ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
ਲਾਲ ਰੰਗੁ ਤਿਸ ਕਉ ਲਗਾ
ਲਾਲ ਰੰਗੁ ਤਿਸ ਕਉ ਲਗਾ
Page Visitors: 2541

ਲਾਲ ਰੰਗੁ ਤਿਸ ਕਉ ਲਗਾ 
ਪ੍ਰਮੇਸ਼ਰ ਦੀ ਸਾਜੀ 84 ਲੱਖ ਜੂਨਾਂ ਵਾਲੀ ਸ਼੍ਰਿਸ਼ਟੀ ਵਿੱਚ ਮਨੁੱਖ ਨੂੰ ਸਰਵੋਤਮ ਕਿਹਾ ਗਿਆ ਹੈ। ਪਰ ਜਨਮ ਲੈਣ ਤੋਂ ਬਾਅਦ ਸਰਵੋਤਮ ਬਣੇ ਰਹਿਣ ਲਈ ਯਤਨ ਇਸਨੂੰ ਆਪ ਕਰਨੇ ਪੈਂਦੇ ਹਨ। ਜਿਨ੍ਹਾਂ ਦੇ ਯਤਨ ਸਹੀ ਦਿਸ਼ਾ ਵਿੱਚ ਚਲਦੇ ਹਨ, ਉਹ ਵਡਭਾਗੇ ਕਹੇ ਜਾਂਦੇ ਹਨ। ਪ੍ਰੰਤੂ ਇਹ ਅਵਸਥਾ ਸਾਰਿਆਂ ਦੇ ਹਿਸੇ ਵਿੱਚ ਨਹੀਂ ਆਉਂਦੀ। ਸੰਸਾਰ ਅੰਦਰ ‘ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ` (੧੪੧੦) ਵਾਲਿਆਂ ਦੀ ਹਮੇਸ਼ਾਂ ਬਹੁਗਿਣਤੀ ਰਹੀ ਹੈ। ਵਿਰਲੇ ਵਡਭਾਗੀਆਂ ਦੀ ਸ਼੍ਰੇਣੀ ਵਿੱਚ ਸ਼ੁਮਾਰ ਹੋਣ ਲਈ ਪ੍ਰਮੇਸ਼ਰ ਦੇ ਨਾਮ ਨਾਲ ਜੁੜਣਾ ਹੀ ਸਹੀ ਮਾਰਗ ਹੈ। ਜਿਹੜੇ ਇਸ ਮਾਰਗ ਦੇ ਪਾਂਧੀ ਬਣ ਕੇ ਵਿਚਰਣਾ ਸਿੱਖ ਜਾਂਦੇ ਹਨ, ਗੁਰਬਾਣੀ ਉਨ੍ਹਾਂ ਬਾਰੇ ਫੁਰਮਾਣ ਕਰਦੀ ਹੈ-
ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ।। ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ।। (ਬਿਲਾਵਲ ਮਹਲਾ ੫-੮੦੮)
 ਪ੍ਰਮਾਤਮਾ ਵਲੋਂ ਜੀਵਨ ਤਾਂ ਸਾਰਿਆਂ ਨੂੰ ਦਿਤਾ ਹੋਇਆ ਹੈ, ਜੀਵਨ ਨੂੰ ਚਲਦੇ ਰਹਿਣ ਲਈ ਸਵਾਸਾਂ ਦੀ ਪੂੰਜੀ ਦੇ ਨਾਲ-ਨਾਲ ਬੁੱਧੀ ਵੀ ਵਰਤਣ ਲਈ ਦਿਤੀ ਹੋਈ ਹੈ, ਹੁਣ ਇਹ ਜੀਵ ਤੇ ਨਿਰਭਰ ਕਰਦਾ ਹੈ ਕਿ ਪ੍ਰਭੂ ਵਲੋਂ ਦਿਤੀਆਂ ਗਈਆਂ ਇਨ੍ਹਾਂ ਦਾਤਾਂ ਦੀ ਸਦ-ਵਰਤੋਂ ਕਰਦਾ ਹੈ ਜਾਂ ਦੁਰ-ਵਰਤੋਂ।
ਮਨੁੱਖੀ ਮਨ ਦਾ ਸੁਭਾਉ ਹੈ ਕਿ ਇਹ ਨਿਵਾਣ ਵਾਲੇ ਪਾਸੇ ਬਹੁਤ ਛੇਤੀ ਜਾਂਦਾ ਹੈ, ਦੁਨਿਆਵੀ ਰੰਗਾਂ ਦੇ ਪ੍ਰਭਾਵ ਹੇਠ ਪ੍ਰਮੇਸ਼ਰ ਤੋਂ ਦੂਰ ਹੀ ਦੂਰ ਹੁੰਦਾ ਜਾਂਦਾ ਹੈ। ਇਸਦੀ ਦੌੜ ਭੱਜ ਮਾਇਆ ਤਕ ਸੀਮਤ ਹੋਣ ਕਰਕੇ ਜੀਵਨ ਦਾਤੇ ਮਾਲਕ ਤੋਂ ਦੂਰੀ ਵਧਦੀ ਜਾਂਦੀ ਹੈ। ਬੱਸ ਮਾਇਆ ਦੀ ਪ੍ਰਾਪਤੀ ਹੀ ਮੰਜ਼ਿਲ ਸਮਝ ਲੈਂਦਾ ਹੈ, ਜੇ ਇਸ ਪਾਸੇ ਪ੍ਰਾਪਤੀ ਹੋ ਜਾਵੇ ਤਾਂ ਹੰਕਾਰ ਵਿੱਚ ਆ ਜਾਂਦਾ ਹੈ, ਜੇ ਪ੍ਰਾਪਤੀ ਨਾ ਹੋਵੇ ਤਾਂ ਨਿਰਾਸ਼ਤਾ ਵਿੱਚ ਚਲੇ ਜਾਂਦਾ ਹੈ। ਇਸ ਪ੍ਰਥਾਇ ਭਗਤ ਰਵਿਦਾਸ ਜੀ ਦੇ ਬਚਨ ਹਨ:-  ਮਾਟੀ ਕੋ ਪੁਤਰਾ ਕੈਸੇ ਨਚਤੁ ਹੈ।। ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤ ਹੈ।। ੧।। ਰਹਾਉ।।
 ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ।। ਮਾਇਆ ਗਈ ਤਬ ਰੋਵਨੁ ਲਗਤੁ ਹੈ।। ੧।। (ਆਸਾ - ਰਵਿਦਾਸ ਜੀ-੪੮੭)
 ਜਿਹੜਾ ਮਨੁੱਖ ਆਪਣੇ ਮਨ ਨੂੰ ਪ੍ਰਮੇਸ਼ਰ ਦੇ ਨਾਮ ਰੰਗ ਵਿੱਚ ਰੰਗਣਾ ਛੱਡ ਕੇ ਦੁਨਿਆਵੀ ਮਾਇਆ ਦੇ ਲੋਭ ਵਿੱਚ ਹੀ ਰੰਗਣ ਲਗ ਜਾਵੇ, ਇਨ੍ਹਾਂ ਮੋਹ ਦੀਆਂ ਫਾਹੀਆਂ ਵਿੱਚ ਹੀ ਫਸ ਕੇ ਰਹਿ ਜਾਵੇ ਤਾਂ ਗੁਰੂ-ਪ੍ਰਮੇਸ਼ਰ ਦੇ ਦਰ ਤੇ ਪ੍ਰਵਾਨ ਕਿਵੇਂ ਹੋ ਸਕਦਾ ਹੈ? ਫਿਰ ਐਸੇ ਜੀਵਾਂ ਦੇ ਜੀਵਨ ਵਿੱਚ ਵਡਭਾਗੇ ਬਨਣ ਵਾਲੀ ਅਵਸਥਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ?
 ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ।।
ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਇ
।। (ਤਿਲੰਗ ਮਹਲਾ ੧ -੭੨੧)
 ਗੁਰਬਾਣੀ ਅੰਦਰ ਮਨ ਨੂੰ ਰੰਗਣ ਦੇ ਸਬੰਧ ਵਿੱਚ ਬਾਰ-ਬਾਰ ਦੋ ਤਰਾਂ ਦੇ ਰੰਗਾਂ ਦਾ ਜ਼ਿਕਰ ਕੀਤਾ ਗਿਆ ਹੈ। ਪਹਿਲਾ ਕਸੁੰਭੇ ਦਾ ਰੰਗ ਜੋ ਕੱਚਾ ਹੈ, ਚਿਰ ਸਥਾਈ ਨਹੀ ਰਹਿ ਸਕਦਾ। ਪ੍ਰਮੇਸ਼ਰ ਦੇ ਨਾਮ ਤੋਂ ਰਹਿਤ ਹੋਣ ਕਰਕੇ ਇਸ ਰੰਗ ਵਿੱਚ ਰੰਗਿਆ ਮਨੁੱਖ ਜੀਵਨ ਦੀ ਬਾਜ਼ੀ ਹਾਰ ਜਾਂਦਾ ਹੈ। `ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ`  ਰੂਪੀ ਰਿਜ਼ਲਟ ਪ੍ਰਤੱਖ ਸਾਹਮਣੇ ਆਉਂਦਾ ਹੈ। ਬਾਰ-ਬਾਰ ਜਨਮ ਮਰਣ ਦੇ ਗੇੜ ਦੀ ਫਾਹੀ ਵਿੱਚ ਫਸਾਉਣ ਦਾ ਕਾਰਣ ਬਣਦਾ ਹੈ-
 ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ।।
 ਵਿਣੁ ਨਾਵੈ ਭ੍ਰਮਿ ਭੁਲੀਆ ਠਗਿ ਮੁਠੀ ਕੂੜਿਆਰਿ ਜੀਉ।।
 ਸਚੇ ਸੇਤੀ ਰਤਿਆ ਜਨਮੁ ਨ ਦੂਜੀ ਵਾਰ ਜੀਉ
।। ੧।। (ਸੂਹੀ ਮਹਲਾ ੧-੭੫੧)
ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ` (੮੦੮)
 ਵਾਲੀ ਜੀਵਨ ਅਵਸਥਾ ਪ੍ਰਾਪਤ ਕਰਨ ਲਈ ਜ਼ਰੂਰਤ ਹੈ ਕਿ ਅਸੀਂ ਕੁਸੰਭੇ ਭਾਵ ਮਾਇਆ ਦੇ ਕੱਚੇ ਰੰਗਾਂ ਵਿੱਚ ਰੰਗੇ ਜਾਣ ਦੀ ਥਾਂ ਤੇ ਪ੍ਰਮ ਪਿਤਾ ਪ੍ਰਮੇਸ਼ਰ ਦੇ ਨਾਮ ਰੂਪੀ ਪੱਕੇ ਮਜੀਠ ਰੰਗ ਵਿੱਚ ਰੰਗੇ ਜਾਣ ਲਈ ਯਤਨਸ਼ੀਲ ਹੋਈਏ। ਇਸ ਲਈ ਸਾਨੂੰ ਬੁੱਧੀ ਦੀ ਸਦ-ਵਰਤੋਂ ਕਰਦੇ ਹੋਏ ਜਿਵੇਂ ਕੋਰੇ ਕੱਪੜੇ ਨੂੰ ਰੰਗ ਚਾੜਣ ਤੋਂ ਪਹਿਲਾਂ ਉਸ ਦੀ ਪਾਹ ਨੂੰ ਫਟਕੜੀ ਆਦਿ ਰਾਹੀਂ ਉਤਾਰਣਾ ਜ਼ਰੂਰੀ ਹੁੰਦਾ ਹੈ, ਠੀਕ ਇਸੇ ਤਰਾਂ ਆਪਣੇ ਜੀਵਨ ਵਿਚੋਂ ਦੁਨਿਆਵੀ ਮੋਹ ਮਾਇਆ ਰੂਪੀ ਪਾਹ ਕੱਢਣੀ ਪੈਣੀ ਹੈ ਜੋ ਕਿ ਸੱਚੇ ਗੁਰੂ ਦੀ ਸੰਗਤ ਰਾਹੀਂ ਪ੍ਰਮੇਸ਼ਰ ਨਾਲ ਜੁੜ ਕੇ ਹੀ ਸੰਭਵ ਹੋ ਸਕਦੀ ਹੈ। ਇਸ ਤਰਾਂ ਜੋ ਰੰਗ ਚੜੇਗਾ, ਉਹ ਪੱਕਾ ਮਜੀਠ ਰੰਗ ਹੀ ਹੋਵੇਗਾ, ਫਿਰ ਕਦੀ ਵੀ ਉਤਰੇਗਾ ਨਹੀਂ- 
- ਸਜਣੁ ਮੈਡਾ ਰੰਗੁਲਾ ਰੰਗੁ ਲਾਏ ਮਨੁ ਲੇਇ।।
 ਜਿਉ ਮਾਜੀਠੈ ਕਪੜੇ ਰੰਗੇ ਭੀ ਪਾਹੇਹਿ।।
 ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ
।। (ਵਾਰ ਸੋਰਠਿ-ਮਹਲਾ ੩-੬੪੪)  ਅਥਵਾ 
-ਸਤਸੰਗਤਿ ਕੀ ਰੇਣੁ ਮੁਖਿ ਲਾਗੀ ਕੀਏ ਸਗਲ ਤੀਰਥ ਮਜਨੀਠਾ।।
 ਕਹੁ ਨਾਨਕ ਰੰਗਿ ਚਲੂਲ ਭਏ ਹੈ ਹਰਿ ਰੰਗੁ ਨ ਲਹੈ ਮਜੀਠਾ
।।  (ਸਾਰਗ ਮਹਲਾ ੫-੧੨੧੨)
 ਗੁਰਮਤਿ ਵਿਚਾਰਧਾਰਾ ਅਨੁਸਾਰ ‘ਮਨਿ ਜੀਤੈ ਜਗੁ ਜੀਤੁ` (੬) ਦੇ ਮਾਰਗ ਉਪਰ ਚੱਲਣ ਵਾਲੇ ਹੀ ਸਹੀ ਅਰਥਾਂ ਵਿੱਚ ਸੂਰਮੇ ਬਣ ਸਕਦੇ ਹਨ। ਐਸੀ ਸੂਰਮਤਾਈ ਲਈ ਪੂਰੇ ਗੁਰੂ ਦੀ ਰਹਿਨੁਮਾਈ ਹੇਠ ਜਿਹੜੇ ਪ੍ਰਮੇਸ਼ਰ ਦੇ ਸੱਚੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ, ਉਹੀ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣ ਕੇ ਸਾਹਮਣੇ ਆਉਂਦੇ ਹਨ। ਇਸ ਸੂਰਮਤਾਈ ਲਈ ਉਮਰ ਭਾਵੇਂ ਸਾਹਿਬਜਾਦਾ ਜੁਝਾਰ ਸਿੰਘ ਵਾਂਗ ਥੋੜੀ ਹੀ ਕਿਉਂ ਨਾ ਹੋਵੇ। ਪਿਤਾ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੁਚੱਜੀ ਅਗਵਾਈ ਹੇਠ ਪ੍ਰਵਾਨ ਚੜਦੇ ਹੋਏ  ਲਗਭਗ 16 ਸਾਲ ਦੀ ਸਰੀਰਕ ਆਰਜ਼ਾ ਅੰਦਰ ਹੀ ਚਮਕੌਰ ਦੀ ਕੱਚੀ ਗੜੀ ਦੇ ਇਤਿਹਾਸਕ ਨਾਇਕ ਬਣ ਕੇ ਸਾਹਮਣੇ ਆਉਂਦੇ ਹਨ। ਸਾਹਿਬਜਾਦਾ ਅਜੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਦਸ਼ਮੇਸ਼ ਪਿਤਾ ਤੋਂ ਆਗਿਆ ਮੰਗਦੇ ਹਨ ਕਿ ਉਹ ਵੀ ਵੱਡੇ ਵੀਰ ਵਾਂਗ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਦਤ ਪਾਉਣ ਸਬੰਧੀ ਆਪਣੀ ਦ੍ਰਿੜਤਾ ਪ੍ਰਗਟ ਕਰਦਾ ਹੈ-
  - ਲੜਨਾ ਨਹੀ ਆਤਾ ਮੁਝੇ ਮਰਨਾ ਤੋ ਹੈ ਆਤਾ। ਖੁਦ ਬੜ੍ਹ ਕੇ ਗਲਾ ਤੇਗ ਪਿ ਧਰਨਾ ਤੋ ਹੈ ਆਤਾ
 ਇਸ ਸਮੇਂ ਸਾਹਿਬਜਾਦਾ ਜੁਝਾਰ ਸਿੰਘ ਦੀ ਇੱਛਾ ਨੂੰ ਮੁੱਖ ਰੱਖਦੇ ਹੋਏ ਪਿਤਾ ਗੁਰੂ ਦੇ ਜਵਾਬ ਨੂੰ ਯੋਗੀ ਅੱਲ੍ਹਾ ਯਾਰ ਖਾਂ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਅੰਦਰ ਅੰਕਿਤ ਕੀਤਾ ਹੈ-
 - ਹਮ ਨੇ ਕਹਾ ਥਾ ਬਾਪ ਕੋ ਜਾਂ ਦੀਜੈ ਧਰਮ ਪਰ।
   ਲੋ ਕਹਤੇ ਹੈਂ ਅਬ ਆਪ ਕੋ ਜਾਂ ਦੀਜੈ ਧਰਮ ਪਰ

 ਪਾਵਨ ਗੁਰਬਾਣੀ ਦੇ ਦਰਸਾਏ ਮਾਰਗ ਉਪਰ ਰੰਗੀਆਂ ਹੋਈਆਂ ਆਤਮਾਵਾਂ ਵਡਭਾਗੀ ਬਣ ਕੇ ਚਮਕੌਰ ਦੀ ਕੱਚੀ ਗੜ੍ਹੀ ਦਾ ਇਤਿਹਾਸ ਰਚ ਗਈਆਂ। ਅਸਲ ਸੂਰਮਤਾਈ ਕੇਵਲ ਬਾਹਰੀ ਸਰੀਰਕ ਹੀ ਨਹੀਂ ਹੁੰਦੀ ਸਗੋਂ ਜਿਹੜੇ ਪ੍ਰਮੇਸ਼ਰ ਦੇ ਨਾਮ ਰੰਗ ਵਿੱਚ ਮੌਤ ਦੇ ਭੈਅ ਤੋਂ ਮੁਕਤ ਹੋ ਕੇ ਸੀਸ ਤਲੀ ਤੇ ਰੱਖਦੇ ਹੋਏ ਜੰਗੇ ਮੈਦਾਨ ਵਿੱਚ ਨਿਤਰਦੇ ਹਨ, ਉਹੀ ਅਸਲ ਸੂਰਮੇ ਅਖਵਾਉਣ ਦੇ ਹੱਕਦਾਰ ਬਣਦੇ ਹਨ। ਇਸ ਪ੍ਰਥਾਇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਬਚਨ ਸਾਡੀ ਅਗਵਾਈ ਕਰਦੇ ਹਨ-
 ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ।।
 ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ
।। (ਧਨਾਸਰੀ ਮਹਲਾ ੫-੬੭੯)
 ਪ੍ਰਭੂ ਦੇ ਸੱਚੇ ਨਾਮ ਰੰਗ ਵਿੱਚ ਰੰਗੇ ਜਾਣ ਵਾਸਤੇ ਸਾਨੂੰ ਸਤਿਸੰਗ ਦੇ ਰਸਤੇ ਉਪਰ ਚੱਲਣ ਦੀ ਜ਼ਰੂਰਤ ਹੈ। ਜਿਹੜੇ ਮਨੁੱਖ ਸੱਚੀ ਸੰਗਤ ਨਾਲ ਜੁੜਦੇ ਹਨ, ਉਹ ਵਡੇ ਭਾਗਾਂ ਵਾਲੇ ਬਣਕੇ ਆਪਣੇ ਜੀਵਨ ਵਿਚੋਂ ਵਿਸ਼ੇ ਵਿਕਾਰਾਂ ਰੂਪੀ ਮੈਲ ਉਤਾਰਣ ਦੇ ਸਮਰੱਥ ਬਣ ਜਾਂਦੇ ਹਨ, ਉਨ੍ਹਾਂ ਦੇ ਜੀਵਨ ਅੰਦਰ ਸੱਚੇ ਨਾਮ ਦਾ ਲਾਲ ਰੰਗ ਐਸਾ ਗੂੜਾ ਚੜ੍ਹਦਾ ਹੈ, ਜੋ ਕਦੀ ਨਾਸ ਨਹੀਂ ਹੁੰਦਾ। ਸਿੱਖ ਇਤਿਹਾਸ ਅੰਦਰ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਦੇ ਸਮੇਂ ਸਿੱਖ ਕੌਮ ਦੀ ਰਹਿਨੁਮਾਈ ਕਰਨ ਵਾਲੀ
ਮਹਾਨ ਸਖਸ਼ੀਅਤ ਗੁਰੂ ਕ੍ਰਿਪਾ ਦੁਆਰਾ ਮਾਧੋਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਸਾਹਮਣੇ ਆਉਂਦੀ ਹੈ, ਉਹ ਜਿਧਰ ਵੀ ਚੱਲੇ, ਜਿੱਤ ਨੇ ਉਨ੍ਹਾਂ ਦਾ ਹਰ ਕਦਮ ਤੇ ਸਵਾਗਤ ਕੀਤਾ। ਜੇ ਸ਼ਹਾਦਤ ਦੇਣ ਦਾ ਸਮਾਂ ਆਇਆ ਤਾਂ ਉਥੇ ਵੀ ਜ਼ਾਲਮਾਂ ਦੇ ਅਨੇਕਾਂ ਜੁਲਮ ਵੀ ਇਸ ਸੱਚੇ ਸੁੱਚੇ ਸੂਰਮੇ ਦਾ ਨਾਮ ਰੂਪੀ ਰੰਗ ਉਤਾਰਣ ਦੇ ਸਮਰੱਥ ਨਹੀਂ ਹੋ ਸਕੇ। ਪ੍ਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੀਜ ਕੇ ਵਡਭਾਗੀ ਬਣੇ ਐਸੇ ਗੁਰਸਿੱਖਾਂ ਦੀ ਚਰਣ ਧੂੜ ਤਾਂ ਸਤਿਗੁਰੂ ਵੀ ਮੰਗਦੇ ਹਨ-
 ਵਡਭਾਗੀ ਸਾਧ ਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ।।
ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ
।। (ਸੋਰਠਿ ਮਹਲਾ ੫-੬੧੭)
==========
ਦਾਸਰਾ ਸੁਖਜੀਤ ਸਿੰਘ, ਕਪੂਰਥਲਾ
 ਗੁਰਮਤਿ ਪ੍ਰਚਾਰਕ/ ਕਥਾਵਾਚਕ
(98720-76876, 01822-276876) 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.