ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਅੱਜ ਗੁਰੂ ਨੂੰ ਭੁਲਕੇ ਇਮਾਰਤਾਂ ਵੱਡੀਆਂ ਕਰਨ ‘ਤੇ ਕੌਮ ਦਾ ਜ਼ੋਰ ਲੱਗ ਰਿਹਾ ਹੈ
ਅੱਜ ਗੁਰੂ ਨੂੰ ਭੁਲਕੇ ਇਮਾਰਤਾਂ ਵੱਡੀਆਂ ਕਰਨ ‘ਤੇ ਕੌਮ ਦਾ ਜ਼ੋਰ ਲੱਗ ਰਿਹਾ ਹੈ
Page Visitors: 2539

ਅੱਜ ਗੁਰੂ ਨੂੰ ਭੁਲਕੇ ਇਮਾਰਤਾਂ ਵੱਡੀਆਂ ਕਰਨ ‘ਤੇ ਕੌਮ ਦਾ ਜ਼ੋਰ ਲੱਗ ਰਿਹਾ ਹੈ
 ਪ੍ਰੋ. ਦਰਸ਼ਨ ਸਿੰਘ ਖਾਲਸਾ
ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਵਾ ਭਾਉ ਦੂਜਾ ॥੨੨॥
ਕਾਸ਼ ਇੱਕ ਗੱਲ ਸਾਡੀ ਸਮਝ ਵਿੱਚ ਆ ਜਾਵੇ, ਘਰ ਅਤੇ ਘਰਵਾਲੇ ਵਿਚ ਕੀ ਫਰਕ ਹੈ ।
੧- ਘਰ ਇੱਟਾਂ ਪੱਥਰਾਂ ਮਾਰਬਲ ਦਾ ਬਣਦਾ ਹੈ, ਰਾਜ ਮਿਸਤਰੀ ਬਣਾਉਂਦਾ ਹੈ। ਘਰ ਜੱੜ ਹੈ, ਨਿਰਜੀਉ ਹੈ... ਢਹਿੰਦਾ, ਬਣਦਾ ਹੈ। ਘਰ ਖੁਬਸੂਰਤ ਬਣਿਆਂ ਹੋਵੇ, ਕਈ ਵਾਰ ਦਰਸ਼ਕ ਲੋਕ ਉਸਨੂੰ ਦੇਖਣ ਭੀ ਜਾਂਦੇ ਹਨ, ਉਹ ਕੋਈ ਭੀ ਹੋ ਸਕਦੇ ਹਨ, ਘਰਵਾਲੇ ਨਾਲ ਉਹਨਾ ਦਾ ਕੋਈ ਰਿਸ਼ਤਾ ਹੋਣਾ ਜਰੂਰੀ ਨਹੀਂ, ਬਨਾਉਣ ਵਾਲੇ ਰਾਜ ਮਿਸਤਰੀ ਦੀ ਸਲਾਹਨਾ ਕਰਦੇ ਹਨ।
੨- ਘਰ ਵਿੱਚ ਵੱਸਣ ਵਾਲੇ ਮਾਲਕ ਨੂੰ ਘਰਵਾਲਾ ਆਖਦੇ ਹਨ, ਘਰਵਾਲਾ ਨਿਰਜੀਉ ਨਹੀਂ, ਸਰਜੀਉ ਹੈ। ਘਰਵਾਲੇ ਨੂੰ ਮਿਲਣ ਉਸ ਨਾਲ ਕੋਈ ਸਬੰਧ ਰੱਖਣ ਵਾਲੇ ਸਬੰਧੀ ਹੀ ਜਾਂਦੇ ਹਨ। ਘਰ ਵਿਚ ਸਭ ਚੀਜ਼ ਘਰਵਾਲੇ ਦੀ ਮਰਜ਼ੀ ਦੀ ਹੀ ਹੈ, ਉਸ ਦੀ ਮਰਜ਼ੀ ਚਲਦੀ ਹੈ, ਜਿਸ ਘਰ ਵਿਚ ਘਰਵਾਲੇ ਦੀ ਮਰਜ਼ੀ ਨਾ ਚੱਲੇ, ਘਰਵਾਲੇ ਵਾਲਾ ਮਾਣ ਸਨਮਾਣ ਨਾ ਮਿਲੇ, ਕੋਈ ਭੀ ਉਸਦੀ ਗੱਲ ਨਾ ਸੁਣੇ ਨਾ ਸਮਝੇ, ਸਭ ਕੁਛ ਉਸਦੀ ਮਰਜ਼ੀ ਦੇ ਵਿਰੁਧ ਹੋਵੇ, ਉਸ ਘਰ ਵਿਚ ਘਰਵਾਲਾ ਨਹੀਂ ਰਹਿ ਸਕਦਾ ਘਰ ਛੱਡ ਜਾਂਦਾ ਹੈ, ਅਤੇ ਉਸ ਨਾਲ ਸਬੰਧ ਰੱਖਣ ਵਾਲੇ ਭੀ ਉਸਨੂੰ ਮਿਲਣ ਉਸ ਘਰ ਵਿਚ ਨਹੀਂ ਆਉਂਦੇ ਕਿਉਂਕਿ ਉਹਨਾ ਦਾ ਸਬੰਧ ਤਾਂ ਘਰਵਾਲੇ ਨਾਲ ਹੈ, ਘਰ ਨਾਲ ਨਹੀਂ। ਐਸਾ ਕਦੀ ਨਹੀਂ ਹੋਇਆ ਕਿ ਘਰਵਾਲੇ ਦੇ ਸਬੰਧੀ ਰੋਜ਼ ਉਸ ਘਰ ਨੂੰ ਮੱਥਾ ਟੇਕ ਕੇ ਜਾਂ ਉਸਦੇ ਜਨਮ ਦਿਨ ਦਾ ਗਿਫਟ ਉਸ ਘਰ ਅੱਗੇ ਰੱਖ ਕੇ ਆ ਜਾਣ।    ਪਰ
 "ਗਿਆਨ ਹੀਣੰ ਅਗਿਆਨ ਪੂਜਾ ॥"
 ਅਨਸਾਰ ਸਿੱਖੀ ਵਿਚ ਸਭ ਕੁਛ ਐਸਾ ਹੀ ਹੋ ਰਿਹਾ ਹੈ।
ਅੱਜ ਬੜੀਆਂ ਖੁਬਸੂਰਤ ਇੱਟਾਂ ਪਥਰਾਂ ਦੀਆਂ ਮਾਰਬਲ ਸੋਨੇ ਨਾਲ ਸਜਾਈਆਂ ਇਮਾਰਤਾਂ ਬਣਾ ਕੇ ਉਸਦਾ ਨਾਮ ਗੁਰੂ ਘਰ {ਗੁਰਦੁਆਰਾ} ਰੱਖ ਲਿਆ ਗਿਆ, ਪਰ ਗੁਰੂ ਦੀ ਮਰਜ਼ੀ ਮਰੀਯਾਦਾ ਉਥੇ ਚਲਦੀ ਨਹੀਂ, ਨਾ ਕੋਈ ਗੁਰੂ ਦੀ ਗੱਲ ਸਮਝਦਾ ਮੰਨਦਾ ਹੈ, ਮਰਜ਼ੀ ਮਰੀਯਾਦਾ ਪ੍ਰਧਾਨ ਜਾਂ ਕਮੇਟੀਆਂ ਦੀ, ਪਰ ਨਾਮ ਗੁਰਦੁਆਰਾ, ਸੱਚ ਜਾਣਿਓ ਜਿਥੇ ਗੁਰੂ ਦਾ ਹੁਕਮ ਨਾ ਸਮਝਿਆ ਨਾ ਮੰਨਿਆ ਜਾਂਦਾ ਹੋਵੇ, ਉਥੇ ਗੁਰੂ ਨਹੀਂ ਰਹਿੰਦਾ। ਗੁਰੂ ਤਾਂ ਸਨਮੁਖ ਜੀਵਨ ਵਿੱਚ ਰਹਿੰਦਾ ਹੈ, ਜਿਥੇ ਕੇਵਲ ਗੁਰੂ ਦੀ ਮਰਜ਼ੀ ਮਰੀਯਾਦਾ ਮੰਨੀ ਜਾਂਦੀ ਹੋਵੇ।
 ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥
 ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥
 ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥
 ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥
 ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ
॥੨੧॥
ਗੁਰਬਾਣੀ ਨੇ ਸਿੱਖ ਨੂੰ ਸਮਝਾਇਆ ਸੀ, ਪੂਜਾ ਅਕਾਲ ਪੁਰਖ ਦੀ, ਗੁਰੂ ਦੀ ਹੀ ਕਰਣੀ ਹੈ
 "ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥"..
 .. ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ ॥"
ਇੱਟਾਂ ਪੱਥਰਾਂ ਨਾਲ ਸਿੱਖ ਦਾ ਕੋਈ ਸਬੰਧ ਨਹੀਂ, ਇੱਟਾਂ ਪੱਥਰਾਂ ਦੀ ਪੂਜਾ ਕਰਣ ਵਾਲੇ ਨੂੰ ਗੁਰੂ ਮੂਰਖ ਗਾਵਾਰ ਕਹਿ ਰਿਹਾ ਹੈ।
 ਪਾਥਰੁ ਲੇ ਪੂਜਹਿ ਮੁਗਧ ਗਵਾਰ ॥
 ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ

ਪਰ ਅੱਜ ਲੋਕਾਂ ਵਲੋਂ ਨਿਸਚਤ ਕੀਤੇ ਕੁੱਛ ਤਖਤਾਂ ਸਮੇਤ ਬਹੁਤ ਸਾਰੇ ਅਸਥਾਨਾਂ ਅਤੇ ਖੁਬਸੂਰਤ ਇਟਾਂ ਪੱਥਰਾਂ ਦੀਆਂ ਇਮਾਰਤਾਂ ਜਿਥੇ ਗੁਰੂ ਦੀ ਮਰਜ਼ੀ ਮਰੀਯਾਦਾ ਦੇ ਵਿਰੁਧ ਦੀਵਿਆਂ ਵਾਲੀਆਂ ਆਰਤੀਆਂ, ਬਕਰਿਆਂ ਦੀ ਬਲੀ, ਖੂਨ ਦੇ ਟਿੱਕੇ, ਭੰਗ ਦੇ ਭੋਗ, ਏਥੇ ਬੱਸ ਨਹੀਂ ਸ਼ਰਾਬ ਅਤੇ ਖੂਨ ਪੀਣੇ ਦੇਵੀ ਦੇਵਤਿਆਂ ਦੇ ਹੁਕਮ ਗਾਵੇ ਸੁਣੇ ਅਤੇ ਮੰਨੇ ਜਾਂਦੇ ਹਨ, ਉਹਨਾ ਦਾ ਨਾਮ ਗੁਰਦੁਆਰਾ ਹੈ। ਸਿੱਖ ਪੱਥਰ ਦੀਆਂ ਸਰਦਲਾ ਤੋਂ ਲੈ ਕੇ ਨਿਸ਼ਾਨ (ਪ੍ਰਚਲਿਤ ਨਾਮ ਨਿਸ਼ਾਨ ਸਾਹਿਬ) ਦੇ ਥੜਿਆਂ ਅੱਗੇ ਮਥੇ ਟੇਕੀ ਜਾਂਦਾ ਹੈ। ਗੁਰੂ ਉਥੇ ਰਹਿੰਦਾ ਨਹੀਂ, ਪਰ ਸਿੱਖ ਗੁਰੂ ਘਰ ਆਖ ਕੇ ਯਾਤਰਾ ਕਰਦਾ ਜੀਵਨ ਦਾ ਸਮਾਂ ਅਤੇ ਸਰਮਾਇਆ ਬੇ ਅਰਥ ਭੇਟ ਕਰੀ ਜਾਂਦਾ ਹੈ, ਗੁਰੂ ਕਹਿੰਦਾ ਹੈ।
 ਸਤਿਗੁਰ ਬਾਝਹੁ ਸੰਗਤਿ ਨ ਹੋਈ ॥
 ਬਿਨੁ ਸਬਦੇ ਪਾਰੁ ਨ ਪਾਏ ਕੋਈ

ਦੱਸੋ ਇਨ੍ਹਾਂ ਨੂੰ ਇਮਾਰਤਾਂ ਦੇ ਦਰਸ਼ਕ ਆਖੀਏ ਜਾਂ ਗੁਰੂ ਨਾਲ ਸਬੰਧ ਰੱਖਣ ਵਾਲੀ ਗੁਰੂ ਦੀ ਸੰਗਤ ਕਹੀਏ।
"ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥                   ਗੁਰੂ ਹੁਕਮ:
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ
॥੧॥
ਅੱਜ ਗੁਰੂ ਦੀ ਪੂਜਾ ਨਹੀਂ, ਇਮਾਰਤਾਂ ਦੀ ਪੂਜਾ ਹੋ ਰਹੀ ਹੈ, ਇਸੇ ਲਈ ਅੱਜ ਗੁਰੂ ਭੁਲਕੇ ਇਮਾਰਤਾਂ ਵੱਡੀਆਂ ਕਰਨ 'ਤੇ ਕੌਮ ਦਾ ਜ਼ੋਰ ਲੱਗ ਰਿਹਾ ਹੈ।
ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਵਾ ਭਾਉ ਦੂਜਾ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.