ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਬਟਾਲਵੀ
ਬਾਬੇ ਨਾਨਕ ਦੀਆਂ ਪੈੜਾਂ
ਬਾਬੇ ਨਾਨਕ ਦੀਆਂ ਪੈੜਾਂ
Page Visitors: 2562

ਬਾਬੇ ਨਾਨਕ ਦੀਆਂ ਪੈੜਾਂ
ਕੋਈ ਵੀ ਘਟਨਾਂ ਜਾਂ ਦੁਰਘਟਨਾਂ ਵਾਪਰਣ ਤੋਂ ਬਾਅਦ ਉਸ ਨੂੰ ਸਹੀ ਸਾਬਤ ਕਰਨ ਲਈ ਮੋਕਾ ਏ ਵਾਰਦਾਤ ਦਾ ਕੋਈ ਚਸ਼ਮਦੀਦ ਗਵਾਹ ਜਾਂ ਉਕਤ ਘਟਨਾਂ ਜਾਂ ਦੁਰਘਟਨਾਂ ਨਾਲ ਸਭੰਧਤ ਵਿਅਕਤੀ ਦਾ ਬਿਆਨ ਜਾਂ ਕੁਝ ਪੁਖਤਾ ਨਸ਼ਾਨੀਆਂ ਦਾ ਹੋਣਾਂ ਲਾਜ਼ਮੀ ਹੈ ।   ਪੀੜਤ ਵਿਅਕਤੀ ਭਾਵੇਂ ਲੱਖ ਕਹੀ ਜਾਵੇ ਕਿ ਮੈਨੂੰ ਫਲਾਣੇ ਨੇ ਮਾਰਿਆ ਹੈ ਪਰ ਠੋਸ ਗਵਾਹੀਆਂ ਤੋ ਬਗੈਰ ਦੂਜੀ ਧਿਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਜਾਅਦਾਤਰ ਸਾਡੇ ਸਿੱਖ ਇਤਹਾਸ ਬਾਰੇ ਵੀ ਕੁਝ ਏਹੋ ਜਿਹਾ ਹੀ ਹੈ । ਜਿਹੜੀਆਂ ਲਿਖਤਾਂ ਮਿਲਦੀਆਂ ਹਨ ਉਨ੍ਹਾਂ ਵਿੱਚ ਰਲ਼ਾ ਤੇ ਬੇਤੁਕੀਆਂ ਗਲਾਂ ਏਨੀਆਂ ਹਨ ਕਿ ਪੜਨ ਵਾਲਾ ਹਕੀਕਤ ਤੇ ਕਿਆਫਿਆਂ ਵਿੱਚ ਫਰਕ ਕਰਨ ਵਿੱਚ ਹੀ ਉਲਝ ਜਾਂਦਾ ਹੈ। ਇਸ ਵਿੱਚ ਕੋਈ ਸ਼ਕ ਨਹੀਂ ਕਿ ਦੁਨੀਆਂ ਦੇ ਮਹਾਨ ਪੈਗੰਬਰ, ਮਹਾਨ ਦਾਰਸ਼ਨਿਕ, ਮਹਾਨ ਵਿਗਆਨੀ ਅਤੇ ਤਰਕਸ਼ੀਲ ਬਾਬਾ ਗੁਰੁ ਨਾਨਕ ਸਾਹਿਬ ਜੀ ਨੇ ਦੁਨੀਆਂ ਦੇ ਅਨੇਕਾਂ ਦੇਸ਼ਾਂ ਦਾ ਭ੍ਰਮਣ ਕਰਕੇ ਲੱਗ-ਭੱਗ 48 ਹਜ਼ਾਰ ਮੀਲ ਅਜੋਕੇ ਕਰੀਬ 77 ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਦੁਨੀਆਂ ਨੂੰ ਰੱਬੀ ਗਿਆਨ ਦੇ ਸੱਚ ਨਾਲ ਜੋੜਿਆ।  ਇਹ ਜਾਣਕੇ ਬੜੀ ਹੈਰਾਨੀ ਹੁੰਦੀ ਹੈ ਕਿ ਭਾਰਤ, ਬੰਗਲਾਦੇਸ਼, ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਇਲਾਵਾ ਬਾਕੀ ਹੋਰ ਮੁਲਕਾਂ ਵਿੱਚ ਉਨ੍ਹਾਂ ਥਾਵਾਂ ਤੇ ਕੋਈ ਚ੍ਹਿਨ ਜਾਂ ਨਿਸ਼ਾਨੀ ਨਹੀਂ ਲਭਦੀ ਜਿਸ ਬਾਰੇ ਇਹ ਦਾਅਵਾ ਕੀਤਾ ਜਾ ਸਕੇ ਕਿ ਗੁਰੂ ਨਾਨਕ ਸਾਹਿਬ ਜੀ ਏਥੇ ਆਏ ਸਨ ਜਾਂ ਸਾਡਾ ਬਾਬਾ ਨਾਨਕ ਏਥੇ ਵੀ ਸੱਚ ਦਾ ਪਾਠ ਪੜ੍ਹਾ ਕੇ ਗਿਆ ਹੈ।
   ਪਿੱਛੇ ਜਹੇ ਵਿਰਾਸਤ ਏ ਖਾਲਸਾ ਦੇ ਉਧਘਾਟਨ ਮੋਕੇ ਇਕ ਕਟੱੜ ਇਸਲਾਮੀ ਵਿਅਕਤੀ, ਪਾਕਿਸਤਾਨ ਦੇ ਸਾਬਕਾ ਸਿਖਿਆ ਮੰਤਰੀ ਇਮਰਾਨ ਮਸੂਦ ਨੇ ਬੜੇ ਦਾਅਵੇ ਨਾਲ ਇਹ ਕਿਹਾ ਕਿ ਬਾਬਾ ਨਾਨਕ ਕਦੇ ਮੱਕੇ ਗਏ ਹੀ ਨਹੀ ਭਾਵੇਂ ਅਸੀਂ ਲੱਖ ਕਹੀ ਜਾਈਏ ਕਿ ਗਏ ਸਨ, ਕਿਉਂਕਿ ਸਾਡੇ ਪਾਸ ਕੋਈ ਠੋਸ ਸਬੂਤ ਨਹੀਂ ਉਨ੍ਹਾਂ ਦੇ ਰਿਕਾਰਡ ਵਿੱਚ।  ਉਸਦਾ ਕਾਰਣ ਏਹ ਹੈ ਕਿ ਸਾਡੀਆਂ ਜੁਮੇਵਾਰ ਸੰਸਥਾਵਾਂ ਨੇ ਅਰਬ ਲੋਕਾਂ ਨੂੰ ਬਾਬੇ ਨਾਨਕ ਬਾਰੇ ਦਸਿਆ ਹੀ ਨਹੀ ਬਾਬੇ ਨਾਨਕ ਦੀ ਬਾਣੀ ਦਾ ਤਰਜਮਾ ਕਰਕੇ ਉਨ੍ਹਾਂ ਤਕ ਪਹਂੁਚਾਇਆ ਹੀ ਨਹੀਂ। ਬਾਬੇ ਨਾਨਕ ਦੀਆਂ ਇਨ੍ਹਾਂ ਯਾਤਰਾਵਾਂ ਦੇ ਦਾਅਵਿਆਂ ਨੂੰ ਹਕੀਕੀ ਸਾਬਤ ਕਰਨ ਲਈ ਸਾਡੀ ਸੰਸਥਾ (ਗਲੋਬਲ਼ ਮਿਸ਼ਨ ਆਫ ਬਾਬਾ ਨਾਨਕ ਆਈਡੀਓਲਜੀ ) ਨੇ ਯਤਨ ਅਰਂਭਿਆ ਹੈ ਕਿ ਜਿੱਥੇ-ਜਿੱਥੇ ਵੀ ਗੁਰੁ ਨਾਨਕ ਸਾਹਿਬ ਜੀ ਗਏ ਹਨ ਉਨ੍ਹਾਂ ਥਾਵਾਂ ਦੀ ਭਾਲ਼ ਕਰਕੇ ਉੱਥੇ ਬਾਬੇ ਨਾਨਕ ਦੇ ਮਨੁਖਤਾ ਦੇ ਧਰਮ ਦੇ ਪ੍ਰਚਾਰ ਕੇਂਦਰ ਕਾਇਮ ਕੀਤੇ ਜਾਣ। ਜੂਨ 2009 ਵਿੱਚ ਮੈਂ ਇਰਾਨ ਵੀ ਜਾ ਕੇ ਅਇਆ ਸੀ ਜਿਸ ਬਾਰੇ ਲੇਖ ਨੂੰ ਪਾਠਕ ਪਹਿਲਾਂ ਹੀ ਪੜ੍ਹ ਚੱਕੇ ਹਨ ਕਿ ਇਰਾਨ ਵਿੱਚ ਸਿੱਖ ਤੇ ਭਾਵੇਂ ਕਾਫੀ ਵਸਦੇ ਹਨ ਪਰ ਕਿਸੇ ਨੇ ਵੀ ਸੁਹਿਰਦਤਾ ਨਾਲ ਸਭੰਧਤ ਇਤਹਾਸਕ ਥਾਵਾਂ ਨੂੰ ਲਭਣ ਦਾ ਯਤਨ ਨਹੀਂ ਕੀਤਾ।
  ਖੈਰ ਮੈਂ ਇਸੇ ਸਾਲ 2012 ਵਿੱਚ ਅਪ੍ਰੈਲ ਦੇ ਪਹਿਲੇ ਹਫਤੇ ਸ੍ਰੀਲੰਕਾ ਦੀ ਯਾਤਰਾ ਇਸ ਆਸ਼ੇ ਨਾਲ ਕਰਨ ਗਿਆ ਸੀ ਕਿ ਸ਼ਾਇਦ ਓਥੇ ਜਰੂਰ ਕੋਈ ਨਾ ਕੋਈ ਬਾਬੇ ਨਾਨਕ ਨਾਲ ਸਭੰਧਤ ਸਥਾਨ ਲੱਭ ਜਾਏਗਾ, ਪਰ ਮੈਨੂੰ ਬੜੀ ਹੈਰਾਨੀ ਹੋਈ ਕਿ ਨਾ ਤੇ ਓਥੇ ਕੋਈ ਗੁਰਦਵਾਰਾ ਹੈ ਅਤੇ ਨਾ ਹੀ ਕੋਈ ਸਿੱਖ ਨਜ਼ਰ ਆਇਆ ( ਇਕ ਕਹਾਵਤ ਬੜੀ ਮਸ਼ਹੂਰ ਹੈ ਕਿ ਸਿੱਖ ਤੇ ਆਲੂ ਹਰ ਥਾਂ ਤੇ ਮਿਲ ਪੈਣਗੇ ਪਰ ਇਹ ਵੀ ਝੂਠੀ ਹੋ ਗਈ ) ਬਲਕਿ ਸ਼੍ਰੀਲੰਕਾ ਦੇ ਬਹੁਗਿਣਤੀ ਲੋਕਾਂ ਨੂੰ ਸਿੱਖਾਂ ਬਾਰੇ ਗਿਆਨ ਹੀ ਨਹੀ ਕਿ ਕੋਈ ਸਿੱਖ ਵੀ ਹੁੰਦੇ ਹਨ ਜਾਂ ਸਿੱਖ ਧਰਮ ਵੀ ਦੁਨੀਆਂ ਵਿੱਚ ਹੈ। ਇਸ ਸਾਲ ਬਾਬੇ ਨਾਨਕ ਦੀ ਸ਼੍ਰੀਲੰਕਾ ਫੇਰੀ ਦੀ 5ਵੀਂ ਸ਼ਤਾਬਦੀ ਦਾ ਵਰ੍ਹਾ ਹੈ ਅਤੇ ਲੰਕਾ ਜਾਣ ਤੋ ਪਿਹਲਾਂ ਮੈਂ ਓਥੋਂ ਦੀਆਂ ਵੱਖ ਵੱਖ ਯੂਨੀਵਰਸਟੀਆਂ ਨੂੰ ਮੇਲ ਕੀਤੀਆ ਸੀ ਪਰ ਉਨ੍ਹਾਂ ਵਿੱਚੋਂ ਇਕ ਯੂਨੀਵਰਸਟੀ ਤੋਂ ਮੈਨੂੰ ਮੇਰੇ ਸਵਾਲ ਬਾਰੇ ਜਵਾਬ ਮਿਲਿਆ ਕਿ ਏਹ ਠੀਕ ਹੈ 1511-12 ਈ: ਵਿੱਚ ਵਿਜੇ ਬਾਹੂ ਸਤਵੇਂ ( ਜਿਸ ਨੂੰ ਸਿੱਖ ਕੋਮ ਵੱਲੋਂ ਸ਼ਿਵਨਾਭ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ) ਦਾ ਰਾਜ ਸੀ, ਬਾਕੀ ਇਸ ਬਾਰੇ ਕੋਈ ਉਤੱਰ ਨਹੀਂ ਸੀ ਕਿ ਗੁਰੂ ਨਾਨਕ ਸਾਹਿਬ ਜੀ ਵੀ ਓਥੇ ਗਏ ਸਨ। ਪੰਜ ਸਦੀਆਂ ਪਿਹਲਾਂ ਸ਼੍ਰੀਲੰਕਾ ( ਸਿੰਗਲਾ ਦੀਪ ) ਛੋਟੇ-ਛੋਟੇ ਰਾਜਾਂ ਦਾ ਸਮੂਹ ਸੀ ਅਤੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਉਸ ਜਗ੍ਹਾ ਦਾ ਨਾਮ ਕੁਰਕੁਲਮੰਡਮ ਹੈ ਜੋ ਪੁਰਵੀ ਸ਼੍ਰੀਲੰਕਾ ਦੇ ਬਟੀਕੋਲਾ ਸ਼ਹਿਰ ਤੋਂ ਕਰੀਬ 20/22 ਕਿਲੋਮੀਟਰ ਦੀ ਦੂਰੀ ਤੇ ਹੈ। ਕੁਰਕੁਲਮੰਡਮ ਪੁਹੰਚ ਕੇ ਮੈਂ ਕਾਫੀ ਲੋਕਾਂ ਨਾਲ ਗਲਬਾਤ ਕੀਤੀ ਪਰ ਕਿਸੇ ਨੂੰ ਵੀ ਗੁਰੂ ਨਾਨਕ ਸਾਹਿਬ ਬਾਰੇ ਜਾਣਕਾਰੀ ਨਹੀਂ ਸੀ, ਕੁਦਰਤੀ ਇਕ ਬੰਦੇ ਨੇ ਮੈਨੂੰ ਅਵਾਜ ਮਾਰੀ “ਹੈਲੋ ਮਿਸਟਰ ਸਿੰਘ” ਮਨ ਵਿੱਚ ਸੋਚਿਆ ਕਿ ਹੋ ਗਈ ਬਾਬੇ ਨਾਨਕ ਦੀ ਕ੍ਰਿਪਾ (ਕੁਝ ਲੋਕ ਜੋ ਦੂਸਰੇ ਮੁਲਕਾਂ ਵਿੱਚ ਕੰਮ ਕਰਕੇ ਆਏ ਹਨ ਉਨ੍ਹਾਂ ਨੂੰ ਸਿੱਖਾਂ ਬਾਰੇ ਥੋੜੀ ਬਹੁਤੀ ਜਾਣਕਾਰੀ ਹੈ ) ਮੈਂ ਉਸ ਨੂੰ ਆਪਣਾ ਨਾਮ ਅਤੇ ਆਪਣੇ ਆਉਣ ਦਾ ਮਕਸਦ ਦਸਿਆ, ਉਸ ਨੇ ਕਿਹਾ ਕਿ ਮੇਰਾ ਨਾਮ ਥਵਾਰਾਜਾ ਹੈ ਮੈਂ ਤੁਹਾਨੂੰ ਇਕ ਐਸੇ ਆਦਮੀ ਨਾਲ ਮਿਲਵਾੳਂੁਦਾ ਹਾਂ ਜੋ ਥੋੜੀ ਬਹੁਤ ਜਾਣਕਾਰੀ ਰਖਦਾ ਹੈ ਉਸ ਦੇ ਨਾਲ ਮੈਂ ਦੂਸਰੇ ਆਦਮੀ ਦੇ ਘਰ ਗਿਆ ਜਿਸ ਦਾ ਨਾਮ ਬੀਨਾਲਈਸ਼ਵਰਨ ਸੀ ਉਹ ਬੜੀ ਖੁਸ਼ੀ ਨਾਲ ਮੈਨੂੰ ਮਿਲਿਆ ਕਹਿੰਦਾ ਕਿ ਹਾਂ ਮੈਂ ਇਸ ਜਗ੍ਹਾ ਬਾਰੇ ਸੁਣਿਆਂ ਹੈ ਕਿ ਏਥੇ ਗੁਰੂ ਨਾਨਕ ਜੀ ਆਏ ਸੀ ਅਤੇ ਨਾਲ ਹੀ ਉਸ ਨੇ ਕਿਹਾ ਕਿ ਮੇਰੀ ਜਿੰਦਗੀ ਵਿੱਚ ਤੁਸੀਂ ਸ਼ਾਇਦ ਤੀਜੇ ਜਾਂ ਚੌਥੇ ਸਿੱਖ ਹੋ ਜੋ ਏਥੇ ਜਗ੍ਹਾ ਦੀ ਤਲਾਸ਼ ਵਿੱਚ ਆਏ ਅਤੇ ਖਾਸ ਇਸੇ ਮਕਸਦ ਲਈ ਆਉਣ ਵਾਲੇ ਪਹਿਲੇ ਵਿਅਕਤੀ ਹੋ। ਮੈਨੂੰ ਬੜੀ ਖੁਸ਼ੀ ਹੋਈ ਕਿ ਸ਼ਾਇਦ ਅਕਾਲ ਪੁਰਖ ਵਲੋਂ ਮੇਰੀ ਸੇਵਾ ਲਾਈ ਗਈ ਹੋਵੇ । ਜਿਹੜੇ ਪਹਿਲੇ ਦੋ ਸਿੱਖ ਗਏ ਸੀ ਉਹ ਕਿਸੇ ਪ੍ਰੋਜੈਕਟ ਤੇ ਕੰਮ ਕਰਦੇ ਸੀ ਅਤੇ ਪੇਸ਼ੇ ਵਜੋਂ ਇੰਜੀਨੀਅਰ ਸਨ ਮੈਂ ਉਨ੍ਹਾਂ ਦਾ ਵੀ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਆਪਣੀ ਨੋਕਰੀ ਦੇ ਸਮੇਂ ਵਿੱਚੋਂ ਵਕਤ ਕੱਢ ਕੇ ਉਕਤ ਥਾਂ ਤੇ ਜਾ ਕੇ ਬਾਬੇ ਨਾਨਕ ਬਾਰੇ ਜਾਣਕਾਰੀ ਦਾ ਅਦਾਨ ਪ੍ਰਦਾਨ ਕੀਤਾ ਸੀ। ਫਿਰ ਮੈਂ ਸ਼੍ਰੀ ਬੀਨਾਲਈਸ਼ਵਰਨ ਨਾਲ ਜਗ੍ਹਾ ਖਰੀਦਣ ਬਾਰੇ ਵੀ ਗਲ ਬਾਤ ਕੀਤੀ ਤਾਕਿ ਓਥੇ ਕੋਈ ਯਾਦਗਾਰ ਬਣਾਈ ਜਾਵੇ ਅਤੇ ਲੋਕ ਉਸ ਅਸਥਾਨ ਦੇ ਦਰਸ਼ਨਾਂ ਨੂੰ ਜਾਂਣ ਮੈਨੂੰ ਉਮੀਦ ਹੈ ਕਿ ਇਸ ਸਾਲ ਵਿੱਚ ਹੀ ਸਾਡੀ ਸੰਸਥਾ ਵਲੋਂ ਕੰਮ ਸ਼ੁਰੂ ਕਰ ਦਿੱਤਾ ਜਾਏਗਾ। ਅਗਲੇ ਦਿਨ ਮੈਂ ਇਸੇ ਮਕਸਦ ਨਾਲ ਸਰਕਾਰੀ ਅਫਸਰਾਂ ਨੂੰ ਵੀ ਮਿਲਿਆ ਸੀ ਖਾਸ ਕਰਕੇ ਡਿਪਟੀ ਕਮਿਸ਼ਨਰ ਨੂੰ ਓਥੇ ਉਸ ਨੂੰ ਗੌਰਮੈਂਟ ਐਜੈਂਟ ਕਿਹਾ ਜਾਦਾਂ ਹੈ, ਵਲੋਂ ਵੀ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ ।
    ਪਾਠਕਾਂ ਦੀ ਜਾਣਕਾਰੀ ਲਈ ਮੈਂ ਇਕ ਵਾਕਿਆ ਹੋਰ ਦਸਣਾਂ ਚਾਹੁਂਦਾ ਹਾਂ।ਸ਼ਾਮ ਕੁ ਜਹੇ ਨੂੰ ਮੈ ਕਲੋਂਬੋ ਸਟੇਸ਼ਨ ਦੇ ਸਾਹਮਣੇ ਵਾਲੇ ਬਜ਼ਾਰ ਵਿੱਚ ਖੜਾ ਸੀ ਕਿ ਇਕ ਮੁਸਲਮਾਨ ਨੌਜਵਾਨ ਲੜਕਾ ਮੇਰੇ ਪਾਸ ਆਇਆ ਤੇ ਮੈਨੂੰ ਪੁਛੱਣ ਲਗਾ ਕਿ ਤੁਸੀ ਕੋਣ ਹੋ ਤੇ ਕਿਥੋਂ ਆਏ ਹੋ ਤੇ ਆਹ ਸਿਰ ਤੇ ਕੀ ਬੱਨਿਆਂ ਹੋਇਆ ਹੈ । ਮੈਂ ਉਸ ਨੂੰ ਦਸਿਆ ਕਿ ਮੈਂ ਭਾਰਤ ਦੇ ਪੰਜਾਬ ਕਸਬੇ ਵਿੱਚੋਂ ਅਇਆ ਹਾਂ ਅਤੇ ਸਿੱਖ ਹਾਂ ਉਹ ਕਹਿਣ ਲੱਗਾ ਸਿੱਖ ਮਤਲਬ? ਮਂੈ ਕਿਹਾ ਕਿ ਸਿੱਖ ਸਾਡਾ ਧਰਮ ਹੈ ਜੋ ਇਸਲਾਮ ਦੇ ਕਾਫੀ ਨੇੜੇ ਹੈ ਖਾਸ ਕਰਕੇ ਇਕੋ ਰਬ ਦੇ ਉਪਾਸ਼ਕ ਹਾਂ ਕਿਸੇ ਜਮਣ ਮਰਨ ਵਾਲੇ ਰਬ ਨੂੰ ਨਹੀਂ ਮਨਦੇ ਅਤੇ ਉਸਨੂੰ ਸੰਖੇਪ ਵਿੱਚ ਸਿੱਖੀ ਬਾਰੇ ਜਾਣਕਾਰੀ ਦਿੱਤੀ ਉਹ ਬੜਾ ਖੁਸ਼ ਹੋਇਆ ਤੇ ਮੈਨੂੰ ਦਸਣ ਲੱਗਾ ਕਿ ਮੈਂ ਵੀ ਥੋੜੇ ਚਿਰ ਤੋਂ ਇਸਾਈ ਧਰਮ ਵਿੱਚੋਂ ਤਬਦੀਲ ਹੋ ਕੇ ਇਸਲਾਮ ਵਿੱਚ ਆਇਆ ਹਾਂ । ਮੈਂ ਮਨ ਵਿੱਚ ਸੋਚਿਆ ਕਿ ਕਾਸ਼ ਇਸ ਨੇ ਬਾਬੇ ਨਾਨਕ ਦੇ ਫਲਸਫੇ ਨੂੰ ਪੜਿਆ ਹੁੰਦਾ ( ਮਿਲਾਵਟੀ ਇਤਹਾਸ ਤੇ ਝੂਠੀਆਂ ਸਾਖੀਆਂ ਨੂੰ ਛੱਡ ਕੇ ) ਤੇ ਉਹ ਜਰੂਰ ਸਿੱਖ ਬਣਨ ਨੂੰ ਤਰਜੀਹ ਦਿੰਦਾ।
   ਹਾਲਾਂਕਿ ਓਥੇ ਰਾਮਾ ਕ੍ਰਿਸ਼ਨਾਂ ਮਿਸ਼ਨ ਅਤੇ ਬ੍ਰਹਮਕਮਾਰੀਆ ਮਿਸ਼ਨ ਵੀ ਹਨ। ਸਾਡੀ ਸੰਸਥਾ ਨੇ ਪੱਕਾ ਧਾਰਿਆ ਹੈ ਕਿ ਸ਼੍ਰੀਲੰਕਾ ਵਿੱਚ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਵਾਸਤੇ ਜਰੂਰ ਕੇਂਦਰ ਖੋਲਣਾ ਹੈ। ਕਿਉਂਕਿ ਮਜੂਦਾ ਪੰਜਾਬ ਵਿੱਚ ਤੇ ਸਿੱਖੀ ਦਿਨ ਬਾ ਦਿਨ ਹੇਠਲੇ ਪਧਰ ਨੂੰ ਜਾ ਰਹੀ ਹੈ। ਕਿਸੇ ਵਕਤ ਭਾਰਤ ਵਿੱਚ ਬੁਧ ਧਰਮ ਦਾ ਬੋਲ ਬਾਲਾ ਹੁੰਦਾ ਸੀ ਪਰ ਅੱਜ ਬੁਧ ਧਰਮ ਭਾਰਤ ਵਿੱਚੋਂ ਮਨਫੀ ਹੋ ਚੁੱਕਾ ਹੈ ਅਤੇ ਸ਼੍ਰੀਲੰਕਾ ਵਿੱਚ ਪਹਿਲੇ ਨੰਬਰ ਤੇ ਹੈ। ਮੈਨੂੰ ਜਾਪਦਾ ਹੈ ਕਿ ਸਿੱਖੀ ਵੀ ਭਾਰਤ ਤੋਂ ਬਾਹਰ ਹੀ ਪ੍ਰਫੁਲਤ ਹੋ ਸਕੇਗੀ। ਏਥੇ ਭਾਰਤ ਵਿੱਚ ਖਾਸ ਕਰਕੇ ਪੰਜਾਬ ਵਿੱਚ ਡੇਰੇਦਾਰਾਂ, ਧਰਮ ਦੇ ਠੇਕੇਦਾਰਾਂ ਤੇ ਆਰ ਐਸ ਐਸ ਦੇ ਝੋਲ਼ੀ ਚੁਕ ਜਥੇਦਾਰਾਂ ਨੇ ਸਿੱਖੀ ਨੂੰ ਖੁੱਲ ਕੇ ਸਾਹ ਵੀ ਨਹੀਂ ਲੈਣ ਦੇਣਾਂ।
  ਇਸ ਛੋਟੇ ਜਹੇ ਮੁਲਕ ਵਿੱਚ ਰਾਮਾ ਕ੍ਰਿਸ਼ਨਾਂ ਮਿਸ਼ਨ ਅਤੇ ਬ੍ਰਹਮਕਮਾਰੀਆ ਮਿਸ਼ਨ ਨੂੰ ਦੇਖ ਕੇ ਸੋਚਦਾ ਹਾਂ ਕਿ ਕਿੱਡੀ ਅਕ੍ਰਿਤਘਣ ਕੋਮ ਹੈ ਸਾਡੀ, ਨਗਰ ਕੀਰਤਨਾਂ, ਕੀਰਤਨ ਦਰਬਾਰਾਂ ਅਤੇ ਸੋਨੇ ਪਥੱਰਾਂ ਤੇ ਅਰਬਾਂ ਰੁਪੱਈਆ ਬਰਬਾਦ ਕਰਨ ਵਾਲੀ ਸਿੱਖ ਕੌਮ ਇਸ ਛੋਟੇ ਜਿਹੇ ਮੁਲਕ ਵਿੱਚ ਆਪਣਾ ਇਕ ਵੀ ਕੇਂਦਰ ਨਹੀਂ ਬਣਾ ਸਕੀ। ਸਿੱਖਾਂ ਦੇ ਧਾਰਮਕ ਅਤੇ ਸਿਆਸੀ ਲੀਡਰ ਸਿਰਫ ਆਪਣੀ ਕੌਮ ਵਿੱਚ ਲੜ ਕੇ ਆਪਣੀਆਂ ਤੇ ਵਿਰੋਧੀਆ ਦੀਆਂ ਪੱਗਾਂ ਲਾਹ ਤੇ ਲੁਹਾ ਸਕਦੇ ਹਨ, ਕਰਨ ਵਾਲੇ ਕੰਮ ਇਨ੍ਹਾਂ ਦੇ ਸੁਪਨਿਆਂ ਵਿੱਚ ਵੀ ਨਹੀਂ।    
    ਓਥੇ ਦੇ ਲੋਕਾਂ ਨੂੰ ਸਿੱਖੀ ਬਾਰੇ ਬਸ ਇਤਨਾ ਕੁ ਪਤਾ ਹੈ ਕਿ ਇੰਡੀਆ ਦਾ ਪ੍ਰਧਾਨ ਮੰਤਰੀ ਵੀ ਪੱਗ ਬਨਦਾ ਹੈ । ਕਈ ਲੋਕੀ ਮੈਨੂੰ ਪੁੱਛਣ ਲੱਗੇ ਕਿ ਤੁਸੀ ਮਨਮੋਹਣ ਸਿੰਘ ਦੀ ਫੈਮਲੀ ਵਿੱਚੋਂ ਹੋ, ਮੈਂ ਉਨ੍ਹਾਂ ਨੂੰ ਦਸਿਆ ਕਿ ਨਹੀ ਸਾਡਾ ਧਰਮ ਇਕੋ ਹੈ ।
      ਸ਼੍ਰੀਲੰਕਾ ਦਾ ਇਕ ਕਨੂਨ ਹੈ ਕਿ ਕੋਈ ਵੀ ਵਿਅਕਤੀ ਕਿਸੇ ਧਾਰਮਕ ਰੁਤਬੇ ਵਾਲੇ ਮਨੁੱਖ ਯਾਨੀ ਬੋਧ ਭਿਕਸ਼ੂ ਅਤੇ ਮੰਦਰ ਦੇ ਪੁਜਾਰੀ/ ਸਵਾਮੀ ਨਾਲ ਹੱਥ ਨਹੀਂ ਮਿਲਾ ਸਕਦਾ। ਉਸ ਦੇ ਅੱਗੇ ਝੁਕ ਕੇ ਅਸ਼ੀਰਵਾਦ ਲੈ ਸਕਦਾ ਹੈ ਅਗਰ ਉਹ ਖੁਦ ਵੀ ਕਿਸੇ ਦੇ ਸਿਰ ਤੇ ਹੱਥ ਰੱਖੇ ਤੇ ਸਾਹਮਣੇ ਵਾਲੇ ਨੂੰ ਉਸ ਅੱਗੇ ਸਿਰ ਝਕਾਉਣਾ ਪਵੇਗਾ। ਪਰ ਸਾਡੇ ਏਥੇ (ਹਰ ਧਰਮ) ਦੇ ਪੁਜਾਰੀਆਂ ਦੀ ਗਿਣਤੀ ਇਤਨੀ ਜਾਅਦਾ ਹੈ ਕਿ ਇਕ ਵੱਖਰਾ ਸੂਬਾ ਬਣ ਸਕਦਾ ਹੈ ਦੂਜਾ ਸਾਡੇ ਪੁਜਾਰੀ, ਗ੍ਰੰਥੀ ਜਾਂ ਧਰਮ ਦਾ ਲਿਬਾਦਾ ਪਾੳਣ ਵਾਲੇ ਵਿਅਕਤੀ ਸਿਆਸੀ ਲੀਡਰਾਂ ਅਤੇ ਸਰਮਾਏ ਦਾਰਾਂ ਦੇ ਤਲਵੇ ਚਟਦੇ ਨਜ਼ਰ ਆਉਂਦੇ ਹਨ ਕਿਉਂਕਿ ਧਰਮ ਉਨ੍ਹਾਂ ਲਈ ਧੰਦਾ ਹੈ। ਮੈਨੂੰ ਇਸ ਗਲ ਦਾ ਸ਼ੌਕ ਨਹੀਂ ਕਿ ਮੈਂ ਆਪਣਿਆਂ ਨੂੰ ਭੰਡਾਂ ਅਤੇ ਦੁਜਿਆਂ ਨੂੰ ਸਲਾਹਾਂ ਪਰ ਸੱਚ ਲਿਖਣਾ ਮੇਰਾ ਧਰਮ ਹੈ। ਮੈਨੂੰ ਇਸ ਗਲ ਦੀ ਹੈਰਾਨੀ ਹੈ ਕਿ ਸ਼੍ਰੀਲੰਕਾ ਵਿੱਚ ਏਨੀ ਲੰਬੀ ਘਰੇਲੂ ਖਾਨਾਜੰਗੀ ਕਿਵੇਂ ਤੇ ਕਿਉਂ ਹੋਈ ਕਿਉਂਕਿ ਏਥੋਂ ਦੇ ਲੋਕ ਬੜੇ ਮਿਲਣਸਾਰ ਹਨ ਇਕ ਦੂਜੇ ਨੂੰ ਇਜੱਤ ਦੇਣ ਵਾਲੇ ਹਨ, ਮੇਰੀ ਹਫਤੇ ਭਰ ਦੀ ਯਾਤਰਾ ਦੋਰਾਨ ਮੈਂ ਕਿਸੇ ਨੂੰ ਲੜਦੇ ਝਗੜਦੇ ਨਹੀਂ ਵੇਖਿਆ ਕਾਸ਼ ਮੇਰੀ ਕੌਮ ਵੀ ਏਹੋ ਜਹੀ ਬਣ ਜਾਏ ਤੇ ਬਾਬੇ ਨਾਨਕ ਦਾ ਧਰਮ ਦੁਨੀਆਂ ਵਿੱਚ ਫੈਲ ਜਾਏ।
ਗੁਰਦੇਵ ਸਿੰਘ ਬਟਾਲਵੀ
94172 70965
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.