ਕੈਟੇਗਰੀ

ਤੁਹਾਡੀ ਰਾਇ



ਸਰਵਣ ਔਜਲਾ
* - # ਸਵਰਾਜ ਕੌਰ # - *
* - # ਸਵਰਾਜ ਕੌਰ # - *
Page Visitors: 2865

       * -  # ਸਵਰਾਜ  ਕੌਰ # - *
“ਮਾਂ ਮੈਂ ਸੀਤੇ ਕੇ ਘਰੋਂ ਆ ਰਹੀ ਸੀ।ਮੈਂ ਦੇਖਿਆ ਕਿ ਤਿੰਨ ਚਾਰ ਫੌਜੀ ਕਿਸੇ ਨੂੰ ਵੱਢਣ ਡਹੇ ਹੋਏ ਸੀ।ਕਈ ਲੋਕ ਕੁਛ ਦੂਰ ਖੜ੍ਹੇ ਇਸ ਪੈਂਦੀ ਮਾਰ ਨੂੰ ਦੇਖ ਰਹੇ ਸੀ ।ਕੋਈ ਵੀ ਫੌਜੀਆਂ ਨੂੰ ਪੁੱਛ ਨਹੀਂ ਰਿਹਾ ਸੀ ਕਿ ਉਸ ਦਾ ਕੀ ਕਸੂਰ ਹੈ ।ਮੈਂ ਜਰਾ ਰੁਕ ਕੇ ਦੇਖਿਆ ਕਿ ਇਹ ਸੁਰਤੂ ਕਾ ਕਰਮ ਸਿਹੁੰ ਸੀ ਜਿਸ ਨੂੰ ਮਾਰ ਰਹੇ ਸਨ।ਵਿਚਾਰਾ ਕਿੰਨਾ ਚੰਗਾ ਮੁੰਡੈ ।ਕਦੇ ਕਿਸੇ ਬੱਲ ਅੱਖ ਚੁੱਕ ਕੇ ਨੀ ਝਾਕਦਾ । ਇਹ ਉਸ ਨੂੰ ਬੱਢਣ ਡਹੇ ਹੋਏ ਸੀ ।ਮੈਨੂੰ ਬਹੁਤ ਗੁੱਸਾ ਆਇਆ ਤੇ ਓਥੋਂ ਤੁਰ ਆਈ।ਅੱਗੇ ਮੀਤੋ ਕੇ ਦਲਾਣ ‘ਚ ਕਈ ਤੀਮੀਆਂ ਖੜ੍ਹੀਆਂ ਸਨ।ਉਹਨਾਂ ਚੋਂ ਕਰਮੋ ਨੇ ਮੈਂਨੂੰ  ਹਾਕ ਮਾਰ ਲੀ।ਮੈਂ ਉਹਨਾਂ ਕੋਲ ਚਲੀ ਗਈ ।ਸਾਰੀਆਂ ਕਹਿੰਦੀਆਂ ਬਈ ਕੀ ਹੁੰਦੈ ਪਿਐ ਓਥੇ।ਮੈਂ ਦੱਸਤਾ ਬਈ ਸੁਰਤੇ ਕੇ ਕਰਮ ਸਿਹੁੰ ਨੂੰ ਬੱਢੀ ਜਾਂਦੇ ਐ ।ਪਤਾ ਨੀ ਉਸ ਤੋਂ ਕੀ ਕਸੂਰ ਹੋ ਗਿਐ ।ਮੈਨੂੰ ਤਾਂ ਉਹ ਬਿਚਾਰਾ ਬਹੁਤ ਚੰਗਾ ਲਗਦੈ।“ ਸਵਰਾਜ ਕੌਰ ਜਿਸਨੂੰ ਸਾਰੇ ਰਾਜ ਕਹਿੰਦੇ ਸਨ ,ਨੇ ਉਹਨਾਂ ਨੂੰ ਦੱਸਿਆ।
“ਜਾਏ ਖਾਣੇ ਐਮਂੇ ਈ ਲੋਕਾਂ ਦੀ ਖੱਲ ਲੌਹਣ ਆ ਜਾਂਦੇ ਨੇ ।ਕਦੇ ਕਹਿੰਦੇ ਐ,” ਥੋਡੇ ਘਰ ਫਲਾਣਾ ਸਿੰਘ ਰੋਟੀ ਖਾਕੇ ਗਿਅ;ੈ ਤੁਸੀਂ ਉਸ ਨੂੰ ਫੜਾਇਆ ਕਿਉਂ ਨੀ ।ਕਦੇ ਕਿਸੇ ਨੂੰ ਸਿੰਘਾਂ ਦੀ ਮੱਦਤ ਕਰਨ ਦਾ ‘ਲਜਾਮ ਲਾਕੇ ਲੈ ਜਾਂਦੇ ਆ ।ਫੇਰ ਉਹ ਬੰਦਾ ਘਰ ਨੀ ਮੁੜਦਾ ।ਜਦ ਕਿਸੇ ਨੂੰ ਚੁੱਕ ਲੈਂਦੇ ਆ ਤਾਂ ਉਸ ਨੂੰ ਕਹਿਣਗੇ ਤੂੰ ਮੁਸਲਮਾਨ ਬਣ ਜਾ ਤੇ ਫੇਰ ਮੌਜਾਂ ਕਰੀਂ ।ਜੇ ਉਹ ਨਹੀਂ ਮੰਨਦਾ ਤਾਂ ਉਸ ਦੀ ਕੋਈ ਉੱਘ ਸੁੱਘ ਬੀ ਨੀ ਨਿੱਕਲਦੀ ।“ ਕਰਮੋ ਨੇ ਕਿਹਾ।
“ ਸਾਰਿਆਂ ਦੀ ਸ਼ਰਮ ਹਿਆ ਈ ਖਤਮ ਹੋਗੀਐ । ਕੋਈ ਬੋਲਣ ਬਾਲਾ ਨੀ।ਸ਼ਰੇਆਮ ਲੋਕਾਂ ਦੀਆਂ  ਨੌਜਬਾਨ ਕੁੜੀਆਂ ਨੂੰ ਧੱਕੇ ਨਾਲ ਲੈ ਜਾਂਦੇ ਆ ; ਕੋਈ ਕੁਸਕਦਾ ਨੀ ।ਸਗੋਂ ਹਾੜੇ ਕੱਢਣ ਲਗ ਜਾਂਦੇ ਆ।‘ਜੀ ਤੁਸੀਂ ਸਾਡੇ ਮਾਂ  ਪਿਉ ਓਂ ਸਾਡੀ ਬੱਚੀ ਨੂੰ ਨਾ ਲਿਜਾਓ।ਇਹ ਥੋਡੀ ਧੀਆਂ ਅਰਗੀ ਐ।ਅੱਗੋਂ ਉਹ ਕੀ ਕਹਿੰਦੇ ਆ । ਕੋਈ ਨੀ ਤੁਸੀਂ ਦੋ ਦਿਨਾਂ ਨੂੰ ਆ ਜਾਇਓ; ਤੋਰ ਦਿਆਂਗੇ ਥੋਡੇ ਨਾਲ।‘” ਬਿਸ਼ਨੀ ਨੇ ਕਹਾਣੀ ਦੱਸੀ ।“ਕੋਈ ਅਗਿਓਂ ਇਹ ਕੋਈ ਕਿਉਂ ਨੀ ਕਹਿੰਦਾ ਬਈ ਜੇ ਥੋਡੀ ਕੁੜੀ ਨੂੰ ਕੋਈ ਚੱਕੇ ਤੇ ਕਹੇ,’ ਦੋ ਦਿਨਾਂ ‘ਚ ਕੀ ਹੁੰਦੇ ਆ  ਜਾਇਓ ,ਲੈ ਆਇਓ; ਤਾਂ ਕੀ ਹੋਊ ?” ਮੈਂ  ਆਪਣੇ ਮਨ ‘ਚ ਕਿਹਾ ।
“ ਤੂੰ ਬੀ ਇਉਂ ਨਾ ਬਾਹਰ ਫਿਰਿਆ ਕਰ।ਏਨ੍ਹਾਂ ਸਰਕਾਰੀ ਮਸ਼ਟੰਡਿਆਂ ਦਾ ਕੀ ‘ਤਬਾਰ ਐ।“ ਮਾਂ ਨੇ ਕਿਹਾ ।“ ਮਾਂ ਸਾਡੇ ਲੋਕ ਭੇਡਾਂ ਕਿਉਂ ਬਣਗੇਆ? ਆਪਸ ਬਿੱਚ ਲੜਨ ਬੇਲੇ ਤਾਂ ਸ਼ੇਰ ਬਣ ਜਾਂਦੇ ਆ ਪਰ ਏਨ੍ਹਾਂ ਮੁਸ਼ਟੰਡਿਆਂ ਸਾਹਮਣੇ ਰਾਮ ਗਊਆਂ ।“ ਰਾਜ ਨੇ ਸਵਾਲ ਕੀਤਾ। ਮਾਂ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ। ਉਸ ਪਾਸ ਕੋਈ ਜਵਾਬ ਹੈ ਹੀ ਨਹੀਂ ਸੀ। 
ਰਾਜ ਦੀ ਸੋਚ ਰੁਕੀ ਨਹੀਂ ।ਉਸਦਾ ਮਨ ਚੁੱਪ ਨਹੀਂ ਹੋ ਰਿਹਾ ਸੀ।‘ ਅਜੇ ਦੋ ਸਾਲ ਪਹਿਲਾਂ ਸਰਹਿੰਦ ਵਿੱਚ ਦਸਵੇਂ ਗੁਰੂ ਜੀ ਦੇ ਦੋ ਛੋਟੇ ਸਾਹਿਬ ਜ਼ਾਦਿਆਂ ਨੂੰ ਕਿਵੇਂ ਮਾਰਿਆ ਸੀ ,ਸਮਾਣੇ ਦੇ ਜਲਾਦਾਂ ਨੇ ।ਪਹਿਲਾਂ ਤਾਂ ਉਹਨਾਂ ਨੂੰ ਇਕ ਕੰਧ ਵਿੱਚ ਜੀਂਦੇ ਜੀ ਚਿਣਾ ਦਿੱਤਾ ਪਰ ਉਹ ਕੰਧ ਆਪ ਈ ਢਹਿ ਗਈ ।ਸਾਹਿਬ ਜ਼ਾਦੇ ਜੀਂਦੇ ਸਨ ਪਰ ਇਹਨਾਂ  ਜ਼ਾਲਮਾਂ ਨੇ ਸਮਾਣੇ ਦੇ ਜਲਾਦਾਂ ਨੇ ਉਹਨਾਂ ਦੀਆਂ ਛਾਤੀਆਂ ਉੱਪਰ ਬੈਠ ਕੇ ਹੌਲੀ ਹੌਲੀ ਜ਼ਿਬ੍ਹਾ ਕੀਤਾ।ਸਾਰੇ ਮਰਗੇ ਕਿਸੇ ਨੇ ਵੀ ਨਾ ਕਿਹਾ ,” ਇਹਨਾਂ ਮਾਸੂਮਾਂ ਨੂੰ ਨਾ ਮਾਰੋ। ਇਕ ਦਿਨ ਪਹਿਲਾਂ ਹਾਅ ਦਾ ਨਾਅਰਾ ਮਾਰਨ ਵਾਲਾ ਕੋਟਲੇ ਵਾਲਾ ਵੀ ਓਥੇ ਨਾ ਗਿਆ ।ਉਂਜ ਉਹ ਵੀ ਸੂਬੇਦਾਰ ਦਾ ਆੜੀ ਸੀ ।ਜੇ ਬਹੁਤਾ ਜੋਰ ਲਾਉਂਦਾ ਤਾਂ ਸੂਬੇਦਾਰ ਮੰਨ ਵੀ ਜਾਂਦਾ ਸ਼ਾਇਦ। ਸਾਰੇ ਹਾਕਮ ਇੱਕੋ ਜੇ ਈ ਨੇ । ਇਹ ਆਪ ਕਿਹੜਾ ਚੰਗਾ ਸੀ।ਕਹਿੰਦੇ ਆ ਕਿ ਇਹ ਅਨੂਪ ਕੌਰ ਨੂੰ ਚੁੱਕ ਲਿਆਇਆ ਸੀ। ਉਸ ਨੂੰ ਆਪਣੀ ਬੇਗਮ ਬਣਾਉਣਾ ਚਾਹੁੰਦਾ ਸੀ ਪਰ ਉਹਨੇ ਮੰਨਣ ਦੀ ਥਾਂ ਮਰਨਾ ਹੀ ਚੰਗਾ ਮੰਨਿਆਂ ਤੇ ਜਾਨ ਦੇ ਦਿੱਤੀ । 
ਬਾਹਰ ਰੌਲ਼ਾ ਪੈਂਦਾ ਸੁਣ ਕੇ ਗੁਰਦੇਈ ਨੇ ਬੂਹੇ ਨੂੰ ਢੋ ਕੇ ਕੁੰਡਾ ਲਾ ਦਿੱਤਾ।“ਸ਼ਾਇਦ ਮਰ ਜਾਣੇ ਏਧਰ ਨੂੰ ਆ ਰਹੇ ਨੇ।“ ਉਸ ਨੇ ਡਰ ਭਾਂਪਦਿਆਂ ਕਿਹਾ ।“ਅੱਜ ਵੀਰਾ ਤੇ ਬਾਪੂ ਕਿਥੇ ਗਏ ਨੇ ਮੈਨੂੰ ਤਾਂ ਦੱਸ ਕੇ ਨੀ ਗਏ।ਅੱਗੇ ਤਾਂ ਜਦ ਲਾਂਬ੍ਹੇ ਜਾਣਾ ਹੋਵੇ ਦੱਸ ਕੇ ਜਾਂਦੇ ਆ,” ਰਾਜ ਨੇ ਮਾਂ ਤੋਂ ਜਾਨਣਾ ਚਾਹਿਆ। “ਹਾਂ,ਗਏ ਆ ਤੇਰੇ ਸਹੁਰੀਂ।ਕਹਿੰਦੇ ਐ ਕਿ ਰਾਜ ਨੇ ਅਮ੍ਰਿਤ ਛਕ ਲਿਐ ।ਉਸ ਦੀ ਮਾਂ ਨੇ ਬੁਲਾਇਆ ਸੀ ।ਉਸ ਨੂੰ ਡਰ ਐ ਬਈ ਇਹ ਬੀ ਆਪਦੇ ਬਾਪੂ ਆਂਗੂ ਕਿਤੇ ਚਲਿਆ ਨਾ ਜਾਵੇ।ਉਹ  ਬੀਹ ਸਾਲ ਪਹਿਲਾਂ ਸਿੰਘਾਂ ਨਾਲ ਚਲਿਆ ਗਿਆ ਸੀ ਤੇ ਕਦੇ ਬਾਪਸ ਨੀ ਆਇਆ।“ “ ਤਾਂ ਇਹ ਸਮਝਾਉਣ ਗਏ ਆ ਕਿ ਉਹ ਕਿਤੇ ਬਾਹਰ ਨਾ ਚਲਿਆ ਜਾਵੇ? ਮਾਂ ਉਸ ਨੇ ਕਿਤੇ ਨੀ ਜਾਣਾ।ਤੁਸੀਂ ਇਹ ਪਤਾ ਕਰੋ ਕਿ ਹੁਣ ਅਮ੍ਰਿਤ  ਸੰਚਾਰ ਕਿੱਥੇ ਹੋਣੈ। ਮੈਂ ਬੀ ਅਮ੍ਰਿਤ ਛਕਣੈ।ਮੈਂ ਉਸ ਤੋਂ ਪਿੱਛੇ ਨੀ ਰਹਿਣਾ ਚਾਹੁੰਦੀ।“ ਰਾਜ ਨੇ ਕਿਹਾ।ਇਹ ਸੁਣ ਕੇ ਮਾਂ ਚਕ੍ਰਿਤ ਰਹਿ ਗਈ। “ ਧੀ ਕੀ ਕਹਿ ਰਹੀ ਹੈ।ਰਾਜ ਨੇ ਕਦੋਂ ਇਸ ਨੂੰ ਦੱਸ ਦਿੱਤਾ ਕਿ ਉਹ ਬਾਹਰ ਨੀ ਜਾਂਦਾ।“ ਤੂੰ ਬਿਆਹ ਤੋਂ ਪਿਛੋਂ ਛਕ ਲੀਂ।ਐਡੀ ਕੀ ਕਾਹਲੀ ਐ?”  ਮਾਂ ਨੇ ਜਵਾਬ ਦਿੱਤਾ।ਰਾਜ ਨੇ ਮਾਂ ਨੂੰ  ਕੋਈ ਉੱਤਰ  ਨਾ ਦਿਤਾ ਪਰ ਮਨ ਵਿੱਚ ਕਿਹਾ,  “ ਮਾਂ ਗੁਰੂ ਲੜ ਲੱਗਣ ਲਈ ਕਾਹਲੀ ਕਰਨੀ ਚਾਹੀਦੀ ਹੀ ਐ। ਕੀ ਪਤੈ ਕਦ ਸੱਦਾ ਆ ਜਾਏ ਦਰਗਾਹੀ।ਪਰ ਮੈਂ ਇਹੋ ਜਿਹਾ ਕਿਉਂ ਸੋਚ ਰਹੀ ਹਾਂ।ਗੁਰੂ ਨੂੰ ਆਪ ਈ ਫਿਕਰ ਐ। ਜਦ ਉਸ ਦੀ ਨਜਰ ਸਵੱਲੀ ਹੋਈ; ਆਪੇ ਇਹ ਢੋਅ ਢੁਕਾ ਦੇਊ ।“
“ਮਾਂ ,ਤੈਂ ਬਾਪੂ ਨੂੰ ਕਿਹਾ ਸੀ ਕਿ ਉੇਹ ਮੈਨੂੰ ਪੱਟ ਲਿਆ ਦੇਵੇ; ਮੈਂ ਫੁਲਕਾਰੀ ਲਾਉਣੀ ਐਂ। “ ਉਸ ਨੇ ਜ਼ਰਾ ਉੱਚੀ ਆਵਾਜ਼ ਵਿੱਚ ਆਪਣੀ ਮਾਂ ਨੂੰ ਕਿਹਾ।“ਹਾਂ,ਉਹ ਤਾਂ ਕਈ ਦਿਨ ਹੋਏ , ਲੈ ਆਇਆ ਸੀ। ਮੈਂ ਉਹ ਕੋਠੀ ਵਿੱਚ ਰੱਖੀ ਹੋਈ ਹੈ। ਮੈਂ ਤੈਨੂੰ ਦੱਸਣਾ ਭੁੱਲ ਗੀ ਸੀ। ਜਿੱਥੇ ਤੇਰਾ ਰੰਗਿਆ ਹੋਇਆ ਲੀੜਾ ਧਰਿਆ ਹੋਇਐੈ, ਉਹਦੇ ਨਾਲ ਈ ਬ੍ਹੋਟੇ ਵਿੱਚ ਉਹ ਬੀ ਪਿਐ। ਤੂੰ ਕੱਲ੍ਹ ਤੋਂ ਕੱਢਣ ਲਗ ਜੀਂ,ਬੁਧਬਾਰ ਐ । ਚੰਗਾ ਦਿਨ ਐਂ ।“ ਗੁਰਦੇਈ ਨੇ ਜਵਾਬ ਵਿੱਚ ਕਿਹਾ। “ਮਾਂ,ਦਿਨ ਸਾਰੇ ਇੱਕੋ ਜੇ ਈ ਹੁੰਦੇ ਨੇ।ਐਮੇ ਬਹਿਮ ਨੇ । ਫਲਾਣਾ ਚੰਗੈ ; ਫਲਾਣਾ ਮਾੜੈ।ਦਿਨ ਸਾਰੇ ਰੱਬ ਨੇ ਬਣਾਏ ਨੇ।ਸਾਰੇ ਚੰਗੇ  ਨੇ ਤੇ ਸਾਰੇ ਮਾੜੇ। ਜੇ ਚੰਗਾ ਕੰਮ ਕਰਾਂਗੇ ਤਾਂ ਉਹ ਚੰਗਾ; ਜੇ ਮਾੜਾ ਕਰਾਂਗੇ ਤਾਂ ਉਹ ਮਾੜਾ। ਮਾੜੇ ਦਿਨਾਂ ‘ਚ ਕਿਹੜਾ ਜੰਮਦੇ ਨੀਂ ਤੇ ਚੰਗੇ ਦਿਨਾਂ ‘ਚ ਕਿਹੜਾ ਮਰਦੇ ਨੀ ।“ ਰਾਜ ਨੇ ਗਿਆਨ ਦੀ ਗੱਲ ਕੀਤੀ।
“ਤੈਨੂੰ ਇਹ ਗੱਲਾਂ ਕੌਣ ਦੱਸ ਜਾਂਦੈ।ਅਸੀਂ ਤਾਂ ਜਿਮੇਂ ਸੁਣਿਐ ਕਰੀ ਜਾਨੇ ਆਂ। ਚੰਗਾ ਜਿਮੇਂ ਚਹੁੰਦੀ ਐਂ ਕਰ।“ ਰਾਜ ਨੇ ਕੋਠੀ ਵਿੱਚੋਂ ਲਾਲ ਰੰਗਿਆ ਹੋਇਆ ਕਪੜਾ ਕੱਢਿਆ ਤੇ ਉਸ ਨੂੰ ਖੋਲ੍ਹ ਕੇ ਤੇ ਝਟਕ ਕੇ ਨੀਝ ਲਾਕੇ ਦੇਖਿਆ ।ਰੰਗ ਗੂੜ੍ਹਾ ਚੜ੍ਹਿਆ ਹੋਇਆ ਸੀ।ਉਸ ਨੇ ਕਪੜਾ ਗੁਰਦੇਈ ਨੂੰ ਦਿਖਾਉਂਦਿਆਂ ਕਿਹਾ, “ ਮਾਂ, ਦੇਖ ਕਿੰਨਾ ਸੋਹਣਾ ਰੰਗ ਚੜ੍ਹਿਐ!” ਗੁਰਦੇਈ ਨੇ ਪਾਸ ਆਕੇ ਕਪੜੇ ਨੂੰ ਗਹੁ ਨਾਲ ਦੇਖਿਆ ਤੇ ਕਿਹਾ,” ਹਾਂ , ਬਹੁਤ ਸੋਹਣਾ ਚੜ੍ਹਿਐ । ਚੜ੍ਹਦਾ ਵੀ ਕਿਉਂ ਨਾ ਮੇਰੀ ਲਾਡੋ ਨੇ ਜੋ ਰੰਗਿਆ ਸੀ।ਸੱਚੀਂ ਤੂੰ ਬਹੁਤ ਸੁਘੜ ਬੱਚੀ ਐਂ ।ਰੱਬ ਤੈਨੂੰ ਭਾਗ ਲਾਵੇ।“ ਮਾਂ ਨੇ ਪ੍ਰਸ਼ੰਸਾ ਦੇ ਨਾਲ ਅਸੀਸ ਵੀ ਦੇ ਦਿੱਤੀ।
        ਉਹ ਇਹ ਗੱਲਾਂ ਕਰਦੀਆਂ ਪਈਆਂ ਸਨ ਜਦ ਕੇਹਰ ਸਿੰਘ ਤੇ ਉਸਦਾ ਲੜਕਾ ਸੁੰਦਰ ਸਿੰਘ ਆ ਗਏ।ਰਾਜ ਨੇ ਦੋਹਾਂ ਨੂੰ ਪਾਣੀ ਦਿੱਤਾ ਤੇ ਫੁਲਕਾਰੀ ਲੈਕੇ ਬੈਠ ਗਈ।“ਬਾਪੂ,ਤੂੰ ਪੱਟ ਬਹੁਤ ਬਧੀਆ ਲਿਆਂਦੈ।ਮੈਂ ਫੁਲਕਾਰੀ ਕੱਢਣ ਲੱਗੀ ਆਂ।“ ਉਹ ਚਾਹੁੰਦੀ ਸੀ ਕਿ ਉਹ ਰਾਜ ਬਾਰੇ ਕੋਈ ਗੱਲ ਕਰੇ।ਪਰ ਕੇਹਰ ਸਿੰਘ ਉੱਠ ਕੇ ਗੁਰਦੇਈ ਪਾਸ ਚਲਿਆ ਗਿਆ। ਉਹ ਦੋਵੇਂ ਗੱਲਾਂ ਕਰਨ ਲੱਗ ਪਏ।ਉਹ ਧੀਮੀ ਅਵਾਜ਼ ਵਿੱਚ ਗੱਲਾਂ ਕਰਦੇ ਸਨ ਤੇ ਰਾਜ ਨੂੰ ਕੋਈ ਸਮਝ ਨਹੀਂ ਆ ਰਹੀ ਸੀ।ਉਸ ਨੇ ਪੂਰੇ ਜ਼ੋਰ ਨਾਲ ਕੰਨ ਲਾਕੇ ਸੁਣਨਾ ਚਾਹਿਆ; ਫਿਰ ਵੀ ਉਸਦੇ ਪੱਲੇ ਕੱਖ ਨਾ ਪਿਆ।ਉਸ ਦੇ ਮਨ ਵਿੱਚ ਖੁਤਖੁਤੀ ਲੱਗੀ ਹੋਈ ਸੀ।ਉਹ ਆਪਣੇ ਪਿਆਰੇ ਬਾਰੇ ਜਾਨਣਾ ਚਾਹੁੰਦੀ ਸੀ।ਉਹ ਪਿਆਰਾ ਜਿਸ ਨੂੰ ਉਸ ਨੇ ਅਜੇ ਤੱਕਿਆ ਵੀ ਨਹੀਂ ਸੀ ।ਉਸ ਦੀ ਤਸਵੀਰ ਉਸ ਨੇ ਉਸ ਦੀਆਂ ਗੱਲਾਂ ਸੁਣ ਸੁਣ ਕੇ ਹੀ ਮਨ ਵਿੱਚ ਚਿੱਤਰ ਲਈ ਹੋਈ ਸੀ । ਉਹ ਉਸ ਨੂੰ ਮਿਲਣ ਲਈ ਉਤਾਵਲੀ ਸੀ ਪਰ ਇਹ ਉਦਗਾਰ ਕਿਸੇ ਪਾਸ ਪਰਗਟ ਨਹੀਂ ਕਰ ਪਾ ਰਹੀ ਸੀ।ਦਿਲ ਹੀ ਦਿਲ ਵਿੱਚ ਉਹ ਜਲਦੀ ਵਿਆਹ ਦੀ ਚੇਸ਼ਟਾ ਕਰ ਰਹੀ ਸੀ।
    ਸਵਰਾਜ ਨੇ ਫੁਲਕਾਰੀ ਕੱਢਣੀ ਆਰੰਭ ਕੀਤੀ ਉਸ ਨੇ ਇਸ ਦੀ ਕੰਨੀ ਤੇ ‘ਰਾਜ’ ਸ਼ਬਦ ਗੂੜ੍ਹੇ ਨੀਲੇ ਰੰਗ ਵਿੱਚ ਪਾਇਆ ਤੇ ਫਿਰ ਚਾਰੇ ਪਾਸੇ ਬਾਰਡਰ ਤਿਆਰ ਕੀਤੀ।ਗੁਰਦੇਈ ਨੇ ਆਪਣੇ ਹੋਰ ਕੰਮਾਂ ਤੋ ਵਿਹਲੀ ਹੋਕੇ ਰਾਜ ਪਾਸ ਆਈ ਤੇ ਪਿਆਰ ਨਾਲ ਬੋਲੀ,” ਕਿੰਨੇ ਚਿਰ ‘ਚ ਫੁਲਕਾਰੀ ਕੱਢ ਹੋਜੂ?”   “ਪਤਾ ਨੀ ; ਕਿਉਂ?” ਰਾਜ ਨੇ ਬਗ਼ੈਰ ਸੋਚੇ ਕਹਿ ਦਿੱਤਾ।ਉਸ ਨੇ ਗੁਰਦੇਈ ਵੱਲ ਧਿਆਨ ਨਾਲ ਤੱਕਿਆ ਤਾਂ ਉਸ ਨੂੰ ਲੱਗਿਆ ਕਿ ਮਾਂ ਕੁਛ ਹੋਰ ਕਹਿਣ ਵਾਲੀ ਹੈ।“ਮਾਂ, ਕੀ ਗੱਲ ? ਤੂੰ ਕੀ ਚਹੁੰਨੀ ਐਂ।ਕੋਈ ਹੋਰ ਕੰਮ ਕਰਨ ਵਾਲਾ ਹੈ, ਤੂੰ  ਕਹਿ; ਮੈਂ ਪਹਿਲਾਂ ਉਹ ਕਰ ਲੂੰਗੀ।“ ਉਸ ਨੇ ਕਈ ਗੱਲਾਂ ਇਕੱਠੀਆਂ ਹੀ ਕਹਿ ਦਿੱਤੀਆਂ।“ਫੇਰਿਆਂ ਬੇਲੇ ਕੁੜੀਆਂ ਲਾਲ ਸੁੱਭਰ ਉੱਤੇ ਲੈਂਦੀਆਂ ਹੁੰਦੀਆਂ ਨੇ।“ਗੁਰਦੇਈ ਨੇ ਕਿਹਾ। “ ਅੱਛਾ? ਇਹ ਗੱਲ ਐ! ਪਰ, ਮੈਂ ਤਾਂ ਫੇਰੇ ਕਰਾਉਣੇ ਈ ਨੀਂ ਮੈਂ ਤਾਂ ‘ ‘ਨੰਦ ਕਾਰਜ ਕਰਾਉਣੈ। ਸਿੱਖ ਫੇਰੇ ਨੀ ਕਰਾਉਂਦੇ ।ਤੈਨੂੰ ਨੀ ਪਤਾ?” ਰਾਜ ਨੇ ਸਿੱਖੀ ਸਿਧਾਂਤ ਦਾ ਪੱਲੂ ਫੜਿਆ ਹੋਇਆ ਸੀ।
“ ਹਾਂ, ਮਾਂ,  ਕੀ ‘ਂਨੰਦਾਂ ਬੇਲੇ ਫੁਲਕਾਰੀ ਜਰੂਰ ਲਈਦੀ ਐ?” ਰਾਜ ਨੇ ਪੁੱਛਿਆ।
   “ ਧੀਏ ,ਕੀ ਪਤੈ।ਇਹ ਤਾਂ ਰਬਾਜ ਨੇ ਜੋ ਕਰਨੇ ਪੈਂਦੇ ਨੇ।ਜਿਮੇਂ ਦੁਨੀਆਂ ਕਰਦੀ ਐ ਕਰ ਲਈਦੈ।ਊਂ ਲਾਲ ਰੰਗ ਸੁਹਾਗ ਦਾ ਮੰਨਿਆਂ ਜਾਂਦੈ।ਸਾਰੀਆਂ ਸੁਹਾਗਣਾਂ ਸੂਹੇ ਕਪੜੇ ਪੌਂਦੀਆਂ ਨੇ ।“ ਗੁਰਦੇਈ ਨੇ ਕਿਹਾ।“ ਮਾਂ, ਆਪਣੇ ਪਿੰਡ ਕਈ ਬਾਰ ਪਠਾਨ ਫੌਜੀ ਆਉਂਦੇ ਹੁੰਦੇ ਆ; ਉਹਨਾਂ ਨੇ ਬੀ ਲਾਲ ਬਰਦੀ ਪਾਈ ਹੁੰਦੀ ਐ ।ਉਹ ਲਾਲ ਬਰਦੀ ਕਿਉਂ ਪੌਂਦੇ ਆ? ਉਹ ਬਾਮ੍ਹਣਾਂ ਦੀ ਕੁੜੀ ਨੂੰ ਜਬਰਦਸਤੀ ਲੈ ਗਏ ਸੀ ਤੇ ਮੋੜੀ ਬੀ ਨੀ ।ਬਿਚਾਰੀ ਅਜੇ ਸੁਹਾਗਬਤੀ ਹੋਈ ਬੀ ਨੀ ਸੀ।ਕੀ ਆਪਾਂ ਪਠਾਣਾਂ  ਨੁੂੰ ਸੁਹਾਗਬਤੇ ਆਖਾਂਗੇ?” ਰਾਜ ਨੇ ਕਿਹਾ।ਉਸ ਦੇ ਕਥਨ ਵਿੱਚ ਇੱਕ ਗੁੱਝੀ ਟਕੋਰ ਸੀ।“ਤੂੰ ਹਰ ਗੱਲ ਨੂੰ ਕਿਸੇ ਹੋਰ  ਪਾਸੇ ਲੈ ਜਾਂਨੀ ਐਂ।ਧੀਏ, ਤੈਨੂੰ ਗੱਲਾਂ ਬਹੁਤ ਆਉਣ ਲਗ ਗੀਆਂ ਨੇ।ਤੂੰ ਕਿੱਥੋਂ ਸਿੱਖਦੀਐਂ, ਨਮੀਆਂ ਗੱਲਾਂ  ?
“ ਮਾਂ, ਮੈਂ ਤਾਂ ਸੁਭੌਕੀ ਕਿਹਾ ਸੀ ਕਿ ਪਠਾਣ ਬੀ ਲਾਲ ਬਰਦੀ ਪੌਂਦੇ ਆਂ ; ਬਈ ਕੀ ਉਹ ਬੀ ਸੁਹਾਗਬਤੀ ਬਣਨ ਨੂੰ ਪੌਂਦੇ ਆ। “ ਰਾਜ ਨੇ ਕਿਹਾ।
“ ਮੈਨੂੰ ਤੇਰੀਆਂ ਘੁੰਤਰਾਂ ਦਾ ਨੀ ਪਤਾ।ਤੇਰਾ ਬਾਪੂ ਕਹਿੰਦਾ ਸੀ ਕਿ ਤੇਰਾ ਬਿਆਹ ਹਾੜ੍ਹ ਦਾ ਰੱਖ ਦੇਈਏ।ਤੇਰੀ ਫੁਲਕਾਰੀ ਓਦੋਂ ਤਕ ਤਾਂ ਬਣਜੂਗੀ।“ ਗੁਰਦੇਈ ਨੇ ਮੰਤਵ ਸਪਸ਼ਟ ਕਰ ਦਿੱਤਾ ।
“ਅਜੇ ਤਾਂ ਹਾੜ ਔਣ’ਚ ਛੇ ਮਹੀਨੇ ਪਏ ਨੇ; ਓਦੋਂ ਤੱਕ ਤਾਂ ਦੋ ਫੁਲਕਾਰੀਆਂ ਕੱਢੀਆਂ ਜਾ ਸਕਦੀਆਂ ਨੇ ਪਰ ਬਿਆਹ ਦਾ ਤੇ ਫੁਲਕਾਰੀਆਂ ਦਾ ਕੀ ਜੋੜ ਐ; ਮੇਰੀ ਸਮਝ ‘ਚ ਨੀ ਆਇਆ। ਹਾਂ,ਸੁਹਾਗਬਤੀ ਬਾਲੀ ਗੱਲ ਐ ਤਾਂ ਮੈਂ ਇਕ ਹੋਰ ਬੀ ਕੱਢ ਲੂੰਗੀ ; ਇੱਕ ਤੇਰੇ ਲਈ ।ਮੇਰਾ ਰਾਜਾ ਬਾਪੂ ਜਿਉਂਦਾ ਰਹੇ ।ਮਾਂ ,ਤੂੰ ਬੀ ਸੁਹਾਗਬਤੀ ਹੀ ਐਂ!“ ਇਹ ਕਹਿ ਕੇ ਰਾਜ ਖੁੱਲ੍ਹ ਕੇ ਹੱਸ ਪਈ। ਗੁਰਦੇਈ ਨੂੰ ਵੀ ਹਾਸਾ ਆ ਗਿਆ।
    “ ਮਾਂ ਨਾਲ ਝੇਡਾਂ?”ਗੁਰਦੇਈ ਨੇ ਰਾਜ ਦੇ ਮੋਢੇ ਤੇ ਪਿਆਰ ਨਾਲ ਧੱਫਾ ਮਾਰ ਕੇ ਮੁਸਕ੍ਰਾਂਦਿਆਂ ਕਿਹਾ।“ਮਾਂ ਤੂੰ ਦਸਦੀ ਸੀ ਕਿ ਰਾਜ ਕਿਤੇ ਜਾਣ ਨੂੰ ਫਿਰਦੈ,ਉਸ ਨੇ ਕਿੱਥੇ ਜਾਣਾ ਸੀ ? ਫਿਰ ਉਹ ਗਿਆ ਕਿ ਨਹੀਂ?” ਰਾਜ ਨੇ ਆਪਣੇ ਅਸਲੀ ਮੰਤਵ ਤੇ ਆਉਂਦਿਆਂ ਕਿਹਾ।“ਦੱਸਦੇ ਆ ਕਿ ਕੋਈ ਬੰਦਾ ਗੁਰੂ ਸਾਹਿਬ ਨੇ ਬਜੀਦੇ ਤੋਂ ਬਦਲਾ ਲੈਣ ਲਈ ਭੇਜਿਐ।ਉਸ ਨੇ ਸਾਰੇ ਸਿੱਖਾਂ ਨੂੰ ਸੱਦਾ ਦਿੱਤੈ ਕਿ ਸਾਰੇ ਉਸ ਨਾਲ ਮਿਲਕੇ ਸਾਹਿਬਜਾਦਿਆਂ ਦਾ ਬਦਲਾ ਲਉ।ਰਾਜ ਵੀ ਉਸ ਨਾਲ ਜਾਣ ਨੂੰ ਕਹਿੰਦਾ ਸੀ ਪਰ ਅਜੇ ਹਟ ਗਿਐ।“
    “ਜਾਣਾ ਤਾਂ ਜਰੂਰ ਚਾਹੀਦੈ।ਇਸ ਬਜੀਦੇ ਖਸਮਾਂ ਖਾਣੇ ਨੇ ਬਾਹਲੇ ਧੱਕੇ ਕੀਤੇ ਨੇ।ਮੇਰਾ ਜੀ ਕਰਦੈ ਕਿ ਇਸ ਨੂੰ ਮੈਂ ਆਪ ਬੱਢਾਂ।ਕੋਈ ਪੁਛਣ ਵਾਲਾ ਹੋਵੇ ਬਈ ਸੱਤ ਤੇ ਨੌੰਂ ਸਾਲਾਂ ਦੇ ਬਾਲ ਕੀ ਤੇਰਾ ਰਾਜ ਖੋਹ ਲੈਂਦੇ? ਹਰਾਮੀ ਨੂੰ ਤੜਫਾ ਤੜਫਾ ਕੇ ਮਾਰਨਾ ਚਾਹੀਦੈ।ਮਾਂ ਆਪਣੀ ਧਰਮਸ਼ਾਲਾ ਵਿੱਚ ਜਿਹੜਾ ਸੰਤ ਆਇਆ ਹੋਇਐ; ਉਹ ਰਖਦਾ ਤਾਂ ਗੇਰੂਏ ਕੱਪੜੇ ਆ ਪਰ ਗੱਲਾਂ ਗੁਰੂਆਂ ਦੀਆਂ ਕਰਦੈ ।ਮੈਂ ਇੱਕ ਦਿਨ ਬਾਪੂ ਨਾਲ ਗਈ ਸੀ। ਉਸ ਦਿਨ ਉਸ ਨੇ ਬੜੀ ਸੁਹਣੀ ਕਥਾ ਕੀਤੀ ਸੀ।ਉਸ ਨੇ ਬਾਬਰ ਦੇ ਹਮਲੇ ਦੀ ਗੱਲ ਕਰਕੇ ਕਿਹਾ ਕਿ ਗੁਰੂ ਨਾਨਕ ਨੇ ਉਸ ਦੇ ਸਾਹਮਣੇ ਖੜ੍ਹ ਕੇ ਉਸ ਨੂੰ ਫਿਟਕਾਰਿਆ ਸੀ।ਬਾਬਰ ਨੇ ਗੁਰੂ ਜੀ ਨੂੰ ਕੈਦ ਕਰ ਲਿਆ ਪਰ ਗੁਰੂ ਜੀ ਦੀ ਮਹਾਨਤਾ ਜਾਣ ਕੇ ਉਹਨਾਂ ਨੂੰ ਰਿਹਾਅ ਕਰ ਦਿੱਤਾ ਤੇ ਹੋਈ ਬਧੀਕੀ ਦਾ ਮਾਫੀ ਵੀ ਮੰਗੀ ਸੀ ਬਾਬਰ ਨੇ। ਗੁਰੂ ਜੀ ਨੇ ਬਾਬਰ ਨੂੰ ਮੂੰਹ ਤੇ ਕਹਿਕੇ ਉਸ ਨੂੰ ਜੁਲਮ ਕਰਨ ਤੋਂ ਰੋਕ ਦਿੱਤਾ । ਉਸ ਨੇ ਕਿਹਾ ਕਿ ਸਾਨੂੰ ਵੀ ਜਾਲਮ ਦੇ ਵਿਰੁੱਧ ਡਟਣਾ ਚਾਹੀਦਾ ਹੈ ।ਉਸ ਨੇ ਸਾਨੂੰ ਵਾਧੂ ਰਸਮਾ ਤੇ ਰਿਵਾਜਾਂ ਬੱਲੋਂ ਬੀ ਸੁਚੇਤ ਕੀਤਾ ਹੈ। ਕਹਿੰਦੇ ਬਈ ਇਹ ਭਰਮ ਖੜ੍ਹੇ ਕਰਕੇ ਸਾਨੂੰ ਕਮਜੋਰ ਕਰਦੀਆਂ ਨੇ। ਮੈਨੂੰ ਉਸ ਦੀਆਂ ਗੱਲਾਂ ਬੜੀਆਂ  ਚੰਗੀਆਂ ਲਗਦੀਆਂ ਨੇ ।ਮਾਂ,ਤੂੰ ਵੀ ਉਸਨੂੰ ਸੁਨਣ ਜਰੂਰ ਜਾਇਆ ਕਰ।“
     ਅੱਛਾ ਘਰਦਾ ਕੰਮ ਤੂੰ ਕਰ ਲਿਆ ਕਰ। ਮੈਂ ਧਰਮਸ਼ਾਲਾ ਜਾ ਆਇਆ ਕਰੂੰਗੀ।“ਗੁਰਦੇਈ ਨੇ ਆਪਣਾ ਪੱਲਾ ਛੁਡਾਉਣ ਦੇ ਮਨਸ਼ੇ ਨਾਲ ਕਿਹਾ।ਉਸ ਨੂੰ ਸੰਤ ਦੀਆਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ।
   “ਹਾਂ,ਆਪਾਂ ਦੋਵੇਂ ਮਿਲ ਕੇ ਸਾਰਾ ਕੰਮ ਮੁਕਾ ਕੇ ਸੰਤਾਂ ਪਾਸ ਜਾ ਆਇਆ ਕਰਾਂਗੀਆਂ, ਠੀਕ?” ਰਾਜ ਨੇ ਕਿਹਾ। ਮਾਂ ਨੇ ਇਸਦਾ ਕੋਈ ਜਵਾਬ ਨਾ ਦਿੱਤਾ।  
     ਰਾਜ ਕਈ ਦਿਨ ਸੰਤਾਂ ਪਾਸ ਜਾਂਦੀ ਰਹੀ । ਉਸ ਨੂੰ ਸੰਤ ਜੀ ਨਾਲ ਸ਼ਰਧਾ ਪੈਦਾ ਹੋ ਗਈ।ਇੱਕ ਦਿਨ ਸੰਤ ਅਚਾਨਕ ਹੀ ਕਿਧਰੇ ਚਲੇ ਗਏ ।ਕਿਸੇ ਨੂੰ ਵੀ ਕੋਈ ਪਤਾ ਨਾ ਚੱਲਿਆ। ਉਸ ਬਾਰੇ ਕਈ ਪ੍ਰਕਾਰ ਦੀਆਂ ਗੱਲਾਂ ਚੱਲ ਰਹੀਆਂ ਸਨ। ਅਸਲ ਵਿੱਚ ਉਹ ਬੰਦਾ ਸਿੰਘ ਦਾ ਹੀ ਇੱਕ ਆਦਮੀ ਸੀ ਜਿਹੜਾ ਇਕ ਪਾਸੇ ਲੋਕਾਂ ਨੂੰ ਸੂਬੇਦਾਰ ਵਿਰੁੱਧ  ਪ੍ਰੇਰਦਾ ਸੀ ਤੇ ਦੂਜੇ ਪਾਸੇ ਸਰਹਿੰਦ ਦੇ ਨੇੜੇ ਰਹਿ ਕੇ ਸੂਬੇਦਾਰ ਦੀਆਂ ਤਿਆਰੀਆਂ ਦੀ ਸੂੰਹ ਰੱਖ ਰਿਹਾ ਸੀ।ਉਸ ਨੂੰ ਸ਼ੱਕ ਹੋ ਗਿਆ ਸੀ ਕਿ ਸਰਕਾਰ ਦਾ ਕੋਈ ਗੁਪਤ- ਚਰ ਉਸਦੀ ਨਿਗਰਾਨੀ ਕਰਨ ਲਗ ਪਿਆ ਹੈ ਇਸ ਲਈ ਉਹ ਖਿਸਕ ਗਿਆ ਸੀ।ਰਾਜ ਨੂੰ ਇਸਦਾ ਬੜਾ ਅਫ਼ਸੋਸ ਹੋਇਆ।
    ਹੁਣ ਬੰਦਾ ਸਿੰਘ ਦੀਆਂ ਖ਼ਬਰਾਂ ਆਉਣ ਲਗ ਪਈਆਂ । ਲੋਕ ਆਖਦੇ ਕਿ ਉਹ ਬੜਾ ਵਧੀਆਂ ਬੰਦੈ। ਇਕ ਪਿੰਡ  ਨੂੰ ਡਾਕੂ ਲੁੱਟ ਕੇ ਲੈ ਜਾਂਦੇ ਸਨ।ਉਸ ਨੇ ਡਾਕੂਆਂ ਦਾ ਪਿੱਛਾ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਉਹਨਾਂ ਤੋਂ ਸਾਰਾ ਲੁੱਟਿਆ ਹੋਇਆ ਮਾਲ ਕੱਲਾ ਕਢਾਇਆ ਹੀ ਨਹੀਂ ਬਲਕਿ ਹੋਰ ਥਾਵਾਂ ਤੋਂ ਲੁੱਟਿਆ ਹੋਇਆ ਮਾਲ ਵੀ ਬਰਾਮਦ ਕਰਕੇ ਲੋਕਾਂ ਵਿੱਚ ਵੰਡ ਦਿੱਤਾ। ਡਾਕੂ ਸਾਰੇ ਲੁਕ ਗਏ ਨੇ।ਲੋਕਾਂ ਵਿੱਚ ਇਹ ਵੀ ਚਰਚਾ ਸੀ ਕਿ ਬੰਦਾ ਸਿੰਘ ਵੱਡੇ ਵੱਡੇ ਮੁਸਲਮਾਨ ਜਾਗੀਰਦਾਰਾਂ ਨੂੰ ਲੁੱਟਦਾ  ਆ ਰਿਹਾ ਹੈ ਤੇ ਬਹੁਤ ਸਾਰਾ ਪੈਸਾ ਲੋਕਾਂ ਨੂੰ ਵੰਡ ਦਿੰਦਾ  ਹੈ। ਰਾਜ ਇਹ ਸੁਣ ਸੁਣ ਕੇ ਬੜਾ ਖ਼ੁਸ਼ ਹੁੰਦੀ।
    ਸਿਆਲਾਂ ਦੀ ਰੁੱਤ ਆ ਗਈ ਸੀ।ਕੁਛ ਪਿੰਡਾਂ ਵਿੱਚ ਬੰਦਾ ਸਿੰਘ ਦੀਆਂ ਚਿੱਠੀਆਂ ਆਈਆਂ ਕਿ ਸਿੰਘ ਤਿਆਰ ਬਰ ਤਿਆਰ ਹੋਕੇ ਪੰਜ ਹਥਿਆਰ ਲੈਕੇ ਉਸ ਪਾਸ ਪੁੱਜਣ ।ਰਾਜ ਦਾ ਜੀ ਕਰੇ ਕਿ ਉਹ ਸਿੰਘ ਸਜ ਕੇ ਬੰਦਾ ਸਿੰਘ ਦੀ ਫੌਜ ਵਿੱਚ ਭਰਤੀ ਹੋਵੇ। ਜਦ ਉਸ ਨੇ ਸੁਣਿਆਂ ਕਿ ਬੰਦਾ ਸਿੰਘ ਨੇ ਸਮਾਣੇ ਦੇ ਜਲਾਦਾਂ ਨੂੰ ਮਾਰ ਕੇ ਸਾਰੇ ਸ਼ਹਿਰ ਦੀ ਇੱਟ ਨਾਲ ਇੱਟ ਬਜਾ ਦਿੱਤੀ ਗਈ ਹੈ ਤਾਂ ਉਹ ਖ਼ੁਸ਼ੀ ਨਾਲ ਨੱਚ ਉੱਠੀ ਉਸ ਨੇ ਮਾਂ ਨੂੰ ਕਿਹਾ,” ਬੰਦਾ ਸਿੰਘ ਨੇ ਉਹ ਜਲਾਦ ਮਾਰਤੇ ਜਿੱਨ੍ਹਾਂ ਨੇ ਸਾਹਿਬਜਾਦਿਆਂ ਨੂੰ ਮਾਰਨ ਦਾ ਪਾਪ ਕੀਤਾ ਸੀ।ਦੇਖਿਐ ਕਿੰਨਾ ਬੱਡਾ ਸੂਰਮੈ ਬੰਦਾ ਸਿੰਘ? ਉਸ ਦੀ ਫੌਜ ਨੇ ਸਾਰਾ ਸ਼ਹਿਰ ਢਹਿ ਢੇਰੀ ਕਰਤਾ।“ ਮਾਂ  ਚੁੱਪ ਸੀ । ਉਹ ਸੋਚ ਰਹੀ ਸੀ ਕਿ ਕਿਤੇ ਉਸਦਾ ਜੁਆਈ ਬੰਦਾ ਸਿੰਘ ਨਾਲ ਈ ਨਾ ਚਲਿਆ ਜਾਵੇ।“ਮਾਂ ,ਤੈਨੂੰ ਇਹ ਚੰਗਾ ਨੀ ਲੱਗਿਆ ਬਈ ਜਿਹੜਾ ਬੰਦਾ ਸਿੰਘ ਨੇ ਕੀਤਾ।“ ਉਸ ਨੇ ਕੁੱਝ ਹੈਰਾਨੀ ਤੇ ਕੁੱਝ ਗੁੱਸੇ ਦੇ ਭਾਵ ਨਾਲ ਗੁਰਦੇਈ ਪਾਸੋਂ ਪੁੱਛਿਆ ।ਉਸ ਦੀ ਦਿਲੀ ਇੱਛਾ ਸੀ ਕਿ ਉਸ ਦੀ ਮਾਂ ਸੁਣਕੇ ਉਸ ਵਾਂਗ ਹੀ ਪ੍ਰਸੰਨ ਹੁੰਦੀ। ਗੁਰਦੇਈ ਨੇ ਕਿਹਾ ਕਿ ਬਹੁਤ ਵਧੀਆ ਗੱਲ ਹੋਈ ਪਰ ਉਹ ਕਿੰਨਿਆਂ ਕੁ ਨੂੰ ਮਾਰੇਗਾ।ਏਥੇ ਤਾਂ ਸਾਰੇ ਰੰਘੜ ਤੇ ਇਹੋ ਜੇ ਹੋਰ ਕਿੰਨੇ ਈ ਨੇ।ਏਥੇ ਤਾਂ ਆਵਾ ਊਤਿਆ ਪਿਐ। ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟਦੇ ਨੇ।“  “ਦੇਖੀ ਚੱਲ ਮਾਂ,ਕਿਮੇਂ ਬਣਦੀ ਐ ਏਨ੍ਹਾਂ ਨਾਲ।‘ਮੈਦ ਐ ; ਏਨ੍ਹਾਂ ਦੀ ਬਾਰੀ ਔਣ ਵਾਲ਼ੀ ਐ।“ ਰਾਜ ਦੀ ਅਵਾਜ਼ ਵਿੱਚ ਵਿਸ਼ਵਾਸ ਝਲਕਦਾ ਸੀ।
ਜਿਉਂ ਜਿਉਂ ਬੰਦਾ ਸਿੰਘ ਦੀਆਂ ਜਿੱਤਾਂ ਦੀਆਂ ਖ਼ਬਰਾਂ ਪਿੰਡਾਂ ਵਿੱਚ ਪੁੱਜ ਰਹੀਆਂ ਸਨ ,ਤਿਉਂ ਤਿਉਂ ਲੋਕ ਤਿਆਰ ਹੋ ਹੋ ਕੇ ਉਸਦੇ ਨਾਲ ਰਲ਼ਣ ਲਈ ਵਹੀਰਾਂ ਘੱਤ ਕੇ ਜਾ ਰਹੇ ਸਨ। ਰਾਜ ਦੇ ਪਿੰਡ ਵਿੱਚੋਂ ਵੀ ਚਾਰ ਪੰਜ ਚਲੇ ਗਏ।ਉਹਨਾਂ ਵਿੱਚੋਂ  ਇਕ  ਵਾਪਿਸ ਆਇਆ। ਸਾਰੇ ਲੋਕ ਉਸ ਦੇ ਉਦਾਲੇ ਆ ਇਕੱਠੇ ਹੋਏ।ਸਾਰੇ ਬੰਦਾ ਸਿੰਘ ਬਾਰੇ ਜਾਨਣਾ ਚਾਹੁੰਦੇ ਸਨ।ਉਸ ਨੇ ਦੱਸਿਆ,” ਕਪੂਰੀ ਦਾ ਹਾਕਮ ਬੜਾ ਈ ਜਾਲਮ ਸੀ ।ਉਹ ਹਰੇਕ ਨਵੀਂ ਵਿਆਹੀ ਹਿੰਦੂ ਔਰਤ ਨੂੰ ਕਈ ਦਿਨਾਂ ਤੱਕ ਆਪਦੇ ਹਰਮ ਵਿੱਚ ਰਖਦਾ ਸੀ।ਫੇਰ ਹੀ ਉਸ ਦੇ ਸਹੁਰੇ ਘਰ ਜਾਣ ਦਿੰਦਾ ਸੀ।ਹਰੇਕ ਹਿੰਦੂ ਕੁੜੀ ਦਾ ਸਤ ਭੰਗ ਕਰਕੇ ਬਹੁਤ ਪ੍ਰਸੰਨ ਹੁੰਦਾ ਸੀ।ਉਸ ਬਾਰੇ ਬੰਦਾ ਸਿੰਘ ਪਾਸ ਕਈ ਸ਼ਿਕਾਇਤਾਂ ਆਈਆਂ ਸਨ ਤਾਂ ਉਸ ਨੇ ਹੁਕਮ ਦਿੱਤਾ ਕਿ ਉਸ ਨੂੰ ਜਿਉਂਦਾ ਫੜੋ ਤੇ ਉਸਦੇ ਸਾਰੇ ਪਰਿਵਾਰ ਤੇ ਸਾਥੀਆਂ ਦਾ ਖਾਤਮਾ ਕਰ ਦਿਉ।ਬੱਸ ਫੇਰ ਕੀ ਸੀ ।ਸਵੇਰ ਸਾਰ ਹੀ ਕਪੂਰੀ ਤੇ ਹੱਲਾ ਬੋਲ ਦਿੱਤਾ ਗਿਆ।ਉਸ ਦੀ ਫੌਜ ਇਕ ਘੜੀ ਵੀ ਅੜ ਨਾ ਸਕੀ।ਉਸ ਨੂੰ ਕੁੱਤੇ ਦੀ ਮੌਤ ਮਾਰ ਦਿੱਤਾ ਗਿਆ।ਸ਼ਹਿਰ ਦੇ ਸਾਰੇ ਮੁਸਲਮਾਨ ਅਮੀਰ ਬਜੀਰ ਮੁਕਾਅ ਦਿੱਤੇ ਗਏ।ਸਭ ਦੇ ਘਰ ਲੁੱਟ ਲਏ ਗਏ।      ਆਹ ਮੈਂ ਬੀ ਮੁਸਲਮਾਣਨੀਆਂ  ਦੇ ਸੋਨੇ ਚਾਂਦੀ ਦੇ ਗਹਿਣੇ ਲੈ ਆਇਆ ਹਾਂ।“ ਉਸ ਨੇ ਆਪਣੇ ਥੈਲੇ ਵਿੱਚੋਂ ਕੁੱਝ ਗਹਿਣੇ ਕੱਢ ਕੇ ਦਿਖਾਏ। “ਤੂੰ ਇਹ ਦੱਸ ਕਿ ਉਸ ਦੀਆਂ ਧੀਆਂ ਤੇ ਔਰਤਾਂ ਨਾਲ ਉਹ ਕੁਛ ਕੀਤਾ ਗਿਆ ਕਿ ਨਹੀਂ ਜੋ ਉਹ ਬਿਗਾਨੀਆਂ ਨਾਲ ਕਰਦਾ ਰਿਹਾ ਸੀ?“ ਇਕ ਨੌਜਵਾਨ ਨੇ ਸਵਾਲ ਕੀਤਾ।“ਨਹੀਂ, ਅਸੀਂ ਕਿਸੇ ਜਨਾਨੀ ਨੂੰ ਕੁਛ ਨਹੀਂ ਕਿਹਾ।ਬੰਦਾ ਸਿੰਘ ਦਾ ਹੁਕਮ ਸੀ ਕਿ ਕੋਈ ਕਿਸੇ ਜਨਾਨੀ ਵੱਲ ਬੁਰੀ ਨਿਗਾਹ ਨਾਲ ਨਾ ਦੇਖੇ।
    “ਗਲਤ ਐ । ਉਸ ਦੀਆਂ ਧੀਆਂ ਤੇ ਘਰਦੀਆਂ ਨਾਲ ਉਹੀ ਕੁਛ ਕਰਨਾ ਚਾਹੀਦਾ ਜੋ ਉਹ ਕਰਦਾ ਰਿਹਾ ਸੀ।ਜਦ ਇਹ ਉਹ ਵੀ ਉਸ ਦੀਆਂ ਅੱਖਾਂ ਸਾਹਮਣੇ ਹੁੰਦਾ ਤਾਂ ਸੁਆਦ ਆਉਂਦਾ ਤੇ ਉਸ ਨੂੰ ਪਤਾ ਲਗਦਾ ਕਿ ਬਿਗਾਨੀਆਂ ਦੀ ਇੱਜਤ ਕੀ ਹੁੰਦੀ ਐ।“ ਇਕ ਹੋਰ ਜੁਆਨ ਬੋਲਿਆ। “ ਨਹੀਂ ਬੰਦਾ ਸਿੰਘ ਦਾ ਆਖਣਾ ਸੀ ਕਿ  ਗੁਰੂ ਸਾਹਿਬ ਦਾ ਹੁਕਮ ਹੈ ਕਿ ਸਭ ਬਿਗਾਨੀਆਂ ਔਰਤਾਂ ਨੂੰ ਧੀਆਂ ,ਭੈਣਾਂ ਮਾਮਾਂ ਸਮਝੋ।ਉਹ ਗੁਰੂ ਜੀ  ਦੇ ਹੁਕਮਾਂ ਦੀ ਅਣਦੇਖੀ ਕਿਵੇਂ ਕਰ ਸਕਦਾ ਹੈ?” ਕਪੂਰੀ ਤੋਂ ਮੁੜ ਕੇ ਆਏ ਬੰਦੇ ਦੀਆਂ ਗੱਲਾਂ ਸੁੰਦਰ ਸੁਣ ਆਇਆ ਸੀ ਤੇ ਉਸ ਨੇ ਘਰ ਆਕੇ ਇਹ ਮਾਂ ਤੇ ਰਾਜ ਨੂੰ ਸੁਣਾਈਆਂ।ਰਾਜ ਤਾਂ ਸੁਣ ਕੇ ਫੁੱਲ ਕੇ ਕੁੱਪਾ ਹੋ ਗਈ ਪਰ ਗੁਰਦੇਈ ਗੰਭੀਰ ਹੋ ਗਈ।ਉਸਦੀ ਸੋਚ ਰਾਜ ਸਿੰਘ ਦੇ ਉਦਾਲੇ ਘੁੰਮ ਰਹੀ ਸੀ। ਉਹ ਸੋਚ ਰਹੀ ਸੀ ਕਿ ਰਾਜ ਦਾ ਵਿਆਹ ਛੇਤੀ ਹੋ ਜਾਵੇ ਤਾਕਿ ਉਸਦੀ ਬੇਟੀ ਉਸ ਨੂੰ ਜੰਗ ਵਿੱਚ ਜਾਣ ਤੋਂ ਰੋਕ ਲਵੇ।“ਵਿਆਹ ਦਾ ਬੰਧਨ ਬੰਦੇ ਨੂੰ ਘਰ ਨਾਲ ਬੰਨ੍ਹ ਲੈਂਦਾ ਹੈ ਤੇ ਬੰਦਾ ਘਰ ਤੋਂ ਦੂਰ ਜਾਣ ਦਾ ਵਿਚਾਰ ਤਿਆਗ ਦਿੰਦਾ ਹੈ,”  ਉਸਦੀ ਸੋਚ ਸੀ।                                                                                                             ਕੇਹਰ ਸਿੰਘ ਖੇਤੋਂ ਆਇਆ ਤਾਂ ਗੁਰਦੇਈ ਉਸ ਨੂੰ ਪਾਣੀ ਦੇਣ ਲਈ ਗਈ ।ਉਸ ਨੇ ਬੰਦਾ ਸਿੰਘ ਦੀਆਂ ਕਹਾਣੀਆਂ ਜੋ ਅੱਜ ਸੁਣੀਆਂ ਸਨ, ਉਸਨੂੰ ਦੱਸ ਕੇ ਕਿਹਾ ਕਿ ਸਾਨੂੰ ਰਾਜ ਦੀ ਸ਼ਾਦੀ ਜਲਦੀ ਕਰ ਦੇਣੀ ਚਾਹੀਦੀ ਹੈ ਮਤੇ ਕਿਤੇ ਰਾਜ ਸਿੰਘ ਆਪਦੇ ਪਿਤਾ ਵਾਂਗ ਘਰ ਤੋਂ ਚਲਿਆ ਜਾਵੇ ਤੇ......” “ ਤੂਂੰ ਝੱਲੀ ਤਾਂ ਨੀ ਹੋ ਗਈ? ਹਾੜ੍ਹੀ ਦੀ ਫਸਲ ਵੱਢਣ ਵਾਲੀ ਹੋਈ ਪਈ ਹੈ, ਵਿਆਹ ਲਈ ਅਜੇ ਵਿਹਲ ਕਿੱਥੇ ਐ।ਦਾਣੇ ਘਰ ਆ ਜਾਣ ਦੇਹ , ਵਿਆਹ ਕਰ ਦਿਆਂਗੇ ।ਕਿਤੇ ਨੀ ਜਾਂਦਾ ਰਾਜ ਸਿੰਘ।“ ਕੇਹਰ ਸਿੰਘ ਨੇ ਰੁੱਖਾ ਜਵਾਬ ਦੇ ਦਿੱਤਾ। ਗੁਰਦੇਈ ਬੇਸ਼ੱਕ ਚੁੱਪ ਹੋ ਗਈ ਪਰ ਉਸ ਦਾ ਮਨ ਚੁੱਪ ਨਾ ਹੋਇਆ ; ਉਹ ਡਰ ਨਾਲ ਕੰਬਦਾ ਹੀ ਰਿਹਾ।
    ਰਾਜ ਬੜੀ ਹੀ ਖ਼ੁਸ਼ ਖ਼ੁਸ਼ ਘਰ ਆਈ ।ੳਹ ਗਲ਼ੀ ਚੋਂ ਨਵੀਂ ਖ਼ਬਰ ਸੁਣ ਕੇ ਆਈ ਸੀ।ਬੰਦਾ ਸਿੰਘ ਨੇ ਸਢੌਰੇ ਤੇ ਹਮਲਾ ਕਰਕੇ ਬਾਬਾ ਬੁੱਧੂ ਸ਼ਾਹ ਨੂੰ ਮਾਰਨ ਵਲਿਆਂ ਦਾ ਮਲੀਆਮੇਟ ਕਰ ਦਿੱਤਾ ਸੀ।  ਉਹ ਮਾਂ ਨੂੰ ਇਹ ਖ਼ਬਰ ਸੁਣਾਉਣਾ ਚਾਹੁੰਦੀ ਸੀ ਪਰ ਮਾਂ ਦਾ ਮੂਡ ਖ਼ਰਾਬ ਲੱਗਿਆ।ਉਸ ਨੇ ਮਾਂ ਦੇ ਪਾਸ ਬੈਠਕੇ ਉਸ ਦੇ ਗੋਡੇ ਤੇ ਇਕ ਹੱਥ ਰੱਖ ਕੇ ਕਿਹਾ, “ ਮਾਂ, ਮੈਨੂੰ ਤੇਰਾ ਚਿਹਰਾ ਠੀਕ ਨੀ ਲਗਦਾ; ਫਿਕਰ ਕੀਤੈ ਕਿਸੇ ਗੱਲ ਦਾ?” “ਨਹੀਂ ਐਸੀ ਕੋਈ ਗੱਲ ਨੀ।ਤੇਰੇ ਬਾਪੂ ਨੂੰ ਤੇਰੇ ਬਿਆਹ ਦੀ ਗੱਲ ਕੀਤੀ ਸੀ ਪਰ ਉਹ ਕਹਿੰਦੈ ਹਾੜ੍ਹੀ ਵੱਢ ਕੇ ਕਰਾਂਗੇ।“ ਗੁਰਦੇਈ ਨੇ ਕਿਹਾ।“ ਫੇਰ ਤੂੰ ਕਿਉਂ ਫਿਕਰ ਕਰਦੀ ਐਂ ;ਬਿਆਹ ਕੋਈ ਭੱਜਿਆ ਤਾਂ ਨੀ ਜਾਂਦਾ। ਇਕ ਮਹੀਨੇ ‘ਚ ਦਾਣੇ ਘਰ ਆ ਜਾਣਗੇ।“ ਰਾਜ ਨੇ ਵੀ ਬਾਪੂ ਵਾਲੇ ਰਉਂ ਵਿੱਚ  ਕਹਿ ਦਿੱਤਾ। “ਚੱਲ ਛੱਡ।ਕੋਈ ਗੱਲ ਨੀ।ਤੈਨੂੰ ਇਹੋ ਫਿਕਰ ਐ ਬਈ ਉਹ ਜੰਗ ‘ਚ ਚਲਿਆ ਜਾਊ ਤੇ ਜੇ ਬਿਆਹ ਪਿੱਛੋਂ ਜਾਣ ਲੱਗਿਆ ਤਾਂ ਮੈਂ ਕਿਹੜਾ ਰੋਕਲੂੰ ਗੀ ਉਸ ਨੂੰ। ਇਹ ਤਾਂ ਧਰਮ ਦੀ ਲੜਾਈ ਐ।ਸੁਣਿਆਂ ਨੀ ਤੈਂ ਕੱਲ੍ਹ ਜਿਹੜੇ ਹੋਰ ਗਏ ਐ ਸਾਡੇ ਪਿੰਡ ਚੋਂ ਉਹ ਗਾਉਂਦੇ ਸੀ,’ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।‘ “ ਰਾਜ ਦੇ ਬੋਲਾਂ ਵਿੱਚ ਇਕ ਉਮਾਹ ਦੀ ਝਲਕ ਸੀ। “ਥੋਡਾ ਸਾਰਿਆਂ ਦਾ ਡਮਾਕ ਖਰਾਬ ਹੋ ਗਿਆ  ਹੈ।ਥੋਡੀ ਜਵਾਨੀ ਮਾਨਣ ਦੀ ਉਮਰ ਐ। ਖਾਉ, ਪੀਉ ,ਮੌਜਾਂ ਮਾਣੋ।ਮਰਨ ਨੂੰ ਹੀ ਤਿਆਰ ਹੋਏ ਫਿਰਦੇ ਓ। “ ਗੁਰਦੇਈ ਦੇ ਮੂੰਹੋਂ ਇਹ ਸ਼ਬਦ ਮਸਾਂ ਹੀ ਨਿਕਲੇ। ਉਸ ਦੀਆਂ ਅੱਖਾਂ ਭਰ ਆਈਆਂ।“ਮਾਂ, ਤੂੰ ਤਾਂ ਐਮੇ ਡਰੀ ਜਾਂਦੀ ਐਂ। ਜੀਹਨੇ ਮਰਨੈ ਉਸ ਨੇ ਮਰ ਈ ਜਾਣੇੈ ਤੇ ਜੀਹਨੇ ਨਹੀਂ ਮਰਨਾ ਉਹ ਬਰ੍ਹਦੀਆਂ ਗੋਲੀਆਂ ‘ਚੋਂ ਬੀ ਬਚ ਜਾਣੈ। ਅੱਛਾ ਤੂੰ ਮੈਨੂੰ ਇਹ ਸਮਝਾ ਕਿ ਜੇ ਕੋਈ ਮੈਨੂੰ ਚੁੱਕਣ ਆ ਜਾਵੇ ਤਾਂ ਆਪਾਂ ਕੀ ਕਰਾਂਗੇ? ਤੂੰ ਰੋ ਕੇ ਬੈਠ ਜਾਮੇਂਗੀ ।ਬਾਪੂ ਉਹਨਾਂ ਦੀਆਂ ਮਿੰਨਤਾਂ ਕਰੂ ਕਿ ਮੇਰੀ ਲਾਡਲੀ ਨੂੰ ਲੈਕੇ ਨਾ ਜਾਉ।ਉਹ ਉਹਨਾਂ ਦੇ ਪੈਰੀਂ ਪੱਗ ਧਰੂ।ਪਰ ਉਹ ਨਹੀਂ ਮੰਨਣ ਗੇ।ਓਦੋਂ ਸਾਡੀ ਮੌਤ ਨੀ ਹੋਊ। ਇਹ ਚੰਗਾ ਨੀ ਬਈ ਇਹਨਾਂ  ਦੁਸ਼ਟਾਂ ਦਾ ਖਾਤਮਾ ਕਰੀਏ।“ ਗੁਰਦੇਈ ਨੂੰ ਕੋਈ ਗੱਲ ਨਾ ਔੜੀ ,ਪਰ ਉਸਦੇ ਹੰਝੂ ਸੁੱਕ ਗਏ।“ਮਾਂ,ਮੈਂ ਤੈਨੂੰ ਅੱਜ ਦੀ ਖਬਰ ਸੁਣਾਉਣੀ ਸੀ।ਤੈਂ ਪੀਰ ਬੁਧੂ ਸ਼ਾਹ ਦਾ ਨਾਂ ਤਾਂ ਸੁਣਿਆਂ ਹੋਣੈ।ਉਹ ਇਕ ਇਹੋ ਜਿਹਾ ਬਾਪ ਸੀ ਜਿਸਦੇ ਦੋ ਪੁੱਤਰ ਗੁਰੁ ਗੋਬਿੰਦ ਸਿੰਘ ਮਹਾਰਾਜ ਲਈ ਲੜਦੇ ਸ਼ਹੀਦ ਹੋਏ ਸੀ।ਉਸਦਾ ਇੱਕ ਭਾਈ ਵੀ ਏਸ ਲੜਾਈ ਵਿੱਚ ਮਾਰਿਆ ਗਿਆ ਸੀ । ਜੰਗ ਦੇ ਮੁੱਕਣ ਤੇ ਗੁਰੂ ਜ ੀ ਨੇ ਪੀਰ ਜੀ ਨਾਲ ਉਸਦੇ ਪੁੱਤਾਂ ਦਾ ਅਫਸੋਸ ਕੀਤਾ ਤਾਂ ਉਸ ਨੇ ਕਿਹਾ ਸੀ:
“ਅੱਜ ਸਪੂਤਾ ਹੋਇਆ ਬੁੱਧੂ ਸ਼ਾਹ ਫਕੀਰ ।ਬੇਟੇ ਚਰਨੀਂ ਲਾ ਲਏ ਕਲਗੀ ਵਾਲੇ ਪੀਰ।“ਗੁਰੂ ਜੀ ਨੇ ਉਸ ਨੂੰ ਸਿਰੋਪਾ ਦਿੱਤਾ ।ਫੇਰ ਇਕ ਕੰਘਾਂ ਸਮੇਤ ਆਪਣੇ ਬਾਲ਼ਾਂ ਉਸ ਦੀ ਮੰਗ ਤੇ ਉਸ ਨੂੰ ਤੋਹਫੇ ਵਜੋਂ  ਦਿੱਤਾ।ਪਿੱਛੋਂ ਸਢੋਰੇ ਦੇ ਹਾਕਮ ਉਸਮਾਨ ਖ਼ਾਂ ਨੇ ਪੀਰ ਦੇ ਸਾਰੇ ਪਰਿਵਾਰ ਨੂੰ ਕਤਲ ਕਰਵਾ ਦਿੱਤਾ।ਹੁਣ ਤੂੰ ਦੱਸ । ਇਸਦਾ ਬਦਲਾ ਲੈਣਾ ਚਾਹੀਦਾ ਸੀ ਕਿ ਨਹੀਂ । ਮਾਂ ਇਹ ਬਦਲਾ ਲੈਣ ਬਾਲਾ ਬੀ ਕਿਸੇ ਮਾਂ ਦਾ ਪੁੱਤ ਈ ਹੋਊ ਨਾ? ਜੇ, ਉਹਦੀ ਮਾਂ ਇਹ ਕਹੇ ਕਿ ਮੈਂ ਆਪਦੇ ਪੁੱਤ ਨੂੰ ਨੀ ਜਾਣ ਦੇਣਾ ਕੋਈ ਹੋਰ ਜਾਬੇ, ਤੇ ਜੇੜ੍ਹਾ ਬੀ ਜਾਊ ਉਹ ਕਿਸੇ ਮਾਂ ਦਾ ਪੁੱਤ ਤਾਂ ਹੋਊਗਾ ਈ ਨਾ? ਮੈਂ ਤੈਨੂੰ ਦੱਸਣਾ ਸੀ ਕਿ ਪੀਰ ਜੀ ਦਾ ਬਦਲਾ ਲੈ ਲਿਆ ਗਿਆ ਹੈ।ਸਢੌਰਾ ਸਾਰਾ ਈ ਮੁਸਲਮਾਨਾਂ ਦਾ ਕਸਬਾ ਸੀ।ਏਥੋਂ ਦੇ ਮੁਸਲਮਾਨ ਬੀ ਜਰਬਾਣੇ ਸੀ। ਉਹ ਬੀ ਹਿੰਦੂਆਂ ਨੂੰ ਬਹੁਤ ਤੰਗ ਕਰਦੇ ਸੀ।ਉਹ ਹਿੰਦੂਆਂ ਨੂੰ ਆਪਣੇ ਮੁਰਦਿਆਂ ਦਾ ਅੰਤਮ ਸੰਸਕਾਰ ਵੀ ਕਰਨ ਨਹੀਂ ਦਿੰਦੇ ਸੀ ।ਕਹਿੰਦੇ ਸੀ ਕਿ ਕਬਰਾਂ ਬਿੱਚ ਦੱਬੋ ।ਜਦ ਬੰਦਾ ਸਿੰਘ ਨੇ ਇਸ ਕਸਬੇ ਨੂੰ ਘੇਰਾ ਪਾ ਲਿਆ ਤਾਂ ਉਸਮਾਨ ਖ਼ਾਂ ਦੀ ਫੌਜ ਕੋਈ ਮੁਕਾਬਲਾ ਨਾ ਕਰ ਸਕੀ। ਉਸਮਾਨ ਖ਼ਾਂ ਆਪਦੇ ਪਰਬਾਰ ਸਮੇਤ ਪੀਰ ਬੁਧੂ ਸ਼ਾਹ ਦੀ ਹਬੇਲੀ ਦੇ ੱਿਵੱਚ ਲੁਕ ਗਿਆ । ਸ਼ਹਿਰ ਦੇ ਅਮੀਰ ਮੁਸਲਮਾਨ ਬੀ ਆਪੋ ਆਪਣੇ ਟੱਬਰਾਂ ਨਾਲ ਇਸ ਹਬੇਲੀ ਬਿੱਚ ਆ ਗਏ। ਕਿਸੇ ਬੀ ਗਰੀਬ ਭਾਮੇ ਉਹ ਮੁਸਲਮਾਨ ਹੀ ਸੀ, ਨੂੰ ਅੰਦਰ ਨਾ ਬੜਨ ਦਿੱਤਾ ਗਿਆ। ਹਬੇਲੀ ਨੂੰ ਅੰਦਰੋਂ ਕੁੰਡੇ ਲਾ ਲਏ।ਬੰਦਾ ਸਿੰਘ ਨੇ ਇਸ ਕਸਬੇ ਨੂੰ ਘੇਰ ਲਿਆ।ਮਾਂ,ਬੰਦਾ ਸਿੰਘ ਨੇ ਹਬੇਲੀ ਤੇ ਹਮਲਾ ਕਰਾਕੇ ਸਾਰੇ ਦੇ ਸਾਰੇ ਕਤਲ ਕਰਾਤੇ।ਹੋਰ ਕਿਸੇ ਮੁਸਲਮਾਨ ਨੂੰ ਕੁਛ ਨਾ ਕਿਹਾ। ਅਮੀਰਾਂ ਦੇ ਘਰਾਂ ਨੂੰ ਲੁੱਟ ਕੇ ਤਬਾਹ ਕਰ ਦਿੱਤਾ।“ਗੁਰਦੇਈ ਨੇ ਸਾਰਾ ਬ੍ਰਿਤਾਂਤ ਚੁੱਪ ਕਰਕੇ ਸੁਣਿਆ ਤੇ ਕੋਈ ਹੁੰਗਾਰਾ ਨਾ ਭਰਿਆ।ਉਸ ਦੇ ਮਨ ਵਿੱਚ ਛਾਇਆ ਹੋਇਆ ਡਰ ਉਸ ਨੇ ਮੂੰਹ ਨੂੰ ਜਿੰਦਾ ਲਾਈ ਬੈਠਾ ਸੀ। ਉਸ ਨੂੰ ਕੋਈ ਹੁੰਗਾਰਾ ਨਾ ਦਿੰਦੀ ਦੇਖ ਕੇ ਰਾਜ ਨੇ ਉਸ ਨੂੰ ਕਿਹਾ, “ ਮਾਂ, ਤੈਨੂੰ ਚੰਗਾ ਨੀ ਲਗਦਾ? ਦੇਖ ਬੰਦਾ ਸਿੰਘ ਕਿਮੇ ਲੋਕਾਂ ਦਾ ਜ਼ਾਲਮਾਂ ਤੋਂ ਛੁਟਕਾਰਾ ਕਰਵਾ ਰਿਹਾ ਹੈ।ਖੂਨ ਪੀਣਿਆਂ ਦੀ ਅਲਖ ਮੁਕਾ ਰਿਹਾ ਹੈ।“ “ਚੰਗਾ ਐ,” ਕਹਿ ਕੇ ਗੁਰਦੇਈ ਰਸੋਈ ਵਿੱਚ ਜਾ ਕੇ ਰੋਟੀ ਦਾ ਆਹਰ ਕਰਨ ਲੱਗੀ।ਮਾਂ ਦਾ ਰਉਂ ਹੋਰ ਤਰ੍ਹਾਂ ਦਾ ਦੇਖਕੇ ਰਾਜ ਆਪਣੀ ਫੁਲਕਾਰੀ ਲੈ ਕੇ ਕੱਢਣ ਦਾ ਕੰਮ ਕਰਨ ਲੱਗ ਪਈ।
    ਸਮਾਣੇ ਦੀ ਜਿੱਤ ਉਪ੍ਰੰਤ ਬੰਦਾ ਸਿੰਘ ਕੁਛ ਦੇਰ ਲਈ ਮੁਖਲਿਸ ਪੁਰੇ ਦੇ ਕਿਲੇ ਵਿੱਚ ਜਾ ਕੇ ਟਿਕ ਗਿਆ। ਉਹ ਸੂਬੇਦਾਰ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਚਾਹੁੰਦਾ ਸੀ।ਦੂਜੇ ਪਾਸੇ ਉਸ ਨੇ ਮਾਝੇ ਦੇ ਸਿੰਘਾਂ ਨੂੰ ਚਿੱਠੀਆਂ ਭੇਜੀਆਂ ਹੋਈਆਂ ਸਨ ਕਿ ਉਹ ਸਾਰੇ ਕੀਰਤਪੁਰ ਸਾਹਿਬ ਵਿੱਚ ਆਕੇ ਇਕੱਠੇ ਹੋਣ ਤੇ ਉਸ ਨੂੰ ਮਿਲਣ।ਉਹ ਉਹਨਾਂ ਨੁੂੰ ਵੀ ਉੜੀਕ ਰਿਹਾ ਸੀ।ਹਾੜ੍ਹੀ ਦੀ ਫ਼ਸਲ ਇੱਕ ਹੋਰ ਅੜਿੱਕਾ ਸੀ ।ਉਸਦੀ ਫੌਜ ਵਿੱਚ ਸਾਰੇ ਲੋਕ ਕਿਰਤੀ ਤੇ ਕਿਰਸਾਣ ਸਨ।ਬੰਦਾ ਸਿੰਘ ਉਹਨਾਂ ਨੂੰ ਵੀ ਕੰਮ ਸਮੇਟਣ ਦਾ ਸਮਾਂ ਦੇਣਾ ਚਾਹੁੰਦਾ ਸੀ।
     ਇਸ ਦੌਰਾਨ ਕੇਹਰ ਸਿੰਘ ਗੁਰਦੇਈ ਦੇ ਬਹੁਤ ਜ਼ਿਆਦਾ ਜ਼ੋਰ ਦੇਣ ਤੇ ਰਾਜ ਸਿੰਘ ਦੇ ਪਿੰਡ ਗਿਆ ਤੇ ਵਿਆਹ ਬਾਰੇ ਗੱਲ ਤੋਰੀ । ਰਾਜ ਸਿੰਘ ਚਾਹੁੰਦਾ ਸੀ ਕਿ ਕੁਛ ਦੇਰ ਹੋਰ ਠਹਿਰ ਲਿਆ ਜਾਵੇ ਪਰ ਉਸ ਦੀ ਮਾਂ ਵੀ ਵਿਆਹ ਜਲਦੀ ਕਰਨ ਦੇ ਹੱਕ ਵਿੱਚ ਸੀ ।ਸੋ ਸਾਰਿਆਂ ਦੀ ਸਹਿਮਤੀ ਨਾਲ ਜੇਠ ਦੀ ਪੱਚੀ ਤਾਰੀਖ਼ ਨੀਅਤ ਕਰ ਦਿੱਤੀ ਗਈ।ਇਸ ਦਿਨ ਜੰਞ ਨੇ ਢੁੱਕਣਾ ਸੀ ਤੇ ਅਗਲੇ ਦਿਨ ਆਨੰਦ ਕਾਰਜ ਹੋ ਕੇ ਬਰਾਤ ਦੀ ਵਾਪਿਸੀ ਸੀ।  ਕੇਹਰ   ਸਿੰਘ ਨੇ ਘਰ ਆਕੇ ਜਦ ਵਿਆਹ ਦੀ ਖ਼ਬਰ ਸੁਣਾਈ ਤਾਂ ਸਾਰਾ ਪਰਿਵਾਰ ਖਿੜ ਪਿਆ।ਅਗਲੇ ਦਿਨ ਤੋਂ ਹੀ ਤਿਆਰੀ ਹੋਣ ਲਗ ਪਈ।
    ਸਵਰਾਜ ਕੌਰ ਵੀ ਬਹੁਤ ਖ਼ੁਸ਼ ਸੀ।ਉਸ ਦੇ ਚਾਵਾਂ ਤੇ ਸੱਧਰਾਂ ਦੇ ਕੇਂਦਰ ਦੇ ਆ ਜਾਣ ਦਾ ਦਿਨ ਨੀਅਤ ਹੋ ਗਿਆ ਸੀ।ਉਸ ਦਾ ਮਨ ਰਾਜ ਦੇ ਦਰਸ਼ਨ ਕਰਨ ਲਈ ਬਿਹਬਲ ਹੋ ਰਿਹਾ ਸੀ।ਦਿਨ ਸਚ ਮੁੱਚ ਹੀ ਲੰਮੇ ਹੋ ਗਏ ਸਨ।ਰਾਤਾਂ ਸੁਪਨਿਆਂ ਨਾਲ ਰੰਗੀਨ ਹੋ ਗਈਆਂ ਸਨ ।ਆਖ਼ਿਰ ਪੱਚੀ ਜੇਠ ਆ ਗਿਆ।ਰਾਜ ਸਿੰਘ ਪੂਰੇ ਖ਼ਾਲਸਈ ਬਾਣੇ ਵਿੱਚ ਸਜਿਆ ਹੋਇਆ ਢੁੱਕਿਆ। ਉਸ ਦੇ ਸਿਰ ਤੇ ਦਸਤਾਰ ਤੇ ਖੰਡੇ ਦਾ ਨਿਸ਼ਾਨ ਸਸ਼ੋਭਤ ਸੀ।ਨੀਲਾ ਬਾਣਾ ਤੇ ਵੱਡੀ ਕਿਰਪਾਨ ਗਲ਼ ਸਜ ਰਹੀ ਸੀ।ਉਸ ਦੇ ਨਾਲ ਪੰਜ ਸਿੰਘ ਵੀ ਤਿਆਰ ਬਰ ਤਿਆਰ ਸਨ। ਕੋਈ ਦਸ ਬੰਦੇ ਆਮ ਬਸਤਰਾਂ ਵਿੱਚ ਸਨ।ਬਰਾਤ ਦੀ ਖ਼ੂਬ ਸੇਵਾ ਕੀਤੀ ਗਈ  ਤੇ ਅਗਲੇ ਦਿਨ ਆਨੰਦ ਕਾਰਜ ਕੀਤੇ ਗਏ ਤੇ ਡੋਲੀ ਤੋਰ ਦਿੱਤੀ ਗਈ। ਇਕ ਰਾਤ ਹੀ ਲੰਘੀ ਸੀ ਕਿ ਸਵੇਰ ਸਾਰ ਹੀ ਦੋ ਘੋੜ ਅਸਵਾਰ ਪਿੰਡ ਵਿੱਚ ਆਏ ।ਇੱਕ ਦੇ ਪਾਸ ਛੋਟਾ ਜਿਹਾ ਨਗਾਰਾ ਸੀ ।ਉਸ ਨੇ ਨਗਾਰਾ ਬਜਾ ਕੇ ਐਲਾਨ ਕੀਤਾ,” ਕੱਲ੍ਹ ਨੂੰ ਬਜੀਦੇ ਨੂੰ ਸੋਧਣ ਲਈ ਖ਼ਾਲਸੇ ਨੇ ਸਰਹਿੰਦ ਤੇ ਧਾਵਾ ਬੋਲਣਾ ਹੈ। ਬੰਦਾ ਸਿੰਘ ਬਹਾਦਰ ਦਾ ਹੁਕਮ ਹੈ ਕਿ ਸਾਰੇ ਸਿੰਘ ਆਪੋ ਆਪਣੇ ਸ਼ਸਤਰ ਲੈ ਕੇ ਜ਼ਾਲਮ ਸੂਬੇਦਾਰ ਵਜ਼ੀਰ ਖ਼ਾਂ ਨੂੰ ਸੋਧਣ ਲਈ ਪੰਜ ਸ਼ਸਤਰਾਂ ਨਾਲ ਸਨੱਦਬੱਧ ਹੋਕੇ ਮੈਦਾਨ ਵਿੱਚ ਕੁੱਦੋ।
     ਰਾਜ ਸਿੰਘ ਤਿਆਰ ਹੋ ਗਿਆ।ਉਸ ਦੀ ਮਾਂ ਦੇ ਦਿਲ ਨੇ ਇੱਕ ਵਾਰੀ ਤਾਂ ਡੋਲਾ ਖਾਧਾ ।ਪਰ ਉਸ ਨੇ ਕਸੀਸ ਵੱਟ ਕੇ ਪੁੱਤਰ ਨੂੰ ਕਿਹਾ,” ਪੁੱਤਰ, ਤੂੰ ਧਰਮ ਯੁੱਧ ਤੇ ਜਾ  ਰਿਹਾ ਹੈਂ ।ਵਾਹਿਗੁਰੂ ਤੁਹਾਨੂੰ ਜਿੱਤ ਬਖਸ਼ੇ। ਡੋਲਨਾ ਨੀਂ ।ਗੁਰੂ ਸਦਾ ਅੰਗ ਸੰਗ ਜਾਨਣਾ। ਰਾਜ ਸਿੰਘ ਆਪਣੀ ਪੱਤਨੀ ਪਾਸ ਆਇਆ ਤੇ ਕਿਹਾ,” ਸਵਰਾਜ ਮੈਂ ਜਾਣਦਾ ਹਾਂ ਕਿ ਤੇਰੇ ਅੰਦਰ ਗੁਰੂ ਸਾਹਿਬ ਦੀ ਸਿੱਖੀ ਦੀ ਦਾਤ, ਸਿਦਕ ਦਾ ਭੰਡਾਰ ਹੈ ਇਸ ਲਈ ਤੇਰਾ ਮਨ ਡੋਲੇਗਾ ਨਹੀਂ।ਅਰਦਾਸ ਕਰੀਂ ਕਿ ਮੈਂ ਗੁਰੂ ਜੀ ਦਾ ਹੁਕਮ ਪੂਰਾ ਕਰਕੇ ਵਾਪਸ ਆਕੇ ਤੇਰੇ ਅਨੂਠੇ ਤੇ ਸੁੱਚੇ ਪਿਆਰ ਨੂੰ ਮਾਣ ਸਕਾਂ।ਜੇ ਗੁਰੂ ਨੇ ਸ਼ਹਾਦਤ ਬਖਸ਼ ਦਿੱਤੀ ਤਾਂ ਸ਼ੋਕ ਨੀ ਕਰਨਾ ।ਇਸ ਨੂੰ ਉਸਦੀ ਦਾਤ ਸਮਝਕੇ ਸ਼ੁਕਰ ਕਰੀਂ ਤੇ ਮਾਤਾ ਜੀ ਦਾ ਸਹਾਰਾ ਬਣੀਂ। ਸਵਰਾਜ ਨੇ ਰਾਜ ਸਿੰਘ ਨੂੰ ‘ਗੁਰੂ ਅੰਗ ਸੰਗ ‘ ਕਹਿਕੇ ਫ਼ਤਹਿ ਬੁਲਾ ਕੇ ਵਿਦਾ ਕੀਤਾ।ਉਸ ਦੀਆਂ ਅੱਖਾਂ ਵਿੱਚ ਇੱਕ ਖ਼ਾਸ ਚਮਕ ਸੀ, ਜਿਸ ਤੋਂ ਰਾਜ ਸਿੰਘ ਨੂੰ ਉਤਸ਼ਾਹ ਦਾ ਹਲੂਣਾ ਮਿਲਿਆ।
     ਚਪੜ ਚੜੀ ਦਾ ਮੈਦਾਨ ਸੂਰਜ ਚੜ੍ਹਨ ਦੇ ਨਾਲ ਹੀ ਭਖ ਉੱਠਿਆ।ਵਜ਼ੀਰ ਖ਼ਾਂ ਨੇ ਨਵਾਬ ਮਾਲੇਰ ਕੋਟਲਾ, ਪਿੰਡਾਂ ਦੇ ਵੱਡੇ ਰਈਸਾਂ,ਜਾਗੀਰਦਾਰਾਂ ,ਰੰਘੜਾਂ ਵਗ਼ੈਰਾ ਨੂੰ ਜਹਾਦ ਦੇ ਨਾਂ ਤੇ ਇਕੱਠਾ ਕਰ ਲਿਆ ਹੋਇਆ ਸੀ।ਉਸ ਦੀ ਆਪਣੀ ਫੌਜ ਵਿੱਚ ਛੇ ਹਜ਼ਾਰ ਘੋੜ ਸਵਾਰ,ਅੱਠ ਦਸ ਹਜ਼ਾਰ ਬੰਦੂਕਚੀ ਤੇ ਤੀਰ ਅੰਦਾਜ਼ ਸਨ।ਉਸ ਦੇ ਨਾਲ ਦੂਸਰੇ ਲੋਕਾਂ ਦੀਆਂ ਫੌਜਾਂ ਵੀ ਬਹੁਤ ਕਰਕੇ ਟ੍ਰੇਂਡ ਸਨ। ਦੂਸਰੇ ਪਾਸੇ ਬੰਦਾ ਸਿੰਘ ਨਾਲ ਬਹੁਤ ਘੱਟ ਟ੍ਰੇਂਡ ਸਿੰਘ ਸਨ,ਪਰ ਇਹਨਾਂ ਪਾਸ ਉਹ ਸ਼ਸਤਰ ਸੀ ਜੋ ਦੁਸ਼ਮਨ ਪਾਸ ਨਹੀਂ ਸੀ।ਉਹ ਸੀ ਧਰਮ ਲਈ ਮਰ ਮਿਟਣ ਦਾ ਜਜ਼ਬਾ।ਉਹਨਾਂ ਵਿਚੋਂ ਕੁੱਝ ਪਾਸ ਕੁਛ ਬੰਦੂਕਾਂ ਸਨ ਤੇ ਤੀਰ ਕਮਾਣਾਂ ਸਨ ਤੇ ਬਾਕੀ ਸਭਨਾਂ ਪਾਸ ਬਰਛੇ,ਤਲਵਾਰਾਂ, ਟਕੂਏ ਤੇ ਸੋਟੇ ਸਨ।ਦੁਪਹਿਰ ਤੀਕ ਵਜ਼ੀਰ ਖ਼ਾਂ ਦਾ ਪੱਲਾ ਭਾਰੀ ਜਾਪ ਰਿਹਾ ਸੀ ਤੇ ਲੁੱਟ ਖੋਹ ਕਰਨ ਵਾਲੇ ਦੌੜ ਗਏ ਸਨ।ਬੰਦਾ ਸਿੰਘ ਨੇ ਗੁਰੂ ਜੀ ਵੱਲੋਂ ਬਖ਼ਸ਼ੇ ਤੀਰਾਂ ਵਿੱਚੋਂ ਇਕ ਚਿੱਲੇ ਤੇ ਚੜ੍ਹਾ ਕੇ ਗੁਰੂ ਨੂੰ ਯਾਦ ਕਰਕੇ ਚਲਾ ਦਿੱਤਾ।ਇਸ ਦਾ ਜਾਦੂ ਮਈ ਅਸਰ ਹੋਇਆ ਤੇ ਦੁਸ਼ਮਣ ਦੇ ਪੈਰ ਉੱਖੜਨ ਲੱਗ ਪਏ।ਸ਼ੇਰ ਖ਼ਾਂ ਮਾਲੇਰ ਕੋਟਲੇ ਵਾਲਾ ਤੇ ਉਸਦਾ ਭਰਾ ਖ਼ਵਾਜਾ ਮਰਦੂਦ ਖ਼ਾਂ ਮਾਰਿਆ ਗਿਆ।ਵਜ਼ੀਰ ਖ਼ਾਂ ਵੀ ਡੁੱਕ ਦਿੱਤਾ ਗਿਆ।ਰਾਜ ਸਿੰਘ ਨੱਸੀ ਜਾਂਦੀ ਤੁਰਕ ਫੌਜ ਦਾ ਪਿੱਛਾ ਕਰਦਾ ਹੋਇਆ ਵਧਦਾ ਜਾ ਰਿਹਾ ਸੀ।ਉਸ ਦੀ ਰੱਖਿਆ ਤੇ ਇੱਕ ਨੌਜਵਾਨ ਡਟਿਆ ਹੋਇਆ ਸੀ।ਉਸ ਨੇ ਰਾਜ ਸਿੰਘ ਵੱਲ ਆਉਂਦੇ ਤੀਰਾਂ ਨੂੰ ਆਪਣੀ ਢਾਲ ਤੇ ਕਈ ਵੇਰ ਰੋਕ ਲਿਆ ਸੀ ਪਰ ਉਹ ਦੁਸ਼ਮਣ ਦੇ ਇੱਕ ਤੀਰ ਤੋਂ  ਆਪ ਆਪਣਾ ਬਚਾਅ ਨਾ ਕਰ ਸਕਿਆ।ਤੀਰ ਉਸ ਦੀ ਛਾਤੀ ਨੂੰ ਵਿੰਨ੍ਹ ਗਿਆ ਤੇ ਉਸ ਨੇ ਡਿਗਦੇ ਹੋਏ ਕਿਹਾ,” ਅੱਛਾ ਰਾਜ ਸਿੰਘ ਫ਼ਤਹਿ; ਮੈਂਨੂੰ ਅਕਾਲ ਪੁਰਖ ਨੇ ਬੁਲਾ ਲਿਆ ਹੈ।“ ਰਾਜ ਸਿੰਘ ਨੇ ਡਿੱਗੇ ਪਏ ਨੌਜਵਾਨ ਤੇ ਨਿਗਾਹ ਮਾਰੀ।ਓਹ! ਇਹ ਤਾਂ ਸਵਰਾਜ ਸੀ।ਉਹ ਰਾਜ ਸਿੰਘ ਤੋਂ ਅੱਗੇ ਨਿਕਲ ਗਈ ਸੀ।“ਨਹੀਂ , ਰੁਕੋ ਨਹੀਂ।“ ਸਵਰਾਜ ਨੇ ਹੱਥ ਦੇ ਇਸ਼ਾਰੇ ਨਾਲ ਰਾਜ ਸਿੰਘ ਨੂੰ ਕਿਹਾ।
 ਬੰਦਾ ਸਿੰਘ ਨੂੰ ਸਵਰਾਜ ਦੀ ਸ਼ਹੀਦੀ ਦਾ ਪਤਾ ਚਲਿਆ, ਤਾਂ ਉਸ ਨੇ ਕਿਹਾ,” ਮੇਰੇ ਗੁਰੂ ਨੇ ਮਿਹਰ ਕੀਤੀ ਹੈ।ਉਸ ਨੇ ਦੂਜੀ ਮਾਤਾ ਭਾਗੋ ਸਿਰਜ ਕੇ ਖ਼ਾਲਸੇ ਨੂੰ ਇਕ ਹੋਰ ਭੈਣ ਬਖ਼ਸ਼ੀ ਹੈ।ਸਵਰਾਜ ਸਿੱਖੀ ਦਾ ਗੌਰਵ ਹੈ।ਉਸ ਦੀ ਸ਼ਹੀਦੀ ਖਾਲਸੇ ਦਾ ਵਿਰਸਾ ਹੈ। ਸਾਨੂੰ ਇਸ ਤੇ ਮਾਣ ਹੈ।“ 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.