ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?) ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥ (50)
(ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?) ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥ (50)
Page Visitors: 3104

          (ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?)
        ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥   (50)

   (ੳ)  ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥
          ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥1॥
          ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥
          ਕਿਆ ਥੋੜੜੀ ਬਾਤ ਗੁਮਾਨੁ ॥1॥ਰਹਾਉ॥
          ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥
          ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥2॥
          ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ ॥
          ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ ॥3॥
          ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ॥
          ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥4॥22॥             (50)

      ਵਿਆਖਿਆ;- 

          ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥
          ਕਿਆ ਥੋੜੜੀ ਬਾਤ ਗੁਮਾਨੁ ॥1॥ਰਹਾਉ॥
  ਹੇ ਮੇਰੇ ਮਨ , ਇਸ ਥੋੜੀ ਜਿਹੀ ਗੱਲ ਦਾ , ਛੋਟੇ ਜਿਹੇ ਮਨੁੱਖਾ ਜੀਵਨ ਦਾ , ਹੰਕਾਰ ਕਿਉਂ ਕਰਦਾ ਹੈਂ ? ਪਿਆਰ ਨਾਲ ਸਤਿਗੁਰੁ ਦੀ ਸੇਵਾ ਕਰਿਆ ਕਰ , ਹਰੀ ਦੇ ਗੁਣਾਂ ਦੀ ਵਿਚਾਰ ਕਰਿਆ ਕਰ ।
          (ਸਤਿਗੁਰੁ , ਪ੍ਰਭੂ ਦੀ ਸੇਵਾ ਇਹੀ ਹੈ ਕਿ , ਬੰਦਾ ਉਸ ਦੀ ਰਜ਼ਾ , ਉਸ ਦੇ ਹੁਕਮ ਵਿਚ ਚੱਲੇ) 

          ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥
         ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥1॥
        ਜਿਵੇਂ ਔੜ ਵੇਲੇ ਡੰਗਰਾਂ ਦੇ ਮਾਲਕ , ਕੁਝ ਦਿਨਾਂ ਲਈ ਡੰਗਰਾਂ ਨੂੰ ਦਰਿਆਵਾਂ ਦੇ ਕੰਢੇ ਚਾਰਨ ਲੈ ਜਾਂਦੇ ਹਨ , (ਜਦੋਂ ਬਾਰਸ਼ ਹੋ ਜਾਂਦੀ ਹੈ ਤਾਂ ਉਹ ਡੰਗਰਾਂ ਨੂੰ ਵਾਪਸ ਘਰਾਂ ਨੂੰ ਲੈ ਆਉਂਦੇ ਹਨ) ਏਨੇ ਥੋੜੇ ਜਿਹੇ ਸਮੇ ਲਈ , ਉਸ ਥਾਂ ਤੇ ਆਪਣੇ ਵਡੱਪਣ ਦਾ ਖਲਾਰਾ ਖਿਲਾਰਨਾ ਯੋਗ ਨਹੀਂ ਹੁੰਦਾ । ਇਵੇਂ ਹੀ ਇਸ ਦੁਨੀਆਂ ਵਿਚ ਰਹਣ ਲਈ ਤੈਨੂੰ ਵੀ ਥੋੜਾ ਜਿਹਾ ਸਮਾ ਮਿਲਿਆ ਹੈ , ਜਦ ਉਸ ਸਮਾ ਮੁੱਕ ਜਾਵੇਗਾ , ਤੂੰ ਵੀ ਏਥੋਂ ਤੁਰ ਜਾਵੇਂਗਾ । ਸੋ ਤੂੰ ਵੀ ਆਪਣੇ ਅਸਲੀ ਘਰ ਦੀ (ਜਿਥੋਂ ਤੂੰ ਆਇਆ ਹੈਂ) ਉਸ ਦੀ ਸੰਭਾਲ ਕਰ , ਉਸ ਦਾ ਖਿਆਲ ਰੱਖ ।

          ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥
         ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥2॥
       ਜਿਵੇਂ ਰਾਤ ਵੇਲੇ , ਕਿਸੇ ਘਰ ਵਿਚ ਰੁਕੇ ਪ੍ਰਾਹੁਣੇ , ਦਿਨ ਨਿਕਲਦੇ ਹੀ ਆਪਣੇ ਘਰਾਂ ਨੂੰ ਚਲੇ ਜਾਣਗੇ , ਓਵੇਂ ਹੀ ਜ਼ਿੰਦਗੀ ਦੀ ਰਾਤ ਮੁਕਦਿਆਂ , ਤੂੰ ਵੀ ਇਸ ਜਗਤ ਤੋਂ ਚਲੇ ਜਾਵੇਂਗਾ । ਤੂੰ ਇਸ ਪਰਵਾਰ ਵਿਚ ਕਿਉਂ ਮਸਤ ਹੋਇਆ ਪਿਆ ਹੈਂ ? ਇਹ ਸਾਰਾ ਕੁਝ ਵੀ ਫੁੱਲਾਂ ਦੀ ਬਗੀਚੀ ਸਮਾਨ ਹੈ , ਜਿਸ ਵਿਚ ਕੋਈ ਵੀ ਫੁੱਲ ਇਕ-ਦੋ ਦਿਨ ਤੋਂ ਵੱਧ ਨਹੀਂ ਟਿਕਦਾ ।

          ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ ॥
         ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ ॥3॥
       ਇਨ੍ਹਾਂ ਦੁਨਿਆਵੀ ਚੀਜ਼ਾਂ ਤੇ , ਆਪਣੀ ਮਾਲਕੀ ਦਾ ਹੰਕਾਰ ਕਿਉਂ ਕਰਦਾ ਹੈਂ ? ਜਿਸ ਨੇ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਹਨ , ਉਸ ਦੀ ਭਾਲ ਕਰ । ਤੂੰ ਇਸ ਦੁਨੀਆਂ ਤੋਂ ਜ਼ਰੂਰ ਚਲੇ ਜਾਣਾ ਹੈ , ਲੱਖਾਂ ਕ੍ਰੋੜਾਂ ਦਾ ਮਾਲਕ ਵੀ , ਇਹ ਸਭ ਕੁਝ ਏਥੇ ਹੀ ਛੱਡ ਕੇ , ਏਥੋਂ ਚਲੇ ਜਾਵੇਗਾ ।

          ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ॥
         ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥4॥22॥             (50)
      ਹੇ ਭਾਈ , ਬੇਅੰਤ ਜੂਨਾਂ ਵਿਚ ਭਟਕਣ ਮਗਰੋਂ ਤੈਨੂੰ ਇਹ ਅਮੁੱਲਾ , ਮਨੁਖਾ ਜਨਮ ਮਿਲਿਆ ਹੈ ।

       ਹੇ ਨਾਨਕ ਪ੍ਰਭੂ ਦੀ ਰਜ਼ਾ ਨੂੰ ਸੰਭਾਲ , ਉਸ ਦੇ ਹੁਕਮ ਦੀ ਖਿੜੇ ਮੱਥੇ ਪਾਲਣਾ ਕਰ , ਤੇਰੇ ਜਾਣ ਦਾ ਸਮਾ ਵੀ ਨੇੜੇ ਆ ਰਿਹਾ ਹੈ ।

      …………………………………………………

                      ਬਿਰਥਾ ਕਹਉ ਕਉਨ ਸਿਉ ਮਨ ਕੀ ॥   (411)  

    (ਅ)   ਬਿਰਥਾ ਕਹਉ ਕਉਨ ਸਿਉ ਮਨ ਕੀ ॥
            ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ
॥1॥ਰਹਾਉ॥
            ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥
            ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ
॥1॥
            ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਗ ਹਸਨ ਕੀ ॥
            ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕਮਤਿੁ ਬਿਨਾਸੈ ਤਨ ਕੀ
 ॥2॥1॥233॥     (411)

     ਵਿਆਖਿਆ;-

          ਬਿਰਥਾ ਕਹਉ ਕਉਨ ਸਿਉ ਮਨ ਕੀ ॥
          ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥1॥ਰਹਾਉ॥    
      ਹੇ ਭਾਈ , ਮੈਂ ਆਪਣੇ ਮਨ ਦੀ ਤਰਸ-ਯੋਗ ਹਾਲਤ ਬਾਰੇ ਕਿਸ ਨਾਲ ਦੁਖ ਸਾਂਝਾ ਕਰਾਂ ? ਲੋਭ ਵਿਚ ਫਸੇ ਇਸ ਮਨ ਨੂੰ ਹਰ ਵੇਲੇ ਧਨ ਜੋੜਨ ਦੀ ਆਸ , ਲਾਲਸਾ ਬਣੀ ਰਹਿੰਦੀ ਹੈ , ਅਤੇ ਇਹ ਧਨ ਜੋੜਨ ਲਈ ਹਰ ਚੰਗੇ-ਮੰਦੇ ਪਾਸੇ ਭਟਕਦਾ ਰਹਿੰਦਾ ਹੈ । 

           ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥
          ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥1॥
       ਸੁਖ ਪਾਉਣ ਦੇ ਲਾਲਚ ਵਿਚ ਇਹ ਹਰ ਜਣੇ-ਖਣੇ ਦੀ ਮੁਥਾਜੀ ਕਰਦਾ ਫਿਰਦਾ ਹੈ , ਪਰ ਇਸ ਮੁਥਾਜੀ ਕਾਰਨ ਇਸ ਨੂੰ ਸਦਾ ਸੁਖ ਦੀ ਥਾਂ ਦੁਖ ਹੀ ਮਿਲਦਾ ਹੈ । ਇਸ ਨੂੰ ਪਰਮਾਤਮਾ ਦੀ ਭਗਤੀ ਕਰਨ ਦੀ ਸੁੱਧ , ਸੋਝੀ ਤਾਂ ਹੈ ਨਹੀਂ , ਬਸ ਮਾਇਆ ਦੇ ਲਾਲਚ ਵਿਚ , ਦਰ ਦਰ ਤੇ ਕੁੱਤੇ ਵਾਙ ਭਟਕਦਾ ਫਿਰਦਾ ਹੈ ।

            ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਗ ਹਸਨ ਕੀ ॥
           ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕਮਤਿੁ ਬਿਨਾਸੈ ਤਨ ਕੀ  ॥2॥1॥233॥     (411)
        ਇਵੇਂ ਇਹ ਮਾਇਆ ਦੇ ਲਾਲਚ ਵਿਚ ਫਸਿਆ , ਆਪਣਾ ਦੁਰਲੱਭ ਜਨਮ , ਅਜਾਈਂ ਹੀ ਗਵਾ ਲੈਂਦਾ ਹੈ , ਇਸ ਨੂੰ ਲੋਕਾਂ ਦੇ ਮਖੌਲ ਕਰਨ ਤੇ ਵੀ ਜ਼ਰਾ ਸ਼ਰਮ ਨਹੀਂ ਆਉਂਦੀ ।
 ਹੇ ਨਾਨਕ ਆਖ , ਹੇ ਮਨ ਤੂੰ ਪ੍ਰਭੂ ਦਾ ਜੱਸ ਕਿਉਂ ਨਹੀਂ ਗਾਉਂਦਾ ? ਉਸ ਦੀ ਵਡਿਆਈ ਕਿਉਂ ਨਹੀਂ ਕਰਦਾ ? ਉਸ ਨਾਲ ਤੇਰੀ ਇਹ ਖੋਟੀ ਮੱਤ ਦੂਰ ਹੋ ਕੇ ਤੈਨੂੰ ਸੁਮੱਤ ਮਿਲੇਗੀ । 

                                                        ਅਮਰ ਜੀਤ ਸਿੰਘ ਚੰਦੀ 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.