ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
ਲਹੂ-ਭਿੱਜੀ ਚਮਕੌਰ (ਕਿਸ਼ਤ ਨੰ. 10)
ਲਹੂ-ਭਿੱਜੀ ਚਮਕੌਰ (ਕਿਸ਼ਤ ਨੰ. 10)
Page Visitors: 2544

ਲਹੂ-ਭਿੱਜੀ ਚਮਕੌਰ (ਕਿਸ਼ਤ ਨੰ. 10)
ਸਾਹਿਬਜਾਦਾ ਅਜੀਤ ਸਿੰਘ ਦਾ ਜੰਗ ਵਿੱਚ ਜਾਣਾ ਅਤੇ ਸ਼ਹਾਦਤ (Chapter- 10/13)
ਨੋਟ- ਲੜੀ ਜੋੜਨ ਲਈ ਕਿਸ਼ਤ ਨੰ. 9 ਪੜੋ (ਸੁਖਜੀਤ ਸਿੰਘ ਕਪੂਰਥਲਾ)
ਗੜ੍ਹੀ ਦੇ ਅੰਦਰ ਜਿਸ ਉਚੀ ਜਗ੍ਹਾ ਉਪਰ ਗੁਰੂ ਕਲਗੀਧਰ ਜੀ ਆਪ ਖੜੇ ਨੇ, ਉਥੇ ਨਾਲ ਹੀ ਉਹਨਾਂ ਦੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਵੀ ਖੜੇ ਨੇ। ਜਦੋਂ ਸਾਹਿਬਜਾਦਾ ਅਜੀਤ ਸਿੰਘ ਨੇ ਇਹ ਵੇਖਿਆ ਕਿ ਮੇਰੇ ਸਾਥੀ ਸ਼ਹੀਦੀ ਦਾ ਜਾਮ ਪੀਂਦੇ ਜਾ ਰਹੇ ਨੇ ਤਾਂ ਉਹ ਆਪਣੇ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਦੋਵੇ ਹੱਥ ਜੋੜ ਕੇ ਖੜਾ ਹੋ ਗਿਆ ਤੇ ਕਹਿਣ ਲਗਾ “ਪਿਤਾ ਜੀਓ! ਮੈਨੂੰ ਵੀ ਇਹਨਾਂ ਸਿੰਘਾਂ, ਸੂਰਬੀਰਾਂ ਦੀ ਤਰਾਂ ਜੰਗ ਵਿੱਚ ਜੌਹਰ ਦਿਖਾਉਦਿਆਂ ਸ਼ਹੀਦੀ ਜਾਮ ਪੀਣ ਦੀ ਆਗਿਆ ਦੇ ਦਿਉ। “
ਸਾਹਿਬਜਾਦਾ ਅਜੀਤ ਸਿੰਘ ਜੀ ਹੱਥ ਬੰਨ ਕੇ ਜਦੋਂ ਪਿਤਾ ਗੁਰੂ ਨੂੰ ਆਪਣੇ ਮਨ ਦੀ ਬਾਤ ਕਹਿੰਦੇ ਨੇ, ਉਸ ਦ੍ਰਿਸ਼ ਨੂੰ ਇੱਕ ਵਿਦਵਾਨ ਕਵੀ ਬੜੀ ਬਾਖੂਬੀ ਪੇਸ਼ ਕਰਦਾ ਹੈ-
ਹੱਥ ਬੰਨ ਕਹਿੰਦਾ ਪਿਤਾ ਜੀ, ਮੈ ਫਤਿਹ ਬੁਲਾਵਾਂ।
ਹੁਣ ਦਿਓ ਆਗਿਆ ਸਤਿਗੁਰੂ ਜੀ, ਮੈ ਰਣ ਅੰਦਰ ਜਾਵਾਂ।
ਮੈ ਰਤ ਦੀ ਹੋਲੀ ਖੇਡ ਕੇ, ਚਾਅ ਦਿਲ ਦੇ ਲਾਹਵਾਂ।
ਜੋ ਉਠੀਆ ਆਣ ਹਜੂਰ ਤੇ ਉਹ ਭੰਨਾ ਬਾਹਵਾਂ।
ਮੈ ਜਿਊਦੇ ਝੋਲੀ ਮੌਤ ਦੇ, ਗਿਣ-ਗਿਣ ਕੇ ਪਾਵਾਂ!
ਮੈ ਧਰ-ਤੋ ਛੱਡਾਂ ਅਗਨਿ ਬਾਣ, ਅੱਗ ਝੰਡੀ ਲਾਵਾਂ।
ਮੈ ਪਾਲਾ ਮਾਲਾ ਨਾਮ ਦੀ, ਨਾ ਜਿਤਿਆ ਜਾਵਾਂ।
ਮੈ ਉਜਲਾ ਕਰਨਾ ਜਗਤ ਵਿੱਚ, ਦਾਦੇ ਦਾ ਨਾਵਾਂ।

ਇਸੇ ਦ੍ਰਿਸ਼ ਨੂੰ ਇੱਕ ਮੁਸਲਮਾਨ ਸ਼ਾਇਰ ਜਿਸਦਾ ਨਾਮ ਮਿਰਜ਼ਾ ਮੁਹੰਮਦ ਅਬਦੁਲ ਗਨੀ ਸੀ, ਉਸਨੇ ਵੀ ਆਪਣੇ ਅੰਦਾਜ ਅਨੁਸਾਰ ਆਪਣੀ ਕਲਾ ਨੂੰ ਜ਼ਾਹਰ ਕਰਕੇ ਇਸੇ ਦ੍ਰਿਸ਼ ਨੂੰ ਪੇਸ਼ ਕੀਤਾ ਹੈ, ਉਹ ਲਿਖਦਾ ਹੈ-
ਮੁਝ ਕੋ ਭੀ ਦੀਜੈ ਹੁਕਮ, ਕਿ ਜੌਹਰ ਦਿਖਾਊਂ ਮੈਂ।
ਜਾਏ ਬਲ੍ਹਾ ਕੀ ਜਾਨ ਸੇ, ਵਾਪਿਸ ਨਾ ਆਊਂ ਮੈਂ।

ਇਸ ਤਰਾਂ ਸਾਹਿਬਜਾਦਾ ਅਜੀਤ ਸਿੰਘ ਆਪਣੇ ਗੁਰੂ ਪਿਤਾ ਕਲਗੀਧਰ ਪਾਤਸ਼ਾਹ ਪਾਸੋਂ ਮੈਦਾਨ -ਏ-ਜੰਗ ਵਿੱਚ ਜਾਣ ਦੀ ਆਗਿਆ ਮੰਗਦੇ ਹਨ। ਪਿਤਾ ਕਲਗੀਧਰ ਪੁੱਛਦੇ ਹਨ “ਪੁੱਤਰ। ਤੈਨੂੰ ਪਤਾ ਹੈ ਕਿ ਤੇਰਾ ਨਾਮ ਕੀ ਹੈ? ਤੇਰੇ ਨਾਮ ਦਾ ਕੀ ਮਤਲਬ ਹੈ? “ ਤੇ ਪੁੱਤਰ ਕਹਿੰਦਾ ਹੈ “ਜੀ ਹਾਂ, ਮੇਰਾ ਨਾਮ ਅਜੀਤ ਸਿੰਘ ਹੈ। ਮੇਰੇ ਨਾਮ ਦਾ ਮਤਲਬ ਹੈ ਜੋ ਨਾਂ ਜਿਤਿਆ ਜਾ ਸਕੇ, ਜਿਸਨੂੰ ਕੋਈ ਜਿੱਤ ਨਾ ਸਕੇ, ਮੈ ਉਹ ਅਜੀਤ ਸਿੰਘ ਹਾਂ ਪਿਤਾ ਜੀ। “
ਨਾਮ ਕਾ ਅਜੀਤ ਹੂੰ, ਜੀਤਾ ਨਹੀ ਜਾਊਂਗਾ।
ਅਗਰ ਜੀਤਾ ਗਿਆ, ਤੋ ਵਾਪਸ, ਜੀਤਾ ਨਹੀ ਆਊਂਗਾ।

ਜਦੋਂ ਬੇਟੇ ਦੇ ਮੁਖ ਤੋਂ ਪਿਤਾ ਨੇ ਇਹ ਲਫਜ ਸੁਣੇ ਤਾਂ ਉਹਨਾਂ ਨੇ ਸਾਹਿਬਜਾਦੇ ਨੂੰ ਗਲਵਕੜੀ ਵਿੱਚ ਲੈ ਲਿਆ ਤੇ ਬਚਨ ਕਹੇ “ਬੇਟਾ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ। ਤੇਰੇ ਇਹਨਾਂ ਲਫਜਾਂ ਨੇ ਮੇਰੇ ਭਰੋਸੇ ਨੂੰ ਹੋਰ ਪੱਕਾ ਕਰ ਦਿੱਤਾ ਹੈ। “
ਸ਼ਾਇਦ ਦੁਨੀਆਂ ਅੰਦਰ ਇੱਕ ਹੀ ਐਸਾ ਪਿਤਾ ਹੈ ਜੋ ਆਪਣੇ ਬੇਟੇ ਨੂੰ ਮੌਤ ਰੂਪੀ ਲਾੜੀ ਨੂੰ ਵਿਆਹੁਣ ਲਈ ਤੋਰ ਰਹੇ ਹਨ। ਇਸ ਉਮਰ ਵਿੱਚ ਅਕਸਰ ਦੁਨੀਆਂ ਦੇ ਲੋਕ ਆਪਣੇ ਬੱਚਿਆਂ ਨੂੰ ਵਿਆਹੁਣ ਲਈ ਹੀ ਘੋੜੀ ਤੇ ਚੜਾਉਂਦੇ ਦੇਖੇ ਹੋਣਗੇ। ਪਰ ਦੁਨੀਆਂ ਅੰਦਰ ਇੱਕ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਵੀ ਹੈ ਜੋ ਆਪਣੇ ਹੱਥੀਂ ਆਪਣੇ ਸਾਹਿਬਜਾਦੇ ਅਜੀਤ ਸਿੰਘ ਨੂੰ ਜੰਗ-ਏ-ਮੈਦਾਨ ਵਿੱਚ ਜਾਣ ਲਈ ਤੋਰ ਰਹੇ ਨੇ।
ਇਨਸਾਫ ਕਰੇ ਜੀ ਮੇ ਜਮਾਨਾ ਤੋ ਯਕੀ ਹੈ।
ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀ ਹੈ।

ਕਲਗੀਧਰ ਪਾਤਸ਼ਾਹ ਆਪਣੇ ਸਾਹਿਬਜਾਦੇ ਨੂੰ ਮੈਦਾਨ-ਏ-ਜੰਗ ਵਿੱਚ ਤੋਰਦੇ ਹੋਏ ਕਹਿੰਦੇ ਨੇ “ਬੇਟਾ ਜਦੋਂ ਮੈ 9 ਸਾਲ ਦੀ ਉਮਰ ਦਾ ਸੀ, ਉਦੋਂ ਮੈਂ ਆਪਣੇ ਪਿਤਾ ਜੀ ਨੂੰ ਦਿੱਲੀ ਵਲ ਤੋਰਿਆ ਸੀ ਤੇ ਮੈ ਧਰਮੀ ਪੁੱਤਰ ਬਣਿਆ ਸੀ। ਅਜ ਫਿਰ ਮੈ ਂਉਸੇ ਹੀ ਚਾਉ ਨਾਲ ਆਪ ਨੂੰ ਮੈਦਾਨ-ਏ-ਜੰਗ ਵਿੱਚ ਤੋਰ ਰਿਹਾ ਹਾਂ ਤੇ ਮੈ ਅਜ ਧਰਮੀ ਪਿਤਾ ਬਣਿਆ ਹਾਂ। ਅਕਾਲ ਪੁਰਖ ਪਰਮੇਸ਼ਰ ਨੇ ਮੈਨੂੰ ਇਸ ਮਾਤ ਲੋਕ ਵਿੱਚ ਭੇਜਿਆ ਹੀ ਇਸ ਕਾਰਜ ਲਈ ਹੈ। “
ਪਾਤਸ਼ਾਹ ਨੇ ਆਪਣੇ ਲਾਡਲੇ ਨੂੰ ਆਪਣੇ ਹੱਥੀ ਸ਼ਸਤ੍ਰ ਸਜਾਏ ਤੇ ਤਿਆਰ ਕਰਕੇ ਆਪਣਾ ਥਾਪੜਾ ਵੀ ਦਿੱਤਾ। ਹੁਣ ਨਾਲ ਹੋਰ ਸਿੰਘ ਦੇ ਕੇ ਉਸ ਲੜਾਈ ਦੇ ਭਖੇ ਹੋਏ ਮੈਦਾਨ ਵਲ ਨੂੰ ਤੋਰ ਰਹੇ ਨੇ, ਇਹਨਾ ਦ੍ਰਿਸ਼ਾ ਨੂੰ ਹਕੀਮ ਅੱਲ੍ਹਾ ਯਾਰ ਖ਼ਾਂ ਹੂ-ਬਹੂ ਇਵੇਂ ਲਿਖ ਰਿਹਾ ਹੈ।
ਗੋਬਿੰਦ ਕੇ ਦਿਲਦਾਰ ਕਿਲੇ ਸੇ ਨਿਕਲ ਆਏ।
ਵੁਹ ਦੇਖੀਏ ਸਰਕਾਰ ਕਿਲੇ ਸੇ ਨਿਕਲ ਆਏ।

ਹੁਣ ਸਾਹਿਬਜਾਦਾ ਅਜੀਤ ਸਿੰਘ ਆਪਣੇ ਸਾਥੀ ਸਿੰਘਾਂ ਨਾਲ ਕਿਲ੍ਹੇ ਵਿਚੋਂ ਨਿਕਲ ਆਏ ਨੇ ਤੇ ਮੈਦਾਨ-ਏ-ਜੰਗ ਵੱਲ ਨੂੰ ਚਾਲੇ ਪਾ ਰਹੇ ਨੇ-
ਘੋੜੇ ਪੇ ਹੋ ਅਸਵਾਰ ਕਿਲੇ ਸੇ ਨਿਕਲ ਆਏ।
ਲੇ ਹਾਥ ਮੇ ਤਲਵਾਰ ਕਿਲ੍ਹੇ ਸੇ ਨਿਕਲ ਆਏ।
ਕਿਆ ਵਸਫ ਹੋ ਉਸ ਤੇਗ਼ ਕਾ ਇਸ ਤੇਗਿ-ਜਬਾਂ ਸੇ।
ਵੁਹ ਮਿਆਨ ਸੇ ਨਿਕਲੀ, ਨਹੀ ਨਿਕਲੀ ਯਿਹ ਦਹਾਂ ਸੇ।

“ਵਸਫ” ਦਾ ਅਰਥ ਹੁੰਦਾ ਹੈ “ਸਿਫਤ”। ਜਦੋਂ ਅਸੀ ਕਵਿਤਾ ਨੂੰ ਸਿੱਧੇ ਰੂਪ ਵਿੱਚ ਪੜ੍ਹ ਜਾਂਦੇ ਹਾਂ ਤਾਂ ਸਮਝ ਕੁੱਝ ਹੋਰ ਪੈਦੀ ਹੈ, ਪਰ ਜਦੋਂ ਅਸੀ ਅਰਥ ਵੀ ਸਮਝ ਵਿੱਚ ਰਖ ਕੇ ਪੜੀਏ ਤਾਂ ਬਾਤ ਹੀ ਕੁੱਝ ਹੋਰ ਹੁੰਦੀ ਹੈ। ਗੁਰਬਾਣੀ ਦਾ ਵੀ ਇਹੀ ਸਿਧਾਂਤ ਹੈ।
ਇਥੇ ਜੋਗੀ ਅਲ੍ਹਾ ਯਾਰ ਖ਼ਾਂ ਲਿਖਦਾ ਹੈ ਕਿ ਮਨੁੱਖ ਦੀ ਜਬਾਨ ਬਹੁਤ ਤੇਜ ਚਲਦੀ ਹੈ ਤੇ ਮੇਰੀ ਕਲ੍ਹਮ ਵੀ ਬਹੁਤ ਤੇਜ ਚਲਦੀ ਹੈ, ਪਰ ਜਦੋਂ ਸਾਹਿਬਜਾਦਾ ਅਜੀਤ ਸਿੰਘ ਜੀ ਦੀ ਚਲਦੀ ਹੋਈ ਤਲਵਾਰ ਦੀ ਤਾਰੀਫ ਲਿਖਣ ਦੀ ਗਲ ਆਉਂਦੀ ਹੈ ਤਾਂ ਮੇਰੀ ਜਬਾਨ ਤਾਂ ਕੀ, ਮੇਰੀ ਕਲਮ ਵੀ ਮੱਧਮ (ਅਸਮਰਥ) ਪੈ ਜਾਂਦੀ ਹੈ। ਕਿੰਨੀ ਤੇਜ ਹੋਵੇਗੀ ਉਹ ਤਲਵਾਰ ਕਿ ਅਜੇ ਮੇਰੀ ਜਬਾਨ ਤੋਂ ਤਲਵਾਰ ਸ਼ਬਦ ਵੀ ਨਹੀ ਸੀ ਨਿਕਲਿਆ ਕਿ ਸਾਹਿਬਜਾਦਾ ਅਜੀਤ ਸਿੰਘ ਜੀ ਨੇ ਮਿਆਨ ਵਿਚੋਂ ਤਲਵਾਰ ਬਾਹਰ ਵੀ ਕੱਢ ਲਈ ਸੀ। ਜੋਗੀ ਅੱਲ੍ਹਾ ਯਾਰ ਖ਼ਾਂ ਆਪਣੇ ਖਿਆਲਾਂ ਨੂੰ ਹੂ-ਬਹੂ ਇਵੇ ਕਲ੍ਹਮਬੱਧ ਕਰਦਾ ਹੈ।
ਕਿਆ “ਵਸਫ਼” ਹੋ ਉਸ ਤੇਗ਼ ਕਾ ਇਸ ਤੇਗ਼ਿ-ਜ਼ਬਾਂ ਸੇ।
ਵੁਹ ਮਿਆਨ ਸੇ ਨਿਕਲੀ, ਨਹੀ ਨਿਕਲੀ ਯਿਹ ਦਹਾਂ ਸੇ।

ਜਦੋਂ ਸਾਹਿਬਜਾਦੇ ਦੀ ਤਲਵਾਰ ਨੂੰ ਵੈਰੀ ਤੱਕਦੇ ਹਨ ਤਾਂ ਕੀ ਕਹਿੰਦੇ ਹਨ?
ਕਹਤੇ ਥੇ ਅਦੂ: “ਬਰਕ” ਹੈ ਤਲਵਾਰ ਨਹੀ ਹੈ।
ਇਸ ਕਾਟ ਕਾ ਦੇਖਾ ਕਭੀ ਹਥਿਆਰ ਨਹੀ ਹੈ।

“ਅਦੂ “ ਕਹਿੰਦੇ ਨੇ ਵੈਰੀ ਨੂੰ ਤੇ “ਬਰਕ” ਕਹਿੰਦੇ ਨੇ ਬਿਜਲੀ ਨੂੰ। ਹੁਣ ਮੁਗਲਈ ਫੌਜ ਦੇ ਸਿਪਾਹੀ ਕਹਿੰਦੇ ਨੇ ਕਿ ਇਸਦੇ ਹੱਥ ਵਿੱਚ ਤਲਵਾਰ ਨਹੀ ਹੈ, ਇਸ ਦੇ ਹੱਥ ਵਿੱਚ ਤਾਂ ਬਿਜਲੀ ਹੈ। ਇਹ ਲਗਦਾ ਤਾਂ 18 ਕੁ ਸਾਲ ਦਾ ਗਭਰੂ ਹੈ ਪਰ ਇਹ ਨਵਾਂ ਨਹੀ ਹੈ, ਹੈ ਇਹ ਬੜੇ ਕਮਾਲ ਦਾ ਯੋਧਾ।
ਨੌ-ਮਸ਼ਕ ਜਵਾਂ ਯਿਹ, ਕੋਈ ਜ਼ਿਨਹਾਰ ਨਹੀ ਹੈ।
ਸਤਿਗੁਰ ਹੈ ਯਿਹ ਫਰਜ਼ੰਦਿ ਵਫਾਦਾਰ ਨਹੀਂ ਹੈ।

ਵੈਰੀਆਂ ਨੇ ਵੀ ਪਹਿਚਾਣ ਲਿਆ ਕਿ ਇਹ ਗੁਰੂ ਦਾ ਕੋਈ ਸਿੰਘ, ਸੂਰਬੀਰ ਨਹੀ ਹੈ, ਬਲਕਿ ਇਹ ਤਾਂ ਸਤਿਗੁਰੂ ਦਾ ਫਰਜੰਦ (ਪੁੱਤਰ) ਹੈ, ਜੋ ਮੈਦਾਨ-ਏ-ਜੰਗ ਵਿੱਚ ਆ ਗਿਆ। ਹੁਣ ਸਾਹਿਬਜਾਦਾ ਅਜੀਤ ਸਿੰਘ ਜੋ ਕੇ ਮੈਦਾਨ-ਏ-ਜੰਗ ਵਿੱਚ ਆ ਕੇ ਵੈਰੀਆਂ ਨੂੰ ਲਲਕਾਰਦੇ ਹੋਏ ਕਹਿੰਦੇ ਨੇ:-
ਲਲਕਾਰੇ ਅਜੀਤ ਔਰ ਮੁਖਾਤਬ ਹੂਏ ਸਭ ਸੇ।
ਫ਼ਰਮਾਏ ਅੱਦੂ ਸੇ: ਨ ਨਿਕਲ ਹੱਦਿ-ਅਦਬ ਸੇ।

ਹੱਥ ਵਿੱਚ ਬਿਜਲਈ ਤਲਵਾਰ ਲੈ ਕੇ ਸਾਹਿਬਜਾਦਾ ਅਜੀਤ ਸਿੰਘ ਜੀ ਵੈਰੀ ਨੂੰ ਲਲਕਾਰ ਕੇ ਆਖਦੇ ਨੇ ਕਿ ਇਸ ਮੈਦਾਨ-ਏ-ਜੰਗ ਅੰਦਰ ਲੜਾਈ ਦੇ ਅਸੂਲਾਂ ਉਪਰ ਕਾਇਮ ਰਹਿੰਦੇ ਹੋਏ ਮੇਰੇ ਨਾਲ ਦੋ ਹੱਥ ਕਰਕੇ ਵੇਖ ਲਵੋ, ਜਿਸ ਕਿਸੇ ਨੇ ਵੀ ਅੱਗੇ ਆਉਣਾ ਹੈ ਆ ਜਾਉ। ਹੁਣ ਕਲਗੀਧਰ ਪਿਤਾ ਦਾ ਲਾਡਲਾ ਮੈਦਾਨ-ਏ-ਜੰਗ ਵਿੱਚ ਤਲਵਾਰ ਨਾਲ ਜੌਹਰ ਦਿਖਾ ਰਿਹਾ ਹੈ।
ਤਲਵਾਰ ਵੁਹ ਖੂੰ-ਖਾਰ ਥੀ, ਤੋਬਾ ਹੀ ਭਲੀ ਥੀ।
ਲਾਖੋਂ ਕੀ ਹੀ ਜਾ ਲੈ ਕੇ, ਬਲਾ ਸਰ ਸੇ ਟਲੀ ਥੀ।

ਉਹ ਬਿਜਲਈ ਤਲਵਾਰ ਜਿੰਨਾ ਸਮਾਂ ਸਾਹਿਬਜਾਦੇ ਦੇ ਹੱਥ ਵਿੱਚ ਰਹੀ, ਲੱਖਾਂ ਦੁਸ਼ਮਣਾਂ ਨੂੰ ਚਿੱਤ ਕਰਦੀ ਰਹੀ ਤੇ ਉਹਨਾਂ ਦੀਆਂ ਜਾਨਾਂ ਲੈਂਦੀ ਗਈ। ਇੱਕ ਵਿਦਵਾਨ ਸ਼ਾਇਰ ਸਾਹਿਬਜਾਦੇ ਦੇ ਇਸ ਬਹਾਦਰੀ ਭਰੇ ਕਾਰਨਾਮੇ ਨੂੰ ਕਲ੍ਹਮਬੱਧ ਕਰਦਿਆਂ ਲਿਖਦਾ ਹੈ।
ਮਿਸਰੀ ਹੱਥ ਅਜੀਤ ਸਿੰਘ, ਰਣ ਵਿੱਚ ਚਲਾਏ,
ਸਿਰ ਕੱਟ ਸੰਜੋਆ ਲੈ ਗਈ, ਜਾਏ ਪਿੰਜਰ ਖਾਏ,
ਪਠਾਨ ਕੱਟੇ ਹਨ ਬਕਰੇ, ਜਿਉ ਭਏ ਮਮਿਆਏ,
ਵੈਰੀ ਘੁੰਮਦੇ ਇਉ ਫਿਰਨ, ਜਿਉ ਤੀਰੀ ਚੱਲੇ,
ਪਠਾਨ ਮਾਰਿਆ ਤਿੰਨ ਸੌ, ਉਸ ਪਹਿਲੇ ਹੱਲੇ।

ਸਾਹਿਬਜਾਦਾ ਅਜੀਤ ਸਿੰਘ ਨੇ ਆਪਣੇ ਸਾਥੀ ਸਿੰਘਾਂ ਦੇ ਨਾਲ ਪਹਿਲੇ ਹੀ ਹੱਲੇ ਤਿੰਨ ਸੌ ਦੇ ਕਰੀਬ ਪਠਾਨਾਂ ਨੂੰ ਮਾਰ ਮੁਕਾਇਆ। ਕਲਗੀਧਰ ਪਾਤਸ਼ਾਹ ਦੇ ਲਾਡਲੇ ਦੇ ਹੱਥ ਵਿੱਚ ਤਲਵਾਰ ਕਿਵੇਂ ਪਈ ਚਲਦੀ ਹੈ ? ਇਧਰੋਂ ਤਲਵਾਰ ਚਲ ਕੇ ਉਧਰੋਂ ਨਾਲ ਹੀ ਸੰਜੋਅ ਨੂੰ ਚੀਰਦੀ ਹੋਈ ਵੈਰੀ ਦਾ ਘਾਣ ਕਰਕੇ ਬਾਹਰ ਨਿਕਲਦੀ ਪਈ ਦਿਸਦੀ ਹੈ। (ਸੰਜੋਅ-ਲੋਹੇ ਦਾ ਇੱਕ ਸਰੀਰਕ ਸੁਰੱਖਿਆ ਕਵਚ ਹੁੰਦਾ ਹੈ, ਜੇਕਰ ਕਦੀ ਸੰਜੋਅ ਦੇ ਦਰਸ਼ਨ ਕਰਨੇ ਹੋਣ ਤਾਂ ਅੰਮ੍ਰਿਤਸਰ ਵਿਖੇ ਅਜਾਇਬ ਘਰ ਵਿੱਚ ਜਾ ਕੇ ਆਪ ਦਰਸ਼ਨ ਕਰ ਸਕਦੇ ਹੋ) ਇਧਰੋਂ ਤਲਵਾਰ ਵਜਦੀ ਸਿਰ ਦੇ ਵਿੱਚ ਹੈ ਤੇ ਨਿਕਲਦੀ ਸਰੀਰ ਨੂੰ ਦੋ-ਫਾੜ ਕਰਕੇ ਹੈ।
ਯਿਹ ਆਈ, ਵੁਹ ਪਹੁੰਚੀ, ਵੁਹ ਗਈ, ਸਨ ਸੇ ਨਿਕਲ ਕਰ!
ਜਬ ਬੈਠ ਗਈ ਸਰ ਪਿ, ਉਠੀ ਤਨ ਸੇ ਨਿਕਲ ਕਰ।
ਦੋ ਕਰ ਗਈ, ਚਾਰ ਆਈਨਾ ਜੋਸ਼ਨ ਸੇ ਨਿਕਲ ਕਰ।
ਤੱਰਾਰੀ ਮੇਂ, ਤੇਜ਼ੀ ਮੇਂ, ਥੀ ਨਾਗਨ ਸੇ ਨਿਕਲ ਕਰ।

ਤਲਵਾਰ ਇੰਨੀ ਤੇਜੀ ਨਾਲ ਚਲਦੀ ਸੀ ਜਿਵੇਂ ਕਿ ਨਾਗਿਨ। ਜਿਵੇਂ-ਜਿਵੇਂ ਉਹ ਤਲਵਾਰ ਸਾਹਿਬਜਾਦਾ ਅਜੀਤ ਸਿੰਘ ਦੇ ਹੱਥਾਂ ਨਾਲ ਚਲਦੀ ਹੈ, ਨਾਲ ਦੇ ਨਾਲ ਵੈਰੀਆਂ ਨੂੰ ਵੀ ਮਾਰ ਮੁਕਾਈ ਜਾ ਰਹੀ ਹੈ।
ਦੁਸ਼ਮਨ ਕੋ ਲੀਆ ਮਰਕਬਿ ਦੁਸ਼ਮਨ ਭੀ ਨ ਛੋੜਾ।
ਅਸਵਾਰ ਕੋ ਦੋ ਕਰ ਗਈ, ਤੋ ਸਨ ਭੀ ਨ ਛੋੜਾ।

ਹੁਣ ਸਾਹਿਬਜਾਦੇ ਨੂੰ ਇੰਨਾ ਜੋਸ਼ ਆ ਗਿਆ ਕਿ ਉਸਦੀ ਤਲਵਾਰ ਨੇ ਦੁਸ਼ਮਨ ਤਾਂ ਮਾਰਨਾ ਹੀ ਸੀ, ਪਰ ਨਾਲ ਦੇ ਨਾਲ ਹੇਠਾਂ ਘੋੜੇ ਨੂੰ ਵੀ ਵੱਢ ਦਿੰਦੀ ਹੈ। ਸਾਹਿਬਜਾਦਾ ਅਜੀਤ ਸਿੰਘ ਨੇ ਮੈਦਾਨ-ਏ-ਜੰਗ ਵਿੱਚ ਇੰਨੀ ਭਗਦੜ ਮਚਾਈ ਹੋਈ ਹੈ ਕਿ ਜਿਧਰ ਨੂੰ ਵੀ ਮੂੰਹ ਕਰਦੇ ਨੇ, ਵੈਰੀ ਮੌਤ ਤੋਂ ਡਰਦੇ ਹੋਏ ਅੱਗੇ ਲਗ ਕੇ ਦੌੜਨਾ ਸੁਰੂ ਕਰ ਦਿੰਦੇ ਨੇ।
ਸ਼ਾਹਜਾਦਾ ਇ ਜੀ ਜਾਹ ਨੇ ਭਾਗੜ ਥੀ ਮਚਾ ਦੀ।
ਯਿਹ ਫੌਜ ਭਗਾ ਦੀ, ਕਭੀ ਵੁਹ ਫੌਜ ਭਗਾ ਦੀ।

ਕਲਗੀਧਰ ਪਾਤਸ਼ਾਹ ਉਚੀ ਮਮਟੀ ਤੋਂ ਸਾਹਿਬਜਾਦੇ ਦੀ ਬਹਾਦਰੀ ਭਰੇ ਕਾਰਨਾਮੇ (ਜੌਹਰ) ਅਤੇ ਲੜਦਿਆਂ ਹੋਇਆਂ ਤਕ ਰਹੇ ਨੇ ਤੇ ਉਥੋਂ ਹੀ ਖੁਸ਼ੀ ਨਾਲ ਸ਼ਾਬਾਸ਼ ਵੀ ਦੇ ਰਹੇ ਹਨ।
ਬੜ੍ਹ ਚੜ੍ਹ ਕੇ ਤਵੱਕੋ ਸੇ ਜ਼ਜਾਅੱਤ ਜੋ ਦਿਖਾ ਦੀ।
ਸਤਿਗੁਰ ਨੇ ਵਹੀ ਕਿਲ੍ਹਾ ਸੇ ਬੱਚੇ ਕੋ ਨਿਦਾ ਦੀ।

ਕਲਗੀਧਰ ਪਾਤਸ਼ਾਹ ਸ਼ਾਬਾਸ਼ ਦੇ ਰਹੇ ਨੇ। ਪਿਤਾ ਗੁਰੂ ਜੋ ਸਾਹਿਬਜਾਦੇ ਦੀ ਬਹਾਦਰੀ ਅਤੇ ਜਜਬੇ ਨੂੰ ਦੇਖ ਰਹੇ ਨੇ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇਸ ਬਹਾਦਰੀ ਦਾ ਜਿਕਰ ਇੱਕ ਕਵੀ ਇਸ ਤਰਾਂ ਵੀ ਕਰਦਾ ਹੈ।
ਉਸ ਚੁਣ ਚੁਣ ਮਾਰੇ ਸੂਰਮੇ, ਡਾਢੇ ਅਭਿਮਾਨੀ,
ਅਜ ਜਿਊਂਦਾ ਇੱਕ ਨਾ ਛੱਡਣਾ, ਉਸ ਦਿਲ ਵਿੱਚ ਠਾਨੀ।
ਫਿਰ ਸੋਚੇ, ਸਾਰੇ ਮਾਰ, ਜੇ ਰੱਖ ਲਈ ਜਿੰਦਗਾਨੀ,
ਤਾਂ ਕਿਸੇ ਨਹੀ ਕਹਿਣਾ, ਗੁਰੂ ਨੂੰ ਪੁੱਤਰਾਂ ਦਾ ਦਾਨੀ।

ਕਿਉਕਿ ਸਾਹਿਬ ਅਜੀਤ ਸਿੰਘ ਵੀ ਚਾਹੁੰਦੇ ਨੇ ਕਿ ਦੁਨੀਆਂ ਦੇ ਲੋਕ ਮੇਰੇ ਬਾਪ ਨੂੰ ਪੁੱਤਰਾਂ ਦਾ ਦਾਨੀ ਕਹਿ ਕੇ ਸੰਬੋਧਨ ਕਰਨ। ਜੇਕਰ ਮੈਂ ਆਪਣੀ ਜਾਨ ਬਚਾ ਲਈ ਤਾਂ ਕਿਸੇ ਨੇ ਵੀ ਮੇਰੇ ਬਾਪ ਨੂੰ ਪੁੱਤਰਾਂ ਦਾ ਦਾਨੀ ਨਹੀ ਕਹਿਣਾ।
ਕਵੀ ਆਪਣੀ ਕਵਿਤਾ ਨੂੰ ਅਗਾਂਹ ਵਧਾਉਂਦਿਆਂ ਲਿਖਦਾ ਹੈ-
ਇਹ ਧਾਰ ਸ਼ਹੀਦੀ ਪਾ ਗਿਆ, ਖਾ ਪੰਜ ਸੌ ਕਾਨੀ,
ਰਹੂ “ਸੀਤਲਾ” ਵਿੱਚ ਇਤਿਹਾਸ ਦੇ ਜਿੰਦਾ ਕੁਰਬਾਨੀ।

ਢਾਢੀ ਸੋਹਣ ਸਿੰਘ ਸੀਤਲ ਲਿਖਦੇ ਹਨ ਕਿ ਦੁਨੀਆਂ ਦੇ ਇਤਿਹਾਸ ਵਿੱਚ ਇਹ ਆਪਣੇ ਆਪ ਵਿੱਚ ਇੱਕ ਬੇ-ਮਿਸਾਲ ਜਿੰਦਾ ਕੁਰਬਾਨੀ ਹੈ।
ਕਲਗੀਧਰ ਪਾਤਸ਼ਾਹ ਉਚੀ ਮਮਟੀ ਤੇ ਖੜੇ ਹੋ ਕੇ ਮੈਦਾਨ-ਏ-ਜੰਗ ਵਿੱਚ ਸਾਹਿਬਜਾਦਾ ਅਜੀਤ ਸਿੰਘ ਨੂੰ ਜੂਝਦਿਆਂ ਦੇਖ ਰਹੇ ਨੇ ਤੇ ਸਾਬਾਸ਼ ਕਿਹੜੇ ਸ਼ਬਦਾਂ ਵਿੱਚ ਦੇ ਰਹੇ ਨੇ?
ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ।
ਹਾਂ ਕਿਉ ਨ ਹੋ, ਗੋਬਿੰਦ ਕੇ ਫਰਜੰਦ ਬੜੇ ਹੋ।

ਸਾਹਿਬ ਕਲਗੀਧਰ ਪਾਤਸ਼ਾਹ ਗੜ੍ਹੀ ਦੇ ਅੰਦਰੋਂ ਹੀ ਉਚੀ ਮਮਟੀ ਉਪਰ ਖੜੇ, ਸਾਹਿਬਜਾਦੇ ਅਤੇ ਸਿੰਘ ਸੂਰਬੀਰਾਂ ਨੂੰ ਸ਼ਾਬਾਸ਼ ਦੇ ਰਹੇ ਹਨ ਕਿ ਪੁੱਤਰੋ ਤੁਸੀਂ ਖੂਬ ਦਲੇਰੀ ਦਿਖਾਈ ਹੈ। ਸਾਹਿਬਜਾਦਾ ਅਜੀਤ ਸਿੰਘ ਤੂੰ ਦਲੇਰੀ ਵਿਖਾਉਣੀ ਵੀ ਸੀ ਕਿਉ ਕਿ ਤੂੰ ਮੇਰਾ ਵੱਡਾ ਸਪੁੱਤਰ ਵੀ ਤੇ ਹੈ ਨਾ।
ਇਸ ਸਮੇ ਸਾਹਿਬਜਾਦੇ ਦੇ ਹੱਥੋਂ ਤਲਵਾਰ ਛੁੱਟ ਕੇ ਧਰਤੀ ਉਪਰ ਗਿਰ ਗਈ ਅਤੇ ਘੋੜਾ ਵੀ ਜਖਮੀ ਹੋ ਗਿਆ। ਸਾਹਿਬਜਾਦੇ ਨੇ ਹੱਥ ਵਿੱਚ ਨੇਜਾ ਲੈ ਲਿਆ ਤੇ ਪੈਦਲ ਹੀ ਵੈਰੀਆਂ ਨਾਲ ਲੜਣ ਲਗ ਪਏ। ਲੜਦਿਆਂ-ਲੜਦਿਆਂ ਕੀ ਹੋਇਆ? ਇੱਕ ਵੈਰੀ ਜਿਸਨੇ ਸੰਜੋਅ ਪਹਿਨੀ ਹੋਈ ਸੀ, ਸਾਹਿਬਜਾਦੇ ਨੇ ਉਸਦੀ ਛਾਤੀ ਤੇ ਨੇਜਾ ਮਾਰਿਆ। ਨੇਜਾ ਸੰਜੋਅ ਨੂੰ ਚੀਰਦਾ ਹੋਇਆਂ ਵੈਰੀ ਦੀ ਛਾਤੀ ਵੀ ਚੀਰ ਗਿਆ ਤੇ ਵੈਰੀ ਮਰ ਗਿਆ। ਜਦੋਂ ਸਾਹਿਬਜਾਦੇ ਨੇ ਨੇਜਾ ਪੁੱਟਿਆ ਤਾਂ ਉਸ ਨੇਜੇ ਦੀ ਅਣੀ (ਨੋਕ) ਮੁੜ ਗਈ ਤੇ ਉਹ ਵੈਰੀ ਦੀ ਛਾਤੀ ਵਿੱਚ ਹੀ ਰਹਿ ਗਈ ਤੇ ਸਾਹਿਬਜਾਦੇ ਦੇ ਹੱਥ ਵਿੱਚ ਕੇਵਲ ਨੇਜੇ ਦਾ ਡੰਡਾ ਹੀ ਰਹਿ ਗਿਆ, ਕੇਵਲ ਲੱਕੜ ਹੀ ਰਹਿ ਗਈ। ਹੁਣ ਇੱਕ ਤਰਾਂ ਨਾਲ ਸਾਹਿਬਜਾਦਾ ਅਜੀਤ ਸਿੰਘ ਨਿਹੱਥੇ ਹੀ ਹੋ ਗਏ ਸਨ। ਹੁਣ ਹੱਥ ਵਿੱਚ ਕੋਈ ਸ਼ਸਤ੍ਰ ਨਹੀ ਹੈ ਤੇ ਵੈਰੀ ਨੇ ਮੌਕਾ ਪਾ ਕੇ ਅਜੀਤ ਸਿੰਘ ਨੂੰ ਚਾਰੋ ਪਾਸੇ ਘੇਰਾ ਪਾ ਲਿਆ, ਭਾਵੇਂ ਕਿ ਸਾਹਿਬਜਾਦਾ ਖਾਲੀ ਹੱਥ ਹੈ ਪਰ ਕਿਸੇ ਵੈਰੀ ਦੀ ਅਜੇ ਤਕ ਸਾਹਿਬਜਾਦੇ ਉਪਰ ਵਾਰ ਕਰਨ ਦੀ ਹਿੰਮਤ ਨਹੀ ਪੈ ਰਹੀ।
ਜੋਗੀ ਅੱਲ੍ਹਾ ਯਾਰ ਖ਼ਾਂ ਇਥੇ ਕੀ ਕਹਿ ਰਿਹਾ ਹੈ-
ਦਿਲਬੰਦ ਨੇ ਤਲਵਾਰ ਸੇ ਤਸਲੀਮ ਬਜਾਈ।
ਗਰਦਨ ਪਇ ਆਦਾਬ ਦਿਲਾਵਰ ਨੇ ਝੁਕਾਈ।

ਮਾਨੋ ਹੁਣ ਸਾਹਿਬਜਾਦਾ ਅਜੀਤ ਸਿੰਘ ਦੇ ਸਾਹਮਣੇ ਹੋਣੀ ਵੀ ਹੱਥ ਬੰਨ ਕੇ ਖੜੀ ਹੋ ਗਈ ਤੇ ਚਾਰ ਚੁਫੇਰਿਓ ਵੈਰੀ ਇਕੋ ਵਾਰ ਹੀ ਟੁੱਟ ਕੇ ਪੈ ਗਏ। ਹੁਣ ਸਾਹਿਬਜਾਦਾ ਇੱਕ ਤਾਂ ਨਿਹੱਥਾ ਸੀ ਤੇ ਦੂਜਾ ਘੋੜਾ ਵੀ ਕੋਲ ਨਹੀ ਸੀ, ਤਲਵਾਰ ਹੱਥ ਵਿੱਚ ਨਹੀ ਹੈ। ਹੱਥੋਂ ਖਾਲੀ ਸਾਹਿਬਜਾਦੇ ਦੀ ਸ਼ਹਾਦਤ, ਕਿਵੇਂ ਹੋਈ?
ਇਸ ਵਕਫਾ ਮੇ ਫੌਜਿ-ਸਿਤਮ ਆਰਾ ਉਮੰਡ ਆਈ।
ਬਰਛੀ ਕਿਸੀ ਕਮਬਖਤ ਨੇ ਪੀਛੇ ਸੇ ਲਗਾਈ।

ਧੋਖੇ ਨਾਲ ਸਾਹਿਬਜਾਦਾ ਅਜੀਤ ਸਿੰਘ ਦੀ ਪਿਠ ਪਿਛੇ ਵੈਰੀ ਨੇ ਬਰਛੀ ਦਾ ਵਾਰ ਕਰ ਦਿੱਤਾ:-
ਤਿਉਰਾ ਕੇ ਗਿਰੇ ਜ਼ੀਨ ਸੇ ਸ੍ਰਕਾਰ ਜ਼ਮੀ ਪਰ।
ਰੂਹ ਖੁਲਦ ਗਈ ਔਰ ਤਨਿ-ਜ਼ਾਰ ਜ਼ਮੀ ਪਰ।

ਭੁਆਟਨੀ ਖਾ ਕੇ ਸਾਹਿਬਜਾਦਾ ਜਮੀਨ ਉਪਰ ਡਿੱਗ ਗਿਆ। ਮੈਂ ਬੇਨਤੀ ਕਰ ਦਿਆਂ ਕਿ ਇਤਿਹਾਸਕਾਰਾਂ ਨੇ ਵੱਖ-ਵੱਖ ਆਪਣੇ-ਆਪਣੇ ਤਰੀਕੇ ਦੇ ਨਾਲ ਸਾਹਿਬਜਾਦਾ ਅਜੀਤ ਸਿੰਘ ਦੀ ਸ਼ਹਾਦਤ ਦਾ ਜਿਕਰ ਕੀਤਾ ਹੈ। ਪਰ ਜੋਗੀ ਅੱਲ੍ਹਾ ਯਾਰ ਖ਼ਾਂ ਦੀ ਕਲ੍ਹਮ, ਜਿਵੇਂ ਕਿ ਹੂ-ਬਹੂ ਉਥੇ ਸਭ ਦ੍ਰਿਸ਼ ਅੱਖੀ ਦੇਖ ਕੇ ਲਿਖ ਰਹੀ ਹੈ। ਜਦੋਂ ਸਾਹਿਬਜਾਦਾ ਅਜੀਤ ਸਿੰਘ ਭੁਆਟਨੀ ਖਾ ਕੇ ਜਮੀਨ ਉਪਰ ਡਿਗਾ ਤੇ ਉਸਦੀ ਰੂਹ ਨਿਕਲ ਕੇ ਆਪਣੇ ਦਾਦਾ ਗੁਰੂ ਤੇਗ਼ ਬਹਾਦਰ ਪਾਸ ਉਹਨਾਂ ਦੀ ਗੋਦ ਵਿੱਚ ਚਲੀ ਗਈ ਤੇ ਬਾਕੀ ਇਹ ਤਨ ਮਿਟੀ ਹੋ ਕੇ ਧਰਤੀ ਤੇ ਰਹਿ ਗਿਆ।
ਕਵੀ ਲਿਖਦਾ ਹੈ ਕਿ 8 ਪੋਹ 1704 ਈ: ਨੂੰ ਸਾਹਿਬਜਾਦਾ ਧਰਮ ਯੁੱਧ ਨੂੰ ਚਾਉ ਨਾਲ ਲੜਦਾ ਹੋਇਆ ਆਪਣੇ ਪਿਤਾ ਗੁਰੂ ਕਲਗੀਧਰ ਦੀਆ ਅੱਖਾਂ ਦੇ ਸਾਹਮਣੇ ਜਾਮੇ ਸ਼ਹਾਦਤ ਪੀ ਗਿਆ। ਕਲਗੀਧਰ ਪਾਤਸ਼ਾਹ ਨੇ ਆਪਣੇ ਪੁੱਤਰ ਨੂੰ ਜਾਮੇ-ਸ਼ਹਾਦਤ ਪੀਦਿਆਂ ਵੇਖ ਕੇ ਬੁਲੰਦ ਆਵਾਜ ਵਿੱਚ ਜੈਕਾਰਾ ਗੁੰਜਾਇਆ।
ਬੋਲੇ ਸੋ ਨਿਹਾਲ- ਸਤਿ ਸ੍ਰੀ ਅਕਾਲ
********** (ਚਲਦਾ … ….)

ਸੁਖਜੀਤ ਸਿੰਘ ਕਪੂਰਥਲਾ
98720-76876

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.