ਕੈਟੇਗਰੀ

ਤੁਹਾਡੀ ਰਾਇ



ਸੁਖਵਿੰਦਰ ਸਿੰਘ ਤੇਜਾ
ਸਾਵਧਾਨ !!! ਜਾਗੋ ਸਿੱਖੋ ਜਾਗੋ !! ਉਗਰਾਹੀਆਂ ਦੇਣੀਆਂ ਤਿਆਗੋ !
ਸਾਵਧਾਨ !!! ਜਾਗੋ ਸਿੱਖੋ ਜਾਗੋ !! ਉਗਰਾਹੀਆਂ ਦੇਣੀਆਂ ਤਿਆਗੋ !
Page Visitors: 2756

ਸਾਵਧਾਨ !!! ਜਾਗੋ ਸਿੱਖੋ ਜਾਗੋ !! ਉਗਰਾਹੀਆਂ ਦੇਣੀਆਂ ਤਿਆਗੋ !
 ਗੁਰੂ ਪਿਆਰੇ ਖ਼ਾਲਸਾ ਜੀ,
 ਵਾਹਿ ਗੁਰੂ ਜੀ ਕਾ ਖ਼ਾਲਸਾ ॥ ਵਾਹਿ ਗੁਰੂ ਜੀ ਕੀ ਫ਼ਤਿਹ ॥
ਧਰਮ ਦੇ ਨਾਂਅ 'ਤੇ ਅਤੇ ਗੁਰੂ ਕੇ ਲੰਗਰਾਂ ਦੇ ਨਾਂਅ 'ਤੇ ਅਸੀਂ ਜਿਨ੍ਹਾਂ ਲੋਕਾਂ ਨੂੰ ਦੁੱਧ ਦੀ, ਕਣਕ ਦੀ ਜਾਂ ਮਾਇਆ ਦੀ ਉਗਰਾਹੀ ਦਿੰਦੇ ਹਾਂ, ਆਉ ਉਨ੍ਹਾਂ ਲੋਕਾਂ ਦੀ ਅਸਲੀਅਤ ਬਾਰੇ ਜਾਣੂ ਹੋਈਏ।
  ਹਾੜ੍ਹੀ ਸਾਉਣੀ ਦੀ ਅੱਤ ਦੀ ਗਰਮੀ ਦੇ ਮਹੀਨਿਆਂ ਵਿੱਚ ਹੱਡਭੰਨ ਅਤੇ ਲਹੂ ਪਸੀਨਾ ਵਹਾ ਕੇ ਕਣਕਾਂ ਦੀ ਵਾਢੀ ਕਰਨ ਵਾਲੇ ਤੁਹਾਡੇ ਵਰਗੇ ਮਿਹਨਤਕਸ਼ ਅਤੇ ਧਰਮੀ ਕਿਰਤੀ ਸਿੱਖਾਂ ਕੋਲੋਂ ਗੁਰੂ ਦੇ ਬਾਣੇ ਵਿੱਚ ਕਈ ਨਿਹੰਗ ਸਿੰਘ ਅਤੇ ਚਿੱਟੇ ਚੋਲਿਆਂ ਵਾਲੇ ਜਿਹੜੇ ਡੇਰਿਆਂ ਵਾਲੇ ਬਾਬੇ ਅਤੇ ਬਾਕੀ ਨਕੋਦਰ ਤੋਂ ਲਾਡੀ ਸ਼ਾਹ ਵਾਲੇ, ਗੁੱਗੇ ਪੀਰ ਵਾਲੇ ਜਾਂ ਲਾਲਾਂ ਵਾਲੇ ਕਣਕ ਦੀ ਉਗਰਾਹੀ ਕਰਨ ਆਉਂਦੇ ਹਨ, ਤੁਸੀਂ ਕੀ ਸੋਚਦੇ 'ਓਂ ਕਿ ਇਨ੍ਹਾਂ ਵਰਗਿਆਂ ਨੂੰ ਕਣਕਾਂ ਦੀਆਂ ਉਗਰਾਹੀਆਂ ਦੇ ਕੇ ਕੀ ਤੁਸੀਂ ਕਿਸੇ ਪੀਰ ਦੀਆਂ ਜਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ? ਕੀ ਕਦੇ ਇਹ ਵੀ ਜਾਨਣ ਦਾ ਯਤਨ ਕੀਤਾ ਕਿ ਤੁਹਾਡੇ ਕੋਲੋਂ ਉਗਰਾਹੀ ਗਈ ਕਣਕ ਦਾ ਇਹ ਲੋਕ ਕੀ ਕਰਦੇ ਹਨ? ਜੇਕਰ ਨਹੀਂ ਪਤਾ ਤਾਂ ਫਿਰ ਆਉ ਜਾਣੀਏ ਇਸ ਬਾਰੇ!
  ਕੁਵਿੰਟਲ ਦੇ ਕੁਵਿੰਟਲ ਕਣਕ ਦੀਆਂ ਉਗਰਾਹੀਆਂ ਕਰਕੇ ਉਹ ਸਾਰੀ ਕਣਕ ਇਹ ਲੋਕ ਮੰਡੀਆਂ ਵਿੱਚ ਵੇਚ ਆਉਂਦੇ ਹਨ। ਕਿਉਂਕਿ ਪਹਿਲਾਂ ਮੈਂ ਵੀ ਇਨ੍ਹਾਂ ਦੇ ਡੇਰਿਆਂ 'ਚ ਰਹਿੰਦਾ ਰਿਹਾਂ। ਉਸ ਵਕਤ ਮੈਨੂੰ ਧਰਮ ਦਾ ਕੋਈ ਜਿਆਦਾ ਗਿਆਨ ਨਹੀਂ ਸੀ ਹੋਇਆ ਕਰਦਾ। ਸਿੱਖੀ ਬਾਰੇ ਉਸ ਵਕਤ ਮੈਨੂੰ ਕੋਈ ਜਾਣਕਾਰੀ ਨਹੀਂ ਸੀ। ਮੈਂ ਇਨ੍ਹਾਂ ਦੇ ਡੇਰਿਆਂ ਚ ਰਹਿੰਦਾ ਹੁੰਦਾ ਸੀ ਤੇ ਸੇਵਾ ਕਰਦਾ ਹੁੰਦਾ ਸੀ। ਲੰਗਰ ਪਕਾਉਣਾ ਤੇ ਮੁੜ ਸੰਗਤਾਂ ਨੂੰ ਲੰਗਰ ਛਕਾਉਣਾ, ਇਹ ਸੇਵਾ ਹੁੰਦੀ ਸੀ ਮੇਰੀ। ਇੱਥੇ ਸਾਡੇ ਆਈ.ਟੀ. ਕਾਲੋਨੀ, ਐਸ਼ਬਾਗ਼, ਲਖਨਊ, ਉੱਤਰ ਪ੍ਰਦੇਸ਼ ਵਿੱਚ ਬਾਬਾ ਮੱਖਣ ਸਿੰਘ ਦਵਾਰਾ ਭਾਈ ਮਣੀ ਸਿੰਘ ਜੀ ਦੇ ਨਾਂਅ 'ਤੇ ਸਥਾਪਿਤ ਕੀਤਾ ਹੋਇਆ ਇੱਕ ਡੇਰਾ ਹੈਗਾ ਸ਼੍ਰੋਮਣੀ ਟਕਸਾਲ ਡੇਰਾ ਭਾਈ ਮਣੀ ਸਿੰਘ ਜੀ। ਇਸ ਡੇਰੇ ਦਾ ਮੁਖੀ ਇੱਕ ਨਿਹੰਗ ਬਾਬਾ ਬਲਵੰਤ ਸਿੰਘ ਹੈ। ਇਸੇ ਡੇਰੇ ਵਿੱਚ ਮੈਂ ਵੀ ਪਹਿਲਾਂ ਸੇਵਾ ਕਰਦਾ ਰਿਹਾਂ। ਹਾੜ੍ਹੀ ਸਾਉਣੀ ਵਾਲੇ ਦਿਨਾਂ ਚ ਨਿਹੰਗ ਬਾਬਾ ਜੀ ਨੇ ਕਹਿਣਾ ਕਿ ਤੇਜੇ ਪੁੱਤ, ਹੁਣ ਆਪਾਂ ਉਗਰਾਹੀ ਕਰਨ ਜਾਣੈ ਤੇ ਸਾਡੇ ਨਾਲ ਤੂੰ ਵੀ ਚੱਲਣੈ। ਦੋ-ਚਾਰ ਸਿੰਘ ਹੋਰ ਨਾਲ ਲੈ ਕੇ ਤੇ ਆਪਾਂ ਪੰਜ ਕੁ ਬੰਦਿਆਂ ਨੇ ਕਣਕ ਦੀ ਉਗਰਾਹੀ ਕਰਨ ਲਈ ਜਾਣੈ। ਬਾਬਾ ਜੀ ਨੇ ਗੱਡੀ ਤਿਆਰ ਕਰਨੀ ਤੇ ਆਪਾਂ ਪੰਜੇ ਜਣਿਆਂ ਨੇ ਤੁਰ ਪੈਣਾ ਉਗਰਾਹੀ ਕਰਨ। ਲੋਕਾਂ ਦੇ ਘਰਾਂ ਚ ਜਾਂਦਿਆਂ ਹੀ ਬਾਬਾ ਜੀ ਨੇ "ਸਤਿਨਾਮ ਵਾਹਿਗੁਰੂ" ਦਾ ਹੋਕਾ ਦੇ ਦਿਆ ਕਰਨਾ ਤੇ ਘਰਦਿਆਂ ਨੇ ਬਾਹਰ ਆ ਜਾਇਆ ਕਰਨਾ। ਉਨ੍ਹਾਂ ਨੇ ਵੇਖਦਿਆਂ ਹੀ ਸਾਡਾ ਬਹੁਤ ਸਤਿਕਾਰ ਜਿਹਾ ਕਰਿਆ ਕਰਨਾ। ਜਲ-ਪਾਣੀ ਛਕਾਉਣ ਤੋਂ ਬਾਅਦ ਅਗਲਿਆਂ ਨੇ ਸਮੁੰਦਰ (ਦੁੱਧ) ਦੇ ਗਲਾਸ ਵੀ ਲੈ ਆਇਆ ਕਰਨੇ।
  ਉਸਤੋਂ ਬਾਅਦ ਘਰਦਿਆਂ ਦੇ ਕਣਕ ਨਾਲ ਲਬਾਲੱਬ ਭਰੇ ਹੋਏ ਟ੍ਰਾਲੇ ਵੱਲ ਹੱਥ ਕਰਦੇ ਬਾਬਾ ਬਲਵੰਤ ਸਿੰਘ ਜੀ ਨੇ ਸਾਨੂੰ ਕਹਿਣਾ ਕਿ "ਫੜੋ ਉਏ ਮੁੰਡਿਓ ਬੋਰੀਆਂ ਤੇ ਭਰੀ ਚੱਲੋ ਰੱਜ ਕੇ।" ਆਪਾਂ ਚਾਰੇ ਮੁੰਡਿਆਂ ਨੇ ਬੋਰੀਆਂ ਚੱਕ ਲੈਣੀਆਂ ਤੇ ਕਣਕ ਭਰਨੀ ਸ਼ੁਰੂ ਕਰ ਦੇਣੀ। ਸਾਡੇ ਨਾਲ ਦੇ ਇੱਕ ਮੁੰਡੇ ਨੇ ਬੋਰੀ ਫੁੱਲ ਕਰਕੇ ਤੇ ਵਿੱਚੋਂ ਪੰਜ ਮੁੱਠਾਂ ਕਣਕ ਦੀਆਂ ਟ੍ਰਾਲੇ ਵਿੱਚ ਸਿੱਟ ਦੇਣੀਆਂ। ਮੈਂ ਉਹਨੂੰ ਪੁੱਛਿਆ ਕਿ ਇਹਦਾ ਕੀ ਮਤਲਬ ਹੋਇਆ? ਉਹ ਕਹਿੰਦਾ ਇਹਨੂੰ ਬਰਕਤ ਕਹਿੰਦੇ 'ਆ। ਇਹਦੇ ਨਾਲ ਘਰਦਿਆਂ ਦੀ ਕਣਕ ਵਿੱਚ ਵਾਧਾ ਪੈਂਦਾ ਰਹੂਗਾ ਤੇ ਬਰਕਤਾਂ ਆਉਂਦੀਆਂ ਰਹਿਣਗੀਆਂ। ਮੈਂ ਕਿਹਾ ਚਲੋ! ਕਿਉਂਕਿ ਉਸ ਵਕਤ ਮੈਨੂੰ ਕੋਈ ਇੰਨੀ ਜਾਣਕਾਰੀ ਨਹੀਂ ਸੀ ਹੋਇਆ ਕਰਦੀ। ਮੈਂ ਕੀ ਜਾਣਾ ਇਹ ਗੁਰੂ ਦਾ ਆਸ਼ੀਰਵਾਦ ਦਿੱਤਾ ਜਾ ਰਿਹੈ ਜਾਂ ਪਖੰਡ ਕੀਤਾ ਜਾ ਰਿਹੈ? (ਹੁਣ ਮੈਂ ਪੁੱਛਦੈਂ ਕਿ ਗਰਮੀਆਂ ਦੀ ਅੱਤ ਦੀ ਤੱਤੀ ਰੁੱਤ ਵਿੱਚ ਜਾਨ ਤੋੜ ਹੱਡ ਭੰਨਣ ਵਾਲੇ ਮਿਹਨਤਕਸ਼ ਕਿਰਤੀ ਸਿੱਖਾਂ ਨਾਲੋਂ ਕੀ ਇਨ੍ਹਾਂ ਵਿਹਲੜਾਂ ਦੀਆਂ ਬੋਰੀਆਂ ਚ ਕੁੱਝ ਜਿਆਦਾ ਹੀ ਬਰਕਤ ਹੁੰਦੀ 'ਆ?) ਖੈਰ, ਆਪਾਂ ਕਣਕ ਦੀਆਂ ਦੋ-ਤਿੰਨ ਬੋਰੀਆਂ ਭਰ ਲਈਆਂ। ਇਸ ਤਰ੍ਹਾਂ ਕਰਦਿਆਂ ਘੱਟੋ-ਘੱਟ ਅਸੀਂ ਇੱਕ ਦਿਨ ਚ ਸਵੇਰ ਤੋਂ ਲੈ ਕੇ ਸ਼ਾਮ ਤੱਕ 15-20 ਘਰਾਂ ਚੋਂ ਕਣਕ ਦੀਆਂ ਬੋਰੀਆਂ ਉਗਰਾਹ ਲੈਣੀਆਂ। ਜਰੂਰੀ ਨਹੀਂ ਕਿ ਸਾਰੇ ਹੀ ਕਣਕ ਦੀ ਉਗਰਾਹੀ ਦੇਣ। ਜਿਹੜਾ ਕਣਕ ਦੇਣ ਦੀ ਸਮਰੱਥਾ ਨਹੀਂ ਸੀ ਰੱਖਦਾ, ਉਹ ਕੇਵਲ 100 ਜਾਂ 200 ਰੁਪਏ ਦੀ ਉਗਰਾਹੀ ਦੇ ਦਿੰਦਾ ਸੀ। ਕਣਕ ਦੀ ਉਗਰਾਹੀ ਕਰਕੇ ਸ਼ਾਮਾਂ ਨੂੰ ਅਸੀਂ ਆਪਣੇ ਪੜਾਅ 'ਤੇ ਆ ਜਾਣਾ।
  ਹਰ ਸਾਲ ਅਪ੍ਰੈਲ ਦੇ ਮਹੀਨੇ ਆਪਾਂ 15 ਦਿਨ ਉਗਰਾਹੀ ਕਰਨੀ ਹੀ ਕਰਨੀ। ਇਨ੍ਹਾਂ 15 ਦਿਨਾਂ ਚ ਅਸੀਂ ਘੱਟੋ ਘੱਟ 10 ਟੰਨ ਕਣਕ ਦੀ ਉਗਰਾਹੀ ਕਰ ਹੀ ਲੈਣੀ। ਆਪਣੇ ਪੜਾਅ 'ਤੇ ਆਣ ਕੇ ਅਸੀਂ ਉਹ ਸਾਰੀ ਕਣਕ ਡਰੰਮਾਂ ਵਿੱਚ ਭਰ ਕੇ ਰੱਖ ਦੇਣੀ। ਬਾਬਾ ਬਲਵੰਤ ਸਿੰਘ ਜੀ ਨੇ ਕਹਿਣਾ ਕਿ ਹੁਣ ਇਹ ਸਾਰੀ ਕਣਕ ਆਪਾਂ ਵੇਚ ਕੇ ਤੇ ਪੈਸੇ ਵੱਟ ਲੈਣੇ 'ਆ। ਪਰ ਮੈਨੂੰ ਉਸ ਵਕਤ ਸਿੱਖੀ ਬਾਰੇ ਕੋਈ ਜਿਆਦਾ ਗਿਆਨ ਤਾਂ ਨਹੀਂ ਸੀ, ਪਰ ਫਿਰ ਵੀ ਥੋੜ੍ਹੀ ਬਹੁਤੀ ਜਾਣਕਾਰੀ ਤਾਂ ਮੈਨੂੰ ਹੈ ਹੀ ਸੀ। ਮੈਂ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ, ਕਣਕ ਤਾਂ ਅਸੀਂ ਸੰਗਤਾਂ ਦੇ ਲੰਗਰ ਲਾਉਣ ਲਈ ਉਗਰਾਹ ਕੇ ਲਿਆਉਂਦੇ ਹਾਂ। ਪਰ ਤੁਸੀਂ ਵੇਚਣ ਦੀਆਂ ਗੱਲਾਂ ਕਰਦੇ 'ਓਂ। ਬਾਬਾ ਜੀ ਮੈਨੂੰ ਕਹਿੰਦੇ "ਚੁੱਪ ਕਰ ਉਏ ਭਗਤਾ, ਬਹੁਤਾ ਗਿਆਨੀ ਨਹੀਂ ਬਣੀਦਾ ਹੁੰਦਾ। ਸਾਨੂੰ ਖਰਚਾ ਪਾਣੀ ਵੀ ਚਾਹੀਦਾ ਹੁੰਦੈ। ਅਸੀਂ ਬਾਹਰ ਵੀ ਜਾਣਾ ਹੁੰਦੈ ਤੇ ਗੱਡੀਆਂ 'ਚ ਪੈਟਰੋਲ ਪਵਾਉਣ ਨੂੰ ਮਾਇਆ ਵੀ ਚਾਹੀਦੀ ਹੁੰਦੀ 'ਆ।" ਉਸ ਨਕਲੀ ਨਿਹੰਗ ਦੀ ਬੱਸ ਇੰਨੀ ਗੱਲ ਸੁਣਦਿਆਂ ਹੀ ਮੇਰੇ ਕਾਲਜੇ ਨੂੰ ਲੱਗ ਗਈ ਅੱਗ, ਤੇ ਮੈਂ ਉਹਦਾ ਡੇਰਾ ਹੀ ਛੱਡ ਕੇ ਆ ਗਿਆ।
  ਸੋ ਗੁਰੂ ਪਿਆਰਿਓ, ਮੇਰੇ ਲਿਖਣ ਦਾ ਬਸ ਇਤਨਾ ਹੀ ਮਤਲਬ ਸੀ ਤੁਸੀਂ ਲੋਕ ਆਪਣੀ ਹੱਕ ਸੱਚ ਵਾਲੀ ਮਿਹਨਤ ਦੀ ਕਮਾਈ ਵਿੱਚੋਂ ਜਿਨ੍ਹਾਂ ਲੋਕਾਂ ਨੂੰ ਕਣਕ ਦੀ ਉਗਰਾਹੀ ਦਿੰਦੇ ਹੋ, ਉਹ ਲੋਕ ਤੁਹਾਡੀ ਦਿੱਤੀ ਹੋਈ ਕਣਕ ਨੂੰ ਮੰਡੀਆਂ ਵਿੱਚ ਵੇਚ ਕੇ ਪੈਸੇ ਵੱਟ ਲੈਂਦੇ ਹਨ ਤੇ ਮੁੜ ਕੇ ਆਪ ਐਸ਼ ਪ੍ਰਸਤੀਆਂ ਕਰਦੇ ਹਨ।
  ਜਿੰਨਾ ਹੋ ਸਕੇ ਤਾਂ ਬਚੋ ਇਨ੍ਹਾਂ ਲੋਕਾਂ ਤੋਂ। ਗ੍ਰਹਿਸਥ ਧਰਮ ਤੋਂ ਭਗੌੜੇ ਹੋਏ ਇਨ੍ਹਾਂ ਵਿਹਲੜਾਂ ਨੂੰ ਕਣਕ ਦੀ ਜਾਂ ਮਾਇਆ ਦੀ ਉਗਰਾਹੀ ਦੇਣ ਦੀ ਬਜਾਏ ਉਹੀ ਤੁਸੀਂ ਉਨ੍ਹਾਂ ਲੋੜਵੰਦ ਗਰੀਬ ਸਿੱਖ ਬੱਚਿਆਂ ਤੇ ਬੱਚੀਆਂ ਨੂੰ ਕਾਪੀਆਂ, ਕਿਤਾਬਾਂ, ਪੈੱਨ ਤੇ ਬਸਤੇ ਲੈ ਦਿਆ ਕਰੋ। ਉਨ੍ਹਾਂ ਨੂੰ ਸਕੂਲ ਦੀਆਂ ਵਰਦੀਆਂ ਸਵਾ ਦਿਆ ਕਰੋ ਤੇ ਉਨ੍ਹਾਂ ਬੇਸਹਾਰਾ ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ ਭਰ ਦਿਆ ਕਰੋ, ਤਾਂ ਕਿ ਉਹ ਲੋਕ ਪੜ੍ਹ ਲਿਖ ਕੇ ਸਿੱਖੀ ਸਿੱਧਾਂਤਾਂ ਦਾ ਪ੍ਰਚਾਰ ਕਰ ਸਕਣ। ਉਨ੍ਹਾਂ ਗਰੀਬ ਪਰਿਵਾਰ ਦੀਆਂ ਬੱਚੀਆਂ ਦੇ ਵਿਆਹ ਕਰਵਾ ਦਿਆ ਕਰੋ। ਉਨ੍ਹਾਂ ਬੇਸਹਾਰਾ ਵਿਧਵਾ ਔਰਤਾਂ ਦੀ ਸਾਰ ਲੈ ਲਿਆ ਕਰੋ। ਸਿਵਲ ਹਸਪਤਾਲ ਵਿੱਚ ਚਲੇ ਜਾਇਆ ਕਰੋ, ਉੱਥੇ ਕਈ ਐਸੇ ਅੱਤ ਦਰਜ਼ੇ ਦੇ ਗਰੀਬ ਮਰੀਜ਼ ਬੈਠੇ ਹੁੰਦੇ ਹਨ, ਜਿਹੜੇ ਮਹਿੰਗੀਆਂ ਦਵਾਈਆਂ ਨਹੀਂ ਖਰੀਦ ਸਕਦੇ। ਉਨ੍ਹਾਂ ਨੂੰ ਦਵਾਈਆਂ ਲੈ ਕੇ ਦੇ ਦਿੱਤਾ ਕਰੋ। ਕਈ ਲੋਕਾਂ ਕੋਲ ਤਾਂ ਰੋਟੀ ਜੋਗੇ ਵੀ ਪੈਸੇ ਨਹੀਂ ਹੁੰਦੇ, ਉਨ੍ਹਾਂ ਨੂੰ ਰੋਟੀ ਲੈ ਕੇ ਦਿੱਤਾ ਕਰੋ। ਕਿਉਂਕਿ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਵਾਲਾ ਰੂਪ ਇਨ੍ਹਾਂ ਨਿਮਾਣਿਆਂ ਅਤੇ ਨਿਤਾਣਿਆਂ ਚ ਹੀ ਵੱਸਦਾ ਹੈ, ਨਾ ਕਿ ਗ੍ਰਹਿਸਥੀ ਜੀਵਨ ਤੋਂ ਭਗੌੜੇ ਵਿਹਲੜਾਂ ਵਿੱਚ।
  ਗੁਰੂ ਸਵਾਰਿਓ, ਇਨ੍ਹਾਂ ਵਿਹਲੜ ਬਾਬਿਆਂ ਕੋਲ ਤੁਹਾਨੂੰ ਦੇਣ ਲਈ ਧਰਮ ਦੇ ਨਾਂਅ 'ਤੇ ਕੰਨ ਰੱਸ ਵਾਲੀਆਂ ਗਪੌੜ ਸਾਖੀਆਂ, ਮਨਘੜਤ ਕੂੜ ਕਹਾਣੀਆਂ, ਵਹਿਮ, ਭਰਮ, ਅੰਧਵਿਸ਼ਵਾਸ, ਕਰਮਕਾਂਡ ਅਤੇ ਆਪਣੇ ਗੰਦੇ ਪੈਰਾਂ ਦਾ ਪਾਣੀ ਦੇਣ ਤੋਂ ਅਲਾਵਾ ਹੋਰ ਕੁੱਝ ਵੀ ਨੀ ਹੈਗਾ। ਜੇਕਰ ਉਨ੍ਹਾਂ ਆਰਥਿਕ ਪੱਖੋਂ ਕਮਜ਼ੋਰ, ਮਜਬੂਰ ਤੇ ਪਰੇਸ਼ਾਨ ਗਰੀਬ ਪਰਿਵਾਰਾਂ ਦੀ ਤੁਸੀਂ ਮਦਦ ਕਰੋਗੇ, ਫਿਰ ਤਾਂ ਤੁਹਾਨੂੰ ਉਨ੍ਹਾਂ ਦੀਆਂ ਅਸੀਸਾਂ ਵੀ ਲੱਗ ਜਾਣਗੀਆਂ। ਬਸ ਇਤਨੀ ਬੇਨਤੀ ਪਰਵਾਣ ਕਰਨੀ ਜੀ। ਹੋਈਆਂ ਭੁੱਲਾਂ-ਚੁੱਕਾਂ ਦੀ ਖਿਮਾ।
 ਸੁਖਵਿੰਦਰ ਸਿੰਘ ਤੇਜਾ
 ਲਖਨਊ, ਉੱਤਰ ਪ੍ਰਦੇਸ਼
 ਫੋਨ:- 90449 81984
                                                         
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.