪਰ ਕਦੇ ਆਪਣੇ ਮਨਚਲਿਆਂ ਤੇ ਆਪ ਮੁਹਾਰੀਆਂ ਜਥੇਬੰਦੀਆਂ ਬਾਰੇ ਵੀ ਕੁੱਝ ਲਿਖਣਾ ਚਾਹੀਦਾ ਹੈ। ਜਿਹੜੀਆਂ ਇੱਕ ਦੂਜੇ ਤੋਂ ਅੱਗੇ ਹੋ ਕੇ ਬਾਹਾਂ ਉਲਾਰ ਉਲਾਰਕੇ ਪੰਥਕ ਹੋਣ ਦਾ ਦਾਹਵਾ ਕਰਦੀਆਂ ਹਨ ਅਤੇ ਨਿੱਤ ਨਵਾਂ ਮੁੱਦਾ ਲੈਕੇ ਸਿੱਖ ਸੰਗਤ ਨੂੰ ਪ੍ਰਭਾਵਤ ਕਰਨ ਦੇ ਉਦਮ ਵਿੱਚ ਰਹਿੰਦੀਆਂ ਹਨ।
ਜਥੇਬੰਦੀਆਂ ਦੀ ਪੰਥ ਕੋਲ ਕੋਈ ਘਾਟ ਨਹੀਂ ਪਹਿਲਾਂ ਵੀ ਬਹੁਤ ਹਨ ਤੇ ਨਵੀਆਂ ਹੋਰ ਬਨਣ ਦੀ ਉਮੀਦ ਵੀ ਹੈ। ਇੰਜ ਹੀ ਆਪਣੇ ਮੁੱਦੇ ਵੀ ਹਨ। ਜਿਸ ਕੋਲ ਕੋਈ ਮੁੱਦਾ ਨਹੀਂ ਓਹ ਕਿਸੇ ਵੱਲੋਂ ਉਠਾਏ ਮੁੱਦੇ ਦੀ ਹਮਾਇਤ ਕਰਕੇ ਆਪਣੇ ਆਪ ਨੂੰ ਬੌਣਾ ਨਹੀਂ ਬਣਾਉਣਾ ਚਾਹੁੰਦਾ ਸਗੋਂ ਉਡੀਕ ਕਰਨ ਵਿੱਚ ਬਿਹਤਰੀ ਸਮਝਦਾ ਹੈ ਕਿ ਚੱਲੋ ਦੋ ਚਾਰ ਦਿਨ ਵੇਖੋ, ਭਲਾ ਕੋਈ ਸਰਸੇ ਵਾਲਾ ਸਵਾਂਗ ਰਚਾ ਲਵੇ, ਕੋਈ ਭਨਿਆਰਾਂ ਵਾਲਾ ਗੁਰੂ ਸਾਹਿਬ ਦੇ ਸਰੂਪ ਅਗਨ ਭੇਟ ਕਰ ਦੇਵੇ, ਕਿਤੇ ਕੋਈ ਰਾਧਾ ਸਵਾਮੀ ਕਿਸੇ ਗੁਰਦਵਾਰੇ ਨੂੰ ਢਾਹ ਦੇਣ , ਕਿਧਰੇ ਬਾਦਲ ਦੀ ਪੁਲਿਸ ਕਿਸੇ ਸਿੱਖ ਦੀ ਪੱਗ ਦਾਹੜੀ ਨੂੰ ਹੱਥ ਪਾਵੇ, ਬਸ ਮੁੱਦਾ ਮਿਲ ਗਿਆ ਤੇ ਸੰਘਰਸ਼ ਸ਼ੁਰੂ। ਆਰੰਭਤਾ ਤੇ ਦੋ ਚਾਰ ਵੀਡੀਓ ਬਣਾਕੇ ਨੈਟ 'ਤੇ ਪਾ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਡਾਲਰਾਂ ਵਾਲਾ ਖਾਤਾ ਖੁੱਲ ਜਾਵੇ ਅਤੇ ਗੱਡੀ ਦਾ ਤੇਲ ਪਾਣੀ ਸੁਖਾਲਾ ਹੋ ਜਾਵੇ। ਕੋਈ ਸੈਮੀਨਾਰ ਤੇ ਚਾਰ ਬੰਦੇ ਇੱਕਠੇ ਕਰਕੇ ਜਮਰੌਦ ਦੀ ਜੰਗ ਜਿੰਨੀ ਵਕਤੀ ਖੁਸ਼ੀ ਹਾਸਲ ਕਰ ਲੈਂਦਾ ਹੈ ਤੇ ਕਿਸੇ ਪੰਥਕ ਸਟੇਜ ਤੋਂ ਮਾਇਕ ਟਾਈਮ ਮੰਗਣ ਜੋਗਾ ਹੋ ਜਾਂਦਾ ਹੈ। ਕੋਈ ਮੇਰੇ ਵਰਗਾ ਚਾਰ ਜਬਲੀਆਂ ਮਾਰ ਕੇ ਕਿਸੇ ਦੇ ਇਧਰੋਂ ਉਧਰੋਂ ਲਫਜ਼ ਚੋਰੀ ਕਰਕੇ ਦੋ ਅਖਬਾਰੀ ਲੇਖ ਲਿਖ ਦੇਵੇ ਲੋਕੀ ਵਿਦਵਾਨ ਆਖ ਆਖ ਕੇ ਕੁੜਤਾ ਪਾਟਣ ਵਾਲਾ ਕਰ ਦਿੰਦੇ ਹਨ। ਪਰ ਫਿਰ ਇੱਕ ਦੂਜੇ ਨਾਲ ਮਿਲਕੇ ਬੈਠਣਾ ਔਖਾ ਹੋ ਜਾਂਦਾ ਹੈ।
 ਹਰ ਕੋਈ ਭਰਮ ਪਾਲ ਲੈਂਦਾ ਹੈ ਮੇਰੇ ਤੋਂ ਵੱਡਾ ਕੋਈ ਆਗੂ ਨਹੀਂ, ਸਿਆਣਾ ਨਹੀਂ, ਲੇਖਕ ਨਹੀਂ, ਵਿਦਵਾਨ ਨਹੀਂ, ਪੰਥਕ ਨਹੀਂ, ਸਿੱਖ ਨਹੀਂ, ਜਾਂ ਫਿਰ ਸਾਡੇ ਤੋਂ ਵੱਡੀ ਕੋਈ ਜਥੇਬੰਦੀ ਨਹੀਂ, ਗੁਰੂ ਗੋਬਿੰਦ ਸਿੰਘ ਜੀ ਪੰਥ ਦੀ ਠੇਕੇਦਾਰੀ ਦਾ ਪਟਾ ਸਾਡੇ ਨਾਮ ਲਿਖਕੇ ਦੇ ਗਏ ਸਨ। 
  ਇਹ ਕੁਝ ਹੀ ਪ੍ਰਚਾਰ ਖੇਤਰ ਵਿੱਚ ਹੈ, ਦੇਸ਼ ਵਿਦੇਸ਼ ਸਭ ਥਾਂ ਸੰਗਤ ਓਹ ਹੀ ਹੁੰਦੀ ਹੈ ਇੱਕ ਪ੍ਰਚਾਰਕ ਜਾਂਦਾ ਹੈ ਕਿ ਮੈਂ ਮਿਸ਼ਨਰੀ ਹਾਂ, ਕਥਾ ਵਿਖਿਆਣ ਹੁੰਦਾ ਹੈ ਸੰਗਤ ਵਾਹ ਵਾਹ ਕਰਦੀ ਅਤੇ ਅਗਲੇ ਹਫਤੇ ਉਥੇ ਕੋਈ ਟਕਸਾਲੀ ਜਾਂ ਕਿਸੇ ਹੋਰ ਸੰਪਰਦਾ ਵੱਲੋ ਕੋਈ ਜਾਂ ਦੀਵਾਨ ਲਾਉਂਦਾ ਹੈ। ਉਹਨਾਂ ਦਾ ਪਹਿਲਾ ਕੰਮ ਇਹ ਪਤਾ ਕਰਨਾ ਹੁੰਦਾ ਹੈ ਕਿ ਇਥੇ ਪਹਿਲਾਂ ਕੌਣ ਆਇਆ ਸੀ ਕੀਹ ਬੋਲਿਆ ਸੀ। ਬਸ ਫਿਰ ਦੇਹ ਰਗੜੇ ਤੇ ਰਗੜਾ ਪੰਥ ਦੀ ਗੱਲ ਹੋਵੇ ਜਾਂ ਨਾ ਹੋਵੇ ਮਿਸ਼ਨਰੀ ਦੀ ਉਤਲੀ ਚਮੜੀ ਕਿਵੇ ਬਚ ਜਾਵੇ। ਥੋੜੇ ਦਿਨਾ ਪਿਛੋ ਫਿਰ ਕੋਈ ਮਿਸ਼ਨਰੀ ਆ ਜਾਵੇ ਓਹ ਫਿਰ ਭਾਜੀ ਨਾ ਮੋੜਣ ਵਿਚ ਤੌਹੀਨ ਸਮਝਦਾ ਹੈ। ਅਜਿਹੀ ਹਾਲਤ ਵਿਚ ਸੰਗਤ ਦੀ ਅਵਸਥਾ ਦਾ ਕਦੇ ਅੰਦਾਜ਼ਾ ਲਾਓ ਕਿ ਜਿਹੜੇ ਤਿਲ ਫੁੱਲ ਭੇਟਾ ਵੀ ਦਿੰਦੇ ਹਨ। ਦੀਵਾਨ ਵਿੱਚ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਨੂੰ ਮਾਇਆ ਵੀ ਦਿੰਦੇ ਹਨ। ਪਰ ਦੁਬਿਧਾ ਲੈਕੇ ਘਰਾਂ ਨੂੰ ਪਰਤ ਜਾਂਦੇ ਹਨ।
 ਇੰਜ ਹੀ ਪੰਜਾਬ ਵਿੱਚ ਵੱਸਦੇ ਸਿੱਖਾਂ ਦਾ ਹਾਲ ਹੈ।
   ਕੋਈ ਨਾਨਕਸਰੀ, ਕੋਈ ਰੂੰਮੀ ਵਾਲਾ, ਕੋਈ ਰਾੜੇ ਵਾਲਾ, ਕੋਈ ਨਿਰਮਲਾ, ਕੋਈ ਸਿਰੀ ਚੰਦੀਆ, ਕੋਈ ਟਕਸਾਲੀ, ਅਖੰਡ ਕੀਰਤਨੀਆ, ਕੋਈ ਨੀਲ ਧਾਰੀ, ਕੋਈ ਨਾਮਧਾਰੀ, ਕੋਈ ਸਤਿ ਕਰਤਾਰੀਆ, ਕੋਈ ਕਿਸੇ ਸਿੱਖ ਸੰਤ ਦਾ ਪੁਜਾਰੀ ਜਾਂ ਸਿੱਖ ਡੇਰੇਦਾਰ ਦਾ ਸ਼ਰਧਾਲੂ ਬਣਕੇ ਹੱਥੋਂ ਕਿਰਤ ਕਮਾਈ ਦਾ ਪੈਸਾ ਦੇਕੇ ਅਸ਼ਾਂਤੀ ਤੇ ਦੁਬਿਧਾ ਦਾ ਪ੍ਰਸ਼ਾਦ ਲੈਕੇ ਖਵਾਰੀਆਂ ਦੇ ਦੌਰ ਵਿਚੋਂ ਗੁਜਰ ਰਿਹਾ ਹੈ। ਇਸ ਤਰਾਂ ਹੀ ਕੌਮੀ ਮੁੱਦਿਆਂ ਨੂੰ ਲੈਕੇ ਸਿੱਖ ਪੰਥ ਨੂੰ ਲਭਦਾ ਕੋਈ ਬਾਦਲ ਦਲੀਆ, ਮਾਨ ਦਲੀਆ, ਬਰਨਾਲਾ ਦਲੀਆ, ਪੰਚ ਪ੍ਰਧਾਨੀਆ, ਪੀਪਲੀਆ, ਝਾਡੂ ਮਾਰਕਾ ਹੋਰ ਪਤਾ ਨਹੀਂ ਕੀਹ ਕੀਹ ਸਲੋਗਣ ਸੁਣਦਾ ਪੰਥ ਨੂੰ ਤਲਾਸ਼ਦਾ ਕੌਮ ਦੀ ਹੋ ਰਹੀ ਬਰਬਾਦੀ ਨੂੰ ਡੱਡਰੀਆਂ ਅੱਖਾਂ ਨਾਲ ਵੇਖਦਾ, ਅੰਦਰੋਂ ਪੰਥ ਦੇ ਭਲੇ ਦੀਆਂ ਅਰਦਾਸਾਂ ਕਰ ਰਿਹਾ ਹੈ।
    ਪੱਲੇ ਨਿਰਾਸਤਾ ਪੈਣ ਦੇ ਬਾਵਜੂਦ ਫਿਰ ਜਦੋਂ ਕੋਈ ਪੰਥ ਦਾ ਨਾਮ ਲੈਕੇ ਨਾਹਰਾ ਮਾਰਦਾ ਹੈ ਜਾਂ ਕੋਈ ਗੁਰੂ ਦਾ ਵਾਸਤੇ ਪਾਕੇ ਵੰਗਾਰ ਦਿੰਦਾ ਹੈ ਤਾਂ ਇੱਕ ਨਵੀ ਆਸ ਲੈਕੇ ਆਪਣੇ ਘਰ ਦੇ ਕੰਮ ਛੱਡਕੇ ਫਿਰ ਪੰਥ ਦੇ ਨਾਮ ਤੇ ਅੱਗ ਵਿੱਚ ਛਾਲ ਮਾਰਨ ਨੂੰ ਤਿਆਰ ਹੋ ਜਾਂਦਾ ਹੈ ਬੇਸ਼ੱਕ ਨਤੀਜਾ ਓਹ ਹੀ ਨਿਕਲਦਾ ਹੈ।
  ਬਹੁਤ ਵਾਰ ਲਿਖਣ ਲੱਗਿਆਂ ਸੋਚੀਦਾ ਹੈ ਕਿ ਕਿਤੇ ਪੜਕੇ ਲੋਕ ਪਾਗਲ ਹੀ ਨਾ ਆਖਣ ਲੱਗ ਪੈਣ ਕਿ ਸਾਰੀ ਜੰਝ ਕੁਪੱਤੀ ਤੇ ਸੁਥਰਾ ਭਲਾਮਾਨਸ ਵਾਂਗੂੰ ਸਿਰਫ ਤੂੰ ਹੀ ਇੱਕ ਦੁੱਧ ਧੋਤਾ ਰਹਿ ਗਿਆ ਹੈ, ਜਿਹੜਾ ਜੋ ਜੀਅ ਆਵੇ, ਜਿਸਦੇ ਖਿਲਾਫ਼ ਲਿਖੀ ਜਾਵੇਂ। ਪਰ ਜਦੋਂ ਕੌਮ ਦੀ ਤਰਾਸਦੀ ਵੱਲ ਵੇਖੀਦਾ ਹੈ, ਫਿਰ ਦੁਨੀਆ ਦੀ ਪ੍ਰਵਾਹ ਛੱਡਕੇ ਗੁਰੂ ਤੋਂ ਅਸੀਸ ਮੰਗ ਲਈ ਦੀ ਹੈ ਕਿ ਸੱਚ ਲਿਖਣ ਦੀ ਹਿੰਮਤ ਦਿਓ, ਕਿਤੇ ਕਲਮ ਕਿਸੇ ਦੇ ਅਹਿਸਾਨ ਜਾਂ ਮੂੰਹ ਰੱਖਣੀ ਦੀ ਸ਼ਰਮ ਕਰਕੇ ਡੋਲ ਨਾ ਜਾਵੇ। ਅੱਜ ਜੇ ਬਾਦਲ ਦਲ ਨੂੰ ਸਿੱਖ ਸਿਆਸਤ ਵਿੱਚ ਗਿਰਾਵਟ ਲਿਆਕੇ ਕੌਮ ਦੀ ਬਰਬਾਦੀ ਦਾ ਕਾਰਕ ਆਖੀਏ ਤਾਂ ਜਿਹੜੇ ਬਾਦਲ ਵਿਰੋਧੀ ਨਿੱਤ ਨਵੀ ਸ਼ੁਰਲੀ ਚਲਾਕੇ ਕੌਮ ਨੂੰ ਚਾਨਣ ਦੀ ਕਿਰਨ ਵਿਖਾਉਣ ਦੇ ਨਾਮ ਤੇ ਆਪਣੀ ਹਉਂਮੇ ਨੂੰ ਪੱਠੇ ਪਾਉਂਦੇ ਹਨ, ਉਹਨਾਂ ਨੂੰ ਕਿਸ ਖਾਤੇ ਵਿੱਚ ਲਿਖੀਏ? ਹਰ ਕੋਈ ਉੱਠਕੇ ਆਖਦਾ ਹੈ ਆਜੋ ਮੇਰੇ ਕੋਲ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਸਿੱਖੀ ਦੀ ਅਸਲ ਠੇਕੇਦਾਰੀ ਦਾ ਪਟਾ ਮੇਰੇ ਕੋਲ ਹੈ ਬਾਕੀ ਸਾਰੇ ਤਾਂ ਝੂਠੇ ਹਨ।
ਇਹ ਵੇਖਕੇ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਪੰਥ ਤਾਂ ਹੁਣ ਡਾਕਟਰ ਮੱਘਰ ਸਿੰਘ ਦੀ ਦੰਦਾਂ ਵਾਲੀ ਦੁਕਾਨ ਹੀ ਬਣ ਗਿਆ ਲੱਗਦਾ ਹੈ, ਬਰਨਾਲਾ ਦੇ ਇੱਕ ਮਸ਼ਹੂਰ ਦੰਦਾਂ ਦੇ ਡਾਕਟਰ ਮੱਘਰ ਸਿੰਘ ਦੇ ਬਜੁਰਗ ਹੋ ਜਾਣ ਤੇ ਉਹਨਾਂ ਦੇ ਦੋ ਪੁੱਤਰਾਂ ਵਿਚ ਝਗੜਾ ਹੋ ਗਿਆ। ਓਹ ਆਖੇ ਅਸਲੀ ਮੱਘਰ ਸਿੰਘ ਦੰਦਾਂ ਦਾ ਹਸਪਤਾਲ ਮੇਰਾ ਹੈ। ਦੂਜਾ ਆਖੇ ਮੇਰਾ ਹੈ ਤੇ ਅਖੀਰ ਬੋਰਡ ਮੁਕਾਬਲਾ ਸ਼ੁਰੂ ਹੋ ਗਿਆ। ਇੱਕ ਪੁੱਤਰ ਕਿਤੇ ਬੋਰਡ ਲਗਾ ਕੇ ਲਿਖ ਦੇਵੇ ‘‘ਇਥੇ ਚੱਕ ਲਿਆਂਦੀ ਹੈ ਡਾਕਟਰ ਮੱਘਰ ਸਿੰਘ ਦੀ ਦੰਦਾਂ ਦੀ ਦੁਕਾਨ’’ ਦੂਜਾ ਪੁੱਤਰ ਪਹਿਲੀ ਥਾਂ ਤੇ ਲਿਖੇ ਕਿ ਅਸਲੀ ਦੰਦਾਂ ਦਾ ਹਸਪਤਾਲ ਇਥੇ ਹੈ। ਪਰ ਲੋਕ ਦੁਬਿਧਾ ਵਿੱਚ ਪੈ ਜਾਂਦੇ ਸਨ। ਅੱਜ ਪੰਥ ਦਾ ਇਹੀ ਹਾਲ ਹੈ ਧਾਰਮਿਕ ਤੌਰ ਤਾਂ ਪੰਥ ਹਰ ਹੱਟੀ ਤੇ ਵੇਚਿਆ ਜਾ ਰਿਹਾ ਹੈ। ਸਿਆਸੀ ਤੌਰ ਤੇ ਵੀ ਕੋਈ ਆਖਦਾ ਹੈ ਪੰਥ ਬਾਦਲ ਸਾਹਿਬ, ਕੋਈ ਆਖਦਾ ਹੈ ਮਾਨ ਸਾਹਿਬ, ਕੋਈ ਆਖਦਾ 1920 ਸਾਡਾ ਅਸਲੀ ਪੰਥ ਆ ,ਕੋਈ ਬਰਨਾਲਾ ਸਾਹਬ ਵਾਂਗੂੰ ਇੱਕ ਦਿਨ ਸਾਲ ਪਿਛੋਂ ਸੰਤ ਲੌਂਗੋਵਾਲ ਦੀ ਬਰਸੀ ਮਨਾਕੇ ਆਖਦਾ ਹੈ ਪੰਥ ਇਥੇ ਹੈ, ਕੋਈ ਆਖਦਾ ਪੰਜਾਬ ਵਿੱਚ ਨਹੀਂ ਹੁਣ ਪੰਥ ਦਿੱਲੀ ਆ ਗਿਆ ਹੈ, ਉਥੋਂ ਅਕਾਲੀ ਦਲ ਦੇ ਕਲੋਨ ਤਿਆਰ ਹੋਣ ਲੱਗ ਪਏ ਹਨ। ਬੁਧੀਜੀਵੀ ਚੰਡੀਗੜ ਵਿੱਚ ਗੁਵਾਚਾ ਪੰਥ ਲਭਣ ਵਾਸਤੇ ਮੀਟਿੰਗਾਂ ਕਰਦੇ ਹਨ। ਇੱਕ ਹੁਣ ਹੋਰ  ਯੂਨਾਈਟਿਡ ਅਕਾਲੀ ਦਲ ਦੇ ਨਾਮ ਥੱਲੇ ਡਾਕਟਰ ਮਘਰ ਸਿੰਘ ਦੀ ਦੁਕਾਨ ਵਾਂਗੂੰ ਚੁੱਕ ਕੇ ਲੈ ਗਿਆ ਹੈ ਕਿ ਅਸਲੀ ਪੰਥ ਅਸੀਂ ਹਾਂ। ਸਿੱਖ ਕੀਹ ਕਰਨ ਜਿਹਨਾਂ ਦੇ ਦੰਦ ਪੀੜ ਹੀ ਨਹੀਂ ਸਗੋਂ ਹਕੂਮਤ ਨੇ ਦੰਦ ਕੱਢਕੇ ਹੀ ਰੱਖ ਦਿੱਤੇ ਹਨ। ਇਹ ਦਵਾਈ ਲੈਕੇ ਭੱਜੇ ਫਿਰਦੇ ਹਨ।
ਹਰ ਕਿਸੇ ਕੋਲ ਆਪਣੀ ਜਥੇਬੰਦੀ ਦਾ ਮੁੱਦਾ ਹੈ
ਬਾਦਲ ਸਾਹਬ ਆਖਦੇ ਹਨ ਕਿ ਹਿੰਦੂ ਸਿੱਖ ਏਕਤਾ ਤੇ ਵਿਕਾਸ ਮੇਰੀ ਪਾਰਟੀ ਦਾ ਮੁੱਦਾ ਹੈ, ਮਾਨ ਸਾਹਬ ਆਖਦੇ ਹਨ ਸੰਤ ਭਿੰਡਰਾਂਵਾਲੇ ਆਖ ਗਏ ਸਨ ਮੇਰਾ ਮੁੱਦਾ ਹੁਣ ਖਾਲਿਸਤਾਨ ਹੈ, ਬਰਨਾਲਾ ਸਾਹਿਬ ਮੋਦੀ ਜੀ ਨੂੰ ਆਖ ਰਹੇ ਹਨ ਪੰਜਾਬ ਸਮਝੌਤਾ ਛੇਤੀ ਲਾਗੂ ਕਰੋ ਮੇਰਾ ਮੁੱਦਾ ਸੀ, ਪੰਚ ਪ੍ਰਧਾਨੀ ਵਾਲੇ ਵੀ ਨਾ ਮਾਨ ਸਾਹਿਬ ਨਾਲ ਰਹੇ ਤੇ ਨਾ ਕਿਤੇ ਹੋਰ ਰਲੇ, ਇੱਕ ਹੋਰ ਨਵਾ ਯੂਨਾਈਟਿਡ ਸਿੱਖ ਮੂਵਮੈਂਟ ਤੋਂ ਪਲਾਸਟਿਕ ਸਰਜਰੀ ਹੋਕੇ ਭਾਈ ਮੋਹਕਮ ਸਿੰਘ ਦੀ ਅਗਵਾਈ ਵਿੱਚ ਬਣਿਆ ਯੂਨਾਈਟਿਡ ਅਕਾਲੀ ਦਲ ਆਖਦਾ ਹੈ ਕਿ ਅਸੀਂ ਖਾਲਿਸਤਾਨ ਵੀ ਛੱਡਿਆ ਬਾਦਲ ਵੀ ਛੱਡਿਆ ਵਿਚਕਾਰਲਾ ਰਸਤਾ ਸਾਡਾ ਮੁੱਦਾ ਹੈ। ਇਸ ਤੋਂ ਇਲਾਵਾ ਸਿੱਖ ਵਿਦਿਆਰਥੀ ਫੈਡਰੇਸ਼ਨਾਂ ਦੀ ਗਿਣਤੀ ਵੀ ਇੱਕ ਹੱਥ ਦੇ ਪੋਟਿਆਂ ਤੇ ਨਹੀਂ ਹੁੰਦੀ ਤੇ ਸਾਰੇ ਪੰਥ ਹੀ ਪੰਥ ਕਰਦੇ ਹਨ। ਇੱਕ ਦੂਜੇ ਨੂੰ ਕੈਰੀ ਅੱਖ ਨਾਲ ਵੇਖਦੇ ਹਨ ਤੇ ਦੂਜੇ ਨੂੰ ਸਰਕਾਰੀ ਆਖਕੇ ਆਪ ਪੰਥਕ ਹੋਣ ਦਾ ਦਾਹਵਾ ਵੀ ਕਰਦੇ ਹਨ। ਸਿੱਖਾਂ ਨੂੰ ਕੋਈ ਸਮਝ ਨਹੀਂ ਆਉਂਦੀ। ਇਹਨਾਂ ਸਿੱਖ ਸਟੂਡੈਂਟ ਫੈਡਰੇਸ਼ਨ ਵਾਲਿਆਂ ਦੇ ਪੋਤਰੇ ਵੀ ਬੀ.ਏ., ਐਮ.ਏ. ਕਰ ਚੁੱਕੇ ਹਨ, ਪਰ ਇਹ ਹਾਲੇ ਵੀ ਸਟੂਡੈਂਟ ਫੈਡਰੇਸ਼ਨ ਦੇ ਆਗੂ ਹਨ। ਇਹਨਾਂ ਦੇ ਵੀ ਵੱਖਰੇ ਮੁੱਦੇ ਹਨ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ।
ਪਰ ਸਿੱਖ ਪੰਥ ਜਾਂ ਸਿੱਖ ਕੌਮ ਦਾ ਮੁੱਦਾ ਕੀਹ ਹੈ? ਪੰਜਾਬ ਦਾ ਮੁੱਦਾ ਕੀਹ ਹੈ ? 
ਕਿਸੇ ਨੂੰ ਕੋਈ ਪਤਾ ਨਹੀਂ। 
  ਕੌਮ ਦਾ ਕੀਹ ਭਵਿਖ ਹੈ, ਕਿਸੇ ਨੂੰ ਕੋਈ ਫਿਕਰ ਨਹੀਂ। ਬਾਦਲ ਸਾਹਬ ਨੂੰ ਸਿਰਫ ਆਪਣੀ ਕੁਰਸੀ ਦਾ ਫਿਕਰ ਹੈ। ਬਾਕੀ ਸਭ ਨੂੰ ਆਪਣੀ ਚੌਧਰ ਦਾ ਫਿਕਰ ਹੈ। ਸਾਰਿਆਂ ਨੇ ਆਪਣੇ ਪੁੱਤਰਾਂ ਨੂੰ ਗੱਦੀ ਨਸ਼ੀਨ ਪਹਿਲਾਂ ਹੀ ਥਾਪ ਰੱਖਿਆ ਹੈ। ਵਰਕਰ ਤਾਂ ਦਿਹਾੜੀਦਾਰ ਹਨ। ਲੀਡਰਾਂ ਨੇ ਗੁੰਡਿਆਂ ਵਾਂਗੂੰ ਇਲਾਕੇ ਵੰਡੇ ਹੋਏ ਹਨ। ਮਜਾਲ ਹੈ ਕੋਈ ਦੂਜਾ ਦਖਲ ਦੇਵੇ । ਜੇ ਹਿੰਮਤ ਹੈ ਤਾਂ ਫਿਰ ਪੱਗੋ ਪੱਗੀ ਹੋਕੇ ਕਬਜਾ ਕਰੇ। ਉਂਜ ਨਹੀਂ ਮਜਾਲ ਕਿਸੇ ਦੀ ਕਿ ਪੈਰ ਰੱਖ ਸਕੇ। ਏਕਤਾ ਵੀ ਇਸ ਕਰਕੇ ਨਹੀਂ ਕਿ ਮੁੱਦੇ ਆਪਣੇ ਆਪਣੇ ਹਨ। ਮੁੱਦੇ ਵੀ ਨਹੀਂ ਇਹਨਾਂ ਨੂੰ ਮੁਫਾਦ ਆਖਣਾ ਹੋਰ ਬਿਹਤਰ ਹੋਵੇਗਾ। ਜੇ ਮੁੱਦੇ ਕੌਮੀ ਹੋਣ ਤਾਂ ਕੋਈ ਵਖਰੇਵਾਂ ਹੀ ਨਹੀਂ ਹੋ ਸਕਦਾ ਹੈ। ਕੌਮ ਵੀ ਇਹ ਕਦੇ ਨਹੀਂ ਵੇਖਦੀ ਕਿ ਜਿਸਦੇ ਮਗਰ ਤੁਰ ਰਹੇ ਹਾ ਇਹ ਕਿਤੇ ਕਿਸੇ ਖੂਹ ਵੱਲ ਨੂੰ ਤਾਂ ਨਹੀਂ ਲਿਜਾ ਰਿਹਾ, ਬਸ ਇੱਕ ਨਾਲ ਥੋੜੀ ਨਰਾਜਗੀ ਸਵੇਰੇ ਸੌਦਾ ਅਗਲੀ ਦੁਕਾਨ ਤੋਂ ਮਹਿੰਗਾ ਮਿਲੇ ਜਾਂ ਸਸਤਾ, ਕੋਈ ਮੁੰਹ ਮੁਹਾਂਦਰਾ ਹੀ ਨਹੀਂ ਰਿਹਾ।
 ਹੁਣ ਇੱਕ ਪਾਸੇ ਭਾਈ ਗੁਰਬਖਸ਼ ਸਿੰਘ ਹਰਿਆਣਾ ਵਿਚ ਮਰਨ ਵਰਤ ਰੱਖੀ ਬੈਠਾ ਹੈ ਕਾਜ਼ ਬੜਾ ਵਧੀਆ ਹੈ। ਜੇਲ ਬੰਦ ਸਿੱਖਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਪਰ ਪਹਿਲੇ ਮਰਨ ਵਰਤ ਤੋਂ ਮਿਲੀ ਨਿਰਾਸ਼ਤਾ ਹਾਲੇ ਲੋਕਾਂ ਦੇ ਮਨੋ ਹੌਲੀ ਹੌਲੀ ਉਤਰੇਗੀ, ਬੇਸ਼ੱਕ ਆਜੜੀ ਦੇ ਸ਼ੇਰ ਆ ਗਿਆ ਵਾਂਗੂੰ ਭਾਈ ਗੁਰਬਖਸ਼ ਸਿੰਘ ਦੇ ਸ਼ਹੀਦ ਹੋਣ ਤੱਕ ਬਹੁਤੀ ਸੰਗਤ ਵਿਸ਼ਵਾਸ਼ ਹੀ ਨਾ ਕਰ ਸਕੇ, ਕੁੱਝ ਵੀ ਹੋਵੇ ਭਾਈ ਗੁਰਬਖਸ਼ ਸਿੰਘ ਦਾ ਕਾਰਜ਼ ਵਧੀਆ ਹੈ।
 ਇੱਕ ਹੋਰ ਵਿਕਰਮ ਬਾਦਲ ਤੇ ਜੁੱਤੀ ਸੁੱਟਣ ਤੋਂ ਬਾਅਦ ਹੁਣ ਵਿਕਰਮ ਸਿੰਘ ਬਣਿਆ ਹੈ ਮੁਬਾਰਕ ਹੈ, ਬਾਬੇ ਨਾਨਕ ਦੇ ਪਰਿਵਾਰ ਦਾ ਮੈਂਬਰ ਬਣ ਗਿਆ ਹੈ, ਸਵਾਗਤ ਹੈ, ਓਹ ਵੀ ਆਪ ਮੁਹਾਰੇ ਦਿੱਲੀ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਦਿੱਲੀ ਜਾ ਕੇ ਭੁੱਖ ਹੜਤਾਲ ਤੇ ਬੈਠ ਗਿਆ ਹੈ। ਆਪੋ ਆਪਣੇ ਹੋਰ ਵੀ ਬਹੁਤ ਪ੍ਰੋਗ੍ਰਾਮ ਲੈਕੇ ਕੁੱਝ ਲੋਕ ਤੁਰਦੇ ਨਜਰ ਆ ਰਹੇ ਹਨ। ਪਰ ਇਸ ਤਰਾਂ ਕੌਮ ਦੀ ਸ਼ਕਤੀ ਖੇਰੂੰ ਖੇਰੂੰ ਹੋ ਕੇ ਕਿਸੇ ਅਰਥ ਨਹੀਂ ਲੱਗ ਰਹੀ। ਇਹ ਮੁੱਦੇ ਵੀ ਜਰੂਰੀ ਹਨ। ਪਰ ਕੌਮ ਦੇ ਕੁਝ ਮੁੱਖ ਮੁੱਦੇ ਹਨ। ਇਹ ਮੁੱਦਿਆਂ ਵਿੱਚ ਨਿਕਲੇ ਬਹੁਤ ਸਾਰੇ ਮੁੱਦੇ ਹਨ। ਜਿਹੜੇ ਕਿਸੇ ਇੱਕ ਵੱਡੇ ਮੁੱਦੇ ਦੇ ਹੱਲ ਹੋਣ ਨਾਲ ਖੁਦ ਹੀ ਬਿਨਾਂ ਕਿਸੇ ਦੇਰੀ ਤੋਂ ਅਛੋਪਲੇ ਜਿਹੇ ਹੀ ਹੱਲ ਹੋ ਜਾਂਦੇ ਹਨ।
 ਮਰਹੂਮ ਅਕਾਲੀ ਨੇਤਾ ਸ. ਸੁਖਜਿੰਦਰ ਸਿੰਘ ਸਾਬਕਾ ਵਿੱਦਿਆ ਮੰਤਰੀ ਬਾਰੇ ਬੇਸ਼ੱਕ ਕਿਸੇ ਪਾਠਕ ਦੇ ਜਾਂ ਆਗੂ ਦੇ ਵਿਚਾਰ ਜਿਵੇ ਮਰਜ਼ੀ ਹੋਣ, ਜਿਸ ਸਮੇਂ ਓਹ ਸੰਗਰੂਰ ਜੇਲ• ਵਿਚ ਨਜ਼ਰਬੰਦ ਸਨ ਤਾਂ ਅਸੀਂ ਕੁੱਝ ਨੌਜਵਾਨ ਦੁੱਧ ਲੈਕੇ ਜੇਲ ਗਏ, ਜਿਥੇ ਜੇਲ ਅਧਿਕਾਰੀ ਦੇ ਦਫਤਰ ਵਿਚ ਬੈਠੇ ਸ. ਸੁਖਜਿੰਦਰ ਸਿੰਘ ਸਿੱਖ ਰਾਜ ਦੇ ਨਕਸ਼ੇ ਦੀ ਨਿਸ਼ਾਨਦੇਹੀ ਕਰ ਰਹੇ ਸਨ ਅਤੇ ਨਾਲ ਨਾਲ ਕੁੱਝ ਬੜੀਆਂ ਕੰਮ ਦੀਆਂ ਗੱਲਾਂ ਵੀ ਕਰ ਰਹੇ ਸਨ। ਜੇਲ ਅਧਿਕਾਰੀ ਦੀ ਖਾਲਿਸਤਾਨ ਜਾਂ ਅਜਾਦ ਸਿੱਖ ਸਟੇਟ ਬਾਰੇ ਟਿੱਪਣੀ ਨੂੰ ਲੈਕੇ, ਨਾਲ ਸਾਨੂੰ ਮੁਖਾਤਿਬ ਹੋਕੇ, ਉਹਨਾਂ ਕਿਹਾ ਕਿ ਕੌਮ ਹਮੇਸ਼ਾ ਓਹ ਕਾਮਯਾਬ ਹੁੰਦੀ ਹੈ ਜਿਸਦੇ ਆਗੂ ਇੱਕ ਲੌਂਗ ਰੇਂਜ ਪਾਲਿਸੀ ਅਤੇ ਇੱਕ ਸ਼ਾਰਟ ਰੇਂਜ ਪਾਲਿਸੀ ਬਣਾ ਕੇ ਚੱਲੇ ? ਉਹਨਾਂ ਦਾ ਕਹਿਣ ਤੋਂ ਭਾਵ ਸੀ ਕਿ ਸਾਡੀ ਲੌਂਗ ਰੇਂਜ ਪਾਲਿਸੀ ਤਾਂ ਸਿੱਖਾਂ ਦੀ ਮੁਕੰਮਲ ਆਜ਼ਾਦੀ ਹੈ ਅਤੇ ਸ਼ਾਰਟ ਰੇਂਜ ਵੱਧ ਅਧਿਕਾਰ, ਮਤਾ ਅਨੰਦਪੁਰ ਸਾਹਿਬ ਆਦਿਕ ਹੈ। ਅੱਜ ਇਹ ਗੱਲ ਯਾਦ ਕਰਕੇ ਮਹਿਸੂਸ ਹੁੰਦਾ ਹੈ ਕਿ ਹੁਣ ਕੌਮੀ ਪਾਲਿਸੀ ਤਾਂ ਕੋਈ ਰਹੀ ਹੀ ਨਹੀਂ ? ਜੇ ਬਾਦਲ ਸਾਹਿਬ ਦਾ ਦਿਲ ਕਰੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦੇਣ, ਹੁਣ ਜੇ ਬੀ.ਜੇ.ਪੀ. ਨਾਲ ਤੋੜ ਤੋੜਾਈਆਂ ਦੀ ਨੌਬਤ ਆਉਂਦੀ ਦਿਸ ਰਹੀ ਹੈ ਤਾਂ ਧਾਰਾ 25 ਯਾਦ ਆ ਰਹੀ ਹੈ। ਬਾਕੀ ਦਲ ਵੀ ਕੋਈ ਇਜਲਾਸ ਕਰ ਲੈਂਦਾ ਹੈ, ਕੋਈ ਮਨੁੱਖੀ ਅਧਿਕਾਰ ਦਿਨ ਮਨਾ ਲੈਂਦਾ ਹੈ, ਕੋਈ ਭਿੰਡਰਾਂਵਾਲਿਆਂ ਦਾ ਦਿਨ ਮਨਾ ਲੈਂਦਾ ਹੈ, ਕੋਈ ਲੌਂਗੋਵਾਲ ਦੀ ਬਰਸੀ ਮਨਾ ਲੈਂਦਾ ਹੈ, ਬੁਧੀਜੀਵੀ ਸੈਮੀਨਾਰ ਕਰ ਲੈਂਦੇ ਹਨ, ਸਭ ਆਪੋ ਆਪਣੇ ਥਾਂ ਖੜੇ ਹੀ ਮਾੜੇ ਟਰੈਕਟਰ ਵਾਂਗੂੰ ਸਲਿੱਪ ਮਾਰੀ ਜਾਂਦੇ ਹਨ, ਵਿੱਘਾ ਵਾਹਿਆ ਕਿਸੇ ਨੇ ਨਹੀਂ? ਕੌਮ ਪਤਨ ਦੇ ਕਿਨਾਰੇ ਪਹੁੰਚ ਗਈ ਹੈ।
  ਅੱਜ ਲੋੜ ਹੈ ਨਿਸ਼ਾਨਦੇਹੀ ਦੀ ਕਿ ਕੌਮ ਦਾ ਮੁੱਦਾ ਕੀਹ ਹੈ, ਕੌਮ ਚਾਹੁੰਦੀ ਕੀਹ ਹੈ, ਇਹ ਸਪਸ਼ਟ ਕਰਨ ਦੀ ਲੋੜ ਹੈ ਅਤੇ ਫਿਰ ਬਾਬੇ ਦੀਪ ਸਿੰਘ ਵਾਂਗੂੰ ਇੱਕ ਲਕੀਰ ਖਿੱਚਣ ਦੀ ਲੋੜ ਹੈ ਕਿ ਕੌਣ ਕੌਣ ਸਿਰ ਧੜ ਦੀ ਲੜਾਈ ਲੜਨ ਵਾਸਤੇ ਤਿਆਰ ਹੈ, ਤਾਂ ਕੌਮ ਦੀ ਬੇੜੀ ਬੰਨੇ ਲਗਣ ਦੀ ਕੋਈ ਉਮੀਦ ਬਣ ਸਕਦੀ ਹੈ। ਜੇ ਇਸ ਤਰਾਂ ਹੀ ਆਪਣੇ ਆਪਣੇ ਮੁੱਦੇ ਲੈਕੇ ਕੌਮ ਦੀ ਤਰਾਸਦੀ ਨੂੰ ਬੋਲੀ ਲਾਕੇ ਵੇਚਣਾ ਹੈ ਤਾਂ ਫਿਰ ਕੌਮ ਦਾ ਕੁੱਝ ਨਹੀਂ ਬਣ ਸਕਦਾ। ਇਹ ਯਾਦ ਰੱਖੋ ਜੇ ਕੌਮ ਦੀ ਖਵਾਰੀ ਇੰਜ ਹੀ ਹੁੰਦੀ ਰਹੀ, ਸਰਦਾਰੀ ਤੁਹਾਡੀ ਵੀ ਨਹੀਂ ਰਹਿਣੀ? ਸੋ ਸਮਾਂ ਬੜੀ ਸਮਝ ਨਾਲ ਚਲਣ ਦਾ ਆ ਗਿਆ ਹੈ। ਹਰ ਮੋੜ ਤੇ ਖਤਰਾ ਹੈ, ਹਰੇਕ ਰਸਤੇ ਤੇ ਤਿਲਕਣ ਹੈ, ਅਜਿਹੇ ਮੌਕੇ ਕੁੱਝ ਨਿਰਸਵਾਰਥ ਆਗੂ ਕੌਮ ਦੀ ਬੇੜੀ ਨੂੰ ਬੰਨੇ ਲਾਉਣ ਵਾਸਤੇ ਅੱਗੇ ਆਉਣ । ਕੌਮ ਮੁੱਦਿਆਂ ਦੀਆਂ ਰੇਹੜੀਆਂ ਲਾਕੇ ਪੰਥ ਵੇਚਣ ਵਾਲਿਆਂ ਦਾ ਖਿਆਲ ਛੱਡੇ ਅਤੇ ਸਿੱਖਾਂ ਦੀ ਪਹਿਚਾਨ ਅਤੇ ਸਿੱਖਾਂ ਦਾ ਆਪਣਾ ਘਰ ਦੇ ਮੁੱਦੇ ਨੂੰ ਕੌਮੀ ਮੁੱਦੇ ਵਜੋਂ ਅਪਣਾਉਣ ਵਾਲੇ ਆਗੂਆਂ, ਜਿਹਨਾਂ ਅੰਦਰ ਪੰਥਕ ਪਿਆਰ ਦੀ ਝਲਕ ਪੈਦੀ ਹੋਵੇ, ਉਹਨਾਂ ਦਾ ਸਾਥ ਦੇਵੇ।
ਜਥੇਬੰਦੀਆਂ ਦੇ ਨਾਮ ਤੇ ਦੁਕਾਨਾਂ ਚਲਾਕੇ ਕੌਮ ਨੂੰ ਕੁਰਾਹੇ ਪਾਉਣ ਵਾਲਿਆਂ ਤੋਂ ਸੁਚੇਤ ਹੋਵੇ।


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.