ਕੈਟੇਗਰੀ

ਤੁਹਾਡੀ ਰਾਇ



ਹਰਮੀਤ ਸਿੰਘ ਖਾਲਸਾ
< ******** ਹਉਮੈ ********>
< ******** ਹਉਮੈ ********>
Page Visitors: 2782

  < ******** ਹਉਮੈ ********>
"ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ" ਗੁਰਬਾਣੀ ਦੇ ਇਸ ਇਲਾਹੀ ਫੁਰਮਾਨ ਅਨੁਸਾਰ ਹਉਮੈ ਅਜਿਹਾ ਗੰਭੀਰ ਰੋਗ ਹੈ ਜੋ ਲੰਮੇ ਸਮੇ ਤੱਕ ਇਨਸਾਨ ਨੂੰ ਲੱਗਾ ਰਹਿੰਦਾ ਹੈ।
ਇਨਸਾਨ ਨੂੰ ਲੱਗਣ ਵਾਲਾ ਇਹ ਰੋਗ ਐਨਾ ਖਤਰਨਾਕ ਹੈ ਕਿ ਇਹ ਬਹੁਤੇ ਇਨਸਾਨੀ ਰੋਗਾਂ ਦੀ ਜੜ੍ਹ ਹੋ ਨਿਬੜਦਾ ਹੈ, ਪਰ ਵਿਡੰਬਨਾ ਅਜਿਹੀ ਕਿ ਇਨਸਾਨ ਨੂੰ ਆਪਣੇ ਆਪ ਨੂੰ  ਇਸ ਰੋਗ ਦੇ ਲੱਗੇ ਹੋਣ ਦਾ ਅਹਿਸਾਸ ਹੀ ਨਹੀ ਹੁੰਦਾ, ਤੇ ਵਿਚਾਰਾ ਮਨੁੱਖ ਸਾਰੀ ਜਿੰਦਗੀ ਇਸ ਤੋਂ ਪੀੜਤ ਰਹਿੰਦਾ ਹੋਇਆ ਅਖੀਰ ਇਸ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਕਿਉਂਕਿ ਇਨਸਾਨ ਨੂੰ ਇਸ ਰੋਗ ਦੀ ਹੋਂਦ ਦਾ ਅਹਿਸਾਸ ਹੀ ਨਹੀ ਹੁੰਦਾ ਇਸ ਕਰਕੇ ਇਸ ਦੇ ਇਲਾਜ ਦਾ ਤਾਂ ਸਵਾਲ ਹੀ ਪੈਦਾ ਨਹੀ ਹੁੰਦਾ।
    ਇਹ ਰੋਗ ਇਸ ਕਰਕੇ ਵੀ ਦੀਰਘ ਤੇ ਖਤਰਨਾਕ ਹੈ ਕਿਉਂਕਿ ਇਨਸਾਨ ਦੀ ਉਮਰ ਦੇ ਵਧਣ ਨਾਲ ਕਾਮ, ਕ੍ਰੋਧ, ਲੋਭ, ਮੋਹ ਵਰਗੇ ਮਨੋਵਿਕਾਰ ਸਹਿਜੇ-ਸਹਿਜੇ ਇਨਸਾਨ ਵਿਚੋਂ ਘਟਦੇ ਜਾਂਦੇ ਹਨ ਪਰ ਹਉਮੈ ਉੱਤੇ ਉਮਰ ਦਾ ਕੋਈ ਅਸਰ ਨਹੀ ਹੁੰਦਾ ਇਹ ਮਰਨ ਤਕ ਜਿਉਂ ਦੀ ਤਿਉਂ ਹੀ ਰਹਿੰਦੀ ਹੈ। ਹਉਮੈ ਦਾ ਇਨਸਾਨ ਉੱਤੇ ਐਨਾ ਗੰਭੀਰ ਪ੍ਰਭਾਵ ਹੁੰਦਾ ਹੈ ਕਿ ਆਪਣੀ ਸਾਰੀ ਜਿੰਦਗੀ ਵਿਚ ਕੀਤੇ ਜਾਂਦੇ ਛੋਟੇ ਤੋਂ ਛੋਟੇ ਕਰਮ ਤੋਂ ਲੈ ਕੇ ਵੱਡੇ ਤੋਂ ਵੱਡੇ ਕਰਮ ਤੱਕ ਇਨਸਾਨ ਆਪਣੇ ਨਿੱਜ ਨੂੰ ਹੀ ਮੁੱਖ ਰੱਖਦਾ ਹੈ ਭਾਵੇਂ ਉਹ ਸਮਾਜਕ, ਧਾਰਮਕ, ਆਰਥਕ, ਰਾਜਨੀਤਕ ਜਾਂ ਕੋਈ ਵੀ ਕਰਮ ਕਿਉਂ ਨਾ ਹੋਵੇ। ਸਾਰੇ ਜੀਵਾਂ ਵਿਚੋਂ ਸਿਰਫ ਮਨੁੱਖ ਨੂੰ ਹੀ ਲਗਣ ਵਾਲਾ ਇਹ ਰੋਗ ਆਮ ਤੌਰ ਤੇ ਸੂਖਮ ਰੂਪ ਵਿਚ ਹੀ ਕੰਮ ਕਰ ਰਿਹਾ ਹੁੰਦਾ ਹੈ ਤੇ ਉਸ ਦੇ ਸਾਰੇ ਫੈਸਲਿਆਂ ਨੂੰ ਪ੍ਰਭਾਵਿਤ ਕਰਦਾ ਹੈ।
ਹਉਮੈ ਦਾ ਇਕ ਰੂਪ ਅਹੰਕਾਰ ਵੀ ਹੈ ਤੇ ਇਹ ਕਿਸੇ ਨੂੰ ਪੈਸੇ,  ਰੁਤਬੇ, ਸ਼ਰੀਰਕ ਬਲ, ਸੁੰਦਰਤਾ, ਗਿਆਨ, ਉੱਚੀ ਜਾਤ/ਕੁਲ, ਦਾਨ, ਪਾਠ-ਪੂਜਾ, ਸੇਵਾ, ਵਿਦਿਆ, ਮਹਿਲ-ਮਾੜੀਆਂ ਆਦਿ ਜਾਂ ਹੋਰ ਵੀ ਕਿਸੇ ਤਰ੍ਹਾ ਦਾ ਹੋ ਸਕਦਾ ਹੈ। ਆਪਣੀ ਗਲਤੀ ਦੀ ਮਾਫੀ ਨਾ ਮੰਗਣਾ, ਆਪਣੀ ਹੀ ਗੱਲ ਮਨਵਾਉਣੀ, ਗੱਲ-ਗੱਲ ਤੇ ਗੁੱਸਾ ਕਰਨਾ, ਦੂਜੇ ਨੂੰ ਮਾਫ ਨਾ ਕਰਨਾ, ਅਹਿਸਾਨ ਜਤਾਉਣਾ, ਕੌੜਾ ਬੋਲਣਾ, ਕੋਮਲਤਾ ਨਾ ਹੋਣੀ, ਪ੍ਰਸਿੱਧੀ ਤੇ ਚੌਧਰ ਦੀ ਲਾਲਸਾ, ਆਪਣੇ ਬਾਰੇ ਹੀ ਗੱਲ ਕਰਨੀ, ਦੂਜੇ ਦਾ ਅਪਮਾਨ ਕਰਨਾ, ਹਮਦਰਦੀ ਨਾ ਕਰਨੀ, ਖੁਦਗਰਜ਼ ਹੋਣਾ, ਸ਼ੇਖੀ ਮਾਰਨੀ, ਛੋਟਾ ਕੰਮ ਕਰਨ ਵਿਚ ਬੇਇੱਜ਼ਤੀ ਮਹਿਸੂਸ ਕਰਨੀ ਆਦਿ ਹਊਮੈ ਦੇ ਬੇਅੰਤ ਲਛਨਾ ਵਿਚੋ ਕੁੱਝ ਲਛਨ ਹਨ।
ਹਉਮੈ ਦਾ ਦੀਰਘ ਰੋਗ ਇਨਸਾਨ ਦੇ ਹਰ ਖੇਤਰ ਵਿਚ ਵਿਗਾੜ ਪੈਦਾ ਕਰਦਾ ਹੈ, ਪਰਵਾਰ ਤੇ ਸਮਾਜ ਵਿਚ ਬਹੁਤੇ ਝਗੜੇ ਹਉਮੈ ਵੱਸ ਹੀ ਹੁੰਦੇ ਹਨ। ਅਧਿਆਤਮ ਵਿਚ ਕੀਤੇ ਗਏ ਹਉਮੈ ਦੇ ਅਧੀਨ ਸਾਰੇ ਕਰਮ ਪਰਮਾਤਮਾ ਦੀ ਨਿਗਾਹ ਵਿਚ ਕੀਮਤ ਨਹੀ ਰਖਦੇ ਤੇ ਪਾਖੰਡ ਕਰਨ ਦੇ ਤੁਲ ਹੀ ਹੁੰਦੇ ਹਨ। ਗੁਰਬਾਣੀ ਵਿਚ ਅਨੇਕਾਂ ਵਾਰ ਇਹ ਗੱਲ ਦ੍ਰਿੜ ਕਰਾਈ ਗਈ ਹੈ ਕਿ ਪਰਮਾਤਮਾ ਦੀ ਭਗਤੀ, ਨਿੱਜ ਨੂੰ ਸਵਾਰਨ ਦਾ ਕੰਮ ਤੇ ਸਮਾਜਕ ਭਲਾਈ ਸਿਰਫ ਹਉਮੈ ਰਹਿਤ ਹੋ ਕੇ ਕੀ ਹੋ ਸਕਦੀ ਹੈ ਇਸ ਤੋਂ ਬਿਨ੍ਹਾ ਨਹੀ। ਆਤਮ ਸਨਮਾਨ ਅਤੇ ਹਉਮੈ ਵਿਚਕਾਰ ਅਤਿ ਬਾਰੀਕ ਹੱਦ ਹੁੰਦੀ ਹੈ ਜਿਸ ਨੂੰ ਪਹਿਚਾਨਣਾ ਤੇ ਦਰਸਾਉਂਣਾ ਬੜਾ ਔਖਾ ਕੰਮ ਹੈ। ਹਉਮੈ ਐਨੀ ਸੂਖਮ ਹੁੰਦੀ ਹੈ ਕਿ ਇਸ ਦੀ ਆਪਣੇ ਅੰਦਰੋਂ ਪਹਿਚਾਨ ਕਰਨੀ ਬੜੀ ਔਖੀ ਹੈ ਤੇ ਇਹ ਪਾਠ-ਪੂਜਾ ਕੀਤਿਆਂ ਨਹੀ ਜਾਂਦੀ ਬਲਕਿ ਕਈ ਵਾਰ ਹੋਰ ਵੱਧ ਜਾਂਦੀ ਹੈ। ਗੁਰੂ ਨਾਲ ਅਥਾਹ ਪ੍ਰੇਮ ਪਾਇਆਂ ਅਤੇ ਆਪਣਾ ਆਪ ਗੁਰੂ ਅੱਗੇ ਪੂਰੀ ਤਰ੍ਹਾ ਸਮਰਪਣ ਕੀਤਿਆਂ, ਗੁਰੂ ਦੀ ਮਹਿਰਾਮਤ ਹਾਸਲ ਕਰ ਕੇ ਹੀ ਹਉਮੈ ਬਾਰੇ ਸੋਝੀ ਆਉਂਦੀ ਹੈ ਤੇ ਇਸ ਦੀਰਘ ਰੋਗ ਉਤੇ ਕਾਬੂ ਪਾਇਆ ਜਾ ਸਕਦਾ ਹੈ ਇਸ ਤੋਂ ਛੁੱਟ ਇਸ ਰੋਗ ਤੇ ਕਾਬੂ ਪਾਉਣ ਦਾ ਹੋਰ ਕੋਈ ਵੀ ਵਸੀਲਾ ਨਹੀ। ਇਹ ਹਉਮੈ ਹੀ ਹੈ ਜਿਸ ਕਾਰਨ ਇਨਸਾਨ ਕਿਸੇ ਦੂਜੇ ਇਨਸਾਨ ਵਿਚ ਰੱਬੀ ਜੋਤ ਨਹੀ ਵੇਖ ਪਾਉਂਦਾ ਤੇ ਉਸ ਨਾਲ ਹਰ ਤਰ੍ਹਾ ਦੀ ਵਧੀਕੀ ਕਰ ਜਾਂਦਾ ਹੈ। ਹਉਮੈ ਐਨੀ ਪ੍ਰਬਲ ਤੇ ਬਲਵਾਨ ਹੁੰਦੀ ਹੈ ਕਿ ਵੱਡੇ-ਵੱਡੇ ਵਿਦਵਾਨ, ਕਵੀ, ਧਾਰਮਕ ਆਗੂ, ਸੂਰਮੇ, ਪੀਰ, ਸਨਿਆਸੀ, ਜੋਗੀ ਵਰਗਿਆਂ ਨੂੰ ਵੀ ਆਪਣੀ ਪਕੜ ਵਿਚ ਰਖਦੀ ਹੈ, ਕੋਈ ਵਿਰਲਾ ਹੀ ਭਗਤ ਜਨ ਪਰਮਾਤਮਾ ਦੀ ਮਹਿਰ ਹਾਸਲ ਕਰ ਕੇ ਇਸ ਉਤੇ ਕਾਬੂ ਪਾ ਸਕਦਾ ਹੈ। ਆਪਣੀ ਨਿਜ ਦੀ ਹਰ ਚੀਜ਼ ਨੂੰ ਦੂਜਿਆਂ ਨਾਲੋਂ ਸ੍ਰੇਸ਼ਟ ਮੰਨਣਾ, ਆਪਣੇ ਆਪ ਨੂੰ ਦੂਜਿਆਂ ਨਾਲੋਂ ਸਿਆਣਾ ਤੇ ਉਚਾ ਮੰਨਣਾ ਹਉਮੈਗ੍ਰਸਤ ਇਨਸਾਨ ਦੇ ਪ੍ਰਮੁੱਖ ਲਛਨ ਹਨ। ਇਸੇ ਹੀ ਮਾਨਸਿਕ ਬਿਰਤੀ ਅਧੀਨ ਪਰਵਾਰਾਂ, ਸਮਾਜਾਂ ਅਤੇ ਧਰਮਾਂ ਵਿਚ ਨਫਰਤ ਤੇ ਹਿੰਸਾ ਫੈਲਦੀ ਹੈ ਕਿ ਮੈਂ ਸ੍ਰੇਸ਼ਟ, ਮੇਰਾ ਧਰਮ ਉਚਾ, ਦੂਜਾ ਘਟੀਆ ਤੇ ਦੂਜੇ ਦਾ ਧਰਮ ਨੀਵਾਂ ਜਦ ਕਿ ਗੁਰੂ ਬਾਬੇ ਤਾਂ ਆਖਿਆ
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨਾ ਦਿਸਹਿ ਬਾਹਰਾ ਜੀਉ।।
ਸਿੱਖ ਬੜੇ ਵੱਡੇ ਭਾਗਾਂ ਵਾਲਾ ਹੈ ਕਿ ਸਤਿਗੁਰਾਂ ਨੇ ਆਪਣੀ ਇਲਾਹੀ ਬਾਣੀ ਵਿਚ ਇਸ ਨੂੰ ਹਉਮੈ ਤੋਂ ਸੁਚੇਤ ਰਹਿਣ ਵਾਸਤੇ ਬੜੀ ਜਗ੍ਹਾ ਜੋਰ ਦੇਕੇ ਸਮਝਾਇਆ ਤੇ ਇਸ ਨੂੰ ਕਾਬੂ ਵਿਚ ਰਖਣ ਦਾ ਵਸੀਲਾ ਵੀ ਦਸਿਆ ਪਰ ਇਸ ਪਖੋਂ ਸਿੱਖ ਦੁਰਭਾਗੀ ਬਣਿਆ ਕਿ ਉਸ ਨੇ ਗੁਰੂ ਬਾਬੇ ਦੀ ਬਾਣੀ ਆਪਣੇ ਹਿਰਦੇ ਵਿਚ ਨਾ ਵਸਾਈ, ਤੇ ਜਿਸ ਦੀਰਘ ਰੋਗ ਤੋਂ ਨਿਰਲੇਪ ਰਹਿਣ ਵਾਸਤੇ ਗੁਰੂ ਬਾਬੇ ਨੇ ਬੜੀ ਜਗ੍ਹਾ ਸਮਝਾਇਆ ਉਸੇ ਵਿਚ ਹੀ ਉਹ ਗ੍ਰਸਤ ਹੋ ਗਿਆ। ਅੱਜ ਸਿੱਖ ਦੇ ਨਿਘਾਰ ਦਾ ਸਭ ਤੋਂ ਵੱਡਾ ਕਾਰਨ ਇਸ ਦੀਰਘ ਰੋਗ ਤੋਂ ਪੀੜਤ ਹੋਣਾ ਹੈ। ਇਸੇ ਹੀ ਕਾਰਨ ਸਿੱਖਾਂ ਵਿਚ ਧੜੇਬੰਦੀਆਂ ਹਨ ਤੇ ਉਨ੍ਹਾ ਦੀ ਆਪਸ ਵਿਚ ਖਹਿਬਾਜ਼ੀ ਹੈ, ਨਹੀ ਤਾਂ ਕੋਈ ਕਾਰਨ ਨਹੀ ਬਣਦਾ ਕਿ ਇਕ ਹੀ ਜੋਤ, ਇਕ ਹੀ ਵਿਚਾਰਧਾਰਾ ਨੂੰ ਮਨਣ ਵਾਲੇ ਆਪਸ ਵਿਚ ਇਕ ਦੂਜੇ ਦੇ ਵੈਰੀ ਬਣਦੇ ਫਿਰਨ। ਕਿਸੇ ਗੈਰ ਸਿੱਖ ਦਾ ਹਉਮੈਗ੍ਰਸਤ ਹੋਣਾ ਸਮਝ ਵਿਚ ਆਉਂਦਾ ਹੈ ਪਰ ਸਿੱਖ, ਜਿਸ ਨੂੰ ਸਤਿਗੁਰਾਂ ਨੇ ਮੁਢਲੇ ਅਸੂਲਾਂ ਵਿਚ ਹਉਮੈ ਤੋਂ ਨਿਰਲੇਪ ਜੀਵਨ ਜਾਂਚ ਬਨਾਉਣ ਦੀ ਗਲ ਦ੍ਰਿੜਾਈ, ਦਾ ਹਉਮੈਗ੍ਰਸਤ ਹੋਣਾ ਅਚੰਭੇ ਵਾਲੀ ਹੀ ਗਲ ਹੈ। ਅਚੰਭਾ ਇਸ ਵਾਸਤੇ ਕਿ ਸਿੱਖ ਤਾਂ ਗੁਰਬਾਣੀ ਰੋਜ਼ ਪੜ੍ਹਦਾ ਹੈ ਤੇ ਕਥਾ ਕੀਰਤਨ ਵੀ ਬਹੁਤ ਕਰਦਾ/ਕਰਵਾਉਂਦਾ ਹੈ ਪਰ ਇਹ ਹਉਮੈ ਤੋਂ ਨਿਰਲੇਪ ਕਿਉਂ ਨਹੀ ਹੋ ਪਾਇਆ ? ਇਸ ਤੇ ਗੰਭੀਰ ਵਿਚਾਰ ਕਰਨੀ ਤਾਂ ਬਣਦੀ ਹੈ। ਗੁਰੂ ਅੱਗੇ ਪੂਰਨ ਸਮਰਪਨ ਤੇ ਅਥਾਹ ਪਿਆਰ ਤੋਂ ਬਿਨ੍ਹਾ ਪੜ੍ਹੀ/ਸੁਣੀ/ਗਾਵੀ ਬਾਣੀ ਦਾ ਬਹੁਤਾ ਲਾਭ ਸਿੱਖ ਨਹੀ ਲੈ ਸਕਦਾ ਭਾਵੇ ਸਾਰੀ ਉਮਰ ਹੀ ਕਿਉਂ ਨਾ ਪੜ੍ਹਦਾ ਰਵ੍ਹੇ। ਗੁਰੂ ਬਾਬੇ ਆਖਿਆ ਅਮ੍ਰਿਤੁ ਮੀਠਾ ਸਬਦੁ ਵੀਚਾਰਿ।। ਅਨਦਿਨੁ ਭੋਗੇ ਹਉਮੈ ਮਾਰਿ।।
    ਆਤਮਕ ਜੀਵਨ ਦੇਣ ਵਾਲਾ ਨਾਮ ਅਮ੍ਰਿਤ ਸਿੱਖ ਦੇ ਅੰਦਰ ਹੀ ਹੈ ਪਰ ਸਿੱਖ ਇਸ ਨੂੰ ਮਾਣ ਸਕਦਾ ਹੈ ਹਉਮੈ ਨੂੰ ਮਾਰ ਕੇ।
ਪਰਮਾਤਮਾ ਦੀ ਸਰਬਵਿਆਪਕਤਾ, ਤੇ ਸਾਰੀ ਲੁਕਾਈ ਵਿਚ ਉਸ ਦੀ ਹੋਂਦ ਦਾ ਅਹਿਸਾਸ, ਸਿੱਖ ਦੇ ਅਧਿਆਤਮ ਦਾ ਸਿਖਰ ਹੈ ਪਰ ਇਹ ਅਹਿਸਾਸ ਸਿਰਫ ਹਉਮੈ ਤੋਂ ਨਿਰਲੇਪ ਮਨੁੱਖ ਅੰਦਰ ਹੀ ਉਤਪਨ ਹੋ ਸਕਦਾ ਹੈ। ਸਿੱਖ ਦੇ ਜੀਵਨ ਦਾ ਅਸਲ ਮਨੋਰਥ ਹੈ ਪਰਮਾਤਮਾ ਨਾਲ ਉਸ ਦਾ ਮਿਲਾਪ, ਇਹ ਸੰਭਵ ਤਾ ਹੈ ਪਰ ਆਪਾ ਵਾਰ ਕੇ, ਜਿਸ ਤਰ੍ਹਾ ਕਬੀਰ ਜੀ ਨੇ ਆਪਾ ਵਾਰਿਆ ਤੇ ਅਵਸਥਾ ਬਣੀ "ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨਾ ਹੂੰ" ਵਾਲੀ। ਕੁੱਝ ਅਜਿਹਾ ਹੀ ਆਪਾ ਵਾਰਿਆ ਅਠ੍ਹਾਰਵੀਂ ਸਦੀ ਦੇ ਸ਼ਹੀਦ ਸਿੰਘਾ ਨੇ, ਗਦਰੀਂ ਬਾਬਿਆਂ ਨੇ ਤੇ 1978 ਤੋਂ ਬਾਅਦ ਤਕਰੀਬਨ ਡੇਢ ਦਹਾਕੇ ਤੱਕ ਚੱਲੀ ਲਹਿਰ ਵਿਚ ਰੱਬੀ ਰੂਹ ਵਿਚ ਰੰਗੇ ਤੇ ਸ਼ਹੀਦ ਹੋਏ ਕੌਮੀ ਪਰਵਾਨਿਆਂ ਨੇ। ਗੁਰਬਾਣੀ ਅਨੁਸਾਰ ਸਿੱਖ ਦਾ ਜੀਵਨ ਗੁਣਾ ਭਰਭੂਰ, ਮਾਇਆ, ਤ੍ਰਿਸ਼ਨਾ, ਵਿਕਾਰਾਂ, ਸੱਖ-ਦੁੱਖ ਤੋਂ ਨਿਰਲੇਪ, ਨਿਰਮਲ ਹਸਤੀ ਵਾਲਾ ਹੋਣਾ ਚਾਹੀਦਾ ਹੈ। ਅਜਿਹੇ ਜੀਵਨ ਵਾਲੇ ਸਿੱਖ, ਕੌਮ ਵਿਚ ਹਮੇਸ਼ਾ ਮੌਜ਼ੂਦ ਰਹੇ ਹਨ ਪਰ ਅਜੋਕੇ ਸਮੇਂ ਅਜਿਹੇ ਗੁਰਸਿੱਖਾਂ ਦੀ ਕੌਮ ਵਿਚ ਬਹੁਤ ਥੁੱੜ ਹੈ। ਆਪਣੇ ਸਤਿਗੁਰਾਂ ਪ੍ਰਤੀ ਅਥਾਹ ਸ਼ਰਧਾ ਰਖਣ ਵਾਲੇ ਗੁਰੂ ਦੇ ਪਿਆਰੇ ਸਿੱਖ ਨੇ ਆਪਣੇ ਸਤਿਗੁਰਾਂ ਨਾਲ ਅਥਾਹ ਪ੍ਰੇਮ ਵੀ ਬਣਾਉਣਾ ਹੈ ਤੇ ਆਪਣਾ ਆਪ ਗੁਰੂ ਅੱਗੇ ਸਮਰਪਨ ਵੀ ਕਰਨਾ ਹੈ ਤਾਂ ਹੀ ਤਾਂ ਗੁਰੂ ਸਹਾਈ ਹੋਵੇਗਾ ਤੇ ਸਿੱਖ ਦਾ ਜੀਵਨ ਹਉਮੈ ਤੋਂ ਨਿਰਲੇਪ, ਨਿਰਮਲ ਹਸਤੀ ਵਾਲਾ ਬਣੇਗਾ।
ਹਰਮੀਤ ਸਿੰਘ ਖਾਲਸਾ
ਡਬਰਾ  ( ਗਵਾਲੀਅਰ )
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.