ਕੈਟੇਗਰੀ

ਤੁਹਾਡੀ ਰਾਇ



ਸੁਰਜੀਤ ਕੌਰ ਸੈਕਰਾਮੈਂਟੋ
# - ਹੁਣ ਮਾਂਵਾਂ ਦੇ ਜਾਗਣ ਦਾ ਵੇਲਾ - #
# - ਹੁਣ ਮਾਂਵਾਂ ਦੇ ਜਾਗਣ ਦਾ ਵੇਲਾ - #
Page Visitors: 2809

# - ਹੁਣ ਮਾਂਵਾਂ ਦੇ ਜਾਗਣ ਦਾ ਵੇਲਾ - #
   ਪੰਜਾਬ ਦੇ ਸਾਰੇ ਨਾਲੇ, ਨਦੀਆਂ ਅਤੇ ਦਰਿਆਵਾਂ ਵਿੱਚ ਨਸ਼ਿਆਂ ਦੀ ਸੁਨਾਮੀ ਹੈ। ਹਰ ਰੋਜ਼ ਇਸ ਦਾ ਵਹਾਅ ਵਧ ਰਿਹਾ ਹੈ, ਰੁਕਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਇਸ ਸੁਨਾਮੀ ਨੇ ਪੂਰੇ ਪੰਜਾਬ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ; ਇਹ ਭਾਵੇਂ ਪੰਜਾਬ ਦਾ ਧਾਰਮਿਕ ਢਾਂਚਾ ਹੈ ਜਾਂ ਸਿਆਸਤਦਾਨ ਹਨ, ਤੇ ਜਾਂ ਫਿਰ ਪੰਜਾਬ ਦਾ ਸਮਾਜ ਹੈ। ਇਸ ਸੁਨਾਮੀ ਵਿੱਚ ਪੰਜਾਬ ਰੁੜ੍ਹ ਰਿਹਾ ਹੈ, ਡੁੱਬ ਰਿਹਾ ਹੈ। ਸੱਤਾ `ਤੇ ਕਾਬਜ਼ ਲੋਕ ਇਸ ਸੁਨਾਮੀ ਦੀਆਂ ਭਿਆਨਕ ਲਹਿਰਾਂ ਵਿੱਚ ਡੁੱਬ ਰਹੇ ਪੰਜਾਬ ਨੂੰ ਹੈਲੀਕਾਪਟਰ ਅਤੇ ਜਹਾਜਾਂ ਉਤੇ ਚੜ੍ਹਚੜ੍ਹ ਵੇਖ ਰਹੇ ਹਨ। ਨਾਲ ਹੀ ਆਪਣੀ ਕਾਮਯਾਬੀ `ਤੇ ਠਹਾਕੇ ਵੀ ਲਗਾ ਰਹੇ ਹਨ। ਭਾਰਤ ਵਿੱਚ ਪੰਜਾਬ ਪਹਿਲਾ ਸੂਬਾ ਹੈ, ਤੇ ਪਹਿਲੇ ਨੰਬਰ `ਤੇ ਹੈ ਜੋ ਨਸ਼ਿਆਂ ਦੀ ਲਪੇਟ ਵਿੱਚ ਹੈ। ਨਸ਼ਿਆਂ ਦੇ ਇਸ ਹੜ੍ਹ ਵਿੱਚ ਜੇ ਕਿਸੇ ਦਾ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਹੈ ਤਾਂ ਉਹ ਪੰਜਾਬ ਦੀਆਂ ਮਾਂਵਾਂ ਹਨ, ਔਰਤਾਂ ਹਨ।
   ਔਰਤ ਮਾਂ ਹੈ, ਭੈਣ, ਪਤਨੀ, ਨੂੰਹ ਤੇ ਬੇਟੀ ਹੈ। ਅੱਜ ਪੰਜਾਬ ਦੀਆਂ ਲੱਖਾਂ ਮਾਂਵਾਂ ਦੇ ਪੁੱਤਰ ਨਸ਼ਿਆਂ ਵਿੱਚ ਡੁੱਬ ਚੁੱਕੇ ਹਨ ਅਤੇ ਮਾਨਸਿਕ ਤੇ ਸਰੀਰਕ ਤੌਰ `ਤੇ ਅਪਾਹਜ ਹੋ ਰਹੇ ਹਨ। ਬੇ- ਸ਼ੁਮਾਰ ਭੈਣਾਂ ਦੇ ਵੀਰ ਸਕੂਲਾਂ ਕਾਲਜਾਂ ਵਿਚੋਂ ਪੜ੍ਹਾਈਆਂ ਛੱਡ ਕੇ ਨਸ਼ਿਆਂ ਦੇ ਆਦੀ ਹੋ ਕੇ ਭਟਕ ਰਹੇ ਹਨ। ਅਣਗਿਣਤ ਮੁਟਿਆਰਾਂ ਦੇ ਜੀਵਨ ਸਾਥੀਆਂ ਨੂੰ ਨਸ਼ੇ ਦਾ ਅਜਗਰ ਨਿਗਲ ਰਿਹਾ ਹੈ। ਅਣਗਿਣਤ ਬੇਟੀਆਂ ਦੇ ਬਾਪ ਨਸ਼ਿਆਂ ਦੀ ਮਾਰ ਕਾਰਨ ਤੜਫ ਰਹੇ ਹਨ ਅਤੇ ਮੌਤ ਨੂੰ ਆਵਾਜ਼ਾਂ ਦੇ ਰਹੇ ਹਨ। ਨਸ਼ੇ ਵਿੱਚ ਡੁੱਬ ਰਹੇ ਆਦਮੀ ਦਾ ਸਿੱਧਾ ਸਬੰਧ ਮਾਂ, ਭੈਣ, ਪਤਨੀ, ਨੂੰਹ ਅਤੇ ਬੇਟੀ ਨਾਲ ਜੁੜਦਾ ਹੈ। ਫਿਰ ਦੱਸੋ, ਬਰਬਾਦ ਕੌਣ ਹੋ ਰਿਹਾ ਹੈ? ਪੰਜਾਬ ਦੀ ਮਾਂ ਬਰਬਾਦ ਹੋ ਰਹੀ ਹੈ ਅਤੇ ਚਾਰੇ ਪਾਸਿਓਂ ਲੁੱਟੀ ਜਾ ਰਹੀ ਹੈ। ਪੰਜਾਬ ਦੀ ਮਾਂ ਦਾ ਘਰ ਅਤੇ ਪਰਿਵਾਰ ਨਸ਼ੇ ਦੀ ਦਲਦਲ ਵਿੱਚ ਧਸ ਰਿਹਾ ਹੈ ਤੇ ਉਹ ਬੇਵਸ ਅਤੇ ਲਾਚਾਰ ਖੜ੍ਹੀ ਦੇਖ ਰਹੀ ਹੈ।
      ਹੁਣ ਇੰਨੀਆਂ ਤਕਲੀਫ਼ਾਂ ਅਤੇ ਮੁਸੀਬਤਾਂ ਤੋਂ ਬਾਅਦ ਪੰਜਾਬ ਦੀ ਮਾਂ ਨੂੰ ਜਾਗਣਾ ਪਵੇਗਾ। ਉਸ ਨੂੰ ਆਪਣੇ ਡੁੱਬ ਰਹੇ ਪੰਜਾਬ ਨੂੰ ਬਚਾਉਣ ਲਈ ਕਮਰ ਕੱਸਣੀ ਪਵੇਗੀ ਅਤੇ ਨਸ਼ਿਆਂ ਦੀ ਸੁਨਾਮੀ ਨੂੰ ਠੱਲ੍ਹ ਪਾਉਣ ਲਈ ਮੈਦਾਨ ਵਿੱਚ ਨਿਤਰਨਾ ਪਵੇਗਾ। ਅੱਜ ਦਾ ਸਮਾਂ ਪੰਜਾਬ ਲਈ ਅਤਿ ਚੁਣੌਤੀਆਂ ਭਰਪੂਰ ਹੈ ਅਤੇ ਸੱਤਾ `ਤੇ ਕਾਬਜ਼ ਲੋਕ ਤੇ ਹੋਰ ਆਗੂ ਇਹਨੂੰ ਬਚਾਉਣ ਲਈ ਕੁੱਝ ਨਹੀਂ ਕਰ ਰਹੇ। ਵਜ਼ੀਰਾਂ ਦੇ ਨਾਂ ਡਰੱਗ ਤਸਕਰੀ ਵਿੱਚ ਗੂੰਜ ਰਹੇ ਹਨ। ਮੰਤਰੀ-ਸੰਤਰੀ ਭ੍ਰਿਸ਼ਟਾਚਾਰ ਦੀ ਕਤਾਰ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ। ਜਨਤਾ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਸਰਹੱਦਾਂ ਉਤੇ ਧਰਨੇ ਅਤੇ ਭਾਸ਼ਣ ਦਿੱਤੇ ਜਾਂਦੇ ਹਨ, ਪਰ ਜੋ ਧਰਨੇ ਦੇ ਰਹੇ ਹਨ, ਉਹ ਆਪ ਹੀ ਡਰੱਗ ਮਾਫੀਆ ਦੇ ਸਰਗਨੇ ਹਨ। ‘ਰਾਜੇ ਸੀਹ ਮੁਕਦਮ ਕੁਤੇ’ ਦੀ ਨਿਆਈਂ ਸਿਖਰ ਦੁਪਹਿਰੇ ਪੰਜਾਬ ਨੂੰ ਲੁੱਟਿਆ ਤੇ ਡੋਬਿਆ ਜਾ ਰਿਹਾ ਹੈ। ਜਿਥੇ ਸਿਆਸਤ ਦੇ ਸਿਰ ਉਤੇ ਧਰਮ ਦਾ ਕੁੰਡਾ ਹੋਣਾ ਚਾਹੀਦਾ ਸੀ, ਉਥੇ ਸਿਆਸਤ `ਤੇ ਕਾਬਜ਼ ਲੋਕਾਂ ਨੇ ਧਰਮ ਨੂੰ ਆਪਣੀ ਜੇਬ ਵਿੱਚ ਪਾਇਆ ਹੋਇਆ ਹੈ। ਧਰਮ ਦੇ ਰਖਵਾਲਿਆਂ ਦੀ ਜ਼ੁਬਾਨ ਸਿਆਸਤਦਾਨਾਂ ਦੇ ਇਸ਼ਾਰੇ `ਤੇ ਖੁੱਲ੍ਹਦੀ ਤੇ ਬੰਦ ਹੁੰਦੀ ਹੈ। ਸਮਾਜ ਦਾ ਜੋ ਉਤਲਾ ਅਮੀਰ ਵਰਗ ਹੈ, ਤੇ ਜਿਸ ਦੀ ਸਰਕਾਰੇ-ਦਰਬਾਰੇ ਤਕੜੀ ਭਾਈਵਾਲੀ ਹੈ, ਉਹ ਵੀ ਖਾਮੋਸ਼ ਹੈ, ਕਿਉਂਕਿ ਉਸ ਨੂੰ ਕੋਈ ਖਤਰਾ ਨਹੀਂ ਹੈ। ਦੂਜੇ ਬੰਨੇ ਮੱਧ ਵਰਗੀ ਸਮਾਜ ਦੇ ਆਮ ਲੋਕ ਚੱਕੀ ਦੇ ਦੋ ਪੁੜਾਂ ਵਿਚਕਾਰ ਪਿਸ ਰਹੇ ਹਨ। ਪੜ੍ਹਿਆ-ਲਿਖਿਆ ਨੌਜਵਾਨ ਤਬਕਾ ਬੇਕਾਰੀ ਦੀ ਮਾਰ ਵਿੱਚ ਤੜਫਦਾ ਨਸ਼ਿਆਂ ਦੇ ਸਾਗਰ ਵਿੱਚ ਡੁੱਬ ਰਿਹਾ ਹੈ। ਪਿੰਡਾਂਪਰਿਵਾਰਾਂ ਦੇ ਆਮ ਘਰਾਂ ਵਿੱਚ ਤਾਂ ਰੋਜ਼ ਸ਼ਾਮ ਨੂੰ ਸ਼ਰਾਬ ਦੇ ਦੌਰ ਚਲਾਉਣ ਦੀ ਪਰੰਪਰਾ ਬਣ ਚੁੱਕੀ ਹੈ। ਬਹੁਤੇ ਬਾਪ ਖੁਦ ਆਪਣੇ ਪੁੱਤਰਾਂ ਨੂੰ ਨਾਲ ਬਿਠਾ ਕੇ ਸ਼ਰਾਬ ਪੀਣ ਲਈ ਉਤਸ਼ਾਹਿਤ ਕਰਦੇ ਹਨ। ਪਿੰਡ-ਪਿੰਡ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ। ਸਮੇਂ ਦੀ ਸਰਕਾਰ ਦਾ ਸਾਰਾ ਕਾਰੋਬਾਰ ਸ਼ਰਾਬ ਦੀ ਕਮਾਈ ਦੇ ਸਿਰ ਉਤੇ ਹੀ ਚੱਲ ਰਿਹਾ ਹੈ। ਸ਼ਰਾਬ ਤੋਂ ਇਲਾਵਾ ਅੱਜ ਦੀ ਪੀੜ੍ਹੀ ਭੁੱਕੀ, ਚਰਸ, ਸਮੈਕ, ਨਸ਼ੇ ਦੇ ਟੀਕਿਆਂ ਤੇ ਗੋਲੀਆਂ ਅਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਜਾਨਲੇਵਾ ਨਸ਼ਿਆਂ ਦੇ ਸੇਵਨ ਕਰ-ਕਰ ਕੇ ਆਪਣੀ ਜ਼ਿੰਦਗੀ ਨੂੰ ਮੌਤ ਦੇ ਮੂੰਹ ਧੱਕ ਰਹੀ ਹੈ। ਕੈਮਿਸਟਾਂ ਦੀਆਂ ਦੁਕਾਨਾਂ ਤੋਂ ਲੈ ਕੇ ਆਮ ਥਾਂਵਾਂ ਬਲਕਿ ਸਕੂਲਾਂ, ਕਾਲਜਾਂ ਦੇ ਗੇਟਾਂ ਦੇ ਅੱਗੇ ਸ਼ਰੇਆਮ ਨਸ਼ੇ ਵਿਕ ਰਹੇ ਹਨ।
        
ਅਫ਼ਸਰਸ਼ਾਹੀ ਨਸ਼ੇ ਦੀਆਂ ਪੁੜੀਆਂ ਵੇਚਣ ਵਾਲਿਆਂ ਨੂੰ ਤਾਂ ਫੜ-ਫੜ ਕੇ ਜੇਲ੍ਹਾਂ ਵਿੱਚ ਸੁੱਟ ਰਹੀ ਹੈ, ਪਰ ਨਸ਼ੇ ਦੇ ਸੌਦਾਗਾਰਾਂ ਦਾ ਸਾਥ ਦੇ ਰਹੀ ਹੈ ਤੇ ਉਨ੍ਹਾਂ ਨੂੰ ਸਲੂਟ ਵੀ ਮਾਰ ਰਹੀ ਹੈ। ਇੱਕ ਜਮਾਤ ਹੈ ਪੰਜਾਬੀ ਬੋਲੀ ਦੇ ਪੁੱਤਰਾਂ ਤੇ ਧੀਆਂ ਦੀ, ਜਿਨ੍ਹਾਂ ਦੇ ਹੱਥਾਂ ਵਿੱਚ ਰੱਬ ਨੇ ਕਲਮਾਂ ਦਿੱਤੀਆਂ ਹਨ। ਮੈਂ ਪੜ੍ਹਿਆ ਵੀ ਹੈ ਤੇ ਸੁਣਿਆ ਵੀ, ਕਿ ਕਲਮ ਦੀ ਤਾਕਤ ਤਲਵਾਰ ਨਾਲੋਂ ਕਿਤੇ ਜ਼ਿਆਦਾ ਵੱਧ ਹੁੰਦੀ ਹੈ, ਪਰ ਅੱਜ ਕਲਮਾਂ ਵਾਲੇ ਵੀ ਪੰਜਾਬ ਨਾਲ ਅਨਿਆਂ ਕਰ ਰਹੇ ਹਨ ਅਤੇ ਪੰਜਾਬ ਅੰਦਰ ਹੋ ਰਹੀਆਂ ਬੇਨਿਯਮੀਆਂ ਰੋਕਣ ਵਿੱਚ ਨਾਕਾਮਯਾਬ ਰਹੇ ਹਨ। ਦੁਖਾਂਤ ਤਾਂ ਇਹ ਹੈ ਕਿ ਬਹੁਤੇ ਕਲਮਾਂ ਵਾਲੇ ਆਪ ਹੀ ਮੈਖਾਨਿਆਂ ਵਿੱਚ ਉਲਝ ਕੇ ਰਹਿ ਗਏ ਹਨ ਅਤੇ ਉਨ੍ਹਾਂ ਦੀ ਲੇਖਣੀ ਵੀ ਆਸ਼ਕ-ਮਾਸ਼ੂਕ ਤੇ ਜਾਮ ਤੱਕ ਹੀ ਸਿਮਟ ਗਈ ਹੈ।
    ਬਸ ਹੁਣ ਇਕੋ ਇੱਕ ਆਸ ਬਾਕੀ ਹੈ ਅਤੇ ਉਹ ਹੈ ਪੰਜਾਬ ਦੀ ਮਾਂ ਉਤੇ। ਗੱਲ ਆਸਾਨ ਨਹੀਂ, ਬਹੁਤ ਔਖੀ ਤੇ ਕਠਿਨ ਹੈ, ਪਰ ਜੇ ਪੰਜਾਬ ਦੀ ਮਾਂ ਜਾਗ ਉਠਦੀ ਹੈ ਤਾਂ ਮੱਸਿਆ ਦੀ ਕਾਲੀ ਬੋਲੀ ਹਨੇਰੀ ਰਾਤ ਵਿੱਚ ਜੋ ਜੁਗਨੂੰ ਟਿਮਟਿਮਾਉਂਦਾ ਨਜ਼ਰ ਆਉਂਦਾ ਹੈ, ਉਹ ਪੂਰਨਮਾਸ਼ੀ ਦਾ ਚੰਦਰਮਾ ਬਣ ਕੇ ਨਸ਼ਿਆਂ ਵਿੱਚ ਡੁੱਬ ਰਹੇ ਲੋਕਾਂ ਨੂੰ ਰਸਤਾ ਦਿਖਾ ਸਕਦਾ ਹੈ। ਪੰਜਾਬ ਦੇ ਹਰ ਖੇਤਰ ਵਿੱਚ ਔਰਤ ਅੱਜ ਭਰਪੂਰ ਮੱਲਾਂ ਮਾਰ ਰਹੀ ਹੈ, ਸਿਆਸਤ ਦੇ ਪਿੜ ਵਿੱਚ ਵੀ ਇਹ ਮੂਹਰਲੀ ਕਤਾਰ ਵਿੱਚ ਖੜ੍ਹੀ ਹੈ, ਪਰ ਉਸ ਨੂੰ ਰਤਾ ਕੁ ਹਲੂਣਾ ਦੇਣ ਦੀ ਜ਼ਰੂਰਤ ਹੈ, ਜਗਾਉਣ ਦੀ ਲੋੜ ਹੈ। ਸ਼ਾਇਦ ਪੰਜਾਬੀ ਔਰਤ ਨਵੇਂ ਯੁੱਗ ਦੀ ਦੌੜ ਵਿੱਚ ਸ਼ਾਮਲ ਹੋ ਕੇ ਇਹ ਵਿਸਾਰ ਚੁੱਕੀ ਹੈ ਕਿ ਮਾਂ ਤਾਂ ਹੈ ਹੀ ਬਲੀਦਾਨ ਦਾ ਨਾਂ। ਇਸ ਲਈ ਹੁਣ ਪੰਜਾਬ ਦੀਆਂ ਮਾਂਵਾਂ, ਭੈਣਾਂ, ਬੇਟੀਆਂ, ਪਤਨੀਆਂ ਤੇ ਨੂੰਹਾਂ ਨੂੰ ਆਪਣੇ ਪੰਜਾਬ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਇਕਜੁੱਟ ਹੋਣਾ ਪਵੇਗਾ; ਇੱਕ ਖਾਸ ਵਿਚਾਰ ਤੇ ਨਿਸ਼ਾਨਾ ਲੈ ਕੇ ਮੈਦਾਨ ਵਿੱਚ ਉਤਰਨਾ ਪਵੇਗਾ; ਲੀਡਰੀ ਤੇ ਚੌਧਰ ਦੀ ਹਵਸ ਨੂੰ ਪਰ੍ਹਾਂ ਸੁੱਟ ਕੇ ਸਿਰਫ ਤੇ ਸਿਰਫ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤੀ ਦਿਵਾ ਕੇ ਪੰਜਾਬ ਦੀ ਆਬੋ-ਹਵਾ ਨੂੰ ਸਾਫ਼ ਤੇ ਸਵੱਛ ਬਣਾਉਣ ਲਈ ਪ੍ਰਣ ਕਰਨਾ ਹੋਵੇਗਾ। ਜੋ ਮਰਦ ਸਮਾਜ ਅੱਜ ਨਸ਼ਿਆਂ ਵਿੱਚ ਡੁੱਬ ਕੇ ਪੰਜਾਬ ਦੇ ਨਾਂ ਨੂੰ ਕਲੰਕ ਲਾ ਰਿਹਾ ਹੈ, ਇਸ ਕਲੰਕ ਨੂੰ ਵੀ ਮਿਲ ਕੇ ਧੋਣਾ ਹੋਵੇਗਾ। ਇਸ ਅਤਿ ਔਖੇ ਕਾਰਜ ਨੂੰ ਮੁਹਿੰਮ ਵਾਂਗ ਸ਼ੁਰੂ ਕਰ ਕੇ ਪੰਜਾਬ ਦੀਆਂ ਮਾਂਵਾਂ ਨਵਾਂ ਇਤਿਹਾਸ ਰਚ ਸਕਦੀਆਂ ਹਨ।
ਔਰਤ ਅਗਰ ਠਾਣ ਲਵੇ ਤਾਂ ਕੀ ਨਹੀਂ ਕਰ ਸਕਦੀ? ਅੱਜ ਔਰਤ ਸੰਸਾਰ ਵਿੱਚ ਛਾਈ ਹੋਈ ਹੈ। ਔਰਤ ਮਾਈ ਭਾਗੋ ਹੈ, ਰਾਣੀ ਝਾਂਸੀ ਹੈ, ਕਲਪਨਾ ਚਾਵਲਾ ਹੈ, ਸੁਨੀਤਾ ਵਿਲੀਅਮ ਹੈ, ਤੇ ਮਦਰ ਟਰੇਸਾ ਵੀ। ਫਿਰ ਪੰਜਾਬੀ ਮਾਂਵਾਂ ਤਾਂ ਸ਼ੇਰਨੀਆਂ ਹਨ, ਬਹਾਦਰ ਹਨ, ਜੰਗਜੂ ਹਨ। ਆਓ! ਅੱਜ ਫਿਰ ਜਾਗਣ ਅਤੇ ਕੁੱਝ ਕਰ ਗੁਜ਼ਰਨ ਦਾ ਵਕਤ ਹੈ; ਇਸ ਲਈ ਜਾਗੀਏ, ਉਠੀਏ ਤੇ ਨਸ਼ਿਆਂ ਵਿੱਚ ਡੁੱਬ ਰਹੇ ਪੰਜਾਬ ਨੂੰ ਬਚਾਈਏ। ਪੰਜਾਬ ਹਾਕਾਂ ਮਾਰ ਰਿਹਾ ਹੈ।

 ਸੁਰਜੀਤ ਕੌਰ ਸੈਕਰਾਮੈਂਟੋ
(With thanks from Punjab Times)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.