ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ , ਮਿਸ਼ਨਰੀ ਸੇਧਾਂ
ਕਤਿਕਿ, ਕਰਮ ਕਮਾਵਣੇ
ਕਤਿਕਿ, ਕਰਮ ਕਮਾਵਣੇ
Page Visitors: 2881

ਕਤਿਕਿ, ਕਰਮ ਕਮਾਵਣੇ

ਕਤਿਕਿ, ਕਰਮ ਕਮਾਵਣੇ, ਦੋਸੁ ਨ ਕਾਹੂ ਜੋਗੁ॥
ਪਰਮੇਸਰ ਤੇ ਭੁਲਿਆਂ, ਵਿਆਪਨਿ ਸਭੇ ਰੋਗ॥
ਵੇਮੁਖ ਹੋਏ ਰਾਮ ਤੇ, ਲਗਨਿ ਜਨਮ ਵਿਜੋਗ॥
ਖਿਨ ਮਹਿ ਕਉੜੇ ਹੋਇ ਗਏ, ਜਿਤੜੇ ਮਾਇਆ ਭੋਗ॥
ਵਿਚੁ ਨ ਕੋਈ ਕਰਿ ਸਕੈ, ਕਿਸ ਥੈ ਰੋਵਹਿ ਰੋਜ॥
ਕੀਤਾ ਕਿਛੂ ਨ ਹੋਵਈ, ਲਿਖਿਆ ਧੁਰਿ ਸੰਜੋਗ॥
ਵਡਭਾਗੀ ਮੇਰਾ ਪ੍ਰਭੁ ਮਿਲੈ, ਤਾਂ ਉਤਰਹਿ ਸਭਿ ਬਿਓਗ॥
ਨਾਨਕ ਕਉ ਪ੍ਰਭ! ਰਾਖਿ ਲੇਹਿ, ਮੇਰੇ ਸਾਹਿਬ ਬੰਦੀ ਮੋਚ॥
ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ਸੋਚ
॥੯॥(ਮ:੫/੧੩੫)
ਸਬੰਧਤ ਸ਼ਬਦ ਮਾਂਝ ਰਾਗ ’ਚ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਗਿਆ ਹੈ। ਜਿਸ ਰਾਹੀਂ ਗੁਰੂ ਜੀ ਮਨੁੱਖ ਦੁਆਰਾ ਕੀਤੇ ਜਾਂਦੇ ਕਰਮਾਂ ਕਰਕੇ ਪ੍ਰਭੂ ਜੀ ਦੀ ਯਾਦ ਵੱਲੋਂ ਬਣ ਰਹੀ ਦੂਰੀ ਕਰਕੇ ਕੱਤਕ (ਸਾਉਣੀ) ਦੀ ਫ਼ਸਲ ਵਾਂਗ ਲਾਭ ਪੂਰਾ ਨਾ ਮਿਲਣ ਨੂੰ ਦਰਸਾਉਂਦੇ ਹਨ, ਜਿਸ ਕਾਰਨ ਜੀਵ ਦੁਖੀ ਹੈ ਅਤੇ
‘‘ਦੋਸੁ ਦੇਤ ਆਗਹ ਕਉ ਅੰਧਾ॥’’ (ਮ:੫/੨੫੮)
ਭਾਵ ਇਸ ਦੁਖ ਲਈ ਆਪਣੇ ਆਪ ਨੂੰ ਜਿੰਮੇਵਾਰ ਨਾ ਠਹਿਰਾ ਕੇ ਹੋਰਾਂ ਨੂੰ ਉਲਾਂਭੇ ਦੇਂਦਾ ਹੈ।
ਗੁਰੂ ਜੀ ਆਖ ਰਹੇ ਹਨ ਕਿ ਹੇ ਭਾਈ! ਪਰਮੇਸਰ ਦੀ ਯਾਦ ਨੂੰ ਭੁਲਣ ਕਾਰਨ ਤੈਨੂੰ ਇਹ ਸਭ ਰੋਗ ਵਿਆਪ (ਲੱਗ) ਰਹੇ ਹਨ ਕਿਉਂਕਿ ਤੂੰ ਗੁਰੂ ਦੀ ਸ਼ਰਨ ਨਹੀਂ ਲਈ; ਆਪਣੀ ਮਤਿ ਨਾਲ ਵਿਚਰ ਰਿਹਾ ਹੈਂ
‘‘ਜੇ ਕੋ ਗੁਰ ਤੇ ਵੇਮੁਖੁ ਹੋਵੈ, ਬਿਨੁ ਸਤਿਗੁਰ; ਮੁਕਤਿ ਨ ਪਾਵੈ॥ (ਮ:੩/੯੨੦)
ਕਿਉਂਕਿ ਜੀਵ ਅਤੇ ਰੱਬ ਦੇ ਵਿਚਕਾਰ ਗੁਰੂ ਹੀ ਇੱਕ ਵਿਚੋਲਾ ਹੈ, ਜੋ ਇਸ ਦੂਰੀ ਨੂੰ ਮਿਟਾ ਸਕਦਾ ਹੈ ਇਸ ਲਈ ਇਹ ਕਹਿਣਾ ਬਣਦਾ ਹੈ ਕਿ
‘‘ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ, ਜੈ ਮਿਲਿ ਕੰਤੁ ਪਛਾਣਾ॥’’ (ਮ:੫/੯੬੪)
ਪਰ ਇਹ ਭਾਵਨਾ ਜੀਵ ਦੇ ‘‘ਮੋਮ ਦਿਲਿ ਹੋਵੈ ॥’’ (ਮ:੫/੧੦੮੪) ’ਤੋਂ ਹੀ ਸ਼ੁਰੂ ਹੋਣੀ ਹੈ ਨਾ ਕਿ ਕੁੜਕੁੜੂ ਮੋਠ ਵਾਂਗ ਅਭਿੱਜ ਰਿਹਾਂ
‘‘ਪੰਡਿਤੁ ਆਖਾਏ ਬਹੁਤੀ ਰਾਹੀ, ਕੋਰੜ ਮੋਠ ਜਿਨੇਹਾ॥’’ (ਮ: ੫/੯੬੦)
ਕੁੜਕੁੜੂ ਦਾਣਾ ਅੱਗ ਦੇ ਸ਼ੇਕ ਨਾਲ ਵਾ ਨਰਮ ਨਹੀਂ ਹੁੰਦਾ
‘‘ਕੋਰੜੁ ਮੋਠੁ ਨ ਰਿਝਈ, ਕਰਿ ਅਗਨੀ ਜੋਸੁ
(ਭਾ. ਗੁਰਦਾਸ ਜੀ, ਵਾਰ ੩੪ ਪਉੜੀ ੮)
ਨਰਮ ਦਿਲ ਮਨੁੱਖ ਹੀ ਆਖ ਸਕਦਾ ਹੈ
‘‘ਹਮ ਪਾਪੀ ਪਾਥਰ; ਨੀਰਿ ਡੁਬਤ, ਕਰਿ ਕਿਰਪਾ; ਪਾਖਣ ਹਮ ਤਾਰੀ ॥ ਰਹਾਉ ॥ (ਮ:੪/੬੬੬)
‘ਪਾਪ’ ਕਰਮ ਕਾਰਨ ਰੋਗ ਲੱਗੇ, ਦੁੱਖ ਲੱਗੇ। ਦੋਸ਼ ਹੋਰਾਂ ਨੂੰ ਦਿੱਤਾ ਕਿਉਂਕਿ
‘‘ਪਾਪੁ ਬੁਰਾ, ਪਾਪੀ ਕਉ ਪਿਆਰਾ॥’’ (ਮ:੧/੯੩੫)
ਅਜਿਹਾ ਮਨੁੱਖ ਹਿਰਦੇ ’ਤੋਂ ਨਹੀਂ ਕਹਿ ਸਕਦਾ ਕਿ
‘‘ਗੁਰਸਿਖਾਂ ਕੀ ਹਰਿ ਧੂੜਿ ਦੇਹਿ, ਹਮ ਪਾਪੀ ਭੀ ਗਤਿ ਪਾਂਹਿ॥’’ (ਮ:੪/੧੪੨੪)
ਜਦ ਤੱਕ ਜੀਵ ਨਹੀਂ ਕਹੇਗਾ ਕਿ
‘‘ਦਦੈ, ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ॥’’ (ਮ:੧/੪੩੩)
ਤਦ ਤੱਕ ਇਹ ਦੁਖੀ ਰਹੇਗਾ।
ਪਦ ਅਰਥ: ਹੇ ਜੀਵ! (ਦੁੱਖਾਂ ’ਤੋਂ ਛੁਟਕਾਰੇ ਲਈ) ਕੱਤਕ ਦੇ ਮਹੀਨੇ ਵਿੱਚ (ਗੁਰਮਤਿ ਅਨੁਸਾਰੀ) ਕਰਮ ਕਰ, ਨਾ ਕਿ (ਇਨ੍ਹਾਂ ਮੁਸੀਬਤਾਂ ਲਈ) ਕਿਸੇ ਹੋਰ ਨੂੰ ਦੋਸ਼ੀ ਠਹਿਰਾ ਕਿਉਂਕਿ ਇਹ ਦੁੱਖ ਰੱਬ ’ਤੋਂ ਵਿਛੁੜਨ ਕਾਰਨ ਹਨ। ਜੋ ਰੱਬੀ ਸ਼ਕਤੀ ਵੱਲੋਂ ਮੂੰਹ ਮੋੜ ਲੈਂਦੇ ਹਨ ਉਨ੍ਹਾਂ ਲਈ ਜਨਮਾਂ-2 (ਲੰਬੇ ਸਮੇਂ) ਤੱਕ ਰੱਬ ’ਤੋਂ ਦੂਰੀਆਂ ਬਣ ਜਾਂਦੀਆਂ ਹਨ। ਜੋ (ਇਸ ਜਨਮ ’ਚ ਕੇਵਲ) ਮਾਯਾ ਭੋਗ ਹੀ ਭੋਗੇ ਉਹ ਹੁਣ ਮਾਯਾ ਸੁਆਦ ਕੋੜਾ ਬਣ ਗਿਆ (ਭਾਵ ਕੋਈ ਸਦੀਵੀ ਲਾਭ ਨਹੀਂ ਮਿਲਿਆ।) (ਅਗਲੇ ਜਨਮਾਂ ’ਚ ਲੰਬੇ ਸਮੇਂ ਲਈ) ਰੱਬ ਅਤੇ ਤੇਰੇ ਆਪਣੇ ਵਿਚਕਾਰ ਵਿਚੋਲਾ (ਗੁਰੂ) ਵੀ ਕੋਈ ਨਹੀਂ ਬਣਾ ਸਕੇਂਗਾ ਫਿਰ ਕਿਸ ਅੱਗੇ (ਦੁੱਖਾਂ ਦੀ) ਪੁਕਾਰ ਕਰੇਂਗਾ। ਆਪਣੇ ਉੱਦਮ ਨਾਲ ਕਿਸੇ ਦਾ ਵੀ ਕੀਤਾ ਕੁਛ ਨਹੀਂ ਹੋਏਗਾ, ਇਹੀ ਫਲ ਲਿਖਿਆ ਜਾਵੇਗਾ।
ਕੱਤਕ ਮਹੀਨੇ ’ਚ ਵੱਡੇ ਭਾਗ (ਹਲੀਮੀ ਭਾਵਨਾ) ਨਾਲ ਜਿਸ ਨੂੰ ਪਿਆਰੇ ਮਾਲਕ ਦੀ ਯਾਦ ਪ੍ਰਾਪਤ ਹੋ ਜਾਂਦੀ ਹੈ ਉਸ ਦੇ ਪ੍ਰਭੂ ਵੱਲੋਂ ਪਏ ਵਿਛੋੜੇ (ਦੂਰੀਆਂ) ਖ਼ਤਮ ਹੋ ਜਾਂਦੇ ਹਨ ਕਿਉਂਕਿ ਉਹ ਜੀਵ ਇਸਤ੍ਰੀ ਕਹਿਣ ਲੱਗ ਜਾਂਦੀ ਹੈ
‘‘ਆਪ ਕਮਾਣੈ ਵਿਛੁੜੀ, ਦੋਸੁ ਨ ਕਾਹੂ ਦੇਣ॥’’ (ਮ: ੫,੧੩੬)
‘‘ਜੋ ਮੈ ਕੀਆ, ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ॥’’ (ਮ:੧/੪੩੩)
ਅਜਿਹੀ ਭਾਵਨਾ ਗੁਰੂ (ਵਿਚੋਲਾ) ਮਨੁੱਖ ਦੇ ਹਿਰਦੇ ’ਚ ਪੈਦਾ ਕਰਦਿਆਂ ਆਖਦਾ ਹੈ ਕਿ
‘‘ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ! ਸਹੁ ਅਪਣਾ ਕੀਆ ਕਰਾਰਾ ਹੇ॥ (ਮ:੧/੧੦੩੦)
ਸਾਹਮਣੇ ਵਾਲਾ ਤਿਆਰ ਭਾਂਡਾ (ਹਿਰਦਾ) ਸਵੀਕਾਰ ਕਰਦਾ ਹੈ
‘‘ਕਬੀਰ! ਸਾਚਾ ਸਤਿਗੁਰੁ ਮੈ ਮਿਲਿਆ, ਸਬਦੁ ਜੁ ਬਾਹਿਆ ਏਕੁ॥
ਲਾਗਤ ਹੀ ਭੁਇ ਮਿਲਿ ਗਇਆ, ਪਰਿਆ ਕਲੇਜੇ ਛੇਕੁ
॥ (੧੩੭੨)
ਫਿਰ ਮਨੁੱਖ ਅੰਦਰੋਂ ਭਾਵਨਾ ਪ੍ਰਗਟ ਹੁੰਦੀ ਹੈ ਕਿ
‘ਮੈ ਵਿਚਿ ਦੋਸ, ਹਉ; ਕਿਉ ਕਰਿ ਪਿਰੁ ਪਾਵਾ॥’’ (ਮ:੪/੫੬੧)
ਭਾਵ ਮੇਰੇ ’ਚ ਹੀ ਕਮੀਆਂ ਹਨ ਹੁਣ ਗੁਰੂ ਜੀ! ਦੱਸੋ, ਰੱਬ ਨੂੰ ਕਿਵੇਂ ਪਾਵਾਂ? ਅੱਗੋਂ ਗੁਰੂ ਜੀ ਸਦੀਵੀ ਹੌਂਸਲਾ ਬਣਾਏ ਰੱਖਣ ਲਈ ਆਖਦੇ ਹਨ ਕਿ ਸਦਾ ਇਉਂ
‘‘ਸੇ ਗੁਣ ਮੁਝੈ ਨ ਆਵਨੀ, ਕੈ ਜੀ; ਦੋਸੁ ਧਰੇਹ॥’’ (ਮ:੧/੭੨੫)
ਵਾਲੀ ਭਾਵਨਾ ਪ੍ਰਗਟ ਕਰਦਿਆਂ ਬੇਨਤੀ ਕਰਿਆ ਕਰ ਕਿ ਹੇ ਮਾਲਕ!
‘‘ਹਮ ਪਾਪੀ, ਤੁਮ ਪਾਪ ਖੰਡਨ, ਨੀਕੋ (ਸੁੰਦਰ) ਠਾਕੁਰ ਦੇਸਾ॥’’ (ਮ:੫/੬੧੩) ਅਤੇ
‘‘ਨਾਨਕ ਕਉ ਪ੍ਰਭ! ਰਾਖਿ ਲੇਹਿ, ਮੇਰੇ ਸਾਹਿਬ ਬੰਦੀ ਮੋਚ॥
ਕਤਿਕ ਹੋਵੈ ਸਾਧਸੰਗੁ, ਬਿਨਸਹਿ ਸਭੇ ਸੋਚ
॥’’
ਭਾਵ ਹੇ ਪ੍ਰਭੂ ਜੀ, ਹੇ ਮੇਰੇ ਮਾਲਕ ਮੁਕਤੀ ਦਾਤੇ! ਮੈਨੂੰ ਕੱਤਕ ਦੇ ਮਹੀਨੇ (’ਚ ਪ੍ਰਾਪਤ ਕੀਤੀ ਸਾਉਣੀ ਦੀ ਫ਼ਸਲ ਵਾਂਗ) ਗੁਰੂ ਦਾ ਸਾਥ ਵੀ ਮਿਲੇ, ਮੇਰੀ ਰੱਖਿਆ ਕਰ ਤਾਂ ਜੋ ਸਾਰੇ ਚਿੰਤਾ ਫ਼ਿਕਰ ਦੂਰ ਹੋ ਜਾਣ, ਮੁਕ ਜਾਣ।
ਗਿਆਨੀ ਅਵਤਾਰ ਸਿੰਘ, ਸੰਪਾਦਕ, ਮਿਸ਼ਨਰੀ ਸੇਧਾਂ-
98140-35202

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.