ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
ਸਿੱਖ ਇਤਿਹਾਸ ਜਾਂ ਮਿਥਿਹਾਸ ?
ਸਿੱਖ ਇਤਿਹਾਸ ਜਾਂ ਮਿਥਿਹਾਸ ?
Page Visitors: 2804

ਸਿੱਖ ਇਤਿਹਾਸ ਜਾਂ ਮਿਥਿਹਾਸ ?
ਸਿੱਖ ਧਰਮ ਇਕ ਇਤਿਹਾਸਕ ਧਰਮ ਹੈ। ਪਰ ਸਾਡੇ ਕੋਲ ਮੌਜੂਦ ਇਤਿਹਾਸਕ ਗ੍ਰੰਥਾਂ ਵਿਚ ਬਹੁਤ ਸਾਰੇ ਮਿਥਿਹਾਸਕ ਹਵਾਲੇ ਦਰਜ਼ ਮਿਲਦੇ ਹਨ, ਜੋ ਗੁਰਮਤਿ ਅਨੁਸਾਰੀ ਨਾਂ ਹੋਣ ਕਰਕੇ ਸਵਾਲਾਂ ਦੇ ਘੇਰੇ ਵਿਚ ਆ ਜਾਂਦੇ ਹਨ।
ਇਸ ਪੱਖ ਨੂੰ ਸਮਝਣ ਲਈ ਸਾਨੂੰ ਪਹਿਲਾਂ ਇਤਿਹਾਸ ਅਤੇ ਮਿਥਿਹਾਸ ਦੀ ਪ੍ਰੀਭਾਸ਼ਾ ਨੂੰ ਸਾਹਮਣੇ ਰੱਖਣ ਦੀ ਲੋੜ ਹੈ।
ਇਤਿਹਾਸ:— ਬੀਤੀਆਂ ਹੋਈਆਂ ਘਟਨਾਵਾਂ ਦਾ ਕ੍ਰਮ ਅਨੁਸਾਰ ਸਹੀ ਜ਼ਿਕਰ ਕਰਨ ਨੂੰ ਇਤਿਹਾਸ ਕਿਹਾ ਜਾਂਦਾ ਹੈ।
ਮਿਥਿਹਾਸ:— ਮਨੋਕਲਪਿਤ ਤਰੀਕੇ ਨਾਲ ਘਟਨਾਵਾਂ, ਯਥਾਰਥ ਆਦਿ ਦੇ ਵਰਨਣ ਨੂੰ ਮਿਥਿਹਾਸ ਕਿਹਾ ਜਾਂਦਾ ਹੈ।
ਇਕ ਵਿਦਵਾਨ ਵਲੋਂ ਇਤਿਹਾਸ ਅਤੇ ਮਿਥਿਹਾਸ ਦੇ ਅੰਤਰ ਨੂੰ ਬਹੁਤ ਹੀ ਸਪਸ਼ਟ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ -
‘ਇਤਿਹਾਸ ਅਤੇ ਮਿਥਿਹਾਸ ਵਿਚ ਅੰਤਰ ਇਹ ਹੈ ਕਿ ਮਿਥ ਮਨਘੜ੍ਹਤ ਜਾਂ ਵਧਾਅ-ਚੜਾਅ ਕੇ ਪੇਸ਼ ਕੀਤੀ ਜਾਂਦੀ ਹੈ, ਜਦੋਂ ਕਿ ਇਤਿਹਾਸ ਵਾਪਰੀ ਘਟਨਾ ਦਾ ਤੱਥਾਂ ਦੇ ਆਧਾਰ ਉਪਰ ਵਿਸ਼ਲੇਸ਼ਣ ਪ੍ਰਸਤੁਤ ਕਰਦਾ ਹੈ। ਤੱਥ ਆਪ ਨਹੀਂ ਬੋਲਦੇ , ਇਤਿਹਾਸਕਾਰ ਤੱਥਾਂ ਨੂੰ ਬੁਲਾਉਣ ਵਾਲਾ ਕਲਾਕਾਰ ਹੈ। ਇਤਿਹਾਸਕਾਰ ਆਪਣੀ ਮਰਜ਼ੀ ਅਨੁਸਾਰ ਉਹਨਾਂ ਤੱਥਾਂ ਨੂੰ ਤਰਤੀਬ ਦੇ ਕੇ ਸਜਾ ਲੈਂਦਾ ਹੈ’।
ਉਪਰੋਕਤ ਤੋਂ ਸਪਸ਼ਟ ਹੁੰਦਾ ਹੈ ਕਿ ਇਤਿਹਾਸ ਦੀ ਪੇਸ਼ਕਾਰੀ ਸਮੇਂ ਇਤਿਹਾਸਕਾਰਾਂ ਵਲੋਂ ਆਪਣੇ—ਆਪਣੇ ਨਜ਼ਰੀਏ ਨਾਲ ਲਿਖਿਆ ਜਾਣਾ ਸੁਭਾਵਕ ਹੋ ਜਾਂਦਾ ਹੈ ਅਤੇ ਇਹੀ ਕਾਰਣ ਇਤਿਹਾਸਕਾਰਾਂ ਦੀਆਂ ਲਿਖਤਾਂ ਵਿਚ ਇਕੋ ਤਰਾਂ ਦੀਆਂ ਵੱਖ—ਵੱਖ ਘਟਨਾਵਾਂ ਪ੍ਰਤੀ ਅੰਤਰ ਰੂਪ ਵਿਚ ਸਾਹਮਣੇ ਆਉਂਦਾ ਹੈ।
ਪੁਰਾਤਨ ਇਤਿਹਾਸਕ ਗ੍ਰੰਥਾਂ ਵਿਚ ਗੁਰਮਤਿ ਸਿਧਾਂਤਾਂ ਤੋਂ ਵਿਰੁਧ ਮਿਲਾਵਟ ਸਬੰਧੀ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਲਿਖਤ “ ਗੁਰੁਮਤ ਮਾਰਤੰਡ” ਦੀ ਭੂਮਿਕਾ (ਪੰਨਾ ੳ ਤੋਂ ਮ ਤਕ —30 ਪੰਨੇ ) ਵਿਚ ਬਹੁਤ ਸਪਸ਼ਟ ਹਵਾਲੇ ਦੇ ਕੇ ਗੁਰਬਾਣੀ ਦੀ ਕਸਵਟੀ ਉਪਰ ਪਰਖਦੇ ਹੋਏ ਨਿਰਣੇ ਦਿਤੇ ਗਏ ਹਨ, ਜੋ ਪੜ੍ਹਨ ਅਤੇ ਸਮਝਣ ਯੋਗ ਹਨ। ਇਸ ਸਬੰਧੀ ਪਰਕਰਣ ਨੂੰ ਚੰਗੀ ਤਰਾਂ ਸਮਝਣ ਲਈ
(1) ਉਸੂਲ ਵਿਰੁੱਧ (2) ਇਤਿਹਾਸ ਵਿਰੁੱਧ (3) ਯੁਕਤੀ ਵਿਰੁੱਧ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ, ਜਿਸ ਤਹਿਤ ਉਨ੍ਹਾਂ ਨੇ ਐਸੇ—ਐਸੇ ਹਵਾਲੇ ਦਿਤੇ ਹਨ, ਜਿਨ੍ਹਾਂ ਨੂੰ ਸਮਝਣ ਉਪੰਰਤ ਆਮ ਜਨ ਸਾਧਾਰਨ ਸਿੱਖ ਵੀ ਤਟ ਫਟ ਕਹਿ ਦੇਵੇਗਾ ਕਿ ਸਤਿਗੁਰੂ ਸਾਹਿਬਾਨ ਐਸੇ ਹੋ ਹੀ ਨਹੀਂ ਸਕਦੇ, ਐਸੇ ਕਰਮ ਉਹ ਕਰ ਹੀ ਨਹੀਂ ਸਕਦੇ, ਇਹ ਕਦਾਚਿਤ ਸੰਭਵ ਨਹੀਂ ਹੋ ਸਕਦਾ। ਕਿੰਨਾ ਚੰਗਾ ਹੋਵੇ ਜੇਕਰ ਸਾਡੇ ਹਰ ਗੁਰਸਿੱਖ ਦੇ ਘਰ ਵਿਚ “ਗੁਰੁਮਤ ਮਾਰਤੰਡ” (ਭਾਗ ਪਹਿਲਾ ਅਤੇ ਦੂਜਾ—ਪ੍ਰਕਾਸ਼ਕ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ) ਜ਼ਰੂਰ ਹੋਵੇ, ਜਿਸ ਤੋਂ ਗੁਰਮਤਿ ਦੇ ਕਿਸੇ ਵੀ ਪੱਖ ਉਪਰ ਪੜ ਕੇ ਅਸੀਂ ਸਹੀ ਨਿਰਣਾ ਆਪ ਹੀ ਲੈ ਸਕਣ ਦੇ ਸਮੱਰਥ ਹੋ ਜਾਵਾਂਗੇ, ਸਾਨੂੰ ਕਿਸੇ ਦੂਜੇ ਦੀ ਮੁਥਾਜੀ ਹੀ ਨਹੀਂ ਰਹੇਗੀ। ਸਾਡੇ ਕੋਲੋਂ ਗੁਰੂ ਸਾਹਿਬਾਨ ਵੀ ਇਹੀ ਚਾਹੁੰਦੇ ਹਨ ਕਿ ਸਿੱਖ ਜਿਥੇ ਆਪ ਗਿਆਨਵਾਨ ਹੋਵੇ ਉਥੇ ਹੋਰਾਂ ਨੂੰ ਵੀ ਯਥਾਯੋਗ ਗਿਆਨ ਵੰਡਣ ਵਾਲਾ ਜ਼ਰੂਰ ਬਣੇ। ਦਾਸ ਦਾ ਪੂਰਨ ਵਿਸ਼ਵਾਸ ਹੈ ਕਿ “ ਗੁਰੁਮਤ ਮਾਰਤੰਡ” ਗ੍ਰੰਥ ਇਸ ਪੱਖ ਵਿਚ ਸਭ ਤੋਂ ਵਧ ਸਹਾਇਕ ਬਣੇਗਾ।
ਅਜ ਅਕਸਰ ਪੜਣ—ਸੁਨਣ ਨੂੰ ਮਿਲ ਜਾਂਦਾ ਹੈ ਕਿ ਸਿੱਖ ਇਤਿਹਾਸ ਵਿਚ ਮਿਲਾਵਟ ਬਹੁਤ ਹੈ, ਸਭ ਤੋਂ ਪ੍ਰਮੁੱਖ ਇਤਿਹਾਸਕ ਗ੍ਰੰਥਾਂ ਵਿਚ ਕਈ ਤਰਾਂ ਦੇ ਰਲੇਵੇਂ ਸਾਹਮਣੇ ਆ ਰਹੇ ਹਨ ਜੋ ਕਿ ਗੁਰਬਾਣੀ ਦੀ ਕਸਵੱਟੀ ਉਪਰ ਪੂਰੇ ਨਹੀਂ ਉਤਰ ਰਹੇ। ਸਾਡੇ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਅੰਦਰ ਸ਼ਾਮ ਨੂੰ ਕਵੀ ਸੰਤੋਖ ਸਿੰਘ ਚੂੜਾਮਣਿ ਰਚਿਤ ਗ੍ਰੰਥ ‘ਗੁਰ ਪ੍ਰਤਾਪ ਸੂਰਜ’ ਜਿਸ ਨੂੰ ਆਮ ਤੌਰ ਤੇ ‘ਸੂਰਜ ਪ੍ਰਕਾਸ਼’ ਦੇ ਨਾਮ ਨਾਲ ਚੇਤੇ ਕੀਤਾ ਜਾਂਦਾ ਹੈ, ਦੀ ਲੜੀਵਾਰ ਕਥਾ ਦੇ ਪ੍ਰਵਾਹ ਚਲ ਰਹੇ ਹਨ। ਕੁਝ ਕੁ ਕਥਾਕਾਰ ਜਿਹੜੇ ਗੁਰਮਤਿ ਦੇ ਮੁੱਢਲੇ ਸਿਧਾਂਤਾਂ ਤੋਂ ਜਾਣੂ ਹਨ, ਉਹ ਗੁਰਮਤਿ ਵਿਰੋਧੀ ਪੱਖਾਂ ਵਾਲੇ ਪ੍ਰਸੰਗਾਂ ਨੂੰ ਕਥਾ ਕਰਨ ਸਮੇਂ ਵਿਚੋਂ ਛੱਡ ਜਾਂਦੇ ਹਨ, ਪਰ ਬਹੁ—ਗਿਣਤੀ ਕਥਾਕਾਰਾਂ ਲਈ ਐਸਾ ਕਰ ਸਕਣਾ ਉਹਨਾਂ ਦੇ ਗਿਆਨ ਦੇ ਸੀਮਤ ਦਾਇਰੇ ਕਾਰਣ ਸੰਭਵ ਨਹੀਂ ਹੁੰਦਾ । ਜਿਸ ਕਾਰਣ ਸੰਗਤਾਂ ਵਿਚ ਦੁਬਿਧਾ ਪੈਦਾ ਹੋ ਜਾਣ ਦਾ ਖਦਸ਼ਾ ਹਮੇਸ਼ਾਂ ਕਾਇਮ ਰਹਿੰਦਾ ਹੈ। ਬਹੁਤ ਸਾਰੇ ਵਿਦਵਾਨਾਂ ਦਾ ਇਸ ਗ੍ਰੰਥ ਪ੍ਰਤੀ ਆਮ ਵਿਚਾਰ ਹੈ ਕਿ ਸਾਡੇ ਕੋਲ ਸਿਖ ਇਤਿਹਾਸ ਦਾ ਸਭ ਤੋਂ ਪੁਰਾਣਾ ਮੁੱਖ ਸਰੋਤ ‘ਸੂਰਜ ਪ੍ਰਕਾਸ਼’ ਹੀ ਹੈ, ਜਿਸ ਦਾ ਬਦਲ ਅਜੇ ਤਕ ਸਾਡੇ ਕੋਲ ਨਹੀਂ ਹੈ। ਬਹੁਗਿਣਤੀ ਇਤਿਹਾਸ ਲਿਖਣ ਵਾਲੇ ਲੇਖਕਾਂ ਨੇ ਇਸੇ ਗ੍ਰੰਥ ਤੋਂ ਹੀ ਵੇਰਵੇ ਲੈ ਕੇ ਲਿਖਿਆ ਹੈ।
ਹੁਣ ਡਾ. ਕਿਰਪਾਲ ਸਿੰਘ ਅਤੇ ਉਹਨਾਂ ਦੀ ਸਹਿਯੋਗੀ ਟੀਮ ਨੇ ‘ਸੂਰਜ ਪ੍ਰਕਾਸ਼’ ਦਾ ਕਈ ਭਾਗਾਂ ਵਿਚ ਟੀਕਾ ਲਿਖਣ ਦਾ ਕਾਰਜ ਆਰੰਭਿਆ ਹੋਇਆ ਹੈ, ਉਸ ਵਿਚ ਗੁਰਮਤਿ ਸਿਧਾਂਤਾਂ ਪ੍ਰਤੀ ਫੁਟ ਨੋਟ ਦੇ ਕੇ ਸਪਸ਼ਟਤਾ ਦੇਣ ਦੇ ਯਤਨ ਜ਼ਰੂਰ ਕੀਤੇ ਗਏ ਹਨ। ਪੁਰਾਤਨ ਸਿੱਖਾਂ ਵਿਚ ਇਤਿਹਾਸਕਾਰੀ ਦੀ ਪ੍ਰੰਪਰਾ ਲਗਭਗ ਨਾ—ਮਾਤਰ ਹੋਣਾ ਹੀ ਸ਼ਾਇਦ ਇਸ ਸਮੱਸਿਆ ਦੀ ਜੜ੍ਹ ਹੈ। ਸਿੱਖ ਸ਼ਾਨਦਾਰ ਇਤਿਹਾਸ ਬਣਾਉਂਦੇ ਜਰੂਰ ਰਹੇ ਪਰ ਉਹਨਾਂ ਸ਼ਾਨਾਮੱਤੀਆਂ ਘਟਨਾਵਾਂ ਨੂੰ ਲਿਖਤ ਰੂਪ ਵਿਚ ਸਾਂਭਣ ਤੋਂ ਅਸਮਰੱਥ ਹੀ ਰਹੇ । ਕਿਉਂਕਿ ਪੁਰਾਤਨ ਸਮੇਂ ਵਿਦਿਆ, ਸਾਧਨਾਂ, ਸਮੇਂ ਦੀ ਅਣਹੋਂਦ ਕਾਰਣ ਐਸਾ ਸੰਭਵ ਹੀ ਨਹੀਂ ਹੋ ਸਕਿਆ। ਆਪਾਂ ਪਿਛੇ ਝਾਤੀ ਮਾਰੀਏ ਤਾਂ ਸਾਡਾ ਇਤਿਹਾਸ ਸਿੱਖਾਂ ਨੇ ਨਹੀਂ, ਸਗੋਂ ਗੈਰ—ਸਿੱਖਾਂ ਨੇ ਆਪਣੇ ਨਜ਼ਰੀਏ ਤੋਂ ਲਿਖਿਆ। ਲਗਦਾ ਹੈ ਕਿ ਇਸ ਪੱਖ ਤੋਂ ਘਾਟ ਨੂੰ ਪੂਰਾ ਕਰਨ ਲਈ ਕੌਮ ਅਜੇ ਵੀ ਸਹੀ ਅਰਥਾਂ ਵਿਚ ਯਤਨਸ਼ੀਲ ਨਹੀਂ ਹੈ।
ਸਾਡੇ ਕੋਲ ਗੁਰਮਤਿ ਨੂੰ ਸਮਝਣ ਲਈ ਗੁਰਬਾਣੀ ਅਤੇ ਇਤਿਹਾਸ ਦੋ ਮੁੱਖ ਸੋਮੇ ਹਨ। ਇਹਨਾਂ ਵਿਚੋਂ ਪ੍ਰਮੁੱਖਤਾ ਬਿਨਾ ਸ਼ੱਕ ਗੁਰਬਾਣੀ ਦੀ ਹੀ ਹੈ । ਸਾਨੂੰ ਇਤਿਹਾਸ ਨੂੰ ਗੁਰਬਾਣੀ ਦੀ ਕਸੱਵਟੀ ਉਪਰ ਪਰਖ ਕਰ ਸਕਣ ਵਾਲੀ ਗਿਆਨ ਭਰਪੂਰ ਹੰਸ ਬ੍ਰਿਤੀ ਦੀ ਲੋੜ ਹੈ। ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅਜ ਸਾਡੇ ਬਹੁਗਿਣਤੀ ਸਿੱਖਾਂ, ਸੰਸਥਾਵਾਂ, ਜਥੇਬੰਦੀਆਂ, ਆਗੂਆਂ, ਸੰਗਤਾਂ ਵਿਚ ਇਸ ਦਾ ਅਭਾਵ ਹੈ, ਜਿਸ ਕਾਰਣ ਇਹ ਮਿਲਾਵਟਾਂ ਚਲ ਰਹੀਆਂ ਹਨ ਅਤੇ ਸ਼ਾਇਦ ਅੱਗੇ ਵੀ ਚਲਦੀਆਂ ਰਹਿਣਗੀਆਂ।ਕੁਝ ਲੇਖਕਾਂ ਵਲੋਂ ਤਾਂ ਚਾਵਲਾਂ ਦੀ ਦੇਗ ਵਿਚੋਂ ਕੁਝ ਕਚ—ਘਰੜ ਦਾਣਿਆਂ ਨੂੰ ਹੀ ਸਾਹਮਣੇ ਰੱਖਿਆ ਹੈ, ਖੋਜ ਕਰਨ ਤੇ ਹੋਰ ਬਹੁਤ ਕੁਝ ਵੀ ਸਾਹਮਣੇ ਆ ਜਾਣਾ ਹੈ।
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨਾਲ ਸਬੰਧਿਤ ਇਤਿਹਾਸਕਾਰ ਦੇ ਕਥਨ ‘ ਸਿੱਖਾਂ ਨੇ ਸ਼ਾਨਦਾਰ ਇਤਿਹਾਸ ਬਣਾਇਆ ਜ਼ਰੂਰ ਹੈ, ਪਰ ਸਾਂਭਿਆ ਨਹੀਂ’ ਬਿਲਕੁਲ ਢੁਕਵੇਂ ਪ੍ਰਤੀਤ ਹੁੰਦੇ ਹਨ। ਇਕ ਵਿਦਵਾਨ ਦਾ ਹੋਰ ਕਥਨ ਹੈ ਕਿ— ‘ ਇਤਿਹਾਸ ਬਣਾਉਣ ਵਾਲਿਆਂ ਨੂੰ ਇਤਿਹਾਸ ਨੇ ਹੀ ਸਾਂਭਣ ਦਾ ਮੌਕਾ ਨਹੀਂ ਦਿਤਾ’ ।ਸ੍ਰ. ਕਰਮ ਸਿੰਘ ਹਿਸਟੋਰੀਅਨ ਨੇ ਆਪਣੇ ਸਮੇਂ ਵਿਚ ਸਿੱਖ ਇਤਿਹਾਸ ਨੂੰ ਗੁਰਮਤਿ ਕਸਵੱਟੀ ਉਪਰ ਦੁਬਾਰਾ ਲਿਖਣ ਦਾ ਬੀੜਾ ਚੁਕਿਆ ਸੀ, ਬਹੁਤ ਮਿਹਨਤ ਕੀਤੀ, ਫੁੱਟ ਨੋਟ ਤਿਆਰ ਕੀਤੇ। ਸ੍ਰ. ਕਰਮ ਸਿੰਘ ਹਿਸਟੋਰੀਅਨ ਆਖਦੇ ਸਨ ਕਿ ਬਸ ਜਿਸ ਦਿਨ ਇਹ ਫੁੱਟ ਨੋਟ ਮੈਂ ਪੂਰੇ ਤਿਆਰ ਕਰ ਲਏ, ਛੇ ਮਹੀਨੇ ਦੇ ਸਮੇਂ ਅੰਦਰ—ਅੰਦਰ ਗੁਰਬਾਣੀ ਦੀ ਕਸਵੱਟੀ ਆਧਾਰਿਤ ਸਿੱਖ ਇਤਿਹਾਸ ਨਵੇਂ ਸਿਰੇ ਤੋਂ ਲਿਖ ਦੇਣਾ ਹੈ। ਇਸ ਸਭ ਕੁਝ ਪ੍ਰਤੀ ਉਹਨਾਂ ਦੀ ਲਗਨ ਵੇਖ ਕੇ ਬਲਿਹਾਰ ਜਾਣ ਨੂੰ ਚਿਤ ਕਰਦਾ ਹੈ। ਪਰ ਅਫਸੋਸ ! ਸਮੇਂ ਨੇ ਉਹਨਾਂ ਦੀ ਜਿੰਦਗੀ ਨਾਲ ਵਫ਼ਾ ਨਹੀਂ ਕੀਤੀ, ਫੁੱਟ ਨੋਟ ਤਾਂ ਬਣੇ ਪਰ ਇਤਿਹਾਸ ਦਾ ਰੂਪ ਨਾ ਬਣ ਸਕੇ।ਅੱਜ ਸਾਡੇ ਵਿਚੋਂ ਬਹੁਤਿਆਂ ਨੇ ਸ੍ਰ. ਕਰਮ ਸਿੰਘ ਹਿਸਟੋਰੀਅਨ ਦੀਆਂ ਘਾਲਨਾਵਾਂ, ਸੰਘਰਸ਼,ਪ੍ਰਾਪਤੀਆਂ,ਜੀਵਨ ਆਦਿ ਬਾਰੇ ਪੜ੍ਹਣਾ ਤਾਂ ਬੜੇ ਦੂਰ ਦੀ ਗੱਲ ਹੈ ਸ਼ਾਇਦ ਅਸੀਂ ਉਹਨਾਂ ਦੇ ਨਾਮ ਤੋਂ ਵੀ ਜਾਣੂ ਨਹੀਂ ਹੋਵਾਂਗੇ ।ਉਹਨਾਂ ਤੋਂ ਪਿਛੋਂ ਵੀ ਇਸ ਪ੍ਰੋਜੈਕਟ ਨੂੰ ਕਿਸੇ ਵੀ ਸੰਸਥਾ, ਯੂਨੀਵਰਸਿਟੀ, ਖੋਜਾਰਥੀ ਆਦਿ ਨੇ ਅੱਜ ਤਕ ਆਪਣੇ ਹੱਥ ਵਿਚ ਨਹੀਂ ਲਿਆ। ਕਾਸ਼! ਐਸਾ ਹੋ ਸਕੇ।
ਸਾਡੇ ਲਹੂ —ਭਿੱਜੇ ਇਤਿਹਾਸ ਅੰਦਰ ਸਿੱਖਾਂ ਨੂੰ ਜਾਲਮਾਂ ਵਲੋਂ ਖਤਮ ਕਰਨ ਲਈ ਵਰਤੇ ਗਏ 18 ਤਰੀਕਿਆਂ ਦੇ ਜੁਲਮਾਂ ਦਾ ਜ਼ਿਕਰ ਕੀਤਾ ਗਿਆ ਹੈ। ਗੁਰੂ ਅਰਜਨ ਸਾਹਿਬ ਸ਼ਹੀਦਾਂ ਦੇ ਸਿਰਤਾਜ ਦੀ ਸ਼ਹਾਦਤ ਨਾਲ ਆਰੰਭ ਹੋਈ ਸਿੱਖ ਸ਼ਹੀਦੀ ਪ੍ਰੰਪਰਾ ਦੇ ਵੱਖ—ਵੱਖ ਤਰੀਕਿਆਂ ਸਬੰਧੀ ਬਹੁਤ ਵਧੀਆ ਜਾਣਕਾਰੀ ਦਿਤੀ ਗਈ ਹੈ— ‘ ਪਾਣੀ ਵਿਚ ਉਬਾਲੇ ਜਾਣਾ, ਆਰਿਆਂ ਨਾਲ ਸਰੀਰ ਕਟਵਾਉਣਾ, ਅੱਗ ਨਾਲ ਸਾੜੇ ਜਾਣਾ, ਬੰਦ—ਬੰਦ ਕਟਾਏ ਜਾਣ, ਖੋਪਰੀਆਂ ਲਹਾਉਣ, ਜਮੂਰਾਂ ਨਾਲ ਮਾਸ ਤੁੜਵਾਉਣ, ਚਰਖੜੀਆਂ ਤੇ ਚਾੜੇ ਜਾਣ, ਫਾਂਸੀ ਚਾੜੇ ਜਾਣ, ਤੋਪਾਂ ਨਾਲ ਉਡਾਏ ਜਾਣ, ਜੰਡਾਂ ਨਾਲ ਬੰਨਕੇ ਸਾੜੇ ਜਾਣ, ਹਾਥੀਆਂ ਦੇ ਪੈਰਾਂ ਹੇਠ ਕੁਚਲੇ ਜਾਣ, ਮੂੰਗਲੀਆਂ ਨਾਲ ਸਿਰ ਫੇਹੇ ਜਾਣ, ਜ਼ਮੀਨ ਵਿਚ ਗੱਡ ਕੇ ਕੁਤਿਆਂ ਦਾ ਆਹਾਰ ਬਣ ਜਾਣ, ਭੱਠੀਆਂ ਵਿਚ ਝੋਖੇ ਜਾਣ, ਗੱਡੀ ਥਲੇ ਆ ਕੇ ਸ਼ਹੀਦ ਹੋ ਜਾਣ, ਲਾਠੀਆਂ ਦੀਆਂ ਮਾਰਾਂ ਖਾਣ, ਸਰਕਾਰੀ ਤਸੀਹੇ ਖਾਨਿਆਂ ਵਿਚ ਅਸਹਿ ਤੇ ਅਕਹਿ ਕਸ਼ਟ ਸਹਾਰਨ, ਕੋਹ—ਕੋਹ ਕੇ ਮਾਰੇ ਜਾਣ, ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਜਾਣ, ਪੁਠੇ ਟੰਗੇ ਜਾਣ ਮਗਰੋਂ ਡਾਂਗਾਂ ਦੀਆਂ ਮਾਰਾਂ ਖਾਣ, ਲਾਲ ਮਿਰਚਾਂ ਦੀਆਂ ਧੂਣੀਆਂ ਸਹਿਣ, ਪੈਰਾਂ ਦੀਆਂ ਤਲੀਆਂ ਤੇ ਬੈਤਾਂ ਦੀ ਮਾਰ ਸਹਿਣ, ਘੋਟਣਾ ਲੁਆਉਣ ...........ਆਦਿ ਲਈ ਸਿੱਖ ਵੱਧ ਚੜ ਕੇ ਮੈਦਾਨ ਵਿਚ ਨਿਤਰਦੇ ਰਹੇ ਹਨ। ਇਕ ਗੁਰੂ ਅਰਜਨ ਦੇਵ ਜੀ ਨੇ ਲੱਖਾਂ ਸਿੱਖਾਂ ਨੂੰ ਸੁਤੰਤਰਤਾ ਲਈ ਸ਼ਹੀਦ ਹੋਣ ਤੇ ਅਣਖ ਨਾਲ ਜੀਵਨ ਜੀਊਣ ਦੇ ਮਾਰਗ ਉਤੇ ਤੋਰ ਦਿਤਾ ਤੇ ਸਿਖ ਹਮੇਸ਼ਾ ਹੀ ਇਸੇ ਮਾਰਗ ਤੇ ਤੁਰਦੇ ਜਾਣਗੇ।’
ਉਪਰੋਕਤ ਅਨੁਸਾਰ ਇੰਨੇ ਸਖਤ ਤਸੀਹਿਆਂ ਉਪਰੰਤ ਦਿੱਤੀਆਂ ਗਈਆਂ ਸ਼ਹਾਦਤਾਂ ਦਾ ਮੌਲਿਕ ਇਤਿਹਾਸ ਸਾਡੇ ਕੋਲ ਪੂਰਨ ਰੂਪ ਵਿਚ ਨਹੀਂ ਹੈ। ਇਸ ਪ੍ਰਤੀ ਕਾਰਜ ਕਰਨ ਪ੍ਰਤੀ ਜਿੰਮੇਵਾਰੀ ਕਿਸ ਦੀ ਨਿਰਧਾਰਤ ਕੀਤੀ ਜਾਵੇ ? ਸਵਾਲ ਸਾਡੇ ਸਾਹਮਣੇ ਖੜਾ ਹੈ ।
ਪੁਰਾਤਨ ਇਤਿਹਾਸਕ ਗ੍ਰੰਥਾਂ ਵਿਚ ਮਿਥਿਹਾਸ ਦੇ ਰਲੇਵਿਆਂ, ਕਾਰਣਾਂ ਅਤੇ ਸੋਧ ਕਰਨ ਦੀ ਲੋੜ ਪ੍ਰਤੀ ਡਾ. ਗੁਰਸ਼ਰਨਜੀਤ ਸਿੰਘ ਦੇ ਵਿਚਾਰ ਧਿਆਨ ਦੇਣਯੋਗ ਹਨ-
‘ਸਿੱਖ ਲਹਿਰ ਦਾ ਇਤਿਹਾਸ ,ਗੁਰਬਾਣੀ ਦੀ ਪ੍ਰੇਰਣਾ ਵਿਚੋਂ ਪੈਦਾ ਹੋਇਆ। ਜਿਹੜਾ ਇਤਿਹਾਸ ਗੁਰਬਾਣੀ ਦੀ ਕਸਵੱਟੀ ਅਨੁਸਾਰ ਨਹੀਂ, ਉਹ ਤਿਆਗ ਦੇਣ ਵਿਚ ਹੀ ਭਲਾ ਹੈ। ਸਾਡੇ ਇਤਿਹਾਸਕ ਗ੍ਰੰਥਾਂ ਵਿਚ ਦੋਸ਼ ਹਨ। ਇਨ੍ਹਾਂ ਵਿਚ ਇਤਿਹਾਸ ਦੀ ਥਾਂ ਗੁਰੂ—ਮਹਿਮਾ ਹੈ। ਪਰ ਇਨ੍ਹਾਂ ਵਿਚੋਂ ਇਤਿਹਾਸ ਨੂੰ ਲੱਭਣਾ ਇਕ ਕਲਾ ਹੈ। ਕਿਹਾ ਜਾ ਸਕਦਾ ਹੈ ਕਿ ਇਹ ਗ੍ਰੰਥ ਇਤਿਹਾਸ ਅਤੇ ਮਿਥਹਾਸ ਦਾ ਮਿਲਗੋਭਾ ਹਨ।’
(ਗੁਰਮਤ ਨਿਰਨਯ ਕੋਸ਼—ਪੰਨਾ ੯)
—‘ਇਨ੍ਹਾਂ ਗ੍ਰੰਥਾਂ ਵਿਚ ਕਈ ਦੋਸ਼ ਹਨ। ਇਨਾਂ ਗ੍ਰੰਥਾਂ ਦੇ ਰਚਨਹਾਰਿਆਂ ਨੂੰ ਭੂਗੋਲ ਦੀ ਸਮਝ ਨਹੀਂ, ਇਤਿਹਾਸ ਦੀ ਸੂਝ ਨਹੀਂ, ਗੁਰਮਤ ਸਿਧਾਤਾਂ ਦੀ ਗਹਿਰਾਈ ਦਾ ਪਤਾ ਨਹੀ, ਇਨ੍ਹਾਂ ਉਪਰ ਵੇਦਾਂਤ ਦਾ ਬਹੁਤ ਪ੍ਰਭਾਵ ਹੈ। ਸਾਡੇ ਇਤਿਹਾਸ ਨਾਲ ਸਬੰਧਿਤ ਗ੍ਰੰਥਾਂ ਵਿਚ ਮਿੱਥ ਨੂੰ ਹੀ ਇਤਿਹਾਸ ਮੰਨਣ ਦੀ ਗਲਤੀ ਵੀ ਬਹੁਤ ਥਾਂਈ ਹੈ। ਗ੍ਰੰਥਾਂ ਦੇ ਰਚਨਹਾਰੇ ਇਤਿਹਾਸਕਾਰ ਨਹੀਂ ਸਗੋਂ ਕਵੀ ਸਨ। ਕਵੀ ਤੇ ਇਤਿਹਾਸਕਾਰ ਦਾ ਕੰਮ ਵੱਖ—ਵੱਖ ਹੁੰਦਾ ਹੈ। ਕਵੀ ਜਜ਼ਬਾਤੀ ਤੇ ਭਾਵੁਕ ਹੋ ਕੇ ਲਿਖਦੇ ਹਨ। ਉਹ ਵਿਸ਼ਲੇਸ਼ਨ ਨਹੀਂ ਕਰਦੇ। ਸਾਡੇ ਉਪਰੋਕਤ (ਇਤਿਹਾਸਕ) ਗ੍ਰੰਥਾਂ ਵਿਚ ਗੁਰੂ ਮਹਿਮਾ ਹੈ। ਇਤਿਹਾਸਕਾਰ ਇਨ੍ਹਾਂ ਗ੍ਰੰਥਾਂ ਵਿਚੋਂ ਆਪਣੇ ਕੰਮ ਵੀ ਸਮੱਗਰੀ ਢੂੰਡ ਸਕਦੇ ਹਨ। ਇਤਿਹਾਸਕਾਰੀ ਵਿਚ ਵਿਸ਼ਲੇਸ਼ਣ ਹੋਣਾ ਹੁੰਦਾ ਹੈ।ਇਥੇ ਭਾਵੁਕਤਾ ਦਾ ਕੋਈ ਕੰਮ ਨਹੀਂ। ਇਤਿਹਾਸਕਾਰ ਲਈ ਦਸ ਗੁਰੂ ਸਾਹਿਬਾਨ ਇਕ ਮਨੁੱਖ ਸਨ। ਇਤਿਹਾਸ ਦੇਵ —ਪੁਰਸ਼ਾਂ ਦਾ ਵਿਸ਼ਲੇਸ਼ਨ ਨਹੀਂ ਕਰਦਾ। ਅੱਜ ਦਾ ਪਾਠਕ ਸਿੱਖ ਇਤਿਹਾਸ ਪੜ ਕੇ ਕਈ ਵੇਰ ਹੈਰਾਨ ਹੋ ਜਾਂਦਾ ਹੈ ਅਤੇ ਉਸਦੀ ਬੁੱਧੀ ਕੁਝ ਗੱਲਾਂ ਮੰਨਣ ਤੋਂ ਇਨਕਾਰੀ ਹੋ ਜਾਂਦੀ ਹੈ।’
(ਗੁਰਮਤ ਨਿਰਨਯ ਕੋਸ਼—ਪੰਨਾ 21)
ਉਪਰੋਕਤ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਸੀਂ ਕਿਸੇ ਵੀ ਪੁਰਾਤਨ ਇਤਿਹਾਸਕ ਗ੍ਰੰਥ ਦੀ ਪ੍ਰਮਾਣਕਤਾ ਸਬੰਧੀ ਨਿਰਸੰਕੋਚ ਹੋ ਕੇ ਦਾਅਵਾ ਕਰਨ ਦੇ ਸਮਰੱਥ ਨਹੀ ਹਾਂ। ਇਸ ਲਈ ਜਰੂਰਤ ਹੈ ਕਿ ਜਿੰਨੀ ਜਲਦੀ ਸੰਭਵ ਹੋ ਸਕੇ ‘ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ’ ਨੂੰ ਮੱਦੇ—ਨਜ਼ਰ ਰੱਖਦੇ ਹੋਏ ਸਾਡੀਆਂ ਪ੍ਰਮੁੱਖ ਸੰਸਥਾਵਾਂ ( ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਅਤੇ ਹੋਰ) ਨੂੰ ਬਿਨਾਂ ਕਿਸੇ ਦੇਰੀ ਤੋਂ ਸਾਰੇ ਮੌਜੂਦ ਪੁਰਾਤਨ ਇਤਿਹਾਸਕ ਸ੍ਰੋਤਾਂ ਨੂੰ ਸਾਹਮਣੇ ਰੱਖਦੇ ਹੋਏ ਸਿੱਖੀ ਦੇ ਆਗਮਨ 1469 ਈ. ਤੋਂ ਲੈ ਕੇ ਅੱਜ ਤਕ ਦਾ ਸਾਰਾ ਇਤਿਹਾਸ ਗੁਰਬਾਣੀ,ਗੁਰਮਤਿ ਸਿਧਾਂਤਾਂ ਦੀ ਕਸਵੱਟੀ ਉਪਰ ਨਵੇਂ ਸਿਰੇ ਤੋਂ ਲਿਖ ਕੇ ਪ੍ਰਮਾਣੀਕ ਗ੍ਰੰਥਾਂ ਦੇ ਰੂਪ ਵਿਚ ਸਾਂਭ ਲੈਣਾ ਚਾਹੀਦਾ ਹੈ।ਇਹ ਕਾਰਜ ਐਸਾ ਹੋਣਾ ਚਾਹੀਦਾ ਹੈ ਕਿ ਅਸੀਂ ਬਿਨਾਂ ਕਿਸੇ ਝਿਜਕ —ਸ਼ੰਕੇ ਤੋਂ ਉਸ ਨੂੰ ਸੰਸਾਰ ਦੇ ਸਾਹਮਣੇ ਜਿਥੇ ਮਰਜ਼ੀ ਪੇਸ਼ ਕਰ ਸਕੀਏ।ਇਸੇ ਵਿਚ ਹੀ ਸਾਡਾ ਅਤੇ ਸਿੱਖ ਕੌਮ ਦਾ ਭਲਾ ਹੈ।
(ਪ੍ਰਕਾਸ਼ਿਤ ਪੁਸਤਕ— ‘ਅੰਧਾ ਆਗੂ ਜੇ ਥੀਐ ਅਤੇ ਹੋਰ ਗੁਰਮਤਿ ਲੇਖ’ ਵਿਚੋਂ)
************
ਦਾਸਰਾ
ਸੁਖਜੀਤ ਸਿੰਘ, ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.