ਕੈਟੇਗਰੀ

ਤੁਹਾਡੀ ਰਾਇ



jasbir singh patti
ਪੰਜਾਬ ਵਿੱਚ ਆਏ ਸਿਆਸੀ 'ਜਵਾਰ ਭਾਟੇ ' ਦੇ ਸਿੱਟੇ ਤੇ ਸਮੀਕਰਨ
ਪੰਜਾਬ ਵਿੱਚ ਆਏ ਸਿਆਸੀ 'ਜਵਾਰ ਭਾਟੇ ' ਦੇ ਸਿੱਟੇ ਤੇ ਸਮੀਕਰਨ
Page Visitors: 2762

ਪੰਜਾਬ ਵਿੱਚ ਆਏ ਸਿਆਸੀ ''ਜਵਾਰ ਭਾਟੇ '' ਦੇ ਸਿੱਟੇ ਤੇ ਸਮੀਕਰਨ
ਬੀਤੀ 15 ਦਸੰਬਰ ਨੂੰ ਜਿਥੇ ਪੰਜਾਬ ਵਿੱਚ ਨਵੇਂ ਰੂਪ ਵਿੱਚ ਪੁੰਗਰ ਰਹੀ ਆਮ ਆਦਮੀ ਪਾਰਟੀ ਨੇ ਕਿਸਾਨਾਂ, ਮਜਦੂਰਾਂ, ਵਪਾਰੀਆ, ਦੁਕਾਨਾਦਾਰਾਂ ਤੇ ਗਰੀਬਾਂ ਦੇ ਹੱਕ ਵਿੱਚ ਆਪਣੀ ਅਵਾਜ਼ ਬੁਲੰਦ ਕਰਦਿਆ ਸਾਰੇ ਪੰਜਾਬ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਦੇ ਬਾਹਰ ਧਰਨੇ ਦਿੱਤੇ ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਵੀ ਬਹਿਬਲ ਕਲਾਂ ਵਿਖੇ ਅਖੰਡ ਪਾਠ ਦਾ ਭੋਗ ਪਾਉਣ ਉਪਰੰਤ ਸੰਗਤਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਪੁਲੀਸ ਵੱਲੋ ਨਿਹੱਥੇ ਸਿੰਘਾਂ ਤੇ ਚਲਾਈ ਗਈ ਗੋਲੀ ਦੌਰਾਨ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਜਾਵੇ ਜਦ ਕਿ ਸ੍ਰੋਮਣੀ ਅਕਾਲੀ ਦਲ (ਬਾਦਲ) ਤੇ ਕਾਂਗਰਸ ਨੇ ਕਰਮਵਾਰ ਪਟਿਆਲਾ ਤੇ ਬਠਿੰਡਾ ਵਿੱਚ .ਸ਼ਕਤੀ ਪ੍ਰਦਰਸ਼ਨ ਕਰਕੇ ਸੂਬੇ ਵਿੱਚ ਸਿਆਸੀ ਜਵਾਰ ਭਾਟੇ ਨੂੰ ਜਨਮ ਦਿੱਤਾ ਹੈ ਜਿਹੜਾ ਸਿਆਸੀ ਪਾਰਟੀਆ ਲਈ ਭਾਂਵੇ ਵਰਦਾਨ ਸਿੱਧ ਹੋਇਆ ਹੋਵੇ ਪਰ ਪੰਜਾਬ ਦੇ ਲੋਕਾਂ ਲਈ ਇਹ ਸਰਾਪ ਸਿੱਧ ਹੋਇਆ ਕਿਉਕਿ ਰੈਲੀਆ ਵਿੱਚ ਸ਼ਾਮਲ ਹੋਏ ਵਧੇਰੇ ਕਰਕੇ ਲੋਕ ਦਿਹਾੜੀਦਾਰ ਤੇ ਨਸ਼ੇ ਪੱਤੇ ਕਰਕੇ ਆਏ ਸਨ।
10 ਨਵੰਬਰ 2015 ਨੂੰ ਹੋਏ ਸਰਬੱਤ ਖਾਲਸਾ ਤੋ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਨੀਂਦ ਇਸ ਕਦਰ ਹਰਾਮ ਹੋ ਗਈ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸ਼ਤ ਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਦੇ ਸਰਬੱਤ ਖਾਲਸਾ ਨੂੰ ਖਾਲਿਸਤਾਨੀਆ ਦਾ ਇਕੱਠ ਤੇ ਕਦੇ ਇਸ ਨੂੰ ਕਾਂਗਰਸ ਨਾਲ ਜੋੜਿਆ ਜਾਂਦਾ ਰਿਹਾ। ਇਸ ਇਕੱਠ ਨੂੰ ਵੇਖ ਕੇ ਦੋਵੇ ਬਾਦਲ ਇਸ ਕਦਰ ਘਬਰਾ ਗਏ ਕਿ ਉਹਨਾਂ ਨੂੰ ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰਨ ਲਈ ਸਦਭਾਵਨਾ ਦੇ ਨਾਮ ਹੇਠ ਰੈਲੀਆ ਕਰਨੀਆ ਪਈਆ ਪਰ ਇਹ ਰੈਲੀਆ ਅੱਜ ਤੱਕ ਸਰਬੱਤ ਖਾਲਸੇ ਦੇ ਇਕੱਠ ਨੂੰ ਛੂਹ ਨਹੀ ਸਕੀਆ ਪਰ 15 ਦਸੰਬਰ ਨੂੰ ਕਈ ਰੋਕਾਂ ਦੇ ਬਾਵਜੂਦ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਬਣਨ ਉਪਰੰਤ ਹੋਈ ਬਠਿੰਡਾ ਵਿਖੇ ਤਾਜਪੋਸ਼ੀ ਰੈਲੀ ਵੀ ਭਾਂਵੇ ਸਰਬੱਤ ਖਾਲਸਾ ਦੇ ਰਿਕਾਰਡ ਤੋੜ ਨਹੀ ਸਕੀ ਪਰ ਬਾਦਲਾਂ ਦੀਆ ਰੈਲੀਆ ਨਾਲੋ ਇਹ ਰੈਲੀ ਦੁੱਗਣੀ ਜਰੂਰ ਸੀ। ਸਰਬੱਤ ਖਾਲਸੇ ਤੋ ਬਾਅਦ ਇਸ ਰੈਲੀ ਨੇ ਵੀ ਸਾਬਤ ਕਰ ਦਿੱਤਾ ਕਿ ਲੋਕ ਹਾਕਮ ਧਿਰ ਦੀਆ ਨੀਤੀਆ ਤੋ ਖੁਸ਼ ਨਹੀ ਹਨ ਤੇ ਉਹ ਬਿਨਾਂ ਕਿਸੇ ਦੇਰੀ ਤੋ ਬਦਲਾਅ ਚਾਹੁੰਦੇ ਹਨ। ਇਹਨਾਂ ਰੈਲੀਆ ਦਾ ਪੰਜਾਬ ਨੂੰ ਕੋਈ ਵੀ ਫਾਇਦਾ ਹੋਣ ਵਾਲਾ ਨਹੀ ਸਗੋ ਕਰੋੜਾਂ ਰੁਪਏ ਖਰਚ ਕਰਕੇ ਕੀਤੀਆ ਗਈਆ ਰੈਲੀਆ ਨੂੰ ਮਹਿਜ ਸਿਰਫ ਸਿਆਸੀ ਜਵਾਰ ਭਾਟੇ ਨਾਲ ਜੋੜ ਕੇ ਹੀ ਵੇਖਿਆ ਜਾ ਸਕਦਾ ਹੈ ਅਤੇ ਜਵਾਰ ਭਾਟਾ ਕਿਸੇ ਵਿਕਾਸ ਦਾ ਨਹੀ ਸਗੋ ਵਿਨਾਸ਼ ਦਾ ਹੀ ਪ੍ਰਤੀਕ ਸਾਬਤ ਹੁੰਦਾ ਹੈ।
ਪਹਿਲੀ ਨਵੰਬਰ 1966 ਨੂੰ ਪੰਜਾਬੀ ਸੂਬਾ ਬਣਨ ਉਪਰੰਤ ਸ੍ਰੋਮਣੀ ਅਕਾਲੀ ਦਲ ਦੀ ਪੰਜਾਬ ਵਿੱਚ ਨੌ ਵਾਰੀ ਸਰਕਾਰ ਬਣ ਚੁੱਕੀ ਹੈ ਅਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਬਣ ਚੁੱਕੇ ਹਨ। ਸ੍ਰ ਬਾਦਲ ਦੇ ਲਗਾਤਰ ਦੂਸਰੀ ਵਾਰੀ ਮੁੱਖ ਮੰਤਰੀ ਬਣਨ ਉਪਰੰਤ ਬੜੇ ਜ਼ਸ਼ਨ ਮਨਾਏ ਗਏ ਕਿ ਪੰਜਾਬ ਵਿੱਚ ਨਵਾਂ ਰਿਕਾਰਡ ਕਾਇਮ ਕਰਕੇ ਸ੍ਰ ਬਾਦਲ ਪੰਜ ਵਾਰੀ ਮੁੱਖ ਮੰਤਰੀ ਬਣੇ ਹਨ ਪਰ ਸ਼ਾਇਦ ਉਹਨਾਂ ਨੂੰ ਜਾਣਕਾਰੀ ਹੋਵੇਗੀ ਕਿ ਦੇਸ਼ ਦੇ ਸੂਬੇ ਬੰਗਾਲ ਵਿੱਚ ਮਾਰਕਸੀ ਆਗੂ ਜੋਤੀ ਬਾਸੂ ਕਰੀਬ 35 ਸਾਲ 1977 ਤੋ ਲੈ ਕੇ 2005 ਤੱਕ ਰਾਜ ਕਰਦੇ ਰਹੇ ਹਨ ਪਰ ਉਹਨਾਂ ਨੇ ਕਦੇ ਜ਼ਸ਼ਨ ਮਨਾ ਕੇ ਖੁਸ਼ੀ ਨਹੀ ਮਨਾਈ ਸੀ ਸਗੋ ਉਹ ਆਪਣੇ ਆਪ ਨੂੰ ਲੋਕ ਸੇਵਕ ਦੱਸਦੇ ਹੋਏ ਹਮੇਸ਼ਾਂ ਸਰਕਾਰੀ ਖਜ਼ਾਨੇ ਦੇ ਘੱਟ ਤੋ ਘੱਟ ਬੋਝ ਪਾਉਦੇ ਸਨ। ਉਹਨਾਂ ਦੀ ਤਨਖਾਹ ਵੀ ਸਾਰੀ ਪਾਰਟੀ ਫੰਡ ਵਿੱਚ ਜਮਾ ਹੁੰਦੀ ਤੇ ਪਾਰਟੀ ਉਹਨਾਂ ਨੂੰ ਗੁਜ਼ਾਰਾ ਭੱਤਾ ਦਿੰਦੀ ਸੀ। ਇਸੇ ਤਰ•ਾ ਤਰੀਪੁਰਾ ਦੇ ਮੁੱਖੀ ਮੰਤਰੀ ਮਾਣਕ ਸਰਕਾਰ ਵੀ ਖੱਬੀ ਧਿਰ ਨਾਲ ਸਬੰਧਤ ਮਾਰਕਸੀ ਪਾਰਟੀ ਦੇ ਆਗੂ ਹਨ ਜਿਹੜੇ ਲਗਾਤਾਰ ਤੀਸਰੀ ਵਾਰੀ ਮੁੱਖ ਮੰਤਰੀ ਬਣੇ ਹਨ ਤੇ ਅੱਜ ਵੀ ਆਪਣੇ ਘਰ ਤੋ ਰਿਕਸ਼ੇ ਤੇ ਦਫਤਰ ਜਾਂਦੇ ਹਨ ਤੇ ਸਰਕਾਰੀ ਕਾਰ ਸਿਰਫ ਸਰਕਾਰੀ ਕੰਮਾਂ ਵਾਸਤੇ ਹੀ ਵਰਤੀ ਜਾਂਦੀ ਹੈ। ਕਾਫੀ ਸਮਾਂ ਉਹ ਕਿਰਾਏ ਦੇ ਮਕਾਨ ਤੇ ਰਹੇ ਤੇ ਉਹਨਾਂ ਦੀ ਅਧਿਆਪਕਾਂ ਪਤਨੀ ਜਦੋ ਰੀਟਾਇਰ ਹੋਈ ਤਾਂ ਉਸ ਨੂੰ ਮਿਲੇ ਸਰਕਾਰੀ ਫੰਡਾਂ ਨਾਲ ਉਹਨਾਂ ਨੇ ਆਪਣਾ ਛੋਟਾ ਜਿਹਾ ਇੱਕ ਘਰ ਲਿਆ ਹੈ। ਅੱਜ ਵੀ ਉਹਨਾਂ ਦੀ ਤਨਖਾਹ ਇੱਕ ਲੱਖ ਦੇ ਕਰੀਬ ਹੈ ਜਿਹੜੀ ਪਾਰਟੀ ਫੰਡ ਵਿੱਚ ਜਮਾ ਹੁੰਦੀ ਹੈ ਤੇ ਉਹਨਾਂ ਨੂੰ ਸਿਰਫ ਪੰਜ ਹਜ਼ਾਰ ਰੁਪਏ ਗੁਜਾਰਾ ਭੱਤਾ ਪਾਰਟੀ ਫੰਡ ਵਿੱਚੋ ਹੀ ਮਿਲਦਾ ਹੈ ਪਰ ਪੰਜਾਬ ਦਾ ਕੋਈ ਵੀ ਅੱਜ ਤੱਕ ਅਜਿਹਾ ਮੁੱਖ ਮੰਤਰੀ ਨਹੀ ਹੋਇਆ ਜਿਹੜਾ ਜੋਤੀ ਬਾਸੂ ਤੇ ਮਾਣਕ ਸਰਕਾਰ ਦੇ ਪਦ ਚਿੰਨਾਂ ਤੇ ਚੱਲ ਸਕਦਾ ਹੋਵੇ। ਅਕਾਲੀ ਦਲ ਜਿਹੜੀ ਸਾਫ ਸੁਥਰੀ ਤੇ ਗੁਰੂ ਨੂੰ ਸਮੱਰਪਿੱਤ ਪਾਰਟੀ ਮੰਨੀ ਜਾਂਦੀ ਹੈ ਨੇ ਜੋ ਅੱਜ ਸੂਬੇ ਦਾ ਹਾਲ ਕੀਤਾ ਹੈ ਉਹ ਸਾਰੀ ਦੁਨੀਆ ਦੇ ਸਾਹਮਣੇ ਹੈ। ਦੁਨੀਆ ਭਰ ਦਾ ਪੰਜਾਬੀ ਇਹਨਾਂ ਅਕਾਲੀ ਬਨਾਮ ਕਾਲੀਆ ਤੋ ਦੁੱਖੀ ਹੋਇਆ ਪਿਆ ਹੈ। ਮੁੱਖ ਮੰਤਰੀ ਵੱਲ ਲੋਕ ਜੁੱਤੀਆ ਵਗਾਹ ਮਾਰ ਰਹੇ ਹਨ ਤੇ ਵਿਦੇਸ਼ਾਂ ਵਿੱਚ ਅਕਾਲੀ ਦਲ ਦੇ ਆਗੂਆਂ ਨੂੰ ਵੜਣ ਨਹੀ ਦਿੱਤਾ ਜਾ ਰਿਹਾ।
ਪੰਜਾਬ ਦੀਆ ਮੰਗਾਂ ਨੂੰ ਲੈ ਕੇ ਅਕਾਲੀ ਦਲ ਨੇ ਕਈ ਸੰਘਰਸ਼ ਕੀਤੇ ਪਰ ਅੱਜ ਤੱਕ ਅਕਾਲੀ ਦਲ ਇੱਕ ਮੰਗ ਵੀ ਮੰਨਵਾਉਣ ਵਿੱਚ ਕਾਮਯਾਬ ਨਹੀ ਹੋਇਆ। ਪੰਜਾਬ ਦੀਆ ਮੰਗਾਂ ਦੀ ਭਾਂਵੇ ਲੰਮੀ ਲਿਸਟ ਹੈ ਪਰ ਇਹਨਾਂ ਵਿੱਚ ਪ੍ਰਮੁੱਖ ਮੰਗਾਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣੇ, ਚੰਡੀਗੜ੍ਵ (ਜਿਹੜਾ ਕਿ ਪੰਜਾਬ ਦੇ ਲੋਕਾਂ ਦੀਆ ਜ਼ਮੀਨਾਂ ਖੋਹ ਕੇ ਉਸਾਰਿਆ ਗਿਆ ਹੈ) ਪੰਜਾਬ ਨੂੰ ਸੋਪਣਾ, ਪਾਣੀਆ ਦੇ ਮਸਲੇ ਅਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦਰਸਾਉਦੀ ਧਾਰਾ 25 ਵਿੱਚ ਸੋਧ ਕਰਕੇ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਦੇਣਾ ਹੈ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਕਾਲੀ ਦਲ ਬਾਰ ਬਾਰ ਸੱਤਾ ਵਿੱਚ ਆਉਦਾ ਰਿਹਾ ਹੈ ਪਰ ਇੱਕ ਵੀ ਮੰਗ ਪੂਰੀ ਨਹੀ ਕਰਵਾਈ ਗਈ ਜਦ ਕਿ ਕਰੀਬ ਨੌ ਸਾਲਾ ਤੱਕ ਅਕਾਲੀ ਦਲ ਕੇਂਦਰ ਸਰਕਾਰ ਵਿੱਚ ਵੀ ਭਾਈਵਾਲ ਰਿਹਾ ਹੈ । ਅਕਾਲੀਆ ਦਾ ਇਹ ਦਸਤੂਰ ਰਿਹਾ ਹੈ ਕਿ ਸੱਤਾ ਵਿੱਚ ਹੁੰਦਿਆ ਕਦੇ ਵੀ ਅਕਾਲੀ ਦਲ ਨੂੰ ਮੰਗਾਂ ਨਾ ਪਾਰਲੀਮੈਂਟ ਦੇ ਅੰਦਰ ਤੇ ਨਾ ਹੀ ਬਾਹਰ ਯਾਦ ਆਈਆ। ਸੱਤਾ ਹਾਸਲ ਕਰਦਿਆ ਅਕਾਲੀਆ ਦੇ ਚੇਤੇ ਦੀ ਚੰਗੇਰ 'ਚੋ ਪੰਜਾਬ ਦੀਆ ਮੰਗਾਂ ਇਸ ਕਦਰ ਗਾਇਬ ਹੋ ਜਾਂਦੀਆ ਹਨ ਜਿਵੇਂ ਗੱਧੇ ਦੇ ਸਿਰ ਤੋ ਸਿੰਗ ਗਾਇਬ ਹੋ ਜਾਂਦੇ ਹਨ ।
ਸਾਕਾ ਨੀਲਾ ਤਾਰਾ ਜਿਸ ਨੂੰ ਲੈ ਕੇ ਅਕਾਲੀ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਗਰਦਾਨ ਕੇ ਸਿੱਖਾਂ ਦੀਆ ਵੋਟਾਂ ਬਟੋਰਦੇ ਹਨ, ਬਾਰੇ ਵੀ ਅਕਾਲੀ ਦਲ ਹਾਲੇ ਤੱਕ ਕੋਈ ਠੋਸ ਨੀਤੀ ਸਾਹਮਣੇ ਨਹੀ ਆਈ। ਜਿਹੜਾ ਸਿੱਖ ਨੌਜਵਾਨ ਸਿੱਖਾਂ ਦੀ ਅਜਾਦੀ ਜਾਂ ਪੰਜਾਬ ਦੀਆ ਮੰਗਾਂ ਦੀ ਗੱਲ ਕਰਦਾ ਹੈ ਉਸ ਨੂੰ ਬਾਕੀ ਪਾਰਟੀਆ ਤੋ ਪਹਿਲਾਂ ਹੀ ਅਕਾਲੀ ਦਲ ਬਾਦਲ ਹੀ ਅੱਤਵਾਦੀ, ਵੱਖਵਾਦੀ ਤੇ ਖਾਲਿਸਤਾਨ ਕਹਿ ਕੇ ਭੰਡਣਾ ਸ਼ੁਰੂ ਕਰ ਦਿੰਦਾ ਹੈ ਤਾਂ ਕਿ ਮਾਡਰੇਟ ਬਣ ਕੇ ਉਹ ਆਪਣੀ ਕੁਰਸੀ ਸਲਾਮਤ ਰੱਖ ਸਕੇ। ਅਕਾਲੀ ਦਲ ਨੇ ਕਈ ਵਾਰੀ ਪਾਰਟੀ ਪੱਧਰ 'ਤੇ ਚਿੰਤੁਨ ਕਰਨ ਲਈ ਸ਼ਿਮਲਾ ਤੇ ਗੋਆ ਦੇ ਹੋਟਲਾਂ ਵਿੱਚ ਚਿੰਤੁਨ ਕੈਂਪ ਵੀ ਲਗਾਏ ਪਰ ਇਹਨਾਂ ਕੈਂਪਾਂ ਵਿੱਚ ਕਦੇ ਵੀ ਪੰਜਾਬ ਦੀਆ ਮੰਗਾਂ ਬਾਰੇ ਚਿੰਤੁਨ ਨਹੀ ਕੀਤਾ ਗਿਆ। ਅਕਾਲੀ ਕਾਂਗਰਸ ਨੂੰ ਸਾਕਾ ਨੀਲਾ ਤਾਰਾ ਲਈ ਦੋਸ਼ੀ ਠਹਿਰਾ ਰਹੇ ਹਨ ਪਰ ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸਾਕਾ ਨੀਲਾ ਤਾਰਾ ਕਰਨ ਲਈ ਦਬਾਅ ਪਾਉਣ ਵਾਲੇ ਕੌਣ ਸਨ ਤੇ ਉਹਨਾਂ ਨਾਲ ਅਕਾਲੀ ਦਲ ਨੇ ਚਿਰੋਕਣੀ ਸਾਂਝ ਕਿਉ ਪਾਈ ਹੈ? ਬਾਦਲ ਸਾਹਿਬ ਦੇ ਇਹਨਾਂ ਸੰਗੀਆ ਦਾ ਇੱਕ ਆਗੂ ਤਾਂ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿੱਚ ਲਿਖ ਕੇ ਸਪੱਸ਼ਟ ਕਰ ਚੁੱਕਾ ਹੈ ਕਿ ਇੰਦਰਾ ਗਾਂਧੀ ਤਾਂ ਦੁੱਚਿੱਤੀ ਵਿੱਚ ਸੀ ਪਰ ਉਹਨਾਂ ਨੇ ਹੀ ਦਬਾ ਪਾ ਕੇ ਸਾਕਾ ਨੀਲਾ ਤਾਰਾ ਕਰਵਾਇਆ ਹੈ। ਉਸ ਨੇ ਇਹ ਵੀ ਲਿਖਿਆ ਕਿ ਇਹ ਸਾਕਾ ਛੇ ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ। ਇਥੇ ਹੀ ਬੱਸ ਨਹੀ ਬਾਦਲ ਸਾਹਿਬ ਵੀ ਤਾਂ ਆਖਰੀ ਮੀਟਿੰਗ ਕੇਂਦਰੀ ਏਜੰਸੀਆ ਨਾਲ ਕਰਕੇ ਆਏ ਸਨ ਜਿਸ ਦਾ ਖੁਲਾਸਾ ਇੰਦਰਾ ਗਾਂਧੀ ਦੇ ਨਿੱਜੀ ਸਹਾਇਕ ਏ.ਕੇ ਧਰ ਨੇ ਆਪਣੀ ਕਿਤਾਬ ਵਿੱਚ ਕੀਤਾ ਹੈ। ਚਰਚਾ ਹੈ ਕਿ ਪੰਜਾਬ ਵਿੱਚ ਮਿਲੀਟੈਂਸੀ ਦੇ ਸਮੇਂ ਵੀ ਦਿਨੇ ਸ੍ਰ ਪ੍ਰਕਾਸ਼ ਸਿੰਘ ਬਾਦਲ ਮਾਰੇ ਗਏ ਮੁੰਡਿਆ ਦੇ ਭੋਗਾਂ ਤੇ ਜਾ ਕੇ ਉਹਨਾਂ ਨੂੰ ਸ਼ਹੀਦ ਦਾ ਖਿਤਾਬ ਦਿੰਦੇ ਰਹੇ ਤੇ ਰਾਤ ਦੀਆ ਮਹਿਫਲਾਂ ਰੰਗੀਨ ਪੁਲੀਸ ਅਧਿਕਾਰੀਆ ਨਾਲ ਹੁੰਦੀਆ ਰਹੀਆ। ਬਾਦਲ ਸਾਹਿਬ ਨੇ 1997 ਵਿੱਚ ਸਰਕਾਰ ਬਣਾਈ ਤਾਂ ਸਭ ਤੋ ਪਹਿਲਾਂ ਉਹਨਾਂ ਨੇ ਪੰਜਾਬ ਦੀਆ ਮੰਗਾਂ ਨੂੰ ਵਿਸਾਰਿਆ ਤੇ ਮੰਤਰੀ ਮੰਡਲ ਵਿੱਚ ਆਪਣੇ ਰਿਸ਼ਤੇਦਾਰ ਹੀ ਸ਼ਾਮਲ ਕਰਕੇ ਸਾਬਤ ਕਰ ਦਿੱਤਾ ਕਿ ਬਾਦਲ ਪਰਿਵਾਰ ਤੋ ਬਗੈਰ ਪੰਜਾਬ ਨੂੰ ਕੋਈ ਹੋਰ ਚਲਾਉਣ ਦੇ ਸਮੱਰਥ ਨਹੀ ਹੈ।
ਕਾਂਗਰਸ ਨੂੰ ਜੇਕਰ ਬਾਦਲ ਸਾਹਿਬ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਜਮਾਤ ਦੱਸਦੇ ਹਨ ਤਾਂ ਫਿਰ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਪਿਛੋਕੜ ਤੇ ਝਾਤ ਮਾਰ ਲੈਣੀ ਚਾਹੀਦੀ ਹੈ ਜਿਸ ਨੇ ਸਾਕਾ ਨੀਲਾ ਤਾਰਾ ਸਮੇਂ ਪਹਿਲਾਂ ਸੰਸਦ ਮੈਂਬਰ ਤੋ ਅਸਤੀਫਾ ਦਿੱਤਾ ਤੇ ਫਿਰ ਕਾਂਗਰਸ ਪਾਰਟੀ ਨੂੰ ਵੀ ਅਲਵਿਦਾ ਕਹਿ ਕੇ ਆਪਣਾ ਰੋਸ ਪ੍ਰਗਟ ਕੀਤਾ। 1986 ਵਿੱਚ ਬਣੀ ਬਰਨਾਲਾ ਸਰਕਾਰ ਦੇ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਖੇਤੀਬਾੜੀ ਮੰਤਰੀ ਬਣੇ ਪਰ ਸ੍ਰੀ ਦਰਬਾਰ ਸਾਹਿਬ ਵਿੱਚ ਜਦੋ ਮੁੱਖ ਮੰਤਰੀ ਬਰਨਾਲਾ ਨੇ ਪੁਲੀਸ ਭੇਜੀ ਸੀ ਤਾਂ ਉਸ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇ ਕੇ ਸਰਕਾਰ ਤੋ ਬਾਹਰ ਆ ਗਏ ਤੇ ਉਹਨਾਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਵੀ ਕੀਤੀ ਪਰ ਸ੍ਰ ਬਾਦਲ ਉਸ ਸਮੇਂ ਨਹੀ ਬੋਲੇ। 1997 ਦੀਆ ਚੋਣਾਂ ਸਮੇਂ ਜਦੋ ਸ੍ਰ ਪਰਕਾਸ਼ ਸਿੰਘ ਬਾਦਲ ਨੇ ਕੈਪਟਨ ਨੂੰ ਟਿਕਟ ਦੇਣ ਤੋ ਇਨਕਾਰ ਕਰ ਦਿੱਤਾ ਤਾਂ 1998 ਵਿੱਚ ਉਹ ਅਕਾਲੀ ਦਲ ਛੱਡ ਕੇ ਮੁੜ ਕਾਂਗਰਸ ਵਿੱਚ ਸ਼ਾਮਲ ਹੋਏ ਪਰ ਉਹਨਾਂ ਨੇ ਕਾਂਗਰਸ ਦੇ ਪ੍ਰਧਾਨ ਦਾ ਆਹੁਦਾ ਸੰਭਾਲਣ ਉਪਰੰਤ ਆਪਣੇ ਬਚਨਾਂ ਤੇ ਪੱਕੇ ਰਹਿੰਦਿਆ ਸਾਕਾ ਨੀਲਾ ਤਾਰਾ ਬਾਰੇ ਕਿਹਾ ਸੀ ਕਿ ਕਾਂਗਰਸ ਦਾ ਐਕਸ਼ਨ ਗਲਤ ਸੀ ਤੇ ਜਿਸਦੀ ਉਹ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ।
ਕੈਪਟਨ ਅਮਰਿੰਦਰ ਸਿੰਘ ਬਾਰੇ ਵੀ ਜੇਕਰ ਪੂਰੀ ਤਰ੍ਵਾ ਇਮਾਨਦਾਰੀ ਦਾ ਖਿਤਾਬ ਦਿੱਤਾ ਜਾਵੇ ਤਾਂ ਇਹ ਵੀ ਗਲਤ ਹੋਵੇਗਾ ਕਿਉਕਿ ਅਕਾਲੀ ਸਰਕਾਰ ਸਮੇਂ ਜਿਥੇ ਰੇਤ ਮਾਫੀਆ, ਭੂ ਮਾਫੀਆ, ਕੇਬਲ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਬਰੈਡ ਮਾਫੀਆ, ਡਰੱਗ ਮਾਫੀਆ ਦਾ ਕਾਰੋਬਾਰ ਚਰਮ ਸੀਮਾ ਤੇ ਪੁੱਜ ਚੁੱਕਾ ਹੈ ਉਥੇ ਕੈਪਟਨ ਦੇ ਸਮੇਂ ਵੀ ਕਈ ਘੁਟਾਲੇ ਹੋਏ ਜਿਹਨਾਂ ਵਿੱਚ ਸਿਟੀ ਸਕੈਮ ਘੁਟਾਲਾ ਪੰਜਾਬ ਦਾ ਹੁਣ ਤੱਕ ਦਾ ਸਭ ਤੋ ਵੱਡਾ ਘੁਟਾਲਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਹੋਰ ਕਾਂਗਰਸੀ ਅੱਜ ਵੀ ਇਸ ਸਕੈਮ ਨੂੰ ਲੈ ਕੇ ਅਦਾਲਤ ਦੇ ਬਾਹਰ ਜੇਬ ਕਤਰਿਆ ਵਾਂਗ ਅਵਾਜ਼ ਵੱਜਣ ਦੀ ਉਡੀਕ ਕਰਦੇ ਵੇਖੇ ਜਾ ਸਕਦੇ ਹਨ। ਕੈਪਟਨ ਜੇਕਰ ਮੁੱਖ ਮੰਤਰੀ ਦਾ ਕਾਰਜਭਾਰ ਸੰਭਾਲ ਲੈਦੇ ਹਨ ਤਾਂ ਸਭ ਤੋ ਪਹਿਲਾਂ ਉਹ ਇਸ ਸਕੈਮ ਨੂੰ ਖਤਮ ਕਰਨ ਲਈ ਚਾਰਾਜੋਈ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਤੇ ਬਾਦਲ ਪਰਿਵਾਰ ਰਜਵਾੜਾ ਹੈ ਜਿਹਨਾਂ ਨੇ ਪੰਜਾਬ ਨੂੰ ਅਬਾਦਲੀ ਤੇ ਨਾਦਰਸ਼ਾਹ ਵਾਂਗ ਲੁੱਟਿਆ ਤੇ ਲੋਕਾਂ ਨੂੰ ਕੁੱਟਿਆ। ਬਾਦਲਾਂ ਦੇ ਰਾਜ ਵਿੱਚ ਜੇਕਰ ਅਕਾਲੀ ਸਰਪੰਚ ਨੰਨੀ ਛਾਂ ਦੇ ਅਲੰਬਦਾਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ ਵਿੱਚ ਇੱਕ ਨੰਨੀ ਛਾਂ ਦੀ ਤੋਤੀ ਸਰਪੰਚ ਸ਼ਰੇਆਮ ਕੁੱਟਮਾਰ ਕਰਦਾ ਹੈ ਤਾਂ ਘੱਟ ਆਪਣੇ ਸਮੇਂ ਕਾਂਗਰਸੀਆ ਨੇ ਵੀ ਨਹੀ ਗੁਜ਼ਾਰੀ। ਜੇਕਰ ਅਕਾਲੀ ਤੇ ਕਾਂਗਰਸ ਨੂੰ ਇੱਕੋ ਸਿੱਕੇ ਦੇ ਦੋ ਪਹਿਲੂ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਅੱਤ ਕਥਨੀ ਨਹੀ ਹੋਵੇਗੀ।ਪੰਜਾਬ ਵਿੱਚ ਇੱਕ ਤੀਸਰੀ ਧਿਰ ਆਮ ਆਦਮੀ ਪਾਰਟੀ ਵੀ ਸੱਤਾ ਹਥਿਆਉਣ ਲਈ ਪਰ ਤੋਲ ਰਹੀ ਹੈ ਤੇ ਉਸ ਦੇ ਬਹੁਤ ਸਾਰੇ ਲੀਡਰ ਮੁੱਖ ਮੰਤਰੀ ਬਣਨ ਸਮੇਂ ਪਹਿਨਣ ਵਾਲੀਆ ਪੁਸ਼ਾਕਾਂ ਵੀ ਤਿਆਰ ਚੁੱਕੇ ਹਨ ਪਰ ਉਹਨਾਂ ਨਾਲ ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ਵਿੱਚ ਕਿਹੋ ਜਿਹਾ ਸਲੂਕ ਕਰਦੇ ਹਨ ਉਹ ਹਾਲੇ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਹੈ। ਜੇਕਰ ਇਸ ਪਾਰਟੀ ਨੂੰ ਕਾਂਗਰਸ ਤੇ ਜਨਸੰਘ ਦਾ ਸੁਧਰਿਆ ਰੂਪ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀ ਹੋਵੇਗੀ। ਲੋਕ ਸਭਾ ਵਿੱਚ ਇਸ ਪਾਰਟੀ ਨੂੰ ਸਾਰੇ ਦੇਸ਼ ਵਿੱਚ ਹੂੰਝਾ ਫੇਰ ਹਾਰ ਦਾ ਮੂੰਹ ਵੇਖਣਾ ਪਿਆ ਪਰ ਪੰਜਾਬ ਵਿੱਚ ਇਹ ਪਾਰਟੀ ਇਸ ਕਰਕੇ ਚਾਰ ਸੀਟਾਂ ਜਿੱਤਣ ਵਿੱਚ ਕਾਮਯਾਬ ਹੋ ਗਈ ਕਿਉਕਿ ਕਿਸੇ ਨੂੰ ਵੀ ਆਸ ਨਹੀ ਸੀ ਕਿ ਇਹ ਇੰਨਾ ਵੱਡਾ ਧਮਾਕਾ ਕਰ ਦੇਵਗੀ ਅਤੇ ਕਾਂਗਰਸ ਤੇ ਅਕਾਲੀ ਦਲ ਇਸ ਪਾਰਟੀ ਦੇ ਉਮੀਦਵਾਰਾਂ ਤੋ ਬੇਖਰ ਰਹੇ। ਅੱਜ ਅਕਾਲੀ ਤੇ ਕਾਂਗਰਸ ਦੋਵੇ ਇਸ ਪਾਰਟੀ ਦੀਆ ਵੋਟਾਂ ਨੂੰ ਖੋਰਾ ਲਗਾਉਣ ਲਈ ਹਰ ਪ੍ਰਕਾਰ ਦੇ ਹੱਥਕੰਡੇ ਵਰਤ ਰਹੇ ਹਨ ਤੋ ਇਲ ਪਾਰਟੀ ਤੇ ਬਾਜ ਨਿਗਾਹ ਰੱਖ ਰਹੇ ਹਨ।
ਆਮ ਆਦਮੀ ਪਾਰਟੀ ਦੇ ਆਗੂ ਦਿੱਲੀ ਦੀ ਜਿੱਤ ਨੂੰ ਵੇਖ ਕੇ ਪੰਜਾਬ ਵਿੱਚ ਦਿੱਲੀ ਵਾਲਾ ਫਾਰਮੂਲਾ ਦੁਹਰਾਉਣ ਦੀ ਗੱਲ ਕਰ ਰਹੇ ਹਨ ਪਰ ਸ਼ਾਇਦ ਉਹਨਾਂ ਦਾ ਇਹ ਵਹਿਮ ਹੋਵੇਗਾ ਕਿਉਕਿ ਦਿੱਲੀ ਤੇ ਪੰਜਾਬ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਦਿੱਲੀ ਦੇ ਲੋਕ ਪੜੇ ਲਿਖੇ ਤੇ ਜਾਤ ਬਰਾਦਰੀ ਤੋ ਉਪਰ ਹਨ ਜਦ ਕਿ ਪੰਜਾਬ ਵਿੱਚ ਜਾਤਪਾਤ, ਬਰਾਦਰੀਵਾਦ, ਇਲਾਕਾਵਾਦ ਆਦਿ ਬਹੁਤ ਕੁਝ ਪ੍ਰਭਾਵਤ ਕਰਦੇ ਹਨ । ਲੋਕ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਦੇ ਧੁਨੰਤਰ ਨੇਤਾ ਅਰੁਣ ਜੇਤਲੀ ਨੂੰ ਇੱਕ ਲੱਖ ਤੋ ਵਧੇਰੇ ਵੋਟਾਂ ਨਾਲ ਇਸ ਕਰਕੇ ਹੀ ਹਰਾ ਸਕੇ ਕਿਉਕਿ ਬਰਾਦਰੀਬਾਦ ਦਾ ਕਾਫੀ ਅਸਰ ਹੋਇਆ ਸੀ। ਦਿੱਲੀ ਵਿੱਚ ਸਾਰੀਆ ਪਾਰਟੀਆ ਨੇ ਇੱਕਮੁੱਠ ਹੋ ਕੇ ਮੋਦੀ ਦਾ ਹਮਲਾਵਰ ਰੱਥ ਰੋਕਣ ਲਈ ਅਹਿਮ ਭੂਮਿਕਾ ਨਿਭਾਈ ਤੇ ਵਿਸ਼ੇਸ਼ ਕਰਕੇ ਕਾਂਗਰਸ ਨੇ ਭਾਜਪਾ ਨੂੰ ਹਰਾਉਣ ਲਈ ਆਮ ਆਦਮੀ ਦੇ ਖਾਤੇ ਵਿੱਚ ਆਪਣਾ ਵੋਟ ਬੈਂਕ ਜਮ•ਾ ਕਰਵਾ ਦਿੱਤਾ। ਦਿੱਲੀ ਦੇ ਕਾਂਗਰਸੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜੇ ਤਿੰਨ ਉਮੀਦਵਾਰ ਭਾਜਪਾ ਦੇ ਦਿੱਲੀ ਵਿੱਚ ਜਿੱਤੇ ਹਨ ਉਹਨਾਂ ਦੇ ਸਾਹਮਣੇ ਖੜੇ ਕਾਂਗਰਸੀ ਆਪਣੀ ਜ਼ਮਾਨਤ ਬਚਾਉਦੇ ਹੀ ਭਾਜਪਾ ਦੇ ਉਮੀਦਵਾਰਾਂ ਦੀ ਜਿੱਤ ਦਾ ਕਾਰਨ ਬਣੇ ਸਨ।
ਆਮ ਆਦਮੀ ਪਾਰਟੀ ਦੀ ਇਹ ਵੀ ਤਰਸਾਦੀ ਹੈ ਕਿ ਇਸ ਪਾਰਟੀ ਕੋਲ ਕੈਪਟਨ ਤੇ ਬਾਦਲ ਦੇ ਕੱਦ ਬੁੱਤ ਦਾ ਕੋਈ ਵੀ ਆਗੂ ਨਹੀ ਸਗੋ ਸਾਰੇ ਦੂਸਰੀ ਜਾਂ ਤੀਸਰੀ ਕਤਾਰ ਦੇ ਹੀ ਹਨ। ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਦੀ ਚਰਚਾ ਹੈ ਪਰ ਆਮ ਆਦਮੀ ਪਾਰਟੀ ਨੂੰ ਸ਼ਾਇਦ ਇਹ ਜਾਣਕਾਰੀ ਨਹੀ ਕਿ ਸਿੱਧੂ ਇੱਕ ''ਹੀਰੋ'' ਦੀ ਬਜਾਏ ''ਵਿਲਿਨ'' ਵਧੇਰੇ ਕਾਮਯਾਬ ਹੈ ਜਦ ਕਿ ਸਿੱਧੂ ਵੀ ਇਸ ਪਾਰਟੀ ਦੀ ਬੇੜੀ ਬੰਨੇ ਨਹੀ ਲਗਾ ਸਕਦਾ। ਹਾਲੇ ਤੱਕ ਸਿੱਧੂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਕੋਈ ਸੰਕੇਤ ਨਹੀ ਦਿੱਤੇ ਤੇ ਭਾਜਪਾ ਵਾਲਿਆ ਨੇ ਵੀ ਉਹਨਾਂ ਨੂੰ ਪੱਠੇ ਪਾਉਣੇ ਸ਼ੁਰੂ ਕਰ ਦਿੱਤੇ ਹਨ ਤੇ ਜਲਦੀ ਹੀ ਉਹਨਾਂ ਨੂੰ ਪਾਰਟੀ ਕੋਈ ਵਿਸ਼ੇਸ਼ ਜਿੰਮੇਵਾਰੀ ਸੋਂਪਣ ਜਾ ਰਹੀ ਹੈ।
ਪੰਜਾਬ ਨੂੰ ਦੇਸ਼ ਦੀ ਖੜਗ ਭੁੱਜਾ ਹੋਣ ਦਾ ਮਾਣ ਵੀ ਹਾਸਲ ਹੈ ਤੇ ਇਥੋ ਦੀ ਸਿਆਸਤ ਦਾ ਘੱਟੋ ਘੱਟ ਛੇ ਹੋਰ ਰਾਜਾਂ 'ਤੇ ਪ੍ਰਭਾਵ ਪੈਦਾ ਹੈ ਕਿਉਕਿ ਪੰਜਾਬ ਦੀ ਹਾਕਮ ਧਿਰ ਬਾਕੀ ਰਾਜਾਂ ਦੇ ਸਮੀਕਰਨ ਬਦਲਣ ਦੀ ਸਮੱਰਥਾ ਰੱਖਦੀ ਹੈ। ਅਕਾਲੀ ਦਲ ਤੇ ਭਾਜਪਾ ਵਿੱਚ ਪੈ ਰਹੀ ਤਰੇੜ ਕਾਰਨ ਜਿਥੇ ਭਾਜਪਾ ਅਕਾਲੀ ਦਲ ਦੀ ਪਤਲੀ ਹਾਲਤ ਵੇਖ ਕੇ ਇਕੱਲਿਆ ਚੋਣਾਂ ਲੜਨ ਦੀ ਕੋਸ਼ਿਸ਼ ਕਰ ਰਹੀ ਹੈ ਉਥੇ ਕੈਪਟਨ ਅਮਰਿੰਦਰ ਸਿੰਘ ਕੋਈ ਵੀ ਪੱਖ ਇਸ ਵਾਰੀ ਕਮਜ਼ੋਰ ਨਹੀ ਰਹਿਣ ਦੇਣਾ ਚਾਹੁੰਦੇ ਤੇ ਉਹਨਾਂ ਹਮ ਖਿਆਲੀਆ ਪਾਰਟੀਆ ਵਿਸ਼ੇਸ਼ ਕਰਕੇ ਖੱਬੀਆ ਧਿਰਾਂ ਨਾਲ ਮਹਾ ਗਠਜੋੜ ਬਣਾਉਣ ਲਈ ਵਿਕਲਪ ਖੋਹਲ ਦਿੱਤੇ ਹਨ ਕਿਉਕਿ ਸੀ.ਪੀ.ਆਈ ਦਾ ਵੋਟ ਬੈਂਕ ਹਰ ਚੋਣ ਵਿੱਚ ਵੱਧ ਰਿਹਾ ਹੈ। ਲੇਖਾ ਜੋਖਾ ਕੀਤਾ ਜਾਵੇ ਤਾਂ ਪੰਜਾਬ ਦੀ ਸੱਤਾ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਕਾਰ ਦਾ ਸਵਾਲ ਬਣੀ ਹੋਈ ਹੈ। ਅਕਾਲੀ ਦਲ ਦੁਆਰਾ ਕਰਾਏ ਗਏ ਇੱਕ ਸਰਵੇ ਮੁਤਾਬਕ ਭਾਂਵੇ ਅਕਾਲੀ ਦਲ ਨੂੰ ਸਿਰਫ 14 ਸੀਟਾਂ ਹੀ ਦਿੱਤੀਆ ਜਾ ਰਹੀਆ ਹਨ ਪਰ ਅਕਾਲੀ ਦਲ ਨੂੰ ਇੰਨਾ ਕਮਜੋਰ ਸਮਝਣਾ ਵੀ ਮੂਰਖਤਾ ਹੋਵੇਗੀ ਕਿਉਕਿ 15 ਤੋ 20 ਫੀਸਦੀ ਵੋਟਾਂ ਅਕਾਲੀ ਦਲ ਦੀਆ ਪੱਕੀਆ ਹਨ ਜਿਹੜੀਆ ਉਸ ਨੂੰ ਪੰਥ ਨੂੰ ਖਤਰੇ ਦੇ ਨਾਮ ਤੇ ਮਿਲ ਜਾਣੀਆ ਹਨ। 2012 ਵਿੱਚ ਅਕਾਲੀ ਭਾਜਪਾ ਗਠਜੋੜ ਨੇ 36 ਫੀਸਦੀ ਵੋਟਾਂ ਲੈ ਕੇ ਸਰਕਾਰ ਬਣਾਈ ਸੀ ਪਰ 2014 ਵਿੱਚ ਇਹ 24 ਫੀਸਦੀ ਰਹਿ ਗਈਆ। ਇਸ ਲਈ ਅਕਾਲੀ ਦਲ ਦੀ ਬੱਝਵੀ ਵੋਟ ਨੂੰ ਕੋਈ ਖਤਰਾ ਨਹੀ ਪਰ ਇਹ ਵੋਟ ਜਿਤਾ ਕੇ ਸਰਕਾਰ ਬਣਾਉਣ ਦੇ ਵੀ ਸਮੱਰਥ ਨਹੀ ਹੈ।
2017 ਦੀਆ ਵਿਧਾਨ ਸਭਾ ਚੋਣਾਂ ਵਿੱਚ ਜੇਕਰ ਅਕਾਲੀ ਦਲ ਹਾਰਦਾ ਹੈ ਤਾਂ ਸੁਖਬੀਰ ਸਿੰਘ ਬਾਦਲ ਦੇ 25 ਸਾਲ ਰਾਜ ਕਰਨ ਦੇ ਸੁਫਨੇ ਜਿਥੇ ਚਕਨਾਚੂਰ ਹੋ ਜਾਣਗੇ ਉਥੇ ਅਕਾਲੀ ਦਲ ਬਾਦਲ ਦਾ ਭਵਿੱਖ ਵੀ ਖਤਰੇ ਵਿੱਚ ਜਾਵੇਗਾ। ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਦੀ ਵੀ ਇਹ ਆਖਰੀ ਪਾਰੀ ਹੋਵੇਗੀ ਜੇਕਰ ਉਹ ਚੋਣ ਹਾਰ ਗਏ ਤਾਂ ਫਿਰ ਉਹ ਸਿਆਸਤ ਦੇ ਨਕਸ਼ੇ ਤੋ ਹੀ ਖਤਮ ਹੋ ਜਾਣਗੇ ਤੇ ਉਹਨਾਂ ਨੂੰ ਦੁਬਾਰਾ ਮੌਕਾ ਵੀ ਨਹੀ ਮਿਲੇਗਾ। ਤੀਜੀ ਧਿਰ ਆਮ ਆਦਮੀ ਪਾਰਟੀ ਵੀ ਜੇਕਰ ਅਕਾਲੀ ਦਲ ਦੇ ਖਤਰੇ ਦੀ ਲਕੀਰ ਤੋ ਹੇਠਾ ਆਏ ਗਰਾਫ ਤੇ ਕਾਂਗਰਸ ਦੀ ਕੌਮੀ ਪੱਧਰ ਤੇ ਹੋਈ ਪਤਲੀ ਹਾਲਤ ਹੋਣ ਦੇ ਬਾਵਜੂਦ ਵੀ ਚੋਣ ਹਾਰ ਜਾਂਦੀ ਹੈ ਤਾਂ ਫਿਰ ਪੰਜਾਬ ਵਿੱਚ ਉਸ ਦਾ ਭਵਿੱਖ ਵੀ ਹਾਸ਼ੀਏ ਤੇ ਚਲਾ ਜਾਵੇਗਾ ਅਤੇ ਉਸ ਲਈ ਪੰਜਾਬ ਵਿੱਚੋ ਦੁਬਾਰਾ ਚਾਰ ਲੋਕ ਸਭਾ ਸੀਟਾਂ ਜਿੱਤਣੀਆ ਆਸੰਭਵ ਹੀ ਨਹੀ ਸਗੋ ਨਾਮੁਮਕਿਨ ਹੀ ਹੋ ਜਾਣਗੀਆ। ਵੇਖਣਾ ਇਹ ਹੈ ਕਿ ਸਿਆਸੀ ਜਵਾਰ ਭਾਟਾ ਪੰਜਾਬ ਦੇ ਲੋਕਾਂ ਲਈ ਤਾਂ ਹਾਲ ਦੀ ਘੜੀ ਨੁਕਸਾਨਦੇਹ ਹੀ ਹੈ ਪਰ 2017 ਦੀ ਵਿਧਾਨ ਸਭਾ ਚੋਣਾਂ ਦੌਰਾਨ ਇਹ ਜਵਾਰ ਭਾਟਾ ਕਿਹੜੀ ਕਿਹੜੀ ਪਾਰਟੀ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਸਿਆਸੀ ਲਹਿਰਾਂ ਵਿੱਚ ਸਮੋ ਜਾਂਦਾ ਹੈ ਤੇ ਕਿਹੜੀ ਪਾਰਟੀ ਲਈ ਇਹ ਸੱਤਾ ਦੀ ਕੁਰਸੀ ਲੈ ਕੇ ਆਵੇਗਾ ਇਸ ਦਾ ਫੈਸਲਾ ਤਾਂ ਫਰਵਰੀ 2017 ਵਿੱਚ ਚੋਣਾਂ ਉਪਰੰਤ ਹੀ ਹੋਵੇਗਾ।
ਜਸਬੀਰ ਸਿੰਘ ਪੱਟੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.