ਕੈਟੇਗਰੀ

ਤੁਹਾਡੀ ਰਾਇ



ਇਕਵਾਕ ਸਿੰਘ ਪੱਟੀ
ਵਿਧਾਨ ਸਭਾ ਚੋਣਾਂ 2017; ਬਟਨ ਦਬਾਉਣ ਤੋਂ ਪਹਿਲਾਂ
ਵਿਧਾਨ ਸਭਾ ਚੋਣਾਂ 2017; ਬਟਨ ਦਬਾਉਣ ਤੋਂ ਪਹਿਲਾਂ
Page Visitors: 2592

ਵਿਧਾਨ ਸਭਾ ਚੋਣਾਂ 2017; ਬਟਨ ਦਬਾਉਣ ਤੋਂ ਪਹਿਲਾਂ
    ਪੰਜਾਬ ਵਿਧਾਨ ਸਭਾ ਚੌਣਾਂ 2017 ਦਾ ਦਿਨ ਤੈਅ ਹੋ ਚੁੱਕਿਆ ਹੈ। ਹਰ ਪੁਰਾਣੀ ਅਤੇ ਨਵੀਂ ਸਿਆਸੀ ਪਾਰਟੀ ਪੂਰੀ ਵਾਹ ਨਾਲ ਵੋਟਰਾਂ ਨੂੰ ਭਰਮਾਉਣ ਲਈ ਯਤਨਸ਼ੀਲ ਹੈ ਅਤੇ ਪੰਜਾਬ ਦਾ ਸੁਨਿਹਰੀ ਭਵਿੱਖ ਬਣਾ ਕੇ ਦੇਣ ਦਾ ਦਾਅਵਾ ਕਰ ਰਹੀ ਹੈ। ਬਿਨ੍ਹਾਂ ਸ਼ੱਕ ਖ਼ਾਸ ਕਰਕੇ ਗੁਰੂਆਂ/ਪੀਰਾਂ ਦੇ ਨਾਮ ਨਾਲ ਜਾਣੀ ਜਾਂਦੀ ਪੰਜਾਬ ਦੀ ਧਰਤੀ ਉੱਤੇ ਨਸ਼ਿਆਂ ਦੀ ਮਾਰ ਨੇ ਅਣਗਿਣਤ ਮਾਵਾਂ ਦੇ ਜੁਆਨ ਗੱਭਰੂ ਪੁੱਤ ਖੋਹ ਲਏ ਉੱਥੇ ਬੇਅੰਤ ਪਰਵਾਰਾਂ ਦਾ ਉਜਾੜਾ ਹੋਇਆ ਹੈ, ਜਿੱਥੇ ਨਸ਼ੇ ਨੇ ਆਪਣਾ ਵਾਸ ਕਰ ਲਿਆ।
   ਨਸ਼ੇ, ਬੇਰੁਜ਼ਗਾਰੀ, ਵਿਕਾਸ, ਵਿੱਦਿਆ, ਭ੍ਰਿਸ਼ਟਾਚਾਰ ਅਤੇ ਕਿਸਾਨੀ ਕੁੱਝ ਕੁ ਅਜਿਹੇ ਗੰਭੀਰ ਮਸਲੇ ਹਨ, ਜੇ ਇਹਨਾਂ ਪ੍ਰਤੀ ਹਰੇਕ ਸਰਕਾਰ ਸੁਚੇਤ ਹੋ ਕੇ ਖ਼ਾਸ ਤਵਜੋਂ ਦੇਵੇ ਤਾਂ ਪੰਜਾਬ ਨੂੰ ਦਾਅਵਿਆਂ ਵਾਲੇ ਪੰਜਾਬ ਤੋਂ ਵੀ ਵਧੀਆ ਬਣਾ ਕੇ ਦੁਨੀਆ ਦੇ ਨਕਸ਼ੇ ਤੇ ਪੇਸ਼ ਕੀਤਾ ਜਾ ਸਕਦਾ ਹੈ। ਕਿਸੇ ਵੀ ਸਰਕਾਰ ਨੂੰ ਨਿੰਦਣਾ ਬੜਾ ਸੌਖਾ ਕੰਮ ਹੁੰਦਾ ਹੈ ਅਤੇ ਨਿੰਦਣ ਵਾਲੇ ਲੋਕ ਵੀ ਅਸੀਂ ਹੀ ਹੁੰਦੇ ਹਾਂ, ਜਿਨ੍ਹਾਂ ਨੇ ਸਰਕਾਰਾਂ ਆਪਣੀ ਸੱਭ ਤੋਂ ਵੱਡੀ ਸ਼ਕਤੀ ‘ਵੋਟ’ ਪਾ ਕੇ ਚੁਣੀਆਂ ਹੁੰਦੀਆਂ ਹਨ। ਸਰਕਾਰਾਂ ਨੂੰ ਨਿੰਦਣ ਦੀ ਥਾਂ ਜੇਕਰ ਆਪਣੀ ਵੋਟ ਸ਼ਕਤੀ ਦੀ ਸਹੀ ਵਰਤੋਂ ਕਰੀਏ ਤਾਂ ਸ਼ਾਇਦ ਸਾਨੂੰ ਆਉਂਦੇ ਪੰਜ ਸਾਲ ਝੁਰਨਾ ਨਹੀਂ ਪਵੇਗਾ।
ਵੋਟ ਦਾ ਇਸਤੇਮਾਲ ਕਰਦੇ ਵੇਲੇ ਭਾਵੇਂ ਕਿ ਕੁੱਝ ਵੋਟਰ ਆਪਣੀ ਮਰਜ਼ੀ ਅਨੁਸਾਰ ਆਪਣੀਆਂ ਧਾਰਮਿਕ ਭਾਵਨਾਵਾਂ ਅਨੁਸਾਰ, ਜਾਂ ਫਿਰ ਆਪਣੇ ਇਲਾਕੇ ਦੇ ਯੋਗ ਉਮੀਦਵਾਰ ਲਈ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਵੇ, ਜਾਂ ਫਿਰ ਸ਼ੁਰੂ ਤੋਂ ਪਰਿਵਾਰ ਜਿਸ ਪਾਰਟੀ ਨਾਲ ਜੁੜਿਆ ਹੋਵੇ ਉਸ ਵੱਲ ਝੁਕਾਅ ਰੱਖਦੇ ਹਨ ਅਤੇ ਕਈ ਵਾਰ ਜਾਤ/ਬਰਾਦਰੀ ਨੂੰ ਪ੍ਰਮੁੱਖਤਾ ਦਿੰਦੇ ਹਨ, ਜਿਸ ਕਰਕੇ ਨਾ ਤਾਂ ਵੋਟਰ ਅਤੇ ਨਾ ਹੀ ਸਿਆਸੀ ਪਾਰਟੀਆਂ ਨਿਰਪੱਖਤਾ ਨਾਲ ਸਮਾਜਿਕ ਹਿੱਤਾਂ ਨਾਲ ਇਨਸਾਫ ਕਰ ਸਕਦੀਆਂ ਹਨ। ਕਈ ਵਾਰ ਤਾਂ ਵੋਟਰਾਂ ਵਿੱਚ ਨਿੱਜਤਾ ਇੰਨੀ ਪ੍ਰਧਾਨ ਹੋ ਜਾਂਦੀ ਹੈ ਕਿ ਨਿੱਜੀ ਸਵਾਰਥਾਂ ਹਿੱਤ ਕੁੱਝ ਕੁ ਘਰੇਲੂ ਲੋੜਾਂ ਨੂੰ ਮੁੱਖ ਰੱਖ ਕੇ ਜਾਂ ਨਸ਼ਿਆਂ ਵਿਰੱਧ ਬੋਲਣ ਵਾਲੇ, ਸ਼ਰਾਬ ਦੀਆਂ ਕੁੱਝ ਬੋਤਲਾਂ ਬਦਲੇ ਹੀ ਆਪਣੀ ਵੋਟ ਦੀ ਦੁਰਵਰਤੋਂ ਕਰ ਜਾਂਦੇ ਹਨ।
    ਸੋ ਵੋਟਰ ਜੇਕਰ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ, ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਸਮਾਜਿਕ ਤਾਣੇ ਬਾਣੇ ਪ੍ਰਤੀ ਸੰਜੀਦਾ ਹੋ ਕੇ, ਸਮਾਜਿਕ ਹਿੱਤਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਆਪਣੀ ਵੋਟ ਸ਼ਕਤੀ ਦੀ ਸਹੀ ਵਰਤੋਂ ਕਰੇ, ਤਾਂ ਕੇਵਲ ਪੰਜਾਬ ਸੂਬਾ ਹੀ ਨਹੀਂ, ਦੇਸ਼ ਦਾ ਹਰ ਸੂਬਾ ਖੁਸ਼ਹਾਲ, ਭ੍ਰਿਸ਼ਟਾਚਾਰ ਤੋਂ ਮੁਕਤ ਅਤੇ ਸੋਨੇ ਦੀ ਚਿੜ੍ਹੀ ਬਣ ਸਕਦਾ ਹੈ।
    ਆਉ! ਵਾਅਦਿਆਂ ਅਤੇ ਛੋਟੇ-ਵੱਡੇ ਲਾਲਚਾਂ ਨੂੰ ਇਕ ਪਾਸੇ ਰੱਖ ਕੇ, ਪੰਜਾਬ ਦੇ ਸੁਨਿਹਰੀ ਭਵਿੱਖ ਵੱਲ ਕਦਮ ਵਧਾਈਏ। ਸੋ ਬਟਨ ਦਬਾਉਣ ਤੋਂ ਪਹਿਲਾਂ ਚੇਤੇ ਰੱਖਿਉ ਚੇਤੇ ਰੱਖਿਉ ਉਪਰੋਕਤ ਨੁਕਤੇ।
ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ
ਮੋ. 9815024920
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.