ਕੈਟੇਗਰੀ

ਤੁਹਾਡੀ ਰਾਇ



Gurinderpal Singh Dhanoula
“ਸਰਬੱਤ-ਖਾਲਸਾ”, ਬਾਤ ਕਰਤਾ ਹੂੰ ਤੋ ਹੋਗੀ ਉਨਕੋ ਸ਼ਿਕਾਇਤ, ਚੁੱਪ ਰਹਿਤਾ ਹੂੰ ਤੋ ਨਾਨਕ ਸੇ ਕੋਤਾਹੀ ਹੋਤੀ ਹੈ, !
“ਸਰਬੱਤ-ਖਾਲਸਾ”, ਬਾਤ ਕਰਤਾ ਹੂੰ ਤੋ ਹੋਗੀ ਉਨਕੋ ਸ਼ਿਕਾਇਤ, ਚੁੱਪ ਰਹਿਤਾ ਹੂੰ ਤੋ ਨਾਨਕ ਸੇ ਕੋਤਾਹੀ ਹੋਤੀ ਹੈ, !
Page Visitors: 2769

“ਸਰਬੱਤ-ਖਾਲਸਾ”, ਬਾਤ ਕਰਤਾ ਹੂੰ ਤੋ ਹੋਗੀ ਉਨਕੋ ਸ਼ਿਕਾਇਤ, ਚੁੱਪ ਰਹਿਤਾ ਹੂੰ ਤੋ ਨਾਨਕ ਸੇ ਕੋਤਾਹੀ ਹੋਤੀ ਹੈ, !  
ਬਹੁਤ ਦਿਨਾਂ ਤੋਂ ਚੁੱਪ ਸਾਂ ਕਿ ਕਿਤੇ ਮੇਰਾ ਬੋਲਿਆ ਕਿਸੇ ਦੇ ਦਿਲ ਨੂੰ ਨਾ ਦੁਖਾਅ ਜਾਵੇ, ਕਿਉਂਕਿ ਸਮਾਂ ਬੜਾ ਮੁਸ਼ਕਿਲਾਂ ਵਾਲਾ ਹੈ, ਕੌਮ ਬਰਬਾਦੀ ਦੇ ਕੰਢੇ ਖੜ•ੀ ਹੈ, ਅੱਗੇ ਬਿਪਰਵਾਦੀ ਸਮੁੰਦਰ ਠਾਠਾਂ ਮਾਰ ਰਿਹਾ ਹੈ, ਸਾਡੀ ਬੇੜੀ ਦਾ ਕੋਈ ਮਲਾਹ ਨਜਰ ਨਹੀਂ ਆਉਂਦਾ, ਜਿਹੜੇ ਚੱਪੂ ਬੇੜੀ ਨੂੰ ਕਿਨਾਰੇ ਲਾਉਣ ਵਾਸਤੇ ਸਹਾਈ ਹੁੰਦੇ ਹਨ, ਅੱਜ ਉਹ ਅਸੀਂ ਹਥਿਆਰ ਬਣਾ ਲਏ ਹਨ, ਉਹਨਾਂ ਨੂੰ ਪਾਣੀ ਵਿੱਚ ਕਿਸ਼ਤੀ ਧਕੇਲਣ ਦੀ ਥਾਂ, ਇੱਕ ਦੂਜੇ ਦੇ ਸਿਰ ਉਂਤੇ ਮਾਰ ਰਹੇ ਹਾਂ। ਕੌਮ ਦੀ ਕਿਸਮਤ ਵਾਲੀ ਕਿਸ਼ਤੀ ਦਾ ਕਿਸੇ ਨੂੰ ਫਿਕਰ ਨਹੀਂ, ਇੱਕ ਦੂਜੇ ਦਾ ਸਿਰ ਪਾੜਣ ਵੱਲ ਧਿਆਨ ਹੈ, ਇਸ ਵਿੱਚੋਂ ਬਰਬਾਦੀ ਦੇ ਸਿਵਾ ਕੁੱਝ ਨਹੀਂ ਨਿਕਲ ਸਕਦਾ। ਸਿਰਫ ਕੌਮੀ ਏਕਤਾ ਹੀ ਡੁੱਬਦੀ ਬੇੜੀ ਨੂੰ ਠੁੰਮਣਾ ਦੇ ਸਕਦੀ ਹੈ। ਇਹ ਸਨ ਕੁੱਝ ਚਿੰਤਾਵਾਂ ਜੋ ਮੇਰੀ ਜੁਬਾਨ ਅਤੇ ਕਲਮ ਨੂੰ ਭਾਰੀ ਕਰੀ ਬੈਠੀਆਂ ਸਨ, ਪਰ ਜਦੋਂ ਕੌਮ ਦੇ ਭਵਿੱਖ ਵੱਲ ਨੂੰ ਵੇਖਦਾ ਹਾਂ ਤਾਂ ਸਭ ਕੁੱਝ ਉਜੜਿਆ ਹੋਇਆ ਦਿਖਾਈ ਦਿੰਦਾ ਹੈ, ਫਿਰ ਆਤਮਾ ਤੜ੍ਹਫਦੀ ਹੈ ਕਿ ਚੁੱਪ ਰਹਿਕੇ ਤਾਂ ਵੀ ਇਤਿਹਾਸ ਨੇ ਮੂਕ ਦਰਸ਼ਕਾਂ ਭਾਵ ਮੁਰਦਾ ਬੰਦਿਆਂ ਵਿੱਚ ਹੀ ਗਿਣਤੀ ਕਰਨੀ ਹੈ, ਉਸ ਤੋਂ ਚੰਗਾ ਤਾਂ ਇਹ ਹੀ ਹੈ ਕਿ ਜੇ ਆਪਣੇ ਚਾਰ ਗਾਲ੍ਹਾਂ ਵੀ ਕੱਢ ਲੈਣ ਤਾਂ ਕੋਈ ਹਰਜ਼ ਨਹੀਂ ਪਰ ਸੱਚ ਆਖ ਦੇਣਾ ਹੀ ਬਿਹਤਰ ਹੋਵੇਗਾ। ਅੱਜ ਅਮ੍ਰਿਤਸਰ ਸਾਹਿਬ ਵਿਖੇ ਹੋਏ ਸੁਹਿਰਦ ਪੰਥਕ ਆਗੂਆਂ ਅਤੇ ਵਿਦਵਾਨਾਂ ਦੇ ਇਕੱਠ ਨੇ ਇਸ ਸਰਬਤ ਖਾਲਸਾ ਨਾਲ ਲੱਗਭੱਗ ਅਸਹਿਮਤੀ ਪ੍ਰਗਟ ਕਰਦਿਆਂ, ਦਾਸ ਨੂੰ ਲਿਖਣ ਵਾਸਤੇ ਉਤਸ਼ਾਹਿਤ ਕੀਤਾ ਹੈ।
  ਅਗੇਤਾ ਜਾਂ ਪਛੇਤਾ ਸਰਬੱਤ ਖਾਲਸਾ ਸੱਦਣ ਵਾਲੀਆਂ ਧਿਰਾਂ ਮੇਰੀਆਂ ਇਹਨਾਂ ਬੇਨਤੀਆਂ ਨੂੰ ਕਿਸੇ ਤਰ੍ਹਾਂ ਦੀ ਹਮਾਇਤ ਜਾਂ ਵਿਰੋਧ ਸਮਝਣ ਦੀ ਬਜਾਇ, ਇਸ ਨੂੰ ਕੇਵਲ ਪੰਥਕ ਸੰਧਰਬ ਵਿੱਚ ਵੇਖਣ ਦੀ ਖੇਚਲ ਕਰਨ, ਤਾਂ ਸ਼ਾਇਦ ਮੇਰੇ ਲਿਖਣ ਅਤੇ ਉਹਨਾਂ ਦੇ ਪੜ੍ਹਣ ਦਾ ਮਕਸਦ ਪੂਰਾ ਹੋ ਜਾਵੇਗਾ। ਮੇਰੇ ਵਰਗੇ ਨਾਚੀਜ ਬੰਦੇ ਦਾ ਕਿਸੇ ਸਮਾਗਮ ਵਿੱਚ ਸ਼ਾਮਲ ਹੋਣਾ ਜਾਂ ਗੈਰ ਹਾਜਿਰ ਰਹਿਣਾ ਕੋਈ ਮਹਿਣੇ ਨਹੀਂ ਰੱਖਦਾ, ਪਰ ਇੱਕ ਸਧਾਰਨ ਸਿੱਖ ਹੋਣ ਦੇ ਨਾਤੇ ਆਪਣੀ ਰਾਇ ਦੇਣੀ ਕੋਈ ਗੁਨਾਹ ਨਹੀਂ ਹੈ, ਸਗੋਂ ਫਰਜ਼ ਹੈ।
  ਗੁਰੂ ਪਿਆਰਿਓ ! ਅੱਜ ਸਾਡੇ ਕੋਲ ਸਰਬੱਤ ਖਾਲਸਾ ਹੀ ਬਾਕੀ ਬਚਿਆ ਹੈ। ਸਿੱਖਾਂ ਕੋਲ ਗੁਰੂ ਗ੍ਰੰਥ ਅਤੇ ਗੁਰੂ ਪੰਥ ਤੋਂ ਬਾਅਦ ਕੁੱਝ ਧਰੋਹਰ ਅਤੇ ਸੰਸਥਾਵਾ ਸਨ, ਜਿਹੜੀਆਂ ਔਖੀ ਘੜੀ ਜਾਂ ਹਲਾਤਾਂ ਦੇ ਮੱਦੇ ਨਜਰ ਸਾਡਾ ਮਾਰਗ ਦਰਸ਼ਨ ਕਰ ਸਕਦੀਆਂ ਹਨ। ਪੰਥ ਤਾਂ ਅੱਜ ਖੇਰੂੰ ਖੇਰੂੰ ਹੋ ਗਿਆ ਹੈ ਜਾਂ ਸਾਡੇ ਵਿਰੋਧੀ ਨੇ ਹੋਸ਼ੇ ਹੱਥਕੰਡੇ ਵਰਤਕੇ ਕਰਵਾ ਦਿੱਤਾ ਹੈ। ਗੁਰੂ ਗ੍ਰੰਥ ਉਂਤੇ ਹਮਲੇ ਆਰੰਭ ਹੋ ਗਏ ਹਨ, ਪਰ ਨਾਲ ਨਾਲ ਧਿਆਨ ਮਾਰੋ, ਗੁਰੂ ਦੇ ਹੱਥੀਂ ਵਰੋਸਾਇਆ ਅਕਾਲ ਤਖਤ ਸਾਹਿਬ ਅੱਜ ਸਾਡੇ ਵਿਚਾਰ ਵਿੱਚੋਂ ਦੂਰ ਹੁੰਦਾ ਜਾ ਰਿਹਾ ਹੈ, ਜਥੇਦਾਰ ਆਪਣੀਆਂ ਗੈਰ ਪੰਥਕ ਕਾਰਵਾਈਆਂ ਕਰਕੇ ਕੱਖੋਂ ਹੌਲੇ ਹੋ ਚੁੱਕੇ ਹਨ, ਪੰਜ ਪਿਆਰਿਆਂ ਨੂੰ ਕਦੇ ਮੁਅੱਤਲ ਕਰਕੇ, ਫਿਰ ਬਹਾਲ ਕਰਕੇ ਸਥਿੱਤੀ ਹਾਸੋਹੀਣੀ ਬਣਾ ਦਿੱਤੀ ਹੈ, ਬਜੁਰਗਾਂ ਦੀਆਂ ਬਣਾਈਆਂ ਸੰਸਥਾਵਾਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੋਹਾਂ ਨੂੰ ਨਲਾਇਕ ਅਤੇ ਨਾ ਅਹਿਲ ਪ੍ਰਬੰਧਕਾਂ ਨੇ ਬਰਬਾਦੀ ਦੀ ਕਬਰ ਵਿੱਚ ਪਾ ਦਿੱਤਾ ਹੈ। ਅੱਜ ਸਾਡੇ ਕੋਲ ਸਿਰਫ ਇੱਕ ਸਰਬੱਤ ਖਾਲਸਾ ਹੀ ਬਾਕੀ ਬਚਿਆ ਹੈ, ਜਿਸ ਦੇ ਸਹਾਰੇ ਕੌਮ ਆਪਣੇ ਬਚਾਅ ਦਾ ਕੋਈ ਉਪਰਾਲਾ ਕਰ ਸਕਦੀ ਹੈ, ਪਰ ਜੇ ਅਸੀਂ ਇਸ ਦੀ ਕਦਰ ਨਾ ਕੀਤੀ ਤਾਂ ਸਾਡੇ ਕੋਲੋਂ ਸਭ ਕੁੱਝ ਖਤਮ ਹੋ ਜਾਵੇਗਾ, ਫਿਰ ਅਸੀਂ ਕਿਸ ਤਰੀਕੇ ਕੌਮ ਦੀ ਸੰਭਾਲ ਕਰਾਂਗੇ ਅਤੇ ਇਤਿਹਾਸ ਨੂੰ ਕੀਹ ਜਵਾਬ ਦੇਵਾਂਗੇ।
   ਸਰਬੱਤ ਖਾਲਸਾ ਸੱਦਣ ਦਾ ਹਰ ਸਿੱਖ ਨੂੰ ਅਧਿਕਾਰ ਹੈ, ਪਰ ਸ਼ਰਤ ਇਹ ਹੈ ਕਿ ਇੱਕ ਤਾਂ ਇਸ ਵਿੱਚ ਉਸਦਾ ਆਪਣਾ ਜਾਤੀ ਜਾਂ ਜਮਾਤੀ ਕੋਈ ਮੁਫਾਦ ਨਾ ਹੋਵੇ, ਦੂਸਰਾ ਉਹ ਸਭ ਨੂੰ ਗੁਰੂ ਨਾਨਕ ਦਾ ਪਰਿਵਾਰ ਸਮਝਦਿਆਂ ਹਰ ਇੱਕ ਦੀ ਰਾਇ ਲਵੇ ਅਤੇ ਫਿਰ ਸਾਰੀਆਂ ਸਲਾਹਾਂ ਅਤੇ ਸੁਝਾਵਾਂ ਦਾ ਨਰੀਖਣ ਕਰਕੇ, ਇੱਕ ਗੁਰਮਤਾ ਤਿਆਰ ਹੋਵੇ, ਜਿਸ ਨੂੰ ਅਧਾਰ ਬਣਾਕੇ, ਸਰਬੱਤ ਖਾਲਸਾ ਸੱਦਿਆ ਜਾਵੇ ਅਤੇ ਉਸ ਏਜੰਡੇ ਦੀ ਸੰਗਤੀ ਸਹਿਮਤੀ ਨਾਲ ਪ੍ਰਵਾਨਗੀ ਲਈ ਜਾਵੇ, ਫਿਰ ਉਸ ਨੂੰ ਕੌਮੀ ਮਾਨਤਾ ਵਾਲਾ ਫੈਸਲਾ ਕਿਹਾ ਜਾ ਸਕਦਾ ਹੈ। ਅੱਜ ਸਿੱਖ ਕਿਸੇ ਸੂਬੇ ਜਾਂ ਦੇਸ਼ ਦੀ ਸਰਹੱਦ ਤੱਕ ਸੀਮਤ ਨਹੀਂ ਰਹੇ, ਸਗੋਂ ਸਾਰੀ ਦੁਨੀਆਂ ਵਿੱਚ ਸਿੱਖ ਕੌਮ ਪਸਰ ਚੁੱਕੀ ਹੈ। ਹਰ ਦੇਸ਼ ਅਤੇ ਹਰ ਸੂਬੇ ਦੇ ਸਿੱਖਾਂ ਦੇ ਆਪਣੇ ਆਪਣੇ ਮਸਲੇ ਹਨ, ਆਪਣੀਆਂ ਆਪਣੀਆਂ ਮੁਸ਼ਿਕਲਾ ਹਨ, ਸਰਬਤ ਖਾਲਸਾ ਜਦੋਂ ਵੀ ਹੋਵੇ, ਉਥੇ ਕੇਵਲ ਇੱਕ ਮੁੱਦਾ ਨਹੀਂ ਸਗੋਂ ਸਮੁੱਚੇ ਕੌਮੀ ਮਸਲਿਆਂ ਉਂਤੇ ਵਿਚਾਰ ਕਰਕੇ, ਕੌਮੀ ਰਾਇ ਬਣਾਉਣੀ ਲਾਜ਼ਮੀ ਹੈ ਕਿਉਂਕਿ ਸਰਬੱਤ ਖਾਲਸਾ ਕੋਈ ਮੀਟਿੰਗ ਨਹੀਂ, ਜਿਹੜੀ ਜਦੋਂ ਦਿਲ ਕਰੇ ਬੁਲਾ ਲਈ ਜਾਵੇ।
   ਸਰਬਤ ਖਾਲਸਾ ਸ਼ਹੀਦ ਭਾਈ ਮਨੀ ਸਿੰਘ ਨੇ ਵੀ ਬੁਲਾਇਆ ਸੀ, ਪਰ ਉਹਨਾਂ ਨੇ ਫਿਰ ਉਸਦੀ ਕੀਮਤ ਬੰਦ ਬੰਦ ਕਟਵਾਕੇ ਅਦਾ ਕੀਤੀ ਸੀ, ਅੱਜ ਵੀ ਸਰਬੱਤ ਖਾਲਸਾ ਬੁਲਾਉਣ ਵਾਲਿਆਂ ਨੂੰ ਹਰ ਤਰ੍ਹਾਂ ਦੀ ਨਿਜ਼ਾਮੀ ਗਰਮੀ ਜਾਂ ਕੌਮੀ ਜਵਾਬ ਤਲਬੀ ਦਾ ਸਾਹਮਣਾ ਕਰਨ ਦੀ ਹਿੰਮਤ ਰੱਖਣੀ ਚਾਹੀਦੀ ਹੈ। ਸਰਬੱਤ ਖਾਲਸਾ ਕਿਸੇ ਇਕੱਠ ਦਾ ਹੀ ਨਾਮ ਨਹੀਂ ਹੈ, ਇਕੱਠ ਤਾਂ ਹਕੂਮਤਾਂ ਵੱਡੇ ਵੱਡੇ ਕਰ ਸਕਦੀਆਂ ਹਨ ਅਤੇ ਉਹਨਾਂ ਕੋਲ ਸਾਡੇ ਤੋਂ ਸੋਹਣੇ ਚਿਹਰਿਆਂ ਦੀ ਵੀ ਘਾਟ ਨਹੀਂ ਹੈ। ਦਰਅਸਲ ਸਰਬੱਤ ਖਾਲਸਾ ਇੱਕ ਸਿਧਾਂਤ ਹੈ, ਜਿਹੜਾ ਸਮੇਂ ਤੇ ਸੇਧ ਦੇ ਸਕਦਾ ਹੈ ਅਤੇ ਇਸ ਦੀ ਰਾਖੀ ਵੀ ਸਾਨੂੰ ਕਰਨੀ ਪਵੇਗੀ ਤਾਂ ਕਿ ਇਹ ਕਿਤੇ ਟੁੱਟ ਨਾ ਜਾਵੇ ਅਤੇ ਅਸੀਂ ਭਵਿੱਖ ਵਿੱਚ ਇਸ ਤੋਂ ਵੀ ਵਾਂਝੇ ਨਾ ਹੋ ਜਾਈਏ।
   ਦਿਵਾਲੀ ਤੋਂ ਇੱਕ ਦਿਨ ਪਹਿਲਾ ਹੋਣ ਵਾਲਾ ਸਰਬੱਤ ਖਾਲਸਾ ਕੇਵਲ ਕੁੱਝ ਬੰਦਿਆਂ ਦੇ ਦਿਮਾਗ ਦੀ ਕਾਢ ਸੀ ਅਤੇ ਉਸ ਵੀ ਇਸ ਕਾਹਲੀ ਵਿੱਚ ਸਨ ਕਿ ਕਿਤੇ ਕੋਈ ਹੋਰ ਸਰਬੱਤ ਖਾਲਸਾ ਬੁਲਾਉਣ ਦਾ ਐਲਾਨ ਕਰਕੇ ਬਾਜ਼ੀ ਸਾਡੇ ਹੱਥੋਂ ਨਾ ਖੋਹ ਲਵੇ। ਸਿਰਫ ਦੋ ਤਿੰਨ ਜਥੇਬੰਦੀਆਂ ਜਿਹਨਾਂ ਵਿੱਚੋਂ ਇੱਕ ਦੋ ਕੋਲ ਤਾਂ ਆਪਣੀ ਜਥੇਬੰਦੀਆਂ ਦੀਆਂ ਇਕਾਈਆਂ ਜਾਂ ਅਹੁਦੇਦਾਰ ਵੀ ਪੂਰੇ ਨਹੀਂ ਹਨ, ਨੇ ਬੜੀ ਜਲਦਬਾਜ਼ੀ ਵਿੱਚ ਮੀਟਿੰਗ ਬੁਲਾਕੇ, ਬਿਨ੍ਹਾਂ ਕਿਸੇ ਨਾਲ ਸਲਾਹ ਕੀਤੇ, ਪੰਥਕ ਕੰਵੈਨਸ਼ਨ ਅਤੇ ਨਾਲ ਹੀ ਸਰਬੱਤ ਖਾਲਸਾ ਬਲਾਉਣ ਦਾ ਐਲਾਨ ਕਰ ਦਿੱਤਾ। ਲੁਧਿਆਣਾ ਵਿਖੇ ਸੱਦੀ ਇਸ ਕੰਵੈਨਸ਼ਨ ਤੋਂ ਪਹਿਲਾਂ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਜਾਂ ਕੁੱਝ ਸਿੱਖ ਸ਼ਖਸੀਅਤਾਂ ਨੂੰ ਇਹ ਭਰੋਸਾ ਦੇ ਕੇ ਬੁਲਾਇਆ ਗਿਆ ਸੀ ਕਿ ਅੱਜ ਦੀ ਕੰਨਵੈਸ਼ਨ ਵਿੱਚ ਸਰਬੱਤ ਖਾਲਸਾ ਦਾ ਐਲਾਨ ਨਹੀਂ ਕੀਤਾ ਜਾਵੇਗਾ। ਕੰਵੈਨਸ਼ਨ ਵਿੱਚ ਸ਼ਾਮਲ, ਤਖਤ ਦਮਦਮਾ ਸਾਹਿਬ ਦੇ ਦੋ ਸਾਬਕਾ ਜਥੇਦਾਰਾਂ ਗਿਆਨੀ ਕੇਵਲ ਸਿੰਘ ਅਤੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਨਾਲ ਨਾਲ ਭਾਈ ਧਿਆਨ ਸਿੰਘ ਮੰਡ ਨੇ ਵੀ ਸਰਬਤ ਖਾਲਸਾ ਬਲਾਉਣ ਵਾਸਤੇ ਹਾਲੇ ਹੋਰ ਮੀਟਿੰਗਾਂ ਦਾ ਸੁਝਾਅ ਦਿੱਤਾ ਸੀ, ਪਰ ਸਭ ਵਿਚਾਰਾਂ ਨੂੰ ਨਜਰ ਅੰਦਾਜ਼ ਕਰਕੇ ਸਮਾਪਤੀ ਸਮੇਂ 10 ਨਵੰਬਰ ਨੂੰ ਸਰਬੱਤ ਖਾਲਸਾ ਬੁਲਾਉਣ ਦਾ ਐਲਾਨ ਕਰ ਦਿੱਤਾ ਗਿਆ। ਜਿਸ ਨਾਲ ਪੰਥਕ ਹਲਕਿਆਂ ਵਿੱਚ ਇਸ ਕਾਹਲੀ ਨੂੰ ਲੈਕੇ ਬੜੀ ਹੈਰਾਨੀ ਅਤੇ ਚਰਚਾ ਆਰੰਭ ਹੋਈ ਕਿ ਏਨੀ ਤੇਜੀ ਕਿਸ ਵਾਸਤੇ ਕੀਤੀ ਜਾ ਰਹੀ ਹੈ, ਇਸ ਨਾਲ ਸਹਿਮਤੀ ਦੀ ਥਾਂ ਮਹੌਲ ਵਿੱਚ ਸ਼ੰਕਾਵਾਂ ਖੜੀਆਂ ਹੋ ਗਈਆਂ ਹਨ।
    ਅੱਜ ਪੰਥ ਕੋਲ ਬਹੁਤ ਸਾਰੇ ਸਾਬਕਾ ਜਥੇਦਾਰ ਹਨ, ਜਿਹੜੇ ਕਿਸੇ ਵੇਲੇ ਅਕਾਲ ਤਖਤ ਜਾਂ ਦੂਸਰੇ ਤਖਤ ਸਾਹਿਬਾਨ ਉਂਤੇ ਸੇਵਾ ਨਿਭਾਉਂਦੇ ਰਹੇ ਹਨ, ਇਹਨਾਂ ਵਿੱਚੋਂ ਭਾਈ ਰਣਜੀਤ ਸਿੰਘ, ਪ੍ਰੋ. ਦਰਸ਼ਨ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਪ੍ਰੋ. ਮਨਜੀਤ ਸਿੰਘ, ਗਿਆਨੀ ਕੇਵਲ ਸਿੰਘ ਅਤੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸਮੇਤ, ਅੱਜ ਸਾਰੇ ਹੀ ਇਸ ਸਰਬੱਤ ਖਾਲਸਾ ਤੋਂ ਦੂਰੀ ਬਣਾਕੇ ਬੈਠੇ ਹਨ। ਬਹੁਤ ਸਾਰੇ ਵਿਦਵਾਨ ਅਤੇ ਪੰਥ ਦਰਦੀ ਵੀ ਖਮੋਸ਼ ਹਨ, ਸੰਗਤ ਦੇ ਜਜਬਾਤਾਂ ਵਿੱਚ ਬੇਸ਼ਕ ਅਥਾਹ ਗਰਮੀ ਹੈ, ਪਰ ਸਰਬੱਤ ਖਾਲਸਾ ਬਾਰੇ ਦੋਚਿੱਤੀ ਵਾਲਾ ਮਾਹੌਲ ਬਣ ਚੁੱਕਿਆ ਹੈ। ਕੁੱਝ ਲੋਕ ਤਾਂ ਇਹ ਵੀ ਚਰਚਾ ਕਰਦੇ ਹਨ ਕਿ ਸਰਬੱਤ ਖਾਲਸਾ ਵਿੱਚ ਮੋਹਰੀ ਲੋਕਾਂ ਕੋਲੋਂ, ਸਰਬੱਤ ਖਾਲਸਾ ਸੱਦਣ ਤੋਂ ਪਹਿਲਾਂ ਇਹ ਜਵਾਬਦੇਹੀ ਕਰਨੀ ਬਣਦੀ ਹੈ ਕਿ ਜਿਹੜੇ ਸੰਘਰਸ਼ ਵਿੱਚ ਉਹਨਾਂ ਨੂੰ ਪਹਿਲਾਂ ਆਗੂ ਬਣਾਇਆ ਗਿਆ ਸੀ, ਉਸ ਦਾ ਕੀਹ ਨਤੀਜਾ ਕੱਢਕੇ ਦਿੱਤਾ ਹੈ? ਖਾਸ ਕਰਕੇ ਸਲਾਬਤਪੁਰੇ ਸੌਦਾ ਸਾਧ ਦੇ ਮਾਮਲੇ ਉਤੇ 2007 ਵਿੱਚ ਬਣੀ ਖਾਲਸਾ ਐਕਸ਼ਨ ਕਮੇਟੀ ਆਪਣੀ ਕਾਰਗੁਜ਼ਾਰੀ ਦੱਸੇ ਕਿ ਉਸ ਸੰਘਰਸ਼ ਦਾ ਕੀਹ ਬਣਿਆ? ਫਿਰ ਬਾਪੁ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਕਿੱਥੇ ਹੈ, ਉਹ ਨਾ ਜਿਉਂਦਿਆਂ ਵਿੱਚ ਹੈ ਨਾ ਮਰਿਆਂ ਵਿੱਚ ਹੈ, ਅੱਗਾ ਦੌੜ ਅਤੇ ਪਿੱਛਾ ਚੌੜ ਵਾਲੀ ਸਥਿਤੀ ਬਣੀ ਹੋਈ ਹੈ।
   ਸਰਬੱਤ ਖਾਲਸਾ ਵਿੱਚ ਵੱਡੇ ਮਸਲੇ ਵਿਚਾਰੇ ਜਾਣੇ ਹਨ, ਜਿਸ ਦਾ ਚੰਗਾ ਜਾਂ ਮਾੜਾ ਪ੍ਰਭਾਵ ਸਾਰੀ ਕੌਮ ਉਂਤੇ ਪਵੇਗਾ। ਅੱਜ ਲੋੜ ਸੀ ਕਿ ਭਾਰਤ ਦੇ ਸਾਰੇ ਸੂਬਿਆਂ ਵਿੱਚਲੇ ਸਿੱਖ ਦੇ ਵਿਚਾਰ ਲਏ ਜਾਂਦੇ। ਪੰਜਾਬ ਵਿੱਚ ਵਿਚਰਦੀਆਂ ਪੰਥਕ ਜਥੇਬੰਦੀਆਂ ਅਤੇ ਸੰਸਥਾਵਾਂ ਤੋਂ ਮਤੇ ਪਾਸ ਕਰਵਾਏ ਜਾਂਦੇ, ਇੰਜ ਹੀ ਵਿਦੇਸ਼ ਵਿੱਚੋਂ ਹਰ ਖੇਤਰ ਦੇ ਸਿੱਖਾਂ ਤੋਂ ਮਤੇ ਮੰਗਵਾਏ ਜਾਂਦੇ, ਖਾਸ ਕਰਕੇ ਜਿਵੇ ਅੱਜ ਕਨੇਡਾ ਦੀ ਸਰਕਾਰ ਵਿੱਚ ਪੰਜ ਸਿੱਖ ਮੰਤਰੀ ਬਣ ਚੁੱਕੇ ਹਨ ਅਤੇ ਰੱਖਿਆ ਵਰਗੇ ਅਹਿਮ ਵਿਭਾਗ ਉਂਤੇ ਸਿੱਖ ਸਰਦਾਰ ਨੂੰ ਜਿੰਮੇਵਾਰੀ ਦਿੱਤੀ ਗਈ ਹੈ, ਹੁਣ ਸਾਨੂੰ ਉਹਨਾਂ ਥਾਵਾਂ ਦੇ ਵਸਿੰਦਿਆਂ ਦੀ ਰਾਇ ਵੀ ਲੈਣੀ ਚਾਹੀਦੀ ਸੀ। ਇਹ ਵੱਖਰੀ ਗੱਲ ਹੈ ਕਿ ਕੋਈ ਇੱਕ ਜਥੇਬੰਦੀ ਆਪਣੇ ਚਾਰ ਚਹੇਤਿਆਂ ਤੋਂ ਮਤੇ ਪਵਾਕੇ, ਉਸ ਨੂੰ ਆਮ ਸਿੱਖਾਂ ਦੀ ਸਹਿਮਤੀ ਆਖੀ ਜਾਵੇ, ਇਸ ਨਾਲ ਆਪਣੇ ਆਪ ਨੂੰ ਅਤੇ ਕੌਮ ਨੂੰ ਵੀ ਹਨੇਰੇ ਵਿੱਚ ਰੱਖਣ ਤੋਂ ਸਿਵਾ ਹੋਰ ਕੁੱਝ ਹਾਸਿਲ ਹੋਣ ਵਾਲਾ ਨਹੀਂ ਹੈ। ਸਾਰੇ ਸੰਸਾਰ ਤੋਂ ਹਰ ਖੇਤਰ ਵਿੱਚ ਵਿਚਰਦੀਆਂ ਸਿੱਖ ਜਥੇਬੰਦੀਆਂ ਜਾਂ ਸੰਸਥਾਵਾਂ ਵੱਲੋਂ ਵਿਚਾਰ ਇਕੱਠੇ ਕਰਕੇ, ਵਿਦਵਾਨਾ ਅਤੇ ਸੂਝਵਾਨ ਧਾਰਮਿਕ ਅਤੇ ਰਾਜਸੀ ਸਿੱਖਾਂ ਦੀ ਇੱਕ ਕਮੇਟੀ ਬਨਣੀ ਚਾਹੀਦੀ ਸੀ, ਜਿਹੜੀ ਇਸ ਉਂਤੇ ਗੰਭੀਰਤਾ ਨਾਲ ਵਿਚਾਰ ਕਰਦੀ ਅਤੇ ਫਿਰ ਇੱਕ ਸਾਂਝਾ ਏਜੰਡਾ ਤਿਆਰ ਹੁੰਦਾ, ਜਿਸ ਦੀ ਪ੍ਰਵਾਨਗੀ ਵਾਸਤੇ ਸਰਬੱਤ ਖਾਲਸਾ ਇਕੱਠ ਬੁਲਾਇਆ ਜਾਂਦਾ ਪਰ ਅਜਿਹਾ ਹੋ ਨਹੀਂ ਸਕਿਆ।
   ਜੇ ਇਹ ਸਰਬੱਤ ਖਾਸਲਾ ਹੋਵੇਗਾ ਅਤੇ ਬਹੁਤ ਸਾਰੀਆਂ ਜਥੇਬੰਦੀਆਂ ਅਤੇ ਸ਼ਖਸੀਅਤਾਂ ਇਸ ਤੋਂ ਬਾਹਰ ਰਹੀਆਂ ਤਾਂ ਫਿਰ ਇਹ ਸਰਬੱਤ ਖਾਸਲਾ ਕੌਮ ਨੂੰ ਕੁੱਝ ਦੇਣ ਦੀ ਬਜਾਇ ਇੱਕ ਨਵੀਂ ਦੁਬਿਧਾ ਪੈਦਾ ਕਰ ਦੇਵੇਗਾ। ਅੱਜ ਲੋੜ ਤਾਂ ਸਮੁੱਚੀ ਕੌਮ ਵਿੱਚ ਏਕਤਾ ਪੈਦਾ ਕਰਨ ਦੀ ਹੈ, ਪਰ ਜੇ ਵੰਡੀਆਂ ਹੀ ਪੈ ਗਈਆਂ ਤਾਂ ਫਿਰ ਸਰਬੱਤ ਖਾਲਸਾ ਕਿਹੜੇ ਕੰਮ ਆਇਆ? ਇਸ ਵਾਸਤੇ ਅੱਜ ਸਾਰੀਆਂ ਜਥੇਬੰਦੀਆਂ ਅਤੇ ਆਗੂਆਂ ਨੂੰ ਬੜੀ ਸਮਝਦਾਰੀ ਨਾਲ ਵਿਚਰਨ ਦੀ ਲੋੜ ਹੈ, ਜੇ ਸਭ ਦੀ ਸਹਿਮਤੀ ਨਹੀਂ ਹੈ ਤਾਂ 10 ਨਵੰਬਰ ਨੂੰ ਹੋਣ ਵਾਲੇ ਸਰਬੱਤ ਖਾਲਸਾ ਵਿੱਚ ਤਬਦੀਲੀ ਕਰ ਲੈਣੀ ਵੀ ਪੰਥ ਪ੍ਰਸਤੀ ਹੋਵੇਗੀ। ਇਸ ਇਕੱਠ ਦਾ ਨਾਮ ਪੰਥਕ ਕਾਨਫਰੰਸ ਰੱਖ ਦਿੱਤਾ ਜਾਵੇ ਅਤੇ ਇੱਕ ਰਾਇ ਤਿਆਰ ਕਰਕੇ ਉਸ ਨੂੰ ਸਰਬੱਤ ਖਾਲਸਾ ਦੇ ਏਜੰਡੇ ਵਾਸਤੇ ਪੇਸ਼ ਕੀਤਾ ਜਾਵੇ ਅਤੇ ਸਰਬਤ ਖਾਲਸਾ ਬਲਾਉਣ ਵਾਸਤੇ ਅੱਗੋਂ ਕੋਸ਼ਿਸ਼ਾਂ ਜਾਰੀ ਰੱਖੀਆਂ ਜਾਣ ਅਤੇ ਸਾਰੀਆਂ ਜਥੇਬੰਦੀਆਂ ਨੂੰ ਆਪਣੀ ਰਾਇ ਦੇਣ ਦਾ ਮੌਕਾ ਦਿੱਤਾ ਜਾਵੇ, ਇਸ ਨਾਲ ਪੰਥ ਵਿੱਚ ਇੱਕਸੁਰਤਾ ਬਣੀ ਰਹਿ ਸਕਦੀ ਹੈ ਅਤੇ ਕੌਮ ਦੀ ਚੜ੍ਹਦੀਕਲਾ ਹੋ ਸਕਦੀ ਹੈ। ਗੁਰੂ ਰਾਖਾ!!!
 ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ
           93161 76519
………………………………….
ਟਿੱਪਣੀ:-   ਬਹੁਤ ਜਾਇਜ਼ ਸਲਾਹ ਹੈ, ਇਤਿਹਾਸ ਕਦੇ ਇਹ ਨਹੀਂ ਵਿਚਾਰਦਾ ਕਿ ਕਿਹੜਾ ਕੰਮ ਕਿੰਨੇ ਚਿਰ ਵਿਚ ਹੋਇਆ ? ਛੇਤੀ ਹੋਇਆ ਜਾਂ ਦੇਰ ਨਾਲ ਹੋਇਆ ? ਇਤਿਹਾਸ ਸਿਰਫ ਇਹ ਫੈਸਲਾ ਕਰਦਾ ਹੈ ਕਿ, “ਫੈਸਲਾ ਸਹੀ ਹੋਇਆ ਜਾਂ ਗਲਤ ਹੋਇਆ ?” ਜੇ ਫੈਸਲਾ ਸਹੀ ਹੋਇਆ ਤਾਂ ਪੰਥ ਤਰੱਕੀ ਵੱਲ ਵਧੇਗਾ। ਜੇ ਫੈਸਲਾ ਗਲਤ ਹੋਇਆ ਤਾਂ, ਕੁਝ ਪਲਾਂ ਦੀ ਕਾਹਲੀ ਕਾਰਨ ਪੰਥ ਸਦੀਆਂ ਤੱਕ ਸਜ਼ਾ ਭੁਗਤੇਗਾ। ਪੰਥ ਤਾਂ ਪਹਿਲਾਂ ਹੀ ਸਦੀਆਂ ਪਿੱਛੇ ਹੈ, ਕਾਹਲੀ ਕਰ ਕੇ ਪੰਥ ਦੀਆਂ ਬੇੜੀਆਂ ਵਿਚ ਹੋਰ ਵੱਟੇ ਨਾ ਪਾਉ। ਵਿਚਾਰੋ, ਵਿਚਾਰੋ ਅਤੇ ਵਿਚਾਰੋ।                 

                         ਅਮਰ ਜੀਤ ਸਿੰਘ ਚੰਦੀ
                                  7-11-15

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.