ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ , ਮਿਸ਼ਨਰੀ ਸੇਧਾਂ
‘ਗੁਰ ਪ੍ਰਸਾਦਿ’ ਸ਼ਬਦ ਨਾਲ ਹੋ ਰਿਹਾ ਅਨਿਆਇ !
‘ਗੁਰ ਪ੍ਰਸਾਦਿ’ ਸ਼ਬਦ ਨਾਲ ਹੋ ਰਿਹਾ ਅਨਿਆਇ !
Page Visitors: 2869

‘ਗੁਰ ਪ੍ਰਸਾਦਿ’ ਸ਼ਬਦ ਨਾਲ ਹੋ ਰਿਹਾ ਅਨਿਆਇ !
ਕਿਸੇ ਮਹਾਂਪੁਰਖ, ਗੁਰੂ, ਪੀਰ, ਮਹਾਤਮਾ ਦੀ ਭਾਵਨਾ (ਵਿਚਾਰਧਾਰਾ) ਨੂੰ ਸਦੀਵੀ ਜਿਉਂ ਦੀ ਤਿਉਂ ਜੀਵਤ ਰੱਖਣ ਲਈ ਪਹਿਲਾਂ ਇਹ ਜ਼ਰੂਰੀ ਹੁੰਦਾ ਹੈ ਕਿ ਉਸ ਦੀ ਸਮਝ ਉਸ ਵਰਗ ਨੂੰ ਮੁਕੰਬਲ ਹੋ ਜਾਵੇ, ਜਿਸ ਦੇ ਉਪਰ ਇਸ ਵਿਚਾਰਧਾਰਾ ਨੂੰ ਅਗਾਂਹ ਵਧਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਵਿਚਾਰਧਾਰਾ ਦੇ ਸ੍ਰੋਤ (ਗੁਰੂ, ਮਹਾਂਪੁਰਖ ਆਦਿ) ਸਦੀਵੀ ਨਿਰਵਿਘਨ ਆਪਣੀ ਵਿਚਾਰਧਾਰਾ ਨੂੰ ਅਗਾਂਹ ਵਧਾਉਣ ਲਈ ਹਰ ਇੱਕ ਇਨਸਾਨ ਦੇ ਸਾਹਮਣੇ ਸਰੀਰਕ ਤੌਰ 'ਤੇ ਮੌਜੂਦ ਨਹੀਂ ਰਹਿ ਸਕਦੇ।
ਦੀਰਘ ਸੋਚ ਵਾਲੇ ਮਹਾਂਪੁਰਖ ਸਮੇਂ ਦੀ ਲਿਆਕਤ (ਯੋਗਤਾ) ਨੂੰ ਸਮਝਦਿਆਂ ਆਪਣੇ ਬਚਨਾਂ (ਭਾਵਨਾਵਾਂ) ਨੂੰ ਕਿਸੇ ਨਿਯਮਬੰਦ ਲਿਖਤ 'ਚ ਬੰਦ ਕਰ ਦਿੰਦੇ ਹਨ ਤਾਂ ਜੋ ਭਵਿੱਖ 'ਚ ਸਮਾਜ ਉਸ 'ਤੋਂ ਨਿਰਵਿਘਨ ਲਾਭ ਉਠਾਉਂਦਾ ਰਹੇ। ਪੁਰਾਤਨ ਸਮੇਂ ਤੋਂ ਜਿਤਨੇ ਵੀ ਧਾਰਮਿਕ ਗ੍ਰੰਥਾਂ 'ਚ ਕੋਈ ਨਵੀਨਤਮ ਵਿਚਾਰਧਾਰਾ ਨੂੰ ਨਿਯਮਬੰਦ ਲਿਖਤ 'ਚ ਸਮੇਟਿਆ ਗਿਆ ਹੈ, ਉਹ ਤਕਰੀਬਨ ਸਾਰੇ ਹੀ ਅਜਿਹੇ ਹਨ ਜਿਨ੍ਹਾਂ ਦੇ ਧਾਰਮਿਕ ਪੈਰੋਕਾਰਾਂ (ਆਗਿਆਪਾਲਕ) ਦੁਆਰਾ ਹੀ ਇਸ ਵਿਸ਼ੇਸ਼ ਜ਼ਿੰਮੇਵਾਰੀ ਨੂੰ ਨਿਭਾਇਆ ਗਿਆ ਹੈ। ਜਿਸ ਵਿੱਚ ਸਮੇਂ ਅਨੁਸਾਰ ਉਹ ਤਰੁਟੀਆਂ (ਗ਼ਲਤੀਆਂ) ਦਰਜ ਹੁੰਦੀਆਂ ਗਈਆਂ, ਜੋ ਉਨ੍ਹਾਂ ਦੇ ਪੂਰਵਜ ਮਹਾਂਪੁਰਖਾਂ ਦੀ ਭਾਵਨਾ (ਵਿਚਾਰਧਾਰਾ) ਨਾਲ ਉੱਕਾ ਹੀ ਮੇਲ ਨਹੀਂ ਖਾਂਦੀਆਂ ਹਨ। ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਭਗਤਾਂ ਦੀ ਬਾਣੀ ਦਾ ਉਹ ਸਰੂਪ, ਜੋ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਨਹੀਂ ਹੈ, ਜ਼ਿਆਦਾਤਰ ਸਿਧਾਂਤਕ ਪੱਖੋਂ ਬਦਲ ਗਿਆ ਹੈ।
ਗੁਰੂ ਨਾਨਕ  ਜੀ ਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ ਉਨ੍ਹਾਂ ਨੇ ਨਾ ਕੇਵਲ ਆਪਣੀ ਲਿਖਤ (ਭਾਵਨਾ) ਨੂੰ ਨਿਯਮਬੰਦ ਲਿਖਤ 'ਚ ਆਪ ਸੰਭਾਲਿਆ ਬਲਕਿ 15 ਭਗਤਾਂ, 11 ਭੱਟਾਂ ਅਤੇ 3 ਗੁਰਸਿੱਖਾਂ ਦੀ ਲਿਖਤ ਨੂੰ ਵੀ ਸਾਂਭਣ 'ਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਹੁਣ ਇਸ ਦੇ ਪੈਰੋਕਾਰਾਂ (ਸਿੱਖਾਂ) ਦੀ ਇਹ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਗੁਰੂ ਜੀ ਦੀ ਭਾਵਨਾ ਨੂੰ ਸਮਝਣ ਲਈ ਉਸ ਨਿਯਮਾਬੰਦ ਲਿਖਤ ਨੂੰ ਸਮਝਣ 'ਚ ਯੋਗਤਾ ਪ੍ਰਾਪਤ ਕਰਨ, ਜਿਸ ਵਿੱਚ ਉਨ੍ਹਾਂ ਦੇ ਗੁਰੂ ਜੀ ਨੇ ਆਪਣੇ ਵੀਚਾਰ ਸਮੇਟੇ (ਕਲਮਬੰਦ ਕੀਤੇ) ਹਨ।
ਮੈਂ ਪਿਛਲੇ 16 ਸਾਲ ਤੋਂ ਗੁਰੂ ਕ੍ਰਿਪਾ ਨਾਲ ਗੁਰਬਾਣੀ ਦੀ ਲਿਖਤ (ਵਿਆਕਰਨ) ਨੂੰ ਵੱਡੇ-2 ਸਹਿਰਾਂ 'ਚ ਬਣੇ ਗੁਰੂ ਘਰਾਂ, ਸਕੂਲਾਂ, ਕਾਲਜਾਂ 'ਚ ਥੋੜਾ ਬਹੁਤ ਪੜਾਉਣ ਦਾ ਯਤਨ ਕਰ ਰਿਹਾਂ ਹਾਂ ਪਰ ਮੇਰੀ ਇਸ ਗੱਲ 'ਚ ਕੋਈ ਅਤਿਕਥਨੀ ਵੀ ਨਹੀਂ ਹੋਵੇਗੀ ਕਿ ਸ਼ਹਿਰਾਂ 'ਚ ਵਸਦੇ ਪੜੇ ਲਿਖੇ 1000 ਸਿੱਖਾਂ ਵਿੱਚੋਂ ਕੇਵਲ 5 ਗੁਰਸਿੱਖ ਵੀ ਅਜਿਹੇ ਨਹੀਂ ਮਿਲਣਗੇ, ਜੋ ਕੇਵਲ ਮੂਲ ਮੰਤ੍ਰ ਦੀ ਲਿਖਤ ਬਾਰੇ ਹੀ ਸਹੀ ਜਾਣਕਾਰੀ ਰੱਖਦੇ ਹੋਣ। ਪਿੰਡਾਂ 'ਚ ਵਸਦੇ ਭੋਲੇ ਭਾਲੇ ਸਿੱਖਾਂ ਕੋਲ ਤਾਂ ਇਹ ਵਿਸ਼ਾ ਚੁੱਕਣਾ ਹੀ ਮੂਰਖਤਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ 'ਚ ਦੋ ਅਹਿਮ ਸ਼ਬਦ ਸੁਭਾਇਮਾਨ ਹਨ, ਜਿਨ੍ਹਾਂ  ਨੂੰ ਸਮਝਣਾ ਅਤਿ ਜ਼ਰੂਰੀ ਹੈ, ਬਾਕੀ ਲਿਖਤ ਤਾਂ ਉ ਨ੍ਹਾਂ ਦਾ ਹੀ ਵਿਸਥਾਰ ਹੈ। ਉਹ ਦੋ ਸ਼ਬਦ ਹਨ 'ੴ' ਅਤੇ 'ਗੁਰ ਪ੍ਰਸਾਦਿ'। ਵੇਖਣ ਵਿੱਚ ਇਹ ਵੀ ਆ ਰਿਹਾ ਹੈ ਕਿ ਗੁਰਬਾਣੀ ਲਿਖਤ ਦੀ ਸਮਝ ਨਾ ਹੋਣ ਕਾਰਨ, ਇਹ ਦੋਵੇਂ ਸ਼ਬਦਾਂ ਦੇ ਭਾਵ ਅਰਥ ਅਜੋਕੇ ਖੋਜ ਭਰਪੂਰ ਯੁਗ 'ਚ ਵੀ ਸ਼ੰਕਾ ਦੇ ਵਿਸ਼ੇ ਬਣੇ ਹੋਏ ਹਨ। ਇਸ ਲੇਖ ਦਾ ਵਿਸ਼ਾ ਮੈਂ 'ਗੁਰ ਪ੍ਰਸਾਦਿ' ਚੁਣਿਆ ਹੈ। ਪੁਰਾਤਨ ਤਮਾਮ ਟੀਕਾਕਾਰਾਂ (ਪ੍ਰਿੰ. ਸਾਹਿਬ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਪ੍ਰਿੰ. ਤੇਜਾ ਸਿੰਘ, ਭਾਈ ਰਣਧੀਰ ਸਿੰਘ, ਭਾਈ ਵੀਰ ਸਿੰਘ, ਸ. ਮਨਮੋਹਨ ਸਿੰਘ, ਗਿਆਨੀ ਹਰਬੰਸ ਸਿੰਘ, ਸ. ਜੋਗਿੰਦਰ ਸਿੰਘ ਤਲਵਾੜਾ ਅਤੇ ਅਨਮਤਿ ਦੇ ਕੁਝ ਵਿਦਵਾਨਾਂ ਆਦਿ ਸੱਜਣਾਂ) ਨੇ ਇਸ 'ਗੁਰ ਪ੍ਰਸਾਦਿ' ਸ਼ਬਦ ਦਾ ਅਰਥ ਕੀਤਾ ਹੈ ਕਿ 'ੴ' ਗੁਰੂ ਦੀ ਕ੍ਰਿਪਾ ਨਾਲ (ਮਿਲਦਾ ਹੈ)।
'ਗੁਰ ਪ੍ਰਸਾਦਿ' ਸ਼ਬਦ ਗੁਰਬਾਣੀ 'ਚ 114 ਵਾਰ, ਗੁਰ ਪਰਸਾਦਿ-69 ਵਾਰ, ਗੁਰ ਪਰਸਾਦੀ-212 ਵਾਰ ਤੇ ਗੁਰ ਪ੍ਰਸਾਦੀ-7 ਵਾਰ (ਕੁਲ 402 ਵਾਰ) ਆਇਆ ਹੈ, ਜਿਸ ਦੇ ਅਰਥ ਭਾਵ 'ਤੇ ਵੀਚਾਰ ਕਰਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਸ਼ਬਦ ਦੇ ਅੰਤ 'ਚ 'ਦ' ਅੱਖਰ ਨੂੰ ਹਮੇਸ਼ਾਂ ਸਿਹਾਰੀ ਕਿਉਂ ਆ ਰਹੀ ਹੈ? ਇਸ ਸਵਾਲ ਦਾ ਜਵਾਬ ਛੁਪਿਆ ਹੈ, ਉਨ੍ਹਾਂ ਸ਼ਬਦਾਂ 'ਚ ਜਿੱਥੇ 'ਪ੍ਰਸਾਦਿ' ਸ਼ਬਦ ਦੇ 'ਦ' ਅੱਖਰ ਨੂੰ ਸਿਹਾਰੀ ਨਹੀਂ ਹੈ ਜਿਵੇਂ ਕਿ
(1) ''ਭ੍ਰਮ ਭੈ ਛੂਟੇ ਗੁਰ ਪਰਸਾਦ ਨਾਨਕ! ਪੇਖਿਓ ਸਭੁ ਬਿਸਮਾਦ'' (ਮ:੫, ੯੧੫) (ਅਤੇ)
''ਅਨਹਦ ਸਬਦ ਅਚਰਜ ਬਿਸਮਾਦ ਗੁਰੁ ਪੂਰਾ ਪੂਰਾ ਪਰਸਾਦ'' (ਮ:੫,੧੧੪੩)
ਇਨ੍ਹਾਂ ਦੋਵੇਂ ਪੰਕਤੀਆਂ 'ਚ 'ਪਰਸਾਦ' ਸ਼ਬਦ ਦਾ ਇਹ ਰੂਪ ਕਾਵਿ ਤੋਲ ਕਾਰਨ ਆਇਆ ਹੈ ਕਿਉਂਕਿ ਦੋਵੇਂ ਥਾਈਂ ਦੂਸਰਾ ਸ਼ਬਦ 'ਬਿਸਮਾਦ' (ਅੰਤ ਸਿਹਾਰੀ ਰਹਿਤ) ਮੌਜੂਦ ਹੈ।
(2) ''ਗੁਰੁ ਪਰਸਾਦੁ ਕਰੇ; ਨਾਮੁ ਦੇਵੈ, ਨਾਮੇ ਨਾਮਿ ਸਮਾਵਣਿਆ'' (ਮ:੪, ੧੩੦) (ਅਤੇ)
''ਇਹੁ ਪਰਸਾਦੁ ਗੁਰੂ ਤੇ ਜਾਣੈ'' (ਮ:੧,੧੨੮੯)
ਇੱਥੇ ਪਹਿਲੀ ਪੰਕਤੀ 'ਚ 'ਕਰੇ' ਸ਼ਬਦ ਆਉਣ ਨਾਲ ਅਤੇ ਦੂਸਰੀ ਪੰਕਤੀ 'ਚ 'ਤੇ' ਸ਼ਬਦ ਆਉਣ ਨਾਲ 'ਪਰਸਾਦੁ' ਸ਼ਬਦ ਨੂੰ ਲੱਗਾ ਔਕੁੜ ਇੱਕ ਵਚਨ ਪੁਲਿੰਗ ਨਾਉਂ ਦੀ ਨਿਸ਼ਾਨੀ ਦਾ ਪ੍ਰਤੀਕ ਬਣ ਗਿਆ ਹੈ ਜਿਸ ਵਿੱਚੋਂ (ਨਾਲ, ਵਿੱਚ, ਤੋਂ ਅਤੇ ਨੇ) ਅਰਥ ਨਹੀਂ ਨਿਕਲ ਰਹੇ।
(3) ''ਭਾਈ ਮੀਤ ਕੁਟੰਬ ਦੇਖਿ ਬਿਬਾਦੇ ਹਮ ਆਈ ਵਸਗਤਿ ਗੁਰ ਪਰਸਾਦੇ (ਮ:੫/੩੭੦)
ਇਸ ਵਾਕ 'ਚ ਵੀ 'ਪਰਸਾਦੇ' ਸ਼ਬਦ 'ਬਿਬਾਦੇ' ਸ਼ਬਦ ਦੇ ਪ੍ਰਥਾਏ ਕਾਵਿ ਤੋਲ ਕਾਰਨ ਆਇਆ ਹੈ।
(4) ''ਜੇ ਓਹੁ, ਅਨਿਕ ਪ੍ਰਸਾਦ ਕਰਾਵੈ ਭੂਮਿ ਦਾਨ, ਸੋਭਾ ਮੰਡਪਿ ਪਾਵੈ ਅਪਨਾ ਬਿਗਾਰਿ, ਬਿਰਾਂਨਾ ਸਾਂਢੈ
        ਕਰੈ ਨਿੰਦ, ਬਹੁ ਜੋਨੀ ਹਾਂਢੈ
'' (ਭ. ਰਵਿਦਾਸ/੮੭੫)
(ਭਾਵ ਜੇ ਕੋਈ ਧਾਰਮਿਕ ਅਸਥਾਨਾਂ 'ਤੇ ਅਨੇਕਾਂ ਪ੍ਰਸ਼ਾਦ ਕਰਾਵੇ ਜਾਂ ਚੜਾਵੇ, ਜਮੀਨ ਆਦਿ ਸੰਪੱਤੀ ਦਾਨ ਕਰਕੇ ਜਗਤ 'ਚ ਸ਼ੋਭਾ ਵੀ ਪ੍ਰਾਪਤ ਕਰ ਲਵੇ, ਇਉਂ ਕਰਦਿਆਂ ਆਪਣਾ ਨੁਕਸਾਨ ਅਤੇ ਹੋਰਾਂ ਦਾ ਭਲਾ ਵੀ ਕਰ ਲਵੇ ਪਰ ਜੇ ਪਰਾਈ ਤਰੁਟੀ, ਕਮਜ਼ੋਰੀ ਨੂੰ ਵਧਾ ਚੜਾ ਕੇ ਬਿਆਨ ਕਰਨ ਵਾਲਾ ਸੁਭਾਵ ਨਹੀਂ ਬਦਲਿਆ ਤਾਂ ਜੂਨਾਂ, ਆਵਾਗਵਨ ਵਿੱਚ ਜ਼ਰੂਰ ਜਾਵੇਗਾ ਨਾ ਕਿ ਇਤਨਾ ਪੁੰਨ-ਦਾਨ ਕਰਕੇ ਵੀ ਮੁਕਤੀ ਪ੍ਰਾਪਤ ਕਰ ਸਕੇਗਾ।) ਇਸ ਵਾਕ 'ਚ 'ਪ੍ਰਸਾਦ' ਸ਼ਬਦ 'ਕ੍ਰਿਪਾ' ਦੇ ਅਰਥਾਂ 'ਚ ਨਹੀਂ ਬਲਕਿ 'ਕੜਾਹ ਪ੍ਰਸ਼ਾਦ' ਦੇ ਅਰਥਾਂ 'ਚ ਵਰਤਿਆ ਗਿਆ ਹੈ।
ਸੋ, ਗੁਰਬਾਣੀ 'ਚ 'ਗੁਰ ਪ੍ਰਸਾਦਿ' ਸ਼ਬਦਾਂ ਦੇ ਅਰਥ 'ਗੁਰੂ ਦੀ ਕਿਰਪਾ ਨਾਲ' (ੴ ਮਿਲਦਾ ਹੈ, ਹੀ ਲਿਖਤ ਅਨੁਸਾਰ ਢੁੱਕਵੇਂ ਅਰਥ ਬਣਦੇ ਹਨ, ਜਿਨ੍ਹਾਂ ਨੂੰ ਪੁਰਾਤਨ ਤਮਾਮ ਵਿਦਿਵਾਨਾਂ ਨੇ ਅਪਣਾਇਆ ਹੋਇਆ ਸੀ।) ਹੁਣ ਇਹ ਵੀਚਾਰ ਵੀ ਜ਼ਰੂਰੀ ਹੈ ਕਿ ਇਸ ਦੇ ਹੋਰ ਅਲੱਗ-2 ਅਰਥ ਕੀ ਅਤੇ ਕਿਉਂ ਕੀਤੇ ਜਾਂਦੇ ਹਨ?
(1) ਇੱਕ ਵਰਗ ਅਜੋਕੀ ਵਿਗਿਆਨ ਸੋਚ ਤੋਂ ਪ੍ਰਭਾਵਤ ਹੋਣ ਕਾਰਨ ਕਿਸੇ ਗੁਰੂ ਬਖ਼ਸ਼ਸ਼ ਹੋਣ ਨੂੰ ਵਿਗਿਆਨਕ ਦ੍ਰਿਸ਼ਟੀ ਨਾਲ ਯੋਗ ਨਹੀਂ ਮੰਨਦਾ ਅਤੇ ਉਹ 'ਗੁਰ' ਸ਼ਬਦ ਦੇ ਅਰਥ ਰੱਬ ਪ੍ਰਥਾਏ ਕਰ ਲੈਂਦਾ ਹੈ। ਜਿਸ ਅਨੁਸਾਰ 'ਗੁਰ ਪ੍ਰਸਾਦਿ' ਦੇ ਅਰਥ ਬਣਦੇ ਹਨ ਕਿ 'ਰੱਬ ਜੀ ਦਾ ਗੁਣ ਹੈ ਕਿ ਉਹ ਪ੍ਰਸਾਦਿ (ਕਿਰਪਾ) ਦੀ ਵਰਖਾ ਕਰਦੇ ਹਨ ਭਾਵ ਕਿਸੇ ਮਨੁੱਖ (ਗੁਰੂ ਨਾਨਕ ਜੀ) ਨੂੰ ਸਮਾਜ 'ਚ ਭੇਜ ਕੇ ਪਵਿੱਤਰ ਗ੍ਰੰਥ (ਗੁਰੂ ਗ੍ਰੰਥ ਸਾਹਿਬ ਜੀ ਵਾਂਗ) ਜਨਤਾ ਦੀ ਭਲਾਈ ਲਈ ਦੇ ਦਿੰਦੇ ਹਨ।
(ਨੋਟ: ਇਨ੍ਹਾਂ ਸੱਜਣਾਂ ਵੱਲੋਂ 'ਪ੍ਰਸਾਦਿ' ਸ਼ਬਦ ਦੇ ਅੰਤ 'ਚ ਲੱਗੀ ਸਿਹਾਰੀ ਦੇ ਅਰਥ ਨਾ ਕਰਨਾ, ਗੁਰੂ ਨਾਨਕ ਸਾਹਿਬ ਜੀ ਦੀ ਭਾਵਨਾ ਨਾਲ ਅਨਿਆਏ ਹੈ। ਇਸ ਸਿਹਾਰੀ ਵਿੱਚੋਂ 'ਨਾਲ, ਰਾਹੀਂ, ਦੁਆਰਾ, ਨੇ, ਵਿੱਚ ਅਤੇ ਤੋਂ' ਅਰਥ ਨਾ ਕੱਢਣਾ ਗੁਰਬਾਣੀ ਦੀ ਲਿਖਤ ਪ੍ਰਤੀ ਨਾ ਸਮਝੀ ਜਾਂ ਅਵੇਸਲੇਪਨ ਦਾ ਪ੍ਰਤੀਕ ਹੈ ਜਦਕਿ 'ਕਿਰਪਾ ਦੀ ਵਰਖਾ' ਅਰਥ ਕਰਨ ਨਾਲ 'ਦੀ' ਸੰਬੰਧਕੀ ਅੱਖਰ 'ਪ੍ਰਸਾਦਿ' ਸ਼ਬਦ ਦੀ ਸਿਹਾਰੀ ਵਿੱਚੋਂ ਕੱਢਣਾ ਹੋਰ ਵੀ ਅਪਮਾਨ ਜਨਕ ਭਾਵਨਾ ਹੈ। ਇਨ੍ਹਾਂ ਵੱਲੋਂ ਗੁਰੂ ਭਾਵਨਾ ਦੀ ਬਜਾਏ ਵਿਗਿਆਨ (ਅਧੂਰੇ ਸੱਚ) ਨੂੰ ਜਿਆਦਾ ਤਰਜੀਹ ਦੇਣੀ ਆਪਣੇ ਗੁਰੂ ਗਿਆਨ ਪ੍ਰਤੀ ਅਵਿਸਵਾਸ (ਅਸ਼ਰਧਾ) ਦਾ ਪ੍ਰਤੀਕ ਹੈ। ਯਾਦ ਰਹੇ, 'ਪਵਿਤਰ ਗ੍ਰੰਥ' ਕਹਿਣਾ, ਸਤਿਕਾਰ ਵੱਜੋਂ ਤਾਂ ਠੀਕ ਮੰਨਿਆ ਜਾ ਸਕਦਾ ਹੈ ਪਰ 'ਪਵਿੱਤਰ ਗ੍ਰੰਥ' ਬਖ਼ਸ਼ਸ਼ ਨਹੀਂ ਕਰਦਾ ਜਦਕਿ 'ਗੁਰੂ ਗ੍ਰੰਥ ਸਾਹਿਬ' ਪ੍ਰਤੀ ਇੱਕ ਸਿੱਖ ਦੀ ਭਾਵਨਾ ਬਣੀ ਹੋਈ ਹੈ ਕਿ ਗੁਰੂ; ਬਖ਼ਸ਼ਸ਼ ਕਰਦਾ ਹੈ ਇਸ ਲਈ ਗੁਰੂ ਅੱਗੇ ਮੱਥਾ ਟੇਕਦਾ, ਸਿਰ ਝੁਕਾਉਂਦਾ ਹੈ। ਇੱਥੇ ਇੱਕ ਵੀਚਾਰ ਹੋਰ ਵੀ ਜ਼ਰੂਰੀ ਹੈ ਕਿ 'ਗੁਰ ਪ੍ਰਸਾਦਿ' ਸ਼ਬਦ 'ਚੋਂ 'ਗੁਰ' ਸ਼ਬਦ ਦੇ ਅਰਥ ਰੱਬ ਕਰਨ ਨਾਲ ਵੀ ਅਰਥ ਇਉਂ ਬਣਦੇ ਹਨ ਕਿ ਰੱਬ ਦੀ ਕ੍ਰਿਪਾ ਨਾਲ (ਮਿਲਦਾ ਹੈ) ਪਰ ਕੀ? ਭਾਵ ਕੀ ਵਿਗਿਆਨ ਅਨੁਸਾਰ ਇਹ ਅਰਥ ਕਰਨੇ ਉਚਿਤ ਹੋ ਸਕਦੇ ਹਨ ਕਿ ਰੱਬ ਦੀ ਕਿਰਪਾ ਨਾਲ ਰੱਬ ਮਿਲਦਾ ਹੈ?)
(2) ਦੂਸਰਾ ਵਰਗ ਵਿਗਿਆਨ ਤੋਂ ਪ੍ਰਭਾਵਤ ਤਾਂ ਨਹੀਂ ਮੰਨਿਆ ਜਾ ਸਕਦਾ ਪਰ ਉਸ ਨੇ ਆਪਣੀ ਸੰਸਥਾ ਦੇ ਪੂਰਵਜਾਂ ਵੱਲੋਂ ਆਪਣਾਈ ਗਈ ਵਿਚਾਰਧਾਰਾ 'ਤੇ ਪਹਿਰਾ ਦਿੰਦਿਆਂ ਮੂਲ ਮੰਤ੍ਰ ਦੇ ਵਿਸਥਾਰ ਨੂੰ ''ਨਾਨਕ ਹੋਸੀ ਭੀ ਸਚੁ'' ਤੱਕ ਲੈ ਕੇ ਜਾਣਾ ਹੈ। ਉਸ ਲਈ ਸਭ ਤੋਂ ਵੱਡੀ ਚਨੌਤੀ ਹੈ 'ਪ੍ਰਸਾਦਿ' ਸ਼ਬਦ ਨੂੰ ਲੱਗੀ ਸਿਹਾਰੀ। ਅਗਰ ਇਹ ਵਰਗ ਮੂਲ ਮੰਤ੍ਰ ਦੇ ਅਰਥ ਇਉਂ ਕਰੇ ਕਿ 'ੴ' ਦਾ ਨਾਮ ਸਥਿਰ ਹੈ, ਉਹ ਨਿਰਭਉ, ਨਿਰਵੈਰ ਆਦਿ ਹੈ ਅਤੇ ਗੁਰੂ ਦੀ ਕ੍ਰਿਪਾ ਨਾਲ ਮਿਲਦਾ ਹੈ, ਤਾਂ ਮੂਲ ਮੰਤ੍ਰ ਦਾ ਵਿਸਥਾਰ 'ਗੁਰ ਪ੍ਰਸਾਦਿ' ਤੋਂ ਅੱਗੇ ਨਹੀਂ ਵਧ ਸਕਦਾ। ਇਸ ਲਈ ਇਸ ਵਰਗ ਨੇ 'ਗੁਰ ਪ੍ਰਸਾਦਿ' ਸ਼ਬਦਾਂ ਦੇ ਅਰਥ ਕੀਤੇ ਹਨ ਕਿ 'ਗੁਰ' ਭਾਵ (ੴ) ਵੱਡਾ ਹੈ, ਪ੍ਰਸਾਦਿ (ਕ੍ਰਿਪਾਲੂ, ਦਿਆਲੂ) ਹੈ ਆਦਿ। ਇਸ ਵਰਗ ਨੇ ਗੁਰਬਾਣੀ (ਭਾਸ਼ਾ) ਲਿਖਤ (ਵਿਆਕਰਨ) ਨੂੰ ਸਮਝਣ ਦੀ ਬਜਾਏ ਇਸ ਦੇ ਵਿਰੋਧ ਨੂੰ ਹੀ ਜ਼ਿਆਦਾ ਤਰਜੀਹ ਦਿੱਤੀ ਹੈ। ਇਥੇ ਇਹ ਵੀ ਵੀਚਾਰ ਦਾ ਨੁਕਤਾ ਹੈ ਕਿ ਅਗਰ 'ਗੁਰ' ਅਤੇ 'ਪ੍ਰਸਾਦਿ' ਦੋਵੇਂ ਸ਼ਬਦ; ਆਪਣੇ ਅਲਗ-2 ਅਰਥ-ਭਾਵ ਸਿੱਧੇ ਹੀ 'ੴ' ਪ੍ਰਤੀ ਕੱਢਣ 'ਚ ਸਮਰਥ ਹੁੰਦੇ ਤਾਂ ਇਨ੍ਹਾਂ ਸ਼ਬਦਾਂ ਦੀ ਬਣਤਰ ਵੀ 'ਨਾਮੁ, ਪੁਰਖੁ, ਨਿਰਭਉ ਅਤੇ ਨਿਰਵੈਰੁ' ਸ਼ਬਦਾਂ ਵਾਂਗ 'ਗੁਰੁ' ਅਤੇ 'ਪ੍ਰਸਾਦੁ' ਹੋਣੀ ਸੀ ਨਾ ਕਿ 'ਗੁਰ ਪ੍ਰਸਾਦਿ'।
ਉਕਤ ਦੋਵੇਂ ਪ੍ਰਕਾਰ ਦੀਆਂ ਦਲੀਲਾਂ ਗੁਰਬਾਣੀ ਦੀ ਉਸ ਲਿਖਣਸ਼ੈਲੀ ਦੀ ਭਾਵਨਾ ਦੇ ਵਿਰੁਧ ਹਨ, ਜਿਸ ਯੋਜਨਾਬੰਦ ਲਿਖਤ ਨੂੰ ਗੁਰੂ ਨਾਨਕ ਦੇਵ ਜੀ ਨੇ ਅਪਣਾਇਆ ਸੀ ਅਤੇ ਗੁਰੂ ਅੰਗਦ ਦੇਵ ਜੀ ਨੇ ਜਿਸ ਨੂੰ ਵੱਡੇ ਪੈਮਾਨੇ 'ਤੇ ਸਰਲ ਤੇ ਸਪੱਸ਼ਟ ਕਰਨ ਦਾ ਯਤਨ ਕੀਤਾ ਸੀ। ਅਗਰ 402 ਵਾਰ ਆਏ ਸ਼ਬਦ 'ਗੁਰ ਪ੍ਰਸਾਦਿ' ਦੀ ਬਣਤਰ ਅੰਤ ਸਿਹਾਰੀ ਨਾਲ ਹੀ ਹੈ ਤਾਂ ਇਸ ਦਾ ਮਤਲਬ ਵੀ ਕੁਝ ਜ਼ਰੂਰ ਹੋਵੇਗਾ, ਜਿਸ ਨੂੰ ਕੇਵਲ ਵਿਗਿਆਨ ਤੋਂ ਪ੍ਰਭਾਵਤ ਹੋ ਕੇ ਜਾਂ ਕਿਸੇ ਸੰਸਥਾਵਾਂ ਦੇ ਪੂਰਵਜਾਂ ਦੀ ਗ਼ਲਤ ਭਾਵਨਾ (ਕਮਜੋਰੀ) ਕਾਰਨ ਛੱਡਿਆ ਨਹੀਂ ਜਾ ਸਕਦਾ ਹੈ।
ਪ੍ਰਚਾਰਕਾਂ ਦੀ ਯੋਗਤਾ: ਇੱਕ ਸੱਜਣ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 15 ਦਿਨਾਂ ਬਾਅਦ ਤਿੰਨ ਦਿਨ ਲਈ ਗੁਰਬਾਣੀ ਦੇ ਪਾਵਨ ਵਾਕ (ਹੁਕਮਨਾਮੇ) 'ਤੇ ਆਪਣੇ ਵੀਚਾਰ ਰੱਖਣ ਲਈ ਸੰਦੇਸ਼ ਪ੍ਰਾਪਤ ਹੋਇਆ, ਅਚਾਨਕ ਮੇਰਾ ਉਸ ਸੱਜਣ ਨਾਲ ਸੰਪਰਕ ਹੋ ਗਿਆ ਅਤੇ ਉਸ ਨੇ ਆਪਣੇ ਤਿੰਨੇ ਵਿਸ਼ੇ ਹੁਕਮਨਾਮਾ ਲੈਣ ਤੋਂ 15 ਦਿਨ ਪਹਿਲਾਂ ਹੀ ਮੈਨੂੰ ਸੁਣਾ ਦਿੱਤੇ। ਮੇਰੇ ਵੱਲੋਂ ਚੇਤਾ ਕਰਾਉਂਦਿਆਂ ਕਿ ਕੀ ਅਜਿਹਾ ਕਰਨਾ ਉਚਿਤ ਹੈ? ਤਾਂ ਉਸ ਦਾ ਜਵਾਬ ਇਉਂ ਸੀ ਕਿ ਜ਼ਿਆਦਾਤਰ ਪ੍ਰਚਾਰਕ ਸ਼੍ਰੇਣੀ ਆਪਣੇ ਵਿਸ਼ੇ ਦੀ ਚੋਣ ਆਪਣੇ ਨਿਜ ਅਸਥਾਨ 'ਤੇ ਬੈਠ ਕੇ ਹੀ ਕਰਦੀ ਹੈ ਇਸ ਸੋਚ ਅਨੁਸਾਰ ਗੁਰੂ ਉਪਦੇਸ਼ (ਹੁਕਮਨਾਮੇ) ਨੂੰ ਉਲਥਾ ਲਿਆ ਜਾਂਦਾ ਹੈ। ਅਜਿਹੇ ਸੱਜਣ ਲੱਭਣੇ ਮੁਸ਼ਕਿਲ ਹੀ ਹਨ ਜੋ ਗੁਰੂ ਭਾਵਨਾ ਅਨੁਸਾਰ ਆਪਣੇ ਵੀਚਾਰਾਂ ਨੂੰ ਉਲਥਾਉਣ ਦੀ ਯੋਗਤਾ ਰੱਖਦੇ ਹੋਣ। ਅਜਿਹਾ ਹੀ ਹਾਲ ਤਕਰੀਬਨ ਜ਼ਿਆਦਾਤਰ ਪ੍ਰਚਾਰਕ ਦਾ ਹੈ ਜੋ ਇੱਕ ਜ਼ਮੀਨੀ ਸਚਾਈ ਹੈ।
ਇੱਕ ਦਿਨ ਟੀ. ਵੀ 'ਤੇ ਆਪਣੇ ਵੀਚਾਰ ਰੱਖਦਿਆਂ ਵੀਰ ਭੁਪਿੰਦਰ ਸਿੰਘ ਜੀ
''ਪਵਣੁ ਗੁਰੂ; ਪਾਣੀ ਪਿਤਾ, ਮਾਤਾ ਧਰਤਿ ਮਹਤੁ       ਜਪੁ (ਮ:੧/੮)
ਪੰਕਤੀ 'ਚ ਸ਼ਬਦ 'ਮਹਤੁ' ਬਾਰੇ ਇਉਂ ਬਿਆਨ ਕਰ ਰਹੇ ਸਨ ਕਿ ਇਹ ਸ਼ਬਦ ਅੰਤ ਔਕੁੜ ਲੱਗੀ ਹੋਣ ਕਾਰਨ ਇੱਕ ਵਚਨ ਪੁਲਿੰਗ ਨਾਉ ਹੈ। ਇਸ ਲਈ ਇਨ੍ਹਾਂ ਨੇ ਆਪਣੀ ਕਿਤਾਬ 'ਚ 'ਮਾਤਾ ਧਰਤਿ ਮਹਤੁ' ਦੇ ਅਰਥ ਕੀਤੇ ਹਨ ਕਿ 'ਮਾਤਾ' ਭਾਵ ਸੁਰਤ, ਮਤ, ਮਨ ਬੁਧਿ ਵਾਲੀ ਧਰਤੀ ਮਿਲੀ ਹੈ ਜਿਸ 'ਤੇ ਵੱਡੇ ਰੱਬ ਦਾ 'ਮਹਤੁ' ਭਾਵ ਹੁਕਮ ਚਲਦਾ ਹੈ।
(ਨੋਟ ਉਕਤ ਅਰਥ ਕਰਦਿਆਂ ਵੀਰ ਜੀ ਨੂੰ ਇਹ ਤਾਂ ਪਤਾ ਹੈ ਕਿ 'ਧਰਤੀ' ਸ਼ਬਦ ਇਸਤ੍ਰੀ ਲਿੰਗ ਹੈ ਪਰ ਇਹ ਪਤਾ ਨਹੀਂ ਕਿ 'ਮਹਤੁ' ਸ਼ਬਦ ਨੂੰ ਔਕੁੜ ਕਿਉਂ ਲੱਗਾ ਹੈ। ਇਸ ਲਈ ਇਨ੍ਹਾਂ ਨੇ ਸ਼ਬਦ 'ਧਰਤੀ' (ਇਸਤ੍ਰੀ ਲਿੰਗ) ਅਤੇ 'ਮਹਤੁ' (ਵੀਰ ਜੀ ਅਨੁਸਾਰ ਇੱਕ ਵਚਨ ਪੁਲਿੰਗ ਨਾਉ) ਨੂੰ ਅਰਥ ਕਰਦਿਆਂ ਅਲਗ-2 ਕਰ ਦਿੱਤਾ। ਗੁਰਬਾਣੀ ਦੀ ਲਿਖਤ ਅਨੁਸਾਰ ਇਸਤ੍ਰੀ ਲਿੰਗ ਸ਼ਬਦ (ਅੰਤ ਮੁਕਤਾ ਜਾਂ ਸਿਹਾਰੀ) ਦਾ ਵਿਸ਼ੇਸ਼ਣ ਵੀ ਅੰਤ ਮੁਕਤਾ ਜਾਂ ਅੰਤ ਸਿਹਾਰੀ ਵਾਲਾ ਹੀ ਹੋਣਾ ਜ਼ਰੂਰੀ ਹੈ। ਜਿਵੇਂ ਕਿ ਸ਼ਬਦ 'ਅਕਾਲ ਮੂਰਤਿ', ਭਾਵ ਇਸਤ੍ਰੀ ਲਿੰਗ ਸ਼ਬਦ 'ਮੂਰਤਿ' (ਭਾਵ ਸ਼ਕਲ ਜਾਂ ਹੋਂਦ) ਦਾ ਵਿਸ਼ੇਸ਼ਣ ਸ਼ਬਦ ਵੀ 'ਅਕਾਲ' ਭਾਵ ਅੰਤ ਮੁਕਤਾ ਹੀ ਹੈ। ਇਥੇ 'ਅਕਾਲ ਮੂਰਤਿ' ਦੋਵੇਂ ਸ਼ਬਦਾਂ ਦਾ ਅਰਥ ਵੀਰ ਭੁਪਿੰਦਰ ਸਿੰਘ ਜੀ ਇਕੱਠਾ ਕੀਤਾ ਹੈ।
ਸ਼ਬਦ 'ਮਹਤੁ', ਜੋ ਇਸਤ੍ਰੀ ਲਿੰਗ ਸ਼ਬਦ 'ਧਰਤਿ' ਦਾ ਵਿਸ਼ੇਸ਼ਣ ਹੈ, ਨੂੰ ਅੰਤ ਔਕੁੜ ਕਿਉਂ ਲੱਗਾ ਹੈ? ਇਸ ਦਾ ਜਵਾਬ ਉਨ੍ਹਾਂ ਸ਼ਬਦਾਂ 'ਚੋਂ ਮਿਲੇਗਾ, ਜਿਥੇ 'ਵ' ਅੱਖਰ ਅਤੇ 'ਉ' ਅੱਖਰ ਆਪਸ ਵਿੱਚ ਬਦਲਦੇ ਰਹਿੰਦੇ ਹਨ ਜਿਵੇਂ ਕਿ ਸ਼ਬਦ ਹਨ 'ਜੀਉਣਾ ਜਾਂ ਜੀਵਨਾ, ਪਉੜੀ ਜਾਂ ਪਵੜੀ, ਜਾਵਾਂ ਜਾਂ ਜਾਉਂ ਆਦਿ। ਯਾਦ ਰਹੇ, ਕਿ ਪੰਜਾਬੀ ਅਤੇ ਗੁਰਮੁਖੀ ਸਮੇਤ ਹਰ ਇੱਕ ਭਾਸ਼ਾ 'ਚ ਸਮਾਨੰਤਰ ਧੁਨੀ ਹੋਣ ਕਾਰਨ ਕੁਝ ਅੱਖਰ ਆਪਸ ਵਿੱਚ ਬਦਲ ਜਾਂਦੇ ਹਨ ਜਿਵੇਂ ਕਿ ਯ=ਇ+ਅ ਅਤੇ ਵ=ਉ+ਅ, ਥ=ਸ+ਤ ਆਦਿ। ਇਸ ਨੂੰ ਹੀ ਭਾਸ਼ਾ ਦਾ ਵਿਕਾਸ ਆਖਦੇ ਹਨ। ਗੁਰੂ ਵਾਕ ਹੈ
''ਏਹੁ ਵਿਸੁ ਸੰਸਾਰੁ ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ”    ਰਾਮਕਲੀ ਅਨੰਦ (ਮ:੩/੯੨੨)
 'ਚ 'ਵਿਸੁ' ਸ਼ਬਦ ਨੂੰ ਲੱਗਾ ਅੰਤ ਔਕੁੜ 'ਵ' ਅੱਖਰ ਦਾ ਸੰਕੇਤ ਦੇਂਦਾ ਹੈ ਜਿਸ ਤੋਂ 'ਵਿਸਵ' ਸ਼ਬਦ ਬਣਿਆ, ਇਸ ਲਈ 'ਮਾਤਾ ਧਰਤਿ ਮਹਤੁ' ਵਾਕ 'ਚ ਵੀ 'ਮਾਤਾ ਧਰਤਿ ਮਹੱਤਵ' ਸ਼ਬਦ ਦਾ ਸੰਕੇਤ ਹੈ ਭਾਵ ਧਰਤੀ ਹੀ ਅਸਲ 'ਚ ਵੱਡੀ ਮਾਤਾ ਹੈ, ਜਿਸ ਵਿੱਚੋਂ ਅਨੇਕਾਂ ਜੀਵ ਪੈਦਾ ਹੁੰਦੇ ਤੇ ਮਰਦੇ ਹਨ। ਇਸ ਲਈ 'ਮਹਤੁ' ਸ਼ਬਦ ਨੂੰ ਲੱਗਾ ਔਕੁੜ 'ਉ' ਅੱਖਰ ਹੈ, ਜੋ ਅੱਖਰਾਂ ਦੇ ਆਪਸੀ ਸੁਮੇਲ ਹੋਣ ਕਾਰਨ ਊੜਾ ਅੱਖਰ ਉਡ ਗਿਆ ਤੇ ਕੇਵਲ ਔਕੁੜ ਦੀ ਹੋਂਦ ਬਾਕੀ ਰਹਿ ਗਈ ਜੋ 'ਤ' ਅੱਖਰ ਦੇ ਹੇਠਾਂ ਜਾ ਲੱਗੀ। ਇਸ ਲਈ ਮਹਤੁ' ਸ਼ਬਦ ਨੂੰ ਲੱਗਾ ਅੰਤ ਔਕੁੜ ਇੱਕ ਵਚਨ ਪੁਲਿੰਗ ਨਾਉ ਸ਼ਬਦ ਦਾ ਪ੍ਰਤੀਕ ਨਹੀਂ ਹੈ, ਜਿਵੇਂ ਕਿ ਵੀਰ ਭੁਪਿੰਦਰ ਸਿੰਘ ਜੀ ਬਿਆਨ ਕਰਦੇ ਹੋਏ ਅਰਥ ਕਰ ਰਹੇ ਹਨ ਕਿ 'ਮਾਤਾ' ਭਾਵ ਸੁਰਤ, ਮਤ, ਮਨ ਬੁਧਿ ਵਾਲੀ ਧਰਤੀ ਮਿਲੀ ਹੈ ਜਿਸ 'ਤੇ ਵੱਡੇ ਰੱਬ ਦਾ 'ਮਹਤੁ' ਭਾਵ ਹੁਕਮ ਚਲਦਾ ਹੈ। (ਵੀਰ ਭੁਪਿੰਦਰ ਸਿੰਘ ਜੀ)
ਸਿੱਖ ਸਮਾਜ ਵਿੱਚੋਂ ਗੁਰੂ ਉਪਦੇਸ (ਭਾਵਨਾ) ਨੂੰ ਸਮਝਣ ਅਤੇ ਪ੍ਰਚਾਰਨ ਦੀ ਸੇਵਾ ਉਸ ਵਰਗ ਨੇ ਸੰਭਾਲੀ ਹੋਈ ਹੈ ਜੋ ਆਪ ਆਰਥਿਕ ਅਤੇ ਸਾਹਿਤਕ ਗਿਆਨ ਪੱਖੋਂ ਕਮਜ਼ੋਰ ਹੈ। ਸਿੱਖ ਧਰਮ ਨਾਲ ਸਬੰਧਤ ਜ਼ਿਆਦਾਤਰ ਕਾਲਜਾਂ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਨਿਰਸੁਆਰਥ ਭਾਵਨਾ ਵਾਲੇ ਨਹੀਂ ਮਿਲ ਰਹੇ ਹਨ। ਇਸ ਕਮਜ਼ੋਰੀ ਨੂੰ ਭਾਂਪਦਿਆਂ ਕੁਝ ਪੰਥ ਦਰਦੀ ਭਾਵਨਾ ਰੱਖਣ ਵਾਲੇ ਸੱਜਣਾਂ ਵੱਲੋਂ ਆਪਣੀ ਘਰੇਲੂ ਜ਼ਿੰਮੇਵਾਰੀ ਤੋਂ ਕੁਝ ਸਮੇਂ ਉਪਰੰਤ ਮੁਕਤ ਹੋ ਕੇ ਪੰਥਕ ਮੁੱਦਿਆਂ ਨੂੰ ਸਮਝਣ ਤੇ ਪ੍ਰਚਾਰਨ ਦੀ ਭਾਵਨਾ ਵਿਅਕਤ ਕੀਤੀ ਗਈ ਪਰ ਇਸ ਲਹਿਰ ਵਿੱਚ ਇੱਕ ਬਹੁਤ ਵੱਡੀ ਇਹ ਘਾਟ ਰਹਿ ਗਈ ਕਿ ਇਨ੍ਹਾਂ ਦੀ ਜਿੰਦਗੀ ਦਾ ਬਹੁਤਾ ਸਮਾ ਗ੍ਰਿਹਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਸਮਾਜਿਕ ਗਿਆਨ 'ਤੇ ਹੀ ਨਿਰਭਰ ਰਿਹਾ ਅਤੇ ਬੰਦ ਕਮਰੇ 'ਚ ਕੀਤੀ ਗਈ ਗੁਰਮਤਿ ਦੀ ਤਿਆਰੀ ਸਮੂਹ ਪੰਥਕ ਜਥੇਬੰਦੀਆਂ ਨਾਲ ਤਾਲਮੇਲ ਬਿਠਾਉਣ 'ਚ ਸਫਲ ਨਹੀਂ ਹੋ ਪਾਈ। ਭਵਿੱਖ ਲਈ ਇਨ੍ਹਾਂ ਦੇ ਹੀ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਨਵੀਂ ਸੋਚ ਪੰਥ ਦਰਦੀ ਭਾਵਨਾ ਰੱਖਣ ਦੇ ਬਾਵਜੂਦ ਵੀ ਪੰਥਕ ਏਕਤਾ ਲਈ ਖ਼ਤਰਾ ਬਣੀ ਰਹੇਗੀ। ਕੇਵਲ ਗੁਰਬਾਣੀ ਦੀ ਲਿਖਣਸ਼ੈਲੀ ਨੂੰ ਆਧਾਰ ਬਣਾ ਕੇ ਗੁਰੂ ਭਾਵਨਾ (ਸਿਧਾਂਤ) ਨੂੰ ਸਮਝਣ ਨਾਲ ਹੀ ਇਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਕੇ ਪੰਥਕ ਏਕਤਾ ਲਈ ''
ਏਕੁ ਪਿਤਾ, ਏਕਸ ਕੇ ਹਮ ਬਾਰਿਕ; ਤੂ ਮੇਰਾ ਗੁਰ ਹਾਈ (ਮ: ੫/੬੧੧),
ਗੁਰੂ ਸਿਖੁ, ਸਿਖੁ ਗੁਰੂ ਹੈ; ਏਕੋ ਗੁਰ ਉਪਦੇਸੁ ਚਲਾਏ'' (ਮ:੪/੪੪੪)
ਸੇਵਾਵਾਂ 'ਤੇ ਪਹਿਰਾ ਦਿੱਤਾ ਜਾ ਸਕਦਾ ਹੈ ਕਿਉਂਕਿ ਗੁਰੂ ਸਾਹਿਬਾਨਾਂ ਦੀ ਭਾਵਨਾ ਨੂੰ ਜਿਸ ਲਿਖਤ 'ਚ ਸੰਮੇਟਿਆ ਗਿਆ ਹੈ ਉਸ ਪ੍ਰਤੀ ਜਾਣਕਾਰੀ ਦੀ ਘਾਟ ਹੀ ਸਿੱਖ ਸਮਾਜ 'ਚ ਕਈ ਦੁਬਿਧਾਵਾਂ ਖੜੀਆਂ ਕਰ ਰਹੀ ਹੈ। 'ਗੁਰ ਪ੍ਰਸਾਦਿ' ਸ਼ਬਦ ਦੀ ਵੀਚਾਰ ਹੀ ਇਸ ਸਮਝ ਦੀ ਘਾਟ ਨੂੰ ਬਿਆਨ ਕਰਨ ਲਈ ਕਾਫ਼ੀ ਹੈ।

                                               ਭੁੱਲ ਚੁਕ ਲਈ ਖਿਮਾ।

(ਜ਼ਰੂਰੀ ਸੂਚਨਾ: ਗੁਰਬਾਣੀ ਦੀ ਲਿਖਤ, ਵਿਆਕਰਨ ਨੂੰ ਘਰ ਬੈਠੇ ਹੀ ਸਮਝਣ, ਵੀਚਾਰਨ ਲਈ ਇੱਕ ਵੈਂਬਸਾਇਟ www.gurparsad.com ਮਿਤੀ 19 ਦਸੰਬਰ 2014 ਨੂੰ ਆਰੰਭ ਕੀਤੀ ਜਾ ਰਹੀ ਹੈ, ਜਿਸ ਦਾ ਮਕਸਦ ਗੁਰਬਾਣੀ ਦੇ ਹਰ ਸ਼ਬਦ ਦੀ ਆਰੰਭ ਤੋਂ ਅੰਤ ਤੱਕ ਤਰਤੀਬ ਵਾਰ ਬਣਤਰ 'ਚ ਹੋ ਰਹੀ ਤਬਦੀਲੀ ਨੂੰ ਗੁਰਬਾਣੀ ਦੇ ਹੀ ਅਲਗ-2 ਸੰਦਰਭਾਂ 'ਚ ਵੀਚਾਰਿਆ ਜਾਵੇਗਾ ਅਤੇ ਕੀਤੇ ਜਾ ਰਹੇ ਵਿਦਵਾਨਾਂ ਵੱਲੋਂ ਗੁਰਬਾਣੀ ਦੇ ਨਵੀਨਤਮ ਅਰਥਾਂ ਨੂੰ ਵੀ ਗੁਰਬਾਣੀ ਦੀ ਲਿਖਤ ਅਨੁਸਾਰ ਸਿੱਖ ਸਮਾਜ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਜਾਵੇਗਾ ਅਤੇ ਸੰਬੰਧਤ ਸੱਜਣ ਲਈ ਕੇਵਲ ਇੱਕ ਵਾਰ ਆਪਣਾ ਪੱਖ ਸੰਬੰਧਤ ਵਿਸ਼ੇ 'ਤੇ ਰੱਖਣ ਲਈ ਵੀ ਸੁਵਿਧਾ ਦਿੱਤੀ ਜਾਵੇਗੀ। ਵਿਦਵਾਨਾਂ ਦੀ ਯੋਗਤਾ ਅਤੇ ਅਯੋਗਤਾ ਦਾ ਫੈਸਲਾ ਗੁਰੂ ਸੰਗਤ ਨੇ ਆਪ ਹੀ ਕਰਨਾ ਹੈ। ਗੁਰਬਾਣੀ ਤੋਂ ਬਿਨਾ ਕਿਸੇ ਵੀ ਵਿਵਾਦਤ ਵਿਸ਼ੇ 'ਤੇ ਚਰਚਾ ਜਾਂ ਬੈਂਸ ਨੂੰ ਤਰਜੀਹ ਦੇਣਾ, ਇਸ ਵੈੱਬਸਾਇਟ ਨੂੰ ਆਰੰਭ ਕਰਨ ਦਾ ਵਿਸ਼ਾ ਨਹੀਂ ਹੈ, ਨਹੀਂ ਹੋਵੇਗਾ।)
ਗਿਆਨੀ ਅਵਤਾਰ ਸਿੰਘ, ਸੰਪਾਦਕ ਮਿਸ਼ਨਰੀ ਸੇਧਾਂ-098140-35202

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.