ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
ਸੁਣਿ ਸੁਣਿ ਜੀਵਾ ਸੋਇ ਤੁਮਾਰੀ
ਸੁਣਿ ਸੁਣਿ ਜੀਵਾ ਸੋਇ ਤੁਮਾਰੀ
Page Visitors: 2595

ਸੁਣਿ ਸੁਣਿ ਜੀਵਾ ਸੋਇ ਤੁਮਾਰੀ
ਸੰਸਾਰਕ ਦ੍ਰਿਸ਼ਟੀ ਅੰਦਰ ਆਮ ਤੌਰ ਤੇ ਜੀਊਂਦੇ ਜਾਗਦੇ ਮਨੁੱਖ ਦੀ ਨਿਸ਼ਾਨੀ ਸਵਾਸਾਂ ਦੀ ਪੂੰਜੀ ਦਾ ਚਲਦੇ ਹੋਣਾ ਮੰਨਿਆ ਜਾਂਦਾ ਹੈ। ਪ੍ਰਮੇਸ਼ਰ ਦੀ ਬਖਸ਼ੀ ਇਸ ਪੂੰਜੀ ਦੇ ਆਸਰੇ ਜਿਨ੍ਹਾਂ ਚਿਰ ਜੀਵ ਚਲਦਾ-ਫਿਰਦਾ, ਸੁਣਦਾ-ਬੋਲਦਾ, ਕੰਮ-ਕਾਰ ਕਰਦਾ ਹੈ, ਅਸੀਂ ਉਸਨੂੰ ਜੀਵਤ ਸ਼੍ਰੇਣੀ ਵਿੱਚ ਰੱਖਦੇ ਹਾਂ। ਪ੍ਰੰਤੂ ਅਧਿਆਤਮਕ ਮਾਰਗ ਅੰਦਰ ਇਹ ਪ੍ਰੀਭਾਸ਼ਾ ਖਰੀ ਨਹੀਂ ਉਤਰਦੀ, ਇਥੇ ਤਾਂ ਜੀਊਂਦੇ ਜਾਗਦੇ ਉਨ੍ਹਾਂ ਨੂੰ ਮੰਨਿਆ ਗਿਆ ਹੈ ਜੋ ਜੀਵਨ ਦਾਤੇ ਪ੍ਰਮੇਸ਼ਰ ਦੀ ਯਾਦ ਨਾਲ ਜੁੜੇ ਰਹਿੰਦੇ ਹਨ। ਜੇ ਪ੍ਰਮੇਸ਼ਰ ਦੀ ਯਾਦ ਜੀਵਨ ਵਿੱਚ ਨਹੀਂ ਤਾਂ ਐਸੇ ਮਨੁੱਖ ਸੰਸਾਰਕ ਪੱਧਰ ਤੇ ਜੀਊਂਦੇ ਹੋਏ ਵੀ ਮ੍ਰਿਤਕ ਦੀ ਸ਼੍ਰੇਣੀ ਵਿੱਚ ਗਿਣੇ ਜਾਂਦੇ ਹਨ। ਐਸੇ ਜੀਵਨ ਨੂੰ ਧ੍ਰਿਕਾਰ ਆਖਦੇ ਹੋਏ ਗੁਰਬਾਣੀ ਅੰਦਰ ਪ੍ਰਮੇਸ਼ਰ ਦੀ ਯਾਦ ਨੂੰ ਹਿਰਦੇ ਵਿੱਚ ਹਮੇਸ਼ਾਂ ਵਸਾਈ ਰੱਖਣ ਦੀ ਪ੍ਰੇਰਣਾ ਕੀਤੀ ਗਈ ਹੈ-
ਸੁਣਿ ਸੁਣਿ ਜੀਵਾ ਸੋਇ ਤੁਮਾਰੀ।।ਤੂੰ ਪ੍ਰੀਤਮ ਠਾਕੁਰੁ ਅਤਿ ਭਾਰੀ।।
ਤੁਮਰੇ ਕਰਤਬ ਤੁਮ ਹੀ ਜਾਨਹੁ ਤੁਮਰੀ ਓਟ ਗੁੋਪਾਲਾ ਜੀਉ
।। ੧।।(ਮਾਝ ਮਹਲਾ ੫-੧੦੪)
ਸਹੀ ਅਰਥਾਂ ਵਿੱਚ ਧਰਮ ਦੀ ਦੁਨੀਆਂ ਵਿੱਚ ਵਿਚਰਣ ਵਾਲੇ ਹੀ ਪ੍ਰਮੇਸ਼ਰ ਦੀ ਯਾਦ ਜੀਵਨ ਵਿੱਚ ਵਸਾਉਂਦੇ ਹੋਏ ‘ਨਿਰਭਉ ਜਪੈ ਸਗਲ ਭਉ ਮਿਟੈ` (੨੯੨) ਵਾਲੇ ਮਾਰਗ ਦੇ ਪਾਂਧੀ ਬਣਦੇ ਹਨ, ਐਸੇ ਮਨੁੱਖਾਂ ਦਾ ਜੀਵਨ ਭਾਵੇਂ ਛੋਟੇ ਸਾਹਿਬਜਾਦਿਆਂ ਵਾਂਗ ਸਰੀਰਕ ਪੱਧਰ ਤੇ ਛੋਟਾ ਵੀ ਕਿਉਂ ਨਾ ਹੋਵੇ, ਪਰ ਹੁੰਦਾ ਅਣਖ ਭਰਪੂਰ ਹੈ। ਜੀਵਨ ਦਾਤੇ ਪ੍ਰਮੇਸ਼ਰ ਨਾਲ ਜੁੜਣ ਕਰਕੇ ਉਹਨਾਂ ਦੇ ਜੀਵਨ ਅੰਦਰ ਇਹ ਗਲ ਪ੍ਰਪੱਕਤਾ ਨਾਲ ਵਸ ਜਾਂਦੀ ਹੈ ਕਿ ਜਨਮ-ਜੀਵਨ-ਮੌਤ ਸਭ ਕੁੱਝ ਇਕੋ ਪ੍ਰਭੂ ਦੇ ਹੱਥ ਵਿੱਚ ਹੈ,
 ‘ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ` (੧)
ਦੀ ਪ੍ਰਪੱਕਤਾ ਉਨ੍ਹਾਂ ਦੀ ਸਮਝ ਵਿੱਚ ਆ ਜਾਂਦੀ ਹੈ, ਉਹ ਫਿਰ ਬੇਖੌਫ ਹੋ ਕੇ, ਨਿਡਰਤਾ ਦਾ ਸਬੂਤ ਦਿੰਦੇ ਹੋਏ ਜ਼ਾਲਮਾਂ ਦੇ ਜ਼ੁਲਮ ਦੀ ਪ੍ਰਵਾਹ ਨਾ ਕਰਦੇ ਹੋਏ ਮੌਤ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਹਨ। ਉਹ ਸਮਝ ਜਾਂਦੇ ਹਨ ਕਿ ਬੇ-ਅਣਖੀ ਵਾਲਾ ਲੰਮਾ ਜੀਵਨ ਜੀਊਣ ਨਾਲੋਂ ਅਣਖ ਭਰਪੂਰ ਛੋਟੇ ਜੀਵਨ ਨੂੰ ਹੀ ਪ੍ਰਵਾਨ ਕਰਨਾ ਬਿਹਤਰ ਹੈ-
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ।। ਨਾਨਕ ਅਵਰੁ ਨ ਜੀਵੈ ਕੋਇ।।
ਜੇ ਜੀਵੈ ਪਤਿ ਲਥੀ ਜਾਇ।।ਸਭੁ ਹਰਾਮੁ ਜੇਤਾ ਕਿਛੁ ਖਾਇ
।।(ਵਾਰ ਮਾਝ- ਮਹਲਾ ੧-੧੪੨)
ਸੰਸਾਰ ਅੰਦਰ ਜਿਹੜੇ ਜੀਵ ਦੇਵਣਹਾਰ ਦਾਤਾਰ ਨੂੰ ਭੁੱਲ ਕੇ, ਉਸਦਾ ਸ਼ੁਕਰਾਨਾ ਕਰਨ ਦੀ ਥਾਂ ਤੇ ਆਪਣੀ ਮਤਿ ਉਪਰ ਭਰੋਸਾ ਕਰਦੇ ਹੋਏ ਖਾਂਦੇ, ਪੀਂਦੇ, ਪਹਿਨਦੇ ਹਨ, ਐਸੇ ਮਨੁੱਖਾਂ ਦਾ ਜੀਵਨ ਫਿਟਕਾਰ ਯੋਗ ਹੈ। ਚਾਹੀਦਾ ਤਾਂ ਇਹ ਹੈ ਕਿ
ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ` (੪੭੪)
ਇਸ ਤੋਂ ਉਲਟ ਚੱਲਣ ਵਾਲਿਆਂ ਦਾ ਜਿਊਣਾ ਵੀ ਕਿਸ ਅਰਥ ਰਹਿ ਜਾਂਦਾ ਹੈ। ਐਸੇ ਮਨੁੱਖਾਂ ਵਲੋਂ ਆਪਣੇ ਜੀਵਨ ਅੰਦਰ ਪ੍ਰਭੂ
ਪ੍ਰਾਪਤੀ ਰੂਪੀ ਮੰਜ਼ਿਲ ਮਿਲਣ ਦੀ ਆਸ ਕਰਨੀ ਬਿਲਕੁਲ ਨਿਰਰਥਕ ਹੀ ਰਹੇਗੀ-
ਖਾਦਿਆ ਖਾਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ।।
ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ
।।(ਵਾਰ ਗੂਜਰੀ-ਮਹਲਾ ੫-੫੨੩)
ਪਰ ਜਿਹੜੇ ਗੁਰਸਿੱਖੀ ਮਾਰਗ ਉਪਰ ਚਲਦੇ ਹੋਏ ਗੁਰੂ ਦੀ ਦੱਸੀ ਜੀਵਨ ਜੁਗਤਿ ਦੇ ਧਾਰਨੀ ਬਣ ਜਾਂਦੇ ਹਨ, ਉਹ ਸੰਸਾਰਕ ਪੱਧਰ ਤੇ ਵਿਚਰਦੇ ਹੋਏ, ਕਾਰ ਵਿਹਾਰ ਕਰਦੇ ਹੋਏ, ਪ੍ਰਮੇਸ਼ਰ ਦੇ ਨਾਮ ਆਸਰੇ ਆਪਣਾ ਜੀਵਨ ਸਫਲ ਕਰ ਜਾਂਦੇ ਹਨ। ਐਸੇ ਉੱਦਮੀ-ਧਰਮੀ ਮਨੁੱਖਾਂ ਬਾਰੇ ਗੁਰੂ ਅਰਜਨ ਸਾਹਿਬ ਬਚਨ ਕਰਦੇ ਹਨ-
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ।।
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ
।।(ਵਾਰ ਗੂਜਰੀ -ਮਹਲਾ ੫-੫੨੨)ਅਥਵਾ-
 ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।।
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ।
।(ਵਾਰ ਗੂਜਰੀ-ਮਹਲਾ ੫-੫੨੨)
ਸਿੱਖ ਇਤਿਹਾਸ ਦੇ ਪੰਨਿਆਂ ਵਿਚੋਂ ਅੱਜ ਦੀ ਵਾਰਤਾ ਦੇ ਵਿਸ਼ੇ ਨਾਲ ਸਬੰਧਿਤ ਬਹੁਤ ਹੀ ਭਾਵਪੂਰਤ ਸੇਧ ਮਿਲਦੀ ਹੈ ਕਿ ਸ੍ਰੀ ਗੁਰੂ ਨਾਨਕ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਭਾਈ ਲਹਿਣਾ ਜੀ ਧਾਰਮਿਕ ਖੇਤਰ ਵਿੱਚ ਵਿਚਰਦੇ ਹੋਏ ਆਪਣੇ ਵਲੋਂ ਧਰਮੀ ਮਨੁੱਖਾਂ ਵਾਲੇ ਕਰਮ ਤਾਂ ਕਰ ਰਹੇ ਸਨ, ਪਰ ਇਹਨਾਂ ਯਤਨਾਂ ਵਿਚੋਂ ਸਫਲਤਾ ਨਹੀ ਸੀ ਮਿਲ ਰਹੀ, ਮਨ ਦੀ ਭਟਕਣਾ ਉਸੇ ਤਰਾਂ
ਹੀ ਚੱਲ ਰਹੀ ਸੀ। ਅੰਦਰ ਤੜਪ ਜ਼ਰੂਰ ਸੀ ਤਾਂ ਹੀ ਐਸੇ ਮਾਰਗ ਦੇ ਪਾਂਧੀ ਬਣ ਕੇ ਪਿਤਾ ਪੁਰਖੀ ਚਾਲ ਤੇ ਚੱਲ ਰਹੇ ਸਨ। ਇੱਕ ਸਮਾਂ ਆਇਆ ਕਿ ਭਾਈ ਜੋਧ ਜੀ ਵਲੋਂ ਗਾਏ ਸ਼ਬਦ ਨੇ ਵਿਚੋਲੇ ਦੀ ਭੂਮਿਕਾ ਨਿਭਾ ਦਿਤੀ। ਜਿਸ ਦੁਆਰਾ ਭਾਈ ਲਹਿਣਾ ਜੀ ਨੂੰ ਸਮਝ ਆ ਗਈ ਕਿ ਉਨ੍ਹਾਂ ਵਲੋਂ ਕੀਤੇ ਜਾ ਰਹੇ ਧਾਰਮਿਕ ਕਰਮਾਂ ਰੂਪੀ ਮਿਹਨਤ ਫਲੀਭੂਤ ਕਿਉਂ ਨਹੀਂ ਹੋ ਰਹੀ। ਅਜੇ ਤਕ ਅਸਲ ਸੁੱਖਾਂ ਦੇ ਦਾਤੇ ਨੂੰ ਤਾਂ ਧਿਆਉਣਾ ਕੀਤਾ ਹੀ ਨਹੀਂ ਗਿਆ।
ਜਿਸ ਨਾਲ ਜੁੜਿਆਂ ਆਤਮਕ ਜੀਵਨ ਦੀ ਸੋਝੀ ਹੋ ਕੇ ਅਸਲ ਮੰਜ਼ਿਲ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਦੇ ਉਚਾਰਣ ਕੀਤੇ ਗਏ ਪਾਵਨ ਬਚਨਾਂ ਨੇ ਭਾਈ ਲਹਿਣਾ ਜੀ ਦੇ ਜੀਵਨ ਦੀ ਦਿਸ਼ਾ ਹੀ ਪਲਟ ਦਿਤੀ। ਇਸੇ ਦਿਸ਼ਾ ਤਬਦੀਲੀ ਤੋਂ ਹੀ ਸਹੀ ਮਾਰਗ ਉਪਰ ਚੱਲੀ ਯਾਤਰਾ ‘ਲਹਣੇ ਤੇ ਅੰਗਦ ਭਯੋ`ਵਾਲੀ ਮੰਜ਼ਿਲ ਤਕ ਪਹੁੰਚ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਗੁਰੂ ਅੰਗਦ ਪਾਤਸ਼ਾਹ ਬਣਾ ਗਈ। ਆਸਾ ਕੀ ਵਾਰ ਦੀ ਪਉੜੀ ਨੰ. ੨੧ ਦੇ ਸ਼ਬਦ ਰੂਪੀ ਅਣੀਆਲੇ ਤੀਰ ਨੇ ਜੀਵਨ ਹੀ ਬਦਲ ਕੇ ਰੱਖ ਦਿਤਾ ਸੀ-
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬ ਸਦਾ ਸਮਾਲੀਐ।।
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ।।
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ।।
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ।।
ਕਿਛੁ ਲਾਹੇ ਉਪਰਿ ਘਾਲੀਐ
।। ੨੧।।(ਵਾਰ ਆਸਾ- ਮਹਲਾ ੧ ਪਉੜੀ-੪੭੩)
ਪ੍ਰਮੇਸ਼ਰ ਦੀ ਸਿਫਤ ਸਲਾਹ ਵਿੱਚ ਜੀਊਣਾ ਜਿਨ੍ਹਾਂ ਦੀ ਸਮਝ ਵਿੱਚ ਆ ਜਾਂਦਾ ਹੈ,ਉਹ ਫਿਰ ‘ਸਾਚਾ ਨਾਮੁ ਮੇਰਾ ਆਧਾਰੋ` ਮਾਰਗ ਉਪਰ ਚਲਦੇ ਹੋਏ ‘ਜਿਨਿ ਭੁਖਾ ਸਭਿ ਗਵਾਈਆ` (੯੧੭) ਵਾਲੇ ਵਿਸ਼ਵਾਸ ਨੂੰ ਜੀਵਨ ਵਿੱਚ ਪ੍ਰੱਪਕ ਕਰ ਲੈਂਦੇ ਹਨ। ‘ਆਖਾ ਜੀਵਾ ਵਿਸਰੈ ਮਰਿ ਜਾਉ ` (੯) ਨੂੰ ਕੇਵਲ ਨਿਤਨੇਮ ਦੀ ਬਾਣੀ ਵਿੱਚ ਪੜਦੇ ਹੀ ਨਹੀਂ ਸਗੋਂ ਜੀਵਨ ਜਾਚ ਦਾ ਹਿੱਸਾ ਬਣਾ ਲੈਂਦੇ ਹਨ। ਉਹ ਆਪਣੇ ਆਪ ਨੂੰ ਜੀਊਂਦਿਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਤਾਂ ਹੀ ਸਮਝਦੇ ਹਨ ਜੇ ਪ੍ਰਮੇਸ਼ਰ ਦਾ ਨਾਮ ਜਪਦੇ ਹਨ।ਸੰਸਾਰ ਦੇ ਬੇ-ਸਮਝ ਲੋਕਾਂ ਵੱਲੋਂ ਨੀਚ-ਨੀਚ ਆਖ ਕੇ ਦੁਰਕਾਰੇ ਗਏ ਵਿਅਕਤੀ ਪ੍ਰਮੇਸ਼ਰ ਦੇ ਨਾਮ ਰੂਪੀ ਵਿਚਾਰ ਨਾਲ ਜੁੜ ਕੇ ਜੀਵਨ ਵਿੱਚ ਮਹਾਨ ਬਣੇ।
ਜਿਸੁ ਨੀਚ ਕਉ ਕੋਈ ਨ ਜਾਨੈ।। ਨਾਮ ਜਪਤੁ ਉਹੁ ਚਹੁ ਕੁੰਟ ਮਾਨੈ।। (੩੮੬)
 ਵਾਲੇ ਨਾਮ ਦੀ ਬਖ਼ਸ਼ਿਸ਼ ਨਾਲ ਕਿੰਨੀ ਉਚੀ ਅਵਸਥਾ ਦੇ ਧਾਰਨੀ ਬਣ ਗਏ, ਗੁਰੂ ਅਰਜਨ ਸਾਹਿਬ ਨੇ ਰਾਗ ਆਸਾ ਦੇ ਇਕੋ ਸ਼ਬਦ ਅੰਦਰ ਭਗਤ ਨਾਮਦੇਵ ਜੀ, ਕਬੀਰ ਜੀ, ਰਵਿਦਾਸ ਜੀ, ਸੈਣ ਜੀ, ਧੰਨਾ ਜੀ ਸਬੰਧੀ ਬਹੁਤ ਸੁੰਦਰ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ-
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ।।ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ।। ੧।। ਰਹਾਉ।।
ਬੁਨਣਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ।।ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ।। ੧।।
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ।।ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ।। ੨।।
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ।।ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ।। ੩।।
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ।।ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ।। ੪।। ੨।।  (ਰਾਗ ਆਸਾ-ਮਹਲਾ ੫-੪੮੭)
ਆਉ ਅਸੀਂ ਵੀ ਯਤਨ ਕਰੀਏ ਗੁਰੂ ਅਰਜਨ ਦੇਵ ਜੀ ਦੇ ਦਰਸਾਏ ‘ਸੁਣਿ ਸੁਣਿ ਜੀਵਾ ਸੋਇ ਤੁਮਾਰੀ` (੧੦੪) ਵਾਲੇ ਮਾਰਗ ਦੇ ਪਾਂਧੀ ਬਣੀਏ ਅਤੇ ਆਪਣੇ ਜੀਵਨ ਨੂੰ ਸਹੀ ਅਰਥਾਂ ਵਿੱਚ ਸਫਲ ਕਰਦੇ ਹੋਏ ਅਧਿਆਤਮਕ ਮਾਰਗ ਦੀ ਕਸਵੱਟੀ ਉਪਰ ਜੀਊਂਦੇ ਮਨੁੱਖਾਂ ਦੀ ਸ਼੍ਰੇਣੀ ਵਿੱਚ ਆ ਜਾਈਏ। ਇਸ ਲਈ ਜੀਵਨ ਸਫਲ ਕਰਨ ਵਾਸਤੇ ਗੁਰੂ ਦਰਸਾਈ ਜੁਗਤਿ ਦੇ ਧਾਰਨੀ ਬਣ ਕੇ ਅਸੀਂ ਵੀ ਇਹੀ ਗਾਈਏ-
ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ।।(ਮਾਰੂ ਮਹਲਾ ੫-੧੦੧੮)
==========
ਦਾਸਰਾ
ਸੁਖਜੀਤ ਸਿੰਘ, ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ201, ਗਲੀ ਨਬੰਰ 6, ਸੰਤਪੁਰਾ ਕਪੂਰਥਲਾ (ਪੰਜਾਬ)
(98720-76876, 01822-276876)
sukhjit.singh69@Yahoo.com
 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.