ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
ਸਲਾਮੁ ਜਬਾਬ ਦੋਵੈ ਕਰੇ
ਸਲਾਮੁ ਜਬਾਬ ਦੋਵੈ ਕਰੇ
Page Visitors: 2625

ਸਲਾਮੁ ਜਬਾਬ ਦੋਵੈ ਕਰੇ
 ਸਿੱਖ ਇਤਿਹਾਸ ਵਿੱਚ ਇੱਕ ਘਟਨਾ ਆਉਂਦੀ ਹੈ ਕਿ ਮੱਸੇ ਰੰਘੜ ਨੂੰ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਵਲੋਂ ਸੋਧ ਦਿਤਾ ਗਿਆ। ਮੱਸੇ ਰੰਘੜ ਦਾ ਕਸੂਰ ਕੀ ਸੀ? ਕਿ ਉਸਨੇ ਹਰਿਮੰਦਰ ਸਾਹਿਬ ਦੇ ਉਸ ਪਾਵਨ ਅਸਥਾਨ ਤੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਗੁਰਬਾਣੀ ਕੀਰਤਨ ਹੁੰਦਾ ਸੀ, ਉਸ ਪਾਵਨ ਅਸਥਾਨ ਤੇ ਸ਼ਰਾਬਾਂ ਦੇ ਦੌਰ ਚਲਾਏ, ਹੁੱਕੇ ਪੀਤੇ ਅਤੇ ਵੇਸਵਾਵਾਂ ਦੇ ਨਾਚ ਨਚਾਏ। ਮੱਸੇ ਰੰਘੜ ਦੇ ਇਸੇ ਦੋਸ਼ ਕਾਰਣ ਸਿੰਘਾਂ ਵਲੋਂ ਉਸਨੂੰ ਸੋਧਿਆ ਗਿਆ।
ਪਰ ਅਸੀਂ ਇਸ ਘਟਨਾ ਤੋਂ ਕੋਈ ਸਿੱਖਿਆ ਨਹੀਂ ਲਈ। ਅਜ ਅਸੀਂ ਅਖੰਡ ਪਾਠ ਵੀ ਰਖਵਾ ਲੈਂਦੇ ਹਾਂ, ਗੁਰਬਾਣੀ ਕੀਰਤਨ ਵੀ ਕਰਵਾ ਲੈਂਦੇ ਹਾਂ, ਕਾਹਲੀ ਕਾਹਲੀ ਵਿੱਚ ਬਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਜਾਣ ਦੀ ਦੇਰ ਹੁੰਦੀ ਹੈ, ਉਸੇ ਅਸਥਾਨ ਤੇ ਜਿਥੇ ਲਗਭਗ 48 ਘੰਟੇ ਤੋਂ ਵੱਧ ਸਮਾਂ ਗੁਰਬਾਣੀ ਪਾਠ, ਸ਼ਬਦ ਵਿਚਾਰ ਅਤੇ ਕੀਰਤਨ ਹੋਇਆ ਹੈ, ਉਸੇ ਅਸਥਾਨ ਤੇ ਚਲਦੇ ਹੋਏ ਨਾਚ ਗਾਣੇ ਦੀਆਂ ਰੌਣਕਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਖਾਲੀ ਕਰਨ ਬੈਠੇ ਜਾਂਦੇ ਹਾਂ। ਅਸੀਂ ਆਪਣੇ ਮਨ ਵਿੱਚ ਝਾਤੀ ਮਾਰੀਏ ਕਿ ਕੀ ਅਸੀਂ ਮੱਸੇ ਰੰਘੜ ਤੋਂ ਘੱਟ ਹਾਂ।
ਕਲਗੀਧਰ ਪਾਤਸ਼ਾਹ ਦੇ ਸਨਮੁਖ ਸਿਖੀ ਦੇ ਅਜੋਕੇ ਸਮੇਂ ਦੇ ਨਿਘਾਰ ਰੂਪੀ ਦਰਦ ਨੂੰ ਬਿਆਨ ਕਰਦੀ ਹੋਈ ਵਿਦਵਾਨ ਕਵੀ ਸ੍ਰ. ਪ੍ਰੀਤਮ ਸਿੰਘ ਕਾਸਦ ਦੀ ਲਿਖੀ ਹੋਈ ਕਵਿਤਾ ‘ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂੱ ਵਿਚੋਂ ਇਸ ਵਿਸ਼ੇ ਤੇ ਲਿਖੀਆਂ ਹੋਈਆਂ ਕੁੱਝ ਲਾਈਨਾਂ ਧਿਆਨ ਦੇਣ ਯੋਗ ਹਨ-
ਆਹ ਤਾਂ ਤੇਰੇ ਸੂਰਮੇਂ ਐਡੇ ਨਸ਼ਈ ਹੋ ਗਏ
ਦਾਰੂ ਦੀ ਬੋਤਲ ਬਿਨਾਂ ਨਹੀਂ ਚੜਦੀਆਂ ਖੁਮਾਰੀਆਂ।
ਜੇ ਚੜ ਗਈ ਤਾਂ ਐਡੇ ਬਹਾਦਰ ਹੋ ਗਏ
ਆਪਣੇ ਹੀ ਵੀਰਾਂ ਦੇ ਢਿੱਡੀਂ ਖੋਭਦੇ ਕਟਾਰੀਆਂ।
ਦੁਸ਼ਮਣਾਂ ਤੇ ਕੀ ਗਿਲਾ ਈ ਪਾਤਸ਼ਾਹਾਂ ਦੇ ਪਾਤਸ਼ਾਹ
ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ

ਅਸੀਂ ਇਹ ਵੀ ਭੁੱਲ ਜਾਂਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਿਸ ਦਾ ਅਸੀਂ ਅਖੰਡ ਪਾਠ ਕਰਵਾਇਆ ਹੈ, ਵਿੱਚ ਗੁਰੂ ਅਮਰਦਾਸ ਜੀ ਦਾ ਸਪਸ਼ਟ ਫੁਰਮਾਣ ਹੈ:-
ਜਿਤੁ ਪੀਤੈ ਮਤਿ ਦੂਰਿ ਹੋਇ, ਬਰਲੁ ਪਵੈ ਵਿਚਿ ਆਇ।।
ਆਪਣਾ ਪਰਾਇਆ ਨਾ ਪਛਾਨਈ, ਖਸਮਹੁ ਧਕੇ ਖਾਇ।।
ਜਿਤੁ ਪੀਤੈ ਖਸਮੁ ਵਿਸਰੈ, ਦਰਗਹ ਮਿਲੈ ਸਜਾਇ।।
ਝੂਠਾ ਮਦੁ ਮੂਲਿ ਨਾ ਪੀਚਈ, ਜੇ ਕਾ ਪਾਰਿ ਵਸਾਇ
।।
ਇਸ ਗੁਰਬਾਣੀ ਫੁਰਮਾਣ ਤੋਂ ਸਪਸ਼ਟ ਹੈ ਕਿ ਸਿੱਖ ਧਰਮ ਵਿੱਚ ਸ਼ਰਾਬ ਪੀਣ ਦੀ ਬਿਲਕੁਲ ਮਨਾਹੀ ਹੈ, ਪਰ ਅਸੀਂ ਵੇਖਦੇ ਹਾਂ ਕਿ ਜਿਥੇ ਸ਼ਰਾਬ ਦਾ ਸੇਵਨ ਹੋਰ ਧਰਮਾਂ ਵਾਲੇ ਕਰ ਰਹੇ ਹਨ, ਉਥੇ ਅਸੀਂ ਗੁਰੂ ਕੇ ਸਿਖ ਅਖਵਾਉਣ ਵਾਲੇ, ਗੁਰੂ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ, ਸ਼ਰਾਬ ਦਾ ਸੇਵਨ ਗਜ- ਵਜ ਕੇ, ਸ਼ਰੇਆਮ ਵਿਆਹ ਸ਼ਾਦੀਆਂ, ਪਾਰਟੀਆਂ ਅਤੇ ਜਲਸਿਆਂ ਵਿੱਚ ਖੁਲਮ-ਖੁਲਾ ਕਰਦੇ ਹੋਏ ਜਰਾ ਵੀ ਨਹੀ ਸ਼ਰਮਾਉਂਦੇ। ਕੋਈ ਸਮਾਂ ਸੀ ਸ਼ਰਾਬ ਨੂੰ ਪੀਣ ਵਾਲੇ ਲੋਕ ਚੋਰੀ-ਚੋਰੀ/ਛੁਪ-ਛੁਪ ਕੇ ਪੀਂਦੇ ਸਨ ਪਰੰਤੂ ਅਜ ਕਲ੍ਹ ਕੁੱਝ ਲੋਕ ਸ਼ਰਾਬ ਨੂੰ ਤਾਕਤ ਦੇਣ ਵਾਲੀ ਦੁਆਈ ਸਮਝ ਕੇ ਪੀ ਰਹੇ ਹਨ ਅਤੇ ਕੁੱਝ ਸਰਦੀ ਤੋਂ ਬਚਣ ਦਾ ਸਾਧਨ ਸਮਝ ਕੇ ਪੀਵੀ ਜਾ ਰਹੇ ਹਨ। ਅਜ ਦੇ ਸਮੇਂ ਅੰਦਰ ਵਿਆਹ ਸ਼ਾਦੀਆਂ, ਖੁਸ਼ੀ-ਗਮੀ ਦੇ ਸਮਾਗਮਾਂ ਸਮੇਂ ਵਧੀਆ ਤੋਂ ਵਧੀਆ ਬਰਾਂਡ ਦੀ ਸ਼ਰਾਬ ਦਾ ਪੀਣਾ- ਪਿਲਾਉਣਾ ਇੱਕ ਸਟੇਟਸ ਸਿੰਬਲ ਬਣ ਗਿਆ ਹੈ ਜੋ ਕਿ ਸਿਖ ਹੋਣ ਦੇ ਨਾਤੇ ਸਾਡੇ ਸਾਰਿਆਂ ਲਈ ਸੋਚਣ ਅਤੇ ਚਿੰਤਾ ਦਾ ਵਿਸ਼ਾ ਹੈ।
ਗੁਰੂ ਸਾਹਿਬ ਨੇ ਤਾਂ ਸਾਨੂੰ ਅੰਮ੍ਰਿਤ ਛਕਾ ਕੇ ਨਾਮ ਰਸ ਪੀਣ ਦਾ ਹੁਕਮ ਕੀਤਾ ਹੈ, ਪਰ ਅਸੀਂ ਅੰਮ੍ਰਿਤ ਛੱਡ ਕੇ ਸ਼ਰਾਬ ਦੀਆਂ ਬੋਤਲਾਂ ਖਾਲੀ ਕਰਨਾ ਹੀ ਧਰਮ ਸਮਝੀ ਬੈਠੇ ਹਾਂ। ਪਤਾ ਨਹੀਂ ਬਾਣੀ ਉੱਪਰ ਕਿਸਨੇ ਚੱਲਣਾ ਹੈ ਤੇ ਗੁਰਬਾਣੀ ਦੀਆਂ ਇਹ ਤੁਕਾਂ ਕਿਸ ਲਈ ਲਿਖੀਆਂ ਗਈਆਂ ਹਨ? ਕਦੋਂ ਸਾਡੇ ਗੁਰੂ ਕੇ ਸਿੱਖਾਂ ਦਾ ਚੰਦਰੀ ਸ਼ਰਾਬ ਤੋਂ ਖਹਿੜਾ ਛੁਟੇਗਾ?
ਕਦੋਂ ਅਸੀਂ ਨਾਮ ਦਾ ਰਸ ਪੀਣ ਵਾਲੇ ਮਾਰਗ ਦੇ ਪਾਂਧੀ ਬਣਾਂਗੇ?
ਯਾਦ ਰੱਖੋ, ਜੇ ਗੁਰੂ ਦੇ ਉਪਦੇਸ਼ ਨਹੀ ਮੰਨਣੇ, ਗੁਰੂ ਦੇ ਹੁਕਮਾਂ ਅਨੁਸਾਰ ਨਹੀ ਚਲਣਾ ਤਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਨਹੀਂ ਹੋ ਸਕਣਗੀਆਂ। ਪਿਤਾ ਉਸੇ ਪੁੱਤਰ ਤੇ ਪ੍ਰਸੰਨ ਹੁੰਦਾ ਹੈ ਜੋ ਪਿਤਾ ਦਾ ਹੁਕਮ ਮੰਨੇ। ਜੇ ਪੁਤਰ ਸਲਾਮ ਤਾਂ ਕਰੇ ਪਰ ਹੁਕਮ ਮੰਨਣ ਦੀ ਥਾਂ ਜਵਾਬ ਦੇਵੇ ਤਾਂ ਇਹੋ ਜਿਹੇ ਪੁੱਤਰ ਦੀ ਸਲਾਮ ਵੀ ਕਿਸੇ ਅਰਥ ਨਹੀਂ। ਇਸ ਬਾਰੇ ਗੁਰੂ ਅੰਗਦ ਦੇਵ ਜੀ ਦਾ ਫੁਰਮਾਣ ਹੈ:-
ਸਲਾਮੁ ਜਬਾਬ ਦੋਵੈ ਕਰੇ ਮੁੰਢਹੁ ਘੁਥਾ ਜਾਇ।।
ਨਾਨਕ ਦੋਵੈ ਕੂੜੀਆ ਥਾਇ ਨਾ ਕਾਈ ਪਾਇ
।।
ਸੋ ਅਸੀਂ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਤਾਂ ਸਾਡਾ ਇਹ ਵੀ ਫਰਜ਼ ਬਣਦਾ ਹੈ ਕਿ ਅਸੀਂ ਗੁਰਬਾਣੀ ਦੇ ਹੁਕਮਾਂ ਨੂੰ ਵੀ ਮੰਨੀਏ। ਗੁਰੂ ਬਖਸ਼ਸ਼ ਕਰੇ ਸਮਰੱਥਾ ਬਖਸ਼ੇ ਕਿ ਅਸੀਂ ਗੁਰੂ ਦੇ ਮਾਰਗ ਤੇ ਚਲ ਸਕੀਏ ਤੇ ਸ਼ਰਾਬ ਦਾ ਰਸ ਛੱਡ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ।
=================
-ਸੁਖਜੀਤ ਸਿੰਘ, ਕਪੂਰਥਲਾ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.