ਕੈਟੇਗਰੀ

ਤੁਹਾਡੀ ਰਾਇ



ਗੁਰਮਤਿ ਵਿਚ ਆਵਾ-ਗਵਨ ਦਾ ਸੰਕਲਪ
(ਵਿਸ਼ਾ-ਛੇਵਾਂ, ਆਵਾ ਗਵਨ) (ਭਾਗ ਨੌਵਾਂ) ਚਉਰਾਸੀਹ ਨਰਕ ਸਾਕਤੁ ਭੋਗਾਈਐ ॥ ਜੈਸਾ ਕੀਚੈ ਤੈਸੋ ਪਾਈਐ ॥
(ਵਿਸ਼ਾ-ਛੇਵਾਂ, ਆਵਾ ਗਵਨ) (ਭਾਗ ਨੌਵਾਂ) ਚਉਰਾਸੀਹ ਨਰਕ ਸਾਕਤੁ ਭੋਗਾਈਐ ॥ ਜੈਸਾ ਕੀਚੈ ਤੈਸੋ ਪਾਈਐ ॥
Page Visitors: 3063

                                  (ਵਿਸ਼ਾ-ਛੇਵਾਂ, ਆਵਾ ਗਵਣ )
                                           (ਭਾਗ ਨੌਵਾਂ)      
          ਚਉਰਾਸੀਹ ਨਰਕ ਸਾਕਤੁ ਭੋਗਾਈਐ ॥ ਜੈਸਾ ਕੀਚੈ ਤੈਸੋ ਪਾਈਐ

       ਸ਼ਬਦ    ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ ॥ ਪਉਣ ਪਾਣੀ ਬਸੰਤਰੁ ਗਾਜੈ ॥
                  ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ
॥7॥
                  ਨਾਮੁ ਵਿਸਾਰਿ ਦੋਖ ਦੁਖ ਸਹੀਐ ॥ ਹੁਕਮੁ ਭਇਆ ਚਲਣਾ ਕਿਉ ਰਹੀਐ ॥
                  ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ
॥8॥
                  ਚਉਰਾਸੀਹ ਨਰਕ ਸਾਕਤੁ ਭੋਗਾਈਐ ॥ ਜੈਸਾ ਕੀਚੈ ਤੈਸੋ ਪਾਈਐ ॥
                  ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ
॥9॥
                  ਖੰਡੇ ਧਾਰ ਗਲੀ ਅਤਿ ਭੀੜੀ ॥ ਲੇਖਾ ਲੀਜੈ ਤਿਲ ਜਿਉ ਪੀੜੀ ॥
                  ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ
॥10॥
                  ਮੀਤ ਸਖੇ ਕੇਤੇ ਜਗ ਮਾਹੀ ॥ ਬਿਨੁ ਗੁਰ ਪਰਮੇਸਰ ਕੋਈ ਨਾਹੀ ॥
                  ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ
॥11॥
                  ਕੂੜੁ ਛੋਡਿ ਸਾਚੇ ਕਉ ਧਾਵਹੁ ॥ ਜੋ ਇਛਹੁ ਸੋਈ ਫਲੁ ਪਾਵਹੁ ॥
                  ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ
॥12॥  (1028)

          ॥7॥    ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ ॥ ਪਉਣ ਪਾਣੀ ਬਸੰਤਰੁ ਗਾਜੈ ॥
                   ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥7॥
    ਪਰਮਾਤਮਾ ਇਸ ਸ੍ਰਿਸ਼ਟੀ ਨੂੰ ਪੈਦਾ ਕਰ ਕੇ , ਸਾਰੀਆਂ ਚੀਜ਼ਾਂ ਵਿਚ ਵਿਆਪਕ ਹੋ ਕੇ , ਆਪ ਹੀ ਵਰਤ ਰਿਹਾ ਹੈ । ਹਵਾ , ਪਾਣੀ , ਅੱਗ ਆਦਿ ਤੱਤਾਂ ਦ ਸੁਮੇਲ ਨਾਲ ਜੀਵਾਂ ਨੂੰ ਪੈਦਾ ਕਰ ਕੇ , ਉਹ ਆਪਣਾ ਹੀ ਪਰਗਟ ਰੂਪ ਜ਼ਾਹਰ ਕਰਦਾ ਹੈ । ਪਰ ਉਸ ਰਚਣਹਾਰ ਪ੍ਰਭੂ ਨੂੰ ਭੁੱਲ ਕੇ , ਵਿਸ਼ੇ ਵਿਕਾਰਾਂ ਦੀ ਸੰਗਤ ਵਿਚ ਫਸਿਆ ਮਨ ਭਟਕਦਾ ਹੈ , ਅਤੇ ਆਪਣੇ ਕੀਤੇ ਦਾ ਫੱਲ ਪਾਉਂਦਾ ਹੈ ।

          ॥8॥    ਨਾਮੁ ਵਿਸਾਰਿ ਦੋਖ ਦੁਖ ਸਹੀਐ ॥ ਹੁਕਮੁ ਭਇਆ ਚਲਣਾ ਕਿਉ ਰਹੀਐ ॥
                   ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ ॥8॥
    ਨਾਮ ਨੂੰ ਵਿਸਾਰ ਕੇ , ਪ੍ਰਭੂ ਦੀ ਰਜ਼ਾ ਦੀ ਅਵੱਗਿਆ ਕਰ ਕੇ , ਕਰਤਾਰ ਦੇ ਹੁਕਮ ਤੋਂ ਬਾਗੀ ਹੋ ਕੇ , ਦੋਖਾਂ ਵਿਚ , ਵਿਕਾਰਾਂ ਵਿਚ ਫਸ ਜਾਈਦਾ ਹੈ , ਜਿਸ ਦੇ ਫਲ ਸਰੂਪ ਦੁੱਖ ਸਹਾਰਨੇ ਪੈਂਦੇ ਹਨ । ਏਸੇ ਵਿਚ ਹੀ ਜ਼ਿੰਦਗੀ ਬੀਤ ਜਾਂਦੀ ਹੈ , ਸੰਸਾਰ ਤੋਂ ਜਾਣ ਦਾ ਹੁਕਮ ਹੋ ਜਾਂਦਾ ਹੈ , ਜਿਸ ਦੇ ਫਲ ਸਰੂਪ ਏਥੋਂ ਜਾਣਾ ਪੈ ਜਾਂਦਾ ਹੈ , ਫਿਰ ਇਸ ਸੰਸਾਰ ਵਿਚ ਕਿਵੇਂ ਰੁਕਿਆ ਜਾ ਸਕਦਾ ਹੈ ? ਭਾਵ ਨਹੀਂ ਰੁਕਿਆ ਜਾ ਸਕਾ । ਕਰਤਾਰ ਦੇ ਹੁਕਮ ਨੂੰ ਵਿਸਾਰ ਕੇ ਜੀਵ , ਨਰਕ ਰੂਪੀ ਗਰਭ ਦੇ ਖੂਹ ਵਿਚ ਇਵੇਂ ਸਮਾ ਬਿਤਾਉਂਦਾ ਹੈ , ਜਿਵੇਂ ਪਾਣੀ ਤੋਂ ਬਾਹਰ ਮਛਲੀ ਸਮਾ ਬਿਤਾਉਂਦੀ ਹੈ ।

          ॥9॥     ਚਉਰਾਸੀਹ ਨਰਕ ਸਾਕਤੁ ਭੋਗਾਈਐ ॥ ਜੈਸਾ ਕੀਚੈ ਤੈਸੋ ਪਾਈਐ ॥
                  ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥9॥
    ਸਾਕਤ , ਸ਼ਕਤੀ ਦਾ , ਮਾਇਆ ਦਾ ਪੁਜਾਰੀ ਜੀਵ , ਚਉਰਾਸੀ ਦੇ , ਜਨਮ-ਮਰਨ ਦੇ ਗੇੜ ਰੂਪੀ ਨਰਕ ਭੋਗਦਾ ਰਹਿੰਦਾ ਹੈ , ਕੁਦਰਤ ਦਾ ਨਿਯਮ ਹੀ ਇਹ ਹੈ ਕਿ , ਜਿਹੋ-ਜਿਹਾ ਕਰਮ ਕਰੀਦਾ ਹੈ , ਵੈਸਾ ਹੀ ਫਲ ਭੋਗੀਦਾ ਹੈ । ਸਤਿਗੁਰ , ਸ਼ਬਦ ਗੁਰੂ ਦੀ ਸਰਨ ਪੈਣ ਤੋਂ ਬਗੈਰ , ਚਉਰਾਸੀ ਦੇ ਗੇੜ ਤੋਂ ਮੁਕਤੀ ਨਹੀਂ ਮਿਲਦੀ । ਆਪਣੇ ਕਰਮਾਂ ਦਾ ਬੱਧਾ ਜੀਵ , ਉਸ ਗੇੜ ਵਿਚ ਹੀ ਫਸਿਆ ਰਹਿੰਦਾ ਹੈ ।

          ॥10॥    ਖੰਡੇ ਧਾਰ ਗਲੀ ਅਤਿ ਭੀੜੀ ॥ ਲੇਖਾ ਲੀਜੈ ਤਿਲ ਜਿਉ ਪੀੜੀ ॥
                    ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ ॥10॥
    ਇਸ ਭਵਜਲ ਸੰਸਾਰ ਵਿਚ , ਵਿਕਾਰਾਂ ਭਰੇ ਜਗਤ ਵਿਚ , ਇੰਸਾਨੀ ਜੀਵਨ ਦਾ ਸਹੀ ਰਾਸਤਾ ਖੋਜਣ ਲਈ , ਕਿਸੇ ਸ਼ਹਿਰ ਦੀ ਬਹੁਤ ਭੀੜੀ ਗਲੀ ਵਰਗੀ ਥਾਂ ਵਿਚੋਂ ਦੀ ਲੰਘ ਕੇ ਜੀਵ ਨੇ ਵਿਕਾਰਾਂ ਤੋਂ ਦੂਰ ਜਾਣਾ ਹੈ । ਅੱਗੇ ਰਾਸਤਾ  ਮਾਨੋ , ਖੰਡੇ ਦੀ ਧਾਰ ਵਰਗਾ ਤਿੱਖਾ ਹੈ , ਜਿਸ ਤੇ ਬਹੁਤ ਸੰਭਲ ਕੇ ਚਲਣਾ ਪੈਂਦਾ ਹੈ , ਜ਼ਰਾ ਜਿੰਨਾ ਥਿੜਕਣ ਨਾਲ , ਬੰਦਾ ਮੁੜ ਸੰਸਾਰਿਕ ਘੁਮਣ-ਘੇਰੀ , ਜਨਮ-ਮਰਨ ਦੇ ਗੇੜ ਵਿਚ ਡਿਗ ਪੈਂਦਾ ਹੈ ।
     ਕੀਤੇ ਕਰਮਾਂ ਦਾ ਲੇਖਾ ਵੀ ਦੇਣਾ ਹੀ ਪੈਂਦਾ ਹੈ , ਜਿਵੇਂ ਤਿਲਾਂ ਨੂੰ ਪੀੜ ਕੇ ਉਨ੍ਹਾਂ ਵਿਚੋਂ ਤੇਲ ਨਿਕਲਦਾ ਹੈ , ਓਵੇਂ ਹੀ ਮਨ ਵਿਚੋਂ ਵਿਕਾਰਾਂ ਦੇ ਸੰਸਕਾਰ ਕੱਢਣ ਲਈ , ਜਨਮ-ਮਰਨ ਰੂਪੀ , ਦੁੱਖਾਂ ਦੇ ਕੋਲਹੂ ਵਿਚੋਂ ਲੰਘ ਕੇ ਵਿਕਾਰਾਂ ਤੋਂ ਖਲਾਸੀ ਮਿਲਦੀ ਹੈ , ਮਨ ਵਿਕਾਰਾਂ ਤੋਂ ਰਹਿਤ ਹੁੰਦਾ ਹੈ । ਇਸ ਸਾਰੀ ਪਰਕਿਰਿਆ ਵਿਚੋਂ ਜੀਵ ਨੂੰ ਆਪ ਹੀ ਲੰਘਣਾ ਪੈਂਦਾ ਹੈ । ਇਸ ਸਫਰ ਵਿਚ ਮਾਂ-ਬਾਪ , ਵਹੁਟੀ-ਪੁਤਰ ਕੋਈ ਵੀ ਸਹਾਈ ਨਹੀਂ ਹੋ ਸਕਦਾ , ਕੋਈ ਵੀ ਦੁੱਖ ਨਹੀਂ ਵੰਡਾ ਸਕਾ । ਇਸ ਸਫਰ ਵਿਚ ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ , ਪਰਮਾਤਮਾ ਦੀ ਰਜ਼ਾ , ਪ੍ਰਭੂ ਦੇ ਹੁਕਮ ਵਿਚ , ਖੁਸ਼ੀ ਨਾਲ ਚਲਣਾ ਹੀ ਸਹਾਈ ਹੋ ਸਕਾ ਹੈ । ਇਸ ਬਾਰੇ ਹੀ ਗੁਰਬਾਣੀ ਫੁਰਮਾਨ ਹੈ ,
                  ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ਊਹਾ ਨਾਮੁ ਤੇਰੈ ਸੰਂਗਿ ਸਹਾਈ ॥  (264)
      ਜਿਥੇ ਮਾਂ-ਪਿਉ , ਪੁੱਤਰ , ਮਿੱਤਰ ਅਤੇ ਭਰਾ , ਕੋਈ ਵੀ ਤੇਰੀ ਮਦਦ ਨਹੀਂ ਕਰ ਸਕਦਾ , ਹੇ ਮਨ ਓਥੇ ਪ੍ਰਭੂ ਦਾ ਨਾਮ ਤੇਰੇ ਨਾਲ ਸਹਾਇਤਾ ਕਰਨ ਵਾਲਾ ਹੁੰਦਾ ਹੈ ।           ਅਤੇ
                  ਹਉ ਮੈਲਾ ਮਲੁ ਕਬਹੁ ਨ ਧੋਵੈ ॥ ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥   (264)
    ਅਰਥਾਤ , ਹਉਮੈ ਨਾਲ ਮੈਲਾ ਹੋਇਆ ਮਨ ਕਦੇ ਵੀ ਆਪਣੀ ਮੈਲ ਨਹੀਂ ਧੋਂਦਾ । ਪਰ ਜਦੋਂ ਮਨ ਪ੍ਰਭੂ ਦੇ ਨਾਮ ਨਾਲ ਜੁੜ ਜਾਂਦਾ ਹੈ ਤਾਂ ਇਹੀ ਨਾਮ ਉਸ ਦੇ ਕਰੋੜਾਂ ਪਾਪ ਨਾਸ ਕਰ ਦਿੰਦਾ ਹੈ ।        ਅਤੇ

                    ਜਹਾ ਪੰਂਥਿ ਤੇਰਾ ਕੋ ਨ ਸਿਞਾਨੂ ॥ ਹਰਿ ਕਾ ਨਾਮ ਤਹਿ ਨਾਲਿ ਪਛਾਨੂ ॥  (264)
    ਹੇ ਜੀਵ , ਜਿਸ ਰਾਸਤੇ ਵਿਚ ਤੈਨੂ ਕੋਈ ਪਛਾਨਣ ਵਾਲਾ ਨਹੀਂ , ਓਥੇ ਪ੍ਰਭੂ ਦਾ ਨਾਮ , ਤੇਰੀ ਸਾਰ ਲੈਣ ਵਾਲਾ ਤੇਰਾ ਸੱਚਾ ਸਾਥੀ ਹੁੰਦਾ ਹੈ ।                                               ਅਤੇ

                    ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥ ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥  (264)
   ਭਗਤ ਵਾਸਤੇ ਪ੍ਰਭੂ ਦਾ ਨਾਮ ਹੀ , ਬੰਧਨਾਂ ਤੋਂ ਛੁਟਕਾਰੇ ਦਾ ਵਸੀਲਾ ਹੈ , ਕਿਉਂਕਿ ਪ੍ਰਭੂ ਦੀ ਰਜ਼ਾ ਵਿਚ ਚੱਲਣ ਨਾਲ ਹੀ ਭਗਤ ਵਿਸ਼ੇ-ਵਿਕਾਰਾਂ ਦੇ ਭੋਗ-ਵਿਲਾਸਾਂ ਤੋਂ ਰੱਜ ਜਾਂਦੇ ਹਨ ।      

         ॥11॥     ਮੀਤ ਸਖੇ ਕੇਤੇ ਜਗ ਮਾਹੀ ॥ ਬਿਨੁ ਗੁਰ ਪਰਮੇਸਰ ਕੋਈ ਨਾਹੀ ॥
                   ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ ॥11॥
    ਜਗਤ ਵਿਚ ਅਸੀਂ ਭਾਵੇਂ ਹਜ਼ਾਰਾਂ ਹੀ ਮਿਤਰ-ਸਾਥੀ ਬਣਾ ਲਈਏ , ਪਰ ਗੁਰ ( ਸ਼ਬਦ ਗੁਰੂ ) ਤੋਂ ਬਗੈਰ , ਪਰਮਾਤਮਾ ਨੂੰ ਮਿਲਣ ਦਾ ਰਾਹ ਦੱਸਣ ਵਾਲਾ ਕੋਈ ਨਹੀਂ ਹੈ , ਅਤੇ ਪਰਮਾਤਮਾ ਤੋਂ ਬਗੈਰ , ਵਿਕਾਰਾਂ ਵਿਚ ਡੁਬਦੇ ਜੀਵ ਦਾ ਕੋਈ ਸਹਾਈ ਨਹੀਂ ਹੁੰਦਾ । ਗੁਰ ਦੀ ਸੇਵਾ ( ਇਹ ਆਪਾਂ ਬਹੁਤ ਵਾਰੀ ਵਿਚਾਰਿਆ ਹੈ ਕਿ ਸ਼ਬਦ ਗੁਰੂ ਦੀ ਸੇਵਾ ਸ਼ਬਦ ਦੀ ਵਿਚਾਰ ਕਰਨਾ ਹੀ ਹੈ ) ਸ਼ਬਦ ਗੁਰੂ ਦੀ ਸਿਖਿਆ ਆਸਰੇ , ਹਰ ਵੇਲੇ ਹਰੀ ਦੇ ਗੁਣਾਂ ਦੀ ਵਿਚਾਰ ਨਾਲ ਜੁੜੀਦਾ ਹੈ । ਇਹ ਹੀ ਮੁਕਤੀ ਦਾ ਵਸੀਲਾ ਹੈ ।

         ॥12॥     ਕੂੜੁ ਛੋਡਿ ਸਾਚੇ ਕਉ ਧਾਵਹੁ ॥ ਜੋ ਇਛਹੁ ਸੋਈ ਫਲੁ ਪਾਵਹੁ ॥
                   ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ ॥12॥  (1028)
    ਹੇ ਭਾਈ ਮਾਇਆ ਦਾ ਮੋਹ ਛੱਡ ਕੇ , ਸੱਚੇ (ਸਦਾ ਕਾਇਮ ਰਹਣ ਵਾਲੇ) ਨੂੰ ਮਿਲਣ ਦਾ ਉੱਦਮ ਕਰੋ । ਇਸ ਤਰ੍ਹਾਂ ਜਿਸ ਚੀਜ਼ ਦੀ ਤੁਸੀਂ ਇੱਛਾ ਕਰੋਗੇ , ਉਹੀ ਮਿਲ ਜਾਵੇਗੀ । ( ਇਸ ਦਾ ਇਹ ਮਤਲਬ ਨਹੀਂ ਕਿ ਤੁਹਾਡੀਆਂ ਇਛਿਆਵਾਂ-ਤ੍ਰਿਸਨਾਵਾਂ ਪੂਰੀਆਂ ਹੋ ਜਾਣਗੀਆਂ । ਹਾਲਾਂਕਿ ਪੁਜਾਰੀ , ਇਸ ਦਾ ਖੁਲਾਸਾ ਨਾ ਕਰ ਕੇ ਇਸ ਨੂੰ ਆਪਣੀ ਲੁੱਟ ਦੇ ਸਾਧਨ ਵਜੋਂ ਵਰਤਦੇ ਹਨ । ਇਸ ਦਾ ਮਤਲਬ ਹੈ ਕਿ ਤੁਹਾਨੂ ਉਨ੍ਹਾਂ ਚੀਜ਼ਾਂ , ਜਿਨ੍ਹਾਂ ਦੀਆਂ ਤੁਸੀਂ ਇਛਿਆਵਾਂ ਕਰਦੇ ਹੋ , ਉਨ੍ਹਾਂ ਦੀ ਅਸਲੀਅਤ ਦੀ ਸੋਝੀ ਹੋ ਜਾਵੇਗੀ ਅਤੇ ਤੁਹਾਨੂੰ ਤ੍ਰਿਸ਼ਨਾਵਾਂ ਤੋਂ ਮੁਕਤੀ ਮਿਲ ਜਾਵੇਗੀ । )
    ਇਸ ਰਾਸ਼ੀ , ਜਮ੍ਹਾ-ਪੂੰਜੀ , ਸਚ , ਸਦਾ ਥਿਰ ਰਹਣ ਵਾਲੇ ਪ੍ਰਭੂ ਨੂੰ ਮਿਲਣ ਦਾ ਵਪਾਰ ਕਰਨ ਵਾਲੇ , ਬਹੁਤ ਵਿਰਲੇ  ( ਕੋਟਨ ਮੈ ਨਾਨਕ ਕੋਊ ) (1427)  ਹੀ ਹੁੰਦੇ ਹਨ । ਜਿਹੜਾ ਮਨੁੱਖ ਇਹ ਵਪਾਰ ਕਰਦਾ ਹੈ , ਉਹੀ ਇਸ ਜੀਵਨ ਦਾ ਲਾਹਾ ਖੱਟ ਕੇ , ਕਮਾਈ ਕਰ ਕੇ , ਇਸ ਸੰਸਾਰ ਤੋਂ ਜਾਂਦਾ ਹੈ ।

                                                         ਅਮਰ ਜੀਤ ਸਿੰਘ ਚੰਦੀ   
                                                                      10-1-2015

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.