ਕੈਟੇਗਰੀ

ਤੁਹਾਡੀ ਰਾਇ



ਸੁਖਜੀਤ ਸਿੰਘ ਕਪੂਰਥਲਾ
ਲਹੂ-ਭਿੱਜੀ ਸਰਹਿੰਦ ਕਿਸ਼ਤ ਪਹਿਲੀ-
ਲਹੂ-ਭਿੱਜੀ ਸਰਹਿੰਦ ਕਿਸ਼ਤ ਪਹਿਲੀ-
Page Visitors: 2543

ਲਹੂ-ਭਿੱਜੀ ਸਰਹਿੰਦ  ਕਿਸ਼ਤ ਪਹਿਲੀ-
 ਦੋ ਸ਼ਬਦ,
ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਫ਼ਤਹਿ।।
ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਦੇ ਸਨਮੁਖ ਜੋ ਇਹ ਕਿਤਾਬ ਹੈ, ਜਿਸ ਦੀ ਸੇਵਾ ਦਾਸ ਵਲੋਂ ਅਕਾਲ ਪੁਰਖ ਵਲੋਂ ਨੇ ਆਪ ਲਈ ਹੈ, ਕਿਉਂਕਿ ਦਾਸ ਨੇ ਕਦੀ ਵੀ ਇਹੋ ਜਿਹੀ ਸੇਵਾ ਨਹੀਂ ਕੀਤੀ ਤੇ ਨਾ ਹੀ ਕਦੇ ਸੋਚਿਆ ਸੀ, ਪਰ ਧੰਨਵਾਦ ਹੈ ਭਾਈ ਸੁਖਜੀਤ ਸਿੰਘ ਜੀ ਦਾ ਜੋ ਕਿ ਗੁਰੂ ਬਾਬੇ ਦੀ ਕਥਾ ਕਰਦੇ ਹਨ `ਤੇ ਉਨ੍ਹਾਂ ਤੇ ਪਰਮੇਸ਼ਰ ਦੀ ਬਖ਼ਸ਼ਿਸ਼ ਹੈ ਕਿ ਸਰੋਤਿਆਂ ਦਾ ਧਿਆਨ ਪੂਰਨ ਤੌਰ ਤੇ ਗੁਰੂ ਸਾਹਿਬ ਵੱਲ ਅਤੇ ਗੁਰ- ਸ਼ਬਦ ਵੱਲ ਲੈ ਜਾਣ ਵਿੱਚ ਮਾਹਿਰ ਹਨ।ਇਹ ਜੋ ਕਿਤਾਬ ਕਲਗੀਧਰ ਪਾਤਸ਼ਾਹ ਦੇ ਲਾਲਾਂ ਅਤੇ ਮਾਤਾ ਗੁਜਰੀ ਜੀ ਦੀ ਕੁਰਬਾਨੀ ਪ੍ਰਤੀ ਸਾਨੂੰ ਪੂਰਨ ਤੌਰ ਤੇ ਗਿਆਨ ਦੇ ਰਹੀ ਹੈ। ਭਾਈ ਸੁਖਜੀਤ ਸਿੰਘ ਜੀ ਦੁਆਰਾ ਕੀਤੀ ਗਈ ਕਥਾ, ਜੋ ਕਿ ਦਾਸ ਨੇ ਸੁਣੀ ਤੇ ਭਾਈ ਸਾਹਿਬ ਨਾਲ ਇਹ ਵਿਚਾਰ ਕੀਤੀ ਕਿ ਇੰਨੀ ਖੋਜ਼, ਇੰਨੇ ਵਿਸ਼ਾ ਵਿਚਾਰ ਇੰਝ ਹੀ ਸੀ. ਡੀ. ਟੇਪਾਂ ਤੋ ਕਿਤਾਬੀ ਰੂਪ ਵਿੱਚ ਹੋਣੇ ਚਾਹੀਦੇ ਹਨ। ਭਾਈ ਸਾਹਿਬ ਜੋ ਕਿ ਇੱਕ ਗੁਰਮਤਿ ਸਮਾਗਮ ਵਿੱਚ ਆਪਣੇ ਵਿਚਾਰ ਪ੍ਰਗਟ ਕਰਕੇ ਹਟੇ ਸੀ, ਤਦ ਇਹ ਵਿਚਾਰ ਹੋਈ ਤਾਂ ਉਹਨਾਂ ਨੇ ਫੈਸਲਾ ਕਰ ਕੇ ਇਹ ਲਿਖਣ ਦੀ ਸੇਵਾ ਦਾਸ ਨੂੰ ਸੌਂਪ ਦਿੱਤੀ। ਜਿਸ ਲਈ ਦਾਸ ਵਲੋਂ ਭਾਈ ਸੁਖਜੀਤ ਸਿੰਘ ਦਾ ਕੋਟਿ ਕੋਟਿ ਧੰਨਵਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸੋਂ ਆਗਿਆ ਲੈ ਕੇ ਇਹ ਸੇਵਾ ਆਰੰਭ ਤਾਂ ਕਰ ਲਈ, ਪਰ ਪਹਿਲਾਂ ਬਹੁਤ ਔਖਾ ਜਿਹਾ ਲੱਗਿਆ, ਪਰ ਫ਼ਿਰ ਮਨ ਵੀ ਇਜਾਜ਼ਤ ਦੇਣ ਲੱਗ ਪਿਆ ਤੇ ਕਲਮ ਵੀ।ਇਹ ਕਿਤਾਬ ਲਿਖਦਿਆਂ-ਲਿਖਦਿਆਂ ਸਾਹਿਬਜਾਦਿਆਂ ਪ੍ਰਤੀ, ਮਾਤਾ ਗੁਜਰੀ ਜੀ ਪ੍ਰਤੀ ਕਈ ਵਾਰ ਮਨ ਭਾਵੁਕ ਵੀ ਹੋਇਆ, ਜਿਸ ਕਾਰਨ ਕਈ ਵਾਰ ਕਲਮ ਰੁਕਦੀ ਰਹੀ। ਖ਼ੈਰ! ਅਕਾਲ ਪੁਰਖ ਦੀ ਮਿਹਰ ਨਾਲ ਇਹ ਕਾਰਜ ਸੰਪੂਰਨ ਹੋ ਗਿਆ।ਇਸ ਕਿਤਾਬ ਵਿੱਚ ਆਪ “ਹਕੀਮ ਮਿਰਜ਼ਾ ਅੱਲ੍ਹਾ ਯਾਰ ਖ਼ਾਂ ਜੋਗੀ” ਜੀ ਨੇ ਜੋ ਸਾਕਾ ਸਰਹਿੰਦ ਅਰਥਾਤ ‘ਸ਼ਹੀਦਾਨਿ-ਵਫ਼ਾ` ਜੋ ਕਿ ਉਨਾਂ ਵਲੋ ਸੰਨ 1913 ਵਿੱਚ ਲਿਖੀ ਗਈ ਸੀ, ਉਸ ਵਿਚ ਉਨ੍ਹਾਂ ਦੀਆਂ ਲਿਖੀਆ ਸਚਾਈਆਂ ਵੀ ਆਪ ਜੀ ਦੇ ਗਿਆਨ ਵਿੱਚ ਵਾਧਾ ਪਾਉਣਗੀਆਂ ਅਤੇ ਨਾਲ-ਨਾਲ ਅਜੋਕੇ ਸਮੇਂ ਦੇ ਹਾਲਾਤ ਅਤੇ ਸਾਡੀ ਅਜੋਕੀ ਦਸ਼ਾ ਤੋਂ ਵੀ ਜਾਣੂ ਹੋਵੋਗੇ।
ਦਾਸ ਵਲੋਂ ਲਿਖਾਈ ਕਰਦਿਆਂ ਹੋ ਗਈਆਂ ਅਨੇਕ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਆਪਣੀਆਂ ਅਸੀਸਾਂ ਨਾਲ ਨਿਵਾਜਣਾ, ਇਸੇ ਆਸ ਦੇ ਨਾਲ ਆਪ ਸਭ ਦਾ ਕੋਟਾਨ-ਕੋਟਾਨ ਧੰਨਵਾਦ।
ਆਪ ਜੀ ਦਾ ਦਾਸਰਾ:
ਭਾਈ ਕਾਮਰੇਟ ਸਿੰਘ                                                                 
662-ਈ ਰੇਲ ਕੋਚ ਫੈਕਟਰੀਕਪੂਰਥਲਾ।
ਭੂਮਿਕਾ ਅਤੇ ਧੰਨਵਾਦ
ਆਪਣੇ ਆਪ ਨੂੰ ਤਾਂ ਹਰ ਕੋਈ ਸ਼ਿੰਗਾਰ ਲੈਂਦਾ,ਔਖਾ ਕੰਮ ਕੌਮ ਨੂੰ ਸ਼ਿੰਗਾਰਨਾ ਏ।
ਆਪਣੇ ਆਪ ਲਈ ਤਾਂ ਹਰ ਕੋਈ ਵਾਰ ਲੈਦਾ,ਔਖਾ ਕੰਮ ਕੌਮ ਲਈ ਸਰਬੰਸ ਨੂੰ ਵਾਰਨਾ ਏ।

ਇਸ ਪੁਸਤਕ ਦਾ ਸਿਰਲੇਖ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ” (੯੫੩) ਦੇ ਅਧਾਰ ਤੇ ਰਖਿਆ ਗਿਆ ਹੈ ਜੋ ਕਿ ਛੋਟੇ ਸਾਹਿਬਜਾਦਿਆਂ ਦੀਆ ਸ਼ਹਾਦਤਾਂ ਦੀ ਗਾਥਾ ਸਬੰਧੀ ਸਹੀ ਅਰਥਾਂ ਵਿੱਚ ਤਰਜਮਾਨੀ ਕਰਦਾ ਪ੍ਰਤੀਤ ਹੁੰਦਾ
ਹੈ। ਸਾਕਾ ਸਰਹੰਦ ਦੇ ਇਸ ਬਿਖੜੇ ਪੈਡੇ ਸਮੇ ਬਾਹਰੀ ਤੌਰ ਤੇ ਸਾਹਿਬਜਾਦਿਆਂ ਨਾਲ ਉਹਨਾਂ ਦੇ ਪਿਤਾ ਗੁਰੂ ਗੌਬਿੰਦ ਸਿੰਘ, ਵੱਡੇ ਵੀਰ, ਸਿੰਘ ਸੂਰਬੀਰ ਆਦਿ ਵਿੱਚੋ ਉਨਾ ਦੇ ਨਾਲ ਕੋਈ ਵੀ ਨਹੀ ਸੀ, ਪ੍ਰੰਤੂ ਉਹਨਾ ਦੇ ਜੀਵਨ ਵਿੱਚ ‘ਸਚ` ਉਹਨਾ ਦੇ ਨਾਲ ਸੀ, ਇਸੇ ‘ਸਚ` ਦੀ ਹੋਦ ਦੇ ਕਾਰਣ ਹੀ ਮਾਤਾ ਗੁਜਰੀ ਜੀ ਦੀ ਅਗਵਾਈ ਹੇਠ ਸਾਹਿਬਜਾਦੇ ਦ੍ਰਿੜਤਾ ਪੂਰਵਕ ‘ਕੂੜ` ਦਾ ਮੁਕਾਬਲਾ ਕਰਦੇ ਹੋਏ ‘ਨਿਕੀਆ ਜਿੰਦਾਂ ਵੱਡਾ ਸਾਕਾ` ਵਰਤਾ ਕੇ “ਓੜਕਿ ਸਚਿ ਰਹੀ” ਵਾਲੇ ਗੁਰੂ ਬਚਨਾ ਉਪਰ ਪੂਰੇ ਉਤਰਨ ਵਾਲਾ ਸ਼ਾਨਾਮੱਤਾ ਇਤਿਹਾਸ ਸਿਰਜ ਗਏ।
ਇਸ ਅਦੁੱਤੀ ਅਤੇ ਲਾਸਾਨੀ ਇਤਿਹਾਸਕ ਸਾਕੇ ਦੌਰਾਨ ਸੱਚ ਦੇ ਪ੍ਰਵਾਨਿਆਂ ਮਾਤਾ ਗੁਜਰੀ ਜੀ, ਸਾਹਿਬਜਾਦਾ ਜੋਰਾਵਰ ਸਿੰਘ, ਅਤੇ ਸਾਹਿਬਜਾਦਾ ਫ਼ਤਹਿ ਸਿੰਘ, ਭਾਈ ਮੋਤੀ ਰਾਮ-ਦੀਵਾਨ ਟੋਡਰ ਮੱਅ ਆਦਿ ਦੇ ਪਰਿਵਾਰਾਂ ਸਮੇ ਡੁਲ੍ਹੇ ਖ਼ੂਨ ਨਾਲ ਸਰਹਿੰਦ ਦੀ ਧਰਤੀ ਲੱਥ-ਪਥ/ ਗੜੁੱਚ ਹੋ ਗਈ। ਇਸੇ ਅਧਾਰ ਉਪਰ ਇਸ ਪੁਸਤਕ ਦਾ ਨਾਮ ਉਨ੍ਹਾਂ ਸ਼ਹੀਦਾਂ ਦੇ ਪਵਿੱਤਰ ਖੂਨ ਨੂੰ ਸਮਰਪਿਤ ਹੁੰਦੇ ਹੋਏ “ਲਹੂ ਭਿੱਜੀ ਸਰਹਿੰਦ” ਰੱਖਿਆ ਗਿਆ ਹੈ।
ਹਕੀਮ ਅੱਲ੍ਹਾ ਯਾਰ ਖਾਂ ਜੋਗੀ ਕ੍ਰਿਤ ‘ਸ਼ਹੀਦਾਨਿ-ਵਫਾ`ਨਾਲ ਦਾਸ ਦੀ ਸਭ ਤੋਂ ਪਹਿਲਾਂ ਵਾਕਫੀਅਤ ਡਾ. ਹਰਚੰਦ ਸਿੰਘ ਸਰਹਿੰਦੀ ਦੇ ਲੇਖ ‘ਸਰਹਿੰਦ ਦੀ ਦਾਸਤਾਨ-ਅੱਲ੍ਹਾ ਯਾਰ ਖਾਂ ਦੀ ਜੁਬਾਨੀ` (ਗੁਰਮਤਿ ਪ੍ਰਕਾਸ਼-ਦਸੰਬਰ 2002) ਰਾਹੀ ਹੋਈ। ਉਸ ਤੋ ਸੇਧ ਲੈ ਕੇ ਅੱਗੇ ਚਲਦਿਆਂ ਜੋਗੀ ਜੀ ਰਚਿਤ ‘ਗੰਜਿ ਸ਼ਹੀਦਾ`(ਸਾਕਾ ਚਮਕੌਰ) ਅਤੇ ‘ਸ਼ਹੀਦਾਨਿ ਵਫਾ` (ਸਾਕਾ ਸਰਹਿੰਦ) ਉਪਰ ਅਧਾਰਿਤ ਹਰ ਸਾਲ ਦਸੰਬਰ (ਪੋਹ) ਦੇ ਇਨ੍ਹਾਂ ਇਤਿਹਾਸਕ ਦਿਨਾ
ਕੋਈ ਕੌਮ ਮੁਹਰਮ ਨੂੰ ਮੰਨਦੀ ਏ,ਹੈ ਵੱਡੇ ਦਿਨਾ ਦਾ ਕੋਈ ਧਿਆਨ ਧਰਦਾ।
 ਦਿਨ ਪੋਹ ਦੇ ਵੀ ਸਾਨੂੰ ਭੁਲਦੇ ਨਹੀ,ਜਦੋ ਡਿੱਠਾ ਦਸ਼ਮੇਸ਼ ਨੂੰ ਸਰਬੰਸ ਦਾਨ ਕਰਦਾ
। 
  ਵਿਚ ਵੱਖ-ਵੱਖ ਗੁਰਦੁਆਰਿਆਂ ਅੰਦਰ ਗੁਰੂ ਕ੍ਰਿਪਾ ਦੁਆਰਾ ਲੜੀਵਾਰ ਵਿਚਾਰ ਕਰਨ ਦਾ ਸੁਭਾਗ ਪ੍ਰਾਪਤ ਹੁੰਦਾਂ ਆ ਰਿਹਾ ਹੈ। ਇਸੇ ਲੜੀ ਅਧੀਨ ਇਤਿਹਾਸਕ/ਗੁਰਮਤਿ ਵਿਚਾਰਾਂ ਦੀ ਸਮਾਪਤੀ ਉਪਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰੇਲ ਕੋਚ ਫੈਕਟਰੀ,ਕਪੂਰਥਲਾ ਦੀ ਪ੍ਰਬੰਧਕ ਕਮੇਟੀ ਦੇ ਉਸ ਸਮੇ ਦੇ ਸਕੱਤਰ ਭਾਈ ਗੁਰਮਨਜੀਤ ਸਿੰਘ ਦੇ ਕਹੇ ਹੋਏ ਸ਼ਬਦ “ਸਾਕਾ ਚਮਕੌਰ ਅਤੇ ਸਾਕਾ ਸਰਹਿੰਦ ਦੇ ਕਿੱਸਿਆਂ ਨੂੰ ਜਿਥੇ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਨੇ ਇਸ ਤਰਾ
ਸਫਲਤਾਪੂਰਵਕ, ਭਾਵਨਾਤਮਕ ਰੂਪ ਵਿੱਚ ਕਲਮਬੱਧ ਕੀਤਾ ਹੈ। ਜਿਵੇ ਉਹ (ਕਿੱਸਾਕਾਰ) ਇਹਨਾਂ ਸਾਕਿਆਂ ਦੇ ਚਸ਼ਮਦੀਦ ਗਵਾਹ ਵਜੋਂ ਹਰ ਸਮੇ ਨਾਲ- ਨਾਲ ਵਿਚਰ ਰਿਹਾ ਹੋਵੇ, ਉਸ ਦੇ ਕਦਮ-ਚਿੰਨ੍ਹਾਂ ਦੇ ਚਲਦਿਆਂ ਵੀਰ ਸੁਖਜੀਤ ਸਿੰਘ ਵਲੋ ਇਨਾ ਕਿੱਸਿਆਂ ਰਾਹੀਂ ਗੁਰਮਤਿ/ਇਤਿਹਾਸ ਦੀ ਲੜੀਵਾਰ ਵਿਆਖਿਆ ਵੀ ਇਸ ਤਰਾ ਕੀਤੀ ਗਈ ਜਿਵੇ ਕਥਾਕਾਰ ਆਪ ਵੀ ਸਮੁੱਚੀ ਹਾਜਰ ਸੰਗਤ ਨੂੰ ਨਾਲ-ਨਾਲ ਲੈ ਕੇ ਚਸ਼ਮਦੀਦ ਗਵਾਹ ਵਜੋ ਵਿਚਰ ਰਿਹਾ ਹੋਵੇ” ਦਾਸ ਦਾ ਹਮੇਸ਼ਾ ਹੀ ਹੌਸਲਾ ਵਧਾਉਦੇ ਹਨ ਅਤੇ ਵਧਾਉਦੇ ਰਹਿਣਗੇ। ਦਾਸ ਵਲੋ 2009 ਦੇ ਇਨ੍ਹਾ ਇਤਿਹਾਸਕ ਦਿਨਾਵਿੱਚ ਲੜੀਵਾਰ ਵਿਚਾਰ ਕਰਨ ਦਾ ਪ੍ਰੋਗਰਾਮ ਸ੍ਰ: ਰਛਪਾਲ ਸਿੰਘ (ਚੇਅਰਮੈਨ, ਸ਼ੁਭ ਕਰਮਨ ਸੁਸਾਇਟੀ) ਰਾਹੀਂ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਚਰਨ ਪਾਵਨ, ਮਾਡਲ ਟਾਊਨ, ਹੁਸ਼ਿਆਰਪੁਰ ਵਿਖੇ ਬਣਿਆ। ਸਮੂਹ ਪ੍ਰਬੰਧਕਾ (ਵਿਸ਼ੇਸ਼ ਤੌਰ `ਤੇ ਸ੍ਰ. ਮਹਿਤਾਬ ਸਿੰਘ, ਸ੍ਰ: ਗੁਰਬਚਨ ਸਿੰਘ, ਸ੍ਰ. ਤਜਿੰਦਰ ਸਿੰਘ, ਸ੍ਰ ਸੁਰਜੀਤ ਸਿੰਘ ਮੈਨੇਜਰ ਆਦਿ) ਸਮੂਹ ਸਟਾਫ ਅਤੇ ਹੋਰ ਸਹਿਯੋਗੀ ਸਜੱਣਾ ਰਾਹੀਂ ਸੰਗਤਾ ਦਾ ਬੇਅੰਤ ਪਿਆਰ ਮਿਲਿਆ। ਹਜੂਰੀ ਰਾਗੀ ਭਾਈ ਸਤਿੰਦਰ ਸਿੰਘ ਅਤੇ ਉਨਾ ਦੇ ਸਾਥੀਆ ਵਲੋ ਸਾਰੇ ਪ੍ਰੋਗਰਾਮ ਦੀ ਕੰਪਿਊਟਰਾਈਜਡ ਰਿਕਾਰਡਿੰਗ ਕਰਨ ਉਪਰੰਤ ਸੀ. ਡੀਜ ਤਿਆਰ ਕਰਨ ਦੀ ਵਡਮੁੱਲੀ ਸੇਵਾ ਕੀਤੀ। ਭਾਈ ਕਾਮਰੇਟ ਸਿੰਘ, ਰੇਲ ਕੋਚ ਫੈਕਟਰੀ, ਕਪੂਰਥਲਾ ਨੇ ਇਸ ਲੜੀਵਾਰ ਕਥਾ ਨੂੰ ਕਿਤਾਬੀ ਰੂਪ ਦੇਣ ਦੀ ਸੇਵਾ ਆਪਣੇ ਜਿੰਮੇ ਲਈ। ਮਾਸਟਰ ਅਵਤਾਰ ਸਿੰਘ ‘ਸੋਹਲ` ਅਤੇ ਦਾਸ ਦੇ ਛੋਟੇ ਵੀਰ ਸ੍ਰ ਦਵਿੰਦਰ ਸਿੰਘ ਇਸ ਪੁਸਤਕ ਦੀ ਪ੍ਰਕਾਸ਼ਨਾ ਸਬੰਧੀ ਸਮੇ ਸਮੇ ਯੋਗ ਸੁਝਾਅ ਦੇ ਕੇ ਮਾਰਗ ਦਰਸ਼ਨ ਕਰਦੇ ਰਹੇ। ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਨੇ ਪ੍ਰਕਾਸ਼ਨਾ ਦੀ ਜਿੰਮੇਵਾਰੀ ਨਿਭਾਈ। ਦਾਸ, ਇਨਾ ਸਾਰਿਆਂ ਅਤੇ ਹੋਰ ਜਿਸ -ਜਿਸ ਨੇ ਵੀ ਇਸ ਸਬੰਧੀ ਯੋਗਦਾਨ ਦਿੱਤਾ, ਹਮੇਸ਼ਾ ਲਈ ਰਿਣੀ ਰਹੇਗਾ।  ਮਾਤਾ ਗੁਜਰੀ ਜੀ, ਭਾਈ ਨੰਦ ਲਾਲ ਜੀ, ਭਾਈ ਘਨ੍ਹਈਆਂ ਜੀ ਆਦਿ ਪ੍ਰਸਿੱਧ ਸਿੱਖ ਸ਼ਖ਼ਸ਼ੀਅਤਾਂ ਬਾਰੇ ਜਰੂਰੀ ਗੱਲ ਸੱਪਸ਼ਟ ਕਰਨ ਦੀ ਲੋੜ ਹੈ। ਇਹ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਹਨ ਅਤੇ ਖ਼ਾਲਸਾ ਪੰਥ ਸਾਜਨਾ ਦੇ ਚਸ਼ਮਦੀਦ ਗਵਾਹ ਵੀ ਹਨ। ਮਾਤਾ ਗੁਜਰੀ ਜੀ ਉਸ ਸਮੇਂ ਛੋਟੀ ਉਮਰ ਦੇ ਹੀ ਸਾਹਿਬਜਾਦਾ ਜ਼ੋਰਾਵਰ ਸਿੰਘ ਨੂੰ ਖ਼ਾਲਸਾ ਸਾਜਨਾ ਦਿਵਸ ਤੇ ਆਪ ਤਿਆਰ ਕਰਕੇ ਅੰਮ੍ਰਿਤ ਦੀ ਦਾਤ ਨਾਲ ਜੋੜਣ ਦਾ ਉਪਰਾਲਾ ਕਰਦੇ ਹਨ। ਭਾਈ ਨੰਦ ਲਾਲ ਜੀ ਖ਼ਾਲਸੇ ਨੂੰ ਰਹਿਤਾਂ ਦ੍ਰਿੜ ਕਰਵਾਉਂਦੇ ਹਨ। ਭਾਈ ਘਨ੍ਹਈਆਂ ਜੀ ਗੁਰੂ ਬਖਸ਼ਿਸ਼ ਨਾਲ ਨਿਵਾਜੀ ਹੋਈ ਮਹਾਨ ਆਤਮਾ ਹੈ। ਇਹ ਕਦਾਚਿਤ ਨਹੀ ਹੋ ਸਕਦਾ ਕਿ ਇਨ੍ਹਾਂ ਸਾਰਿਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਬਖਸ਼ੇ ਖੰਡੇ ਬਾਟੇ ਦੀ ਪਾਹੁਲ ਨਾ ਲਈ ਹੋਵੇ। ਪ੍ਰੰਤੂ ਪ੍ਰਚਲਿਤ ਇਤਿਹਾਸਕ ਲਿਖਤਾਂ ਵਿੱਚ ਇਨ੍ਹਾਂ ਨੂੰ ਮਾਤਾ ਗੁਜਰ ਕੌਰ, ਭਾਈ ਨੰਦ ਲਾਲ ਸਿੰਘ ਭਾਈ ਘਨ੍ਹਈਆਂ ਸਿੰਘ ਆਦਿ ਰੂਪ ਵਿੱਚ ਲਿਖਿਆ ਨਹੀਂ ਮਿਲਦਾ ਹੈ। ਦਸਮ ਪਾਤਸ਼ਾਹ ਪ੍ਰਕਾਸ਼ ਤੋਂ ਗੁਰਿਆਈ (1666 ਤੋਂ 1675 ਈ.) ਤਕ ਬਾਲ ਗੋਬਿੰਦ ਰਾਏ ਜੀ ਹਨ। ਗੁਰਤਾ ਗੱਦੀ ਤੇ ਬਿਰਾਜ ਮਾਨ ਹੋਣ ਤੋਂ ਖਾਲਸਾ ਸਾਜਨਾ (1675 ਤੋਂ 1699 ਈ.) ਤਕ ਗੁਰੂ ਗੋਬਿੰਦ ਰਾਏ ਜੀ ਹਨ, ਜੋ ਕਿ ਇਤਿਹਾਸਕ ਤੌਰ ਤੇ ਅੱਕਟ ਸੱਚਾਈ ਹੈ। ਪ੍ਰੰਤੂ ਇਤਿਹਾਸਕ ਲਿਖਤਾਂ ਵਿੱਚ ਦਸਮ ਪਾਤਸ਼ਾਹ ਦੇ 1666 ਤੋਂ 1699 ਈ. ਤਕ ਦੇ ਕਾਲ ਵਿੱਚ ਬਾਲ/ ਗੁਰੂ ਗੋਬਿੰਦ ਰਾਏ ਦੀ ਥਾਂ ਤੇ ਵੀ ਗੁਰੂ ਗੋਬਿੰਦ ਸਿੰਘ ਜੀ ਰੂਪ ਵਿੱਚ ਹੀ ਪ੍ਰਚਲਿਤ ਹੈ। ਇਸੇ ਤਰਾਂ ਪ੍ਰਚਲਿਤ ਇਤਿਹਾਸਕ ਲਿਖਤਾਂ ਦੇ ਅਧਾਰ ਤੇ ਇਸ ਪੁਸਤਕ ਵਿੱਚ ਵੀ ਮਾਤਾ ਗੁਜਰੀ ਜੀ, ਭਾਈ ਨੰਦ ਲਾਲ ਜੀ, ਭਾਈ ਘਨ੍ਹਈਆਂ ਜੀ ਆਦਿ ਹੀ ਲਿਖਿਆ ਗਿਆ ਹੈ, ਜੋ ਕਿ ਇਨ੍ਹਾਂ ਮਹਾਨ ਆਤਮਾਵਾਂ ਦਾ ਸਿੱਖੀ, ਖਾਲਸਾਈ ਸਖਸ਼ੀਅਤ ਨੂੰ ਘਟਾ ਕੇ ਪੇਸ਼ ਕਰਨ ਦਾ ਕਦਾਚਿਤ ਮਕਸਦ ਨਹੀਂ ਹੈ।
  ਅਖੀਰ ਤੇ ਸਭ ਪਾਠਕਾਂ, ਗੁਰਮਤਿ ਦੀ ਜਾਣਕਾਰੀ ਲੈਣ ਦੀ ਇਛਾ ਨੂੰ ਜਗਦੀ ਰੱਖਣ ਵਾਲੀਆ ਗੁਰਮੁਖ ਰੂਹਾਂ ਤੋ ਆਸ ਕਰਦਾ ਹਾਂ ਕਿ ਉਹ ਇਸ ਪੁਸਤਕ ਨੂੰ ਆਪ ਪੜਣਗੇ, ਹੋਰਨਾ ਨੂੰ ਪੜਾਉਗੇ ਅਤੇ ਇਸ ਪੁਸਤਕ ਵਿੱਚ ਦਿਤੀਆ ਗੁਰਮਤਿ ਪ੍ਰਤੀ ਚੇਤਨਤਾ ਭਰਪੂਰ ਸੇਧਾਂ ਦੇ ਅਧਾਰ ਉਪਰ ‘ਬੰਦੇ ਖੋਜੁ ਦਿਲ ਹਰ ਰੋਜ` ਅਨੁਸਾਰ ਆਪਾ ਪੜਚੋਲਦੇ ਹੋਏ ਮਾਤਾ ਗੁਜਰੀ ਜੀ ਵਲੋ ਪਾਏ ਪੂਰਨਿਆ ਤੇ ਸਾਹਿਬਜਾਦਿਆਂ ਵਾਂਗ ਚਲਦੇ ਹੋਏ ਆਪਣੇ ਅਤੇ ਸਮੁੱਚੀ ਸਿੱਖ ਕੌਮ ਅੰਦਰ ਸਿੱਖੀ ਭਾਵਨਾ ਨੂੰ ਪ੍ਰਫੁਲਿਤ ਕਰਨ ਲਈ ਯਤਨਸ਼ੀਲ ਹੋਣਗੇ।
 ਦਾਸ ਵਲੋ ਅਕਾਲਪੁਰਖ ਦੇ ਚਰਨਾ ਵਿੱਚ ਇਹੀ ਅਰਦਾਸ ਹੈ।‘ਲਹੂ ਭਿੱਜੀ ਸਰਹਿੰਦ` ਨਾਮਕ ਇਸ ਪੁਸਤਕ ਦੀ ਤਿਆਰੀ/ ਪ੍ਰਕਾਸ਼ਨਾਂ ਦੌਰਾਨ ਰਹਿ ਗਈਆਂ ਤਰੁਟੀਆਂ ਅਤੇ ਹੋਈਆਂ ਭੁੱਲਾਂ ਲਈ ਖਿਮਾ ਦੇ ਜਾਚਕ ਹਾਂ ।ਤੁਹਾਡੇ ਉਤਸ਼ਾਹ ਭਰਪੂਰ ਹੁੰਗਾਰੇ/ਸੁਝਾਵਾਂ ਦੀ ਉਡੀਕ ਵਿੱਚ-
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201/6 ਸੰਤਪੁਰਾ ਕਪੂਰਥਲਾ098720-76876ਈ. ਮੇਲ-sukhjit.singh69@yahoo.com
ਲਹੂ-ਭਿੱਜੀ ਸਰਹਿੰਦ- ਕਿਸ਼ਤ ਪਹਿਲੀ-ਸੁਖਜੀਤ ਸਿੰਘ ਕਪੂਰਥਲਾ
ਆਰੰਭਿਕਾ(Chapter 1/7)
ੴਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।
ਨਾਰਾਇਨ ਨਰਪਿਤ ਨਮਸਕਾਰੈ।।
ਐਸੇ ਗੁਰ ਕਉ ਬਲਿ ਬਲਿ ਜਾਈਐ ਆਪੁ ਮੁਕਤੁ ਮੋਹਿ ਤਾਰੈ
।।   (੧੩੦੧)
ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ, ਚਵਰ ਤਖ਼ਤ ਦੇ ਮਾਲਿਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਚਰਨ ਕਮਲਾਂ ਵਿੱਚ ਜੁੜੇ ਬੈਠੇ ਗੁਰੂ ਦੇ ਪਿਆਰਿਓ, ਆਓ ਸਰਹੰਦ ਦੀ ਖ਼ੂਨੀ ਦੀਵਾਰ ਦੀ ਗਾਥਾ ਨੂੰ ਅਰੰਭ ਕਰਨ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਨੂੰ ਉਸ ਅਸਥਾਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਜੋੜਨ ਦਾ ਯਤਨ ਕਰੀਏ ਜੀ।  ਸਤਿਗੁਰੂ ਜੀ ਦੇ ਪਿਆਰ ਅਤੇ ਸਤਿਕਾਰ ਨੂੰ ਮੁੱਖ ਰੱਖਦਿਆਂ, ਗੁਰੂ ਫ਼ਤਹਿ ਦੀ ਸਾਂਝ ਪਾਈਏ। ਪਿਆਰ ਨਾਲ ਬੋਲੋ ਜੀ-
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।
ਗੁਰੂ ਪਿਆਰਿਓ! ਦੀਵਾਰਾਂ ਤਾਂ ਸੰਸਾਰ ਦੇ ਇਤਿਹਾਸ ਵਿੱਚ ਬਹੁਤ ਉਸਰੀਆਂ ਅਤੇ ਅੱਜ ਵੀ ਉਸਰ ਰਹੀਆਂ ਹਨ, ਪਰ ਕੀ ਕਾਰਨ ਹੈ ਕਿ “ਸਰਹਿੰਦ ਦੀ ਦੀਵਾਰ” ਇਤਿਹਾਸ ਦਾ ਇੱਕ ਅਹਿਮ ਹਿੱਸਾ ਬਣ ਗਈ ਹੈ ।ਦੀਵਾਰਾਂ ਤਾਂ ਅਸੀ ਅੱਜ ਵੀ ਉਸਾਰਦੇ ਹਾਂ, ਦੀਵਾਰਾਂ ਤਾਂ ਸਾਡੇ ਤੋਂ ਪਹਿਲਾਂ ਵੀ ਉਸਰਦੀਆਂ ਰਹੀਆਂ ਨੇ, ਜਦੋਂ ਅਸੀਂ ਸੰਸਾਰ `ਤੇ ਨਹੀ ਹੋਵਾਂਗੇ, ਦੀਵਾਰਾਂ ਤਾਂ ਉਸ ਸਮੇਂ ਵੀ ਉਸਰਦੀਆਂ ਰਹਿਣਗੀਆਂ।ਪਰ ਉਸ  ਸਰਹਿੰਦ ਦੀ ਦੀਵਾਰ ਵਿੱਚ ਕਿਹੜੀ ਐਸੀਂ ਖਾਸੀਅਤ ਹੈ ਕਿ ਰਹਿੰਦੀ ਦੁਨੀਆਂ ਤੱਕ ਸਰਹਿੰਦ ਦੀ ਦੀਵਾਰ ਦੀ ਗਾਥਾ ਸਾਨੂੰ ਪ੍ਰੇਰਣਾ ਦਿੰਦੀ ਰਹੇਗੀ। ਕਿਸੇ ਵਿਦਵਾਨ ਸ਼ਾਇਰ ਨੇ ਇਸ ਗੱਲ ਦਾ ਜੁਆਬ ਬੜੇ ਬਾ-ਕਮਾਲ ਲਫ਼ਜ਼ਾਂ ਵਿੱਚ ਦਿੱਤਾ ਹੈ-
ਇਹ ਦੁਨੀਆਂ ਨਹੀਂ ਕਮ ਦਿਲਿਆਂ ਦੀ, ਇਹ ਰਣ ਹੈ ਪੋਣ ਸਵਾਰ ਦਾ।
ਨੀਹਾਂ ਦੇ ਵਿੱਚ ਜੇ ਸਿਰ ਹੋਵਣ, ਮੁੱਲ ਪੈ ਜਾਏ ਦੀਵਾਰ ਦਾ।

ਉਸ ਮਹਾਨ ਸ਼ਾਇਰ ਦਾ ਜੁਆਬ ਪੜ੍ਹ ਤੇ ਸਰਹਿੰਦ ਦੀ ਦੀਵਾਰ ਦੀ ਗਾਥਾ ਸਾਡੇ ਮਨਾਂ ਨੂੰ ਖ਼ੁਦ ਬ-ਖ਼ੁਦ ਝੰਜੋੜ ਜਾਂਦੀ ਹੈ। ਜੇਕਰ ਉਹ ਸਿਰ ਵੀ ਹੋਵਣ, ਪਿਤਾ ਸ੍ਰੀ ਦਸਮੇਸ਼ ਜੀ ਦੇ ਲਾਡਲੇ ਸ਼ੇਰਾਂ ਦੇ, ਤਾਂ ਕਿਉਂ ਨਾ ਮੁੱਲ ਪਵੇਗਾ ਉਸ ਦੀਵਾਰ ਦਾ?
ਕਿਉਂ ਨਾ ਉਸ ਦੀਵਾਰ ਨੂੰ ਰਹਿੰਦੀ ਦੁਨੀਆਂ ਤੱਕ ਸਿਜਦੇ ਕੀਤੇ ਜਾਂਦੇ ਰਹਿਣਗੇ?
 ਇਥੇ ਮੈਂ ਇਸ ਸਾਕੇ ਨੂੰ ਅਰੰਭ ਕਰਨ ਤੋਂ ਪਹਿਲਾਂ ਇੱਕ ਗੱਲ ਕਹਾਂ ਗੁਰੂ ਨਾਨਕ ਦੇ ਘਰ ਜੋ ਕੁੱਝ ਵੀ ਹੋਇਆ, ਗੁਰੂ ਨਾਨਕ ਦੇ ਘਰ ਅੰਦਰ ਜਿੰਨੇ ਵੀ ਸਾਕੇ, ਘਟਨਾਵਾਂ ਹੋਈਆਂ, ਇਹ ਸਾਰਾ ਪੂਰਵ-ਨਿਰਧਾਰਤ ਪ੍ਰੋਗਰਾਮ ਹੈ ਅਤੇ ਉਹ ਵੀ ਅਕਾਲ ਪੁਰਖ ਦੇ ਹੁਕਮ ਨਾਲ। ਕੀ ਕਾਰਨ ਸੀ ਕਿ ਉਹਨਾਂ ਛੋਟੇ-ਛੋਟੇ ਬਾਲਾਂ ਨੂੰ ਸਰਹਿੰਦ ਜਾ ਕੇ ਆਪਣੀਆਂ ਸ਼ਹਾਦਤਾਂ  ਦੇਣੀਆਂ ਪਈਆਂ? ਉਹਨਾਂ ਕਾਰਨਾਂ ਨੂੰ ਦਾਸ ਵਲੋਂ ਧਿਆਨ ਨਾਲ ਵਾਚਨ ਤੋਂ ਬਾਅਦ ਜੋ ਸਮਝ ਵਿੱਚ ਬਾਤ ਆਈ ਹੈ ਕਿ ਦੁਨੀਆਂ ਵਿੱਚ, ਦੁਨੀਆਂ ਦੇ ਇਤਿਹਾਸ ਅੰਦਰ! ਬੱਚੇ ਭਗਤ ਵੀ ਹੋਏ ਹਨ, ਬੱਚਾ ਗੁਰੂ ਵੀ ਹੋਇਆ ਹੈ। ਅਤੇ:ਬੱਚੇ ਸ਼ਹੀਦ ਵੀ ਹੋਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀਂ ਤਰਤੀਬ ਨਾਲ ਦੱਸ ਦਿਆਂ, ਬਾਣੀ ਵਿੱਚ ਲਿਖਿਆ ਹੈ:
ਰਾਮ ਜਪਉ ਜੀਅ ਐਸੇ ਐਸੇ।। ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ।।(ਗਉੜੀ ਕਬੀਰ ਜੀ-੩੩੭)
ਹੁਣ ਉਹਨਾਂ ਦੀ ਉਮਰ ਕਿੰਨੀ ਹੈ?
ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ।।(ਮਾਰੂ ਮਹਲਾ ੫-੯੯੯)
ਭਗਤ ਕਬੀਰ ਜੀ ਪ੍ਰਮਾਤਮਾ ਦੀ ਬੰਦਗੀ, ਪ੍ਰਮਾਤਮਾ ਦਾ ਸਿਮਰਨ ਕਰਨ ਲਈ ਵੱਡੇ ਜਾਂ ਕਿਸੇ ਬਜ਼ੁਰਗ ਤੋ ਪ੍ਰੇਰਣਾ ਲੈਣ ਦੀ ਬਾਤ ਨਹੀ ਕਰਦੇ। ਭਗਤ ਕਬੀਰ ਜੀ ਸਾਨੂੰ ਪ੍ਰੇਰਣਾ ਕਰਦੇ ਹਨ ਕਿ ਐ ਜੀਵ! ਭਗਤ ਧ੍ਰੂ, ਭਗਤ ਪ੍ਰਹਿਲਾਦ ਕੋਲੋਂ ਸਿੱਖਿਆ ਲੈ ਕੇ ਪ੍ਰਮੇਸ਼ਰ ਦੀ ਬੰਦਗੀ, ਪ੍ਰਮੇਸ਼ਰ ਦਾ ਨਾਮ ਕਿਵੇਂ ਜਪਿਆ ਜਾਣਾ ਹੈ। ਬੱਚੇ ਭਗਤ ਵੀ ਹੋਏ ਨੇ। ਗੁਰੂ ਨਾਨਕ ਦੇ ਘਰ ਨੇ ਇੱਕ ਹੋਰ ਨਿਵੇਕਲੀ ਬਾਤ ਦਿਖਾ ਦਿੱਤੀ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਬੱਚੇ ਗੁਰੂ ਵੀ ਹੋਏ ਨੇ। ਜੀ ਹਾਂ! ਬੱਚਾ ਗੁਰੂ ਵੀ ਹੋਇਆ ਹੈ। ਲਗਭਗ ਸਵਾ ਪੰਜ ਸਾਲ ਉਮਰ ਦੇ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਜੀ ਵੀ ਹੋਏ ਹਨ। ਜੋ ਘਾਟ ਸੀ ਤਾਂ ਗੁਰੂ ਨਾਨਕ ਦੇ ਘਰ ਨੇ ਦਸਵੇਂ ਜਾਮੇ ਵਿੱਚ ਜਾ ਕੇ ਉਹ ਘਾਟ ਵੀ ਪੂਰੀ ਕਰ ਦਿੱਤੀ। ਕਿਹੜੀ? ਜੇਕਰ ਬੱਚਾ ਭਗਤ ਹੋ ਸਕਦਾ ਹੈ, ਬੱਚਾ ਗੁਰੂ ਹੋ ਸਕਦਾ ਹੈ ਤਾਂ ਬੱਚਾ ਸ਼ਹੀਦ ਵੀ ਹੋ ਸਕਦਾ ਹੈ। ਗੁਰੂ ਨਾਨਕ ਨੇ ਦਸਵੇਂ ਜਾਮੇ ਵਿੱਚ ਜਾ ਕੇ ਸਰਹਿੰਦ ਦੀ ਖ਼ੂਨੀ ਦੀਵਾਰ ਦੇ ਰਾਹੀਂ ਇਸ ਬਾਤ ਨੂੰ ਪ੍ਰੱਪਕਤਾ ਦੇ ਨਾਲ ਇਤਿਹਾਸ ਦੇ ਪੰਨਿਆਂ `ਤੇ ਉੱਕਰ ਕੇ ਰੱਖ ਦਿੱਤਾ ਕਿ ਬੱਚਾ ਸ਼ਹੀਦ ਵੀ ਹੋ ਸਕਦਾ ਹੈ। ਬਸ ਇਹੀ ਕਾਰਨ ਸੀ ਕਿ ਉਹ ਸਰਹਿੰਦ ਦੀ ਖ਼ੂਨੀ ਦੀਵਾਰ ਦੀ ਗਾਥਾ ਨੂੰ ਸਮਝਣ ਤੋਂ ਪਹਿਲਾਂ, ਸਾਨੂੰ ਉਹਨਾਂ ਪੂਰਨਿਆਂ ਨੂੰ ਸਮਝਣਾ ਪੈਣਾ ਹੈ, ਜਿਥੋਂ ਗੱਲ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤੀ ਹੈ।  ਭਾਈ ਗੁਰਦਾਸ ਜੀ ਅਨੁਸਾਰ:
ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ।।(ਵਾਰ ੧ ਪਉੜੀ ੪੫)
ਉਸ ਨਿਰਮਲ ਪੰਥ ਦੀ ਆਰੰਭਤਾ ਗੁਰੂ ਨਾਨਕ ਜੀ ਨੇ ਕਰਦਿਆਂ ਇਸ ਵਿੱਚ ਦਾਖਲੇ ਲਈ ਸ਼ਰਤ ਰੱਖ ਦਿੱਤੀ:
ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ
।।(ਸਲੋਕ ਮਹਲਾ ੧-੧੪੧੨)
ਇਹਨਾਂ ਬਚਨਾਂ ਦੀ ਪ੍ਰੋੜਤਾ ਗੁਰੂ ਅਰਜਨ ਪਾਤਸ਼ਾਹ  ਜੀ ਨੇ ਕਰ ਦਿੱਤੀ:
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ।।
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੇ ਪਾਸਿ
।।(ਸਲੋਕ ਮਹਲਾ- ੫-੧੧੦੨)
ਗੁਰੂ ਨਾਨਕ ਜੀ ਦੇ ਘਰ ਨੇ ਇਹ ਦਿਖਾਉਣਾ ਸੀ ਕਿ ਇਹਨਾਂ ਪਾਏ ਹੋਏ ਪੂਰਨਿਆਂ ਦੇ ਉੱਪਰ ਕੇਵਲ ਵੱਡੇ ਹੀ ਨਹੀ ਚੱਲਦੇ, ਇਹਨਾਂ ਪਾਏ ਪੂਰਨਿਆਂ ਉੱਪਰ ਬੱਚੇ ਵੀ ਚੱਲ ਸਕਦੇ ਹਨ। ਇਹ ਸਰਹਿੰਦ ਦੀ ਖ਼ੂਨੀ ਦੀਵਾਰ ਦਾ ਇਤਿਹਾਸ, ਗੁਰੂ ਨਾਨਕ ਜੀ ਦੇ ਇਹਨਾਂ ਪਾਏ ਪੂਰਨਿਆਂ `ਤੇ ਬੱਚਿਆਂ ਦੁਆਰਾ ਪੂਰਨਤਾ ਪ੍ਰਾਪਤ ਕਰਨ ਦਾ ਇਤਿਹਾਸ ਹੈ।
=====(ਚਲਦਾ … …)
ਸੁਖਜੀਤ ਸਿੰਘ,ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6, ਸੰਤਪੁਰਾਕਪੂਰਥਲਾ (ਪੰਜਾਬ)
(98720-76876, 01822-276876)
sukhjit.singh69@Yahoo.com
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.