ਕੈਟੇਗਰੀ

ਤੁਹਾਡੀ ਰਾਇ



ਸੁਰਿੰਦਰ ਸਿੰਘ ਕੰਵਰ,ਐਡਵੋਕੇਟ
* - ਸੁਖੀ ਤੇ ਸ਼ਾਂਤਮਈ ਜੀਵਨ - *
* - ਸੁਖੀ ਤੇ ਸ਼ਾਂਤਮਈ ਜੀਵਨ - *
Page Visitors: 2548

*  -  ਸੁਖੀ ਤੇ ਸ਼ਾਂਤਮਈ ਜੀਵਨ  -  *
ਐਡਵੋਕੇਟ ਸੁਰਿੰਦਰ ਸਿੰਘ ਕੰਵਰ,
ਮੈਲਬੋਰਨ- ਮੋਬਾਇਲ +61-468432632
kanwar238@yahoo.com
  ਹਰ ਵਿਅਕਤੀ ਦੀ ਇਹ ਪ੍ਰਬਲ ਇਛਾ ਹੁੰਦੀ ਹੈ ਕਿ ਉਸ ਦਾ ਜੀਵਨ ਸੁਖੀ ਤੇ ਸ਼ਾਂਤਮਈ ਹੋਵੇ। ਪਰ ਇਸ ਦੇ ਉਲਟ ਅਜੋਕੇ ਸਮੇ ਵਿਚ ਇਹ ਅਨੁਭਵ ਕੀਤਾ ਗਿਆ ਹੈ ਕਿ ਆਮ ਤੌਰ ਤੇ ਬਹੁਤ ਵਿਅਕਤੀ ਮਾਨਸਿਕ ਤਣਾਉ ਨਾਲ ਪੀੜਤ ਹੀ ਰਹਿੰਦੇ ਹਨ। ਜਿਸ ਕਾਰਨ ਉਨ੍ਹਾਂ ਦਾ ਮਨ ਅਸ਼ਾਂਤ ਤੇ ਦੁਖੀ ਰਹਿੰਦਾ ਹੈ ਅਤੇ ਜੀਵਨ ਦੁਖਾਂਤਮਈ ਹੋ ਜਾਂਦਾ ਹੈ।ਐਸੇ ਤਣਾਉ ਗ੍ਰਸਤ ਵਿਅਕਤੀ ਕਾਰਨ ਇਸ ਦੇ ਨਾਲ ਸੰਬਧਤ ਵਿਅਕਤੀ ਵੀ ਤਨਾਉ ਵਿਚ ਆ ਜਾਂਦੇ ਹਨ ਤੇ ਸਾਰਾ ਵਾਤਾਵਰਨ ਹੀ ਤਣਾਉ ਪੂਰਵਕ ਹੋ ਜਾਂਦਾ ਹੈ। ਬਹੁਤ ਵਾਰ ਮਨ ਦੀ ਸ਼ਾਂਤੀ ਵਾਸਤੇ ਜਾ ਮਨ ਦੇ ਟਿਕਾਉ ਵਾਸਤੇ ਕਈ ਵਿਅਕਤੀ ਨੀਦ ਜਾਂ ਨਸ਼ੇ ਦੀਆਂ ਗੋਲੀਆਂ ਖਾਂਦੇ ਹਨ। ਕੋਈ ਸ਼ਰਾਬ ਪੀਣ ਲਗ ਜਾਂਦਾ ਹੈ। ਪਰ ਇਹ ਕੋਈ ਠੀਕ, ਪੂਰਾ ਜਾਂ ਚੰਗਾ ਇਲਾਜ ਨਹੀਂ ਹੁੰਦਾ।
ਮਨ ਦਾ ਤਣਾਉ ਹੋਣਾਂ ਇਕ ਰੋਗ ਹੈ ਤੇ ਹਰ ਰੋਗ ਦਾ ਇਲਾਜ ਵੀ ਹੁੰਦਾ ਹੈ। ਡਾਕਟਰ ਲੋਕ ਤਨ ਦਾ ਰੋਗ ਤੇ ਬਹੁਤ ਜਲਦ ਠੀਕ ਕਰ ਦਿੰਦੇ ਹਨ ਪਰ ਮਨ ਦੇ ਰੋਗ ਵਾਸਤੇ ਖਾਸ ਸੂਝ ਬੂਝ ਦੀ ਲੋੜ ਹੁੰਦੀ ਹੈ। ਇਸ ਸੰਬੰਧ ਵਿਚ ਗੁਰਬਾਣੀ ਬਹੁਤ ਸੂਝ ਦਿੰਦੀ ਹੈ। ਅਸਲ ਵਿਚ ਗੁਰਬਾਣੀ ਦੀ ਰਚਣਾਂ- ਕੀਤੀ ਹੀ ਮਨ ਦੀ ਸਥਿਰਤਾ, ਟਕਾਓ ਤੇ ਮਨ ਦੀ ਸੀਤਲਤਾ ਵਾਸਤੇ ਹੈ। ਗੁਰਬਾਣੀ ਦਾ ਇਕ ਨੁਕਤਾ ਹੈ: (ਭਗਤ ਜਨਾ ਕੈ ਮਨਿ ਬਿਸ੍ਰਾਮ) ਪੰਨਾ 262- ਭਾਵ ਇਹ ਕਿ ਜੋ ਭਗਤ ਹੁੰਦੇ ਹਨ ਉਨ੍ਹਾਂ ਦਾ ਮਨ ਟਕਾਉ ਵਿਚ ਹੁੰਦਾ ਹੈ, ਸਥਿਰ ਅਤੇ ਸ਼ਾਂਤਮਈ ਹੁੰਦਾ ਹੈ ਉਨ੍ਹਾਂ ਦੇ ਮਨ ਤੇ ਕੋਈ ਤਣਾਉ ਨਹੀਂ ਹੁੰਦਾ।
ਹੁਣ ਜਦੋ ਭਗਤ ਹੋਣ ਦੀ ਗਲ ਕਰਦੇ ਹਾਂ ਤੇ ਇਕ ਬਹੁਤ ਵਡਾ ਭੁਲੇਖਾ ਪੈ ਜਾਂਦਾ ਹੈ। ਆਮ ਤੌਰ ਤੇ ਇਹ ਹੀ ਸਮਝਿਆ ਜਾਂਦਾ ਹੈ ਕਿ ਭਗਤ ਹੋਣ ਦਾ ਮਤਲਬ ਹੈ ਹਰ ਵਕਤ ਪਾਠ ਪੂਜਾ ਜਾਂ ਭਜਣ ਬੰਦਗੀ ਕਰਦੇ ਰਹਿਣਾਂ ਜਾਂ ਹਰ ਰੋਜ਼ ਗੁਰਦਵਾਰੇ, ਮੰਦਰ, ਮਜਿਦ ਆਦਿ ਜਾ ਕੇ ਬੈਠੇ ਰਹਿਣਾ, ਜਾਂ ਤੀਰਥਾਂ ਤੇ ਯਾਤਰਾ ਕਰਦੇ ਰਹਿਣਾਂ ਹੀ ਭਗਤੀ ਹੈ। ਕਈ ਵਾਰ ਬਹੁਤ ਵਿਅਕਤੀ ਖਾਸ ਤਰ੍ਹਾਂ ਦਾ ਪਹਿਰਾਵਾ ਪਹਿਣਦੇ ਹਨ ਤੇ ਆਮ ਲੋਕ ਉਨ੍ਹਾ ਨੂੰ ਵੀ ਭਗਤ ਜਾਂ ਸੰਤ ਹੀ ਸਮਝ ਲੈਂਦੇ ਹਨ। ਪਰ ਕੀ ਐਸੇ ਵਿਅਕਤੀ ਭਗਤ ਹੁੰਦੇ ਹਨ? ਕੀ ੳਨ੍ਹਾਂ ਦਾ ਮਨ ਸ਼ਾਂਤ ਹੁੰਦਾ ਹੈ? ਇਸ ਬਾਰੇ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਆਪਣੇ ਮਨ ਦੀ ਅਵਸਥਾ ਹਰ ਕੋਈ ਆਪ ਹੀ ਠੀਕ ਤਰ੍ਹਾਂ ਸਮਝ ਸਕਦਾ ਹੈ। ਐਸਾ ਵਿਅਕਤੀ ਭੇਖੀ ਜਾਂ ਠੱਗ ਵੀ ਹੋ ਸਕਦਾ ਹੈ। ਜ਼ਰੂਰੀ ਨਹੀ ਕਿ ਉਹ ਭਗਤ ਹੀ ਹੋਵੇ ਗਾ। ਗੁਰਬਾਣੀ ਸਪਸ਼ਟ ਕਰਦੀ ਹੈ:
 ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥  ( ਅੰਗ-1158)
ਭਾਵ ਇਹ ਕਿ ਜਿਸ ਦੇ ਮੱਥੇ ਤੇ ਤਿਲਕ ਲਗਾ ਹੋਵੇ ਤੇ ਹੱਥ ਵਿਚ ਮਾਲਾ ਵੀ ਹੋਵੇ ਤਾਂ ਆਮ ਤੇ ਅਣਜਾਨ ਲੋਕ ਤੇ ਧੋਖੇ ਵਿਚ ਆ ਕੇ ਉਸ ਨੂੰ ਭਗਤ ਸਮਝ ਸਕਦੇ ਹਨ ਪਰ ਰੱਬ ਜੀ ਧੋਖਾ ਨਹੀਂ ਖਾਂਦੇ ਰੱਬ ਜੀ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਭੇਖੀ ਹੈ ਤੇ ਕਿਹੜਾ ਸਚਾ ਭਗਤ ਹੈ। ਕਰਮ-ਕਾਡਾਂ ਨਾਲ ਜਾਂ ਪਹਿਰਾਵੇ ਨਾਲ ਕੋਈ ਵਿਅਕਤੀ ਭਗਤ ਨਹੀ ਬਣ ਸਕਦਾ।
ਬਾਬਾ ਫਰੀਦ ਦੀ ਰਸਨਾਂ ਤੋ ਗੁਰਬਾਣੀ ਦਾ ਫਰਮਾਨ ਹੈ:
 ਫਰਦਿਾ ਕੰਨਿ ਮੁਸਲਾ ਸੂਫੁ ਗਲਿ ਦਿਲ ਕਾਤੀ ਗੁੜ ਵਾਤਿ॥
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ
॥    (ਪੰਨਾ-1380)
 ਭਾਵ ਇਹ ਕੀ ਜੇ ਕੋਈ ਮੋਢੇ ਤੇ ਨਿਮਾਜ਼ ਪੜ੍ਹਨ ਵਾਲੀ ਫੂੜੀ ਪਾ ਲਵੇ, ਗਲ ਵਿਚ ਸੂਫੀਆਂ ਵਾਲਾ ਚੋਗਾ ਵੀ ਪਾ ਲਵੇ ਉਪਰੋਂ ਮਿਠੇ ਬੋਲ ਵੀ ਬੋਲੇ ਪਰ ਦਿਲ ਵਿਚ ਛੁਰੀ ਜਾਂ ਕੈਚੀ ਵਾਂਗ ਈਰਖਾਂ, ਵੈਰ ਵਿਰੋਧ ਤੇ ਵਿਕਾਰ ਹੋਣ, ਐਸਾ ਵਿਅਕਤੀ ਭੇਖੀ ਹੁੰਦਾ ਹੈ, ਭਗਤ ਨਹੀ, ਇਹ ਤਾਂ ਇਸ ਤਰ੍ਹਾਂ ਹੈ ਜਿਵੇ ਬਾਹਰੋ ਤੇ ਸ਼ਰੀਫਾਂ ਵਾਲਾ ਭੇਸ ਬਣਾਇਆ ਹੋਵੇ ਤੇ ਮਨ ਅੰਦਰ ਠਗੀ ਹੋਵੇ, ਇਸੇ ਨੂੰ ਕਹਿੰਦੇ ਹਨ ਬਗਲ ਮੇ ਛੁਰੀ ਮੂੰਹ ਮੇ ਰਾਮ ਰਾਮ। ਇਹ ਹੈ ਬਾਹਰ ਚਾਨਣ ਨਜ਼ਰ ਆਂਦਾ ਹੋਵੇ ਪਰ ਅੰਦਰ ਹਨੇਰਾ ਹੁੰਦਾ ਹੈ। ਐਸਾ ਭੇਖੀ ਵਿਅਕਤੀ ਭਗਤ ਨਹੀ ਹੋ ਸਕਦਾ।ਕਿਸੇ ਵੀ ਤਰ੍ਹਾਂ ਦੀ ਵੇਸ-ਭੂਸ਼ਾ ਨਾਲ ਕੋਈ ਵਿਅਕਤੀ ਭਗਤ ਨਹੀ ਬਣ ਸਕਦਾ। ਭੇਖੀ ਵਿਅਕਤੀ ਦਾ ਮਨ ਬਿਸਰਾਮ ਵਿਚ ਨਹੀ ਹੋ ਸਕਦਾ।
ਗੁਰੂ ਨਾਨਕ ਸਾਹਿਬ ਨੇ ਬਹੁਤ ਸਪਸ਼ਟ ਸਮਝਾਇਆ ਹੈ:
ਪੜਿ ਪੁਸਤਕ ਸੰਧਿਆ ਬਾਦੰ॥ਸਿਲ ਪੂਜਸਿ ਬਗੁਲ ਸਮਾਧੰ॥
 ਮੁਖਿ ਝੂਠ ਬਿਭੂਖਣ ਸਾਰੰ॥ ਤ੍ਰੈਪਾਲ ਤਿਹਾਲ ਬਿਚਾਰੰ॥
ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥
ਜੇ ਜਾਣਸਿ ਬ੍ਰਹਮੰ ਕਰਮੰ॥ਸਭਿ ਫੋਕਟ ਨਿਸਚਉ ਕਰਮੰ॥
ਕਹੁ ਨਾਨਕ ਨਿਹਚਉ ਧਿਆਵੈ॥ਵਿਣੁ ਸਤਿਗੁਰ ਵਾਟ ਨ ਪਾਵੈ
॥  (ਪੰਨਾ-470)
 ਭਾਵ ਇਹ ਕਿ ਭਗਤ ਦੀ ਨਿਸ਼ਾਨੀ ਇਹ ਨਹੀਂ ਕਿ ਕੋਈ ਸਵੇਰੇ ਸ਼ਾਮ ਪਾਠ ਪੂਜਾ ਕਰਦਾ ਹੋਵੇ ਜਾਂ ਕੋਈ ਖਾਸ ਗ੍ਰੰਥ ਪੜੇ ਜਾਂ ਮੂਰਤੀ ਪੂਜਾ ਕਰੀ ਜਾਵੇ, ਜਾਂ ਖਾਸ ਤਰ੍ਹਾਂ ਦੇ ਕਪੜੇ ਪਾ ਕੇ ਕੋਈ ਖਾਸ ਭੇਸ ਬਣਾ ਕੇ ਬਗਲੇ ਵਾਂਗ ਸਮਾਧੀ ਲਗਾ ਕੇ ਆਪਣੇ ਝੂਠ ਨੂੰ ਸੱਚ ਦਸਣ ਵਾਸਤੇ ਮਿਠੇ ਮਿਠੇ ਬੋਲ ਬੋਲੇ ਪਰ ਅੰਦਰੋ ਠਗੀਆਂ ਮਾਰੇ। ਵੇਖਿਆ ਜਾਵੇ ਤੇ ਆਮ ਲੋਕ ਤੇ ਉਸ ਨੂੰ ਭਗਤ ਹੀ ਸਮਝਣ ਗੇ ਪਰ ਗੁਰੂ ਸਾਹਿਬ ਆਖਦੇ ਹਨ ਕਿ ਇਹ ਸਭ ਫੋਕਟ ਹੈ, ਪਾਖੰਡ ਹੈ, ਗੁਰਬਾਣੀ ਅਨੁਸਾਰ ਇਹ ਸਭ ਕਰਮ ਕਾਂਡ ਹੈ। ਇਹ ਸਭ ਕੁਝ ਭਗਤੀ ਨਹੀ ਹੁੰਦੀ। ਗੁਰੂ ਨਾਨਕ ਜੀ ਆਖਦੇ ਹਨ: ਨਿਹਚਉ ਧਿਆਵੈ ਭਾਵ ਸਰਧਾ ਧਾਰ ਕੇ ਰੱਬ ਨੂੰ ਸਿਮਰੇ ਭਾਵ ਰੱਬੀ ਗੁਣ – ਚੰਗੇ ਗੁਣ, ਅਪਣਾਏ ਕੇਵਲ ਇਹੋ ਰਸਤਾ ਗੁਣਕਾਰੀ ਹੈ ਅਤੇ ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ: ਭਾਵ ਇਸ ਲਈ ਸੁਲਝੇ ਗਿਆਨ ਦੀ ਲੋੜ ਹੁੰਦੀ ਹੈ, ਸੁਮਤ ਲੈਣ ਦੀ ਲੋੜ ਹੁੰਦੀ ਹੈ।
ਗੁਰਬਾਣੀ ਦਾ ਫਰਮਾਨ ਹੈ:
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ
॥   (ਪੰਨਾ 641-
 ਭਾਵ: ਹੇ ਭਾਈ! ਕੋਈ ਮਨੁੱਖ ਵੇਦ ਆਦਿਕ (ਧਰਮ-ਪੁਸਤਕਾਂ) ਨੂੰ ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। ਪਰ ਇਹਨਾ ਸਾਧਨਾਂ ਨਾਲ ਵਿਕਾਰਾਂ ਨਾਲੋਂ ਸਾਥ ਮੁੱਕ ਨਹੀ ਸਕਦਾ- ਸਗੋ ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦਾ ਹੈ। ਇਸ ਤਰ੍ਹਾਂ ਮਨ ਸ਼ਾਂਤ ਨਹੀ ਹੁੰਦਾ ਸਗੋ ਇਸ ਨਾਲ ਮਨੁਖ ਹੋਰ ਵੀ ਰੋਗੀ ਹੋ ਸਕਦਾ ਹੈ। ਇਹ ਭਗਤੀ ਨਹੀ ਹੁੰਦੀ। 
   ਫਿਰ ਵੇਖਣਾ ਇਹ ਹੋਵੇ ਗਾ ਕਿ ਸ਼ਾਂਤਮਈ ਮਨ ਵਾਸਤੇ ਭਗਤੀ ਕੀ ਹੁੰਦੀ ਹੈ, ਤੇ ਭਗਤ ਕੋਣ ਹੁੰਦਾ ਹੈ? ਭਗਤ ਦੇ ਲਛਣ ਕੀ ਹੁੰਦੇ ਹਨ? ਅਸਲ ਵਿਚ ਜੇ ਕੋਈ ਅਕਾਲਪੁਰਖ ਤੇ ਨਿਸਚਾ, ਭਰੋਸਾ ਰਖ ਕੇ ਸਤਿਗੁਰ ਦੀ ਮਤ ਭਾਵ ਚੰਗੀ ਮਤ, ਚੰਗੇ ਗੁਣ, ਚੰਗੇ ਵਿਚਾਰ ਗ੍ਰਹਿਣ ਕਰ ਲਵੇ ਤੇ ਉਹ ਹੀ ਭਗਤ ਹੁੰਦਾ ਹੈ। ਸਭ ਤੋ ਪਹਿਲਾ ਤੇ ਅਕਾਲਪੁਰਖ ਤੇ ਭਰੋਸਾ, ਵਿਸ਼ਵਾਸ ਹੋਣਾ ਜ਼ਰੂਰੀ ਹੈ। ਰੱਬ ਜੀ ਤੇ ਭਰੋਸਾ (ਕੋਨਫੀਡੈਂਸ) ਮਨੋਬਲ ਪੈਦਾ ਕਰਦਾ ਹੈ। ਅਸੀ ਇਹ ਕਹਿ ਸਕਦੇ ਹਾ ਕਿ ਜਿਸ ਕਿਸੇ ਵਿਅਕਤੀ ਨੂੰ ਜਿਤਨਾਂ ਅਕਾਲਪੁਰਖ ਤੇ ਭਰੋਸਾ ਉਸੇ ਰੇਸ਼ੋ ਅਨੁਸਾਰ ਉਹ ਉਤਨਾ ਹੀ ਭਗਤ ਤੇ ਜਿਤਨਾਂ ਭਗਤ ਉਤਨਾ ਹੀ ਉਸ ਦਾ ਮਨ ਸ਼ਾਂਤ। ਜਿਤਨਾਂ ਮਨ ਸ਼ਾਂਤ ਉਤਨਾ ਹੀ ਉਹ ਸੁਖੀ।
     ਸਪਸ਼ਟ ਹੈ ਕਿ ਜੇਕਰ ਮਨ ਦੀ ਸ਼ਾਂਤੀ ਚਾਹੀਦੀ ਹੈ ਤੇ ਕਰਮ-ਕਾਂਡਾ ਤੋ ਨਿਕਲ ਕੇ ਪ੍ਰੈਕਟੀਲ ਤੇ ਸੱਚਾ ਸੁਚਾ ਜੀਵਨ ਜੀਉਣ ਦੀ ਚਾਹਤ ਦਾ ਹੋਣਾਂ ਵੀ ਜ਼ਰੂਰੀ ਹੈ। ਸੁਖੀ ਜੀਵਨ ਵਾਸਤੇ ਕਿਸੇ ਕਰਮ-ਕਾਂਡ ਜਾ ਵਿਖਾਵੇ ਦੀ ਲੋੜ ਨਹੀਂ ਹੁੰਦੀ ਲੋੜ ਹੁੰਦੀ ਹੈ ਤੇ ਬਸ ਚੰਗੇ ਗੁਣ ਗਰੈਹਣ ਕਰਨ ਦੀ। ਗੁਰਬਾਣੀ ਦਾ ਸਪਸ਼ਟ ਤੋਰ ਤੇ ਫਰਮਾਨ ਹੈ:(ਵਿਣੁ ਗੁਣ ਕੀਤੇ ਭਗਤਿ ਨ ਹੋਇ।ਪੰਨਾ-4) ਗੁਣ ਗਰੈਹਣ ਕੀਤੇ ਬਗੈਰ ਕੋਈ ਭਗਤ ਨਹੀ ਹੋ ਸਕਦਾ। ਜਿਨੑ ਮਨਿ ਵੁਠਾ ਆਪਿ ਪੂਰੇ ਭਗਤ ਸੇ॥(ਪੰਨਾ-397) ਜਿਸ ਦੇ ਮਨ ਵਿਚ ਉਹ ਆਪ ਵਸ ਜਾਵੇ- ਵੁਠਾ: ਭਾਵ ਆ ਵੱਸੇ। ਭਾਵ ਉਸ ਅਕਾਲਪੁਰਖ ਦੇ ਗੁਣ ਵੱਸ ਜਾਣ ਅਕਾਲਪੁਰਖ ਦੇ ਗੁਣ ਭਾਵ ਚੰਗੇ ਗੁਣ ਵਸ ਜਾਣ ਉਹ ਹੀ ਪੂਰਾ ਭਗਤ ਹੁੰਦਾ ਹੈ।
   ਚੰਗੇ ਗੁਣਾਂ ਨੂੰ ਹੀ ਸੁਖਾਂ ਦੀ ਮਨੀ ਕਿਹਾ ਗਿਆ ਹੈ। ਗੁਰਬਾਣੀ ਦਾ ਵਾਕ ਹੈ: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥  (ਪੰਨਾ:262: ਗੁਰੂ ਸਾਹਿਬ ਸਮਝਾਉਦੇ ਹਨ ਕਿ ਸੁਖਾਂ ਦੀ ਇਕ ਮਨੀ ਹੈ ਤੇ ਉਹ ਹੈ: ਪ੍ਰਭ ਨਾਮੁ: ਜੋ ਸਦੀਵੀ ਸੁਖ ਦੇਨ ਵਾਲਾ ਅੰਮ੍ਰਿਤ ਹੈ।  ਨਾਮੁ ਦਾ ਭਾਵ ਹੈ ਪ੍ਰਭੂ ਦੇ ਗੁਣ, ਭਾਵ ਚੰਗੇ ਤੇ ਸੁਚੱਜੇ ਗੁਣ। ਪ੍ਰਭੂ ਦੇ ਗੁਣਾਂ ਨੂੰ ਸਮਝਣਾਂ ਅਤੇ ਉਨ੍ਹਾਂ ਨੂੰ ਧਾਰਨ ਕਰਨਾਂ ਹੀ ਸੁਖਾਂ ਦੀ ਮਨੀ ਨੂੰ ਪ੍ਰਾਪਤ ਕਰਨਾਂ ਹੁੰਦਾ ਹੈ। ਇਹ ਇਕ ਐਸਾ ਅੰਮ੍ਰਿਤ ਹੈ ਜੋ ਸਦੀਵੀ ਸੁਖ ਪ੍ਰਧਾਨ ਕਰਦਾ ਹੈ। ਸੁਚੱਜੇ ਤੇ ਚੰਗੇ ਗੁਣ ਗਰੈਹਣ ਕਰਨਾਂ ਹੀ ਭਗਤੀ ਹੈ। ਇਹ ਹੀ ਗੁਰ ਹੈ ਸੁਖੀ ਤੇ ਸ਼ਾਂਤਮਈ ਜੀਵਨ ਜੀਉਣ ਦਾ। ਸਪਸ਼ਟ ਹੈ ਜੋ ਵਿਅਕਤੀ ਚੰਗੇ ਗੁਣ ਧਾਰਨ ਨਹੀ ਕਰਦਾ ਉਹ ਭਗਤ ਨਹੀ ਹੋ ਸਕਦਾ। ਕਿਸੇ ਵੇਸ-ਭੁਸ਼ਾ ਨਾਲ ਜਾ ਕਿਸੇ ਕਰਮ ਕਾਂਡ ਕਰਨ ਨਾਲ ਕੋਈ ਭਗਤ ਨਹੀ ਹੋ ਸਕਦਾ। ਚੰਗੇ ਗੁਣ ਗਰੈਹਣ ਕਰਨਾ ਹੀ ਭਗਤੀ ਹੈ। ਕਰਮ ਕਾਂਡ ਤਾਂ ਮਨ ਤੇ ਵਾਧੂ ਦਾ ਬੋਝ ਹੀ ਹੁੰਦੇ ਹਨ। ਜੇ ਗੁਣ ਚੰਗੇ ਨਹੀਂ-ਤੇ ਭਗਤੀ ਨਹੀਂ, ਜੇ ਭਗਤੀ ਨਹੀਂ ਤੇ ਮਨ ਸ਼ਾਂਤ ਨਹੀਂ, ਜੇ ਮਨ ਸ਼ਾਂਤ ਨਹੀਂ ਤੇ ਜੀਵਨ ਸੁਖੀ ਨਹੀਂ।
    ਇਥੇ ਇਹ ਵੀ ਸਮਝ ਲੈਣਾ ਚਾਹਦਿਾ ਹੈ ਕਿ ਭਗਤੀ ਵਾਸਤੇ ਕੰਮ ਕਾਜ ਛਡਣ ਦੀ ਲੋੜ ਨਹੀਂ ਹੁੰਦੀ ਗੁਰਬਾਣੀ ਤਾਂ ਇਕ ਸਾਰਥਕ (ਪ੍ਰੈਕਟੀਕਲ) ਜੀਵਣ ਜੀਉਦਿਆ ਭਗਤ ਹੋਣ ਦੀ, ਭਾਵ ਤਣਾਉ ਰਹਿਤ ਜੀਵਨ ਜੀਉਣ ਦੀ ਗਲ ਕਰਦੀ ਹੈ। ਗੁਰਬਾਣੀ ਦੀ ਇਕ ਤੁਕ ਹੈ:
 ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਮਾਲਿ॥
 ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ
॥  (ਪੰਨਾ 1375)।
     ਇਸ ਦਾ ਵਿਸਥਾਰ ਇਸ ਤਰ੍ਹਾਂ ਸਮਝਾਇਆ ਜਾਂਦਾ ਹੈ ਕਿ ਭਗਤ ਤ੍ਰਿਲੋਚਨ ਨੇ ਭਗਤ ਨਾਮ ਦੇਵ ਦੀ ਭਗਤੀ ਬਾਰੇ ਬਹੁਤ ਚਰਚਾ ਸੁਣੀ ਤੇ ਭਗਤ ਤ੍ਰਿਲੋਚਨ ਨਾਮ ਦੇਵ ਦੀ ਭਗਤੀ ਸਮਝਣ ਵਾਸਤੇ ਉਸ ਪਾਸ ਚਲੇ ਗਏ। ਭਗਤ ਤ੍ਰਿਲੋਚਨ ਦੇ ਮਨ ਵਿਚ ਸੀ ਕਿ ਭਗਤ ਨਾਮ ਦੇਵ ਪਾਠ ਪੂਜਾ ਵਿਚ ਹੀ ਮਸਤ ਰਹਿੰਦੇ ਹੋਣ ਗੇ ਪਰ ਜਦੋ ਉਨ੍ਹਾਂ ਨੇ ਨਾਮ ਦੇਵ ਨੂੰ ਵੇਖਿਆ ਤੇ ਉਹ ਹੈਰਾਨ ਹੋ ਗਏ ਕਿਉਂਕਿ ਭਗਤ ਨਾਮ ਦੇਵ ਕਪੜੇ ਤੇ ਛਾਪੇ ਲਗਾ ਰਹੇ ਸਨ ਜੋ ੳਨਾਂ ਦੀ ਕਿਰਤ ਸੀ। ਭਾਵ ਉਹ ਆਪਣੀ ਰੋਜ਼ੀ ਰੋਟੀ ਲਈ ਆਪਣੀ ਕਿਰਤ ਕਰ ਰਹੇ ਸਨ। ਭਗਤ ਤ੍ਰਿਲੋਚਨ ਦੀ ਹੈਰਾਨਗੀ ਦੂਰ ਕਰਨ ਲਈ ਹੀ ਭਗਤ ਨਾਮ ਦੇਵ ਨੇ ਸਮਝਾਇਆ ਕਿ ਭਗਤੀ ਇਹ ਨਹੀ ਕਿ ਤੁਸੀ ਸਭ ਕੁਝ ਛਡ ਕੇ ਕੇਵਲ ਰਾਮ ਰਾਮ ਕਰਦੇ ਰਹੋ ਸਗੋ ਆਪਣੀ ਕਿਰਤ ਕਰਦਿਆ ਅਕਾਲਪੁਰਖ ਨੂੰ ਆਪਣੇ ਮਨ ਵਿਚੋ ਨਾ ਵਿਸਾਰੋ। ਅਕਾਲਪੁਰਖ ਨੂੰ ਨਾ ਵਿਸਾਰਨ ਦਾ ਭਾਵ ਹੈ ਕਿ ਤੁਸੀ ਬੇਈਮਾਨੀ ਨਾ ਕਰੋ - ਠੱਗੀ ਨਾ ਮਾਰੋ ਸਗੋ ਭਗਤੀ ਵਾਲੇ ਚੰਗੇ ਗੁਣਾਂ ਦੇ ਧਾਰਨੀ ਹੋਵੋ।
   ਇਸੇ ਤਰਾਂ ਭਗਤ ਦੇ ਹੋਰ ਗੁਣਾਂ ਸੰਬੰਧੀ ਗੁਰਬਾਣੀ ਦਾ ਫਰਮਾਨ ਹੈ:
 ਮਤਿ ਹੋਦੀ ਹੋਇ ਇਆਣਾ॥ ਤਾਣ ਹੋਦੇ ਹੋਇ ਨਿਤਾਣਾ॥
 ਅਣਹੋਦੇ ਆਪੁ ਵੰਡਾਏ॥ ਕੋ ਐਸਾ ਭਗਤੁ ਸਾਏ
॥  (ਪੰਨਾ 1384)
 ਭਾਵ (ਜੋ ਮਨੁਖ) ਅਕਲ ਹੁੰਦਿਆਂ ਭੀ ਅੰਞਾਣਾ ਬਣੇ ਭਾਵ ਆਪਣੀ ਅਕਲ ਦਾ ਮਾਨ ਨਾ ਕਰੇ ਅਤੇ ਆਪਣੀ ਅਕਲ, ਤਾਣ ਜਾਂ ਬਲ ਕਾਰਨ ਦੂਜਿਆਂ ਤੇ ਕੋਈ ਦਬਾਉ ਨਾ ਪਾਏ ਜ਼ੋਰ ਹੁੰਦਿਆਂ ਕਿਸੇ ਉਤੇ ਧੱਕਾ ਨਾ ਕਰੇ। ਜਦੋਂ ਕੁਝ ਭੀ ਦੇਣ ਜੋਗਾ ਨਾ ਹੋਵੇ, ਤਦੋਂ ਵੀ ਆਪਣਾ ਆਪ (ਭਾਵ ਆਪਣਾ ਹਿਸਾ) ਵੰਡ ਦੇਵੇ ਕਿਸੇ ਅਜੇਹੇ ਮਨੁੱਖ ਨੂੰ (ਹੀ) ਭਗਤ ਆਖਣਾ ਚਾਹਦਿਾ ਹੈ।
ਇਸੇਲਈ ਤਾਂ ਗੁਰੂ ਅਮਰਦਾਸ ਜੀ ਫਰਮਾਦੇ ਹਨ:
ਭਗਤਾ ਕੀ ਚਾਲ ਨਿਰਾਲੀ॥
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥
ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥
ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ
॥   (ਪੰਨਾ-918)
ਇਸ ਸ਼ਬਦ ਰਾਹੀ ਗੁਰੂ ਸਾਹਿਬ ਸਮਝਾਉਦੇ ਹਨ ਕਿ ਜੋ ਭਗਤ ਹਨ ਉਨ੍ਹਾਂ ਦੀ ਚਾਲ ਨਿਰਾਲੀ ਹੁੰਦੀ ਹੈ। ਇਸ ਦਾ ਭਾਵ ਇਹ ਨਹੀਂ ਕਿ ਭਗਤਾਂ ਦੇ ਤੁਰਨ ਦਾ ਡੰਗ ਕੋਈ ਵਖਰਾ ਹੁੰਦਾ ਹੈ ਸਗੋ ਭਾਵ ਇਹ ਕਿ ਭਗਤ ਲੋਕਾਂ ਵਾਂਗ ਕਰਮ ਕਾਂਡਾਂ ਦੇ ਚਕਰ ਵਿਚ ਨਹੀ ਪੈਦੇ ਵਿਖਾਵਾ ਨਹੀ ਕਰਦੇ। ਇਸੇਲਈ ਉਹ ਨਿਰਾਲੇ ਹੀ ਲਗਦੇ ਹਨ, ਆਮ ਲੋਕਾਂ ਨਾਲੋ ਵਖਰੇ ਲਗਦੇ ਹਨ।ਇਸ ਦੇ ਨਾਲ ਹੀ ਗੁਰੂ ਸਾਹਿਬ ਚਤਾਵਣੀ ਦਿੰਦੇ ਹੋਏ ਦਸਦੇ ਹਨ ਕਿ ਇਹ ਭਗਤੀ ਵਾਲਾ ਮਾਰਗ ਬਿਖਮ ਮਾਰਗਿ ਹੈ ਭਾਵ ਇਹ ਰਸਤਾ ਬਹੁਤ ਮੁਸ਼ਕਲ ਹੈ ਕਿਉਂਕਿ ਇਸ ਮਾਰਗ ਤੇ ਚਲਦਿਆਂ ਤ੍ਰਿਸਨਾ ਤੇ ਹੋਉਮੈ ਦਾ ਤਿਆਗ ਕਰਨਾ ਹੁੰਦਾ ਹੈ ਤੇ ਇਹ ਹਰ ਕੋਈ ਕਰ ਨਹੀਂ ਸਕਦਾ ਜੋ ਇਨ੍ਹਾਂ ਵਾਸਨਾਵਾਂ ਤੋ ਮੁਕਤ ਹੋ ਜਾਂਦਾ ਹੈ ਉਹ ਹੀ ਭਗਤ ਹੁੰਦੇ ਹੈ ਤੇ ਉਸੇ ਦਾ ਜੀਵਨ ਸੁਖੀ ਤੇ ਸ਼ਾਂਤਮਈ ਹੋ ਸਕਦਾ ਹੈ। ਸੁਭਾਵਿਕ ਹੈ ਕਿ ਜਦੋ ਹੋਉਮੈ ਅਤੇ ਮਨ ਦੀ ਤ੍ਰਿਸਨਾ ਤੇ ਵਾਸਨਾਵਾਂ ਆਦਿ ਦਾ ਤਿਆਗ ਹੋ ਜਵੇ ਤੇ ਮਨ ਆਪਣੇ ਆਪ ਸ਼ਾਂਤ ਹੋ ਜਾਂਦਾ ਹੈ। ਤਨਾਉ ਖਤਮ ਹੋ ਜਾਂਦਾ ਹੈ। ਮਨ ਦੀ ਭਟਕਣਾਂ ਹੀ ਮਨ ਨੂੰ ਦੁਖੀ ਕਰਦੀ ਹੈ। ਮਨ ਦੀ ਭਟਕਣਾਂ ਮੁੱਕੀ ਤੇ ਮਨ ਸ਼ਾਂਤ ਹੋ ਗਿਆ, ਮਨ ਸ਼ਾਂਤ ਹਇਅ ਤੇ ਜੀਵਨ ਆਪਣੇ ਆਪ ਸੁਖੀ ਤੇ ਸ਼ਾਂਤਮਈ ਹੋ ਜਾਂਦਾ ਹੈ। ਤਾਂ ਹੀ ਤੇ ਕਿਹਾ ਹੈ: ਭਗਤ ਜਨਾ ਕੈ ਮਨਿ ਬਿਸ੍ਰਾਮ॥ ਇਹ ਹੀ ਗੁਰ ਹੈ ਸੁਖੀ ਤੇ ਸ਼ਾਂਤਮਈ ਜੀਵਨ ਦਾ। ਇਹ ਤਾਂ ਹੁਣ ਹਰ ਇਕ ਦੀ ਆਪਣੀ ਹਿਮਤ ਹੈ ਕਿ ਉਹ ਇਹ ਗੁਰ ਕਿਥੋ ਤਕ ਅਪਣਾਉਂਦਾ ਹੈ ਤੇ ਕਿਤਨਾਂ ਸੁਖੀ ਰਹਿੰਦਾ ਹੈ।
ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਵਾਦੀ ਹੋਵਾਂਗਾ।
........................................
ਟਿੱਪਣੀ:-  ਵੀਰ ਜੀਉ,   
          ਗੁਰ-ਫਤਿਹ ਪਰਵਾਨ ਹੋਵੇ ਜੀ।
    ਸਹੀ ਰਾਹ ਤੇ ਚੱਲ ਰਹੇ ਹੋ, ਇਹੀ ਰਾਹ ਮੰਜ਼ਿਲ ਤੱਕ ਲੈ ਜਾਵੇਗਾ, ਇਸ ਰਾਹ ਨੂੰ ਨਹੀਂ ਛੱਡਣਾ ਅਤੇ ਪਰਮਾਤਮਾ ਦੀ ਮਿਹਰ ਦੀ ਆਸ ਰੱਖਣੀ।                       
     ਅਮਰ ਜੀਤ ਸਿੰਘ ਚੰਦੀ
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.