ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
ਵੱਖ-ਵੱਖ ਵਿਦਵਾਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ-ਗਿਆਨ-ਨਿਰਪੱਖ-ਸਚਾਈ ਭਰਪੂਰ ਦਿਲੀ ਜਜ਼ਬਾਤ(ਭਾਗ-2)
ਵੱਖ-ਵੱਖ ਵਿਦਵਾਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ-ਗਿਆਨ-ਨਿਰਪੱਖ-ਸਚਾਈ ਭਰਪੂਰ ਦਿਲੀ ਜਜ਼ਬਾਤ(ਭਾਗ-2)
Page Visitors: 2608

ਵੱਖ-ਵੱਖ ਵਿਦਵਾਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ-ਗਿਆਨ-ਨਿਰਪੱਖ-ਸਚਾਈ ਭਰਪੂਰ ਦਿਲੀ ਜਜ਼ਬਾਤ(ਭਾਗ-2)
ਗੁਰਬਾਣੀ ਪੁੱਗੇ ਹੋਏ ਮਹਾਂਪੁਰਸ਼ਾਂ ਦੇ ਅਨੁਭਵ ਤੇ ਤਜਰਬਿਆਂ ਦਾ ਤੱਤ ਹੈ, ਜਦ ਕਿ ਦੇਹਧਾਰੀਆਂ ਦੀ ਜੀਵਨ-ਨੱਯਾ ਕਦੀ ਵੀ ਡੋਲ ਕੇ ਡਗਮਗਾ ਸਕਦੀ ਹੈ। ਦਸ ਗੁਰੂ ਸਾਹਿਬਾਨ ਦੇ ਇੱਕ ਜੋਤ ਹੋਣ ਦਾ ਸਿਧਾਂਤ ਵੀ ਤਦ ਹੀ ਸੰਭਵ ਹੈ ਜੇ ਸ਼ਬਦ (ਗੁਰਬਾਣੀ) ਨੂੰ ਸਤਿਗੁਰਾਂ ਦੀ ਜੋਤ ਤੇ ਗੁਰੂ ਮੰਨਿਆ ਜਾਵੇ। ਗੁਰੂ ਸਾਹਿਬਾਨ ਦੀਆਂ ਦੇਹਾਂ ਤਾਂ ਵੱਖ-ਵੱਖ ਸਨ ਪ੍ਰੰਤੂ ਉਹਨਾਂ ਰਾਹੀਂ ਪ੍ਰਗਟ ਹੋਈ ਸਚਾਈ ਸਦਾ ਇੱਕ ਤੇ ਸਮਾਨ ਹੈ। ਗੁਰਬਾਣੀ ਵਿੱਚ ਉਹਨਾਂ ਵਲੋਂ ਵਰਤੀ “ਨਾਨਕ” ਨਾਮ ਦੀ ਛਾਪ ਵੀ ਇਸ ਨਿਰਨੇ ਨੂੰ ਸੱਚ ਸਿਧ ਕਰਦੀ ਹੈ।
(ਪ੍ਰਿੰ. ਹਰਿਭਜਨ ਸਿੰਘ, ਚੰਡੀਗੜ੍ਹ)
ਦੁਨੀਆਂ ਦੇ ਸ਼ਾਇਦ ਹੀ ਕਿਸੇ ਹੋਰ ਧਰਮ ਗ੍ਰੰਥ ਨੂੰ ਅਜਿਹੀ ਉੱਚੀ ਸਾਹਿਤਕ ਪੱਧਰ, ਅਨੁਭਵੀ ਗਿਆਨ, ਨਿਰੰਤਰ ਉਚਾਈ ਪ੍ਰਾਪਤ ਹੋ ਸਕੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਧਾਰਮਿਕ ਮਹੱਤਤਾ ਤੋਂ ਇਲਾਵਾ ਇਹ ਨਿਸ਼ਚਿਤ ਤੌਰ ਤੇ ਵਿਸ਼ਵ ਕਾਵਿ ਖੇਤਰ ਦੇ ਸ਼ਾਹਕਾਰਾਂ ਵਿਚੋਂ ਇੱਕ ਹਨ।
(ਡੰਕਨ ਗ੍ਰੀਨਲਿਜ)
ਕੋਈ ਮਨੁੱਖ ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ ਜਾਂ ਨਾਸਤਿਕ ਹੀ ਕਿਉਂ ਨਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਭ ਨੂੰ ਇਕੋ ਤਰਾਂ ਸੰਬੋਧਨ ਕਰਦੀ ਹੈ ਕਿਉਂਕਿ ਇਸ ਦੀ ਅਵਾਜ਼ ਮਨੁੱਖੀ ਦਿਲ ਤੇ ਕੁੱਝ ਲਭ ਰਹੇ ਮਨਾਂ ਲਈ ਹੈ।
(ਮਿਸ ਪਰਲ ਬੱਕ- ਨੋਬਲ ਇਨਾਮ ਜੇਤੂ)
 ਬਾਣੀ, ਸੋਨੇ-ਹੀਰੇ-ਪੰਨਿਆਂ ਤੋਂ ਵਧੇਰੇ ਕੀਮਤੀ ਹੈ। ਗੁਰਬਾਣੀ ਦੇ ਰਚਨਕਾਰ ਕੇਵਲ ਆਤਮਵਾਦੀ ਜਾਂ ਫਿਲਾਸਫਰ ਹੀ ਨਹੀਂ ਮੈਂ ਉਹਨਾਂ ਨੂੰ ਆਤਮਿਕ ਪ੍ਰਕਾਸ਼ ਨਾਲ ਜਗ-ਮਗ ਕਰਦੀ ਇੱਕ ਮਹਾਨ  ਪਵਿੱਤਰ ਹਸਤੀ ਮੰਨਦਾ ਹਾਂ।
(ਸਾਧੂਟੀ. ਐਲ. ਵਾਸਵਾ ਨੀ)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਟੱਲ ਸਚਾਈਆਂ, ਅਤੁੱਟ ਭਗਤੀ ਦੇ ਸਾਹਮਣੇ ਸਮੁੰਦਰਾਂ ਅਤੇ ਪਹਾੜਾਂ ਦੇ ਸਾਰੇ ਹੱਦ ਬੰਨੇ, ਜੋ ਇੱਕ ਦੇਸ਼ ਨੂੰ ਦੂਜੇ ਨਾਲੋਂ ਵੱਖ ਕਰਦੇ ਹਨ, ਹਟ ਜਾਣਗੇ।
(ਡਾ. ਰਾਧਾ ਕ੍ਰਿਸ਼ਨਨ- ਸਾਬਕਾ ਰਾਸ਼ਟਰਪਤੀ)
ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਹੀ ਸਤਿਕਾਰਯੋਗ ਧਾਰਮਿਕ ਗ੍ਰੰਥ ਨਹੀਂ ਸਗੋਂ ਇਹ ਸੰਸਾਰ ਦਾ ਸਭ ਤੋਂ ਪ੍ਰਥਮ ਸੈਕੂਲਰ ਗ੍ਰੰਥ ਹੈ।
(ਅਖਲਾਕ ਹੁਸੈਨ ਦਿਹਲਵੀ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਗਿਆਨ ਦਾ ਖ਼ਜ਼ਾਨਾ ਹਨ, ਗੁਰਬਾਣੀ ਤਾਂ ਵਿਸ਼ਾਲ ਸਮੁੰਦਰ ਹੈ, ਜਿਥੇ ਹਰ ਕਿਸੇ ਅਭਿਲਾਸ਼ੀ ਨੂੰ ਮਨ ਭਾਉਂਦੇ ਰਤਨ, ਹੀਰੇ, ਜਵਾਹਰਾਤ ਮਿਲ ਸਕਦੇ ਹਨ। ਅੱਜ ਵਿਸ਼ਵ ਨੂੰ ਇੱਕ ਧੁਰੇ ਨਾਲ ਜੋੜਨ ਦੀ ਲੋੜ ਹੈ ਤੇ ਇਹ ਧੁਰਾ ਹੈ ਆਪਣੀ ਜ਼ਮੀਰ ਜਿਸ ਦੀ ਅਵਾਜ ਸੁਣ ਕੇ ਅਸੀਂ ਸਮੂਹ ਮੁਸੀਬਤਾਂ ਤੇ ਫ਼ਤਹਿ ਪਾ ਸਕਦੇ ਹਾਂ। ਗੁਰਬਾਣੀ ਇਸ ਵਲ ਸਾਡਾ ਮਾਰਗ ਦਰਸ਼ਨ ਕਰਦੀ ਹੈ।
(ਡਾ. ਮੁਹੰਮਦ ਯੂਸਫ ਅੱਬਾਸੀ)
ਜਦ ਸਾਰਾ ਜਗਤ ਕੋਈ ਧਰਮ
ਅਪਣਾਵੇਗਾ ਤਾਂ ਉਹ ਧਰਮ ਅੱਜ ਦੇ ਰਸਮੀ, ਕਰਮਕਾਂਡੀ ਅਤੇ ਵਹਿਮੀ ਪ੍ਰਭਾਵਾਂ ਵਾਲਾ ਕਦਾਚਿਤ ਨਹੀਂ ਹੋਵੇਗਾ ਸਗੋਂ ਉਸਦਾ ਮੂਲ ਅਧਾਰ ਸੇਵਾ ਤੇ ਸ਼ਬਦ (ਨਾਮ) ਹੋਣਗੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਪੂਰੀ ਤੀਬਰਤਾ ਨਾਲ ਦੇਖਿਆ ਜਾ ਸਕਦਾ ਹੈ।
(ਆਰਨਲਡ ਟਾਇਨਬੀ)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਸਰੇ ਸਭ ਵਿਵਹਾਰਕ ਖੇਡ ਹੈ। ਜਿੰਦ ਜਾਨ ਵਾਲਾ ਐਸਾ ਕੋਈ ਫ਼ਕੀਰ ਨਹੀਂ ਜਿਹੜਾ ਗੁਰਬਾਣੀ ਦੇ ਰਾਜ ਦਾ ਕਾਇਲ ਨਹੀਂ, ਪਰ ਸਤਿਗੁਰਾਂ ਦੇ ਸਿੱਖਾਂ ਨੂੰ ਗੁਰਬਾਣੀ ਸਧਾਰਨ ਸਾਹਿਤ ਰੂਪ ਵਿੱਚ ਨਹੀਂ ਦਿਸਦੀ। ਸਾਡੀਆਂ ਨਾੜਾਂ ਤੇ ਦਿਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਲਹੂ ਚਲਦਾ ਹੈ। ਅਸੀਂ ਇਸ ਬਾਣੀ ਦੇ ਸਾਜੇ ਹੋਏ ਹਾਂ, ਇਹ ਸਾਡਾ ਕਰਤਾਰ ਹੈ।
(ਪ੍ਰੋ. ਪੂਰਨ ਸਿੰਘ)
ਸਿੱਖ ਧਰਮ ਜਿਥੋਂ ਤਕ ਇਸ ਦੇ ਮੁੱਖ ਸਿਧਾਂਤਾਂ ਦਾ ਸਬੰਧ ਹੈ, ਦੂਸਰੇ ਲਗਭਗ ਸਾਰੇ ਵੱਡੇ ਧਰਮਾਂ ਦੇ ਸਿਧਾਂਤਾਂ ਨਾਲ ਬਹੁਤ ਭੇਦ ਰੱਖਦਾ ਹੈ। ਸੰਸਾਰ ਵਿੱਚ ਜੋ ਵੱਡੇ ਧਰਮ ਪ੍ਰਚਾਰਕ ਹੋਏ ਹਨ, ਉਹਨਾਂ ਵਿਚੋਂ ਕੋਈ ਆਪਣੀ ਲਿਖੀ ਹੋਈ ਇੱਕ ਪੰਕਤੀ ਵੀ ਪਿਛੇ ਛੱਡ ਕੇ ਨਹੀਂ ਗਿਆ, ਜੋ ਕੁੱਝ ਉਹਨਾਂ ਨੇ ਪ੍ਰਚਾਰਿਆ ਹੈ, ਉਸਦਾ ਪਤਾ ਸਾਨੂੰ ਜਾਂ ਤੇ ਪ੍ਰਚਲਿਤ ਰਵਾਇਤਾਂ ਤੋਂ ਲਗਦਾ ਹੈ ਜਾਂ ਹੋਰਨਾਂ ਦੀਆਂ ਲਿਖਤਾਂ ਤੋਂ। … … … . ਪ੍ਰੰਤੂ ਸਿੱਖ ਗੁਰੂਆਂ ਦੀ ਬਾਣੀ ਉਹਨਾਂ ਦੀ ਆਪਣੀ ਲਿਖੀ ਅਤੇ ਸੰਭਾਲੀ ਹੋਈ ਮਿਲਦੀ ਹੈ ਅਤੇ ਜੋ ਕੁੱਝ ਸਿੱਖਿਆ ਉਹਨਾਂ ਨੇ ਦਿੱਤੀ ਹੈ, ਉਸਦਾ ਪਤਾ ਉਹਨਾਂ ਦੀ ਆਪਣੀ ਲਿਖਤ ਤੋਂ ਹੀ ਲੱਗਦਾ ਹੈ।
(ਮੈਕਾਲਿਫ)
ਅਸੀਂ ਸਾਰਾ ਸੰਸਾਰ ਸੱਚ ਦੀ ਖੋਜ ਲਈ ਢੂੰਡ ਮਾਰਿਆ, ਅਸੀਂ ਇਧਰੋਂ ਉਧਰੋਂ ਚੰਗੀ ਤੇ ਪਵਿੱਤਰ ਅਰ ਸੋਹਣੀ ਵਸਤੂ ਚੁਣ ਲਿਆਂਦੀ … … … ਅਸੀਂ ਵਾਪਸ ਮੁੜੇ ਤਾਂ ਪਤਾ ਲੱਗਾ ਕਿ ਉਹ ਸਾਰਾ ਅਮੋਲਕ ਭੰਡਾਰ, ਸੁੱਚੇ ਹੀਰੇ ਰਤਨਾਂ ਦੇ ਜਵਾਹਰਾਤ ਦਾ ਖ਼ਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅੰਦਰ ਭਰਿਆ ਪਿਆ ਹੈ, ਜਿਸ ਦਾ ਪਾਠ ਅਸੀਂ ਆਪਣੀ ਮਾਤਾ ਜੀ ਤੋਂ ਸੁਣਿਆ ਕਰਦੇ ਸੀ।
(ਪ੍ਰੋ. ਪੂਰਨ ਸਿੰਘ)
================
(ਸੰਗ੍ਰਹਿਕ-ਸੁਖਜੀਤ ਸਿੰਘ ਕਪੂਰਥਲਾ)
(98720-76876, 01822-276876)
……………………………….
ਟਿੱਪਣੀ:-  ਕੀ ਕੋਈ ਮੈਨੂੰ ਦੱਸ ਸਕਦਾ ਹੈ ਕਿ, ਇਨ੍ਹਾਂ ਵਿਦਵਾਨਾਂ ਵਿਚੋਂ ਕਿਸ-ਕਿਸ ਨੇ ਕਿੱਨੇ-ਕਿੱਨੇ ਅਖੰਡ-ਪਾਠ ਜਾਂ ਸੰਪਟ-ਪਾਠ ਕੀਤੇ ਸਨ ਜਿਸ ਨਾਲ ਇਨ੍ਹਾਂ ਨੂੰ ਏਨੀ ਸੋਝੀ ਹੋਈ ? ? ? ? ? ਕੋਈ ਨਹੀਂ ਨਾ।   ਮੈਂ ਦੱਸ ਸਕਦਾ ਹਾਂ ਕਿ ਇਨ੍ਹਾਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਆਪਣੀ ਸੁਰਤੀ ਦੇ ਟਿਕਾਅ ਨਾਲ ਕੀਤੀ ਸੀ, ਜਿਸ ਨਾਲ ਇਨ੍ਹਾਂ ਨੂੰ ਇਹ ਸਾਰੀ ਸੋਝੀ ਹੋਈ । ਜੇ ਤੁਸੀਂ ਵੀ ਏਨੀ ਸੋਝੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਇਹੀ ਕਰਮ ਕਰਨਾ ਪਵੇਗਾ ।    
    ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.