ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਤੀਜਾ ਵਿਸ਼ਾ, ਗੁਰਮੁਖਿ ਅਤੇ ਮਨਮੁਖਿ!) (ਭਾਗ ਪਹਿਲਾ) (1) ਮਨ ਰੇ ਗੁਰ ਕੀ ਕਾਰ ਕਮਾਇ ॥
(ਤੀਜਾ ਵਿਸ਼ਾ, ਗੁਰਮੁਖਿ ਅਤੇ ਮਨਮੁਖਿ!) (ਭਾਗ ਪਹਿਲਾ) (1) ਮਨ ਰੇ ਗੁਰ ਕੀ ਕਾਰ ਕਮਾਇ ॥
Page Visitors: 2893

                                (ਤੀਜਾ ਵਿਸ਼ਾ, ਗੁਰਮੁਖਿ ਅਤੇ ਮਨਮੁਖਿ!)

                                              (ਭਾਗ ਪਹਿਲਾ) 

           (1)       ਮਨ ਰੇ ਗੁਰ ਕੀ ਕਾਰ ਕਮਾਇ ॥ 

            (ਗੁਰਮੁਖਿ = ਗੁਰੂ ਦੀ ਸਿਖਿਆ ਅਨੁਸਾਰ ਚੱਲਣ ਵਾਲਾ ।)

            (ਮਨਮੁਖਿ = ਆਪਣੇ ਮਨ ਦੀ ਮੱਤ ਅਨੁਸਾਰ ਚੱਲਣ ਵਾਲਾ ।)         

          ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ ॥
          ਹਰਿ ਰਸ ਪੀਵੈ ਸਹਜਿ ਰਹੈ ਉਡੈ ਨ ਆਵੈ ਜਾਇ ॥
          ਨਿਜ ਘਰਿ ਵਾਸਾ ਪਾਇਆ ਹਰਿ ਹਰਿ ਨਾਮਿ ਸਮਾਇ ॥1॥

          
ਮਨ ਰੇ ਗੁਰ ਕੀ ਕਾਰ ਕਮਾਇ ॥
          ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥1॥ਰਹਾਉ॥

          
ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥
          ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਇ ॥
          ਬਿਨ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥2॥

          
ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥
          ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥
          ਅੰਮ੍ਰਿਤੁ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ ॥3॥

          
ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ ॥
          ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ ॥
          ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥4॥

          
ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ ॥
          ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ ॥
          ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥5॥

         
ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥
          ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥
          ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥6॥

          
ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰ ॥
          ਸਚੀ ਭਗਤੀ ਸਚਿ ਰਤੇ ਦਰਿ ਸਚੈ ਸਚਿਆਰ ॥
          ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ॥7॥

          
ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ ॥
          ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ ॥
          ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ ॥8॥3॥20॥      (66)

           ਮਨ ਰੇ ਗੁਰ ਕੀ ਕਾਰ ਕਮਾਇ ॥
           ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥1॥ਰਹਾਉ॥
   ਹੇ ਮੇਰੇ ਮਨ , ਗੁਰੂ ਦੀ ਦੱਸੀ ਕਾਰ ਕਰ ।ਸ਼ਬਦ ਨੂੰ ਵਿਚਾਰ ਕੇ ਉਸ ਅਨੁਸਾਰ ਜੀਵਨ ਢਾਲ। ਜੇ ਤੂੰ ਗੁਰੂ ਦੇ ਹੁਕਮ ਵਿਚ ਚਲੇਂਗਾ , ਤਾਂ ਤੂੰ ਹਮੇਸ਼ਾ ਹਰੀ ਦੇ ਨਾਮ ਵਿਚ , ਹਰੀ ਦੀ ਰਜ਼ਾ ਵਿਚ ਟਿਕਿਆ ਰਹੇਂਗਾ ।

            ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ ॥
            ਹਰਿ ਰਸ ਪੀਵੈ ਸਹਜਿ ਰਹੈ ਉਡੈ ਨ ਆਵੈ ਜਾਇ ॥
            ਨਿਜ ਘਰਿ ਵਾਸਾ ਪਾਇਆ ਹਰਿ ਹਰਿ ਨਾਮਿ ਸਮਾਇ ॥1॥
     ਜਿਹੜਾ ਜੀਵ-ਪੰਛੀ , ਇਸ ਸਰੀਰ ਰੂਪੀ ਰੁੱਖ ਵਿਚ ਬੈਠਾ ਹੋਇਆ , ਗੁਰੂ ਦੇ ਪ੍ਰੇਮ ਵਿਚ ਰਹਿ ਕੇ , ਸਦਾ ਕਾਇਮ ਰਹਣ ਵਾਲੇ ਅਕਾਲ-ਪੁਰਖ ਦੇ ਨਾਮ ਦਾ ਚੋਗਾ ਚੁਗਦਾ ਹੈ , ਉਸ ਦੀ ਰਜ਼ਾ ਵਿਚ ਚਲਦਾ ਹੈ , ਉਹ ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ । ਉਹ ਹਰੀ ਦੀ ਨੇੜਤਾ ਦਾ ਰਸ ਮਾਣਦਾ , ਸਹਜ ਵਿਚ ਟਿਕਿਆ ਰਹਿੰਦਾ ਹੈ । ਉਹ ਮਾਇਕ ਪਦਾਰਥਾਂ ਪਿੱਛੇ ਨਹੀਂ ਭਟਕਦਾ , ਅਤੇ ਜਨਮ-ਮਰਨ ਦੇ ਗੇੜ ਤੋਂ ਬਚਿਆ ਰਹਿੰਦਾ ਹੈ । ਉਸ ਨੂੰ ਆਪਣੇ ਅਸਲੀ ਘਰ , ਪ੍ਰਭੂ ਦੀ ਸਰਨ ਵਿਚ ਥਾਂ ਮਿਲੀ ਰਹਿੰਦੀ ਹੈ , ਅਤੇ ਉਹ ਹਮੇਸ਼ਾ ਹਰੀ ਦੇ ਨਾਮ ਵਿਚ , ਹਰੀ ਦੇ ਭਾਣੇ ਵਿਚ ਮਸਤ ਰਹਿੰਦਾ ਹੈ ।    

            ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥
            ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਇ ॥
            ਬਿਨ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥2॥
      ਜਿਹੜੇ ਜੀਵ-ਪੰਛੀ , ਚੰਗੇ ਪਾਲੇ-ਪੋਸੇ ਸਰੀਰ ਆਸਰੇ , ਵੇਖਣ ਨੂੰ ਸੋਹਣੇ ਲਗਦੇ ਹਨ , ਪਰ ਉਹ ਦੁਨਿਆਵੀ ਪਦਾਰਥਾਂ ਦੇ ਚੋਗੇ ਪਿੱਛੇ ਹੀ , ਚਾਰੇ ਪਾਸੇ ਭਟਕਦੇ ਰਹਿੰਦੇ ਹਨ , ਉਹ ਜਿੰਨਾ ਹੀ ਇਸ ਚੋਗੇ ਪਿੱਛੇ ਭੱਜਦੇ ਹਨ , ਓਨਾ ਹੀ ਜ਼ਿਆਦਾ ਦੁਖ ਸਹਾਰਦੇ, ਸੜਦੇ ਅਤੇ ਵਿਲਕਦੇ ਰੰਿਹੰਦੇ ਹਨ । ਗੁਰੂ ਨਾਲ ਜੁੜੇ ਬਗੈਰ , ਉਨ੍ਹਾਂ ਨੂੰ ਆਪਣੇ ਅਸਲ ਟਿਕਾਣੇ ਦੀ ਸੋਝੀ ਤਾਂ ਹੁੰਦੀ ਨਹੀਂ , ਇਵੇਂ ਉਹ ਆਤਮਕ ਜੀਵਨ ਦੇਣ ਵਾਲੇ ਨਾਮ-ਫੱਲ ਤੋਂ ਵਾਂਝੇ ਰਹਿ ਜਾਂਦੇ ਹਨ । 

            ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥
           ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥
           ਅੰਮ੍ਰਿਤੁ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ ॥3॥
     ਗੁਰਮੁਖਿ, ਗੁਰੂ ਦੇ ਸਨਮੁੱਖ ਰਹਣ ਵਾਲਾ, ਗੁਰੂ ਦੀ ਸਿਖਿਆ ਵਿਚ ਚੱਲਣ ਵਾਲਾ ਮਨੁੱਖ, ਕਰਤਾਰ ਦਾ ਹੀ ਰੂਪ ਹੋ ਜਾਂਦਾ ਹੈ, ਮਾਨੋ ਉਹ ਇਕ ਹਰਿਆ-ਭਰਿਆ ਰੁੱਖ ਹੈ । ਉਹ ਸਹਿਜ-ਸੁਭਾਅ ਹੀ ਸੱਚ ਨਾਲ , ਅਕਾਲ-ਪੁਰਖ ਨਾਲ ਜੁੜਿਆ ਰਹਿੰਦਾ ਹੈ । ਉਸ ਨੇ ਦੁਨੀਆ ਦੇ ਇਕੋ-ਇਕ ਮਾਲਕ ਦੀ ਸਿਫਤ-ਸਲਾਹ ਵਾਲੇ ਸ਼ਬਦ ਵਿਚ ਮਨ ਜੋੜ ਕੇ , ਮਾਇਆ ਰੂਪੀ ਬਿਰਖ ਦੀਆਂ ਤਿੰਨੋ ਸ਼ਾਖਾ, ਟਾਹਣੀਆਂ (ਰਜੋ-ਤਮੋ-ਸਤੋ) ਤੋਂ ਆਪਣਾ ਖਹਿੜਾ ਛੁਡਾ ਲਿਆ ਹੁੰਦਾ ਹੈ। ਅੰਮ੍ਰਿਤ-ਫੱਲ , ਜਨਮ-ਮਰਨ ਤੋਂ ਰਹਿਤ ਜੀਵਨ ਦੇਣ ਦੇ ਸਮਰੱਥ , ਸਿਰਫ ਇਕ ਹਰੀ ਹੀ ਹੈ, ਜੋ ਆਪ ਹੀ ਮਿਹਰ ਕਰ ਕੇ, ਉਸ ਬੰਦੇ ਨੂੰ ਇਹ ਦਾਤ ਦੇ ਦਿੰਦਾ ਹੇ ।   

          ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ ॥
          ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ ॥
          ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥4॥
   ਮਨਮੁਖ, ਆਪਣੇ ਮਨ ਦੇ ਕਹੇ ਚੱਲਣ ਵਾਲੇ ਮਨੁੱਖ, ਮਾਨੋ ਉਹ ਰੁੱਖ ਹਨ ਜਿਹੜੇ ਖੜੇ-ਖੜੇ ਹੀ ਸੁੱਕ ਗਏ ਹੋਣ, ਉਨ੍ਹਾਂ ਨੂੰ ਨਾ ਕੋਈ ਫੱਲ (ਪ੍ਰਭੂ ਦੇ ਨਾਮ ਦਾ ਫਲ) ਲਗਦਾ ਹੈ ਅਤੇ ਨਾ ਉਨ੍ਹਾਂ ਦੀ ਛਾਂ ਹੀ ਹੁੰਦੀ ਹੈ, ਨਾ ਕਿਸੇ ਨੂੰ ਸੁਖ ਹੀ ਦਿੰਦੇ ਹਨ । ਉਨ੍ਹਾਂ ਦੇ ਕੋਲ ਨਹੀਂ ਬੈਠਣਾ ਚਾਹੀਦਾ, ਉਨ੍ਹਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ , ਉਨ੍ਹਾਂ ਨੂੰ ਆਪਣੇ ਅਸਲੀ ਘਰ-ਘਾਟ ਦੀ ਸੋਝੀ ਵੀ ਨਹੀਂ ਹੁੰਦੀ । ਉਨ੍ਹਾਂ ਕੋਲ ਰੱਬ ਦੇ ਨਾਂ ਦੀ ਹਰਿਆਲੀ (ਠੰਡਕ) ਤਾਂ ਹੁੰਦੀ ਨਹੀਂ, ਇਵੇਂ ਉਨ੍ਹਾਂ ਦਾ ਇਕੋ ਕੰਮ ਹੈ, ਮਾਇਆ ਦੀ ਤ੍ਰਿਸ਼ਨਾ ਪਿੱਛੇ ਦੁਖੀ ਹੋਣਾ ਅਤੇ ਸੜਨਾ ।  

         ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ ॥
         ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ ॥
         ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥5॥
  ਹੇ ਕਰਤਾਰ , ਸਾਰੇ ਜੀਵ ਤੇਰੇ ਹੁਕਮ ਅਨੁਸਾਰ ਹੀ ਕੰਮ ਕਰਦੇ ਹਨ, ਜਿਨ੍ਹਾਂ ਵਿਚ ਕਈ ਤਾਂ, ਧੁਰੋਂ ਕੀਤੀ ਕਿਰਤ , ਕੀਤੇ ਕਰਮ ਅਨੁਸਾਰ ਫਿਰਾਏ ਜਾਂਦੇ ਹਨ, ਜੂਨਾਂ ਵਿਚ ਭਵਾਏ ਜਾਂਦੇ ਹਨ।    ਤੇਰੇ ਹੁਕਮ ਅਨੁਸਾਰ ਹੀ ਕਈਆਂ ਨੂੰ, ਤੇਰਾ ਦਰਸ਼ਨ ਪ੍ਰਾਪਤ ਹੁੰਦਾ ਹੈ। ਤੂੰ ਉਨ੍ਹਾਂ ਨੂੰ ਜਿੱਧਰ ਨੂੰ ਭੇਜੇਂ , ਜਿਹੜੇ ਵੀ ਰਾਹ ਤੇ ਤੋਰੇਂ , ਬੰਦੇ ਨੂੰ ਉਸ ਰਾਹ ਤੇ ਜਾਣਾ ਹੀ ਪੈਂਦਾ ਹੈ । ਤੇਰੇ ਹੁਕਮ ਅਨੁਸਾਰ ਹੀ ਕੁਝ ਦੇ ਮਨ ਵਿਚ, ਤੇਰਾ ਨਾਮ ਵੱਸਦਾ ਹੈ, ਤੇਰੀ ਰਜ਼ਾ ਪਿਆਰੀ ਲਗਣ ਲੱਗ ਜਾਂਦੀ ਹੈ , ਤੇਰੇ ਹੁਕਮ ਵਿਚ ਹੀ ਉਹ ਤੇਰੇ ਨਾਲ ਇਕ-ਮਿਕ ਹੋ ਜਾਂਦੇ ਹਨ ।

         ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥
         ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥
         ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥6॥
    ਕਈ ਮਨਮੁਖ ਐਸੇ ਹਨ, ਜਿਨ੍ਹਾਂ ਨੂੰ ਕਰਤਾ-ਪੁਰਖ ਦੀ ਰਜ਼ਾ ਬਾਰੇ ਸੋਝੀ ਹੀ ਨਹੀਂ ਹੈ, ਉਹ ਕੁਰਾਹੇ ਪੈ ਕੇ ਭਟਕਦੇ ਰਹਿੰਦੇ ਹਨ । ਉਹ ਮਨ ਦੇ ਹੱਠ ਵਿਚ ਕਈ ਤਰ੍ਹਾਂ ਦੇ ਕਰਮ-ਕਾਂਡ ਕਰਦੇ ਰਹਿੰਦੇ ਹਨ, ਜਿਨ੍ਹਾਂ ਕਾਰਨ ਉਹ ਸਦਾ ਖੁਆਰ ਹੀ ਹੁੰਦੇ ਹਨ । ਨਾ ਤਾਂ ਉਨ੍ਹਾਂ ਦਾ ਹਮੇਸ਼ਾ ਕਾਇਮ ਰਹਣ ਵਾਲੇ, ਦੁਨੀਆ ਦੇ ਇਕੋ-ਇਕ ਸੱਚ, ਪਰਮਾਤਮਾ ਨਾਲ ਪਿਆਰ ਹੀ ਪੈਂਦਾ ਹੈ, ਨਾ ਹੀ ਉਨ੍ਹਾਂ ਦੇ ਮਨ ਵਿਚ ਸ਼ਾਂਤੀ ਹੀ ਆਉਂਦੀ ਹੈ ।    

         ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰ ॥
         ਸਚੀ ਭਗਤੀ ਸਚਿ ਰਤੇ ਦਰਿ ਸਚੈ ਸਚਿਆਰ ॥
         ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ॥7॥
   ਗੁਰਮੁਖਾਂ ਦੇ , ਗੁਰੂ ਦੀ ਸਿਖਿਆ ਅਨੁਸਾਰ ਚੱਲਣ ਵਾਲੇ ਮਨੁੱਖਾਂ ਦੇ, ਗੁਰੂ ਨਾਲ ਜੁੜੇ ਹੋਣ ਕਾਰਨ, ਮੂੰਹ ਸੋਹਣੇ ਲਗਦੇ ਹਨ, ਉਨ੍ਹਾਂ ਦਾ ਗੁਰੂ ਨਾਲ ਪਿਆਰ ਬਣਿਆ ਰਹਿੰਦਾ ਹੈ। ਉਨ੍ਹਾਂ ਦਾ ਪ੍ਰਭੂ ਨਾਲ ਪਰੇਮਾ-ਭਗਤੀ ਦਾ ਰਿਸ਼ਤਾ ਹੋਣ ਕਾਰਨ, ਉਹ ਹਮੇਸ਼ਾ ਰੱਬ ਦੇ ਰੰਗ ਵਿਚ ਹੀ ਮਸਤ ਰਹਿੰਦੇ ਹਨ , ਉਹ ਪ੍ਰਭੂ ਦੇ ਦਰ ਤੇ ਵੀ ਸੁਰਖਰੂ ਹੁੰਦੇ ਹਨ । ਉਨ੍ਹਾਂ ਦਾ ਹੀ ਸੰਸਾਰ ਤੇ ਆਉਣਾ ਪਰਵਾਨ ਹੁੰਦਾ ਹੈ, ਉਹ ਆਪਣੀ ਕੁਲ (ਉਨ੍ਹਾਂ ਦੀ ਕੁਲ , ਉਨ੍ਹਾਂ ਦੇ ਪੋਤੇ-ਪੋਤੀਆਂ ਨਹੀਂ ਹੁੰਦੀਆਂ, ਜਿਵੇਂ ਗੁਰਮਤ ਤੋਂ ਭਟਕੇ ਪਰਚਾਰਕ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਪਰਚਾਰਦੇ ਵੇਖੇ ਜਾਂਦੇ ਹਨ, ਬਲਕਿ ਉਨ੍ਹਾਂ ਦੇ ਸਤ-ਸੰਗੀ ਹੀ ਉਨ੍ਹਾਂ ਦੀ ਕੁਲ ਹੁੰਦੇ ਹਨ) ਆਪਣੇ ਸਤ-ਸੰਗੀਆਂ ਦਾ ਵੀ ਉਧਾਰ ਕਰ ਦੇਂਦੇ ਹਨ ।

          ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ ॥
         ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ ॥
         ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ ॥8॥3॥20॥      (66)
 ਸਾਰੇ ਜੀਵ ਉਸ ਕਰਤਾਰ ਦੀ ਨਿਗਰਾਨੀ ਹੇਠ ਹੀ ਕਰਮ ਕਰਦੇ ਹਨ, ਅਜਿਹਾ ਕੋਈ ਵੀ ਨਹੀਂ ਹੈ , ਜੋ ਉਸ ਦੀ ਨਿਗਰਾਨੀ ਤੋਂ ਬਾਹਰ ਹੋਵੇ। ਜੈਸੀ ਨਿਗਾਹ ਨਾਲ ਪਰਮਾਤਮਾ , ਕਿਸੇ ਨੂੰ ਵੇਖਦਾ ਹੈ, (ਇਹ ਨਿਗਾਹ ਉਨ੍ਹਾਂ ਦੇ ਕੀਤੇ ਕਰਮਾਂ ਅਨੁਸਾਰ ਹੀ ਬਦਲਦੀ ਰਹਿੰਦੀ ਹੈ) ਉਸ ਦਾ ਆਚਰਣ ਵੈਸਾ ਹੀ ਹੋ ਜਾਂਦਾ ਹੈ ।
   ਹੇ ਨਾਨਕ, ਪ੍ਰਭੂ ਦੀ ਮਿਹਰ ਦੀ ਨਿਗਾਹ ਨਾਲ, ਜਿਹੜਾ ਵੀ ਮਨੁੱਖ , ਉਸ ਦੀ ਰਜ਼ਾ ਵਿਚ ਚਲਦਾ ਹੈ , ਉਸ ਨੂੰ ਵਡਿਆਈ ਮਿਲਦੀ ਹੈ । ਪਰ ਇਹ ਵਡਿਆਈ ਕਿਸੇ ਚੰਗੇ ਕਰਮਾਂ ਵਾਲੇ ਨੂੰ ਹੀ ਮਿਲਦੀ ਹੈ ।

                                         ਅਮਰ ਜੀਤ ਸਿੰਘ ਚੰਦੀ
                                              8-10-2014   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.