ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
ਆਤਮਿਕ ਜੋਤ-ਸ੍ਰੀ ਗੁਰੂ ਗ੍ਰੰਥ ਸਾਹਿਬ
ਆਤਮਿਕ ਜੋਤ-ਸ੍ਰੀ ਗੁਰੂ ਗ੍ਰੰਥ ਸਾਹਿਬ
Page Visitors: 2600

ਆਤਮਿਕ ਜੋਤ-ਸ੍ਰੀ ਗੁਰੂ ਗ੍ਰੰਥ ਸਾਹਿਬ
(ਸੁਖਜੀਤ ਸਿੰਘ-ਕਪੂਰਥਲਾ)
ਅਸੀਂ ਸਿੱਖ ਹਾਂ। ਸਿੱਖ ਧਰਮ ਦੀ ਆਰੰਭਤਾ ਸ੍ਰੀ ਗੁਰੂ ਨਾਨਕ ਜੀ ਦੇ ਆਗਮਨ 1469 ਈ. ਨਾਲ ਹੀ ਹੋ ਗਈ। ਸੰਸਾਰ ਦੇ ਵੱਖ-ਵੱਖ ਧਰਮਾਂ ਅੰਦਰ ਸਿੱਖ ਧਰਮ ਇੱਕ ਨਿਵੇਕਲਾ ਅਤੇ ਵਿਲੱਖਣ ਸਿਧਾਂਤ ਰੱਖਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ਼ ਗੁਰਬਾਣੀ ਅਨੁਸਾਰ ਗੁਰੂ ਨਾਨਕ ਸਾਹਿਬ ਪ੍ਰਮੇਸ਼ਰ ਵਲੋਂ ਬਖ਼ਸ਼ਿਸ਼ਾਂ ਨਾਲ ਨਿਵਾਜ਼ ਕੇ ਇਸ ਸੰਸਾਰ ਅੰਦਰ ਭੇਜੇ ਗਏ। ਪ੍ਰਮੇਸ਼ਰ ਸਾਰਿਆਂ ਅੰਦਰ ‘ਸਭ ਮਹਿ ਜੋਤਿ ਜੋਤਿ ਹੈ ਸੋਇ` ਹੋ ਕੇ ਵਰਤਦਾ ਹੈ, ਜਿੰਨਾ ਚਿਰ ਇਹ ਜੋਤ ਜੀਵਾਂ ਦੇ ਅੰਦਰ ਵਿਚਰਦੀ ਹੈ ਉਨਾਂ ਚਿਰ ਹੀ ਜੀਵਨ ਰੂਪ ਹੋ ਕੇ ਕਰਮ ਇੰਦਰੇ - ਗਿਆਨ ਇੰਦਰੇ ਆਦਿ ਕਰਮਸ਼ੀਲ ਰਹਿੰਦੇ ਹਨ। ਪਰ ਜਦੋਂ ਸਰੀਰ ਵਿਚੋਂ ‘ਰਾਮ ਕੀ ਅੰਸ` ਰੂਪੀ ਜੀਵਆਤਮਾ ਪ੍ਰਵਾਜ਼ ਕਰ ਜਾਂਦੀ ਹੈ ਤਾਂ ਜੀਵਨ ਸਮਾਪਤ ਹੋ ਜਾਂਦਾ ਹੈ।
 ਜਦੋਂ ਅਸੀਂ ਇਸ ਪੱਖ ਤੋਂ ਗੁਰੂ ਨਾਨਕ ਸਾਹਿਬ ਦੇ ਜੀਵਨ ਵੱਲ ਝਾਤੀ ਮਾਰਦੇ ਹਾਂ ਤਾਂ ਇਤਿਹਾਸਕ ਤੌਰ ਤੇ ਉਹ ਵੀ ਸਾਡੇ ਵਾਂਗ ਹੀ ਮਾਤਾ ਪਿਤਾ ਦੇ ਰਾਹੀਂ 1469 ਈ. ਨੂੰ ਰਾਏ ਭੋਏ ਦੀ ਤਲਵੰਡੀ (ਨਨਕਾਣਾ ਸਾਹਿਬ) ਦੀ ਧਰਤੀ ਉਪਰ ਪੈਦਾ ਹੋਏ ਅਤੇ ਕਰਤਾਰਪੁਰ (ਪਾਕਿਸਤਾਨ) ਦੀ ਧਰਤੀ ਤੇ 1539 ਈ. ਨੂੰ ਸਰੀਰਕ ਤੌਰ ਤੇ ਵਿਦਾ ਹੋਏ, ਪਰ ਅਸੀਂ ਸਤਿਕਾਰ ਵਜੋਂ ਪ੍ਰਕਾਸ਼ ਲੈਣਾ- ਜੋਤੀ ਜੋਤ ਸਮਾਉਣਾ ਆਖਦੇ ਹਾਂ।
  ਹੁਣ ਵਿਚਾਰਣ ਵਾਲਾ ਪੱਖ ਇਹ ਹੈ ਕਿ ਗੁਰੂ ਨਾਨਕ ਸਾਹਿਬ ਵਿੱਚ ਆਮ ਮਨੁੱਖਾਂ ਨਾਲੋ ਕੀ ਵਿਸ਼ੇਸ਼ਤਾ ਸੀ ਜੋ ਉਹਨਾਂ ਨੂੰ ਸੰਸਾਰ ਦੇ ਮਹਾਨਤਮ ਰਹਿਬਰਾਂ ਦੀ ਸੂਚੀ ਵਿੱਚ ਸਿਰਮੌਰ ਦਰਜਾ ਦਿੰਦੀ ਹੈ। ‘ਰਾਮਕਲੀ ਕੀ ਵਾਰ- ਰਾਇ ਬਲਵੰਡ ਤਥਾ ਸਤੈ ਡੂਮਿ ਆਖੀ` ਅੰਦਰ ਫੁਰਮਾਣ
ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨ` (੯੬੭)
 ਅਨੁਸਾਰ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਉਲਟੀ ਗੰਗਾ ਵਗਦੀ ਹੈ। ਜਿਵੇਂ ਅਸੀਂ ਅਕਸਰ ਵੇਖਦੇ ਹਾਂ ਕਿ ਸਾਨੂੰ ਆਮ ਸੰਸਾਰੀ ਜੀਵਾਂ ਨੂੰ ਮਿਹਨਤ ਪਹਿਲਾਂ ਕਰਨੀ ਪੈਂਦੀ ਹੈ, ਉਸਦਾ ਇਵਜ਼ਾਨਾ ਬਾਅਦ ਵਿੱਚ ਮਿਲਦਾ ਹੈ, ਅਧਿਆਤਮਕ ਮਾਰਗ ਅੰਦਰ ਵੀ ਭਗਤੀ ਪਹਿਲਾਂ ਕਰਨੀ ਪੈਂਦੀ ਹੈ, ਭਗਤੀ ਦਾ ਫਲ ਬਾਅਦ ਵਿੱਚ ਸਾਡੀ ਝੋਲੀ ਪੈਂਦਾ ਹੈ। ਪਰ ਇਸ ਦੇ ਉਲਟ ਗੁਰੂ ਨਾਨਕ ਸਾਹਿਬ ਦੇ ਜੀਵਨ ਅੰਦਰ ਬਖ਼ਸ਼ਿਸ਼ ਪਹਿਲਾਂ, ਭਗਤੀ  ਰੂਪੀ ਤਪੱਸਿਆ ਬਾਅਦ ਵਿੱਚ ਕੀਤੀ ਜਾਂਦੀ ਹੈ। ਇਸ ਸਬੰਧੀ ਭਾਈ ਗੁਰਦਾਸ ਜੀ ਦਸਦੇ ਹਨ,
-ਪਹਿਲਾ ਬਾਬੇ ਪਾਇਯਾ ਬਖਸ ਦਰ ਪਿਛੋਂ ਦੇ ਫਿਰ ਘਾਲ ਕਮਾਈ ।
ਰੇਤ ਅਕ ਆਹਾਰ ਕਰ ਰੋੜਾ ਕੀ ਗੁਰ ਕਰੀ ਵਿਛਾਈ ।
ਭਾਰੀ ਕਰੀ ਤਪਸਿਆ ਵਡੇ ਭਾਗ ਹਰਿ ਸਿਉ ਬਨਿ ਆਈ ।
ਬਾਬਾ ਪੈਧਾ ਸਚਖੰਡ ਨਉਨਿਧ ਨਾਮ ਗਰੀਬੀ ਪਾਈ ।
ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਮੀ ਦਿਸ ਆਈ ।
ਬਾਝਹੁ ਗੁਰੂ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੋਕਾਈ ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ।
ਚੜਿਆ ਸੋਧਣ ਧਰਤ ਲੁਕਾਈ
। (ਵਾਰ ੧ ਪਉੜੀ ੨੪)
ਇਸੇ ਹੀ ਵਿਸ਼ੇ ਉਪਰ ਜਦੋ ਅਸੀਂ ਪੁਰਾਤਨ ਇਤਿਹਾਸਕ ਗ੍ਰੰਥਾਂ ਅੰਦਰ ਵੇਖਦੇ ਹਾਂ ਤਾਂ ਪ੍ਰਮੇਸ਼ਰ ਵਲੋਂ ਸੰਸਾਰ ਤੇ ਭੇਜਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਬਖਸ਼ਿਸ਼ਾਂ ਨਾਲ ਨਿਵਾਜ ਕੇ ਭੇਜੇ ਜਾਣ ਦਾ ਜ਼ਿਕਰ ਹੈ। ਬਹੁਤ ਹੀ ਭਾਵਪੂਰਤ  ਸ਼ਬਦ ਇਸ ਸਬੰਧ ਵਿੱਚ ਸਾਹਮਣੇ ਆਉਂਦੇ ਹਨ-
ਮੇਰਾ ਨਾਉਂ ਪਾਰਬ੍ਰਹਮ ਪ੍ਰਮੇਸ਼ਰ। ਤੇਰਾ ਨਾਉ ਗੁਰ ਪ੍ਰਮੇਸ਼ਰ।
ਜਿਸ ਊਪਰ ਤੇਰੀ ਨਦਰਿ। ਤਿਸ ਊਪਰ ਮੇਰੀ ਨਦਰਿ।
ਜਿਸ ਊਪਰ ਤੇਰਾ ਕਰਮ। ਤਿਸ ਊਪਰ ਮੇਰਾ ਕਰਮ

ਬੇਅੰਤ ਬਖ਼ਸ਼ਿਸ਼ਾਂ ਭਰਪੂਰ ਗੁਰੂ ਸਾਹਿਬ ਦੇ ਇਸ ਸੰਸਾਰ ਅੰਦਰ ਆਗਮਨ ਹੋਣ ਸਬੰਧੀ ਭੱਟਾਂ ਦੇ ਸਵਈਆਂ ਅੰਦਰ ਗੁਰਬਾਣੀ ਫੁਰਮਾਣ ਸਾਡੇ ਸਾਹਮਣੇ ਹਨ-
-ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਓ।।(੧੪੦੮)              
- ਆਪ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਉ।।(੧੩੯੫)
-ਭਨਿ ਮਥੁਰਾ ਕਛੁ ਭੇਦੁ ਨਹਿ ਗੁਰੁ ਅਰਜੁਨੁ ਪਰਤਖ੍ਹ ਹਰਿ ॥ (੧੪੦੯)
ਭਾਵ ਕਿ ਗੁਰੂ ਨਾਨਕ ਸਾਹਿਬ ਇਸ ਸੰਸਾਰ ਅੰਦਰ ਦੋ ਜੋਤਾਂ ਦੇ ਮਾਲਕ ਬਣ ਕੇ ਵਿਚਰੇ, ਇੱਕ ਜੋਤ ਤਾਂ ਉਹ ਜੋ ਸਾਡੇ ਸਾਰਿਆਂ ਅੰਦਰ ਵੀ ਹੈ ਅਤੇ ਸਰੀਰਕ ਜੀਵਨ ਨੂੰ ਚਲਦਾ ਰੱਖਣ ਲਈ ਜਰੂਰੀ ਹੈ, ਦੂਜੀ ਗੁਰੂ ਜੋਤ, ਜੋ ਉਹਨਾਂ ਨੂੰ ਗੁਰੂ ਦਾ ਦਰਜਾ ਦਿੰਦੀ ਹੈ। ਗੁਰੂ ਨਾਨਕ ਸਾਹਿਬ ਦੇ ਸਾਹਮਣੇ ਉਹਨਾਂ ਤੋਂ ਪਹਿਲਾਂ ਦੇ ਵੱਖ-ਵੱਖ ਧਰਮਾਂ ਦੀ ਫਿਲਾਸਫੀ, ਇਤਿਹਾਸ ਪ੍ਰਤੱਖ ਸੀ ਕਿ ਉਹ ਧਾਰਮਿਕ ਰਹਿਬਰ ਆਪਣੇ-ਆਪਣੇ ਸਮੇਂ ਅੰਦਰ  ਵਿਚਰਦੇ ਹੋਏ,ਸੰਸਾਰ ਨੂੰ ਗਿਆਨ ਵੰਡ ਕੇ ਪਿਆਨਾ ਕਰ ਗਏ, ਜਿਸ ਨਾਲ ਉਹਨਾਂ ਤੋਂ ਬਾਅਦ ਮਨੁੱਖਤਾ ਫਿਰ ਔਝੜੇ ਪੈ ਗਈ। ਇਸ ਘਾਟ ਨੂੰ ਪੂਰਾ ਕਰਨ ਲਈ ਗੁਰੂ ਨਾਨਕ ਸਾਹਿਬ ਨੂੰ ਪ੍ਰਮੇਸ਼ਰ ਵਲੋਂ ਮਿਲੀ ਗੁਰੂ ਜੋਤ  ਨੂੰ ਦਸ ਜਾਮੇ ਧਾਰਨ ਕਰਨੇ ਪਏ। 1469 ਈ. ਤੋਂ 1708 ਈ. ਤਕ 239 ਸਾਲ ਤੇ ਲੰਮੇ ਸਮੇਂ ਦੀ ਘਾਲਣਾ ਘਾਲਣੀ ਪਈ ਕਿਉਂਕਿ ਇਨਾਂ ਲੰਮਾ ਸਮਾਂ ਇੱਕ ਸਰੀਰ ਰਾਹੀਂ ਲੋੜੀਂਦਾ ਕਾਰਜ ਪੂਰਾ ਕਰ ਸਕਣਾ ਸੰਭਵ ਨਹੀਂ ਸੀ।
 ਇਸ ਲਈ ਸਮੇਂ-ਸਮੇਂ ਸਿਰ ਸਰੀਰ ਬਦਲਦੇ ਗਏ, ਪਰ ਗੁਰੂ ਜੋਤ ਉਹੀ ਅੱਗੇ ਚਲਦੀ ਗਈ। ਇਸ ਸਬੰਧੀ ਗੁਰਬਾਣੀ ਫੁਰਮਾਣ ਹਨ,
-ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ।।
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰ ਪਲਟੀਐ
।।(ਰਾਮਕਲੀ ਕੀ ਵਾਰ- ਰਾਇ ਬਲਵੰਡ ਤਥਾ ਸਤੈ ਡੂਮਿ ਆਖੀ-੯੬੭)
ਇਹੀ ਜੋਤ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ, ਬਾਬਾ ਅਮਰਦਾਸ ਜੀ ਨੂੰ ਗੁਰੂ ਅਮਰਦਾਸ ਸਾਹਿਬ, ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਸਾਹਿਬ … … …. . ਬਣਾ ਦਿੰਦੀ ਹੈ। ਸਰੀਰ ਉਹੀ ਰਹੇ, ਪਰ ਜਦੋਂ ਇਹੀ ਸਰੀਰ ਗੁਰੂ ਬਖ਼ਸ਼ਿਸ਼ ਨਾਲ ਪ੍ਰਵਾਨੇ ਗਏ, ਗੁਰੂ ਜੋਤ ਟਿਕਾਉਣ ਦੇ ਸਮੱਰਥ ਹੋ ਗਏ, ਗੁਰੂ ਪਦਵੀ ਦੇ ਅਧਿਕਾਰੀ ਕਹਿਲਾਏ। ਭਾਵ ਕਿ ਸਰੀਰ ਜਰੂਰ ਬਦਲੇ ਗੁਰੂ ਜੋਤ ਉਹੀ ਰਹੀ-
- ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ।।
ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ।।
-ਨਾਨਕ ਤੂ ਲਹਿਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ
।।(ਰਾਮਕਲੀ ਵੀ ਵਾਰ-ਰਾਇ ਬਲਵੰਡ ਤਥਾ ਸਤੈ ਡੁਮਿ ਆਖੀ-੯੬੭)
ਸਿੱਖ ਇਤਿਹਾਸ ਅੰਦਰ ਐਸੀਆਂ ਘਟਨਾਵਾਂ ਦਾ ਜ਼ਿਕਰ ਵੀ ਮਿਲਦਾ ਹੈ ਕਿ ਸਮੇਂ-ਸਮੇਂ ਉਪਰ ਗੁਰੂ ਜੋਤ ਦੇ ਸਰੀਰ ਬਦਲਣ ਨਾਲ ਸ਼ੱਕ ਵੀ ਕੀਤੇ ਗਏ, ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਬਹੁਤ ਛੋਟੀ ਸਰੀਰਕ ਆਰਜਾ ਕਾਰਣ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਵਲੋਂ ਸ਼ਸ਼ਤਰ-ਬਧ, ਰਾਜਸੀ ਸ਼ਾਹੀ ਠਾਠ-ਬਾਠ ਹੋਣ ਕਾਰਣ। ਪਰ ਗੁਰੂ ਜੋਤ ਨੇ ਹਰ ਸ਼ੰਕੇ ਦਾ ਸਮਾਧਾਨ ਕਰਦੇ ਹੋਏ ਹਰ ਪੱਖ ਤੋਂ ਸਪਸ਼ਟਤਾ ਪ੍ਰਦਾਨ ਕਰਦੇ ਹੋਏ  ਨਿਰ-ਵਿਵਾਦ ਰੂਪ ਵਿੱਚ ਸੰਸਾਰ ਨੂੰ ਅਗਵਾਈ ਦਿਤੀ।ਦਸ ਗੁਰੂ ਸਾਹਿਬਾਨ ਭਾਵੇਂ ਵੱਖ-ਵੱਖ ਸਰੀਰਾਂ ਅੰਦਰ ਵਿਚਰੇ ਜਰੂਰ ਪਰ ਗੁਰੂ ਜੋਤ ਸਾਰਿਆਂ ਅੰਦਰ ਉਹੀ ਹੋਣ ਕਾਰਣ ਸਿੱਖ ਸਿਧਾਂਤ ਨਹੀਂ ਬਦਲੇ, ਵਿਚਾਰ ਧਾਰਾ ਉਹੀ ਰਹੀ,  ਜੋ ਗੁਰੂ ਨਾਨਕ ਸਾਹਿਬ ਨੇ ਮੁੱਢ ਬੰਨਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਬਾਣੀ ਵਿੱਚ ਪਹਿਲੇ ਪੰਜ ਅਤੇ ਨੌਵੇਂ ਭਾਵ ਛੇ ਗੁਰੂ ਸਾਹਿਬਾਨ ਵਲੋਂ ਆਪਣੇ ਨਾਮ ਦੀ ਬਜਾਏ ‘ਨਾਨਕ` ਮੋਹਰ ਛਾਪ ਹੇਠ ਹੀ ਬਾਣੀ ਉਚਾਰਣ  ਕੀਤੀ ਗਈ, ਭਾਵ ਬਾਣੀ ਵੱਖ-ਵੱਖ ਸਮੇਂ ਗੁਰੂ ਸਰੀਰਾਂ ਨੇ ਨਹੀ ਸਗੋਂ ਗੁਰੂ ਨਾਨਕ ਸਾਹਿਬ ਵਾਲੀ ਗੁਰੂ ਜੋਤ ਨੇ ਹੀ ਉਚਾਰੀ। ਭਗਤ ਸਾਹਿਬਾਨ, ਭੱਟ ਸਾਹਿਬਾਨ, ਗੁਰਸਿੱਖਾਂ ਦੀ ਉਚਾਰਣ ਬਾਣੀ ਦਰਜ ਕਰਦੇ ਸਮੇਂ ਕਸਵੱਟੀ ਗੁਰੂ ਨਾਨਕ ਵਿਚਾਰਧਾਰਾ ਹੀ ਰੱਖੀ ਗਈ। ਗੁਰੂ ਅਰਜਨ ਸਾਹਿਬ ਵਲੋਂ ਸੰਪਾਦਨਾ ਕਾਰਜ ਕਰਦੇ ਸਮੇਂ ਇਸ ਪੱਖ ਤੋਂ ਕਿਸੇ ਵੀ ਤਰਾਂ ਨਾਲ ਕੋਈ ਸਮਝੋਤਾ ਨਹੀਂ ਕੀਤਾ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਭਾਵੇਂ 6 ਗੁਰੂ ਸਾਹਿਬਾਨ ਦੀ ਬਾਣੀ ਹੀ ਦਰਜ ਹੈ, ਪਰ ਅਸੀਂ ਰੋਜਾਨਾ ਅਰਦਾਸ ਵਿੱਚ ‘ਦਸਾਂ ਪਾਤਸ਼ਾਹੀਆਂ ਦੀ ਜੋਤ` ਹੀ ਆਖ ਕੇ ਚੇਤੇ ਕਰਦੇ ਹੋਏ ਵਾਹਿਗੁਰੂ ਬੋਲਦੇ ਹਾਂ। ਇਥੇ ਜੋਤ ਸ਼ਬਦ ਨੂੰ ਜੇ ਧਿਆਨ ਨਾਲ ਵਾਚਿਆ ਜਾਵੇ ਤਾਂ ਸਪਸ਼ਟ ਹੈ ਕਿ ਇਥੇ ਉਸੇ ਗੁਰੂ ਜੋਤ ਦਾ ਜ਼ਿਕਰ ਹੈ ਜੋ ਪ੍ਰਮੇਸ਼ਰ ਵਲੋਂ ਗੁਰੂ ਨਾਨਕ ਸਾਹਿਬ ਨੂੰ ਬਖ਼ਸ਼ਿਸ਼ ਕਰਕੇ ਸੰਸਾਰ ਦੇ ਉਧਾਰ ਲਈ ਭੇਜਿਆ ਗਿਆ ਸੀ। ਇਹੀ ਗੁਰੂ ਜੋਤ ਦਾਸ ਜਾਮਿਆਂ ਵਿੱਚ ਵਿਚਰਦੀ ਹੋਈ 1708 ਈ. ਨੂੰ ਦਸ਼ਮੇਸ਼ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਜਿਵੇਂ ਪਹਿਲੇ ਗੁਰੂ ਸਾਹਿਬਾਨ ਆਪਣੇ ਜਿਉਂਦੇ ਜੀਅ ਅਗਲੇ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਗੁਰੂ ਪਦਵੀ ਤੇ ਬਿਰਾਜਮਾਨ ਕਰਨ ਦੀ ਪ੍ਰਪੰਰਾ ਸੀ, ਠੀਕ ਉਸੇ ਪੂਰਨਿਆਂ ਉਪਰ ਚਲਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਖਸ਼ੀ ਗੁਰਤਾ ਵਾਲੇ ਪੱਖ ਨੂੰ ਸਦੀਵੀਂ ਵਿਰਾਮ ਦਿੰਦੇ ਹੋਏ ਗੁਰੂ ਨਾਨਕ ਸਾਹਿਬ ਤੋਂ ਦਸ ਜਾਮਿਆਂ ਵਿੱਚ ਚਲੀ ਆ ਰਹੀ ਗੁਰੂ ਜੋਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬਿਰਾਜਮਾਨ ਕਰਕੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋਏ ਗੁਰਤਾ ਗੱਦੀ ਉਪਰ ਹਮੇਸ਼ਾ ਲਈ ਬਿਰਾਜਮਾਨ ਕਰ ਦਿਤਾ।1469 ਤੋਂ 1708 ਈ. ਤਕ ਦੇ 239 ਸਾਲ ਦੇ ਲੰਮੇ ਸਮੇਂ 10 ਜਾਮਿਆਂ ਦੀ ਸਫਲ ਘਾਲਣਾ ਘਾਲ ਕੇ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਪਹਿਲੇ ਗੁਰੂ ਸਾਹਿਬਾਨ ਦੀ ਤਰਾਂ ਹੀ ਦਸਮ ਪਾਤਸ਼ਾਹ ਸਰੀਰਕ ਰੂਪ ਵਿੱਚ ਸੰਸਾਰ ਤੋਂ ਵਿਦਾ ਹੋ ਗਏ (ਭਾਵ ਜੋਤੀ ਜੋਤ ਸਮਾ ਗਏ) ਅਤੇ ਸਾਨੂੰ 239 ਸਾਲ ਦੇ ਨਿਚੋੜ/ ਤਤਸਾਰ ਰੂਪੀ ਸਿਧਾਂਤ ਦੇ ਗਏ-ਆਤਮਾ ਗ੍ਰੰਥ ਵਿਚਸਰੀਰ ਪੰਥ ਵਿਚਪੂਜਾ ਅਕਾਲ ਕੀਪਰਚਾ ਸ਼ਬਦ ਕਾਦੀਦਾਰ ਖਾਲਸੇ ਕਾ।
============
ਦਾਸਰਾ
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ201, ਗਲੀ ਨਬੰਰ 6, ਸੰਤਪੁਰਾਕਪੂਰਥਲਾ (ਪੰਜਾਬ)(98720-76876,
01822-276876)e-mail - sukhjit.singh69@yahoo.com
 
 



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.