ਕੈਟੇਗਰੀ

ਤੁਹਾਡੀ ਰਾਇ



ਪ੍ਰਿੰ: ਗੁਰਬਚਨ ਸਿੰਘ ਪੰਨਵਾਂ
ਦੀਵਾਲੀ ਤੇ ਬੰਦੀ ਛੋੜ ਦੀ ਅਸਲੀਅਤ
ਦੀਵਾਲੀ ਤੇ ਬੰਦੀ ਛੋੜ ਦੀ ਅਸਲੀਅਤ
Page Visitors: 2475

ਦੀਵਾਲੀ ਤੇ ਬੰਦੀ ਛੋੜ ਦੀ ਅਸਲੀਅਤ
ਭਾਗ ਪਹਿਲਾ
ਦੇਖਾ ਦੇਖੀ ਕਰਮ ਕਾਂਡ ਕਰਨੇ
ਗੁਰਬਾਣੀ ਦੀ ਵਿਚਾਰ ਭਾਵ ਸਿਧਾਂਤਕ ਪੱਖ ਨੂੰ ਨਾ ਸਮਝਣ ਕਰਕੇ ਅਸੀਂ ਦੇਖਾ ਦੇਖੀ ਅਨਮਤਾਂ ਵਾਲੇ ਕਰਮ-ਕਾਂਡ ਕਰਨ ਨੂੰ ਤਰਜੀਹ ਦੇਂਦੇ ਹਾਂ। ਹੌਲ਼ੀ ਹੌਲ਼ੀ ਇਹ ਕਰਮ-ਕਾਂਡ ਧਰਮ ਦੀਆਂ ਪੱਕੀਆਂ ਪ੍ਰੰਪਰਾਵਾਂ ਬਣ ਜਾਂਦੀਆਂ ਹਨ। ਸਾਡੀ ਹਾਲਤ ਏਨੀ ਪਤਲੀ ਹੋ ਗਈ ਹੈ ਕਿ ਜਿਹੜਾ ਵੀ ਕਿਸੇ ਧਰਮ ਦਾ ਕਰਮ ਅਸੀਂ ਦੇਖਦੇ ਹਾਂ, ਅਸੀਂ ਉਹੋ ਹੀ ਕਰਮ ਕਰਨ ਲੱਗ ਜਾਂਦੇ ਹਾਂ। ਦੂਜੇ ਧਰਮ ਕਰਮ ਨੂੰ ਅਸੀਂ ਸਿੱਖ ਸਿਧਾਂਤ ਦੇ ਢਾਂਚੇ ਫਿੱਟ ਕਰਨ ਦਾ ਪੂਰਾ ਪੂਰਾ ਯਤਨ ਕਰਦੇ ਹਾਂ। ਦਰ ਅਸਲ ਅਸੀਂ ਭੇਡ ਚਾਲ ਦੇ ਸ਼ਿਕਾਰ ਹੋ ਚੁੱਕੇ ਹਾਂ। ਅਸੀਂ ਆਪਣੇ ਨਿਆਰੇਪਨ ਵਲੋਂ ਕਿਨਾਰਾ ਕਰਕੇ ਬਹੁ ਗਿਣਤੀ ਵਾਲੇ ਲੋਕਾਂ ਦੇ ਕਰਮਾਂ ਨੂੰ ਤਰਜੀਹ ਦੇਂਦੇ ਹਾਂ। ਬਾਹਰਲੇ ਮੁਲਕ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਦੋ ਪੁਸਤਕਾਂ ਦੇ ਸਟਾਲ ਲੱਗੇ ਹੋਏ ਸਨ। ਇੱਕ ਸਟਾਲ `ਤੇ ਸਿਧਾਂਤਕ ਪੁਸਤਕਾਂ ਸਨ ਤੇ ਦੁਜੇ ਸਟਾਲ `ਤੇ ਮਾਲਾ, ਸੰਕਟ ਮੋਚਨ, ਦੁੱਖ ਭੰਜਨ ਭਗਤ ਮਾਲਾ, ਪੂਰਨਮਾਸ਼ੀ ਦੀ ਕਥਾ, ਗੁਰੂ ਸਾਹਿਬਾਨ ਦੀਆਂ ਰੰਗ ਬਰੰਗੀਆਂ ਫੋਟੋਆਂ ਤੇ ਪੰਜਾਬ ਦੇ ਮਰ ਚੁੱਕੇ ਸਾਧਾਂ ਦੀਆਂ ਮੂਰਤੀਆਂ ਪਈਆਂ ਹੋਈਆਂ ਸਨ। ਜਿੰਨ੍ਹਾਂ ਪਾਸ ਸਿਧਾਂਤਕ ਪੁਸਤਕਾਂ ਸਨ ਨਾ ਲਾਭ ਤੇ ਨਾ ਹਾਨੀ ਤੇ ਪੁਸਤਕਾਂ ਦੇ ਰਹੇ ਸਨ। ਇੰਜ ਇਹਨਾਂ ਦੀ ਕੁੱਲ ਵਿਕਰੀ ਸਾਰੇ ਦਿਨ ਵਿੱਚ ਚਾਰ ਸੌ ਡਾਲਰ ਦੀ ਹੋਈ ਦੂਜੇ ਪਾਸੇ ਗੈਰ ਸਿਧਾਂਤਿਕ ਵਿਕਰੀ ਕਰਨ ਵਾਲਿਆਂ ਦੀ ਤਿੰਨ ਹਜ਼ਾਰ ਦੀ ਵਿਕਰੀ ਹੋਈ। ਇਸ ਦਾ ਅਰਥ ਹੈ ਕਿ ਸਾਨੂੰ ਗੁਰਬਾਣੀ ਦੇ ਮਹੱਤਵ ਜਾਂ ਗੁਰਬਾਣੀ ਸਿਧਾਂਤ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਲਗਦਾ ਹੈ ਅਸੀਂ ਗੁਰਬਾਣੀ ਸਿਧਾਤ ਤੋਂ ਬਹੁਤ ਦੂਰ ਚਲੇ ਗਏ ਹਾਂ ਤੇ ਦੇਖਾ ਦੇਖੀ ਦੇ ਹੀ ਕਰਮਾਂ ਨੂੰ ਧਰਮ ਸਮਝੀ ਬੈਠੈ ਹਾਂ। ਇਹਨਾਂ ਕਰਮਾਂ ਨੂੰ ਹੀ ਅਸੀਂ ਪਰਮ ਧਰਮ ਸਮਝ ਲਿਆ ਹੈ।
ਕਹਿੰਦੇ ਨੇ ਇੱਕ ਅਧਿਆਪਕ ਜਮਾਤ ਵਿੱਚ ਬੱਚਿਆਂ ਨੂੰ ਪੁੱਛਦਾ ਹੈ, ਕਿ "ਬੱਚਿਓ ਜੇ ਵਾੜੇ ਵਿੱਚ ਸੌ ਭੇਡ ਰਹਿੰਦੀ ਤਾਂ ਉਹਨਾਂ ਵਿਚੋਂ ਇੱਕ ਬਾਹਰ ਨਿਕਲ ਜਾਏ ਤਾਂ ਬਾਕੀ ਪਿੱਛੇ ਕਿੰਨੀਆਂ ਰਹਿ ਜਾਂਦੀਆਂ ਹਨ" ਤਾਂ ਸਾਰੀ ਜਮਾਤ ਦੇ ਬੱਚੇ ਕਹਿਣ ਲੱਗੇ, ਕਿ "ਉਸਤਾਦ ਜੀ ਉਸ ਵਾੜੇ ਵਿੱਚ ਨੜ੍ਹੇਨਵੇਂ ਭੇਡਾਂ ਰਹਿ ਜਾਣਗੀਆਂ"। ਸਾਰੀ ਜਮਾਤ ਵਿਚੋਂ ਇੱਕ ਬੱਚੇ ਨੇ ਕੋਈ ਜੁਆਬ ਨਾ ਦਿੱਤਾ ਤਾਂ ਅਧਿਆਪਕ ਨੇ ਦੁਬਾਰਾ ਪੁੱਛਿਆ, ਕਿ "ਕਾਕਾ ਤੈਨੂੰ ਸਵਾਲ ਦੀ ਸਮਝ ਨਹੀਂ ਆਈ ਤੂੰ ਇਸ ਗੱਲ ਦਾ ਕੋਈ ਉੱਤਰ ਨਹੀਂ ਦਿੱਤਾ"। ਤਾਂ ਅੱਗੋਂ ਬੱਚਾ ਕਹਿੰਦਾ, "ਉਸਤਾਦ ਜੀ ਇਹ ਮੇਰੇ ਸਾਥੀ ਝੂਠ ਬੋਲਦੇ ਹਨ, ਇਹਨਾਂ ਨੂੰ ਭੇਡਾਂ ਬਾਰੇ ਕੋਈ ਵੀ ਮੁੱਢਲਾ ਗਿਆਨ ਨਹੀਂ ਹੈ ਕਿਉਂਕਿ ਇਹਨਾਂ ਨੇ ਭੇਡਾਂ ਨਹੀਂ ਰੱਖੀਆਂ ਹੋਈਆਂ ਹਨ। ਦਰ ਅਸਲ ਉਸਤਾਦ ਜੀ ਜਦੋਂ ਵਾੜੇ ਵਿਚੋਂ ਇੱਕ ਭੇਡ ਬਾਹਰ ਨਿਕਲ ਜਾਂਦੀ ਹੈ ਤਾਂ ਪਿੱਛੇ ਕੋਈ ਭੇਡ ਵੀ ਨਹੀਂ ਰਹਿ ਜਾਂਦੀ ਕਿਉਂ ਕਿ ਸਾਰੀਆਂ ਭੇਡਾਂ ਉਸ ਭੇਡ ਦੇ ਪਿੱਛੇ ਚਲੀਆਂ ਜਾਂਦੀਆਂ ਹਨ"। ਸ਼ਾਇਦ ਏੱਥੋਂ ਹੀ ਭੇਡ ਚਾਲ ਮੁਹਾਵਰੇ ਦਾ ਮੁੱਢ ਬੱਝਿਆ ਹੈ। ਇੱਕ ਭੇਡ ਨੇ ਖੂਹ ਵਿੱਚ ਛਾਲ ਮਾਰ ਦਿੱਤੀ ਉਸ ਦੇ ਪਿੱਛੇ ਸਾਰੀਆਂ ਭੇਡਾਂ ਛਾਲਾਂ ਮਾਰ ਦੇਂਦੀਆਂ ਹਨ। ਸਿੱਖ ਕੌਮ ਦੀ ਤਰਾਸਦੀ ਵੀ ਕੁੱਝ ਏਹੋ ਜੇਹੀ ਹੀ ਹੈ ਕਿ ਆਪਣੇ ਮਹਾਨ ਵਿਰਸੇ ਨੂੰ ਛੱਡ ਕੇ ਪਿੱਛਲੱਗ ਬਣਨ ਵਿੱਚ ਫ਼ਕਰ ਮਹਿਸੂਸ ਕਰ ਰਹੀ ਹੈ। ਜਦੋਂ ਪਿੰਡ ਵਿਚੋਂ ਕੋਈ ਕਿਸੇ ਡੇਰੇ `ਤੇ ਜਾਂਦਾ ਹੈ ਬਾਕੀ ਲੋਕ ਵੀ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਨ ਕਿ ਜਦੋਂ ਦਾ ਇਹ ਡੇਰੇ `ਤੇ ਜਾਣ ਲੱਗਿਆ ਬੜਾ ਸੌਖਾ ਹੋ ਗਿਆ ਹੋਣਾ ਏਂ? ਕਿਉਂ ਨਾ ਆਪਾਂ ਵੀ ਇੱਕ ਵਾਰੀ ਜਾ ਆਈਏ ਖੋਰੇ ਕੋਈ ਸਾਡਾ ਵੀ ਕੰਮ ਸੌਰ ਜਾਏਗਾ। ਇੰਝ ਦੇਖਾ ਦੇਖਾ ਟਰਾਲੀਆਂ ਭਰ ਭਰ ਮੂੰਹ ਚੁੱਕ ਕੇ ਇੱਕ ਦੂਜੇ ਨਾਲੋਂ ਪਹਿਲਾਂ ਪਹੁੰਣ ਵਿੱਚ ਫ਼ਕਰ ਮਹਿਸੂਸ ਕਰਦੇ ਹਾਂ।
ਦੇਖਾ ਦੇਖੀ ਭਾਵ ਜੋ ਬਿਨਾ ਸੋਚੇ ਸਮਝੇ ਕਰਮ ਕਰਨੇ ਹਨ ਉਸ ਨੂੰ ਭੇਡ ਚਾਲ ਆਖਦੇ ਹਨ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ—
ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ।।
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ

ਸਿਰੀ ਰਾਗੁ ਮਹਲਾ ੩ ਪੰਨਾ ੨੮
ਅੱਖਰੀਂ ਅਰਥ--ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁੱਝ ਵਿਖਾਵੇ ਦੀ ਖ਼ਾਤਰ ਕਰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ। (ਪਰ) ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵ੍ਰਿਤ ਹੋ ਜਾਂਦਾ ਹੈ, ਉਹਨਾਂ ਦੀ ਘਾਲ-ਕਮਾਈ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੀ ਹੈ।
ਬਾਹਰਲੇ ਮੁਲਕਾਂ ਵਿੱਚ ਵਿਆਹ ਦੇਖ ਲਓ ਜਿਸ ਤਰ੍ਹਾਂ ਚਰਚ ਵਿੱਚ ਵਿਆਹ ਕਰਨ ਲਈ ਉਹ ਜਾਂਦੇ ਹਨ ਓਸੇ ਤਰ੍ਹਾਂ ਹੀ ਅਸੀਂ ਗੁਰਦੁਆਰੇ ਵਿੱਚ ਆਉਂਦੇ ਹਾਂ। ਜਿਸ ਤਰ੍ਹਾਂ ਚਰਚ ਵਿੱਚ ਲਾੜੇ ਦੇ ਕਪੜਿਆਂ ਦਾ ਰੰਗ ਹੁੰਦਾ ਹੈ ਓਸੇ ਤਰ੍ਹਾਂ ਹੀ ਲਾੜੇ ਦੇ ਦੋਸਤਾਂ ਦੇ ਕਪੜੇ ਹੁੰਦੇ ਹਨ। ਏਸੇ ਤਰ੍ਹਾਂ ਹੀ ਵਿਆਹ ਵਾਲੀ ਬੱਚੀ ਜਿਸ ਰੰਗ ਦਾ ਕਪੜਾ ਪਾਇਆ ਹੁੰਦਾ ਹੈ ਓਸੇ ਤਰ੍ਹਾਂ ਦੇ ਹੀ ਬਾਕੀ ਬੱਚੀਆਂ ਨੇ ਕਪੜੇ ਪਹਿਨੇ ਹੁੰਦੇ ਹਨ। ਜਨੀ ਕਿ ਦੇਖਾ ਦੇਖਾ ਅਸੀਂ ਝੱਟ ਭੀੜ ਵਿੱਚ ਸ਼ਾਮਿਲ ਹੋ ਗਏ। ਚਰਚ ਵਾਲਾ ਪਹਿਰਾਵਾ ਅਸੀਂ ਬਹੁਤ ਜਲਦੀ ਪਕੜਿਆ ਹੈ। ਜਨੀ ਕਿ ਚਰਚ ਵਾਲੀ ਗੱਲ ਨੂੰ ਅਸੀਂ ਗੁਰਦੁਆਰੇ ਵਿੱਚ ਵੀ ਲੈ ਆਂਦਾ ਹੈ। ਇੱਕ ਵਿਦਵਾਨ ਲਿਖਦਾ ਹੈ ਕਿ ਇੱਕ ਝੂਠ ਨੂੰ ਸੌ ਵਾਰ ਬੋਲਿਆ ਜਾਏ ਤਾਂ ਉਹ ਸੱਚ ਮਹਿਸੂਸ ਹੋਣ ਲਗਦਾ ਹੈ ਤੇ ਏਦਾਂ ਹੀ ਸੌ ਵਾਰੀ ਸੱਚ ਨੂੰ ਪੇਸ਼ ਕੀਤਾ ਜਾਏ ਤਾਂ ਉਹ ਵੀ ਝੂਠ ਮਹਿਸੂਸ ਹੁੰਦਾ ਹੈ। ਸਿੱਖੀ ਦਾ ਨਿਆਰਾਪਨ ਹੀ ਇਹ ਹੈ ਕਿ ਇਸ ਦੇ ਆਪਣੇ ਸਿਧਾਂਤ ਹਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਹਨ। ਗੁਰਬਾਣੀ ਸਿਧਾਂਤ ਵਾਲਾ ਕਦੇ ਦੁਨੀਆਂ ਨਾਲ ਸਮਝੌਤਾ ਨਹੀਂ ਕਰਦਾ। ਉਹ ਸ਼ਹੀਦੀਆਂ ਨੂੰ ਪਹਿਲ ਦੇਵੇਗਾ ਪਰ ਕਿਸੇ ਦੀ ਈਨ ਨਹੀਂ ਮੰਨੇਗਾ। ਉਹ ਸੱਚ `ਤੇ ਪਹਿਰਾ ਦੇਂਦਾ ਹੈ। ਗੁਰਬਾਣੀ ਦੇ ਇਹਨਾਂ ਵਾਕਾਂ ਨੂੰ ਸਮਝਣ ਦਾ ਯਤਨ ਕਰੀਏ--
ਨਾਨਕ ਦੁਨੀਆ ਕੈਸੀ ਹੋਈ।। ਸਾਲਕੁ ਮਿਤੁ ਨ ਰਹਿਓ ਕੋਈ।।
ਭਾਈ ਬੰਧੀ ਹੇਤੁ ਚੁਕਾਇਆ।। ਦੁਨੀਆ ਕਾਰਣਿ ਦੀਨੁ ਗਵਾਇਆ
।। ੫।।
ਸ਼ਲੋਕ ਮ: ੧ (ਪੰਨਾ ੧੪੧੦)
ਅੱਖਰੀਂ ਅਰਥ— ਹੇ ਨਾਨਕ! ਦੁਨੀਆ (ਦੀ ਲੁਕਾਈ) ਅਜਬ ਨੀਵੇਂ ਪਾਸੇ ਜਾ ਰਹੀ ਹੈ। ਸਹੀ ਜੀਵਨ-ਰਸਤਾ ਦੱਸਣ ਵਾਲਾ ਮਿੱਤਰ ਕਿਤੇ ਕੋਈ ਲੱਭਦਾ ਨਹੀਂ। ਭਰਾਵਾਂ ਸਨਬੰਧੀਆਂ ਦੇ ਮੋਹ ਵਿੱਚ ਫਸ ਕੇ (ਮਨੁੱਖ ਪਰਮਾਤਮਾ ਦਾ) ਪਿਆਰ (ਆਪਣੇ ਅੰਦਰੋਂ ਮੁਕਾਈ ਬੈਠਾ ਹੈ) ਦੁਨੀਆ (ਦੀ ਮਾਇਆ) ਦੀ ਖ਼ਾਤਰ ਆਤਮਕ ਜੀਵਨ ਦਾ ਸਰਮਾਇਆ ਗੰਵਾਈ ਜਾ ਰਿਹਾ ਹੈ।
ਉਪਰੋਕਤ ਸਲੋਕ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਦੁਨੀਆਂ ਨਾਲ ਸਮਝੌਤਾ ਕਰਕੇ ਇਸ ਨੇ ਈਮਾਨ ਗਵਾ ਲਿਆ ਹੈ। ਜਿਹੜੀ ਦੁਨੀਆਂ ਖਾਤਰ ਇਸ ਨੇ ਆਪਣਾ ਇਮਾਨ ਗਵਾਇਆ ਹੈ ਉਸ ਨੇ ਇਸ ਦਾ ਸਾਥ ਨਹੀਂ ਦਿੱਤਾ।
ਕਬੀਰ ਦੀਨੁ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥਿ।।
ਪਾਇ ਕੁਹਾੜਾ ਮਾਰਿਆ, ਗਾਫਿਲ ਅਪੁਨੈ ਹਾਥਿ
।। ੧੩।।
ਸਲੋਕ ਕਬੀਰ ਸਾਹਿਬ ਜੀ (ਪੰਨਾ ੧੩੬੫)
ਅੱਖਰੀ ਅਰਥ— ਹੇ ਕਬੀਰ! ਗ਼ਾਫ਼ਲ ਮਨੁੱਖ ਨੇ ‘ਦੁਨੀਆ` (ਦੇ ਧਨ-ਪਦਾਰਥ) ਦੀ ਖ਼ਾਤਰ ‘ਦੀਨ` ਗਵਾ ਲਿਆ, (ਅਖ਼ੀਰ ਵੇਲੇ ਇਹ) ਦੁਨੀਆ ਭੀ ਮਨੁੱਖ ਦੇ ਨਾਲ ਨਾਹ ਤੁਰੀ। (ਸੋ) ਲਾ-ਪਰਵਾਹ ਬੰਦੇ ਨੇ ਆਪਣੇ ਪੈਰ ਉਤੇ ਆਪਣੇ ਹੀ ਹੱਥ ਨਾਲ ਕੁਹਾੜਾ ਮਾਰ ਲਿਆ (ਭਾਵ, ਆਪਣਾ ਨੁਕਸਾਨ ਆਪ ਹੀ ਕਰ ਲਿਆ)। ੧੩।
ਬ੍ਰਾਹਮਣ ਭਾਵ ਤੇਜ਼ ਤਰਾਰ ਪੁਜਾਰੀ ਦੀ ਨੀਤੀ ਹੈ ਕਿ ਮੈਨੂੰ ਕਰਨਾ ਕੁੱਝ ਨਾ ਪਏ, ਲੋਕ ਮੇਰੀ ਉਪਜੀਵਕਾ ਲਈ ਸਾਲਾਂ ਦਾ ਆਪੇ ਹੀ ਪ੍ਰਬੰਧ ਕਰ ਦੇਣ। ਬ੍ਰਾਹਮਣ ਨੇ ਤਿਉਹਾਰਾਂ ਦੀ ਬਣਤਰ ਇਸ ਤਰ੍ਹਾਂ ਦੀ ਕੀਤੀ ਹੋਈ ਹੈ ਕਿ ਲੋਕ ਆਪਣੇ ਆਪ ਹੀ ਇਹਨਾਂ ਤਿਉਹਾਰਾਂ ਵਿੱਚ ਸ਼ਾਮਿਲ ਹੋ ਜਾਂਦੇ ਹਨ। ਤਿਉਹਾਰਾਂ ਪਿੱਛੇ ਮਨਸ਼ਾ ਵੀ ਏਦਾਂ ਦੀ ਰੱਖੀ ਹੋਈ ਹੈ ਕਿ ਲੋਕ ਮਹਿਸੂਸ ਕਰਨ ਕਿ ਇਹ ਤਿਉਹਾਰ ਵੱਡੀ ਪੱਧਰ `ਤੇ ਮਨਾਉਣ ਨਾਲ ਸਾਡੇ ਘਰ ਵਿੱਚ ਸਭ ਖੁਸ਼ੀਆਂ ਆ ਜਾਣੀਆਂ ਹਨ।
ਤਿਉਹਾਰ—
ਭਾਰਤ ਵਿੱਚ ਬਹੁਤ ਸਾਰੇ ਤਿਉਹਾਰਾਂ ਦਾ ਸਬੰਧ ਰੁੱਤਾਂ ਨਾਲ ਹੈ। ਕੁੱਝ ਤਿਉਹਾਰ ਇਸ ਤਰ੍ਹਾਂ ਦੇ ਵੀ ਹਨ ਜਿੰਨ੍ਹਾਂ ਦਾ ਸਬੰਧ ਵਰਣ ਆਸ਼ਰਮਾਂ ਨਾਲ ਹੈ। ਵੈਸਾਖੀ- ਬ੍ਰਾਹਮਣ, ਦੁਸਹਿਰਾ- ਖਤਰੀਆਂ ਲਈ, ਦੀਵਾਲੀ ਵੈਸ਼ਾਂ ਤੇ ਹੋਲੀ ਨੂੰ ਸ਼ੂਦਰਾਂ ਲਈ ਰਾਖਵਾਂ ਰੱਖਿਆ ਗਿਆ ਹੈ। ਇਹਨਾਂ ਵਿਚੋਂ ਬਹੁਤੇ ਤਿਉਹਾਰ ਮਿੱਥਹਾਸ ਨਾਲ ਸਬੰਧ ਰੱਖਦੇ ਹਨ। ਬ੍ਰਾਹਮਣ ਨੇ ਜਿਹੜੇ ਤਿਉਹਾਰ ਨਿਯਤ ਕੀਤੇ ਹਨ ਉਹਨਾਂ ਦੀ ਖਾਦ-ਖੁਰਾਕ ਵੀ ਵੱਖਰੀ ਵੱਖਰੀ ਹੈ। ਬ੍ਰਾਹਮਣ ਦੇ ਨਿਯਤ ਕੀਤੇ ਤਿੳਹਾਰਾਂ ਵਿੱਚ ਆਮ ਲੋਕ ਸ਼ਾਮਿਲ ਹੁੰਦੇ ਹਨ। ਇਹ ਤਿੳਹਾਰ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਪ੍ਰਚਾਰ ਕਰ ਜਾਂਦੇ ਹਨ। ਅਸਲ ਵਿੱਚ ਪੁਜਾਰੀ ਇਹ ਸਮਝਾਉਣ ਵਿੱਚ ਸਫਲ ਰਿਹਾ ਹੈ ਚੰਗੀਆਂ ਤੇ ਭੈੜੀਆਂ ਰੂਹਾਂ ਹੁੰਦੀਆਂ ਹਨ। ਉਹਨਾਂ ਦੀ ਪੂਜਾ ਕਰਨ ਨਾਲ ਸਾਨੂੰ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਪੂਜਾ ਨਾ ਕਰਨ ਕਰਕੇ ਉਹ ਕਰੋਪ ਹੋ ਜਾਂਦੀਆਂ ਹਨ। ਸਾਡੇ ਪਰਵਾਰਕ ਦੁੱਖਾਂ ਦਾ ਕਾਰਨ ਵੀ ਏਹੀ ਦਸਦੇ ਹਨ ਕਿ ਸਾਡੇ ਕੋਲੋਂ ਕਿਤੇ ਇਹਨਾਂ ਦੀ ਪੂਜਾ ਨਹੀਂ ਹੋਈ ਇਸ ਲਈ ਇਹ ਭੈੜੀਆਂ ਰੂਹਾਂ ਸਾਡੇ ਨਾਲ ਨਰਾਜ਼ ਚੱਲ ਰਹੀਆਂ ਹਨ। ਇੰਝ ਕੁਦਰਤ ਦੀਆਂ ਦਾਤਾਂ ਦੀ ਮਨੁੱਖ ਪਾਸੋਂ ਪੂਜਾ ਕਰਾਉਣੀ ਸ਼ੂਰੂ ਕਰ ਦਿੱਤੀ। ਡਰ ਜਾਂ ਲਾਭ ਕਰਕੇ ਪੁਜਾਰੀ ਨੇ ਕੁਦਰਤ ਦੀਆਂ ਸ਼ਕਤੀਆਂ ਚੰਦ੍ਰਮਾ, ਸੂਰਜ, ਅੱਗ, ਬੱਦਲਾਂ, ਹਨੇਰੀਆਂ, ਦਰੱਖਤਾਂ ਤੇ ਪਸ਼ੂ-ਪੰਛੀਆਂ ਆਦਿ ਦੀ ਪੂਜਾ `ਤੇ ਮਨੁੱਖ ਨੂੰ ਲਗਾ ਦਿੱਤਾ ਗਿਆ। ਇੰਝ ਭੈੜੀਆਂ ਰੂਹਾਂ ਤੋਂ ਬਚਣ ਲਈ ਇਹਨਾਂ ਦੀ ਪੂਜਾ ਅਰੰਭੀ ਗਈ।
ਇਸ ਦੇ ਇਲਾਵਾ ਦਸ ਪੁਰਬ ਤਿਆਰ ਕੀਤੇ ਗਏ ਜਿਹੜੇ ਮਹੀਨਾ ਵਾਰੀ ਜਾਂ ਸਾਲ ਬਆਦ ਆੳਂਦੇ ਹਨ—
ਸੂਰਜ ਚੰਦ੍ਰਮਾ ਨਾਲ ਸੰਬੰਧ ਰੱਖਣ ਵਾਲੇ ਹੇਠ-ਲਿਖੇ ਦਸ ਦਿਨ ਪਵਿੱਤਰ ਸਮਝੇ ਜਾ ਰਹੇ ਹਨ—ਸੂਰਜ-ਗ੍ਰਹਿਣ, ਚੰਦ-ਗ੍ਰਹਿਣ, ਮੱਸਿਆ, ਪੁੰਨਿਆ, ਚਾਨਣਾ ਐਤਵਾਰ, ਸੰਗ੍ਰਾਂਦ, ਦੋ ਇਕਾਦਸ਼ੀਆਂ, ਤੇ ਦੋ ਅਸ਼ਟਪਦੀਆਂ । ਇਹਨਾਂ ਦਸ ਦਿਨਾਂ ਨੂੰ ‘ਪੁਰਬ` (ਪਵਿੱਤਰ ਦਿਨ) ਮੰਨਿਆ ਜਾਂਦਾ ਹੈ। ਸੂਰਜ-ਦੇਵਤੇ ਨਾਲ ਸੰਬੰਧ ਰੱਖਣ ਵਾਲੇ ਇਹਨਾਂ ਵਿਚੋਂ ਸਿਰਫ਼ ਦੋ ਦਿਨ ਹਨ—ਸੂਰਜ-ਗ੍ਰਹਿਣ ਅਤੇ ਸੰਗ੍ਰਾਂਦ। ਬਾਕੀ ਦੇ ਦਿਨ ਚੰਦ੍ਰਮਾ ਦੇ ਹਨ। `ਚਾਨਣਾ ਐਤਵਾਰ` ਸੂਰਜ ਤੇ ਚੰਦ ਦੋਹਾਂ ਦਾ ਹੈ। ਵਖੋ-ਵਖ ਦੇਵਤਿਆਂ ਦੇ ਥਾਂ ਇੱਕ ਪਰਮਾਤਮਾ ਦੀ ਭਗਤੀ ਦਾ ਰਿਵਾਜ ਵਧਣ ਤੇ ਭੀ ਇਹਨਾਂ ਦਸ ਪੁਰਬਾਂ ਦੀ ਰਾਹੀਂ ਇਹਨਾਂ ਦੇਵਤਿਆਂ ਦੀ ਪੂਜਾ ਤੇ ਪਿਆਰ ਅਜੇ ਤਕ ਜੋਬਨ ਤੇ ਹੈ।
ਇਸ ਪ੍ਰਭਾਵ ਦੀ ਡੂੰਘਾਈ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਤਾਲੀਮ ਦੀ ਬਰਕਤਿ ਨਾਲ ਜੋ ਲੋਕ ‘ਅੱਨ ਪੂਜਾ` ਛੱਡ ਕੇ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ ਹੋ ਚੁਕੇ ਸਨ ਉਹ ਭੀ ਅਜੇ ਸੂਰਜ ਦੀ ਯਾਦ ਮਨਾਣੀ ਨਹੀਂ ਛੱਡ ਸਕੇ ।
ਤਿਉਹਾਰ ਦੇ ਅੱਖਰੀਂ ਅਰਥ ਹਨ—ਤਿੱਥ, ਵਾਰ ਉਤਸਵ ਮਨਾਉਣ ਦਾ ਦਿਨ, ਪਰਬ ਦਾ ਦਿਨ, ਤਿਉਹਾਰ, ਵੈਸਾਖੀ, ਹੋਲੀ, ਈਦ ਅਤੇ ਕ੍ਰਿਸਮਿਸ ਆਦਿ।
ਗੁਰੂ ਅਮਰਦਾਸ ਜੀ ਬੜਾ ਪਿਆਰਾ ਵਾਕ ਹੈ ਕਿ ਹੇ ਮਨੁੱਖ ਜੇ ਤੂੰ ਆਪਣੇ ਜੀਵਨ ਵਿੱਚ ਪੁੱਤਰਾਂ ਤੋਂ ਸੁਪੁੱਤਰ ਬਣਨਾ ਚਾਹੁੰਦੇ ਏਂ ਤਾਂ ਆਪਣਿਆਂ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਤਥਾ ਉਹਨਾਂ ਵਲੋਂ ਸਿਰਜੇ ਵਿਰਸੇ ਨੂੰ ਯਾਦ ਕਰ ਲਿਆ ਕਰ—
ਬਬਾਣੀਆਂ ਕਹਾਣੀਆਂ ਪੁਤ ਸਪੁਤ ਕਰੇਨਿ।।
ਸਲੋਕ ਮ: ੩ ਪੰਨਾ ੯੫੧
ਸਿੱਖੀ ਵਿੱਚ ਤਿਉਹਾਰਾਂ ਦੀ ਥਾਂ `ਤੇ ਪੁਰਬ ਸ਼ਬਦ ਵਰਤਿਆ ਗਿਆ ਹੈ। ਪੁਰਬਾਂ ਸਬੰਧੀ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰ ਸਿੱਖ ਭੈ-ਭੈਵਨੀ ਵਿੱਚ ਆ ਕੇ ਆਪਣੇ ਗੁਰੂਆਂ ਦੇ ਪੁਰਬ ਮਨਾਉਂਦੇ ਹਨ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ—
ਕੁਰਬਾਣੀ ਤਿਨ੍ਹਾਂ ਗੁਰਸਿੱਖਾਂ ਭਾਇ ਭਗਤਿ ਗੁਰਪੁਰਬ ਕਰੰਦੇ।
ਗੁਰ ਅਮਰਦਾਸ ਜੀ ਨੇ ਭਾਈ ਪਾਰੋ ਜੀ ਦੀ ਸਲਾਹ `ਤੇ ਵਿਸਾਖੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ `ਤੇ ਗੋਇੰਦਵਾਲ ਵਿਖੇ ਸੰਗਤਾਂ ਨੂੰ ਇਕੱਠੇ ਹੋਣ ਲਈ ਕਿਹਾ ਜੋ ਇਤਿਹਾਸ ਦੇ ਪੰਨਿਆਂ `ਤੇ ਅੰਕਤ ਹੈ। ਇਸ ਇਕੱਠ ਵਿੱਚ ਭਵਿੱਖਤ ਦੀਆਂ ਨੀਤੀਆਂ ਤਿਆਰ ਕੀਤੀਆਂ ਗਈਆਂ।
ਦੀਵਾਲੀ—
ਮਹਾਨ ਕੋਸ਼ ਵਿੱਚ ਦੀਵਾਲੀ ਦੇ ਅੱਖਰੀਂ ਅਰਥ ਇਸ ਪਰਕਾਰ ਲਿਖੇ ਹੋਏ ਹਨ—ਸੰਗਯਾ—ਦੀਵਾਰ ਕੰਧ ਜਾਂ ਚਾਰ ਦੀਵਾਰੀ ਬੈਠੇ ਜਾਇ ਸਮੀਪ ਦੀਵਾਲੀ (ਨ ਪ੍ਰ) ੨ ਦੀਪਮਾਲਿਕਾ, ਦੀਪਵਲਿ, ਕਤਕ ਬਦੀ ਦਾ ੩੦ ਦਾ ਤਿਉਹਾਰ ਹਿੰਦੂਮਤ ਵਿੱਚ ਇਹ ਲਛਮੀ ਪੂਜਨ ਦਾ ਪੁਰਵ ਹੈ। ਹਿੰਦੀ ਡਕਸ਼ਨਰੀ ਵਿੱਚ ਲਿਖਿਆ ਹੈ—ਕਾਰਤਿਕ ਕੀ ਅਮਾਵਸ ਕੋ ਪੜ੍ਹਨੇ ਵਾਲਾ ਹਿੰਦੂਓ ਕਾ ਏਕ ਤਿਉਹਾਰ ਜਿਸ ਮੇਂ ਲਕਛਮੀ ਪੂਜਨ ਹੋਤਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋ ਹਿੰਦੂ ਇਹ ਤਿਉਹਾਰ ਮਨਾਉਂਦੇ ਆਏ ਹਨ। ਦੇਖਾ ਦੇਖਾ ਸਿੱਖ ਆਪ ਵੀ ਇਸ ਵਿੱਚ ਸ਼ਾਮਿਲ ਹੋ ਗਏ ਹਨ।
ਦੀਵਾਲੀ ਨਾਲ ਬਹੁਤ ਸਾਰੀਆਂ ਮਿੱਥਹਾਸਕ ਕਹਾਣੀਆਂ ਜੁੜੀਆਂ ਹੋਈਆਂ ਹਨ। ਜਿਸ ਤਰ੍ਹਾਂ ਕ੍ਰਿਸ਼ਨ ਵਲੋਂ ਕੰਸ ਨੂੰ ਕੇਸਾਂ ਤੋਂ ਫੜ ਕੇ ਮਾਰਨਾ ਦੂਜਾ ਬਿਕਰਮਾ ਦਿੱਤ ਦਾ ਤੱਖਤ `ਤੇ ਬੈਠਣ ਤੀਜਾ ਰਾਮ ਚੰਦ੍ਰ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਆਉਣ ਦੀ ਖੁਸੀ ਵਿੱਚ ਲੋਕਾਂ ਨੇ ਆਪਣਿਆਂ ਘਰਾਂ ਵਿੱਚ ਦੀਪ ਮਾਲਾ ਕੀਤੀ। ਉਂਝ ਜਦੋਂ ਵੀ ਘਰ ਵਿੱਚ ਕੋਈ ਖੁਸ਼ੀ ਹੁੰਦੀ ਹੈ ਤਾਂ ਲੋਕ ਦੀਵੇ ਜਗਾ ਕੇ ਆਪਣੀ ਖੁਸ਼ੀ ਜ਼ਾਹਰ ਕਰਦੇ ਹਨ।
ਪੁਜਾਰੀ ਨੇ ਸਿੱਖਾਂ ਨੂੰ ਸ਼ਾਮਿਲ ਕਰਨ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾ ਹੋਣ ਵਾਲੀ ਸਾਖੀ ਜੋੜ ਦਿੱਤੀ ਹੈ। ਜਦ ਕਿ ਇਤਿਹਾਸਕ ਤੱਥਾਂ `ਤੇ ਇਹ ਸਾਖੀ ਪੂਰੀ ਨਹੀਂ ਉਤਰਦੀ ਹੈ। ਦੀਵਾਲੀ ਦਾ ਤਿਉਹਾਰ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ ਤੇ ਸਿੱਖ ਇਸ ਵਿੱਚ ਧੱਕੇ ਨਾਲ ਹੀ ਸ਼ਾਮਿਲ ਹੋ ਗਏ ਹਨ ਜਾਂ ਕਰਾ ਦਿੱਤਾ ਗਏ।
ਦੀਵਾਲੀ ਤਥਾ ਲਛਮੀ ਦੀ ਪੂਜਾ
ਜਿਸ ਤਰ੍ਹਾਂ ਅੱਜ ਕਲ੍ਹ ਸਾਲ ਵਿੱਚ ਦੋ ਵਾਰੀ ਆਪਣੀ ਆਮਦਨੀ ਦਾ ਚਿੱਠਾ ਸਰਕਾਰ ਨੂੰ ਦਿਖਾਉਣਾ ਪੈਂਦਾ ਹੈ ਕੁੱਝ ਏਸੇ ਤਰ੍ਹਾਂ ਹੀ ਆਰੀਆ ਲੋਕਾਂ ਦੇ ਆਉਣ ਤੋਂ ਪਹਿਲਾਂ ਆਮ ਜਨਤਾ ਨੂੰ ਦੀਵਾਲੀ `ਤੇ ਆਪਣਾ ਸਾਰਾ ਹਿਸਾਬ ਕਿਤਾਬ ਰੱਖਣਾ ਪੈਂਦਾ ਸੀ ਇਹ ਵੀ ਦੇਖਿਆ ਜਾਂਦਾ ਸੀ ਇਸ ਵਪਾਰੀ ਨੇ ਸਰਕਾਰੀ ਖ਼ਜ਼ਾਨੇ ਵਿੱਚ ਕਿੰਨਾ ਕੁੱਝ ਜਮ੍ਹਾਂ ਕਰਾਇਆ। ਵਪਾਰੀ ਲੋਕ ਇਸੇ ਦਿਨ ਆਪਣੇ ਵਹੀ ਖਾਤੇ ਦੀਆਂ ਨਵੀਆਂ ਵਹੀਆਂ ਸ਼ੁਰੂ ਕਰਦੇ ਸਨ। ਮਧ ਪ੍ਰਦੇਸ, ਗੁਜਰਾਤ ਤੇ ਮਹਾਂਰਾਸ਼ਟਰਾ ਦੇ ਵਪਾਰੀ ਤੇ ਆਮ ਲੋਕ ਆਪਣੇ ਨਵੇਂ ਵਹੀ ਖਾਤੇ ਲਗਾਉਂਦੇ ਸਨ। ਆਰੀਆ ਲੋਕਾਂ ਨੇ ਇਸ ਨੂੰ ਲਛਮੀ ਪੂਜਾ ਵਜੋਂ ਮਨਾਉਣਾ ਸ਼ੂਰੂ ਕਰ ਦਿੱਤਾ। ਇਹ ਕਹਿਣਾ ਸ਼ੁਰੂ ਦਿੱਤਾ ਕਿ ਦੀਵਾਲੀ ਵਾਲੇ ਦਿਨ ਆਪਣੇ ਘਰ ਵਿੱਚ ਦੀਵੇ ਬਾਲ ਕੇ ਰੱਖੇ ਜਾਣ ਤਾਂ ਕਿ ਲਛਮੀ ਲੋਅ ਅਤੇ ਖੁਲ੍ਹਾ ਘਰ ਦੇਖ ਆਪਣੇ ਆਪ ਹੀ ਘਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਫਿਰ ਬੰਦੇ ਨੂੰ ਸਾਰੀ ਜ਼ਿੰਦਗੀ ਕੰਮ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਵਰਤਮਾਨ ਸਮੇਂ ਅੰਦਰ ਵੀ ਦੀਵਾਲੀ ਨੂੰ ਲਛਮੀ ਪੂਜਾ ਕਰਕੇ ਪੂਜਿਆ ਜਾਂਦਾ ਹੈ। ਇਹ ਸਾਰੀਆਂ ਮਨੌਤਾਂ ਹੀ ਹਨ ਇੰਝ ਕਦੇ ਵੀ ਕਿਸੇ ਘਰ ਵਿੱਚ ਲਛਮੀ ਨਹੀਂ ਆ ਸਕਦੀ ਪਰ ਦੀਵਾਲੀ `ਤੇ ਨਾ ਚਹੁੰਦਿਆਂ ਹੋਇਆਂ ਵੀ ਬੇ-ਲੋੜਾ ਖਰਚਾ ਕੋਲ ਕਰ ਲੈਂਦੇ ਹਨ।
ਕੀ ਗੁਰਮਤ ਲਛਮੀ ਦੀ ਪੂਜਾ ਕਰਨ ਦੀ ਆਗਿਆ ਦੇਂਦੀ ਹੈ?
ਜਦੋਂ ਸਿੱਖ ਅਰਦਾਸ ਕਰਦਾ ਹੈ ਤਾਂ ਦੇਗ ਤੇਗ ਫਤਹ ਵਾਲੇ ਸ਼ਬਦਾਂ ਨੂੰ ਦੋ ਵਾਰ ਪੜ੍ਹਦਾ ਹੈ। ਦੇਗ ਦਾ ਅਰਥ ਹੈ ਕਿਰਤ ਕਰਕੇ ਨਿਰਬਾਹ ਕਰਨਾ ਤੇ ਆਪਣੀ ਕਿਰਤ ਵਿਚੋਂ ਲੋੜ ਵੰਦਾਂ ਦੀ ਸਹਾਇਤਾ ਕਰਨਾ। ਤੇਗ ਦੇ ਅਰਥ ਵਿਚੋਂ ਹਰੇਕ ਮਨੁੱਖ ਨੂੰ ਪੂਰਨ ਅਜ਼ਾਦੀ, ਤਥਾ ਖੁਦਮੁਖਤਿਆਰੀ ਦਾ ਸੁਨੇਹਾ ਮਿਲਦਾ ਹੈ। ਦੋਲਤ ਗੁਜ਼ਰਾਨ ਹੈ ਦੱਬ ਕੇ ਕਿਰਤ ਕਰਨੀ ਚਾਹੀਦੀ ਹੈ ਪਰ ਇਹ ਨਹੀਂ ਕਿ ਸਿੱਖ ਇੱਕ ਅਕਾਲ ਪੁਰਖ ਦਾ ਪੁਜਾਰੀ ਹੋਣ ਦੀ ਥਾਂ `ਤੇ ਲਛਮੀ ਦੀ ਪੂਜਾ ਲਰਨ ਲੱਗ ਜਾਏ।
ਲਛਮੀ ਸਬੰਧੀ ਗੁਰਬਾਣੀ ਫਰਮਾਣਾਂ ਨੂੰ ਸਮਝਣ ਦਾ ਯਤਨ ਕੀਤਾ ਜਾਏਗਾ।
ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਨੂੰ ਭੁਲਾ ਕੇ ਆਪਣੀ ਆਗਿਆਨਤਾ ਕਾਰਣ ਦੀਵਾਲੀ ਮਨਾਉਂਦੇ ਹਨ ਉਹਨਾਂ ਪ੍ਰਤੀ ਗੁਰਬਾਣੀ ਦਾ ਬੜਾ ਪਿਆਰਾ ਵਾਕ ਹੈ—
ਜਿਨੀ ਗੁਰਮੁਖਿ ਹਰਿ ਨਾਮ ਧਨੁ ਨ ਖਟਿਓ ਸੇ ਦੇਵਾਲੀਏ ਜੁਗ ਮਾਹਿ।।
ਓਇ ਮੰਗਦੇ ਫਿਰਹਿ ਸਭ ਜਗਤ ਮਹਿ ਕੋਈ ਮੁਹਿ ਥੁਕ ਨ ਤਿਨ ਕਉ ਪਾਹਿ
।।
ਪੰਨਾ ੮੫੨
ਅੱਖਰੀਂ ਅਰਥ—ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਧਨ ਨਹੀਂ ਕਮਾਇਆ, ਉਹ ਜਗਤ ਵਿੱਚ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਚੁਕੇ ਸਮਝੋ (ਜਿਵੇਂ ਜੁਆਰੀਆ ਜੂਏ ਵਿੱਚ ਹਾਰ ਕੇ ਕੰਗਾਲ ਹੋ ਜਾਂਦਾ ਹੈ)। ਇਹੋ ਜਿਹੇ ਮਨੁੱਖ (ਉਹਨਾਂ ਮੰਗਤਿਆਂ ਵਰਗੇ ਹਨ ਜੋ) ਸਾਰੇ ਸੰਸਾਰ ਵਿੱਚ ਮੰਗਦੇ ਫਿਰਦੇ ਹਨ, ਪਰ ਉਹਨਾਂ ਦੇ ਮੂੰਹ ਉਤੇ ਕੋਈ ਥੁੱਕਦਾ ਭੀ ਨਹੀਂ।
ਜਿਹੜਾ ਮਨੁੱਖ ਗੁਰੂ ਸਾਹਿਬ ਜੀ ਦੀ ਮਤ `ਤੇ ਤੁਰਦਾ ਹੈ ਉਹ ਗੁਣਾਂ ਰੂਪੀ ਨਾਮ ਧਨ ਇਕੱਠਾ ਕਰ ਲੈਂਦਾ ਹੈ। ਇੱਕ ਗੱਲ ਹੋਰ ਸਮਝਣੀ ਚਾਹੀਦੀ ਹੈ ਕਿ ਗੁਰਬਾਣੀ ਸਿਧਾਂਤ ਧਨ ਕਮਾਉਣ ਤੋਂ ਮਨ੍ਹਾ ਨਹੀਂ ਕਰਦੀ ਪਰ ਇਹ ਵੀ ਨਸੀਹਤ ਦੇਂਦੀ ਹੈ ਭਲੇ ਦੂਜੇ ਦਾ ਹੱਕ ਨਾ ਮਾਰ ਅਜੇਹਾ ਕਰਨ ਨਾਲ ਤੈਨੂੰ ਅੰਤਰੇ ਆਤਮੇ `ਤੇ ਜ਼ਲੀਲ ਹੋਣਾ ਪਏਗਾ---
ਕਾਚਾ ਧਨੁ ਸੰਚਹਿ ਮੂਰਖ ਗਾਵਾਰ।।
ਮਨਮੁਖ ਭੂਲੇ ਅੰਧ ਗਾਵਾਰ।। ਬਿਖਿਆ ਕੈ ਧਨਿ ਸਦਾ ਦੁਖੁ ਹੋਇ।।
ਨਾ ਸਾਥਿ ਜਾਇ ਨ ਪਰਾਪਤਿ ਹੋਇ।।
੧।।
ਸਾਚਾ ਧਨੁ ਗੁਰਮਤੀ ਪਾਏ।।
ਕਾਚਾ ਧਨੁ ਫੁਨਿ ਆਵੈ ਜਾਏ
।। ਰਹਾਉ।।
ਧਨਾਸਰੀ ਮਹਲਾ ੩ ਪੰਨਾ ੬੬੫
ਅੱਖਰੀਂ ਅਰਥ -—ਜੇਹੜਾ ਮਨੁੱਖ ਗੁਰੂ ਦੀ ਮਤਿ ਉਤੇ ਤੁਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਧਨ ਹਾਸਲ ਕਰ ਲੈਂਦਾ ਹੈ। (ਪਰ ਦੁਨੀਆ ਵਾਲਾ) ਨਾਸਵੰਤ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਹੱਥੋਂ ਨਿਕਲ ਜਾਂਦਾ ਹੈ। ਰਹਾਉ। ਹੇ ਭਾਈ ! ਮੂਰਖ ਅੰਞਾਣ ਲੋਕ (ਸਿਰਫ਼ ਦੁਨੀਆ ਵਾਲਾ) ਨਾਸਵੰਤ ਧਨ (ਹੀ) ਜੋੜਦੇ ਰਹਿੰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਦੇ ਮੋਹ ਵਿੱਚ ਅੰਨ੍ਹੇ ਹੋਏ ਹੋਏ ਮਨੁੱਖ ਕੁਰਾਹੇ ਪਏ ਰਹਿੰਦੇ ਹਨ। ਹੇ ਭਾਈ! ਮਾਇਆ ਦੇ ਧਨ ਨਾਲ ਸਦਾ ਦੁੱਖ (ਹੀ) ਮਿਲਦਾ ਹੈ। ਇਹ ਧਨ ਨਾਹ ਹੀ ਮਨੁੱਖ ਦੇ ਨਾਲ ਜਾਂਦਾ ਹੈ, ਅਤੇ, ਨਾਹ ਹੀ (ਇਸ ਨੂੰ ਜੋੜ ਜੋੜ ਕੇ) ਸੰਤੋਖ ਪ੍ਰਾਪਤ ਹੁੰਦਾ ਹੈ। ੧।
ਗੁਰਬਾਣੀ ਸਿਧਾਂਤ ਸਾਨੂੰ ਇੱਕ ਅਕਾਲ ਨਾਲ ਜੋੜਦੀ ਹੈ। ਧਨ ਕਮਾਉਣਾ ਕੋਈ ਮਾੜੀ ਗੱਲ ਨਹੀਂ ਪਰ ਧਨ ਦੀ ਪੂਜਾ ਕਰਨਾ ਸਿੱਖ ਸਿਧਾਂਤ ਨਹੀਂ ਹੈ। ਗੁਰੂ ਸਿਧਾਂਤ ਨੇ ਸਿੱਖ ਨੂੰ ਕਿਰਤੀ ਬਣਾਇਆ ਹੈ।
ਦੀਵਾਲੀ ਦਾ ਵਪਾਰੀ ਕਰਨ
ਜਿਸ ਤਰ੍ਹਾਂ ਸਾਲ ਵਿੱਚ ਸਰਕਾਰ ਇਹ ਦੇਖ ਲੈਂਦੀ ਸੀ ਲੋਕਾਂ ਪਾਸ ਕਿੰਨੀ ਧੰਨ ਦੌਲਤ ਹੈ ਸਾਰਕਾਰੀ ਖਜ਼ਾਨੇ ਵਿੱਚ ਕਿੰਨੀ ਜਮ੍ਹਾ ਹੋਈ ਹੈ। ਦੂਸਰਾ ਇਸ ਤਿਉਹਾਰ ਨੂੰ ਵਪਾਰੀ ਲੋਕਾਂ ਨੇ ਆਪਣੇ ਫਾਇਦੇ ਲਈ ਵਰਤਿਆ ਹੈ। ਦੀਵਾਲੀ ਦੇ ਦਸ ਦਿਨ ਪਹਿਲਾਂ ਹੀ ਦੁਕਾਨਦਾਰ ਆਪਣੀਆਂ ਦੁਕਾਨਾਂ ਸਜਾਉਣੀਆਂ ਸ਼ੁਰੂ ਕਰ ਦੇਂਦੇ ਹਨ। ਕਿਹਾ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਲਛਮੀ ਲੋਕਾਂ ਦਿਆਂ ਘਰਾਂ ਵਿੱਚ ਪਰਵੇਸ਼ ਕਰਦੀ ਹੈ ਪਰ ਇਹ ਕਿੱਡਾ ਵੱਡਾ ਧੋਖਾ ਹੈ ਇਸ ਦਿਨ ਤਾਂ ਲਕਛਮੀ ਆਮ ਘਰਾਂ ਵਿਚੋਂ ਨਿਕਲ ਕੇ ਦੁਕਾਨਦਾਰਾਂ ਅਤੇ ਵਪਾਰੀਆਂ ਦੀਆਂ ਦੁਕਾਨਾਂ ਵਿੱਚ ਵੜ ਜਾਂਦੀ ਹੈ। ਦੁਕਾਨਦਾਰ ਲੋਕਾਂ ਵਿੱਚ ਏੰਨਾ ਉਤਸ਼ਾਹ ਭਰ ਦੇਂਦੇ ਹਨ ਕਿ ਹਰੇਕ ਮਨੁੱਖ ਦੀਵਾਲੀ ਨੂੰ ਕੁੱਝ ਨਾ ਕੁੱਝ ਖਰੀਦ ਦਾ ਹੀ ਹੈ। ਇੰਝ ਦੀਵਾਲੀ ਨੂੰ ਵਪਾਰੀ ਲੋਕ ਸਸਤੀ ਵਸਤੂ ਵੀ ਮਹਿੰਗੇ ਭਾਅ ਵੇਚ ਕੇ ਆਪਣਾ ਹੀ ਘਰ ਭਰਦੇ ਹਨ। ਘਟੀਆ ਤੋਂ ਘਟੀਆ ਕਿਸਮ ਦੀ ਮਠਿਆਈ ਲੋਕ ਆਪਣਿਆਂ ਘਰਾਂ ਵਿੱਚ ਲੈ ਜਾਂਦੇ ਹਨ।
ਹੈਰਾਨਗੀ ਦੀ ਗੱਲ ਦੇਖੋ, ਦੇਸ-ਵਿਦੇਸ ਦੇ ਤਮਾਮ ਗੁਰਦੁਆਰਿਆਂ ਵਿੱਚ ਬੇ-ਲੋੜੀ ਤੇ ਬੇ-ਓੜਕੀ ਮਠਿਆਈ ਚੜ੍ਹਦੀ ਹੈ। ਗੁਰਦੁਆਰੇ ਵਿੱਚ ਤਾਂ ਦਸ ਪੰਦਰ੍ਹਾਂ ਹੀ ਸੇਵਾ ਕਰਨ ਵਾਲੇ ਹੋਣਗੇ, ਤਿੰਨ ਕੁ ਡੱਬਿਆਂ ਨਾਲ ਹੀ ਸਰ ਸਕਦਾ ਹੈ। ਪਰ ਲੋਕ ਗੁਰਦੁਆਰਿਆਂ ਵਿੱਚ ਮਠਿਆਈ ਦੇ ਅੰਬਾਰ ਲਗਾ ਦੇਂਦੇ ਹਨ। ਜਦੋਂ ਸਿਹਤ ਵਿਭਾਗ ਵਾਲੇ ਮਠਿਆਈ ਦੇ ਨਮੂਨੇ ਭਰਦੇ ਹਨ ਬਹੁਤਿਆਂ ਨਮੂਨੇ ਫੇਲ੍ਹ ਹੀ ਹੁੰਦੇ ਹਨ।
ਦਵਾਲੀ `ਤੇ ਵਪਾਰੀਆਂ ਤੇ ਪੁਜਾਰੀਆਂ ਨੇ ਲੋਕਾਂ ਨੂੰ ਪੂਰਾ ਪੂਰਾ ਲੁੱਟਣ ਦਾ ਪ੍ਰਬੰਧ ਕੀਤਾ ਹੋਇਆ ਹੈ। ਕਿਹਾ ਜਾ ਸਕਦਾ ਹੈ ਇਸ ਤਿਉਹਾਰ ਦਾ ਵਪਾਰੀਆਂ ਨੇ ਪੂਰਾ ਵਪਾਰੀ- ਕਰਨ ਕਰ ਦਿੱਤਾ ਹੈ

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.