ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
ਜਿਨ ਕੇ ਬੰਕੇ ਘਰੀ ਨ ਆਇਆ (ਨਵੰਬਰ 1984)
ਜਿਨ ਕੇ ਬੰਕੇ ਘਰੀ ਨ ਆਇਆ (ਨਵੰਬਰ 1984)
Page Visitors: 2534

ਜਿਨ ਕੇ ਬੰਕੇ ਘਰੀ ਨ ਆਇਆ (ਨਵੰਬਰ 1984)
 “ਜਿਨ ਕੇ ਬੰਕੇ ਘਰੀ ਨ ਆਇਆ ਤਿਨ ਕਿਉ ਰੈਣਿ ਵਿਹਾਣੀ”।। (ਆਸਾ ਮਹਲਾ ੧-੪੧੮)
 ਗੁਰੂ ਨਾਨਕ ਸਾਹਿਬ ਵੱਲੋ ਉਚਾਰਣ ਕੀਤੀ ਤੁਕ ਬਾਬਰ ਦੇ ਹਿੰਦੁਸਤਾਨ ਉਪਰ ਹਮਲੇ ਨਾਲ ਸਬੰਧਿਤ ਕਤਲੇਆਮ ਦੇ ਦੁਖਾਂਤ ਭਰਪੂਰ ਸਿੱਟਿਆ ਨੂੰ ਬਾਖੂਬੀ ਬਿਆਨ ਕਰਦੀ ਹੈ। ਇਸ ਸਮੇਂ ਐਮਨਾਬਾਦ ਦੀ ਧਰਤੀ ਉਪਰ ਹੋਈ ਭਿਆਨਕ ਕਤਲੇਆਮ ਨੇ ਬਹੁਤ ਪ੍ਰਵਾਰਾਂ ਦੇ ਖੁਸ਼ੀਆਂ ਖੇੜੇ ਹਮੇਸ਼ਾਂ ਲਈ ਖਤਮ ਕਰ ਦਿਤੇ। ਇਸ ਤੁਕ ਰਾਹੀਂ ਗੁਰੂ ਸਾਹਿਬ ਨੇ ਉਨ੍ਹਾਂ ਬੇਕਸੂਰ ਔਰਤਾਂ ਦੇ ਸਦੀਵੀ ਦੁੱਖ ਦਾ ਚਿਤਰਣ ਕੀਤਾ ਹੈ ਕਿ ਕਿਵੇਂ ਬਾਬਰ ਦੇ ਸਿਪਾਹੀਆਂ ਨੇ ਪਲਾਂ ਵਿੱਚ ਹੀ ਉਨ੍ਹਾਂ ਨੂੰ “ਸੁਹਾਗਣਾ ਤੋਂ ਵਿਧਵਾਵਾ” ਵਿੱਚ ਤਬਦੀਲ ਕਰ ਦਿੱਤਾ। ਮਾਸੂਮ ਬੱਚਿਆਂ ਨੂੰ “ਨਾਥ ਤੋਂ ਅਨਾਥ”ਬਜੁਰਗਾਂ ਨੂੰ “ਆਸਰੇ ਤੋਂ ਨਿਆਸਰੇ” ਕਰ ਦਿਤਾ ਗਿਆ।
ਮੌਤ ਦੀ ਆਗੋਸ਼ ਵਿੱਚ ਜਾਣ ਵਾਲੇ ਤਾਂ ਸਦੀਵੀ ਤੌਰ ਤੇ ਚਲੇ ਗਏ, ਪਰ ਪਿਛੇ ਛੱਡ ਗਏ ਦੁਖਾਂ ਦੀ ਐਸੀ ਦਾਸਤਾਨ ਜਿਸਦਾ ਅੰਤ ਹੀ ਕੋਈ ਨਹੀ, ਜਿਸ ਦੁਖ ਨੂੰ ਬਿਆਨ ਕਰਨ ਲਈ ਸ਼ਬਦ ਲੱਭਣੇ ਮੁਸ਼ਕਿਲ ਹਨ।
ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕਿ ਜਾਣੈ ਕੋ ਪੀਰ ਪਰਈਆ”} (ਬਿਲਾਵਲ ਮਹਲਾ ੪-੮੩੬)
ਅਨੁਸਾਰ ਬਾਕੀਆ ਲਈ ਤਾਂ ਇਹ ਕਤਲੇਆਮ ਕੇਵਲ ਇੱਕ ਖਬਰ ਬਣੀ, ਪਰ ਜਿਨ੍ਹਾਂ ਨੇ ਇਸ ਦਰਦ ਨੂੰ ਆਪਣੇ ਨੰਗੇ ਪਿੰਡੇ ਤੇ ਹੰਢਾਇਆ, ਸਵਾਰਥੀ ਲੋਕਾਂ ਵਾਂਗ ਐਮਨਾਬਾਦ ਛਡ ਕੇ ਭੱਜਣ ਦੀ ਥਾਂ ਗੁਰੂ ਨਾਨਕ ਸਾਹਿਬ ਕਤਲੇਆਮ ਪੀੜਤਾਂ ਦੇ ਵਿਚਕਾਰ ਮਸੀਹਾ ਬਣ ਕੇ ਪਹੁੰਚੇ। ਉਨ੍ਹਾਂ ਦੇ ਹਿਰਦੇ ਦੀ ਪੀੜਾ ਨੂੰ ਸਮੁੱਚੀ ਮਾਨਵਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਨੇ ਧੁਰ ਅੰਦਰੋਂ ਮਹਿਸੂਸ ਕਰਦੇ ਹੋੇਏ ਇਸ ਇਤਿਹਾਸਕ ਦਰਦੀਲੇ ਪੱਖ ਨੂੰ ਆਪਣੀ ਰਚੀ ਗੁਰਬਾਣੀ ਦਾ ਹਿੱਸਾ ਬਣਾ ਕੇ ਸਰਬ ਸਾਂਝੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਦੀਵੀ ਤੌਰ ਤੇ ਦਰਜ ਕਰਦੇ ਹੋਏ
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ”} (ਤਿਲੰਗ ਮਹਲਾ ੧ -੭੨੨)
 ਅਨੁਸਾਰ ਸੱਚ ਕਹਿਣ ਦੇ ਸਮੇ ਸੱਚ ਕਹਿਣ ਦੀ ਦਲੇਰੀ ਰੂਪੀ ਨੀਂਹ ਪੱਥਰ ਰੱਖ ਦਿੱਤਾ, ਜਿਸ ਨੀਂਹ ਉਪਰ ਬਾਕੀ 9 ਗੁਰੂ ਸਾਹਿਬਾਨ ਨੇ ਸਿੱਖੀ ਮਹੱਲ ਦੀ ਸ਼ਾਨਦਾਰ ਇਮਾਰਤ ਖੜੀ ਕਰਕੇ ਇਤਿਹਾਸ ਦੇ ਪੰਨਿਆ ਦੀ ਸ਼ਿੰਗਾਰ ਬਣਾ ਕੇ ਸਿੱਖੀ ਦੇ ਵਾਰਸਾਂ ਦੇ ਸਪੁਰਦ ਕਰ ਦਿੱਤੀ। ਇਸ ਤਰਾਂ ਗੁਰੂ ਨਾਨਕ ਸਾਹਿਬ ਅਤੇ ਉਨਾਂ ਦੇ ਜਾਂ-ਨਸ਼ੀਨ ਸੱਚ ਦੇ ਮਾਰਗ ਦਰਸ਼ਕ ਬਣੇ।
ਅਜ ਸੋਚਣ ਅਤੇ ਆਪਾ ਪੜਚੋਲ ਕਰਨ ਦਾ ਵਿਸ਼ਾ ਹੈ ਕਿ ਕੀ ਅਸੀ ਗੁਰੂ ਨਾਨਕ ਕੇ ਅਖਵਾਉਣ ਵਾਲੇ
ਚਰਨ ਚਲਉ ਮਾਰਗਿ ਗੋਬਿੰਦ” (ਗਉੜੀ ਸੁਖਮਨੀ ਮਹਲਾ ੫-੨੮੧) ਦੇ ਪਾਂਧੀ ਬਣੇ?
ਗੁਰਬਾਣੀ-ਇਤਿਹਾਸ ਰਾਹੀਂ ਦਿਤੇ ਸਿਧਾਂਤ, ਮਾਰਗ ਦਰਸ਼ਨ ਸਦੀਵੀ ਤੌਰ ਤੇ ਸੱਚ ਹਨ। ਗੁਰਬਾਣੀ-ਇਤਿਹਾਸ ਨੂੰ ਪੜਣਾ, ਸੁਨਣਾ, ਮੱਥਾ ਟੇਕਣਾ ਸਹੀ ਅਰਥਾਂ ਵਿੱਚ ਤਾਂ ਹੀ ਸਾਰਥਕ ਹੈ ਜੇ ਅਸੀ
 ਗੁਰੂ ਸਾਹਿਬ ਵਲੋਂ ਕਰਮਾਂ ਰਾਹੀਂ ਦਿਤੇ ਗਿਆਨ ਦੀ ਕਸਵੱਟੀ ਤੇ ਪਰਖ ਕੇ ਵੇਖੀਏ ਕਿ ਅਸੀਂ ਕਿਥੇ ਖੜੇ ਹਾਂ? ਅਸੀ ਕੀ ਕਰ ਰਹੇ ਹਾਂ?
ਉਪਰੋਕਤ ਸਾਰੇ ਇਤਿਹਾਸਕ ਪੱਖ ਦੇ ਮੱਦੇਨਜ਼ਰ ਜਦੋਂ ਅਸੀਂ ਨਵੰਬਰ 1984 ਦੇ ਕਤਲੇਆਮ ਦੇ ਦਰਦ ਨੂੰ ਸਾਹਮਣੇ ਰੱਖ ਕੇ ਵੇਖਦੇ ਹਾਂ ਤਾਂ ਲੱਗਦਾ ਹੈ- “ਜਿਵੇਂ ਇਤਿਹਾਸ ਵਲੋਂ ਆਪਣੇ ਆਪ ਨੂੰ ਦੁਹਰਾ ਦਿਤਾ ਹੋਵੇ”
ਪਰ ਇਨ੍ਹਾਂ ਦੋਵੇ ਦਰਦਨਾਕ ਇਤਿਹਾਸਕ ਘਟਨਾਵਾਂ ਵਿੱਚ ਮੁੱਖ ਅੰਤਰ ਇਹ ਹੈ ਕਿ ਬਾਬਰ ਤਾਂ ਬਾਹਰੋਂ ਬੇਗਾਨੇ ਦੇਸ਼ ਦਾ ਹਮਲਾਵਾਰ ਸੀ, ਪਰ ਨਵੰਬਰ 1984 ਵਿੱਚ ਸਾਡੇ ਆਪਣੇ ਹੀ (ਜਿਨ੍ਹਾਂ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਤਿੰਨ ਸਿੱਖਾਂ ਸਮੇਤ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦੀਆਂ ਅਤੇ ਕਲਗੀਧਰ ਨੇ ਸਮੁੱਚੇ ਸਰਬੰਸ ਦੀ ਕੁਰਬਾਨੀ ਦੇ ਕੇ ਉਨ੍ਹਾਂ ਦੇ ਧਰਮ ਦੀ ਅਜਾਦੀ ਦੀ ਰਖਵਾਲੀ ਕੀਤੀ ਸੀ) ਸਪਸ਼ਟ ਰੂਪ ਵਿੱਚ ਅਕ੍ਰਿਤਘਣ ਹੋ ਗਏ।” ਰਕਸ਼ਕ ਤੋਂ ਭਕਸ਼ਕ” ਬਣੀ ਹਕੂਮਤ ਦੀ ਛਤਰ ਛਾਇਆ ਹੇਠ “ਪਾਪ ਕੀ ਜੰਞ” ਦੇ ਇਸ ਅਣ-ਮਨੁੱਖੀ ਵਰਤਾਰੇ ਸਬੰਧੀ ਕਵੀ ‘ਸੁਰਜੀਤ ਪਾਤਰ` ਦੇ ਸ਼ਬਦ ਬੇਹੱਦ ਸਾਰਥਿਕ ਗੱਲ ਕਰਦੇ ਹਨ-
ਤਖਤ ਦੀ ਛਾਂ ਥੱਲੇ, ਜਿੱਧਰ ਵੇਖੋ ਅੱਗਾਂ ਹੀ ਅੱਗਾਂ।
ਚੌਕ ਚੁਰਾਹੇ ਰੁਲਦੀਆਂ, ਜਿੱਧਰ ਵੇਖੋ ਪੱਗਾਂ ਹੀ ਪੱਗਾਂ।
ਕਤਲ ਕਿਸਨੇ ਕੀਤਾ, ਇਹ ਤਾਂ ਪਤਾ ਹੀ ਨਾਂ ਲੱਗਾ।
ਪਰ ਬੇਦੋਸ਼ਾਂ ਖੂਨ ਤਾਂ, ਪੱਗਾਂ ਸਿਰ ਹੀ ਲੱਗਾ

ਉਪਰੋਕਤ ਪਰਿਖੇਪ ਵਿੱਚ ਪੁਰਾਤਨ ਅਤੇ ਮੌਜੂਦਾ ਕਤਲੇਆਮ ਦੇ ਇਤਿਹਾਸ ਦੀ ਤੁਲਨਾਤਮਕ ਪੜਚੋਲ ਕਰਨ ਤੇ ਨਿਮਨਲਿਖਤ ਖੇਤਰਾਂ ਤਹਿਤ ਕੁੱਝ ਨੁਕਤੇ ਧਿਆਨ ਦੀ ਮੰਗ ਕਰਦੇ ਹਨ।
ਧਾਰਮਿਕ ਖੇਤਰ
ਸਰਹਿੰਦ ਦੇ ਨਵਾਬ ਵਜੀਰ ਖਾਨ ਦੀ ਕਚਹਿਰੀ ਵਿੱਚ ਛੋਟੇ ਸਾਹਿਬਜਾਦਿਆਂ ਦੀ ਅਣ-ਮਨੁੱਖੀ ਸ਼ਹਾਦਤ ਸਬੰਧੀ ‘ਧਰਮ` ਦੇ ਨਾਮ ਉਪਰ ਸੁਣਾਏ ਗਏ ‘ਅਧਰਮ` ਦੇ ਫਤਵੇ ਦੇ ਪ੍ਰਤੀਕਰਮ ਵਜੋਂ ਬੇਗਾਨੇ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਵਲੋਂ
ਖੁਦਾ ਮਹਿਫੂਜ਼ ਰਖੇ ਹਮ ਕੋ ਐਸੇ ਪਾਪ ਸੇ।
ਬਦਲਾ ਹੀ ਲੇਨਾ ਹੋਗਾ ਤੋਂ ਹਮ ਲੇਗੇਂ ਬਾਪ ਸੇ
।  (ਜੋਗੀ ਅੱਲਾ ਯਾਰ ਖਾਂ- ਸ਼ਹੀਦਾਨ ਵਫਾ)
ਹਾਅ ਦੇ ਨਾਅਰੇ ਦੀ ਗਾਥਾ ਜਗਤ ਪ੍ਰਸਿੱਧ ਹੈ। ਭਾਵੇਂ ਕਿ ਉਸ ਦਾ ਇਹ ਯਤਨ ਜਾਲਮਾਂ ਦਾ ਫੈਸਲਾ ਨਹੀਂ ਬਦਲ ਸਕਿਆ, ਪਰ ਸੱਚ ਕਹਿਣ ਦੇ ਸਮੇਂ ਸੱਚ ਕਹਿਣ ਦੀ ਦਲੇਰੀ ਭਰੇ ਕਦਮ ਨੇ ਸਮੁੱਚੀ ਸਿੱਖ ਕੌਮ ਨੂੰ ਸਦੀਵੀ ਤੌਰ ਤੇ ਨਵਾਬ ਮਲੇਰਕੋਟਲਾ ਪ੍ਰਤੀ ਕਰਜਦਾਰ ਕਰ ਦਿਤਾ ਅਤੇ ਰਹਿੰਦੀ ਦੁਨੀਆ ਤਕ ਸਿੱਖ ਕੌਮ ਇਸ ਕਰਜ ਤੋਂ ਲੱਖਾਂ ਯਤਨ ਕਰਕੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕੇਗੀ।
ਜ਼ੂਨ 1984 ਅਤੇ ਨਵੰਬਰ 1984 ਦੇ ਅਣ-ਮਨੁੱਖੀ, ਅ-ਧਰਮੀ ਦੁਖਾਂਤਾਂ ਸਮੇਂ ਸਾਡੇ ਸਿੱਖ ਧਾਰਮਿਕ ਖੇਤਰ ਦੇ ਸੰਤ, ਮਹਾਂਪੁਰਖ, ਬਾਬੇ, 108, 1008, ਬ੍ਰਹਮਗਿਆਨੀ, ਪੂਰਨ ਬ੍ਰਹਮਗਿਆਨੀ, ਡੇਰੇਦਾਰ, ਗੁਰੂ ਸਾਹਿਬਾਨ ਦੀ ਅੰਸ-ਬੰਸ ਹੋਣ ਦਾ ਢੰਡੋਰਾ ਪਿੱਟਣ ਵਾਲਿਆ ਨੇ ਕੋਈ ਅਵਾਜ ਉਠਾਉਣ ਦੀ ਲੋੜ ਵੀ ਨਹੀਂ ਸਮਝੀ। ਸਾਰੇ ਆਪਣੇ- ਆਪਣੇ ਡੇਰਿਆਂ, ਅਸਥਾਨਾਂ ਅੰਦਰ ਚੁੱਪ-ਗੜੁੱਪ ਹੋ ਕੇ ਮਾਨੋ ਭੋਰਿਆਂ ਵਿੱਚ ਹੀ ਦੁਬਕ ਕੇ ਬੈਠੇ ਰਹੇ। ‘ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ` ਵਾਲੀ ਕਹਾਵਤ ਨੂੰ ਪ੍ਰਤੱਖ ਰੂਪ ਵਿੱਚ ਸੱਚ ਕਰਕੇ ਦਿਖਾ ਦਿਤਾ।
ਸੱਚ ਕਹਿਣ ਦੇ ਸਮੇ ਸੱਚ ਕਹਿਣ ਦੀ ਦਲੇਰੀ ਨਾਂ ਦਿਖਾਉਣ ਵਾਲਿਆ ਬਾਰੇ ਸਿੱਖ ਕੌਮ ਨੂੰ ਜਰਾ ਡੂੰਘਾਈ ਨਾਲ ਨਿਰਪੱਖ ਹੋ ਕੇ ਸੋਚ ਕੇ ਨਿਰਣਾ ਲੈਣ ਦੀ ਜਰੂਰਤ ਹੈ।
ਰਾਜਨੀਤਕ ਖੇਤਰ
ਅਜ ਅਸੀ ਦੇਖਦੇ ਹਾ ਕਿ ਹਰ ਸਾਲ 1 ਨਵੰਬਰ ਤੋ 7 ਨਵੰਬਰ ਤਕ ਸਾਡੇ ਰਾਜਨੀਤਕ ਲੋਕ ਸਟੇਜਾਂ, ਧਾਰਮਿਕ ਸਮਾਗਮਾਂ, ਇਲੈਕਟ੍ਰੋਨਿਕ- ਪ੍ਰਿੰਟ ਮੀਡੀਏ ਰਾਹੀ ਕਾਂਗਰਸ ਵਲੋ ਸਿੱਖ ਕੌਮ ਨੂੰ ਅਜ ਤਕ ਇਨਸਾਫ ਨਾ ਦੇਣ ਦੀ ਖੂਬ ਦੁਹਾਈ ਪਾਉਂਦੇ ਹਨ। ਪ੍ਰੰਤੂ ਇਹ ਗੁਰੂ ਨਾਨਕ ਕੇ ਅਖਵਾਉਣ ਵਾਲਿਆ ਦੀ ਕੇਵਲ ਸਿਆਸੀ ਮਜਬੂਰੀ ਤੋ ਵਧ ਕੁੱਝ ਵੀ ਨਹੀ। ਇਸ ਦਾ ਪ੍ਰਤੱਖ ਸਬੂਤ ਹਰ ਸਾਲ ਨਵੰਬਰ ਦੇ ਪਹਿਲੇ ਹਫਤੇ (7 ਦਿਨ) ਦੀ ਹਾਲ-ਪਾਹਰਿਆ, ਦੁਹਾਈ ਪਾਉਣਾ ਪਰ ਬਾਕੀ 358 ਦਿਨ ਦੀ ਖਾਮੋਸ਼ੀ ਵਿਚੋ ਮਿਲ ਜਾਦਾ ਹੈ। ਇਹ ਸਿਆਸੀ ਲੋਕ ਸੰਨ 1984 ਤੋ 2013 ਦੇ ਬੇਇਨਸਾਫੀ ਭਰਪੂਰ ਲੰਮੇ ਸਮੇ ਦੀ ਗੱਲ ਕਰਦੇ ਹਨ। ਪਰ ਇਸ 29 ਸਾਲ ਦੇ ਕਾਲ ਨੂੰ 23+6=29 ਦੇ ਰੂਪ ਵਿੱਚ ਪੜਣ, ਸਮਝਣ ਦੀ ਲੋੜ ਹੈ। ਕਿਉਕਿ 6 ਸਾਲ ਦੇ ਲੰਮੇ ਸਮੇ ਦੀ ਭਾਈਵਾਲੀ ਇਨ੍ਹਾਂ ਦੀ ਆਪਣੀ ਵੀ ਹੈ, ਉਸ ਦਾ ਹਿਸਾਬ ਤਾਂ ਇਨ੍ਹਾਂ ਨੂੰ ਵੀ ਦੇਣਾ ਬਣਦਾ ਹੀ ਹੈ।
ਸਾਡੇ ਪੰਜਾਬੀ ਸਭਿਆਚਾਰ ਦਾ ਇੱਕ ਅੰਗ ਹੈ ਕਿ ਸਾਡੇ ਸਮਾਜ ਵਿੱਚ ਖੁਸ਼ੀ-ਗਮੀ ਸਮੇ ਉਸ ਅਨੁਸਾਰ ਅਸੀ ਪਹਿਰਾਵਾ ਬਦਲ ਕੇ ਪਾਉਂਦੇ ਹਾਂ। ਪ੍ਰੰਤੂ ਸਾਡੇ ਰਾਜਨੀਤਕ ਆਗੂ ਆਪਣੇ-2 ਸਵਾਰਥ ਨੂੰ ਮੁੱਖ ਰੱਖਕੇ ਗਿਰਗਟ ਵਾਂਗ ਰੰਗ ਬਦਲਣ ਤੋ ਵੀ ਸੰਕੋਚ ਨਹੀ ਕਰਦੇ।
ਪਿਛਲੇ ਸਮੇ ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਅੰਦਰ ਦਿੱਲੀ ਵਿੱਚ ਨੀਂਹ ਪੱਥਰ ਰੱਖਣ ਦੀ ਗੱਲ ਬੀਤੇ ਨੂੰ ਕਿੰਨੇ ਮਹੀਨੇ ਦਾ ਲੰਮਾ ਸਮਾਂ ਬੀਤ ਚੁੱਕਾ ਹੈ ਅਤੇ ਪਤਾ ਨਹੀ ਕਿੰਨਾ ਸਮਾਂ ਹੋਰ ਲੰਘੇਗਾ? ਇਸ ਯਾਦਗਾਰ ਦਾ ਬਣਕੇ ਤਿਆਰ ਹੋ ਜਾਣਾ ਭਵਿੱਖ ਦੀ ਬੁਕਲ ਵਿੱਚ ਅਲਿਪਤ ਹੈ ਅਤੇ ਸ਼ਾਇਦ ਅਲਿਪਤ ਹੀ ਰਹੇਗਾ।
ਆਉ ਅਸੀ ਨਵੰਬਰ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਹੀਦਾਂ ਦੀਆਂ ਚਿਤਾਵਾਂ ਉਪਰ ਆਪਣੇ-2 ਸਵਾਰਥਾਂ ਦੀਆਂ ਰੋਟੀਆਂ ਸੇਕਣ ਵਾਲਿਆਂ ਨੂੰ
ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੈ ਕਚਿਆ” (ਆਸਾ ਫਰੀਦ ਜੀ-੪੮੮)
 ਗੁਰਬਾਣੀ ਫੁਰਮਾਣ ਦੀ ਕਸਵੱਟੀ ਤੇ ਪਰਖ ਕੇ ਦੇਖ ਲਈਏ ਅਤੇ ਗੁਰੂ ਨਾਨਕ ਸਾਹਿਬ ਦੇ ਪਾਏ ਪੂਰਨਿਆਂ ਤੇ ਚਲਦਿਆਂ ਅਜੋਕੇ ਸਵਾਰਥੀ ਲੋਕਾਂ ਨੂੰ ਸਮਾਜ ਦੇ ਸਾਹਮਣੇ ਨੰਗਾ ਕਰ ਦੇਈਏ, ਇਹੀ ਉਹਨਾਂ ਸ਼ਹੀਦਾਂ, ਜੋ ਕੇਵਲ ਸਿੱਖ ਹੋਣ ਕਰਕੇ ਬੇ-ਕਸੂਰ ਮਾਰੇ ਗਏ, ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ।
*************
ਸੁਖਜੀਤ ਸਿੰਘ, ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
ਈ. ਮੇਲ-sukhjit.singh69@yahoo.com (098720-76876, 01822-276876)
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.