ਕੈਟੇਗਰੀ

ਤੁਹਾਡੀ ਰਾਇ



ਡਾ: ਸਰਬਜੀਤ ਸਿੰਘ
ਗੁਰੂ ਗਰੰਥ ਸਾਹਿਬ ਅਨੁਸਾਰ ਬੀਜ ਮੰਤਰ, ਮੂਲ ਮੰਤਰ, ਮਹਾਂ ਮੰਤ੍ਰ ਅਤੇ ਗੁਰ ਮੰਤ੍ਰ ਕੀ ਹਨ?
ਗੁਰੂ ਗਰੰਥ ਸਾਹਿਬ ਅਨੁਸਾਰ ਬੀਜ ਮੰਤਰ, ਮੂਲ ਮੰਤਰ, ਮਹਾਂ ਮੰਤ੍ਰ ਅਤੇ ਗੁਰ ਮੰਤ੍ਰ ਕੀ ਹਨ?
Page Visitors: 3015

ਗੁਰੂ ਗਰੰਥ ਸਾਹਿਬ ਅਨੁਸਾਰ ਬੀਜ ਮੰਤਰ, ਮੂਲ ਮੰਤਰ, ਮਹਾਂ ਮੰਤ੍ਰ ਅਤੇ ਗੁਰ ਮੰਤ੍ਰ ਕੀ ਹਨ?
What is Beej Mantar, Mool Mantar, Maha Mantar and Gur Mantar according to Guru Granth Sahib (Part 2)
 ਕੁਰਾਹੇ ਪਿਆ ਮਨੁੱਖ ਗੁਰੂ ਦੀ ਮਤਿ ਦੁਆਰਾ ਹੀ ਜੀਵਨ ਦਾ ਸਹੀ ਰਸਤਾ ਸਮਝ ਸਕਦਾ ਹੈ। ਮਾਇਆ ਮੋਹ ਦੇ ਘੁੱਪ ਹਨੇਰੇ ਵਿੱਚ ਫਸਿਆ ਹੋਇਆ ਮਨੁੱਖ ਗੁਰੂ ਦੇ ਸਬਦ ਦੁਆਰਾ ਸਹੀ ਤੇ ਉੱਚੇ ਆਤਮਕ ਜੀਵਨ ਦਾ ਚਾਨਣ ਹਾਸਲ ਕਰ ਸਕਦਾ ਹੈ। ਗੁਰੂ ਦੁਆਰਾ ਉਸ ਅਕਾਲ ਪੁਰਖੁ ਨਾਲ ਜਾਣ ਪਛਾਣ ਬਣ ਜਾਂਦੀ ਹੈ, ਜਿਸ ਨੇ ਇਹ ਸਾਰਾ ਜਗਤ ਪੈਦਾ ਕੀਤਾ ਹੈ। ਗੁਰੂ ਆਤਮਕ ਅਵਸਥਾ ਵਿੱਚ ਕਰਤਾਰ ਨਾਲ ਇੱਕ ਸੁਰ ਹੋਣ ਕਰਕੇ ਉਸ ਕਰਤਾਰ ਦਾ ਰੂਪ ਹੈ, ਜੋ ਸਭ ਕੁੱਝ ਕਰਨ ਦੇ ਸਮਰਥ ਹੈ। ਗੁਰੂ ਉਸ ਪਰਮੇਸਰ ਦਾ ਰੂਪ ਹੈ, ਜੋ ਪਹਿਲਾਂ ਵੀ ਮੌਜੂਦ ਸੀ, ਹੁਣ ਵੀ ਮੌਜੂਦ ਹੈ ਅਤੇ ਸਦਾ ਕਾਇਮ ਰਹੇਗਾ। ਗੁਰੂ ਸਾਹਿਬ ਸਾਨੂੰ ਸਪਸ਼ਟ ਕਰਕੇ ਸਮਝਾਂਦੇ ਹਨ ਕਿ ਮੇਰੇ ਲਈ ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤੀ ਹੈ ਤੇ ਗੁਰੂ ਦੇ ਸਬਦ ਦੁਆਰਾ ਬਣੀ ਹੋਈ ਅਜੇਹੀ ਮੂਰਤੀ ਦਾ ਮੇਰੇ ਮਨ ਵਿੱਚ ਧਿਆਨ ਟਿਕਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਦੁਆਰਾ ਮੇਰਾ ਮਨ ਅਕਾਲ ਪੁਰਖੁ ਦੇ ਨਾਮੁ ਰੂਪੀ ਮੰਤ੍ਰ ਨੂੰ ਹੋਰ ਸਭ ਮੰਤ੍ਰਾਂ ਤੋਂ ਸ੍ਰੇਸ਼ਟ ਮੰਤ੍ਰ ਸਮਝਦਾ ਹੈ। ਮੈਂ ਤਾਂ ਗੁਰੂ ਦੇ ਚਰਨ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹਾਂ ਤੇ ਗੁਰੂ ਨੂੰ ਅਕਾਲ ਪੁਰਖੁ ਦਾ ਰੂਪ ਜਾਣ ਕੇ ਉਸ ਨੂੰ ਸਦਾ ਨਮਸਕਾਰ ਕਰਦਾ ਰਹਿੰਦਾ ਹਾਂ। ਗੁਰੂ ਸਾਹਿਬ ਸਾਨੂੰ ਸੁਚੇਤ ਕਰਦੇ ਹਨ ਕਿ ਦੁਨੀਆਂ ਦੇ ਭਰਮਾਂ ਤੇ ਝਮੇਲਿਆਂ ਵਿੱਚ ਭਟਕ ਕੇ ਇਹ ਗੱਲ ਨਹੀਂ ਭੁੱਲ ਜਾਣੀ, ਕਿ ਗੁਰੂ ਤੋਂ ਬਿਨਾ ਕੋਈ ਵੀ ਜੀਵ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ। ਇਹ ਗੁਰੁ ਦਾ ਸ਼ਬਦ ਹੀ ਅਜੇਹਾ ਮੰਤ੍ਰ ਹੈ ਜਿਸ ਨੂੰ ਅਸੀਂ ਆਪਣੇ ਹਿਰਦੇ ਵਿੱਚ ਵਸਾ ਕੇ ਆਪਣਾ ਮਨੁੱਖਾ ਜੀਵਨ ਸਫਲ ਕਰ ਸਕਦੇ ਹਾਂ।
ਗੋਂਡ ਮਹਲਾ ੫॥
ਗੁਰ ਕੀ ਮੂਰਤਿ ਮਨ ਮਹਿ ਧਿਆਨੁ॥ ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ॥
 ਗੁਰ ਕੇ ਚਰਨ ਰਿਦੈ ਲੈ ਧਾਰਉ॥ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ॥ ੧॥
ਮਤ ਕੋ ਭਰਮਿ ਭੁਲੈ ਸੰਸਾਰਿ॥ ਗੁਰ ਬਿਨੁ ਕੋਇ ਨ ਉਤਰਸਿ ਪਾਰਿ
॥ ੧॥ ਰਹਾਉ॥ (੮੬੪)
ਕੁਝ ਲੋਕ ਭਾਈ ਗੁਰਦਾਸ ਜੀ ਦੀ ਹੇਠ ਲਿਖੀ ਵਾਰ ਦਾ ਹਵਾਲਾ ਦੇ ਕੇ "ਵਾਹਿਗੁਰੂ" ਲਫਜ਼ ਦਾ ਮੰਤ੍ਰ ਦੀ ਤਰ੍ਹਾਂ ਰਟਨ ਕਰਨ ਲਈ ਅਤੇ "ਵਾਹਿਗੁਰੂ" ਲਫਜ਼ ਦਾ ਨਾਮੁ ਜਪਣ ਲਈ ਸਬੂਤ ਦਿੰਦੇ ਹਨ। ਵਾਹਿਗੁਰੂ ਵਿੱਚ ੪ ਅੱਖਰ ਹਨ, ਵ = ਵਿਸ਼ਨੂ ਨਾਮੁ ਜਪਾਇਆ, ਹ = ਹਰਿ ਹਰਿ ਨਾਮੁ ਜਪਾਇਆ, ਰ = ਰਾਮ ਨਾਮੁ ਜਪਾਇਆ, ਗ = ਗੋਵਿੰਦ ਨਾਮੁ ਜਪਾਇਆ। ਇਹ ਚਾਰੇ ਜਾਣੇ ਅਕਾਲ ਪੁਰਖੁ ਵਿੱਚ ਸਮਾ ਗਏ (ਪੰਚਾਇਣ ਵਿੱਚ ਜਾਇ ਸਮਾਵੈ)। ਇਥੇ ਵੀ ਧਿਆਨ ਨਾਲ ਵੇਖੀਏ ਤਾਂ ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰ ਵਿੱਚ "ਵਾਹਿਗੁਰੂ" ਲਫਜ਼ ਦਾ ਰਟਨ ਕਰਨ ਲਈ ਨਹੀਂ ਕਹਿ ਰਹੇ ਹਨ, ਬਲਕਿ ਇਹੀ ਸਮਝਾ ਰਹੇ ਹਨ ਕਿ "ਵਾਹਿਗੁਰੂ ਜਪ ਮੰਤ੍ਰ ਜਪਾਵੈ", ਭਾਵ ਸਬਦ ਨੂੰ ਜਪ ਕੇ ਹੀ ਮੰਤ੍ਰ ਬਣਾਣਾ ਹੈ, ਤਾਂ ਹੀ ਜਿਸ ਅਕਾਲ ਪੁਰਖੁ ਨੇ ਸਭ ਨੂੰ ਪੈਦਾ ਕੀਤਾ ਹੈ, ਉਸ ਅਕਾਲ ਪੁਰਖੁ ਵਿੱਚ ਅਸੀਂ ਸਮਾ ਸਕਦੇ ਹਾਂ। ਇਥੇ ਇਹ ਵੀ ਧਿਆਨ ਵਿੱਚ ਰੱਖਣਾ ਹੈ ਕਿ ਇਸ ਵਾਰ ਵਿੱਚ ਅਕਾਲ ਪੁਰਖੁ ਉਸਤਤ ਕਰਨ ਤੇ ਉਸ ਬਾਰੇ ਸਮਝਾਣ ਦਾ ਇੱਕ ਤਰੀਕਾ ਹੈ।
ਸਤਿਜੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ।
ਦੁਆਪਰ ਸਤਿਗੁਰ ਹਰੀਕ੍ਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ।
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ।
ਕਲਿਜੁਗ ਨਾਨਕ ਗੁਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ।
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿੱਚ ਜਾਇ ਸਮਾਵੈ।
ਚਾਰੋਂ ਅਛਰ ਇੱਕ ਕਰ ਵਾਹਿਗੁਰੂ ਜਪ ਮੰਤ੍ਰ ਜਪਾਵੈ।
ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ
। ੪੯। ੧। (੧-੪੯-੭)
ਗੁਰੂ ਸਾਹਿਬ ਵੀ ਇਹੀ ਸਮਝਾਂਦੇ ਹਨ, ਕਿ ਮੇਰੀ ਕੀ ਤਾਕਤ ਹੈ, ਕਿ ਮੈਂ ਅਕਾਲ ਪੁਰਖ ਦੀ ਕੁਦਰਤਿ ਤੇ ਉਸ ਦੀ ਵੀਚਾਰ ਕਰ ਸਕਾਂ?
  ਹੇ ਅਕਾਲ ਪੁਰਖ! ਮੈਂ ਤਾਂ ਤੇਰੇ ਉਤੋਂ ਇੱਕ ਵਾਰੀ ਵੀ ਸਦਕੇ ਜਾਣ ਜੋਗਾ ਨਹੀਂ ਹਾਂ, ਅਕਾਲ ਪੁਰਖ ਦੇ ਸਾਹਮਣੇ ਮੇਰੀ ਹਸਤੀ ਬਹੁਤ ਹੀ ਛੋਟੀ ਹੈ। ਹੇ ਨਿਰੰਕਾਰ! ਤੂੰ ਸਦਾ ਥਿਰ ਰਹਿਣ ਵਾਲਾ ਹੈ, ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ, ਭਾਵ, ਤੇਰੀ ਰਜ਼ਾ ਵਿੱਚ ਰਹਿਣਾ ਹੀ ਸਾਡੇ ਵਰਗੇ ਜੀਵਾਂ ਲਈ ਭਲੇ ਵਾਲੀ ਗੱਲ ਹੈ। ਅਣਗਿਣਤ ਧਰਤੀਆਂ ਤੇ ਅਣਗਿਣਤ ਜੀਵ ਅਕਾਲ ਪੁਰਖ ਨੇ ਰਚੇ ਹਨ? ਮਨੁੱਖਾਂ ਦੀ ਕਿਸੇ ਬੋਲੀ ਵਿੱਚ ਕੋਈ ਐਸਾ ਲਫ਼ਜ਼ ਹੀ ਨਹੀਂ ਜੋ ਇਹ ਲੇਖਾ ਦੱਸ ਸਕੇ।  
    ਇਹ ਬੋਲੀ ਵੀ ਰੱਬ ਵਲੋਂ ਇੱਕ ਦਾਤ ਮਿਲੀ ਹੈ, ਪਰ ਇਹ ਮਿਲੀ ਹੈ, ਉਸ ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਕਰਨ ਲਈ। ਇਸ ਲਈ ਇਹ ਕਦੀ ਨਹੀਂ ਹੋ ਸਕਦਾ ਕਿ ਕਿਸੇ ਬੋਲੀ ਦੇ ਖਾਸ ਅੱਖਰ ਨੂੰ ਵਾਰ ਵਾਰ ਬੋਲ ਕੇ, ਮਨੁੱਖ ਅਕਾਲ ਪੁਰਖ ਦਾ ਅੰਤ ਪਾ ਸਕੇ। ਇਸ ਲਈ ਗੁਰਸਿੱਖ ਨੇ ਅਕਾਲ ਪੁਰਖੁ ਨੂੰ ਅੱਖਰਾਂ ਤੱਕ ਸਮਿਤ ਨਹੀਂ ਕਰਨਾਂ ਹੈ।
ਅਸੰਖ ਨਾਵ ਅਸੰਖ ਥਾਵ॥ ਅਗੰਮ ਅਗੰਮ ਅਸੰਖ ਲੋਅ॥ ਅਸੰਖ ਕਹਹਿ ਸਿਰਿ ਭਾਰੁ ਹੋਇ॥
 ਅਖਰੀ ਨਾਮੁ ਅਖਰੀ ਸਾਲਾਹ॥ ਅਖਰੀ ਗਿਆਨੁ ਗੀਤ ਗੁਣ ਗਾਹ॥
 ਅਖਰੀ ਲਿਖਣੁ ਬੋਲਣੁ ਬਾਣਿ॥ ਅਖਰਾ ਸਿਰਿ ਸੰਜੋਗੁ ਵਖਾਣਿ॥
 ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ॥ ਜਿਵ ਫੁਰਮਾਏ ਤਿਵ ਤਿਵ ਪਾਹਿ॥
 ਜੇਤਾ ਕੀਤਾ ਤੇਤਾ ਨਾਉ॥ ਵਿਣੁ ਨਾਵੈ ਨਾਹੀ ਕੋ ਥਾਉ॥
 ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥
 ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ
॥ ੧੯॥ (੪)
ਗੁਰੂ ਗਰੰਥ ਸਾਹਿਬ ਵਿੱਚ
 ਪੱਟੀ, {ਰਾਗੁ ਆਸਾ ਮਹਲਾ ੧ ਪਟੀ ਲਿਖੀ (੪੩੨), ਰਾਗੁ ਆਸਾ ਮਹਲਾ ੩ ਪਟੀ (੪੩੪)},
 ਬਾਵਨ ਅਖਰੀ, {ਗਉੜੀ ਬਾਵਨ ਅਖਰੀ ਮਹਲਾ ੫ (੨੫੦), ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ (੩੪੦)},
 ਬਾਰਹਮਾਹ, {ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ (੧੧੦੭), ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ (੧੩੩)},
 ਸਿਰਲੇਖ ਨਾਲ ਲਿਖੀਆਂ ਬਾਣੀਆਂ ਬਿਲਕੁਲ ਇਸੇ ਤਰ੍ਹਾਂ ਦੇ ਪ੍ਰਮਾਣਾਂ ਦਾ ਪ੍ਰਤੀਕ ਹਨ। ਇਨ੍ਹਾਂ ਬਾਣੀਆਂ ਵਿੱਚ ਗੁਰੂ ਸਾਹਿਬ ਅੱਖਰਾਂ ਜਾਂ ਮਹੀਨਿਆਂ ਦੀ ਪੂਜਾ ਕਰਨ ਲਈ ਨਹੀਂ ਕਹਿ ਰਹੇ ਹਨ, ਤੇ ਨਾ ਹੀ ਉਹਨਾਂ ਅੱਖਰਾਂ ਜਾਂ ਮਹੀਨਿਆਂ ਨੂੰ ਜੋੜ ਕੇ ਰਟਨ ਕਰਨ ਲਈ ਕਹਿ ਰਹੇ ਹਨ। ਬਲਕਿ ਸਾਨੂੰ ਇਹੀ ਸਮਝਾਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਹਰੇਕ ਤਰੀਕੇ ਨਾਲ ਅਕਾਲ ਪੁਰਖ ਦੇ ਗੁਣ ਗਾਏ ਜਾ ਸਕਦੇ ਹਨ ਤੇ ਉਸ ਦੇ ਨਾਲ ਸਾਂਝ ਪਾਈ ਜਾ ਸਕਦੀ ਹੈ।
ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ॥
 ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ॥
 ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ॥
 ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ
॥ ੫੪॥ ੧॥ (੯੩੮)
ਇਸ ਲੋਕ ਵਿੱਚ ਤੇ ਪਰਲੋਕ ਵਿੱਚ ਅਕਾਲ ਪੁਰਖ ਹੀ ਸਦਾ ਸਹਾਇਤਾ ਕਰਨ ਵਾਲਾ ਹੈ, ਜਿੰਦ ਦੇ ਨਾਲ ਰਹਿਣ ਵਾਲਾ ਹੈ, ਤੇ ਉਹ ਅਕਾਲ ਪੁਰਖ ਹੀ ਸਾਡੇ ਕੰਮ ਆਉਣ ਵਾਲਾ ਹੈ। ਇਸ ਲਈ ਸਾਧ ਸੰਗਤਿ ਵਿੱਚ ਬੈਠ ਕੇ ਅਕਾਲ ਪੁਰਖ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ ਰੂਪੀ ਅੰਮ੍ਰਿੰਤ ਪੀਣਾ ਹੈ। ਮਹਾਂ ਪੁਰਖਾਂ ਦੀ ਬਾਣੀ ਹੀ ਮੰਤ੍ਰ ਹੈ, ਤੇ ਗੁਰਬਾਣੀ ਦੁਆਰਾ ਮਹਾਂ ਪੁਰਖਾਂ ਦਾ ਦਿਤਾ ਗਿਆ ਉਪਦੇਸ਼ ਹੀ ਮਨ ਦਾ ਹੰਕਾਰ ਦੂਰ ਕਰਨ ਲਈ ਸਮਰਥ ਹੈ। ਆਤਮਕ ਸ਼ਾਂਤੀ ਵਾਸਤੇ ਅਕਾਲ ਪੁਰਖ ਦਾ ਨਾਮੁ ਹੀ ਸੁਖਾਂ ਦਾ ਸਥਾਨ ਹੈ ਤੇ ਇਹ ਸਥਾਨ ਸਾਧ ਸੰਗਤਿ ਵਿੱਚ ਗੁਰਬਾਣੀ ਦੁਆਰਾ ਖੋਜ ਕਰਨ ਨਾਲ ਹੀ ਲੱਭਿਆ ਜਾ ਸਕਦਾ ਹੈ। ਇਸ ਲਈ ਹਮੇਸ਼ਾਂ ਧਿਆਨ ਵਿੱਚ ਰੱਖਣਾ ਹੈ ਕਿ ਗੁਰਬਾਣੀ ਰਟਨ ਕਰਨ ਲਈ ਕੋਈ ਮੰਤ੍ਰ ਨਹੀਂ ਹੈ, ਇਸ ਬਾਣੀ ਵਿਚੋਂ ਅਕਾਲ ਪੁਰਖ ਨੂੰ ਖੋਜਣਾਂ ਹੈ।
ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ॥
 ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ
॥ ੨॥ ੧॥ ੨੦॥ (੧੨੦੮)
ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਗੁਰੂ ਗਰੰਥ ਸਾਹਿਬ ਅਨੁਸਾਰ ਕਿਸੇ ਤਰ੍ਹਾਂ ਦਾ ਰਟਨ ਪ੍ਰਵਾਨ ਨਹੀਂ ਹੈ।
* ਗੁਰਦੁਆਰਾ ਸਾਹਿਬਾਂ ਵਿੱਚ ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਪ੍ਰਚਾਰਕ ਗੁਰਬਾਣੀ ਦੇ ਕੁੱਝ ਸਬਦਾਂ ਦੇ ਇਕੱਠ ਨੂੰ ਵੱਖ ਵੱਖ ਤਰ੍ਹਾਂ ਦੇ ਮੰਤ੍ਰਾਂ ਦਾ ਨਾਂ ਦਿੰਦੇ ਰਹਿੰਦੇ ਹਨ, ਤੇ ਉਸ ਨੂੰ ਸਿਧ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਪ੍ਰਮਾਣ ਵੀ ਦਿੰਦੇ ਰਹਿੰਦੇ ਹਨ, ਪਰੰਤੂ ਕਿਸੇ ਵੀ ਪ੍ਰਚਾਰਕ ਨੇ ਕਦੇ ਵੀ ਆਪਣਾ ਪ੍ਰਮਾਣ ਗੁਰੂ ਗਰੰਥ ਸਾਹਿਬ ਦੇ ਆਧਾਰ ਤੇ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਹੈ।
* ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੇ ਆਧਾਰ ਤੇ ਵੇਖਿਆ ਜਾਵੇਂ ਤਾਂ ਕਿਤੇ ਵੀ ਇਹ ਨਹੀਂ ਕਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਖਾਸ ਅੱਖਰੀ ਸ਼ਬਦ ਜਾਂ ਕੁੱਝ ਅੱਖਰੀ ਸ਼ਬਦਾ ਦਾ ਜੋੜ, ਬੀਜ ਮੰਤ੍ਰ, ਮੂਲ ਮੰਤ੍ਰ, ਮਹਾਂ ਮੰਤ੍ਰ, ਜਾਂ ਗੁਰ ਮੰਤ੍ਰ ਹੈ। ਇਹ ਸਾਰੀ ਵੰਡ ਸਾਡੀ ਆਪਣੀ ਬਣਾਈ ਹੋਈ ਹੈ
* ਦਸਵੇਂ ਪਤਾਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਸੀ, ਕਿ ਹਰੇਕ ਸਿੱਖ ਨੇ ਗੁਰੂ ਗਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਸਮਝਣਾ ਹੈ। ਇਸ ਲਈ ਸਿੱਖ ਨੇ ਜੋ ਵੀ ਸਿਖਿਆ ਲੈਣੀ ਹੈ ਜਾਂ ਨਿਰਣਾ ਕਰਨਾ ਹੈ, ਉਹ ਸਿਰਫ ਤਾਂ ਸਿਰਫ ਗੁਰੂ ਗਰੰਥ ਸਾਹਿਬ ਦੇ ਆਧਾਰ ਤੇ ਹੀ ਕਰਨਾ ਹੈ ਤੇ ਗੁਰੂ ਗਰੰਥ ਸਾਹਿਬ ਵਿਚੋਂ ਹੀ ਖੋਜਣਾ ਹੈ।
* ਅਕਾਲ ਪੁਰਖੁ ਦਾ ਨਾਮੁ ਹੀ ਬੀਜ ਮੰਤ੍ਰੁ ਹੈ ਤੇ ਗਿਆਨ ਦਾ ਸੋਮਾ ਹੈ, ਜਿਹੜਾ ਕਿ ਸਬਦ ਗੁਰੂ ਦੀ ਸੰਗਤਿ ਵਿੱਚ ਰਹਿ ਕੇ ਮਿਲ ਸਕਦਾ ਹੈ।
* ਸਤਿਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਨਾਲ ਮਨੁੱਖ ਨੂੰ ਸੋਝੀ ਆ ਜਾਂਦੀ ਹੈ, ਮਨੁੱਖ ਅਕਾਲ ਪੁਰਖੁ ਦਾ ਨਾਮੁ ਮੰਤ੍ਰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦਾ ਹੈ, ਤੇ ਅਡੋਲ ਅਵਸਥਾ ਵਿੱਚ ਟਿਕਿਆ ਰਹਿ ਸਕਦਾ ਹੈ।
* ਗੁਰੂ ਸਾਹਿਬ ਸਮਝਾਂਦੇ ਹਨ ਕਿ ਮੇਰੇ ਹਿਰਦੇ ਵਿੱਚ ਸਤਿਗੁਰੂ ਦਾ ਸ਼ਬਦ ਰੂਪੀ ਮਹਾਂ ਬਲੀ ਮੰਤ੍ਰ ਵੱਸ ਰਿਹਾ ਹੈ, ਮੈਂ ਅਕਾਲ ਪੁਰਖੁ ਦਾ ਨਾਮੁ ਸੁਣਦੀ ਰਹਿੰਦੀ ਹਾਂ, ਇਸ ਵਾਸਤੇ ਮੈਂ ਵਿਕਾਰਾਂ ਦੀ ਕਾਲਖ ਨਾਲ ਕਾਲੀ ਨਹੀਂ ਹੋਈ ਹਾਂ।
ਮਹਾ ਮੰਤ੍ਰੁ ਕੋਈ ਖਾਸ ਸ਼ਬਦਾਂ ਦਾ ਜੋੜ ਨਹੀਂ ਹੈ, ਬਲਕਿ ਗੁਰਬਾਣੀ ਦੁਆਰਾ, ਅਕਾਲ ਪੁਰਖੁ ਦੇ ਨਾਮੁ ਦੁਆਰਾ, ਉਸ ਅਕਾਲ ਪੁਰਖੁ ਦੀ ਵਡਿਆਈ ਹੀ ਸਭ ਤੋਂ ਵੱਡਾ ਮੰਤ੍ਰ ਹੈ।
* ਪੂਰੇ ਗੁਰੂ ਗਰੰਥ ਸਾਹਿਬ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਹੈ ਕਿ "ਵਾਹਿਗੁਰੂ" ਅਕਾਲ ਪੁਰਖ ਦਾ ਨਾਮੁ ਹੈ। ਇਹ ਵੀ ਲੋਕਾਂ ਨੇ ਵਾਰ ਵਾਰ ਪ੍ਰਾਪੇਗੰਡਾ ਕਰਕੇ ਆਪਣੇ ਕੋਲੋ ਬਣਾ ਲਿਆ ਹੈ ਕਿ "ਵਾਹਿਗੁਰੂ" ਦਾ ਰਟਨ ਨਾਮੁ ਹੈ।
* ਗੁਰੂ ਸਾਹਿਬਾਂ ਨੇ ਅਕਾਲ ਪੁਰਖੁ ਦਾ ਕੋਈ ਵੀ ਇੱਕ ਅਖਰੀ ਨਾਂ ਨੀਯਤ ਨਹੀਂ ਕੀਤਾ ਹੈ ਤੇ ਨਾ ਹੀ ਗੁਰਬਾਣੀ ਵਿੱਚ ਏਕਾ ਸ਼ਬਦੀ ਵਾਲਿਆ ਨੂੰ ਪਰਵਾਨ ਕੀਤਾ ਗਿਆ ਹੈ।
"ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ॥ ੨॥ (੬੫੪-੬੫੫) "
* ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਸਪਸ਼ਟ ਕਰਕੇ ਸਮਝਾਂਦੇ ਹਨ ਕਿ ਗੁਰੂ ਦਾ ਸਬਦ ਭਾਵ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਕਿਸ ਤਰ੍ਹਾਂ ਮੰਤ੍ਰ ਬਣ ਸਕਦੀ ਹੈ। ਆਪਣਾ ਧਿਆਨ ਗੁਰੂ ਦੇ ਸ਼ਬਦ ਵਿੱਚ ਜੋੜਨਾ ਹੈ, ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਕੇ ਆਪਣੀ ਹਉਮੈਂ ਦੂਰ ਕਰਨੀ ਹੈ। ਆਪਣਾ ਆਪ ਗਵਾ ਕੇ, ਆਪਣੇ ਆਪ ਨੂੰ ਗੁਰੂ ਦੇ ਅੱਗੇ ਅਰਪਨ ਕਰਕੇ, ਆਪਣੇ ਆਪ ਨੂੰ ਗੁਰੂ ਦੇ ਸ਼ਬਦ ਅਨੁਸਾਰ ਢਾਲ ਕੇ, ਅਕਾਲ ਪੁਰਖੁ ਦੇ ਗੁਣਾਂ ਨਾਲ ਪਰੋ ਲੈਣਾ ਹੈ।
ਭਾਈ ਗੁਰਦਾਸ ਜੀ ਨੇ ਆਪਣੀ ਕਿਸੇ ਵੀ ਵਾਰ ਵਿੱਚ ਇਹ ਨਹੀਂ ਕਿਹਾ ਹੈ, ਕਿ ਵਾਹਿਗੁਰੂ ਨਾਮੁ ਹੈ।
ਭਾਈ ਗੁਰਦਾਸ ਜੀ ਨੇ ਆਪਣੀਆਂ ਹੋਰ ਬਹੁਤ ਸਾਰੀਆਂ ਵਾਰਾਂ ਵਿੱਚ ਸਪੱਸ਼ਟ ਕੀਤਾ ਹੈ ਕਿ "ਵਾਹਿਗੁਰੂ", "ਸਬਦੁ" ਹੈ।
ਭਾਈ ਗੁਰਦਾਸ ਜੀ ਨੇ ਹੀ ਆਪਣੀ ਵਾਰ ਵਿੱਚ ਸੁਚੇਤ ਕਰਕੇ ਸਮਝਾਇਆ ਹੈ ਕਿ ਉਸ ਜੀਭ ਉਪਰ ਲਾਹਨਤ ਹੈ, ਜਿਹੜੀ ਕਿ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰੂ ਦੇ ਸਬਦ ਤੋਂ ਬਿਨਾਂ ਕਿਸੇ ਹੋਰ ਮੰਤ੍ਰ ਨੂੰ ਸਿਮਰਦੀ ਰਹਿੰਦੀ ਹੈ।
 "ਧ੍ਰਿਗ ਜਿਹਬਾ ਗੁਰ ਸਬਦ ਵਿਣੁ ਹੋਰ ਮੰਤ੍ਰ ਸਿਮਰਣੀ।"
ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰ ਵਿੱਚ ਸਮਝਾਇਆ ਹੈ ਕਿ "ਮੂਲੁ ਮੰਤ੍ਰ" ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਕੀਤਾ ਗੁਰੂ ਦਾ ਸਬਦ ਹੀ ਹੈ, ਤੇ ਇਹ ਸੱਚਾ ਸਬਦ ਸਤਿਗੁਰੂ ਨੇ ਆਪ ਸੁਣਾਇਆ ਹੈ।
 "ਮੰਤ੍ਰ ਮੂਲੁ ਗੁਰੁ ਵਾਕ ਹੈ ਸਚੁ ਸਬਦੁ ਸਤਿਗੁਰੂ ਸੁਣਾਏ। (੪੦-੨੨-੨) "
* ਗੁਰਸਿੱਖ ਲਈ ਹਰੇਕ ਤਰ੍ਹਾਂ ਦਾ ਮੰਤ੍ਰ (ਬੀਜ ਮੰਤਰ, ਮੂਲ ਮੰਤਰ, ਮਹਾਂ ਮੰਤ੍ਰ ਅਤੇ ਗੁਰ ਮੰਤ੍ਰ) ਸਭ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਕੀਤਾ, ਗੁਰੂ ਦਾ ਸਬਦ ਹੀ ਹੈ, ਭਾਵ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਕੀਤੀ ਬਾਣੀ ਹੀ ਗੁਰਸਿੱਖ ਲਈ ਹਰੇਕ ਤਰ੍ਹਾਂ ਦਾ ਮੰਤ੍ਰ ਹੈ।
* ਗੁਰੂ ਗਰੰਥ ਸਾਹਿਬ ਵਿੱਚ ਨਾਮੁ/ਨਾਮ (Naam) ਦਾ ਲਫਜ਼ ੪੦੦੦ ਤੋਂ ਵੱਧ ਵਾਰੀ ਆਇਆ ਹੈ, ਪਰੰਤੂ ਇਹ ਕਿਤੇ ਵੀ ਨਹੀਂ ਕਿਹਾ ਗਿਆ ਹੈ ਕਿ ਨਾਮੁ ਦਾ ਅਰਥ "ਵਾਹਿਗੁਰੂ" ਲਫਜ਼ ਨੂੰ ਵਾਰ ਵਾਰ ਦੁਹਰਾਈ ਜਾਂਣਾ ਹੈ।
* ਗੁਰੂ ਗਰੰਥ ਸਾਹਿਬ ਵਿੱਚ ੬ ਗੁਰੂ ਸਾਹਿਬਾਂ ਦੀ ਬਾਣੀ ਅੰਕਿਤ ਹੈ। ਇਨ੍ਹਾਂ ੬ ਗੁਰੂ ਸਾਹਿਬਾਂ ਵਿਚੋਂ ਕਿਸੇ ਵੀ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ "ਵਾਹਿਗੁਰੂ" ਲਫਜ਼ ਦੀ ਵਰਤੋਂ ਨਹੀਂ ਕੀਤੀ ਹੈ।
* ਅੱਜਕਲ ਕੋਈ ਵਿਰਲਾ ਹੀ ਸਬਦ ਗਾਇਨ ਕਰਨ ਵਾਲਾ ਬਚਿਆ ਹੈ, ਜਿਹੜਾ ਕਿ ਗੁਰਬਾਣੀ ਨੂੰ ਬਦਲਦਾ ਨਹੀਂ ਜਾਂ ਵਾਧ ਘਾਟ ਨਹੀਂ ਕਰਦਾ। ਪਿਛਲੇ ੫੦ ਸਾਲਾਂ ਤੋਂ ਅਜੇਹੀ ਮਿਲਾਵਟ ਦਿਨੋਂ ਦਿਨ ਵਧਦੀ ਜਾ ਰਹੀ ਹੈ।
* ਗੁਰੂ ਸਾਹਿਬ ਸਾਨੂੰ ਸਪਸ਼ਟ ਕਰਕੇ ਸਮਝਾਂਦੇ ਹਨ ਕਿ ਮੇਰੇ ਲਈ ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤੀ ਹੈ ਤੇ ਗੁਰੂ ਦੇ ਸ਼ਬਦ ਰਾਹੀਂ ਮੇਰਾ ਮਨ ਅਕਾਲ ਪੁਰਖੁ ਦੇ ਨਾਮੁ ਰੂਪੀ ਮੰਤ੍ਰ ਨੂੰ ਹੋਰ ਸਭ ਮੰਤ੍ਰਾਂ ਤੋਂ ਸ੍ਰੇਸ਼ਟ ਮੰਤ੍ਰ ਸਮਝਦਾ ਹੈ। ਗੁਰੁ ਦਾ ਸ਼ਬਦ ਹੀ ਅਜੇਹਾ ਮੰਤ੍ਰ ਹੈ ਜਿਸ ਨੂੰ ਅਸੀਂ ਆਪਣੇ ਹਿਰਦੇ ਵਿੱਚ ਵਸਾ ਕੇ ਆਪਣਾ ਮਨੁੱਖਾ ਜੀਵਨ ਸਫਲ ਕਰ ਸਕਦੇ ਹਾਂ।
* ਇਹ ਕਦੀ ਨਹੀਂ ਹੋ ਸਕਦਾ ਕਿ ਕਿਸੇ ਬੋਲੀ ਦੇ ਖਾਸ ਅੱਖਰ ਨੂੰ ਵਾਰ ਵਾਰ ਬੋਲ ਕੇ, ਮਨੁੱਖ ਅਕਾਲ ਪੁਰਖ ਦਾ ਅੰਤ ਪਾ ਸਕੇ। ਇਸ ਲਈ ਗੁਰਸਿੱਖ ਨੇ ਅਕਾਲ ਪੁਰਖੁ ਨੂੰ ਅੱਖਰਾਂ ਤੱਕ ਸੀਮਤ ਨਹੀਂ ਕਰਨਾਂ ਹੈ।
* ਗੁਰੂ ਗਰੰਥ ਸਾਹਿਬ ਵਿੱਚ ਪੱਟੀ, ਬਾਵਨ ਅਖਰੀ, ਬਾਰਹਮਾਹ, ਸਿਰਲੇਖ ਨਾਲ ਲਿਖੀਆਂ ਬਾਣੀਆਂ ਵਿੱਚ ਗੁਰੂ ਸਾਹਿਬ ਅੱਖਰਾਂ ਜਾਂ ਮਹੀਨਿਆਂ ਦੀ ਪੂਜਾ ਕਰਨ ਲਈ ਨਹੀਂ ਕਹਿ ਰਹੇ ਹਨ, ਤੇ ਨਾ ਹੀ ਉਹਨਾਂ ਅੱਖਰਾਂ ਜਾਂ ਮਹੀਨਿਆਂ ਨੂੰ ਜੋੜ ਕੇ ਰਟਨ ਕਰਨ ਲਈ ਕਹਿ ਰਹੇ ਹਨ।
* ਮਹਾਂ ਪੁਰਖਾਂ ਦੀ ਬਾਣੀ ਹੀ ਮੰਤ੍ਰ ਹੈ, ਤੇ ਗੁਰਬਾਣੀ ਦੁਆਰਾ ਮਹਾਂ ਪੁਰਖਾਂ ਦਾ ਦਿਤਾ ਗਿਆ ਉਪਦੇਸ਼ ਹੀ ਮਨ ਦਾ ਹੰਕਾਰ ਦੂਰ ਕਰਨ ਲਈ ਸਮਰਥ ਹੈ। ਇਸ ਲਈ ਹਮੇਸ਼ਾਂ ਧਿਆਨ ਵਿੱਚ ਰੱਖਣਾ ਹੈ ਕਿ ਗੁਰਬਾਣੀ ਰਟਨ ਕਰਨ ਲਈ ਕੋਈ ਮੰਤ੍ਰ ਨਹੀਂ ਹੈ, ਇਸ ਗੁਰਬਾਣੀ ਵਿਚੋਂ ਅਕਾਲ ਪੁਰਖ ਨੂੰ ਖੋਜਣਾ ਹੈ।
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਹੀ ਗੁਰਸਿੱਖ ਲਈ ਮੰਤ੍ਰ, ਜਿਸ ਵਿਚੋਂ ਅਕਾਲ ਪੁਰਖ ਨੂੰ ਖੋਜਣਾਂ ਹੈ। ਗੁਰੂ ਗਰੰਥ ਸਾਹਿਬ ਵਿੱਚ ਕਿਤੇ ਵੀ ਇਹ ਨਹੀਂ ਕਿਹਾ ਗਿਆ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਖਾਸ ਅੱਖਰੀ ਸ਼ਬਦਾ ਦਾ ਜੋੜ, ਬੀਜ ਮੰਤਰ, ਮੂਲ ਮੰਤਰ, ਮਹਾਂ ਮੰਤਰ, ਜਾਂ ਗੁਰ ਮੰਤ੍ਰ ਹੈ। ਅਕਾਲ ਪੁਰਖੁ ਦਾ ਨਾਮੁ ਹੀ ਬੀਜ ਮੰਤ੍ਰੁ ਹੈ ਤੇ ਗਿਆਨ ਦਾ ਸੋਮਾ ਹੈ, ਜਿਹੜਾ ਕਿ ਸਬਦ ਗੁਰੂ ਦੀ ਸੰਗਤਿ ਵਿੱਚ ਰਹਿ ਕੇ ਮਿਲ ਸਕਦਾ ਹੈ। ਮਹਾ ਮੰਤ੍ਰੁ ਕੋਈ ਖਾਸ ਸ਼ਬਦਾਂ ਦਾ ਜੋੜ ਨਹੀਂ ਹੈ, ਬਲਕਿ ਗੁਰਬਾਣੀ ਦੁਆਰਾ, ਅਕਾਲ ਪੁਰਖੁ ਦੇ ਨਾਮੁ ਦੁਆਰਾ, ਉਸ ਅਕਾਲ ਪੁਰਖੁ ਦੀ ਵਡਿਆਈ ਹੀ ਸਭ ਤੋਂ ਵੱਡਾ ਮੰਤ੍ਰ ਹੈ। ਪੂਰੇ ਗੁਰੂ ਗਰੰਥ ਸਾਹਿਬ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਹੈ ਕਿ "ਵਾਹਿਗੁਰੂ" ਅਕਾਲ ਪੁਰਖ ਦਾ ਨਾਮੁ ਹੈ। ਗੁਰਬਾਣੀ ਵਿੱਚ ਏਕਾ ਸ਼ਬਦੀ ਵਾਲਿਆ ਨੂੰ ਪਰਵਾਨ ਕੀਤਾ ਗਿਆ ਹੈ। "ਗੁਰੂ ਦਾ ਸ਼ਬਦ", ਗੁਰੂ ਦਾ ਦਿਤਾ ਹੋਇਆ ਅਜੇਹਾ ਮੰਤ੍ਰ ਹੈ, ਜਿਸ ਨੂੰ ਜਪ ਕੇ ਅਸੀਂ ਆਪਣੀ ਹਉਮੈਂ ਦੂਰ ਕਰ ਸਕਦੇ ਹਾਂ। ਅਜੇਹਾ ਕੁੱਝ ਤਾਂ ਹੀ ਸੰਭਵ ਹੈ, ਜੇਕਰ ਅਸੀਂ ਆਪਣਾ ਆਪ ਗਵਾ ਕੇ, ਆਪਣੇ ਆਪ ਨੂੰ ਗੁਰੂ ਦੇ ਅੱਗੇ ਅਰਪਨ ਕਰਕੇ, ਆਪਣੇ ਆਪ ਨੂੰ ਗੁਰੂ ਦੇ ਸ਼ਬਦ ਅਨੁਸਾਰ ਢਾਲ ਕੇ, ਅਕਾਲ ਪੁਰਖੁ ਦੇ ਗੁਣਾਂ ਨਾਲ ਪਰੋ ਲੈਂਦੇ ਹਾਂ। ਭਾਈ ਗੁਰਦਾਸ ਜੀ ਨੇ ਆਪਣੀਆਂ ਹੋਰ ਬਹੁਤ ਸਾਰੀਆਂ ਵਾਰਾਂ ਵਿੱਚ ਸਿਧੇ ਤੌਰ ਤੇ ਸਪੱਸ਼ਟ ਕੀਤਾ ਹੈ ਕਿ "ਵਾਹਿਗੁਰੂ" "ਸਬਦੁ" ਹੈ ਤੇ "ਮੂਲੁ ਮੰਤ੍ਰ" ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਕੀਤਾ ਗੁਰੂ ਦਾ ਸਬਦ ਹੀ ਹੈ। ਗੁਰਸਿੱਖ ਲਈ ਹਰੇਕ ਤਰ੍ਹਾਂ ਦਾ ਮੰਤ੍ਰ (ਬੀਜ ਮੰਤਰ, ਮੂਲ ਮੰਤਰ, ਮਹਾਂ ਮੰਤ੍ਰ ਅਤੇ ਗੁਰ ਮੰਤ੍ਰ) ਸਭ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਕੀਤਾ, ਗੁਰੂ ਦਾ ਸਬਦ ਹੀ ਹੈ, ਭਾਵ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਕੀਤੀ ਬਾਣੀ ਹੀ ਗੁਰਸਿੱਖ ਲਈ ਹਰੇਕ ਤਰ੍ਹਾਂ ਦਾ ਮੰਤ੍ਰ ਹੈ। ਇਸ ਲਈ ਹਮੇਸ਼ਾਂ ਧਿਆਨ ਵਿੱਚ ਰੱਖਣਾ ਹੈ ਕਿ ਗੁਰਬਾਣੀ ਰਟਨ ਕਰਨ ਲਈ ਕੋਈ ਮੰਤ੍ਰ ਨਹੀਂ ਹੈ, ਇਸ ਬਾਣੀ ਵਿਚੋਂ ਅਕਾਲ ਪੁਰਖ ਨੂੰ ਖੋਜਣਾ ਹੈ।
"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ"
(Dr. Sarbjit Singh)
RH1 / E-8, Sector-8, Vashi, Navi Mumbai - 400703.
Email = sarbjitsingh@yahoo.com,
Web= http://www.geocities.ws/sarbjitsingh/
http://www.sikhmarg.com/article-dr-sarbjit.html
(ਡਾ: ਸਰਬਜੀਤ ਸਿੰਘ)
ਆਰ ਐਚ ੧/ਈ - ੮, ਸੈਕਟਰ - ੮, ਵਾਸ਼ੀ, ਨਵੀਂ ਮੁੰਬਈ - ੪੦੦੭੦੩.
Post a Comment on "ਗੁਰੂ ਗਰੰਥ ਸਾਹਿਬ ਅਨੁਸਾਰ ਬੀਜ ਮੰਤਰ, ਮੂਲ ਮੰਤਰ, ਮਹਾਂ ਮੰਤ੍ਰ ਅਤੇ ਗੁਰ ਮੰਤ੍ਰ ਕੀ ਹਨ?"
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.