ਕੈਟੇਗਰੀ

ਤੁਹਾਡੀ ਰਾਇ



ਕਸ਼ਮੀਰਾ ਸਿੰਘ (ਪ੍ਰੋ.) U.S.A.
ਦਸਵੇਂ ਪਾਤਿਸ਼ਾਹ ਵਲੋਂ ਪ੍ਰਵਾਨਿਤ ਨਿੱਤਨੇਮ ਕਿੱਥੇ ਹੈ ?
ਦਸਵੇਂ ਪਾਤਿਸ਼ਾਹ ਵਲੋਂ ਪ੍ਰਵਾਨਿਤ ਨਿੱਤਨੇਮ ਕਿੱਥੇ ਹੈ ?
Page Visitors: 2480

ਦਸਵੇਂ ਪਾਤਿਸ਼ਾਹ ਵਲੋਂ ਪ੍ਰਵਾਨਿਤ ਨਿੱਤਨੇਮ ਕਿੱਥੇ ਹੈ ?
 ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
    ਨਿੱਤਨੇਮ ਤੋਂ ਕੀ ਭਾਵ ਹੈ?
    ਨਿੱਤਨੇਮ ਤੋਂ ਭਾਵ ਹੈ ਨਿੱਤ ਜਾਂ ਰੋਜ਼ਾਨਾ ਕੀਤੇ ਜਾਣ ਵਾਲਾ ਧਾਰਮਿਕ ਕਰਮ ਜੋ ਆਪਣੇ ਇਸ਼ਟ ਦੀ ਯਾਦ ਤਾਜ਼ਾ ਰੱਖਣ ਵਿੱਚ ਸਹਾਇਤਾ ਕਰਦਾ ਹੈ । ਇਹ ਕਰਮ ਘੰਟਿਆਂ ਬੱਧੀ ਨਹੀਂ ਹੁੰਦਾ । ਇਸ ਧਾਰਮਿਕ ਕਰਮ ਦਾ ਸਮਾਂ ਹਰ ਇਕ ਸ਼ਰਧਾਲੂ ਲਈ ਇਸ ਢੰਗ ਨਾਲ਼ ਬਣਾਇਆ ਜਾਂਦਾ ਹੈ ਕਿ ਉਸ ਦੀ ਸੁਕ੍ਰਿਤ ਦੇ ਸਮੇਂ ਵਿੱਚ ਕੋਈ ਬਿਘਨ ਨਾ ਪਵੇ । ਇਸ ਪੱਖ ਤੋਂ ਦੇਖੀਏ ਤਾਂ ਹਿੰਦੂ ਜਗਤ ਦਾ ਗਾਇਤ੍ਰੀ ਮੰਤ੍ਰ ਉਨ੍ਹਾਂ ਦਾ ਨਿੱਤਨੇਮ ਹੈ ਜੋ ਕੇਵਲ 3 ਪਾਲ਼ਾਂ ਦਾ ਹੀ ਹੈ ਜਿਵੇਂ ਗੁਰਬਾਣੀ ਵਿੱਚ ਇਸ ਦਾ ਸੰਕੇਤ ਹੈ:
    ਤ੍ਰੈ ਪਾਲ ਤਿਹਾਲ ਬਿਚਾਰੰ॥ {ਗਗਸ ਪੰਨਾਂ 470}
    ਤਿਹਾਲ- ਤ੍ਰਿਕਾਲ਼, ਤਿੰਨ ਵੇਲੇ । ਤ੍ਰੈਪਾਲ-ਤਿੰਨ ਪਾਲਾਂ ਵਾਲੀ, ਤਿੰਨ ਪਦਾਂ ਵਾਲੀ ਤ੍ਰਿਪਦਾ; ਗਾਯਤ੍ਰੀ ਮੰਤਰ । ਗਾਯਤ੍ਰੀ ਇਕ ਬੜੇ ਪਵਿੱਤਰ ਛੰਦ ਦਾ ਨਾਮ ਹੈ, ਜਿਸ ਨੂੰ ਹਰੇਕ ਬ੍ਰਾਹਮਣ ਸੰਧਿਆ ਕਰਨ ਵੇਲੇ ਅਤੇ ਕਈ ਹੋਰ ਸਮਿਆਂ ਉੱਤੇ ਭੀ ਬੜੀ ਸ਼ਰਧਾ ਨਾਲ ਪੜ੍ਹਦਾ ਹੈ । ਇਹ ਮੰਤਰ ਰਿਗਵੇਦ ਦੇ ਤੀਜੇ ਮੰਡਲ ਵਿਚ ਲਿਖਿਆ ਹੈ । ਗੁਰੂ ਪਾਤਿਸ਼ਾਹਾਂ ਨੇ ਵੀ ਸਿੱਖ ਜਗਤ ਨੂੰ ਬਹੁਤ ਵਧੀਆ ਅਤੇ ਹਰ ਇੱਕ ਦੇ ਕਰਨ-ਯੋਗ ਨਿੱਤਨੇਮ ਬਖ਼ਸ਼ਿਆ ਹੈ ।
    ਗੁਰੂ ਨਾਨਕ ਪਾਤਿਸ਼ਾਹ ਜੀ ਦਾ ਬਖ਼ਸ਼ਿਆ ਨਿੱਤਨੇਮ ਕਿੱਥੇ ਹੈ?
    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂ ਵਿੱਚ ਦਰਜ ਹੈ । ਨਿੱਤਨੇਮ ਦੀ ਮੁੱਢਲੀ ਰੂਪ ਰੇਖਾ ਪਹਿਲੇ ਗੁਰੂ ਜੀ ਨੇ ਹੀ ਬਣਾ ਦਿੱਤੀ ਸੀ ਅਤੇ ਸਿੱਖਾਂ ਵਿੱਚ ਇਹ ਨਿੱਤਨੇਮ ਪ੍ਰਚੱਲਤ ਹੋ ਚੁੱਕਾ ਸੀ । ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਇੱਸ ਨਿੱਤਨੇਮ ਦੇ ਪ੍ਰਚੱਲਤ ਹੋਣ ਵਾਰੇ ਪੁਸ਼ਟੀ ਹੋ ਜਾਂਦੀ ਹੈ ਜਿਵੇਂ:
    ੳ). ਕਰਤਾਰਪੁਰ (ਪਾਕਿ) ਨਿੱਤਨੇਮੀ ਵਰਤਾਰਾ:
    ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ। ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ।
    ਉਲਟੀ ਗੰਗ ਵਹਾਈਓਨੁ ਗੁਰ ਅੰਗਦ ਸਿਰ ਉਪਰਿ ਧਾਰਾ। ਪੁਤ੍ਰੀਂ ਕੌਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ।
    ਬਾਣੀ ਮੁਖਹੁ ਉਚਾਰੀਐ ਹੋਇ ਰੁਸ਼ਨਾਈ ਮਿਟੈ ਅੰਧਿਆਰਾ। ਗਿਆਨ ਗੋਸ਼ਟਿ ਚਰਚਾ ਸਦਾ ਅਨਹਦ ਸ਼ਬਦ ਉਠੇ ਧੁਨਕਾਰਾ।
    ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਗੁਰਮੁਖਿ ਭਾਰ ਅਥਰਬਣ ਧਾਰਾ
। 38 ।
    ਸੋਦਰੁ- 3 ਸ਼ਬਦ ਮੌਜੂਦਾ ਨਿੱਤਨੇਮ ਦੇ ਪਹਿਲੇ ਗੁਰੂ ਜੀ ਦੇ ।
    ਜਾਪ- ਪਹਿਲੇ ਗੁਰੂ ਜੀ ਦੀ ‘ਜਪ’ ਜੀ ਦੀ ਬਾਣੀ, 38 ਪਉੜੀਆਂ ਅਤੇ 2 ਸ਼ਲੋਕ ।
    ਅ). ਗੁਰਸਿੱਖ ਨਿੱਤ ਕਰਮ:
    ਅੰਮ੍ਰਿਤ ਵੇਲੇ ਉਠ ਕੇ ਜਾਇ ਅੰਦਰ ਦਰਯਾਇ ਨ੍ਹਵੰਦੇ। ਸਹਜ ਸਮਾਧ ਅਗਾਧ ਵਿਚ ਇਕ ਮਨ ਹੋ ਗੁਰ ਜਾਪ ਜਪੰਦੇ।
    ਮਥੇ ਟਿਕੇ ਲਾਲ ਲਾਇ ਸਾਧ ਸੰਗਤ ਚਲ ਜਾਇ ਬਹੰਦੇ।  ਸ਼ਬਦ ਸੁਰਤਿ ਲਿਵਲੀਨ ਹੋਇ ਸਤਿਗੁਰ ਬਾਣੀ ਗਾਵ ਸੁਨੰਦੇ।
    ਭਾਇ ਭਗਤ ਭੈ ਵਰਤਮਾਨ ਗੁਰ ਸੇਵਾ ਗੁਰ ਪੁਰਬ ਕਰੰਦੇ। ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰ ਮੇਲ ਮਿਲੰਦੇ।
    ਰਾਤੀ ਕੀਰਤਿ ਸੋਹਿਲਾ ਕਰ ਆਰਤੀ ਪਰਸਾਦ ਵੰਡੰਦੇ। ਗੁਰਮੁਖਿ ਸੁਖਫਲ ਪਿਰਮ ਚਖੰਦੇ
। 3 ।
    ਸੋਹਿਲਾ- ਪਹਿਲੇ ਗੁਰੂ ਜੀ ਦੇ ਮੌਜੂਦਾ ਨਿੱਤਨੇਮ ਵਿੱਚ ਪਹਿਲੇ 3 ਸ਼ਬਦ ।
    ਪੰਜਵੇਂ ਗੁਰੂ ਜੀ ਵਲੋਂ ਸੰਪੂਰਨ ਕੀਤਾ ਨਿੱਤਨੇਮ ਕਿੱਥੇ ਹੈ?
    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂ ਵਿੱਚ ਦਰਜ ਹੈ ।
    ‘ਪੋਥੀ’ (ਆਦਿ ਬੀੜ/ਕਰਤਾਰਪੁਰੀ ਬੀੜ) ਦੀ ਰਚਨਾ ਸਮੇਂ ਪੰਜਵੇਂ ਗੁਰੂ ਜੀ ਨੇ ਪਹਿਲੇ ਗੁਰੂ ਜੀ ਵਲੋਂ ਬਣਾਏ ਨਿੱਤਨੇਮ ਵਿੱਚ ਵਾਧੇ ਕਰ ਕੇ ਨਿੱਤਨੇਮ ਦਾ ਨਵਾਂ ਸਰੂਪ ਬਣਇਆ । ਪਹਿਲੇ ਗੁਰੂ ਜੀ ਦੇ ਬਣਾਏ ਨਿੱਤਨੇਮ ਵਿੱਚੋਂ ਕੋਈ ਰਚਨਾ ਬਦਲੀ ਨਹੀਂ, ਸਗੋਂ ‘ਸੋ ਦਰੁ’ ਅਤੇ ਸੋਹਿਲੇ ਦੇ ਸ਼ਬਦਾਂ ਵਿੱਚ ਹੋਰ ਸ਼ਬਦ ਜੋੜੇ ਗਏ । ‘ਸੋ ਦਰੁ’ ਸੰਗ੍ਰਿਹ ਵਿੱਚ ਦੇ ਸ਼ਬਦ (ਇੱਕ ਆਪਣਾ ਅਤੇ ਇੱਕ ਪਿਤਾ ਗੁਰੂ ਜੀ ਦਾ) ਜੋੜੇ ਗਏ । ‘ਸੋ ਪੁਰਖੁ’ ਦਾ 4 ਸ਼ਬਦਾਂ ਦਾ ਨਵਾਂ ਸੰਗ੍ਰਿਹ (2 ਪਿਤਾ ਗੁਰੂ ਜੀ ਦੇ, ਇੱਕ ਆਪਣਾ ਅਤੇ ਇੱਕ ਪਹਿਲੇ ਗੁਰੂ ਜੀ ਦਾ) ਜੋੜ ਕੇ ਸ਼ਾਮ ਦੇ ਪਾਠ ਦੇ ਨੌਂ ਸ਼ਬਦ ਨਿਸਚਿਾਤ ਕੀਤੇ । ਪਹਿਲੇ ਗੁਰੂ ਜੀ ਦੇ ਸੋਹਿਲੇ ਦੇ 3 ਸ਼ਬਦਾਂ ਵਿੱਚ 2 ਹੋਰ ਸ਼ਬਦ (ਇੱਕ ਆਪਣਾ ਅਤੇ ਇੱਕ ਪਿਤਾ ਗੁਰੂ ਜੀ ਦਾ) ਜੋੜ ਦਿੱਤੇ ਗਏ । ਸਵੇਰ ਦਾ ਨਿੱਤਨੇਮ (ਜਪੁ ਜੀ) ਉਹੀ ਰੱਖਿਆ ਗਿਆ ।
    ਦਸਵੇਂ ਗੁਰੂ ਜੀ ਦਾ ਪ੍ਰਵਾਨਤ ਨਿੱਤਨੇਮ ਕਿੱਥੇ ਹੈ?
        ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂ ਉੱਤੇ ਦਰਜ ਹੈ । ਕਈ ਸੱਜਣ ਇਹ ਸਵਾਲ ਕਰਦੇ ਹਨ ਕਿ ਇਹ ਨਿੱਤਨੇਮ ਦਸਵੇਂ ਗੁਰੂ ਜੀ ਤੋਂ ਪ੍ਰਵਾਨਤ ਕਿਵੇਂ ਹੈ । ਪਹਿਲੇ ਪਾਤਿਸ਼ਾਹ ਵਲੋਂ ਬਣਾਇਆ ਨਿੱਤਨੇਮ ਉਨ੍ਹਾਂ ਵਲੋਂ ਪ੍ਰਵਾਨਤ ਸੀ ਜਿਸ ਨੂੰ ਪੰਜਵੇਂ ਪਾਤਿਸ਼ਾਹ ਜੀ ਨੇ ਪ੍ਰਵਾਨ ਕਰਦਿਆਂ ਉਸ ਵਿੱਚ ਵਾਧੇ ਕੀਤੇ ਅਤੇ ਨਵਾਂ ਸਰੂਪ ਕਾਇਮ ਕੀਤਾ । ਪੰਜਵੇਂ ਗੁਰੂ ਜੀ ਅਜਿਹੀ ਤਬਦੀਲੀ ਕਰਨ ਦੇ ਸਮਰੱਥ ਸਨ । ਨਿੱਤਨੇਮ ਦੇ ਇਸ ਨਵੇਂ ਸਰੂਪ ਨੂੰ ਛੇਵੇਂ, ਸੱਤਵੇਂ, ਅੱਠਵੇਂ ਅਤੇ ਨੌਵੇਂ ਗੁਰੂ ਜੀ ਨੇ ਪ੍ਰਵਾਨ ਕੀਤਾ ਪਰ ਇਸ ਦੇ ਸਰੂਪ ਵਿੱਚ ਕੋਈ ਤਬਦੀਲੀ ਨਹੀਂ ਕੀਤੀ ।
    ਦਸਵੇਂ ਗੁਰੂ ਜੀ ਨੇ ਨਿੱਤਨੇਮ ਇਉਂ ਪ੍ਰਵਾਨ ਕਰ ਲਿਆ:
    ਇੱਕ ਮੌਕਾ ਬਣਿਆਂ ਜਦੋਂ ਦਸਵੇਂ ਗੁਰੂ ਜੀ ਵਲੋਂ ਦਮਦਮੀ ਬੀੜ ਲਿਖਵਾਈ ਗਈ । ਲਿਖਣ ਦੀ ਸੇਵਾ ਭਾਈ ਮਨੀ ਸਿੰਘ ਨੇ ਨਿਭਾਈ ਜਿਵੇਂ ਪੰਜਵੇਂ ਗੁਰੂ ਜੀ ਸਮੇਂ ਇਹ ਸੇਵਾ ਭਾਈ ਗੁਰਦਾਸ ਨੇ ਨਿਭਾਈ ਸੀ । ਨੌਵੇਂ ਸਤਿਗੁਰੂ ਜੀ ਦੀ ਬਾਣੀ ਰਾਗ ਵਾਰ ਥਾਹੋਂ-ਥਾਹੀਂ ਦਰਜ ਕਰਵਾਈ ਗਈ । ਦਸਵੇਂ ਗੁਰੂ ਜੀ ਲਈ ਇਹ ਇੱਕ ਅਧਿਕਾਰਤ ਮੌਕਾ ਸੀ ਜਦੋਂ ਉਹ ਪੰਜਵੇਂ ਗੁਰੂ ਜੀ ਵਲੋਂ ਬਣਾਏ ਨਿੱਤਨੇਮ ਦੇ ਸਰੂਪ ਵਿੱਚ ਕੋਈ ਤਬਦੀਲੀ ਕਰ ਸਕਦੇ ਸਨ ਜਿਵੇਂ ਪੰਜਵੇਂ ਗੁਰੂ ਜੀ ਨੇ ‘ਪੋਥੀ’ (ਆਦਿ ਬੀੜ) ਨੂੰ ਲਿਖਵਾਉਣ ਸਮੇਂ ਪਹਿਲੇ ਗੁਰੂ ਜੀ ਦੇ ਬਣਾਏ ਨਿੱਤਨੇਮ ਵਿੱਚ ਵਾਧੇ ਕੀਤੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ । ਇਸ ਤੋਂ ਸਿੱਧਾ ਅਤੇ ਸਪੱਸ਼ਟ ਸੰਕੇਤ ਇਹੀ ਮਿਲ਼ਦਾ ਹੈ ਕਿ ਦਸਵੇਂ ਗੁਰੂ ਜੀ ਨੇ ਪੰਜਵੇਂ ਗੁਰੂ ਜੀ ਦੇ ਬਣਾਏ ਨਿੱਤਨੇਮ ਨੂੰ ਅੰਤਮ ਪ੍ਰਵਾਨਗੀ ਬਖ਼ਸ਼ ਦਿੱਤੀ ਸੀ ਜਿਸ ਸਦਕਾ ਉਸ ਸਮੇਂ ਦੇ ਸਿੱਖ ਇਹੀ ਪ੍ਰਵਾਨਤ ਨਿੱਤਨੇਮ ਕਰਦੇ ਸਨ ।
    ਨੋਟ: ਸੰਨ 1931 ਤੋਂ 1945 ਵਿੱਚ ਸ਼੍ਰੋ. ਕਮੇਟੀ ਵਲੋਂ ਬਣਾਈ ਸਿੱਖ ਰਹਤ ਮਰਯਾਦਾ ਵਿੱਚ ਬ੍ਰਾਹਮਣਵਾਦੀ ਰਚਨਾਵਾਂ ਨਾਲ਼ ਵਾਧੇ ਕਰ ਕੇ ਬਦਲਿਆ ਨਿੱਤਨੇਮ ਦਸਵੇਂ ਗੁਰੂ ਵਲੋਂ ਪ੍ਰਵਾਨਤ ਕੀਤੇ ਨਿੱਤਨੇਮ ਦੀ ਘੋਰ ਉਲੰਘਣਾ ਅਤੇ ਗੁਰੂ ਜੀ ਦੇ ਹੁਕਮਾਂ ਨੂੰ ਛਿੱਕੇ ਉੱਤੇ ਟੰਗਣ ਦੇ ਬਰਾਬਰ ਹੈ ।
    ਹਰ ਸਿੱਖ ਨੂੰ ਦਸਵੇਂ ਪਾਤਿਸ਼ਾਹ ਜੀ ਦਾ ਹੁਕਮ ਮੰਨ ਕੇ ਉਨ੍ਹਾਂ ਵਲੋਂ ਪ੍ਰਵਾਨਤ ਨਿੱਤਨੇਮ ਹੀ ਕਰਨਾ ਬਣਦਾ ਹੈ ਨਹੀਂ ਤਾਂ ਗੁਰੂ ਜੀ ਦੀ ਹ਼ੁਕਮ ਅ਼ਦੂਲੀ ਹੈ । ਜੇ ਪੁੱਤਰ ਆਪਣੇ ਪਿਉ ਦਾ ਹੁਕਮ ਹੀ ਨਾ ਮੰਨੇ ਤਾਂ ਉਸ ਪੁੱਤਰ ਨੂੰ ਕੀ ਕਹੋਗੇ? ਕੀ ਪਿਤਾ ਦੀ ਖ਼ੁਸ਼ੀ ਦਾ ਉਹ ਪਾਤ੍ਰ ਬਣ ਸਕੇਗਾ?
    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.