ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਗਿਆਨੀ
ਗੁਰੂ ਟੀਚਾ, ਗੁਰੂ ਦੇ ਵਜ਼ੀਰ ਦੀ ਜ਼ਿੰਮੇਵਾਰੀ ਤੇ ਅਜੋਕਾ ਸਿੱਖ
ਗੁਰੂ ਟੀਚਾ, ਗੁਰੂ ਦੇ ਵਜ਼ੀਰ ਦੀ ਜ਼ਿੰਮੇਵਾਰੀ ਤੇ ਅਜੋਕਾ ਸਿੱਖ
Page Visitors: 2624

ਗੁਰੂ ਟੀਚਾ, ਗੁਰੂ ਦੇ ਵਜ਼ੀਰ ਦੀ ਜ਼ਿੰਮੇਵਾਰੀ ਤੇ ਅਜੋਕਾ ਸਿੱਖ
ਗਿਆਨੀ ਅਵਤਾਰ ਸਿੰਘ
ਮਨੁੱਖ ਪੈਦਾ ਹੋਣ ਲੱਗਿਆਂ ਕੋਈ ਵੀ ਇੱਛਾ (ਭਾਵਨਾ ਜਾਂ ਕਲਪਨਾ), ਆਪਣੇ ਮਨ ਵਿੱਚ ਧਾਰ ਕੇ ਸੰਸਾਰ ਵਿੱਚ ਨਹੀਂ ਆਉਂਦਾ ਅਤੇ ਅਜਿਹਾ ਨਿਰਮਲ ਕਿਰਦਾਰ ਜਦ ਵੱਡਾ ਹੁੰਦਾ ਹੈ ਉਸ ਦੀ ਮਾਤਾ, ਉਸ ਦੇ ਰਿਸ਼ਤੇ-ਨਾਤੇ ਜਾਂ ਉਸ ਦੇ ਦੋਸਤ ਹੀ ਉਸ ਦੀਆਂ ਇਛਾਵਾਂ (ਭਾਵਨਾਵਾਂ) ਨੂੰ ਹੌਲ਼ੀ-ਹੌਲ਼ੀ ਸਿਰਜਦੇ ਰਹਿੰਦੇ ਹਨ, ਜੋ ਇੱਕ ਦਿਨ ਵਧ ਕੇ ਵਿਕਰਾਲ ਰੂਪ ਧਾਰਨ ਕਰ ਲੈਂਦੀਆਂ ਹਨ। ਇਨ੍ਹਾਂ ਵਿਕਰਾਲ ਇਛਾਵਾਂ ਨੂੰ ਹੀ ਗੁਰਬਾਣੀ ਸੰਸਾਰ ਸਮੁੰਦਰ, ਭਵਸਾਗਰੁ, ਆਦਿ ਬਿਆਨ ਕਰਦੀ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਦੀ ਇਸ ਮਨੋਬਿਰਤੀ (ਕੁਬੁਧਿ, ਧੁੰਦ ਜਾਂ ਪਰਦੇ) ਨੂੰ ਸਮਝਿਆ, ਵੀਚਾਰਿਆ ਤੇ ਇਸ ਦਾ ਇਲਾਜ ਕਰਨ ਲਈ ਚਾਰੇ ਦਿਸ਼ਾਵਾਂ ਵੱਲ ਜਗਤ ਫੇਰੀਆਂ ਸ਼ੁਰੂ ਕੀਤੀਆਂ। ਇਹ ਪਰਦਾ; ਅਕਾਲ ਪੁਰਖ (ਜਗਤ ਰਚੇਤੇ) ਦੀ ਹੋਂਦ (ਮੌਜੂਦਗੀ) ਅਤੇ ਜੀਵ ਦੇ ਵਜੂਦ ਦਰਮਿਆਨ ਅਗਿਆਨਤਾ ਕਾਰਨ ਬੜਾ ਧੁੰਦਲਾ ਬਣ ਜਾਂਦਾ ਹੈ, ਜਿਸ ਕਰ ਕੇ ਖ਼ੁਦਾ ਨੂੰ ਵੇਖਣਾ, ਮਹਿਸੂਸ ਕਰਨਾ, ਉਸ ਦੀ ਹੋਂਦ ਨੂੰ ਸਵੀਕਾਰਨਾ (ਜਾਂ ਅਨੁਭਵ ਕਰਨਾ) ਅਸੰਭਵ ਹੋ ਜਾਂਦਾ ਹੈ। ਲੁਕਾਈ; ਧਰਮ ਦੇ ਨਾਮ ’ਤੇ ਆਕਾਰ ਪੂਜਕ ਬਣ ਗਈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆਂ ਚਾਰੇ ਦਿਸ਼ਾਵਾਂ ਵੱਲ ਕੀਤੀਆਂ ਸੰਸਾਰਕ ਯਾਤ੍ਰਾਵਾਂ ਦੌਰਾਨ ‘ਸ਼ਬਦ ਗੁਰੂ’ ਦੀ ਮਹੱਤਤਾ, ਮੌਜੂਦਗੀ ਭਾਵ ਅਗਵਾਈ ਨੂੰ ਮਨੁੱਖਾ ਜਨਮ ਲਈ ਅਤਿ ਉੱਤਮ ਮੰਨਿਆ।
‘ਗੁਰੂ’ ਤੋਂ ਭਾਵ ‘ਗ’ ਗ਼ੁਬਾਰ (ਹਨੇ੍ਹਰਾ, ਆਕਾਰ, ਮਾਇਆ, ਦ੍ਰਿਸ਼ਟੀਗੋਚਰ, ਨਾਸ਼ਵਾਨ ਸੰਸਾਰ) ਅਤੇ ‘ਰ’ ਰੌਸ਼ਨੀ (ਨਿਰਾਕਾਰ, ਅਦ੍ਰਿਸ਼, ਅਬਿਨਾਸ਼ੀ, ਕਰਤਾਰ) ਦਾ ਬੋਧ ਹੈ ਭਾਵ ਉਹ ਸ਼ਖ਼ਸੀਅਤ ‘ਗੁਰੂ’ (ਅਗਵਾਈ ਕਰਨ ਲਾਇਕ) ਹੈ, ਜੋ ਆਕਾਰ (ਕੁਦਰਤ) ਅਤੇ ਨਿਰਾਕਾਰ (ਕੁਦਰਤ ਦੇ ਮਾਲਕ) ਤੋਂ ਪੂਰਨ ਤੌਰ ’ਤੇ ਵਾਕਫ਼ ਹੁੰਦੀ ਹੈ। ਬਾਬਾ ਕਬੀਰ ਜੀ ਦੇ ਇਹ ਵਚਨ, ਸਾਨੂੰ ਸੇਧ ਬਖ਼ਸ਼ਦੇ ਹਨ ਕਿ ਤਦ ‘ਅਖੌਤੀ ਗੁਰੂ’ (ਅਨੁਯਾਈਆਂ ਦੇ ਰਹਿਬਰ, ਪੈਰੋਕਾਰਾਂ ਦੇ ਰਹਿਨੁਮਾ) ਬਹੁਤਾਤ ਵਿੱਚ ਸਨ, ਜੋ ਸ਼ਰਧਾਵਾਨ ਮਨੁੱਖਾਂ ਨੂੰ ਨਿਰਾਕਾਰ (ਕੇਸੋ) ਨਾਲ਼ ਜੋੜਨ ਦੀ ਬਜਾਇ ਆਪਣੇ ਨਾਲ਼ ਜੋੜ ਕੇ ਹੀ ਉਨ੍ਹਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰ ਰਹੇ ਸਨ,
‘‘ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ ॥
 ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ
॥’’ (ਭਗਤ ਕਬੀਰ/੧੩੬੯)
ਗੁਰੂ ਜੀ ਦੁਆਰਾ ਰਚੀ ਤੇ ਪ੍ਰਚਾਰੀ ਜਾ ਰਹੀ ਇਸ (‘ਸ਼ਬਦੁ ਗੁਰੂ’ ਵਾਲ਼ੀ) ਨਿਵੇਕਲੀ ਯੁਕਤੀ ਕਿ
 ‘‘ਸਬਦਿ ਗੁਰੂ ਭਵਸਾਗਰੁ ਤਰੀਐ..॥    (ਅਤੇ)
 ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ ॥’’
 ਨੂੰ ਮੰਨਣ ਲਈ ਜਨਮ ਜਨਮਾਂਤਰ ਦੀ ਸੰਸਕਾਰਕ ਬਿਰਤੀ ਸਾਹਮਣੇ ਕਈ ਸਵਾਲ ਉਤਪੰਨ ਹੋਣ ਲੱਗੇ। ਯੋਗੀਆਂ ਨੇ ਪੁੱਛ ਹੀ ਲਿਆ ਕਿ ਜਿਸ ‘ਸ਼ਬਦ ਗੁਰੂ’ ਨਾਲ਼ ਸੰਸਾਰਕ ਯਾਤਰਾ ਸਫਲ ਹੁੰਦੀ ਹੈ, ਉਸ ਦਾ ਨਿਵਾਸ ਸਥਾਨ ਕਿੱਥੇ ਹੈ ?
 ‘‘ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ ॥ (ਮ: ੧/੯੪੪)
ਗੁਰੂ ਜੀ ਨੇ ਉਕਤ ਸਵਾਲ ਦਾ ਜਵਾਬ ਦਿੰਦਿਆਂ ‘ਸ਼ਬਦ ਗੁਰੂ’ ਦਾ ਨਿਵਾਸ ਸਥਾਨ ਨਿਰਾਕਾਰ ਦੀ ਹੋਂਦ ਵਾਙ ਕਣ-ਕਣ ਵਿੱਚ ਵਿਆਪਕ ਬਿਆਨ ਕੀਤਾ
‘‘ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ॥’’ (ਮ: ੧/੯੪੪)
 ਦਰਅਸਲ, ਅਕਾਲ ਪੁਰਖ ਨਾਲ਼ ਅਭੇਦਤਾ (ਭਾਵ ਬਣ ਚੁੱਕੇ ਪਰਦੇ ਦਾ ਖ਼ਾਤਮਾ) ਉਨ੍ਹਾਂ ਦੀ ਹੀ ਸਿਫ਼ਤ ਸਾਲਾਹ ਕੀਤਿਆਂ ਹੋਣੀ ਹੈ। ਸਿਫ਼ਤ ਸਾਲਾਹ ਤੋਂ ਭਾਵ ਉਸ ਦੀ ਹੋਂਦ ਨੂੰ ਸਵੀਕਾਰਨਾ, ਹੁਕਮ ਨੂੰ ਮੰਨਣਾ ਅਤੇ ਆਪਣੀ ਹਉਮੈ ਨੂੰ ਤਿਆਗਣਾ ਹੈ, ਜੋ ਪਰਦਾ ਕਾਇਮ ਰੱਖਣ ਦਾ ਮੂਲ ਹੈ। ਗੁਰੂ ਨਾਨਕ ਸਾਹਿਬ ਜੀ ‘ਜਪੁ’ ਬਾਣੀ ਰਾਹੀਂ ਵੀ
‘‘ਕਿਵ ਕੂੜੈ ਤੁਟੈ ਪਾਲਿ ॥’’
 ਦਾ ਜਵਾਬ
 ‘‘ਹੁਕਮਿ ਰਜਾਈ ਚਲਣਾ..॥’’    ਦਿੰਦੇ ਹਨ।
ਇੱਕ ਮਾਲਕ, ਆਪਣੇ ਨੌਕਰ ਨੂੰ ਆਪਣੀ ਭਾਵਨਾ ਵਿਅਕਤ ਕਰਦਿਆਂ ਆਖਦਾ ਹੈ ਕਿ ਗ਼ਰਮੀ ਦੇ ਦਿਨਾਂ ਵਿੱਚ ਮੁਸਾਫ਼ਰਾਂ (ਰਾਹੀ) ਲਈ ਪਾਣੀ ਦੀ ਰੋਜ਼ਾਨਾ ਛਬੀਲ ਲਗਾਉਣੀ ਹੈ। ਮਾਲਕ ਦਾ ਇਹ ਜਿੱਥੇ ਹੁਕਮ ਹੈ ਓਥੇ ਨੌਕਰ ਲਈ ਇਸ ’ਤੇ ਪਹਿਰਾ ਦੇਣਾ ਉਸ ਦੇ ਹੁਕਮ ਵਿੱਚ ਚੱਲਣਾ ਅਖਵਾਉਂਦਾ ਹੈ। ਇਸੇ ਤਰ੍ਹਾਂ ਕੁਦਰਤ ਨੂੰ ਰਚਨਾ, ਮਾਲਕ ਦਾ ਹੁਕਮ ਹੈ ਅਤੇ ਕੁਦਰਤ ਮੁਤਾਬਕ ਵਿਚਰਨਾ, ਨੌਕਰ ਵੱਲੋਂ ਕੀਤੀ ਗਈ ਸੇਵਾ ਹੈ, ਨਮਕ ਹਲਾਲੀ ਹੈ। ਮਾਲਕ ਅਤੇ ਨੌਕਰ ਦਾ ਅਜਿਹਾ ਰਿਸ਼ਤਾ ਹੀ (ਹਉਮੈ ਦੇ) ਪਰਦੇ ਨੂੰ ਮਿਟਾਉਂਦਾ ਹੈ ਕਿਉਂਕਿ ਨੌਕਰ, ਛਬੀਲ ਲਗਾਉਣ ਦਾ ਮਹੱਤਵ ਆਪਣੇ ਮਾਲਕ ਨੂੰ ਦਿੰਦਾ ਹੈ, ਨਾ ਕਿ ਇਸ ਸੇਵਾ ਦਾ ਮਹੱਤਵ ਆਪਣੇ ਉੱਪਰ ਲੈ ਕੇ ਆਪਣੇ ਅੰਦਰ ਅਹੰਕਾਰ ਨੂੰ ਪਨਪਣ ਦਿੰਦਾ।
ਸਰਬ ਵਿਆਪਕ ਅਦ੍ਰਿਸ਼ ਸਿਰਜਣਹਾਰ ਦੀ ਹੋਂਦ ਨੂੰ ਮਹਿਸੂਸ ਕਰਨ ਨਾਲ਼ ਬਾਕੀ ਰੋਗ (ਕਮਾਦਿਕ ਵਿਕਾਰ, ਦਵੈਤ ਭਾਵਨਾ, ਲਿੰਗ ਭੇਦ ਤੇ ਅੰਧਵਿਸ਼ਵਾਸ) ਸੁੱਤੇ ਸਿੱਧ ਹੀ ਖ਼ਤਮ ਹੋ ਜਾਂਦੇ ਹਨ ਕਿਉਂਕਿ ਰੱਬੀ ਹੋਂਦ ਨੂੰ ਅਨੁਭਵ ਕੀਤਿਆਂ ਸਾਰਾ ਸਮਾਜ, ਪਰਿਵਾਰਕ ਅਟੁੱਟ ਰਿਸ਼ਤੇ ’ਚ ਬੰਧ (ਬੰਨ੍ਹ) ਜਾਂਦਾ ਹੈ, ਜੁੜ ਜਾਂਦਾ ਹੈ।
‘ਸ਼ਬਦੁ ਗੁਰੂ’ ਦੁਆਰਾ ਮਿਲਿਆ ਇਹ ਗਿਆਨ (ਭਾਵ ਸਰਲ ਯੁਕਤੀ); ਹਰ ਵਰਗ, ਹਰ ਜਾਤ, ਹਰ ਇਲਾਕੇ ਦੀ ਭਾਸ਼ਾ ਰਾਹੀਂ ਸੁਖਾਲਾ ਹੀ ਉਨ੍ਹਾਂ ਦੀ ਨਿਜੀ ਕਿਰਤ ਦੇ ਹਵਾਲਿਆਂ ਨਾਲ਼ ਸਮਝਾਇਆ ਗਿਆ ਭਾਵ ਕਿਸਾਨ ਨੂੰ ਕਿਰਸਾਨੀ ਰਾਹੀਂ, ਵਾਪਾਰੀ ਨੂੰ ਵਾਪਾਰਕ ਸਾਧਨਾਂ ਰਾਹੀਂ, ਨੌਕਰ ਨੂੰ ਨੌਕਰ ਤੇ ਮਾਲਕ ਦੇ ਸੰਬੰਧਾਂ ਰਾਹੀਂ, ਆਦਿ।
ਉਕਤ ਵਿਚਾਰ ਨੂੰ ਗੁਰਮਤਿ, ‘ਪੀਰੀ’ (ਰੂਹਾਨੀਅਤ ਸ਼ਕਤੀ) ਮੰਨਦੀ ਹੈ ਜਦਕਿ ਇੱਕ ਹੋਰ ਵਿਸ਼ਾ ‘ਮੀਰੀ’ (ਸਮਾਜਿਕ ਏਕਤਾ) ਵੀ ਹੈ। ਅਣਗਿਣਤ ਸੰਸਾਰਕ ਕਬੀਲਿਆਂ ਦੀ ਆਪੋ ਆਪਣੀ ਸੋਚ; ਉਨ੍ਹਾਂ ਦੁਆਰਾ ਨਿਸ਼ਚਿਤ ਕੀਤੇ ਗਏ ਕੌਮੀ ਸਿਧਾਂਤ ਦੇ ਦਾਇਰੇ ਅੰਦਰ ਸਿਰਜੀ ਹੁੰਦੀ ਹੈ। ‘ਗੁਰੂ’ ਸਾਹਿਬਾਨ ਦੁਆਰਾ ਰਚੀ ਤੇ ਪ੍ਰਚਾਰੀ ਗਈ ‘ਮੀਰੀ’, ਇਨ੍ਹਾਂ ਸਭ ਨਾਲ਼ੋਂ ਇੱਕ ਨਿਵੇਕਲੀ ਤੇ ਵਿਲੱਖਣ ਜੀਵਨਸ਼ੈਲੀ ਹੈ, ਜੋ ਲੁਕਾਈ ਸਾਹਮਣੇ ਆਦਰਸ਼ (ਮਾਡਲ) ਬਣੀ ਹੋਈ ਹੈ। ਇਸ ਵਿਸ਼ੇ ਦੀ ਸਪਸ਼ਟਤਾ ਲਈ ਇੱਕ ਮਿਸਾਲ ਲੈਣੀ ਪੈ ਰਹੀ ਹੈ, ‘ਕਿਸੇ ਦੇਸ਼ ਦੇ ਇੱਕ ਨਗਰ ਅੰਦਰ ਕੁੱਝ ਧਾਰਮਿਕ ਬਿਰਤੀ ਦੇ ਲੋਕ (ਹਿੰਦੂ, ਮੁਸਲਿਮ, ਈਸਾਈ, ਜੈਨੀ, ਬੋਧੀ, ਆਦਿਕ) ਇਕੱਠੇ ਹੀ ਰਹਿੰਦੇ ਹਨ, ਜਿਨ੍ਹਾਂ ਦੇ ਪੜੋਸ (ਗੁਆਂਢ) ’ਚ ਕੁੱਝ ਆਮ ਬੰਦੇ (ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲ਼ੇ) ਵੀ ਰਹਿ ਰਹੇ ਹਨ, ਜੋ ਸਮਾਜਿਕ ਬੇਇਨਸਾਫ਼ੀ ਦਾ ਮੁਕਾਬਲਾ ਕਰਨ ’ਚ ਅਸਮਰਥ ਹਨ।
ਪੀੜਤ, ਹਰ ਪੱਖੋਂ ਕਮਜ਼ੋਰ ਅਤੇ ਜ਼ਾਲਮ ਹਰ ਪੱਖੋਂ ਸ਼ਕਤੀਸ਼ਾਲੀ ਤੇ ਰਾਜ ਸੱਤਾ ’ਤੇ ਕਾਬਜ਼ ਹੁੰਦਾ ਹੈ ਜਾਂ ਸਰਕਾਰੀ ਸ਼ਹਿ ਅਧੀਨ ਵਿਚਰਦਾ ਹੈ, ਇਨ੍ਹਾਂ ’ਚ ਜ਼ਿਆਦਾਤਰ ‘ਪੂਜਾਰੀ, ਵਜ਼ੀਰ, ਰਾਜੇ, ਟਹਿਲਕਾਰ, ਆਦਿ ਹੀ ਹੁੰਦੇ ਹਨ। ਇਸ ਗੰਦੀ ਤੇ ਸਮਾਜ ਵਿਰੋਧੀ ਸੋਚ ਵਿਰੁਧ (ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ) ਹਰ ਧਰਮ ਮੌਨ ਹੈ, ਜਦ ਕਿ ਗੁਰਬਾਣੀ ਫ਼ੁਰਮਾਨ ਹਨ,
 ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ! ॥ (ਮ: ੧/੭੨੨),
 ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ (ਮ: ੧/੧੪੫),
 ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥ (ਮ: ੩/੪੨੩),
 ਕਾਜੀ ਹੋਇ ਕੈ ਬਹੈ ਨਿਆਇ ॥ ਫੇਰੇ ਤਸਬੀ ਕਰੇ ਖੁਦਾਇ ॥
 ਵਢੀ ਲੈ ਕੈ ਹਕੁ ਗਵਾਏ ॥ ਜੇ ਕੋ ਪੁਛੈ ਤਾ ਪੜਿ ਸੁਣਾਏ ॥…
... ਚਉਕਾ ਦੇ ਕੈ ਸੁਚਾ ਹੋਇ ॥ ਐਸਾ ਹਿੰਦੂ ਵੇਖਹੁ ਕੋਇ
॥ (ਮ: ੧/੯੫੧),
 ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਾ ਪੜਿ੍ਆ ਨਾਉ ॥
 ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ
॥…
... ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥’’ (ਮ: ੧/੧੨੮੮)
 ਭਾਵ ਗਿਝਾਇਆ ਹੋਇਆ ਹਿਰਨ, ਬਾਜ਼ ਅਤੇ ਚੌਧਰੀ (ਚਾਪਲੂਸੀ ਲਈ ਜਾਂ ਮੁਸੀਬਤ ਸਮੇਂ) ਆਪਣੀ ਹੀ ਜਾਤ ਬਰਾਦਰੀ (ਭਰਾਵਾਂ) ਨੂੰ ਧੋਖੇ ਨਾਲ਼ ਲਿਆ ਕੇ ਕੈਦ ਕਰਵਾ ਦਿੰਦੇ ਹਨ। ਰਾਜੇ ਮਾਨੋ ਸ਼ੇਰ ਹਨ ਤੇ ਉਨ੍ਹਾਂ ਦੇ ਅਹਿਲਕਾਰ ਕੁੱਤੇ ਹਨ, ਜਿਹੜੇ ਗ਼ਰੂਰ ’ਚ, ਸੁੱਤੀ ਪਈ ਲਾਚਾਰ ਜਨਤਾ ਨੂੰ ਆਰਾਮ ਕਰਨ ਵੀ ਨਹੀਂ ਦਿੰਦੇ ।
ਕੀ ਅਜਿਹੀ ਦ੍ਰਿੜ੍ਹਤਾ, ਬੁਲੰਦ ਆਵਾਜ਼ (ਹਿੰਮਤ) ਤੇ ਰੱਬੀ ਨਿਯਮ ’ਤੇ ਭਰੋਸਾ, ਕਿ
 ‘‘ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥’’ (ਮ: ੪/੫੯੪)
 ਅਜੋਕੇ ਕਿਸੇ ਰਹਿਨੁਮਾ (ਗੁਰੂ, ਮਹਾਤਮਾ) ’ਚ ਹੈ ?
ਉਕਤ ਵਿਚਾਰ ਦਾ ਸਾਰ ਇਹ ਹੈ ਕਿ ਸਿੱਖ, ਹਰ ਇਨਸਾਨ (ਭਾਵੇਂ ਕਿਸੇ ਵੀ ਧਰਮ ਨੂੰ ਮੰਨਦਾ ਜਾਂ ਨਾ ਮੰਨਦਾ ਹੋਵੇ) ਨਾਲ਼ ਖੜ੍ਹ ਜਾਂਦਾ ਹੈ ਅਤੇ ਅਤਿਆਚਾਰ ਵਿਰੁਧ ਮੋਰਚਾ ਲਗਾਉਣ ਨੂੰ ਆਪਣਾ ਧਰਮ ਕਰਮ ਸਮਝਦਾ ਹੈ ਭਾਵ ਸਚਾਈ ’ਤੇ ਪਹਿਰਾ ਦਿੰਦਾ ਹੈ। ਅਜਿਹੀ ਸਮਾਜਿਕ ਏਕਤਾ ਨੂੰ ‘ਮੀਰੀ’ ਸ਼ਬਦ ਰਾਹੀਂ ਪਰਿਭਾਸ਼ਿਤ ਕੀਤਾ ਗਿਆ ਕਿਉਂਕਿ ਗੁਰਮਤਿ ਅਨੁਸਾਰ ਪੂਰੇ ਸੰਸਾਰ ’ਚ ਕਰਤਾਰ ਦੀ ਮੌਜੂਦਗੀ ਹੋਣ ਕਾਰਨ ਪਰਿਵਾਰਕ ਸਾਂਝ ਹੈ ਜਦਕਿ ਬਾਕੀ ਧਰਮ, ਅਜਿਹੀ ਵਿਆਖਿਆ ਨਾ ਕਰਦੇ ਹਨ ਤੇ ਨਾ ਹੀ ਕਿਸੇ ਲਈ (ਬਿਨਾਂ ਬੁਲਾਈ) ਮੁਸੀਬਤ ਝੱਲਣ ਲਈ ਅੱਗੇ ਆਉਂਦੇ ਹਨ। ਗੁਰਬਾਣੀ ਇਸ ਜੀਵਨਸ਼ੈਲੀ ਨੂੰ
‘‘ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥’’ ਪ੍ਰਵਾਨ ਕਰਦੀ ਹੋਈ
‘‘ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥ (ਮ: ੩/੯੧੯) ਬਣਾ ਲੈਂਦੀ ਹੈ।
ਇਤਿਹਾਸ ਗਵਾਹ ਹੈ ਕਿ ਗੁਰੂ ਜੀ ਮੱਕੇ ਗਏ, ਜਿੱਥੇ ਬਣੇ ਭਰਮ ਨੂੰ ਤੋੜਨ ਲਈ ਉਨ੍ਹਾਂ ਦੁਆਰਾ ਮੰਨੇ ਜਾਂਦੇ ਖ਼ੁਦਾ ਦੇ ਘਰ ਵੱਲ ਆਪਣੇ ਪੈਰ ਕਰ ਲਏ, ਹਰਦੁਆਰ ਗਏ, ਜਿੱਥੇ ਉਨ੍ਹਾਂ ਪੂਰਵ ਦੀ ਬਜਾਇ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ, ਜਗਨਨਾਥ ਪੁਰੀ ਗਏ, ਜਿੱਥੇ ਮੰਦਿਰ ਅੰਦਰ ਖੜ੍ਹ ਕੇ ਆਰਤੀ ਹੁੰਦੀ ਦੌਰਾਨ ਆਪ ਬਾਹਰ ਹੀ ਖੜ੍ਹ ਗਏ, ਤ੍ਰਿਲੋਕੀ ਦੇ ਦਰਸ਼ਨ ਹੋਣ ਦਾ ਦਾਹਵਾ ਕਰਨ ਵਾਲ਼ੇ ਪਾਖੰਡੀ ਠੱਗ ਦਾ ਕਟੋਰਾ (ਉਸ ਦੇ ਹੀ ਪਿੱਛੇ) ਛੁਪਾ ਕੇ ਠਗੀ ਜਾ ਰਹੀ ਭੋਲ਼ੀ ਭਾਲ਼ੀ ਜਨਤਾ ਸਾਹਮਣੇ ਠੱਗ ਦੀ ਲਾਲਸਾ ਪ੍ਰਤੱਖ ਉਜਾਗਰ ਕੀਤੀ, ਬੇਸਹਾਰਾ ਕਸ਼ਮੀਰੀ ਪੰਡਿਤਾਂ ਲਈ ਨਾਵੇਂ ਜਾਮੇ ’ਚ ਆਪਾ ਕੁਰਬਾਨ ਕਰਾ ਲਿਆ, ਆਦਿ। ਅਜਿਹੀ ਜੀਵਨਸ਼ੈਲੀ ਉਪਰੰਤ ਸੋਚਣਾ ਬਣਦਾ ਹੈ ਕਿ, ਕੀ ਅੱਜ ਅਜਿਹੇ ਠੱਗ ਜਾਂ ਕਰਮਕਾਂਡੀ ਨਹੀਂ ਹਨ ਜਾਂ ਇਨ੍ਹਾਂ ਵਿਰੁਧ ਬੋਲਣ ਦੀ ਹਿੰਮਤ, ਵਚਨਾਂ ਦੇ ਸੂਰੇ, ਰੱਬ ’ਤੇ ਭਰੋਸ਼ਾ ਰੱਖਣ ਵਾਲ਼ੇ ਗੁਰੂ (ਰਹਿਨੁਮਾ) ਹੀ ਮੌਜੂਦ ਨਹੀਂ ? ਇਹ ਵੀ ਸਤ੍ਯ ਹੈ ਕਿ ਅਜੋਕੇ ਦੰਭੀ ਗੁਰੂਆਂ ਦੇ ਵਚਨ ਕਿਸੇ ਸੀਮਾ ਤੱਕ ਹੀ ਨੈਤਿਕਤਾ ਦਾ ਪਾਠ ਸਮਾਜ ਨੂੰ ਪੜ੍ਹਾਉਂਦੇ ਰਹਿੰਦੇ ਹਨ।
ਸੋ, ਗੁਰੂ ਗ੍ਰੰਥ ਸਾਹਿਬ ’ਚ ਦਰਜ ਹਮਖ਼ਿਆਲੀ ਵਿਚਾਰਾਂ ਵਾਲ਼ੇ 35 ਮਹਾਂ ਪੁਰਖਾਂ ਦੇ ਭਿੰਨ-ਭਿੰਨ ਭਾਸ਼ਾਵਾਂ ’ਚ ਰਚੇ ਵਿਚਾਰਾਂ ਨੂੰ ਗੁਰਮੁਖੀ ਲਿਪੀ ’ਚ ਅੰਤ ਕਾਲ (ਕਿਆਮਤ) ਤੱਕ ਸੰਭਾਲ਼ਨਾ ਵੀ ਗੁਰੂ ਦੀ ਮਹਾਨਤਾ ਨੂੰ ਘੱਟ ਨਹੀਂ ਦਰਸਾਉਂਦਾ, ਜਿੱਥੇ ਅਖੌਤੀ ਜਾਤ-ਪਾਤ ਲਈ ਕੋਈ ਵਿਸ਼ੇਸ਼ ਜਗ੍ਹਾ ਨਹੀਂ। ਅਜਿਹੇ ਸਰਬ ਪ੍ਰਮਾਣਿਤ ਵਿਚਾਰਾਂ ਨੂੰ ਜਿੱਥੇ ਲਿਖਤ ’ਚ ਸਮੇਟਣਾ ਤੇ ਪ੍ਰਚਾਰਨਾ ਇੱਕ ਵਿਲੱਖਣ ਕਾਰਜ ਹੈ ਉੱਥੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਚੰਗੇ ਤੇ ਗੁਰੂ ਰੂਪ ਕਿਰਦਾਰਾਂ (ਪੰਜ ਪਿਆਰਿਆਂ) ਦੇ ਸਪੂਰਦ ਕਰਨਾ ਭਾਵ ਚੰਗੇ ਆਚਰਣ ਦੀ ਚੋਣ ਕਰਨਾ ਵੀ ਆਸਾਨ ਕਾਰਜ ਨਹੀਂ ਕਿਹਾ ਜਾ ਸਕਦਾ। ਸਮਾਜਿਕ ਸਮਾਨਤਾ ਨੂੰ ਮੁੱਖ ਰੱਖ ਕੇ ਰਚੀ ਗਈ ਆਪਸੀ ਪਿਆਰ ਪੈਦਾ ਕਰਨ ਵਾਲ਼ੀ ਸਿਧਾਂਤਕ ਰਚਨਾ (ਬਾਣੀ) ਦਾ ਤਦ ਤੋਂ ਹੀ ਵਿਰੋਧ ਹੁੰਦਾ ਵੇਖ, ਜਾਪਦਾ ਹੈ ਕਿ ਲੋਕ, ਸਮਾਜ ਹਿਤਕਾਰੀ ਕਾਰਜ ਚਾਹੁੰਦੇ ਹੀ ਨਹੀਂ ਹਨ। ਵੈਸੇ ਧਾਰਮਿਕ ਲਿਬਾਸ ਤੇ ਧਾਰਮਿਕ ਸਥਾਨਾਂ ਦੀ ਕਿਸੇ ਵੀ ਦੇਸ਼ ’ਚ ਕੋਈ ਕਮੀ ਵੀ ਨਹੀਂ ਹੈ।
ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੁਆਰਾ ਕੀਤੀ ਗਈ 1603 ਈਸਵੀ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਉਪਰੰਤ ਪਹਿਲਾ ਪ੍ਰਕਾਸ਼ 1604 ਈ. ’ਚ ਜਦ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਕੀਤਾ ਗਿਆ ਤਾਂ ਦਰਬਾਰ ਸਾਹਿਬ ’ਚ ਪਹਿਲੇ ਗ੍ਰੰਥੀ ਦੀ ਸੇਵਾ ਵਜੋਂ ਬਾਬਾ ਬੁੱਢਾ ਜੀ ਨੂੰ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਰਾਹੀਂ ਲਏ ਗਏ ਪਹਿਲੇ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਮੁੱਖ ਵਾਕ ’ਚ ਸ਼ਬਦ
‘‘ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
 ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ
॥’’ (ਮ: ੫/੭੮੩)
 ਬਖ਼ਸ਼ਸ਼ ਹੋਇਆ ਸੀ ਤਦ ਗੁਰੂ ਅਰਜਨ ਸਾਹਿਬ ਜੀ, ਜਿਨ੍ਹਾਂ ਦੁਆਰਾ ਰਚਿਆ ਇਹ ਸ਼ਬਦ ਹੈ, ਸਾਹਮਣੇ ਸੰਗਤੀ ਰੂਪ ਵਿੱਚ ਬੈਠੇ ਸਨ, ਜਿਨ੍ਹਾਂ ਬਾਬਤ
‘‘ਸੰਤਾ ਕੇ ਕਾਰਜਿ ਆਪਿ ਖਲੋਇਆ’’ ਰਾਹੀਂ ਸਪਸ਼ਟ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇੱਕ ਇਲਾਹੀ ਜੋਤ ਸੁਸ਼ੋਭਿਤ ਹੈ ਜੋ ਅੰਤਰਯਾਮੀ ਦ੍ਰਿਸ਼ਟੀ ਰਾਹੀਂ ਸੰਗਤਾਂ ਨੂੰ ਵਚਨ ਸੁਣਾਉਂਦੀ ਹੈ,
 ‘‘ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥’’ (ਬਲਵੰਡ ਸਤਾ/੯੬੬)
ਪਹਿਲੇ ਪਾਤਿਸ਼ਾਹ (ਗੁਰੂ ਨਾਨਕ ਸਾਹਿਬ ਜੀ) ਤੋਂ ਲੈ ਕੇ ਦਸਮੇਸ਼ ਪਿਤਾ ਤੱਕ ਆਪਣੇ ਉਤਰਾਧਿਕਾਰੀ ਦੀ ਚੋਣ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਸਿੱਖ ਕੌਮ ਦੇ ਪਹਿਲੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਨਿਯੁਕਤੀ, ਇੱਕ ਅਭੁੱਲ ਅਤੇ ਦੀਰਘਕਾਲੀ ਸੋਚ ਵਜੋਂ ਯਾਦ ਕੀਤੀ ਜਾਂਦੀ ਹੈ ਜਿੱਥੇ ਕੁਤਾਹੀ ਲਈ ਕੋਈ ਜਗ੍ਹਾ ਨਹੀਂ ਵੇਖੀ ਗਈ। ਇਹੀ ਪਰਖ 1604 ਈਸਵੀ ’ਚ ਪੰਜਵੇਂ ਪਾਤਿਸ਼ਾਹ ਦੀ ਨੇ ਬਾਬਾ ਬੁੱਢਾ ਜੀ ਦੇ ਰੂਪ ਵਿੱਚ ਕੀਤੀ ਸੀ। ਅਜਿਹਾ ਨਿਰਣਾ ਦਰਸਾਉਂਦਾ ਹੈ ਕਿ ਸਰਬ ਕਲਾ ਸੰਪੂਰਨ ਗੁਰੂ ਜੀ ਬਾਰੇ ਸਮਝ ਰੱਖਣ ਵਾਲ਼ਾ ਗੁਰੂ ਦਾ ਵਜ਼ੀਰ ਵੀ, ਗੁਰੂ ਵਾਙ ਦਿੱਬ ਦ੍ਰਿਸ਼ਟੀ ਦਾ ਮਾਲਕ ਹੁੰਦਾ ਹੈ। ਬਾਬਾ ਬੁੱਢਾ ਜੀ ਦੀ ਨਿਯੁਕਤ ਸਮੇਂ ਉਨ੍ਹਾਂ ਦੀ ਉਮਰ 98 ਸਾਲ ਸੀ, ਜਿਨ੍ਹਾਂ 27 ਸਾਲ ਹੋਰ ਗੁਰੂ ਘਰ ਦੀ ਸੇਵਾ ਨਿਭਾਉਂਦਿਆਂ 1631 ਈਸਵੀ ’ਚ ਆਪਣੀ ਸੰਸਾਰਕ ਯਾਤਰਾ ਸੰਪੂਰਨ ਕੀਤੀ।
ਆਪ ਜੀ ਦਾ ਜਨਮ 1506 ਈਸਵੀ ਨੂੰ ਪਿਤਾ ਸੁੱਖੇ ਰੰਧਾਵੇ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ ਪਿੰਡ ਕੱਥੂ ਨੰਗਲ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਹੋਇਆ ਤੇ ਇਨ੍ਹਾਂ ਦਾ ਬਚਪਨ ’ਚ ਨਾਂ ‘ਬੂੜਾ’ ਰੱਖਿਆ ਗਿਆ। ਆਪ, ਗੁਰੂ ਅੰਗਦ ਸਾਹਿਬ ਜੀ ਤੋਂ 2 ਸਾਲ ਵੱਡੇ ਸਨ। 12 ਸਾਲ ਦੀ ਉਮਰ ’ਚ ਗੁਰੂ ਨਾਨਕ ਸਾਹਿਬ ਜੀ ਨਾਲ਼ ਮਿਲਾਪ ਤਦ ਹੋਇਆ ਜਦ ਗੁਰੂ ਜੀ ਇਨ੍ਹਾਂ ਦੇ ਪਿੰਡ (ਕੱਥੂ ਨੰਗਲ) ਵੱਲ ਪ੍ਰਚਾਰਕ ਦੌਰਾ ਕਰਨ ਆਏ ਤੇ ਆਪ ਮੱਝਾ ਚਾਰਦੇ ਹੋਏ ਗੁਰੂ ਜੀ ਲਈ ਦੁੱਧ ਲੈ ਕੇ ਆਇਆ ਕਰਦੇ ਸਨ। ਇੱਕ ਦਿਨ ਗੁਰੂ ਜੀ ਨੇ ਇਨ੍ਹਾਂ ਦੀ ਦਿੱਲੀ ਇੱਛਾ ਬਾਰੇ ਜਾਣਨਾ ਚਾਹਿਆ ਤਾਂ ਇਨ੍ਹਾਂ ਨੇ ਮਨੁੱਖਾ ਜੀਵਨ ਦੇ ਗਹਿਰੇ ਰਹੱਸ ਬਾਰੇ ਬੜੇ ਹੀ ਗੰਭੀਰ ਸਵਾਲ ਪੁੱਛੇ ਤਾਂ ਗੁਰੂ ਜੀ ਨੇ ਇਨ੍ਹਾਂ ਦੀ ਵਿਵੇਕਤਾ ਨੂੰ ਵੇਖਦਿਆਂ ਆਪ ਜੀ ਦਾ ਨਾਂ ‘ਬੂੜਾ’ ਤੋਂ ‘ਬੁੱਢਾ’ਰੱਖ ਦਿੱਤਾ। ਇਸ ਘਟਨਾ ਉਪਰੰਤ ਸਿੱਖ ਸੰਗਤ ਨੇ ਆਪ ਜੀ ਨੂੰ ‘ਬਾਬਾ ਬੁੱਢਾ ਜੀ’ ਕਹਿਣਾ ਆਰੰਭ ਕਰ ਦਿੱਤਾ।
ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਜੀ ਨੇ ਹੀ ਸ਼ਸਤਰ ਵਿਦਿਆ ਤੇ ਗੁਰਮੁਖੀ ਲਿਪੀ ਪੜ੍ਹਾਉਣ ਦੀ ਸੇਵਾ ਨਿਭਾਈ ਸੀ। ਆਪ ਜੀ ਦੀ ਦਿਲੀ ਇੱਛਾ ਅਨੁਸਾਰ ਸਰੀਰਕ ਜਾਮਾ ਤਿਆਗਣ ਸਮੇਂ ਗੁਰੂ ਜੀ ਨੇ ਆਪ ਆ ਕੇ ਦਰਸ਼ਨ ਦਿੱਤੇ ਅਤੇ ਅੰਤਿਮ ਸਸਕਾਰ ਦੀ ਸਾਰੀ ਰਸਮ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਨਿਭਾਈ ਗਈ।
ਸਾਰ: ਉਕਤ ਕੀਤੀ ਗਈ ਤਮਾਮ ਵਿਚਾਰ ਰਾਹੀਂ ਸਪਸ਼ਟ ਹੁੰਦਾ ਹੈ ਕਿ ਗੁਰੂ ਤੇ ਗੁਰਮਤ ਅਨੁਸਾਰੀ ਸਿੱਖ ਕਿਰਦਾਰਾਂ ਦਾ ਗਹਿਰਾ ਸੰਬੰਧ ਰਿਹਾ ਹੈ, ਜਿਸ ਨੂੰ ਦਿਲੀ ਪਿਆਰ ਕਹਿਣਾ ਉਚਿਤ ਹੋਵੇਗਾ, ਪਰ ਅਜੋਕਾ ਗੁਰਦੁਆਰਾ ਪ੍ਰਬੰਧਕੀ ਢਾਂਚਾ ਅਤੇ ਉਨ੍ਹਾਂ ਦੁਆਰਾ ਕੀਤੀ ਜਾਂਦੀ ਭਾਈ ਸਾਹਿਬ ਜੀ (ਗੁਰੂ ਦੇ ਵਜ਼ੀਰ) ਦੀ ਨਿਯੁਕਤੀ ਅਤਿ ਗੰਭੀਰ ਸਮੱਸਿਆ ਬਣੀ ਜਾਪਦੀ ਹੈ ਕਿਉਂਕਿ ਗੁਰੂ ਘਰ ਦੇ ਪ੍ਰਬੰਧਕਾਂ ਅਤੇ ਗ੍ਰੰਥੀ ਸਿੰਘਾਂ ਪਾਸ ਬਾਬਾ ਬੁੱਢਾ ਜੀ ਵਰਗੀ ਲਿਆਕਤ ਅਤੇ ਗੁਰੂ ਜੀ ਵਰਗੀ ਦਿੱਬ ਦ੍ਰਿਸ਼ਟੀ ਦੀ ਘਾਟ ਹੀ ਸਿੱਖ ਕੌਮ ਨੂੰ ਵਾਰ-ਵਾਰ ਸ਼ਰਮਿੰਦਗੀ ਉੱਠਾਉਣ ਲਈ ਮਜਬੂਰ ਕਰਦੀ ਆ ਰਹੀ ਹੈ। ਗੁਰੂ ਘਰਾਂ ’ਤੇ ਕਾਬਜ਼ ਹੋਣ ਲਈ ਕਿਰਦਾਰਹੀਣ ਰਾਜਨੀਤਿਕ ਬੰਦੇ, ਨਸ਼ਿਆਂ ਦੀ ਵਰਤੋਂ ਕਰਦਿਆਂ ਜ਼ਮੀਰ-ਹੀਣ ਬੰਦੀਆਂ ਦੀ ਵੋਟ ਸ਼ਕਤੀ ਨਾਲ਼ ਕਾਬਜ਼ ਹੋਣਾ ਸਿਖ ਚੁੱਕੇ ਹਨ। ਗੁਰੂ ਸਿੱਖਿਆ ਤੋਂ ਦੂਰ ਹੁੰਦੀ ਨੌਜਵਾਨ ਪੀੜ੍ਹੀ ਤੋਂ ਆਪਣੇ ਵਿਰਸੇ ਦੀ ਸੰਭਾਲ਼ ਕਰਵਾਉਣੀ ਮੁਸ਼ਕਲ ਹੁੰਦੀ ਜਾ ਰਹੀ ਹੈ। ਮਾਨਵਤਾ ਲਈ ਹਿਤਕਾਰੀ ਸੋਮਾ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਬਾਹਰੀ ਸਤਿਕਾਰ ਤਾਂ ਵੇਖਣ ਨੂੰ ਬਹੁਤ ਮਿਲਦਾ ਹੈ ਪਰ ਜਦ ਤੱਕ ਦਿਲੀ ਪਿਆਰ ਨਾਲ਼ ਨਹੀਂ ਜੁੜੀਦਾ ਤਦ ਤੱਕ ਸੁਨਹਿਰੇ ਭਵਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਸੋ, ਆਓ ਗੁਰੂ ਪਿਆਰਿਓ ! ਆਪਣੇ ਸੁਨਹਿਰੇ ਤੇ ਵਿਲੱਖਣ ਵਿਰਸੇ ਨਾਲ਼ ਜੁੜੀਏ ਤੇ ਪੰਥ ਦੋਖੀ ਸ਼ਕਤੀਆਂ ਦਾ ਮੁਕਾਬਲਾ ਕਰਦਿਆਂ ਗੁਰੂ ਟੀਚੇ ਨੂੰ ਹਰ ਮਨੁੱਖ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਤੇ ਫ਼ਰਜ਼ ਆਪਣੇ ਆਪ ਉੱਪਰ ਲੈਣਾ ਸਿਖੀਏ, ਇਹੀ ਗੁਰੂ ਜੀ ਦਾ ਅਸਲ ਸਤਿਕਾਰ ਹੈ।
 ਗੁਰੂ ਜੀ ਭਲੀ ਕਰਨਗੇ।
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.