ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਗਿਆਨੀ
ਕੱਚੀ ਬਾਣੀ ਬਨਾਮ ਸੱਚੀ ਬਾਣੀ
ਕੱਚੀ ਬਾਣੀ ਬਨਾਮ ਸੱਚੀ ਬਾਣੀ
Page Visitors: 3179

  ‘ਕੱਚੀ ਬਾਣੀ ਬਨਾਮ ਸੱਚੀ ਬਾਣੀ
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਤੀਸਰੇ ਪਾਤਿਸ਼ਾਹ ਗੁਰੂ ਅਮਰਦਾਸ ਜੀ ਦਾ ਪਾਵਨ ਵਾਕ:-
‘‘ ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ॥’’ ਮ:3/920॥  
ਰੂਪ ਭਾਵਨਾ ਦਰਜ ਹੋਣ ਦੇ ਉਪਰੰਤ ਵੀ ਵੇਖਣ ਵਿਚ ਆ ਰਿਹਾ ਹੈ ਕਿ ਸਿੱਖ ਸਮਾਜ ਵਿਚ ਉਕਤ ਵਿਸ਼ੇ ਪ੍ਰਤੀ ਇਕ ਮਤ (ਵਿਚਾਰਧਾਰਾ, ਸਹਿਮਤੀ) ਨਹੀਂ। ਜਿਸ ਦੇ ਕਈ ਕਾਰਨ ਹੋ ਸਕਦੇ ਹਨ। ਮੋਟੇ ਤੌਰ ’ਤੇ ਤਿੰਨ ਭਾਵਨਾ ਇਸ ਪ੍ਰਕਾਰ ਹਨ:-
1. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਪੱਕੀ ਅਤੇ ਬਾਕੀ ਤਮਾਮ ਰਚਨਾ ਕੱਚੀ।  
2. ਦਸ ਗੁਰੂ ਸਾਹਿਬਾਨ ਦੀ ਬਾਣੀ, ਭਾਈ ਗੁਰਦਾਸ, ਭਾਈ ਨੰਦ ਲਾਲ ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ (ਜੋ ਗੁਰਮਤ ਅਨਕੂਲ ਹੋਵੇ); ਜਿਨ੍ਹਾਂ ਦਾ ਜ਼ਿਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਪੰਨਾ 19 (ਗੁਰਬਾਣੀ ਦੀ ਕਥਾ) ਸਿਰਲੇਖ ਵਿਚ ਦਰਜ ਹੈ, ਪੱਕੀ ਅਤੇ ਬਾਕੀ ਕੱਚੀ ਬਾਣੀ ਹੈ।
3. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮੇਲ ਖਾਣ ਵਾਲੀ ਬਾਣੀ ਪੱਕੀ ਅਤੇ ਬਾਕੀ ਕੱਚੀ ਬਾਣੀ ਹੈ।
ਉਕਤ ਤਿੰਨ ਤਰ੍ਹਾਂ ਦੀ ਭਾਵਨਾ; ਗੁਰੂ ਅਮਰਦਾਸ ਜੀ ਦੇ ਪਾਵਨ ਵਾਕ:-
‘‘ ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ॥’’
ਵਿਸ਼ੇ ਬਾਰੇ ਹੋਣੀ; ਜੋ ਕਿ ਨਿਤਨੇਮ ਦੀ ਬਾਣੀ ਵੀ ਹੈ,
‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ॥’’ ਮ:5/611॥
ਅਖਵਾਉਂਣ ਵਾਲੇ ਸਮਾਜ ਲਈ ਵਿਗਿਆਨਕ ਸਮੇ ਦੌਰਾਨ ਸ਼ੁਭ ਸੰਕੇਤ ਨਹੀਂ ਮੰਨੀ ਜਾ ਸਕਦੀ! ਕਿਸੇ ਇਕ ਕੌਮੀ ਮਰਯਾਦਾ ਵਿਚ ਇਸ ਬਾਰੇ ਸਾਫ਼ (ਸਪੱਸ਼ਟ) ਸੰਕੇਤ ਨਾ ਹੋਣਾ ਹੀ ਉਕਤ ਦੁਬਿਧਾ ਦਾ ਮੁਖ ਕਾਰਨ ਹੈ, ਜਿਵੇਂ ਕਿ ਨੰ. 2. ਵਿਚ ਸੰਕੇਤ ‘ਦਸ ਗੁਰੂ ਸਾਹਿਬਾਨ ਦੀ ਬਾਣੀ’ ਕੀ ਸੰਕੇਤ ਦਿੰਦਾ ਹੈ? ਜਦਕਿ ਸਾਡੇ ਸਾਹਮਣੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਕੇਵਲ ਛੇ ਗੁਰੂ ਸਾਹਿਬ ਜੀ ਦੀ ਹੀ ਮੌਜ਼ੂਦ ਹੈ। ਬਾਕੀ ਚਾਰ ਗੁਰੂ ਸਾਹਿਬ ਜੀ ਦੀ ਬਾਣੀ ਕਿਥੇ ਦਰਜ ਹੈ? ਅਗਰ ਕਿਤੇ ਹੈ, ਤਾਂ ਨਿਰਣਾ ਕੌਣ ਕਰੇਗਾ?
ਹੱਥਲੇ ਵਿਸ਼ੇ ਦੇ ਪਿਛੋਕੜ ਨੂੰ ਸਮਝਣ ਲਈ ਅਗਾਂਹ ਜੋ ਵਿਚਾਰ ਕੀਤੀ ਜਾਵੇਗੀ, ਉਸ ਵਿਚ ਬਾਣੀ ਜਾਂ ਗੁਰਬਾਣੀ ਸ਼ਬਦ ਦੀ ਜਗ੍ਹਾ ਹਰ ਥਾਂ ਰਚਨਾ ਸ਼ਬਦ ਵਰਤਿਆ ਜਾਵੇਗਾ ਕਿਉਂਕਿ ਬਾਣੀ ਜਾਂ ਗੁਰਬਾਣੀ ਸ਼ਬਦ ਸਤਿਕਾਰਮਈ ਹੋਣ ਕਾਰਨ ਸਿਧਾਂਤ ਦਾ ਪਿਛੋਕੜ ਸਮਝਣਾ ਮੁਸ਼ਕਲ ਪ੍ਰਤੀਤ ਜਾਪਦਾ ਹੈ। ਇਸ ਬਾਰੇ ਮੈ ਪਾਠਕਾਂ ਤੋਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਹਾਂ।
  ਕਿਸੇ ਵੀ ਪ੍ਰਕਾਰ ਦੀ ਭਾਸ਼ਾ, ਬੋਲੀ ਜਾਂ ਰਚਨਾ ਕੀ ਹੁੰਦੀ ਹੈ ?
ਉੱਤਰ:- ਕੋਈ ਮਨੁੱਖ (ਵਿਅਕਤੀ) ਆਪਣੇ ਮਨ ਦੇ ਭਾਵਾਂ, ਖਿਆਲਾਂ, ਉਮੰਗ, ਤਰੰਗ ਨੂੰ ਜਦ ਕਿਸੇ ਦੂਸਰੇ ਇਨਸਾਨ ਨਾਲ ਸਾਂਝਾ ਕਰਨ ਦੌਰਾਨ; ਜੋ ਅੱਖਰ, ਲਿੱਪੀ ਆਦਿ ਵਰਤਦਾ ਹੈ, ਨੂੰ ਭਾਸ਼ਾ, ਬੋਲੀ ਜਾਂ ਰਚਨਾ ਆਖਦੇ ਹਨ। ਉੱਕਤ ਪਰਿਭਾਸ਼ਾ ਤੋਂ ਬੋਧ ਹੋ ਜਾਂਦਾ ਹੈ ਕਿ ਦੂਸਰੇ ਵਿਅਕਤੀ ਤੱਕ ਭਾਵਨਾ ਪਹੁੰਚਾਉਂਣ ਲਈ ਅੱਖਰਾਂ ਦੀ ਕੇਵਲ ਟੇਕ, ਆਸਰਾ ਜਾਂ ਸਹਾਰਾ ਹੀ ਲਿਆ ਜਾਂਦਾ ਹੈ। ਕਿਉਂਕਿ ਇਹਨਾ ਅੱਖਰਾਂ ਤੋਂ ਬਿਨਾ ਭਾਵਨਾ ਵਿਆਪਕ ਪੱਧਰ ’ਤੇ ਫੈਲਦੀ ਨਹੀਂ। ਅੱਖਰ ਵਰਤਨਾ ਮਜ਼ਬੂਰੀ ਹੈ। ਜਿਹਨਾ ਅੱਖਰਾਂ (ਗੁਰਮੁਖੀ ਲਿੱਪੀ) ਰਾਹੀਂ ਅਸਾਂ ਤੱਕ ਗੁਰੂ ਨਾਨਕ ਜੀ ਦਾ ਸੰਦੇਸ਼ ਪਹੁੰਚਿਆ, ਉਹਨਾ ਅੱਖਰਾਂ ਬਾਰੇ ਗੁਰੂ ਨਾਨਕ ਜੀ ਦਾ ਨਜ਼ਰੀਆ ਇਸ ਪ੍ਰਕਾਰ ਹੈ:-
‘‘ਅਖਰੀ ਨਾਮੁ, ਅਖਰੀ ਸਾਲਾਹ॥ ਅਖਰੀ; ਗਿਆਨ ਗੀਤ ਗੁਣ ਗਾਹ॥’’ ਜਪੁ॥
ਭਾਵ ਹੇ ਪ੍ਰਮਾਤਮਾ ਜੀ! ਅੱਖਰਾਂ ਰਾਹੀਂ ਹੀ ਤੇਰਾ ਨਾਮ, ਸਿਫਤ ਸਾਲਾਹ, ਤੇਰੇ ਗੁਣ ਆਦਿ ਗੀਤ ਗਾਏ ਜਾ ਸਕਦੇ ਹਨ, ਜਾਂ ਤੇਰੇ ਤੱਕ ਪਹੁੰਚ ਹੋ ਸਕਦੀ ਹੈ। ਇਸ ਲਈ ਅੱਖਰ ਵਰਤਨਾ ਮੇਰੀ ਮਜ਼ਬੂਰੀ ਹੈ। ਭਗਤ ਕਬੀਰ ਜੀ ਇਹ ਅੱਖਰ ਇਸਤੇਮਾਲ ਕਰਨ ਬਾਰੇ ਬਿਆਨ ਇਉਂ ਕਰ ਰਹੇ ਹਨ:-
‘‘ਏ ਅਖਰ ਖਿਰਿ ਜਾਹਿਗੇ, ਓਇ ਅਖਰ ਇਨ ਮਹਿ ਨਾਹਿ॥’’ ਕਬੀਰ ਜੀ/340॥
ਭਾਵ ਉਹ ਅਬਿਨਾਸ਼ੀ ਪ੍ਰਭੂ ਇਹਨਾ ਅੱਖਰਾਂ ਦੀ ਰਾਹੀਂ (ਸੰਪੂਰਨ) ਬਿਆਨ ਨਹੀਂ ਕੀਤਾ ਜਾ ਸਕਦਾ। ਉਂਝ ਇਹ ਅੱਖਰ ਵੀ ਅਬਿਨਾਸ਼ੀ ਨਹੀਂ, ਨਾਸ਼ ਹੋ ਜਾਣ ਵਾਲੇ ਹੀ ਹਨ। ਕਿਉਂਕਿ
‘‘ਦ੍ਰਿਸਟਿਮਾਨ ਹੈ ਸਗਲ ਬਿਨਾਸੀ॥’’ ਮ:5/ 1204॥
  ਦੂਸਰੇ ਵਿਅਕਤੀ ਦੇ ਨਫ਼ੇ/ਨੁਕਸਾਨ ਲਈ ਭਾਵਨਾ ਦਾ ਪਹੁੰਚਣਾ ਜ਼ਰੂਰੀ ਹੈ, ਨਾ ਕਿ ਅੱਖਰਾਂ ਦਾ। ਇਸ ਲਈ ਸਤਿਕਾਰ ਯੋਗ ਜਾਂ ਨਿਰਾਦਰ ਯੋਗ ਭਾਵਨਾ ਹੈ ਨਾ ਕਿ ਅੱਖਰ। ਜਿਵੇਂ ਸ਼ਬਦ ‘ਰਾਮ’ ਹੈ, ਪ੍ਰਭੂ ਨਾਮ ਹੋਣ ਕਾਰਨ ਜਿਸ ਬਾਰੇ ਸਤਿਕਾਰ ਭਾਵਨਾ ਹੈ ਪਰ ਇਸ ਨੂੰ ਉਲਟ ‘ਮਾਰ’ ਲਿਖਿਆਂ ਵਿਰੋਧ, ਨਿਰਾਦਰ ਭਾਵਨਾ ਪ੍ਰਗਟ ਹੋ ਜਾਂਦੀ ਹੈ।
ਸੋ, ਗੁਰੂ ਅੱਖਰ ਨਹੀਂ; ਭਾਵਨਾ ਹੈ।
 ਗੁਰੂ ਜੀ ਦਾ ਸਮਾਜ ਦੇ ਭਲੇ ਲਈ ਜੋ ਸੰਦੇਸ਼, ਭਾਵਨਾ, ਹੁਕਮ ਸੀ; ਉਹ
(1). ਇਕ ਨਿਰਾਕਾਰ ਦੀ ਹਸਤੀ, ਹੋਂਦ ਤੋਂ ਮਨੁੱਖਾਂ ਦੇ ਜੀਵਨ ਨੂੰ ਪ੍ਰਭਾਵਤ ਕਰਨਾ, ਤਾਂ ਜੋ ਸਮਾਜ ਹਉਂਮੈ ਮੁਕਤ ਹੋ ਸਬਰ ਸੰਤੋਖੀ ਜੀਵਨ ਨਿਰਬਾਹ ਕਰੇ।  
(2). ਕੁਦਰਤੀ ਨਿਯਮ ਅਨੁਸਾਰ ਗ੍ਰਿਹਸਤੀ ਜੀਵਨ ਦੀਆਂ ਸਾਰੀਆਂ ਜਿਮੇਵਾਰੀਆਂ ਨਿਭਾਉਂਦਿਆਂ ਆਪਸੀ ਪ੍ਰੇਮ (ਪਰਉਪਕਾਰੀ, ਦ੍ਵੈਤ ਭਾਵਨਾ ਰਹਿਤ), ਨਸ਼ਾ ਮੁਕਤ ਸਮਾਜ, ਅੰਧ ਵਿਸਵਾਸ ਰਹਿਤ, ਕਰਮਕਾਂਡ ਰਹਿਤ (ਕਥਨੀ ਅਤੇ ਕਰਨੀ ’ਤੇ ਪੂਰਾ ਉਤਰਨਾ) ਸਚਾਈ ਲਈ ਮਰ ਮਿਟਣਾ, ਜਾਤ-ਪਾਤ, ਲਿੰਗ ਭੇਦ ਅਤੇ ਨਸ਼ਲ ਭੇਦ ਰਹਿਤ ਆਦਿ ਗੁਣਾਂ ਭਰਪੂਰ ਸਮਾਜ ਦੀ ਸਿਰਜਨਾ ਕਰਨਾ ਸੀ। ਉਕਤ ਗੁਣਾਂ ਭਰਪੂਰ ਹਰ ਇਕ ਜਾਗਰੂਕ ਵਿਅਕਤੀ (ਭਗਤ, ਭੱਟ ਆਦਿ) ਦੀ ਰਚਨਾ ਨੂੰ ਜਿਥੋਂ ਤੱਕ ਹੋ ਸਕਿਆ, ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤਾ/ਕਰਵਾਇਆ। ਜਿਸ ਨੂੰ ਪੱਕੀ (ਸੱਚ ਦੀ ਕਸਵੱਟੀ ’ਤੇ ਪੂਰੀ ਉਤਰਨ ਵਾਲੀ) ਰਚਨਾ ਦਾ ਨਾਮ ਦਿੱਤਾ।
 ‘ਜਪੁ’ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ‘ਸਾਰ, ਕੇਂਦਰੀ ਭਾਵ, ਨਿਚੋੜ, ਤੱਤ ਭਾਵ’ ਆਦਿ ਕਿਹਾ ਜਾਂਦਾ  ਹੈ। ਲੇਖ ਦੇ ਵਿਸਥਾਰ ਨੂੰ ਵੇਖਦਿਆਂ ਅਗਾਂਹ ਉਦਾਹਰਣ ‘ਜਪੁ’ ਰਚਨਾ ਵਿਚੋਂ ਹੀ ਦਿੱਤੇ ਜਾਣਗੇ। ਉਕਤ ਵਿਚਾਰ ਕੀਤੇ ਸਿਧਾਂਤ, ਭਾਵਨਾ, ਹੁਕਮ ਤੋਂ ਬਿਪ੍ਰੀਤ ਦੀ ਵੀ ਪਰਖ ਤਿੰਨ ਪ੍ਰਕਾਰ ਨਾਲ ਇਉਂ ਕੀਤੀ:-
(1). ਉਹ ਵਿਚਾਰ ਜੋ ਆਪਣੀ ਭਾਵਨਾ ਨਾਲ ਮੇਲ ਖਾਂਦੇ ਇਕੱਤਰ ਕਰਨ ਤੋਂ ਰਹਿ ਗਏ ਸਨ। ਜਿਵੇਂ ਪ੍ਰਮਾਤਮਾ ਨੇ
‘‘ਕੀਤਾ ਪਸਾਉ, ਏਕੋ ਕਵਾਉ॥’’
ਕਦੋਂ ਪਸਾਰਾ ਕੀਤਾ? ਉਸ ਬਾਰੇ ਗੁਰੂ ਨਾਨਕ ਸਾਹਿਬ ਜੀ ਸਮੇਤ
‘‘ਵੇਲ ਨ ਪਾਈਆ; ਪੰਡਤੀ, ਵਖ਼ਤੁ ਨ ਪਾਈਓ; ਕਾਦੀਆ ਅਤੇ ਥਿਤਿ ਵਾਰ ਨ ਜੋਗੀ ਜਾਣੈ..॥’’ ਆਦਿ।
(2). ਉਹ ਵਿਚਾਰ ਜੋ ਗਲਤ (ਕੱਚੇ) ਤਾਂ ਨਹੀਂ ਕਹੇ ਜਾ ਸਕਦੇ ਪਰ ਅਧੂਰੇ ਜ਼ਰੂਰ ਕਹੇ ਜਾ ਸਕਦੇ ਹਨ ਜਿਵੇਂ ਪ੍ਰਮਾਤਮਾ ਦੇ ਵਿਸਥਾਰ ਬਾਰੇ
‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥’’.... ਹਿੰਦੂ ਮੱਤ ਦੇ ‘‘ ਵੇਦ ਕਹਨਿ ਇਕ ਵਾਤ॥’’ ਦੂਸਰੇ ਪਾਸੇ ਮੁਸਲਿਮ ਮੱਤ ਦੀਆਂ ‘‘ ਸਹਸ ਅਠਾਰਹ ਕਹਨਿ ਕਤੇਬਾ॥’’ ਇਸ ਅਧੂਰੇ ਵਿਚਾਰਾਂ ਨੂੰ ਸੰਪੂਰਣ ਰੂਪ ਦੇਣ ਲਈ ਗੁਰੂ ਜੀ ਨੇ ਵਿਚਾਰ ਪ੍ਰਗਟ ਕੀਤੇ
‘‘ ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ॥’’
(3). ਉਹ ਵਿਚਾਰ ਜੋ ਨਿਰੋਲ ਗੁਰੂ ਸਿਧਾਂਤ ਨਾਲ ਉੱਕਾ ਹੀ ਮੇਲ ਨਹੀਂ ਖਾਂਦੇ। ਜਿਵੇਂ ਪ੍ਰਭੂ ਰਚਨਾ ਬਾਰੇ
‘‘ਕੀਤਾ ਪਸਾਉ, ਏਕੋ ਕਵਾਉ॥’’
ਤੋਂ ਕੀਤੀ ਗਈ ਵਿਆਖਿਆ ਕਿ
‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ
ਇਕੁ ਸੰਸਾਰੀ ਇਕੁ ਭੰਡਾਰੀ; ਇਕੁ ਲਾਏ ਦੀਵਾਣੁ॥’’
ਵਾਲੀ ਕੱਚੀ ਭਾਵਨਾ ਨੂੰ ਰੱਦ ਕਰਦਿਆਂ ਗੁਰੂ ਜੀ ਨੇ
‘‘ ਜਿਵ ਤਿਸੁ ਭਾਵੈ; ਤਿਵੈ ਚਲਾਵੈ, ਜਿਵ ਹੋਵੈ ਫੁਰਮਾਣੁ॥’’
ਉਹ ‘ਤਿਸੁ’ ਕੌਣ ਹੈ ?
ਉੱਤਰ:-‘‘ਓਹੁ (ਇਕ ਵਚਨ ਪੁਲਿੰਗ) ਵੇਖੈ;
ਓਨਾ (ਬਹੁ ਵਚਨ ਪੁਲਿੰਗ) ਨਦਰਿ ਨ ਆਵੈ, ਬਹੁਤਾ ਇਹੁ ਵਿਡਾਣੁ॥’’
  ਉਕਤ ਤਿੰਨ ਤਰ੍ਹਾਂ ਦੀ ਵਿਚਾਰਧਾਰਾ
1. ਆਪਣੇ ਵਿਚਾਰਾਂ ਦੇ ਅਨਕੂਲ (ਸਮਾਨੰਤਰ),
2. ਆਪਣੀ ਵਿਚਾਰਧਾਰਾ ਦੇ ਮੁਕਾਬਲੇ ਅਧੂਰਾਪਨ (ਅਤੇ)
3. ਆਪਣੀ ਵਿਚਾਰਧਾਰਾ ਤੋਂ ਬਿਲਕੁਲ ਵਿਪ੍ਰੀਤ।
 ਗੁਰੂ ਨਾਨਕ ਜੀ ਵਲੋਂ ਮਨੁੱਖਾਂ ਦੇ ਕਲਿਆਣ ਲਈ ਜੋ ਵੀ ਵਿਚਾਰਧਾਰਾ ਸਮਾਜ ਨੂੰ ਸਮਰਪਤ ਕੀਤੀ ਉਹ ਹਰ ਪੱਖੋਂ ਸੰਪੂਰਨ ਹੈ। ਦੁਨੀਆਦਾਰੀ ਜੀਵ ਕਿਤੇ ਕੁਤਾਹੀ ਨਾ ਖਾ ਜਾਣ, ਗੁਰੂ ਜੀ ਨੇ ਛੋਟੇ ਛੋਟੇ ਨੁਕਤੇ ਨੂੰ ਵੀ ਖੋਲ੍ਹਣ ਦਾ ਯਤਨ ਕੀਤਾ ਹੈ। ਜਿਵੇਂ ਬਾਬਾ ਫਰੀਦ ਜੀ ਦੇ ਸ਼ਬਦ ‘
ਫਰੀਦਾ ਰਤੀ ਰਤੁ ਨ ਨਿਕਲੈ; ਜੇ ਤਨੁ ਚੀਰੈ ਕੋਇ
ਜੋ ਤਨ ਰਤੇ ਰਬ ਸਿਉ; ਤਿਨ ਤਨਿ ਰਤੁ ਨ ਹੋਇ॥’’1380॥
ਦੇ ਗੁਝੇ ਸੰਕੇਤ; ਕਿ ਖੂਨ ਤੋਂ ਬਿਨਾ ਤਾਂ ਸਰੀਰ ਜਿਉਂਦਾ ਨਹੀਂ ਰਹਿ ਸਕਦਾ, ਬਾਰੇ ਵਡੇਰੀ ਉਮਰ ਭੋਗ ਚੁੱਕੇ ਗੁਰੂ ਅਮਰਦਾਸ ਸਾਹਿਬ ਜੀ ਇਸ ਸ਼ਬਦ ਦੇ ਅੰਦਰੂਨੀ ਭਾਵ ਨੂੰ ਹੋਰ ਵਿਸਥਾਰ ਨਾਲ ਖੋਲ੍ਹ ਰਹੇ ਹਨ:
‘‘ਇਹੁ ਤਨੁ ਸਭੋ ਰਤੁ ਹੈ; ਰਤੁ ਬਿਨੁ ਤੰਨੁ ਨ ਹੋਇ ॥
ਜੋ ਸਹ ਰਤੇ ਆਪਣੇ; ਤਿਤੁ ਤਨਿ; ਲੋਭੁ ਰਤੁ ਨ ਹੋਇ
॥’’ ਮ:3/1280॥
ਇਕ ਹੋਰ ਉਦਾਹਰਣ ਭਗਤ ਸੂਰਦਾਸ ਜੀ ਦੀ ਅੰਤ ਸ਼ਬਦ ਸੰਖਿਆ ਅਤੇ ਨਾਮ ਰਹਿਤ ਪੰਕਤੀ
‘‘ ਛਾਡਿ ਮਨ! ਹਰਿ ਬਿਮੁਖਨ ਕੋ ਸੰਗੁ॥’’ ਭਗਤ ਸੂਰਦਾਸ ਜੀ/1253॥
ਦੇ ਭੇਦ; ਕਿ ਪੰਕਤੀ ਕਿਸ ਦੀ ਉਚਾਰਨ ਕੀਤੀ ਹੈ? ਦੀ ਰਮਜ਼ ਨੂੰ ਖੋਲ੍ਹਦਿਆਂ ਗੁਰੂ ਅਰਜੁਨ  ਪਾਤਿਸ਼ਾਹ ਜੀ ਸਪੱਸ਼ਟ ਕਰਦੇ ਹਨ:
‘‘ ਸਾਰੰਗ ਮਹਲਾ 5 ਸੂਰਦਾਸ॥ ਹਰਿ ਕੇ ਸੰਗ; ਬਸੇ ਹਰਿ ਲੋਕ...॥’’ ਰਹਾਉ॥1253॥
  ਗੁਰੂ ਸਾਹਿਬ ਨੇ ਤਾਂ ਕਿਤੇ ਥੋੜੀ ਜਿਹੀ ਵੀ ਦੁਬਿਧਾ ਰਹਿਣ ਨਹੀਂ ਦਿੱਤੀ ਸੀ। ਫਿਰ ਉਕਤ 3. ਨੰ. ਵਾਲੀ ਭਾਵਨਾ
‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ॥
ਇਕੁ ਸੰਸਾਰੀ ਇਕੁ ਭੰਡਾਰੀ; ਇਕੁ ਲਾਏ ਦੀਵਾਣੁ
॥’’
ਨੂੰ ਗੁਰੂ ਅਮਰਦਾਸ ਪਾਤਿਸ਼ਾਹ ਜੀ ਦੇ
‘‘ ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ॥’’
ਰਚਨਾ ਦਾ ਸੰਕੇਤ ਕਿਉਂ ਨਹੀਂ ਮੰਨ ਲਿਆ ਜਾਂਦਾ?
 ਗੁਰੂ ਅਰਜੁਨ ਜੀ ਵਲੋਂ ਹੋ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੌਰਾਨ ਚਾਰ ਭਗਤ (ਕਾਨ੍ਹਾ, ਪੀਲੂ, ਛੱਜੂ ਅਤੇ ਸ਼ਾਹ ਹੁਸੈਨ) ਦੇ ਮਿਲਾਪ ਦਾ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ; ਜਿਨ੍ਹਾ ਦੀ ਰਚਨਾ ਤਰਤੀਬ ਵਾਰ
(1). ਕਾਨ੍ਹਾ:- ਓਹੀ ਰੇ ਮੈ ਓਹੀ ਰੇ, ਜਾਂਕਉ ਬੇਦ ਪੁਰਾਨਾ ਗਾਵੈ......ਕਹਿ ਕਾਨ੍ਹਾ ਮਮ ਅਸ ਸਰੂਪ, ਅਪਰੰਪਰ ਅਲਖ ਅਭੇਵਾ ਰੇ। ਵਾਲੀ ਅਹੰਕਾਰ ਬਿਰਤੀ ਗੁਰੂ ਸਿਧਾਂਤ ‘‘ ਹਮ ਮੈਲੇ ਤੁਮ ਊਜਲ ਕਰਤੇ! ਹਮ ਨਿਰਗੁਨ ਤੂ ਦਾਤਾ॥’’ ਮ:5/613॥ ਸਿਧਾਂਤ ਦਾ ਖੰਡਨ ਕਰਦੀ ਸੀ।
(2). ਪੀਲੂ:-ਅਸਾਂ ਨਾਲੋਂ ਸੇ ਭਲੇ, ਜੋ ਜਮਦਿਆਂ ਹੀ ਮੂਏ, ਚਿੱਕੜ ਪਾਂਵ ਨ ਡੋਬਿਆ, ਨਾ ਆਲੂਦ ਭਏ। ਜਿੰਦਗੀ ਤੋਂ ਨਿਰਾਸਤਾ ਭਰੀ ਭਾਵਨਾ ਗੁਰੂ ਸਿਧਾਂਤ
‘‘ ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥
ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ
॥’’ ਕਬੀਰ ਜੀ/1159॥  ਨੂੰ ਖੰਡਨ ਕਰਦੀ ਸੀ।
(3). ਛੱਜੂ:- ਕਾਗਦ ਸੰਦੀ ਪੁੱਤਲੀ, ਤਊ ਨ ਤ੍ਰਿਯਾ ਨਿਹਾਰ, ਯੌਂਹੀ ਮਾਰ ਲਿਜਾਵਸੀ, ਜਥਾ ਬਲੋਚਨ ਧਾਰ। ਔਰਤ ਜਾਤੀ ਪ੍ਰਤੀ ਨਫ਼ਰਤ ਭਾਵਨਾ; ਗੁਰੂ ਸਿਧਾਂਤ
‘‘ ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ॥’’ ਮ:1/473॥  ਨੂੰ ਖੰਡਨ ਕਰਦੀ ਸੀ ਅਤੇ
(4). ਸ਼ਾਹ ਹੁਸੈਨ:- ਸੱਜਣਾ! ਬੋਲਣ ਦੀ ਜਾਇ ਨਾਹੀਂ...। ਸਮਾਜ, ਲੁਕਾਈ ਲਈ ਹੀਣ, ਮੰਦੀ ਭਾਵਨਾ; ਗੁਰੂ ਸਿਧਾਂਤ
‘‘ਸਾਧੋ! ਇਹੁ ਤਨੁ ਮਿਥਿਆ ਜਾਨਉ॥ ਮ:9/1186॥ ਵਾਲੀ ਪ੍ਰੇਮ ਭਾਵਨਾ (ਸਿਧਾਂਤ) ਨੂੰ ਖੰਡਨ ਕਰਦੀ ਸੀ।
 ਉਕਤ ਚਾਰੇ ਭਗਤਾਂ ਦੀ ਰਚਨਾਵਾਂ ਕਿਸੇ ਨਾ ਕਿਸੇ ਰੂਪ ਵਿਚ ਗੁਰੂ ਸਿਧਾਂਤ (ਹੁਕਮ, ਭਾਵਨਾ) ਦੇ ਬਿਪ੍ਰੀਤ ਹੋਣ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਦਾ ਭਾਗ ਨਹੀਂ ਬਣ ਪਾਈਆਂ। ਪਰ
‘‘ਏਕਾ ਮਾਈ ਜੁਗਤਿ ਵਿਆਈ॥’’ ਵਾਲੀ ਰਚਨਾ; ਗੁਰੂ ਸਿਧਾਂਤ
‘‘ਕੀਤਾ ਪਸਾਉ, ਏਕੋ ਕਵਾਉ॥’’ ਨੂੰ ਖੰਡਨ ਕਰਨ ਦੇ ਬਾਵਯੂਦ ਵੀ ਅਗਰ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਗ ਬਣੀ ਹੋਈ ਹੈ ਤਾਂ ਕੇਵਲ ਇਸ ਲਈ ਕਿ ਇਥੇ ਗੁਰੂ ਜੀ ਨੇ ਆਪਣੀ ਭਾਵਨਾ ‘‘ਕੀਤਾ ਪਸਾਉ, ਏਕੋ ਕਵਾਉ॥’’  ਨੂੰ ਪੱਕੀ, ਸੱਚੀ ਸਮਝਾਉਣ ਲਈ ਕੱਚੀ ਭਾਵਨਾ ਦੀ ਟੇਕ ਲਈ। ਉਝ ਉਪਰੋਕਤ ਚਾਰੇ ਭਗਤਾਂ ਦੀ ਵਿਚਾਰਧਾਰਾ ਅਤੇ
‘‘ਏਕਾ ਮਾਈ ਜੁਗਤਿ ਵਿਆਈ॥’’  ਵਾਲੀ ਵਿਚਾਰਧਾਰਾ ਗੁਰੂ ਸਿਧਾਂਤ ਨਾਲ ਉਕਾ ਹੀ ਮੇਲ ਨਹੀਂ ਖਾਂਦੀ ਹੈ।
ਹੁਣ ਤੱਕ ਕੀਤੀ ਵਿਚਾਰ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਿੱਛੇ ਬਿਆਨ ਕੀਤੇ ਗਏ ਗੁਰੂ ਸਿਧਾਂਤ ਤੋਂ ਬਿਪ੍ਰੀਤ ਜੋ ਰਚਨਾ ਹੈ; ਉਹ ਕੱਚੀ ਅਤੇ ਗੁਰੂ ਸਿਧਾਂਤ ਦੇ ਸਮਾਨੰਤਰ ਰਚਨਾ ਸੱਚੀ (ਪੱਕੀ) ਹੈ।
ਇਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਪ੍ਰਭੂ ਵਿਸ਼ੇਸ਼ਣ; ਪ੍ਰਮਾਤਮਾ ਜੀ ਵਿਚ ਕਦੋਂ ਤੋਂ ਹਨ। ਜਿਵੇਂ ਕਿ ਮੂਲਮੰਤਰ ਵਿਚ ਸਾਮਲ ਸ਼ਬਦ ‘ਨਿਰਭਉ, ਨਿਰਵੈਰੁ’ ਹੀ ਲੈ ਲਈਏ। ਭਾਵ ਪ੍ਰਭੂ ਡਰ ਮੁਕਤ ਅਤੇ ਵੈਰ ਭਾਵਨਾ ਮੁਕਤ ਕਦੋਂ ਤੋਂ ਹੈ? ਆਦਿ ਕਾਲ ਤੋਂ ਜਾਂ ਜਦੋਂ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਲਿਖਤੀ ਰੂਪ ਵਿਚ ਸਾਡੇ ਸਾਹਮਣੇ ਰੱਖਿਆ ਹੈ। ਉੱਤਰ ਮਿਲੇਗਾ ਆਦਿ ਕਾਲ ਤੋਂ। ਫਿਰ ਇਹ ਵੀ ਮੰਨਣਾ ਪਵੇਗਾ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਭੂ ਜੀ ਦਾ ਡਰ ਮੁਕਤ ਅਤੇ ਵੈਰ ਭਾਵਨਾ ਮੁਕਤ ਹੋਣਾ ਬਿਨਾ ਇਹਨਾ ਅੱਖਰਾਂ ਤੋਂ ਵਿਖਾਈ ਦੇਂਦਾ ਸੀ। ਸੋ, ਇਹ ਅੱਖਰ ਅੰਨ੍ਹੇ ਸਮਾਜ ਲਈ ਐਨਕ ਹਨ ਨਾ ਕਿ ਕੱਚੀ/ ਪੱਕੀ ਰਚਨਾ ਦਾ ਜਵਾਬ, ਉੱਤਰ। ਸਿਧਾਂ ਵਲੋਂ ਪੁਛੇ ਸਵਾਲ
‘‘ ਸੁ ਸਬਦ ਕਾ ਕਹਾ ਵਾਸੁ ਕਥੀਅਲੇ; ਜਿਤੁ ਤਰੀਐ ਭਵਜਲੁ ਸੰਸਾਰੋ॥’’ ਮ:1/944।। ਉੱਤਰ:-
‘‘ ਸੋ ਸਬਦ ਕਉ ਨਿਰੰਤਰਿ ਵਾਸੁ ਅਲਖੰ; ਜਹ ਦੇਖਾ ਤਹ ਸੋਈ॥’’ਮ:1/944।।
ਕੀ ਕੋਈ ਦ੍ਰਿਸ਼ਟਮਾਨ ਵਸਤੂ ਸਰਬ ਵਿਆਪਕ ਹੋ ਸਕਦੀ ਹੈ? ਗੁਰੂ ਜੀ ‘ਸਬਦ ਗੁਰੂ’ ਪ੍ਰਭੂ ਜੀ ਦੇ ਵਿਆਪਕ ਗੁਣਾਂ ਨੂੰ, ਅਟੱਲ ਸਚਾਈ/ਪਕਾਈ ਨੂੰ ਆਖ ਰਹੇ ਹਨ, ਨਾ ਕਿ ਕਿਸੇ ਦ੍ਰਿਸ਼ਟਮਾਨ ਅੱਖਰ ਨੂੰ।
 ਇਥੇ ਇਕ ਸੁਆਲ ਇਹ ਉਠਣਾ ਸੁਭਾਵਕ ਹੀ ਹੈ ਕਿ ਅਗਰ ਗੁਰੂ ਸਿਧਾਂਤ ਦੇ ਸਾਮਾਨੰਤਰ ਜੋ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਹੈ, ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ  ਵਾਂਗ ਫਿਰ ਕਿਉਂ ਨਹੀਂ ਪੂਜਿਆ ਜਾ ਸਕਦਾ?
ਉੱਤਰ:-ਜੋ ਗੁਰੂ ਸਿਧਾਂਤ ਦੇ ਸਾਮਾਨੰਤਰ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਰਚੀ ਗਈ ਹੈ, ਉਹ ਕਿਸੇ ਨਾ ਕਿਸੇ ਰੂਪ ਵਿਚ ਮਨੁੱਖੀ ਦਿਮਾਗ਼ ਰਾਹੀਂ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਫੋਟੋ ਕਾਪੀ ਹੈ, ਜੋ ਕਿ ਕਿਸੇ ਇਕ ਵਿਅਕਤੀ (ਭੁਲਣ ਅੰਦਰਿ) ਦੀ ਭਾਵਨਾ ਵਿਚ ਵੀ ਭਿੰਨਤਾ ਵਿਖਾਈ ਜ਼ਰੂਰ ਦੇਵੇਗੀ ਜਦਕਿ ਗੁਰੂ ਗ੍ਰੰਥ ਰੂਪੀ ਸਿਧਾਂਤ (ਗਿਆਨ) ਇਕ ਅਭੁੱਲ ਅਧਿਆਤਮਕ ਗੁਣਾਂ ਦੇ ਸਾਗਰ ਦੀ ਅੰਦਰੋਂ ਹੀ ਉਪਜ ਹੈ, ਨਾ ਕਿ ਕਿਸੇ ਪਾਸੋਂ ਕੀਤੀ ਹੋਈ ਫੋਟੋ ਕਾਪੀ। ਇਸ ਲਈ ਹਰ ਰਚਨਾ ਨੂੰ ਗੁਰੂ ਭਾਵਨਾ 1430 ਪੰਨਿਆਂ ਦੀ ਕਸੌਟੀ ’ਤੇ ਲਗਾਉਣਾ ਜ਼ਰੂਰੀ ਹੈ।
  ਜਨਵਰੀ 2014 ਨੂੰ ਇਕ ਸੱਜਣ ਨੇ ਇੰਟਰਨੈਟ ’ਤੇ ਇਕ ਲੇਖ ‘ਸੱਚੀ ਅਤੇ ਕੱਚੀ ਬਾਣੀ’ ਦੇ ਸੰਦਰਭ ਵਿਚ ਇਉਂ ਲਿਖਿਆ:-ਦਸਮ ਗ੍ਰੰਥ 1428 ਪੰਨੇ ਕੱਚੀ ਅਤੇ ਗੁਰੂ ਗ੍ਰੰਥ ਸਾਹਿਬ 1429 ਪੰਨੇ ਪੱਕੀ। ਇਹ ਭਾਵਨਾ ਹੋਰ ਵੀ ਬੇਅੰਤ ਵੀਰਾਂ ਦੀ ਹੈ। ਕਿਉਂਕਿ ਇਉਂ ਮੰਨਣ ਨਾਲ ਦਿਮਾਗ਼ ’ਤੇ ਬਹੁਤਾ ਜ਼ੋਰ ਦੇਣ ਦੀ ਜ਼ਰੂਰਤ ਨਹੀਂ ਪੈਂਦੀ। ਪਰ ਇਸ ਤਰ੍ਹਾਂ ਮੰਨਣ ਨਾਲ ਕੁਝ ਸਵਾਲ ਜ਼ਰੂਰ ਖੜ੍ਹੇ ਹੋ ਜਾਂਦੇ ਹਨ।
1. ਜਿਤਨੇ ਵੀ ਲੇਖ ਗੁਰਬਾਣੀ ਜਾਂ ਸਿੱਖ ਇਤਿਹਾਸ ਬਾਰੇ ਟੀਕੇ, ਅਰਥ ਆਦਿ ਲਿਖੇ ਜਾ ਰਹੇ ਹਨ, ਸਭ ਕੱਚੇ ਹਨ?
2. ਜਿਤਨੀ ਵਿਦਿਆ ਸਕੂਲਾਂ, ਕਾਲਜਾਂ, ਯੂਨੀਵਰੀਸਟੀ ਆਦਿ ਰਾਹੀਂ ਦਿੱਤੀ ਜਾ ਰਹੀ ਹੈ ਆਦਿ ਸਭ ਕੱਚੀ ਹੈ?
3. ਜਿਤਨੇ ਹੁਕਮਨਾਮੇ, ਫ਼ਤਹਿ ਬੁਲਾਉਣ ਵਾਲੇ ਵਾਕ ਆਦਿ ਸਭ ਕੱਚੇ ਹਨ?
ਕਿਉਂਕਿ ਕੱਚੀ ਲਿਖਤ ਬਾਰੇ ਗੁਰੂ ਜੀ ਦਾ ਪਾਵਨ ਵਾਕ ਹੈ:-
‘‘ ਕਹਦੇ ਕਚੇ ਸੁਣਦੇ ਕਚੇ, ਕਚੀਂ ਆਖਿ ਵਖਾਣੀ॥’’ ਮ:3/920॥
ਅਵਤਾਰ ਸਿੰਘ. ਠੂਠੀਆਂ ਵਾਲੀ, ਮਾਨਸਾ-98140-35202 

                                                                                               

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.