ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?) ਮਨ ਕੀ ਮਨ ਹੀ ਮਾਹਿ ਰਹੀ ॥ (631-32)
(ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?) ਮਨ ਕੀ ਮਨ ਹੀ ਮਾਹਿ ਰਹੀ ॥ (631-32)
Page Visitors: 2950

              (ਪਹਿਲਾ ਵਿਸ਼ਾ-ਸਾਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ ?)
                 ਮਨ ਕੀ ਮਨ ਹੀ ਮਾਹਿ ਰਹੀ ॥   (631-32)

    (ੳ)   ਮਨ ਕੀ ਮਨ ਹੀ ਮਾਹਿ ਰਹੀ ॥
            ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥1॥ਰਹਾਉ॥  
             ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥
           ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥1॥
           ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥
           ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥2॥2॥      (631-32)

    ਵਿਆਖਿਆ;-

            ਮਨ ਕੀ ਮਨ ਹੀ ਮਾਹਿ ਰਹੀ ॥
          ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥1॥ਰਹਾਉ॥    
        ਹੇ ਭਾਈ ਬੰਦੇ ਦੀ ਤਰਸ-ਯੋਗ ਹਾਲਤ ਬਾਰੇ ਵਿਚਾਰ ਕਰੋ , ਉਸ ਦੀ ਧਨ ਜੋੜਨ ਦੀ ਲਾਲਸਾ , ਮਨ ਵਿਚ ਹੀ ਰਹਿ ਗਈ , (ਮਾਇਆ ਵਲੋਂ ਬੰਦੇ ਦਾ ਕਦੇ ਮਨ ਨਹੀਂ ਭਰਦਾ) ਅਤੇ ਮੌਤ ਨੇ ਉਸ ਨੂੰ ਆ ਘੇਰਿਆ । ਆਪਣੀ ਜ਼ਿੰਦਗੀ ਵਿਚ ਨਾ ਤਾਂ ਉਸ ਨੇ ਸਤਸੰਗੀਆਂ ਦੀ ਸੇਵਾ ਹੀ ਕੀਤੀ , ਅਤੇ ਨਾ ਹੀ ਕਰਤਾਰ ਦੀ ਭਗਤੀ ਹੀ ਕੀਤੀ ।

            ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥
          ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥1॥
       ਹੇ ਭਾਈ , ਦਾਰਾ=ਜਨਾਨੀ , ਜ਼ਿੰਦਗੀ ਦੀ ਸਾਥਣ । ਮੀਤ=ਮਿਤ੍ਰ-ਬੇਲੀ , ਯਾਰ-ਦੋਸਤ । ਪੂਤ=ਪੁਤ੍ਰ , ਔਲਾਦ । ਰੱਥ=ਕਾਰਾਂ-ਗੱਡੀਆਂ , ਹਵਾਈ ਜਹਾਜ਼ । ਸੰਪਤਿ ਧਨ=ਇਕੱਠੀ ਕੀਤੀ ਹੋਈ ਦੀਲਤ , ਜ਼ਮੀਨ-ਜਾਇਦਾਦ , ਫੈਕਟਰੀਆਂ-ਕਾਰਖਾਨੇ । ਪੂਰਨ ਸਭ ਮਹੀ=ਦੁਨੀਆ ਦੀ ਸਾਰੀ ਧਰਤੀ-ਪੂਰਨ ਬ੍ਰਹਿਮੰਡ ਅਤੇ ਹੋਰ ਸਭ ਕੁਝ ਨੂੰ ਨਾਸ਼ਵਾਨ ਸਮਝੋ । ਪਰਮਾਤਮਾ ਦਾ ਭਜਨ , ਕਰਤਾਰ ਦੀ ਭਗਤੀ ਹੀ ਬੰਦੇ ਦਾ ਸੱਚਾ ਸਾਥੀ ਹੈ । 

           ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥
         ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥2॥2॥      (631-32)
     ਹੇ ਭਾਈ , ਤੂੰ ਬਹੁਤ ਜੁਗ ਭਟਕ ਭਟਕ ਕੇ ਹਾਰ ਚੁੱਕਾ ਸੀ , ਫਿਰ ਤੈਨੂੰ ਇਹ ਮਾਨਸ ਦੇਹ , ਮਨੁੱਖਾ ਸਰੀਰ ਮਿਲਿਆ ਹੈ ।
       ਨਾਨਕ ਆਖਦਾ ਹੈ , ਹੇ ਭਾਈ , ਪ੍ਰਭੂ ਨੂੰ ਮਿਲਣ ਦੀ ਤੇਰੀ ਇਹ ਹੀ ਵਾਰੀ ਹੈ , ਹੁਣ ਤੂੰ ਪ੍ਰਭੂ ਦਾ ਸਿਮਰਨ ਕਿਉਂ ਨਹੀਂ ਕਰਦਾ ?
……………………………………      

                       ਨਰ ਅਚੇਤ ਪਾਪ ਤੇ ਡਰੁ ਰੇ ॥   (220)     

    (ਅ)   ਨਰ ਅਚੇਤ ਪਾਪ ਤੇ ਡਰੁ ਰੇ ॥
            ਦੀਨ ਦਇਆਲ ਸਗਲ ਭੈ ਭੰਜਣ ਸਰਨਿ ਤਾਹਿ ਤੁਮ ਪਰੁ ਰੇ ॥1॥ਰਹਾਉ॥
            ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰ ਰੇ ॥
            ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥1॥
            ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥
            ਨਾਨਕ ਕਹਤ ਗਾਇ ਕਰੁਨਾ ਮੈ ਭਵਸਾਗਰ ਕੈ ਪਾਰਿ ਉਤਰੁ ਰੇ
॥2॥9॥251॥     (220)            
      ਵਿਆਖਿਆ;-

           ਨਰ ਅਚੇਤ ਪਾਪ ਤੇ ਡਰੁ ਰੇ ॥
           ਦੀਨ ਦਇਆਲ ਸਗਲ ਭੈ ਭੰਜਣ ਸਰਨਿ ਤਾਹਿ ਤੁਮ ਪਰੁ ਰੇ ॥1॥ਰਹਾਉ॥  
        ਹੇ ਅਚੇਤ , ਗਾਫਿਲ ਮਨੁੱਖ , ਪਾਪ ਕਰਨ ਤੋਂ ਡਰ , ਬਚ । ਇਸ ਦੇ ਸਾਧਨ ਵਜੋਂ ਤੂੰ ਉਸ ਕਰਤਾਰ ਦੀ ਸ਼ਰਨ ਲੈ , ਜੋ ਨਿਮਾਣਿਆਂ ਤੇ ਦਇਆ ਕਰਨ ਵਾਲਾ ਅਤੇ ਸਾਰੇ ਡਰ ਦੂਰ ਕਰਨ ਵਾਲਾ ਹੈ ।

           ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰ ਰੇ ॥
           ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥1॥
      ਜਿਸ ਪ੍ਰਭੂ ਦੀ ਵਡਿਆਈ , ਦੁਨੀਆ ਦੇ ਸਾਰੇ ਧਰਮ-ਗ੍ਰੰਥ ਕਰਦੇ ਹਨ , ਤੂੰ ਵੀ ਉਸ ਦੇ ਨਾਮ ਨੂੰ , ਉਸ ਦੀ ਰਜ਼ਾ ਨੂੰ ਆਪਣੇ ਹਿਰਦੇ ਤੋਂ ਮੰਨ । ਸੰਸਾਰ ਵਿਚ ਉਸ ਦਾ ਹੁਕਮ , ਉਸ ਦੀ ਰਜ਼ਾ ਹੀ ਪਾਪ ਰਹਤ , ਪਾਵਨ ਹੈ । ਤੂੰ ਵੀ ਆਪਣੇ ਹਿਰਦੇ ਵਿਚ , ਉਸ ਨੂੰ ਸਿਮਰ ਸਿਮਰ ਕੇ , ਯਾਦ ਕਰ ਕਰ ਕੇ , ਪਾਪਾਂ ਨੂੰ ਆਪਣੇ ਤੋਂ ਦੂਰ ਕਰ ਲੈ ।

           ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥
           ਨਾਨਕ ਕਹਤ ਗਾਇ ਕਰੁਨਾ ਮੈ ਭਵਸਾਗਰ ਕੈ ਪਾਰਿ ਉਤਰੁ ਰੇ ॥2॥9॥251॥     (220)
     ਇਹ ਮਨੁੱਖਾ ਦੇਹੀ ਤੈਨੂੰ ਫਿਰ ਨਹੀਂ ਮਿਲਣੀ , ਇਸ ਲਈ , ਇਸ ਦੇਹੀ ਦੇ ਹੁੰਦਿਆਂ ਹੀ , ਤੂੰ ਆਪਣੀ ਮੁਕਤੀ ਦਾ ਕੋਈ ਹੀਲਾ ਕਰ ਲੈ ।
     ਨਾਨਕ ਆਖਦਾ ਹੈ , ਸਭ ਤੇ ਤਰਸ ਕਰਨ ਵਾਲੇ ਪਰਮਾਤਮਾ ਦੇ ਗੁਣਾਂ ਨੂੰ ਗਾ ਕੇ , ਉਨ੍ਹਾਂ ਦੀ ਵਿਚਾਰ ਕਰ ਕੇ , ਉਸ ਅਨੁਸਾਰ ਜੀਵਨ ਢਾਲ ਕੇ , ਸੰਸਾਰ ਦੀ ਇਸ ਘੁੱਮਣ-ਘੇਰੀ ਤੋਂ ਪਾਰ ਹੋ ਜਾ ।
                                             ਅਮਰ ਜੀਤ ਸਿੰਘ ਚੰਦੀ 
                                                   6-9-2014

                                                

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.