ਨਿੰਦਾ ਦਾ ਜਨਮ ਹਾਰ ਦੀ ਬੁਖਲਾਹਟ ਵਿਚੋਂ ਹੋਂਦਾ ਹੈ
ਬਰਾਹਮਨ ਵਲੋਂ ਧਰਮ ਨਾਮ ਹੇਠ ਵਰਗਲਾ ਕੇ ਕਰਮ ਕਾਂਡ ਪੱਥਰ ਪੂਜਾ ਵਿਚ ਲਾਕੇ ਹਿੰਦੂ ਨੂੰ ਅੰਧਾ ਗੂੰਗਾ ਕਰ ਦਿਤਾ ਗਿਆ ਸੀ, ਮੰਦਰਾਂ ਵਿਚ ਧਰਮ ਦੇ ਨਾਮ ਹੇਠ ਦੇਵ ਦਾਸੀਆਂ ਅਤੇ ਨਸ਼ਿਆਂ ਦਾ ਪ੍ਰਵੇਸ਼, ਵੱਖ ਵੱਖ ਕਬੀਲਿਆਂ ਵਿਚ ਲਾਗੂ ਕੀਤੇ ਨਿਯਮਾ ਰਾਹੀਂ ਮਨੁਖਤਾ ਤੇ ਕੀਤੇ ਜਾ ਰਹੇ ਆਚਰਨ ਹੀਨ ਜ਼ੁਲਮ ਵਿਭਚਾਰ ਅਤੇ ਲੁਟ ਨੂੰ ਵੇਖ ਕੇ ਗੁਰੂ ਨਾਨਕ ਨੇ ਅਵਾਜ਼ ਦਿਤੀ।
ਮਃ 1 ॥
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥
ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥2॥
ਬਸ ਇਸ ਜਾਗਰਤੀ ਦੇ ਐਲਾਣ ਨਾਲ ਹੀ ਗੁਰੂ ਨਾਨਕ ਦੇ ਸਮਾਜ ਸੁਧਾਰ ਸੰਘਰਸ਼ ਦਾ ਆਰੰਭ ਹੋ ਗਿਆ, ਗੁਰੂ ਨਾਨਕ ਦੇ ਇਸ ਸੱਦੇ ਤੇ ਜਾਗਣ ਵਾਲੇ ਲੋਕ ਸਿਖ ਨਾਮ ਹੇਠ ਗੁਰੂ ਨਾਨਕ ਦੇ ਦੁਆਲੇ ਇਕੱਠੇ ਹੋਂਦੇ ਗਏ। ਅਤੇ ਇਸ ਸਮਾਜ ਸੁਧਾਰ ਸੰਘਰਸ਼ ਵਿਚ ਭਗਤਾਂ ਦੀ ਅਵਾਜ਼ ਗੁਰੂ ਨਾਨਕ ਦੀ ਸਾਥੀ ਪ੍ਰਚਾਰਕ ਬਣ ਗਈ। ਇਉਂ ਦਿਨਾ ਵਿਚ ਬਾਬੇ ਦਾ ਕਾਫਲਾ ਬੇਰੋਕ ਟੋਕ ਵੱਡਾ ਹੋਂਦਾ ਵੇਖ ਬ੍ਰਹਮਨ ਦੀ ਨੀਂਦ ਹਰਾਮ ਹੋ ਗਈ ।ਬਾਬਾ ਕਬੀਰ ਜੀ ਦੇ ਬਚਨ
“ਤੂੰ ਬਾਮ੍ਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ ॥
ਤੁਮ੍ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥
ਅਨਸਾਰ ਵੱਕਤ ਦੇ ਰਾਜਿਆਂ ਦੇ ਸਹਾਰੇ ਗੁਰੂ ਦੇ ਸੱਚ ਨੂੰ ਦਬਾਨ ਕੁਚਲਣ ਲਈ ਸ੍ਰੀ ਚੰਦ ਪ੍ਰਿਥੀਚੰਦ ਧੀਰ ਮਲ ਰਾਮਰਾਏ ਚੰਦੂ, ਗੰਗੂ ਹਰ ਹਥਿਆਰ ਹਰ ਹੀਲਾ ਵਰਤਿਆ ਗਿਆ। ਇਹ ਹਮਲੇ ਗੁਰੂ ਅਜਨ ਲਈ ਤੱਤੀ ਤਵੀ ਗੁਰੂ ਹਰ ਗੋਬਿੰਦ ਲਈ ਪ੍ਰਿਥੀਚੰਦ ਵਲੋਂ ਛੱਡੇ ਜ਼ਹਿਰੀਲੇ ਸੱਪ ਬ੍ਰਹਮਨ ਦੇ ਹੱਥ ਜ਼ਹਿਰ ਮਿਲੀ ਦਹੀਂ ਗਵਾਲੀਅਰ ਦੇ ਕਿਲੇ ਦੀ ਕੈਦ ਧੀਰ ਮੱਲ ਵਲੋਂ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਦਾ ਵਾਰ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ। ਏਹਨਾ 200 ਵਰ੍ਹਿਆਂ ਵਿਚ ਅਨੇਕਾਂ ਵਾਰ ਇਸ ਸੱਚ ਦੀ ਅਵਾਜ਼ ਦੇ ਕੇਂਦਰ ਨੂੰ ਖਾਮੋਸ਼ ਕਰਨ ਲਈ ਜਹਾਂਗੀਰ ਸੁਲਹੀ ਖਾਂਨ ਔਰੰਗਜ਼ੇਬ ਪਾਹਾੜੀ ਹਿੰਦੂ ਰਾਜਿਆਂ ਦੀਆਂ ਸ਼ਾਹੀ ਫੋਜਾਂ ਦੇ ਹਮਲੇ।
ਪਰ ਗੁਰੂ ਦੇ ਸਬਦ ਦੀ ਓਟ ਵਿਚ ਗੁਰੂ ਦੇ ਸੱਚ ਦਾ ਇਹ ਸੰਘਰਸ਼ ਹਰ ਹਮਲੇ ਤੋਂ ਬਾਹਦ ਪਹਿਲੇ ਨਾਲੋਂ ਮਜ਼ਬੂਤ ਹੋ ਕੇ ਅੱਗੇ ਵਧਿਆ। ਆਖਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਨੁਖਤਾ ਨੂੰ ਬ੍ਰਾਹਮਨ ਇਜ਼ਮ ਦੇ ਖਤਰੇ ਤੋਂ ਮੁਕਤ ਕਰਨ ਅਤੇ ਧਾਰਮਕ ਸਭਿਯਚਾਰਕ ਰਾਜਨੀਤਕ ਅਜ਼ਾਦੀ ਦੀ ਜੀਵਨ ਜੁਗਤ ਦੇਣ ਲਈ ਗੁਰਮਤਿ ਸਿਧਾਂਤ ਦਾ ਸੰਪੂਰਨ ਸੱਚ ਇਕਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਤਖਤ ਤੇ ਸਸ਼ੋਬਤ ਕਰ ਦਿਤਾ। ਤਾਂ ਉਸ ਦਿਨ ਬ੍ਰਾਹਮਨ ਅਪਣੀ ਦੋ ਸੌ ਵਰ੍ਹੇ ਦੀ ਬੇਬਸ ਹਾਰ ਵਿਚ ਬੁਖਲਾ ਉਠਿਆ।
ਬ੍ਰਾਹਮਨ ਦੋ ਸੌ ਸਾਲ ਵਿਚ ਤਤੀਆਂ ਤਵੀਆਂ ਜੇਲ਼ ਖਾਨੇ ਤੋਂ ਲੈ ਕੇ ਗੋਲੀਆਂ ਤਲਵਾਰਾਂ ਜ਼ਾਲਮ ਸ਼ਾਹੀ ਫੋਜਾਂ ਦੇ ਹਮਲੇ ਤੱਕ ਦੇ ਸਾਰੇ ਹੀਲੇ ਵਰਤ ਕੇ ਸੱਚ ਦੇ ਸਾਹਮਣੇ ਹਾਰ ਚੁਕਾ ਸੀ। ਹੁਣ ਤਾਂ ਸੰਪੂਰਣ ਸੱਚ ਸਿੰਘਾਸਣ ਤੇ ਬੈਠ ਗਿਆ ਹੈ। ਇਸ ਬੁਖਲਾਹਟ ਵਿਚੋਂ ਹੀ ਬ੍ਰਾਹਮਨ ਦੇ ਆਖਰੀ ਹਥਿਆਰ ਬਚਿਤਰ ਨਾਟਕ {ਅਖੌਤੀ ਦਸਮ ਗ੍ਰੰਥ} ਅਤੇ ਗੁਰੂ ਨਿੰਦਕ ਹੋਰ ਬਹੁਤ ਸਾਰਾ ਲਟਰੇਚਰ ਰੂਪਮਾਨ ਹੋਇਆ। ਜਿਸ ਰਾਹੀਂ
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥5॥
ਕਹਿਨ ਵਾਲੇ ਗੁਰੂ ਨੂੰ ਗੁਰੂ ਨਿੰਦਕ ਕਲਮਾਂ ਨੇ ਰਾਤ ਦੇ ਅੰਧੇਰੇ ਵਿਚ ਵੇਸਵਾ ਦੇ ਘਰ ਜਾਣ, ਲੋਕਾਂ ਦੀਆਂ ਪੱਗਾਂ ਲਾਹੁਣ ਜੈਸੇ ਘਿਰਣਤ ਇਲਜ਼ਾਮ ਲਾਏ ਸ਼ਰਾਬੀ ਮਾਹਕਾਲ ਅਤੇ ਖੁਨ ਪੀਣੀ ਕਾਲਕਾ ਭਗਉਤੀ ਦੁਰਗਾ ਦਾ ਉਪਾਸ਼ਕ ਲਿਖਿਆ, ਕਈ ਥਾਵੇਂ ਜ਼ਾਬਰ ਅਤੇ ਜ਼ਾਲਮ ਸਾਬਤ ਕਰਣ ਦੀ ਹਿਮਾਕਤ ਕੀਤੀ, ਕਲਮਾ ਦੇ ਕਈ ਵਾਰ ਕਰਦਿਆਂ ਗੁਰੂ ਨੂੰ ਅਫੀਮ ਖਾਂਦਾ ਭੰਗ ਪੀਦਾ ਨਸ਼ੇ ਕਰਦਾ ਅਤੇ ਅਪਣੇ ਕਾਫਲੇ ਨੂੰ ਨਸ਼ੇ ਕਰਨ ਲਾਉਂਦਾ ਲਿਖਿਆ।
ਸੁਭ ਬਚਨ ਬੋਲਿ ਗੁਨ ਅਮੋਲ ਦੀ ਸਿਖਿਆ ਦੇਣ ਵਾਲੇ ਗੁਰੂ ਨੂੰ ਕਾਮ ਭਰਪੂਰ ਅਸਲੀਲ ਅਸੱਭਿਯ ਬੋਲੀ ਵਾਲਾ ਸਾਬਤ ਕਰਕੇ ਗੁਰੂ ਦੇ ਪਵਿਤਰ ਅਤੇ ਸੁਚੇ ਜੀਵਨ ਨੂੰ ਏਹਨਾ ਗ੍ਰੰਥਾਂ ਅਤੇ ਕੂੜ ਕਿਤਾਬਾਂ ਰਾਹੀਂ ਘੋਰ ਨਿੰਦਾ ਅਤੇ ਇਲਜ਼ਾਮ ਤਰਾਸ਼ੀ ਨਾਲ ਕਲੰਕਤ ਕਰਨ ਦਾ ਆਖਰੀ ਹਮਲਾ ਕੀਤਾ। ਏਥੋਂ ਸਾਬਤ ਹੋਂਦਾ ਹੈ ਕੇ ਨਿੰਦਾ ਅਤੇ ਇਲਜ਼ਾਮ ਬਾਜ਼ੀ ਹਮੇਸ਼ਾਂ ਹਾਰ ਦੀ ਬੁਖਲਾਹਟ ਵਿਚੋਂ ਜਨਮ ਲੈਂਦੀ ਹੈ।
ਅੱਜ ਭੀ ਕੇਸਾ ਧਾਰੀ ਬ੍ਰਹਮਨਇਜ਼ਮ ਦੇ ਭੇਖ ਵਿਚ ਓਹੀ ਕਰਮ ਕਰਤੂਤ ਦੇਖਣ ਵਿਚ ਆ ਰਹੀ ਹੈ। ਦਸਮ ਪਿਤਾ ਵੱਲੋਂ ਸਿੰਘਾਸਣ ਤੇ ਬਿਠਾਏ ਅਤੇ ਅੱਜ ਸਿੰਘਾਂਸਣ ਤੇ ਸਸ਼ੋਬਤ ਛਤਰ ਚਵਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਦੇ ਸੱਚ ਨੂੰ ਪਛਾਨਣ ਵਾਲਾ ਗੁਰੂ ਗ੍ਰੰਥ ਦਾ ਖਾਲਸਾ ਪੰਥ ਜਾਗਰਤ ਹੋ ਕੇ ਅੱਗੇ ਵਧ ਰਿਹਾ ਹੈ। ਤਾਂ ਤਖਤਾਂ, ਗੁਰਦੁਆਰਿਆਂ , ਸਿਖ ਸੰਸਥਾਵਾਂ ਤੇ ਕਾਬਜ਼ ਕੇਸਾਧਾਰੀ ਬ੍ਰਾਹਮਨ ਇਸ ਜਾਗਰਤ ਕਾਫਲੇ ਦੇ ਰਾਹ ਰੋਕਣ ਲਈ ਛੇਕ ਦੇਣ ਧਮਕੀਆਂ ਤਲਵਾਰਾਂ ਗੋਲੀਆਂ ਬੰਬਾਂ ਦੀ ਵਰਤੋਂ ਤੋਂ ਬਾਹਦ ਹੁਣ ਗ੍ਹਾਲਾਂ ਜਾਗਰਤ ਵੀਰਾਂ ਦੀ ਨਿੰਦਾ ਅਤੇ ਘਿਰਣਤ ਇਲਜ਼ਾਮਾਂ ਰਾਹੀਂ ਚਿਕੜ ਸੁਟਣ ਤੇ ਉਤਰ ਆਇਆ ਹੈ। ਪਰ ਜਾਗਰਤ ਕਾਫਲਾ ਬਿਨਾ ਕਿਸੇ ਉਤੇਜਨਾ ਅਤੇ ਡਰ ਤੋਂ ਅੱਗੇ ਵਧ ਰਿਹਾ ਹੈ। ਕਿਉਂਕੇ ਹੁਣ ਤੱਕ ਦਾ ਤਾਜਰਬਾ ਇਹ ਸਾਬਤ ਕਰਦਾ ਹੈ, ਅਤੇ ਇਹ ਬੁਖਲਾਹਟ ਦਸਦੀ ਹੈ ਅੱਜ ਕੇਸਾਧਾਰੀ ਬ੍ਰਾਹਮਨ ਗੁਰੂ ਗ੍ਰੰਥ ਦੇ ਸੱਚ ਸਾਹਮਣੇ ਹਾਰ ਰਿਹਾ ਹੈ, ਅਤੇ
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥
ਦੇ ਮਾਹਵਾਕ ਅਨਸਾਰ ਗੁਰੂ ਗ੍ਰੰਥ ਦਾ ਖਾਲਸਾ ਪੰਥ ਗੁਰੂ ਦਾ ਪੱਲਾ ਫੜ ਕੇ ਅੱਗੇ ਵਧਦਾ ਜਾਵੇਗਾ।
ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ ॥
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥
ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ ॥1॥{ਸਗਗਸ ਪੰਨਾ 306
ਦਰਸ਼ਨ ਸਿੰਘ ਖਾਲਸਾ
ਪ੍ਰੋ. ਦਰਸ਼ਨ ਸਿੰਘ ਖਾਲਸਾ
ਨਿੰਦਾ ਦਾ ਜਨਮ ਹਾਰ ਦੀ ਬੁਖਲਾਹਟ ਵਿਚੋਂ ਹੋਂਦਾ ਹੈ
Page Visitors: 2525